Showing posts with label ਮਹਾਨ ਅਕਤੂਬਰ ਇਨਕਲਾਬ. Show all posts
Showing posts with label ਮਹਾਨ ਅਕਤੂਬਰ ਇਨਕਲਾਬ. Show all posts

Thursday, September 8, 2016

17. ਮਹਾਨ ਅਕਤੂਬਰ ਇਨਕਲਾਬ



ਮਹਾਨ ਅਕਤੂਬਰ ਇਨਕਲਾਬ ਦੀ ਜੋਤ ਸਦਾ ਜਗਦੀ ਰਹੇਗੀ

- ਸੁਰਖ਼ ਲੀਹ ਡੈੱਸਕ

ਅੱਜ ਤੋਂ 82 ਵਰ੍ਹੇ ਪਹਿਲਾਂ, ਅਕਤੂਬਰ 1917 ਵਿੱਚ ਰੂਸ ਦੀ ਮਜ਼ਦੂਰ ਜਮਾਤ ਨੇ ਸੰਸਾਰ ਪ੍ਰੋਲੇਤਾਰੀਆਂ ਦੇ ਮਹਾਨ ਉਸਤਾਦ ਕਾਮਰੇਡ ਲੈਨਿਨ ਦੀ ਅਗਵਾਈ ਵਿੱਚ ਸਮਾਜਵਾਦੀ ਇਨਕਲਾਬ ਨੇਪਰੇ ਚਾੜ੍ਹ ਕੇ ਮਹਾਨ ਕਾਰਨਾਮਾ ਕਰ ਵਿਖਾਇਆ ਸੀ । ਇਸ ਇਨਕਲਾਬ ਦੀ ਸਫਲਤਾ ਨੇ ਨਾ ਸਿਰਫ ਰੂਸ ਅੰਦਰ, ਯਾਨੀ  ਦੁਨੀਆਂ ਦੇ ਛੇਵੇਂ ਹਿੱਸੇ ਅੰਦਰ, ਸਰਮਾਏਦਾਰੀ ਪ੍ਰਬੰਧ ਦਾ ਖਾਤਮਾ ਕਰਕੇ, ਲੁੱਟ ਤੇ ਦਾਬੇ ਤੋਂ ਮੁਕਤ, ਸਮਾਜਵਾਦੀ ਸਮਾਜ ਦੀ ਨੀਂਹ ਧਰ ਦਿੱਤੀ, ਨਾ ਸਿਰਫ ਇਸ ਨੇ ਵਿਕਸਤ ਸਰਮਾਏਦਾਰ ਮੁਲਕਾਂ ਅੰਦਰ ਸਮਾਜਵਾਦੀ ਇਨਕਲਾਬਾਂ ਦੀ ਸਫਲਤਾ ਲਈ ਅਹਿਮ ਪੂਰਨੇ ਪਾਏ, ਸਗੋਂ ਇਸ ਨੇ ਦੁਨੀਆਂ ਭਰ ਦੇ ਮਿਹਨਤਕਸ਼ ਤੇ ਦੱਬੇ-ਕੁਚਲੇ ਲੋਕਾਂ ਦੇ ਇਨਕਲਾਬੀ ਤੇ ਸਾਮਰਾਜ ਵਿਰੋਧੀ ਘੋਲਾਂ ਨੂੰ ਅਥਾਹ ਪ੍ਰੇਰਣਾ, ਰੋਸ਼ਨੀ ਅਤੇ ਸ਼ਕਤੀ ਬਖਸ਼ੀ। ਸਿੱਟੇ ਵਜੋਂ ਨਾ ਸਿਰਫ ਸੋਵੀਅਤ ਯੂਨੀਅਨ, ਕਾਮਰੇਡ ਲੈਨਿਨ ਕਾਮਰੇਡ ਸਟਾਲਿਨ ਦੀ ਅਗਵਾਈ ਵਿੱਚ ਸਮਾਜਵਾਦੀ ਉਸਾਰੀ ਦੇ ਰਾਹ ’ਤੇ ਲੰਮੀਆਂ ਪੁਲਾਘਾਂ ਪੁਟਦਾ, ਇੱਕ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਤੇ ਸੰਸਾਰ ਇਨਕਲਾਬ ਦਾ ਕੇਂਦਰ ਬਣਕੇ ਉੱਭਰਿਆ ਤੇ ਸਮੁੱਚੇ ਕੌਮਾਂਤਰੀ ਰਿਸ਼ਤਿਆਂ ਤੇ ਸੰਸਾਰ ਘਟਨਾਵਾਂ ਦੇ ਵਹਿਣ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹੋ ਗਿਆ, ਨਾ ਸਿਰਫ ਪੂਰਬੀ ਯੂਰਪ ਦੇ ਅਨੇਕਾਂ ਮੁਲਕਾਂ ਅੰਦਰ ਲੋਕ ਜਮਹੂਰੀਅਤਾਂ ਹੋਂਦ ਵਿਚ ਆਈਆਂ, ਸਗੋਂ ਪੂਰਬ ਦੇ ਪਛੜੇ ਮੁਲਕਾਂ ਅੰਦਰ, ਕਾਮਰੇਡ ਮਾਓ ਦੀ ਅਗਵਾਈ ਵਿੱਚ, ਚੀਨ ਗਣਰਾਜ ਦੀ ਸਥਾਪਨਾ ਹੋਈ ਜਿਹੜਾ ਪਿਛੋਂ ਜਾ ਕੇ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਵਿੱਚ ਤਬਦੀਲ ਹੋ ਗਿਆ। ਇਸ ਤਰ੍ਹਾਂ 50 ਵਿਆਂ ਦੇ ਸ਼ੁਰੂ ਤੱਕ , ਇੱਕ ਮਜਬੂਤ ਸਮਾਜਵਾਦੀ ਕੈਂਪ ਹੋਂਦ ਵਿਚ ਆਇਆ, ਜਿਹੜਾ ਸੰਸਾਰ ਘਟਨਾਵਾਂ ਦੇ ਵਹਿਣ ਨੂੰ ਫੈਸਲਾਕੁਨ ਰੂਪ ’ਚ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਸੀ।
ਪਰ ਅੱਜ ਜਦੋਂ ਅਸੀਂ ਸੋਵੀਅਤ ਯੂਨੀਅਨ ਦੇ ਮਹਾਨ ਅਕਤੂਬਰ ਇਨਕਲਾਬ ਦੀ 82 ਵੀਂ ਵਰ੍ਹੇ ਗੰਢ ਮਨਾਉਣ ਜਾ ਰਹੇ ਹਾਂ , ਸੰਸਾਰ ਹਾਲਤ ਇਸ ਤੋਂ ਬਿਲਕੁੱਲ ਵੱਖਰੀ ਹੈ।
ਕਾਮਰੇਡ ਲੈਨਿਨ ਤੇ ਸਟਾਲਨ ਦੀ ਅਗਵਾਈ ਵਿੱਚ ਉੱਸਰਿਆ ਸਮਾਜਵਾਦੀ ਇਨਕਲਾਬ ਦਾ ਗੜ੍ਹ -ਸੋਵੀਅਤ ਯੂਨੀਅਨ -50 ਵਿਆਂ ਦੇ ਅਖੀਰ ਵਿੱਚ ਹੀ ਆਪਣਾ ਰੰਗ ਬਦਲ ਕੇ ਸਰਮਾਏਦਾਰੀ ਦੀ ਬਹਾਲੀ ਦੇ ਰਾਹ ਚੜ੍ਹ ਗਿਆ ਸੀ ਤੇ ਇੱਕ ਸਾਮਰਾਜੀ ਸ਼ਕਤੀ ਵਜੋਂ ਦੱਬੇ ਕੁਚਲੇ ਦੇਸਾਂ ਦੇ ਲੋਕਾਂ ਅਤੇ ਕੌਮਾਂ ਉਪਰ ਵਹਿਸ਼ੀ ਕਟਕ ਚਾੜ੍ਹਨ ਦੇ ਰਾਹ ਪਿਆ ਹੋਇਆ ਹੈ। ਇਸ ਦੇ ਨਾਲ ਹੀ, ਪੂਰਬੀ ਯੂਰਪ ਦੇ ਮੁਲਕ ਵੀ ਆਪਣਾ ਰੰਗ ਵਟਾ ਕੇ ਸਾਮਰਾਜੀਆਂ ਨਾਲ ਯਰਾਨੇ ਪਾਲ ਰਹੇ ਹਨ। ਕਿਸੇ ਵੇਲੇ ਅਮਰੀਕੀ ਸਾਮਰਾਜੀਆਂ ਦੀਆਂ ਗੋਡਣੀਆਂ ਲਵਾਉਣ ਵਾਲਾ ਅਤੇ ਦੱਬੇ ਕੁਚਲੇ ਲੋਕਾਂ ਨੂੰ ਰਾਹ ਦਿਖਾਉਣ ਵਾਲਾ ਵੀਤਨਾਮ ਵੀ ਸਾਮਰਾਜੀਆਂ ਦਾ ਹੱਥਠੋਕਾ ਬਣ ਕੇ ਰੂਸੀ ਸਾਮਰਾਜੀਆਂ ਦੇ ਪਿੱਠੂ ਦਾ ਰੋਲ ਨਿਭਾਉਂਦਾ ਰਿਹਾ ਹੈ। ਬਾਅਦ ਵਿੱਚ ਕਾਮਰੇਡ ਮਾਓ ਦੀ ਮੌਤ ਪਿੱਛੋਂ ਸੰਸਾਰ ਇਨਕਲਾਬ ਦੇ ਨਵੇਂ ਕੇਂਦਰ-ਸਮਾਜਵਾਦੀ ਚੀਨ-ਦੇ ਰੰਗ ਬਦਲ ਜਾਣ ਤੇ ਅਲਬਾਨੀਆਂ ਦੀ ਪਾਰਟੀ ਆਫ ਲੇਬਰ ਦੀ ਲੀਡਰਸ਼ਿੱਪ ਵੱਲੋਂ ਮਾਰਕਸਵਾਦ-ਲੈਨਿਨਵਾਦ ਨੂੰ ਤਿਲਾਂਜਲੀ ਦੇਣ ਦੇ ਸਿੱਟੇ ਵਜੋਂ ਸਮੁੱਚਾ ਸਮਾਜਵਾਦੀ ਪ੍ਰਬੰਧ ਹੋਂਦ ਗੁਆ ਚੁੱਕਾ ਹੈ। ਇਸ ਘਟਨਾ ਵਿਕਾਸ ਨਾਲ, ਨਾ ਸਿਰਫ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦੇ ਇਨਕਲਾਬੀ ਘੋਲਾਂ ਲਈ ਬੇਅਥਾਹ ਪ੍ਰੇਰਨਾ ਤੇ ਉਤਸ਼ਾਹ ਦਾ ਸੋਮਾ ਤੇ ਇਹਨਾਂ ਦੀ ਸ਼ਕਤੀਸ਼ਾਲੀ ਢੋਈ ਖੁੱਸ ਗਈ ਹੈ, ਨਾ ਸਿਰਫ ਸੰਸਾਰ ਅਮਨ ਤੇ ਕੌਮਾਂ ਦੀ ਆਜਾਦੀ ਦੀ ਰਾਖੀ ਦੀ ਜਾਮਨ ਇੱਕ ਸ਼ਕਤੀਸ਼ਾਲੀ ਤਾਕਤ, ਸੰਸਾਰ ਮੰਚ ਤੋਂ ਅਲੋਪ ਹੋ ਗਈ ਹੈ ਸਗੋਂ ਇਸ ਨਾਲ ਸੰਸਾਰ ਕਮਿਊਨਿਸਟ ਲਹਿਰ ਵੀ ਸਿਆਸੀ-ਵਿਚਾਰਧਾਰਕ ਘਚੋਲੇ ਤੇ ਪਾਟੋਧਾੜ ਦਾ ਸ਼ਿਕਾਰ ਹੋ ਗਈ ਹੈ। ਇਸ ਤਰ੍ਹਾਂ ਨਾਲ ਅੱਜ ਦੀ ਕੌਮਾਂਤਰੀ ਹਾਲਤ ਮਹਾਨ ਅਕਤੂਬਰ ਇਨਕਲਾਬ ਤੋਂ ਪਹਿਲਾਂ ਦੀ ਹਾਲਤ ਨਾਲ ਮਿਲਦੀ ਜੁਲਦੀ ਹੈ ਜਦੋਂ ਨਾ ਸਿਰਫ ਕਿਸੇ ਸਮਾਜਵਾਦੀ ਮੁਲਕ ਦੀ ਹੋਂਦ ਮੌਜੂਦ ਨਹੀਂ ਸੀ, ਸਗੋਂ ਮਾਰਕਸਵਾਦੀ ਵਿਗਿਆਨ ਤੇ ਇਸ ਦੇ ਭਵਿੱਖ ਬਾਰੇ ਹੀ ਸੰਸੇ ਤੇ ਸ਼ੰਕੇ ਉੱਭਰ ਰਹੇ ਸਨ, ਜਦੋਂ ਕੌਮਾਂਤਰੀ ਕਮਿਊਨਿਸਟ ਲਹਿਰ ਦਾ ਵੱਡਾ ਹਿੱਸਾ ਇੱਕ ਜਾਂ ਦੂਜੀ ਕਿਸਮ ਦੀ, ਖਾਸ ਕਰਕੇ ਸੱਜੀ, ਮੌਕਾਪ੍ਰਸਤੀ ਦੀ ਦਲਦਲ ਵਿਚ ਜਾ ਖੁੱਭਾ ਸੀ। ਅੰਤਰ ਸਾਮਰਾਜੀ ਸੰਸਾਰ ਜੰਗ, ਇਸ ਕਮਜੋਰ ਹੋਈ ਕਮਿਊਨਿਸਟ ਲਹਿਰ ਮੂਹਰੇ ਗੰਭੀਰ ਚੁਣੌਤੀਆਂ ਤੇ ਸੰਭਾਵਨਾਵਾਂ ਪੇਸ਼ ਕਰ ਰਹੀ ਸੀ। ਅੱਜ ਦੀਆਂ ਹਾਲਤਾਂ ਅੰਦਰ ਅਜਿਹੇ ਸੰਸੇ ਤੇ ਸ਼ੰਕੇ ਹੋਰ ਵੀ ਵੱਧ ਜੋਰ ਨਾਲ ਉੱਭਰ ਰਹੇ ਹਨ। ਕੀ ਕਦੇ ਸਮਾਜਵਾਦ ਮੁਕੰਮਲ ਜਿੱਤ ਹਾਸਲ ਕਰ ਸਕੇਗਾ? ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਮੁਕਤ ਕਮਿਊਨਿਸਟ ਸਮਾਜ ਦਾ ਸੁਪਨਾ ਕਦੇ ਸਾਕਾਰ ਵੀ ਹੋ ਸਕੇਗਾ ਜਾਂ ਨਹੀਂ? ਕੀ ਅੱਜ ਦੀਆਂ ਹਾਲਤਾਂ ਵਿੱਚ ਕਮਜੋਰ ਹੋਈ ਕਮਿਊਨਿਸਟ ਲਹਿਰ ਏਡੇ ਤਾਕਤਵਰ ਮੌਕਾਪ੍ਰਸਤ ਕੁਰਾਹਿਆਂ ਨੂੰ ਭਾਂਜ ਦੇ ਕੇ ਇੱਕ ਸ਼ਕਤੀਸ਼ਾਲੀ ਲਹਿਰ ਵਜੋਂ ਮੁੜ ਵਿਕਸਤ ਹੋ ਸਕੇਗੀ ਅਤੇ ਕੀ ਇਹ ਮੌਜੂਦਾ ਹਾਲਤਾਂ ਵਿਚ ਮੌਜੂਦ ਵੱਡੇ ਖਤਰਿਆਂ ਨਾਲ ਮੜਿੱਕਦੀ ਹੋਈ ਇਹਨਾਂ ਹਾਲਤਾਂ ਵਿਚ ਮੌਜੂਦ ਵੱਡੀਆਂ ਸੰਭਾਵਨਾਵਾਂ ਦਾ ਬਣਦਾ ਲਾਹਾ ਲੈ ਸਕੇਗੀ।
ਮਹਾਨ ਅਕਤੂਬਰ ਇਨਕਲਾਬ, ਉਸ ਸਮੇਂ ਮੌਜੂਦ ਕੌਮਾਂਤਰੀ ਹਾਲਤਾਂ ਸਬੰਧੀ ਸੰਸਾਰ ਪ੍ਰੋਲੇਤਾਰੀਆਂ ਦਾ ਇਨਕਲਾਬੀ ਹੁੰਗਾਰਾ ਸੀ ਤੇ ਉਪਰੋਕਤ ਕਿਸਮ ਦੇ ਸੁਆਲਾਂ ਦਾ ਠੋਕਵਾਂ ਜੁਆਬ ਸੀ। ਕਾਮਰੇਡ ਲੈਨਿਨ ਨੇ ਮਾਰਕਸਵਾਦ ਦੇ ਬੁਨਿਆਦੀ ਸਿਧਾਂਤਾਂ ਨੂੰ ਸੰਸਾਰ ਸਾਮਰਾਜੀ ਪ੍ਰਬੰਧ ਦੇ ਯੁੱਗ ’ਤੇ ਢੁਕਾਉਂਦਿਆਂ, ਇਹਨਾਂ ਸਿਧਾਂਤਾਂ ਨੂੰ ਵਿਕਸਤ ਕੀਤਾ। ਉਸ ਨੇ ਦਰਸਾਇਆ ਕਿ ਸਾਮਰਾਜੀ ਸਰਮਾਏਦਾਰੀ ਦੇਖਣ ਨੂੰ ਹੀ ਸਰਵਸ਼ਕਤੀਮਾਨ ਹੈ, ਜਦੋਂ ਕਿ ਤੱਤ ਰੂਪ ਵਿਚ ਇਹ ‘‘ਮਰਨਊ’’ ਸਰਮਾਏਦਾਰੀ ਹੈ, ‘‘ਮਿੱਟੀ ਦੇ ਪੈਰਾਂ ਵਾਲਾ ਦਿਓ’’ ਹੈ। ਇਸ ਨੇ ਸਰਮਾਏਦਾਰੀ ਪ੍ਰਬੰਧ ਦੀਆਂ ਬੁਨਿਆਦੀ ਵਿਰੋਧਤਾਈਆਂ ਨੂੰ ਖਤਮ ਨਹੀਂ ਕੀਤਾ, ਸਗੋਂ ਬੇਹੱਦ ਤਿੱਖਾ ਕਰ ਦਿੱਤਾ ਹੈ, ਸਾਮਰਾਜੀ ਪ੍ਰਬੰਧ  ਨੂੰ ਇਸ ਦੀ ਕਮਜੋਰ ਕੜੀ ਤੋਂ ਭੰਨਿਆ ਜਾ ਸਕਦਾ ਹੈ ਤੇ ਸਾਮਰਾਜੀ ਪ੍ਰਬੰਧ ਦੇ ਰਹਿੰਦਿਆਂ ਹੀ ਕਿਸੇ ਇੱਕ ਮੁਲਕ ਅੰਦਰ ਸਮਾਜਵਾਦੀ ਸੱਤਾ ਦੀ ਉਸਾਰੀ ਸੰਭਵ ਹੈ ਆਦਿ। ਇਸ ਦੇ ਨਾਲ ਹੀ ਉਸ ਨੇ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਵਿਕਾਸ ਲਈ ਇਨਕਲਾਬੀ ਨੀਤੀਆਂ ਤੇ ਦਾਅਪੇਚਾਂ  ਦੇ ਪੂਰ ਘੜੇ। ਇਸ ਤਰ੍ਹਾਂ ਉਸ ਨੇ ਇੱਕ ਦਰੁਸਤ ਇਨਕਲਾਬੀ ਲੀਹ ਦਾ ਵਿਕਾਸ ਕੀਤਾ। ਮਹਾਨ ਅਕਤੂਬਰ ਇਨਕਲਾਬ ਦੀ ਸਫਲਤਾ ਨੇ ਕਾਮਰੇਡ ਲੈਨਿਨ ਦੇ ਇਹਨਾਂ ਇਨਕਲਾਬੀ ਸਿਧਾਂਤਾਂ, ਨੀਤੀਆਂ ਤੇ ਦਾਅਪੇਚਾਂ ਦੀ ਪੁਸ਼ਟੀ ਕੀਤੀ ਤੇ ਇਹ ਸਾਬਤ ਕਰ ਵਿਖਾਇਆ ਕਿ ਮਾਰਕਸਵਾਦ ਇੱਕ ਅਜਿਹਾ ਵਿਗਿਆਨ ਹੈ ਜਿਹੜਾ ਕਿਸੇ ਵੀ ਸਮਾਜਕ ਵਿਵਸਥਾ ਨੂੰ ਦਰੁਸਤ ਢੰਗ ਨਾਲ ਸਮਝਣ ਤੇ ਬਦਲਣ ਦੇ ਸਮਰੱਥ ਹੈ। ਨਾਲ ਹੀ ਇਸ ਇਨਕਲਾਬ ਦੀ ਸਫਲਤਾ ਨੇ ਤਰ੍ਹਾਂ ਤਰ੍ਹਾਂ ਦੇ ਮੌਕਾਪ੍ਰਸਤ ਵਿਚਾਰਾਂ ਦਾ ਜੋਰਦਾਰ ਖੰਡਨ ਕਰਦਿਆਂ ਤੀਜੀ ਕੌਮਾਂਤਰੀ ਦੀ ਸਥਾਪਤੀ ਦਾ ਆਧਾਰ ਤਿਆਰ ਕਰ ਦਿੱਤਾ।
ਮਹਾਨ ਅਕਤੂਬਰ ਇਨਕਲਾਬ ਅੱਜ ਦੀਆਂ ਔਖੀਆਂ ਕੌਮਾਂਤਰੀ ਹਾਲਤਾਂ ਵਿਚ ਵੀ ਪ੍ਰੇਰਨਾ ਤੇ ਰੌਸ਼ਨੀ ਦਾ ਸੋਮਾ ਹੈ। ਅੱਜ ਦੀ ਕੌਮਾਂਤਰੀ ਹਾਲਤ ਮਹਾਨ ਅਕਤੂਬਰ ਇਨਕਲਾਬ ਨਾਲ ਮਿਲਦੀ ਜੁਲਦੀ ਹੀ ਨਹੀਂ ਸਗੋਂ ਕਈ ਪੱਖਾਂ ਤੋਂ ਉਸ ਨਾਲੋਂ ਸਿਫਤੀ ਤੌਰ ’ਤੇ ਉਤਲੇ ਪੜਾਅ ’ਤੇ ਹੈ। ਬਾਹਰਮੁਖੀ ਹਾਲਤਾਂ ਦੇ ਪੱਖੋਂ ਦੇਖਿਆਂ, ਅੱਜ ਸਮੁੱਚਾ ਸਾਮਰਾਜੀ ਪ੍ਰਬੰਧ, ਉਸ ਹਾਲਤ ਦੇ ਮੁਕਾਬਲੇ, ਸਿਰੇ ਦੇ ਆਰਥਕ-ਸਿਆਸੀ ਸੰਕਟਾਂ ਦੀ ਮਾਰ ਹੇਠ ਹੈ, ਜਿਸ ਦੇ ਸਿੱਟੇ ਵਜੋਂ ਦੁਨੀਆਂ ਦੀਆਂ ਸਾਰੀਆਂ ਬੁਨਿਆਦੀ ਵਿਰੋਧਤਾਈਆਂ ਬੇਹੱਦ ਤਿੱਖੀਆਂ ਹੋਈਆਂ ਹਨ। ਅੱਜ ਸਿਰਫ ਵਿਕਸਤ ਸਰਮਾਏਦਾਰ ਮੁਲਕਾਂ ਅੰਦਰ ਇਨਕਲਾਬੀ ਹਾਲਤਾਂ ਤੇਜੀ ਨਾਲ ਵਿਕਸਤ ਹੀ ਨਹੀਂ ਹੋ ਰਹੀਆਂ, ਸਗੋਂ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਪਛੜੇ ਮੁਲਕਾਂ ਅੰਦਰ ਕੌਮੀ-ਮੁਕਤੀ ਦੀਆਂ ਇਨਕਲਾਬੀ ਜੰਗਾਂ ਪਹਿਲਾਂ ਹੀ ਸਾਮਰਾਜੀ ਪ੍ਰਬੰਧ ਉੱਪਰ ਵਦਾਣੀ ਸੱਟਾਂ ਮਾਰ ਰਹੀਆਂ ਹਨ, (ਜਦੋਂ ਕਿ 1917 ਤੋਂ ਪਹਿਲਾਂ ਇਹ ਸਿਰਫ ਆਪਣੀ ਮੁੱਢਲੀ ਉਠਾਣ ਦੇ ਦਿਨਾਂ ਵਿਚ ਹੀ ਸਨ) ਤੇ ਅੱਜ ਸੰਸਾਰ ਕਮਿਊਨਿਸਟ ਲਹਿਰ, ਉਦੋਂ ਵਾਙੂੰ, ਸਿਰਫ ਯੂਰਪ ਦੇ ਵਿਕਸਤ ਸਰਮਾਏਦਾਰ ਮੁਲਕਾਂ ਤੱਕ ਸੀਮਤ ਨਹੀਂ, ਸਗੋਂ ਸੰਸਾਰ ਪੱਧਰ ਦਾ ਵਰਤਾਰਾ ਬਣ ਚੁੱਕੀ ਹੈ। ਇਨਕਲਾਬੀ ਚੇਤਨਾ ਦੇ ਪੱਖੋਂ, ਦੁਨੀਆਂ ਦੇ ਇੱਕ ਵੱਡੇ ਹਿੱਸੇ ਦੇ ਲੋਕਾਂ ਨੇ ਸਮਾਜਵਾਦੀ ਸੱਤਾ ਦੇ ਕ੍ਰਿਸ਼ਮੇ ਮਾਣੇ ਹਨ। ਪਛੜੇ ਮੁਲਕਾਂ ਦੇ ਲੋਕਾਂ ਅੰਦਰ ਕੌਮੀ ਜਾਗਰਤੀ ਤੇ ਇਨਕਲਾਬੀ ਜਮਹੂਰੀ ਚੇਤਨਾ ਦਾ ਬੇਥਾਹ ਵਾਧਾ ਹੋਇਆ ਹੈ ਤੇ ਵਿਕਸਤ ਸਰਮਾਏਦਾਰ ਮੁਲਕਾਂ ਦੀ ਮਜ਼ਦੂਰ ਜਮਾਤ ਨੇ ਲੰਮੇ ਵਰ੍ਹਿਆਂ ਦੇ ਇਨਕਲਾਬੀ ਘੋਲਾਂ ਦੇ ਅਮੀਰ ਤਜ਼ਰਬੇ ਵਿੱਚੋਂ ਉੱਚ-ਪੱਧਰੀ ਚੇਤਨਾ ਗ੍ਰਹਿਣ ਕੀਤੀ ਹੈ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਿਧਾਂਤਕ ਪੱਧਰ ਪੱਖੋਂ, ਨਾ ਸਿਰਫ ਮਹਾਨ ਅਕਤੂਬਰ ਇਨਕਲਾਬ ਸਮੇਂ ਕਾਮਰੇਡ ਲੈਨਿਨ ਨੇ ਹਰ ਕਿਸਮ ਦੀ ਮੌਕਾਪ੍ਰਸਤੀ ਦੇ ਖਿਲਾਫ (ਖਾਸ ਕਰਕੇ ਕਾਮਰੇਡ ਮਾਓ ਦੀ ਅਗਵਾਈ ਵਿੱਚ ਅਜੋਕੇ ਸੋਧਵਾਦ ਖਿਲਾਫ) ਸਿਧਾਂਤਕ ਲੜਾਈ ਦਿੰਦਿਆਂ ਮਹਾਨ ਸਬਕ ਸਿੱਖੇ ਹਨ ਤੇ ਇਸ ਨੇ ਸਿਰਫ ਕਾਮਰੇਡ ਮਾਓ ਦੀ ਅਗਵਾਈ ਵਿਚ ਪਛੜੇ ਨਿਰਭਰ ਮੁਲਕਾਂ ਅੰਦਰ ਕੌਮੀ ਮੁਕਤੀ ਲਹਿਰਾਂ ਨੂੰ ਨੇਪਰੇ ਚਾੜ੍ਹਨਾ ਤੇ ਸੰਸਾਰ ਸਮਾਜਵਾਦੀ ਇਨਕਲਾਬ ਦਾ ਅੰਗ ਬਣਾਉਣਾ ਸਿੱਖਿਆ ਹੈ, ਸਗੋਂ ਸਮਾਜਵਾਦ ਦੀ ਸਫਲ ਉਸਾਰੀ ਦੇ ਸਬੰਧ ਵਿਚ ਮਹਾਨ ਸਿੱਖਿਆਵਾਂ ਹਾਸਲ ਕੀਤੀਆਂ ਹਨ।
ਇਹਨਾਂ ਹਕੀਕਤਾਂ ਦੇ ਹੁੰਦਿਆਂ, ਦੁਨੀਆਂ ਦੀ ਕੋਈ ਵੀ ਤਾਕਤ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਰੋਕ ਨਹੀਂ ਬਣ ਸਕਦੀ। ਅਕਤੂਬਰ ਇਨਕਲਾਬ ਦੀ ਜੋਤ ਸਦਾ ਜਗਦੀ ਰਹੇਗੀ। 

Sunday, October 4, 2015

20) ਵਿਰਸੇ ਦੀ ਲੋਅ ...


ਮਹਾਨ ਅਕਤੂਬਰ ਬਗਾਵਤ ਅਤੇ ਇਨਕਲਾਬ ਦਾ ਜੇਤੂ ਮਾਰਚ
. . . ਬਾਲਸ਼ਵਿਕਾਂ ਨੇ ਬਗਾਵਤ ਦੀਆਂ ਸਰਗਰਮ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਲੈਨਿਨ ਨੇ ਐਲਾਨ ਕੀਤਾ ਕਿ ਦੋਹਾਂ ਰਾਜਧਾਨੀਆਂ - ਮਾਸਕੋ ਅਤੇ ਪੈਟਰੋਗਰਾਡ- ਵਿਚ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੀਆਂ ਸੋਵੀਅਤਾਂ ਵਿਚ ਬਹੁਗਿਣਤੀ ਹਾਸਲ ਕਰ ਲੈਣ ਪਿੱਛੋਂ ਹੁਣ ਬਾਲਸ਼ਵਿਕ ਹਕੂਮਤ ਦੀ ਵਾਗਡੋਰ ਆਪਣੇ ਹੱਥ ਲੈ ਸਕਦੇ ਹਨ ਅਤੇ ਉਹਨਾਂ ਨੂੰ ਏਹੋ ਕਰਨਾ ਚਾਹੀਦਾ ਹੈ। ਤਹਿ ਕੀਤੇ ਪੰਧ 'ਤੇ ਨਜ਼ਰ ਮਾਰਦਿਆਂ ਹੋਇਆਂ ਲੈਨਿਨ ਨੇ ਇਸ ਹਕੀਕਤ 'ਤੇ ਜ਼ੋਰ ਦਿੱਤਾ ਕਿ ''ਲੋਕਾਂ ਦੀ ਬਹੁਗਿਣਤੀ ਸਾਡੇ ਹੱਕ ਵਿਚ ਹੈ।'' ਕੇਂਦਰੀ ਕਮੇਟੀ ਤੇ ਬਾਲਸ਼ਵਿਕ ਜਥੇਬੰਦੀਆਂ ਨੂੰ ਆਪਣੀਆਂ ਚਿੱਠੀਆਂ ਅਤੇ ਆਪਣੇ ਲੇਖਾਂ ਵਿਚ ਲੈਨਿਨ ਨੇ ਬਗਾਵਤ ਦੀ ਇੱਕ ਵਿਸਥਾਰ-ਭਰੀ ਸਕੀਮ ਦਾ ਨਕਸ਼ਾ ਘੱਲਿਆ, ਜਿਸ ਵਿਚ ਦੱਸਿਆ ਗਿਆ ਸੀ ਕਿ ਫੌਜੀ ਦਸਤਿਆਂ, ਸਮੁੰਦਰੀ ਬੇੜੇ ਅਤੇ ਲਾਲ ਰਾਖਿਆਂ ਨੂੰ ਕਿਵੇਂ ਵਰਤਿਆ ਜਾਵੇ, ਬਗਾਵਤ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਪੈਟਰੋਗਰਾਡ ਵਿਚ ਕਿਹੜੀਆਂ ਕਿਹੜੀਆਂ ਜ਼ਰੂਰੀ ਥਾਵਾਂ 'ਤੇ ਕਬਜ਼ਾ ਕੀਤਾ ਜਾਵੇ ਆਦਿ।
7 ਅਕਤੂਬਰ ਨੂੰ ਲੈਨਿਨ ਗੁਪਤ ਰੂਪ ਵਿਚ ਫਿਨਲੈਂਡ ਤੋਂ ਪੈਟਰੋਗਰਾਡ ਪਹੁੰਚ ਗਿਆ। 10 ਅਕਤੂਬਰ 1917 ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਉਹ ਇਤਿਹਾਸਕ ਮੀਟਿੰਗ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕੁੱਝ ਦਿਨਾਂ ਵਿਚ ਹਥਿਆਰਬੰਦ ਬਗਾਵਤ ਸ਼ੁਰੂ ਕਰ ਦਿੱਤੀ ਜਾਵੇ। ਪਾਰਟੀ ਦੀ ਕੇਂਦਰੀ ਕਮੇਟੀ ਦੇ ਇਸ ਇਤਿਹਾਸਕ ਮਤੇ ਨੂੰ ਲੈਨਿਨ ਨੇ ਤਿਆਰ ਕੀਤਾ ਸੀ।
ਪਾਰਟੀ ਦੀ ਕੇਂਦਰੀ ਕਮੇਟੀ ਦੀਆਂ ਹਦਾਇਤਾਂ 'ਤੇ ਪੈਟਰੋਗਰਾਡ ਸੋਵੀਅਤ ਦੀ ''ਇਨਕਲਾਬੀ ਫੌਜੀ ਕਮੇਟੀ'' ਬਣਾਈ ਗਈ। ਇਹ ਕਮੇਟੀ ਬਗਾਵਤ ਦਾ ਕਾਨੂੰਨੀ ਤੌਰ 'ਤੇ ਚੱਲ ਰਿਹਾ ਹੈਡਕੁਆਟਰ ਬਣ ਗਈ।
ਏਸੇ ਸਮੇਂ ਵਿਚ ਉਲਟ-ਇਨਕਲਾਬੀ ਵੀ ਬੜੀ ਤੇਜ਼ੀ ਨਾਲ ਆਪਣੀਆਂ ਤਾਕਤਾਂ ਇਕੱਠੀਆਂ ਕਰ ਰਹੇ ਸਨ। ਫੌਜ ਦੇ ਅਫਸਰਾਂ ਨੇ ''ਅਫਸਰਾਂ ਦੀ ਲੀਗ'' ਨਾਮੀ ਇੱਕ ਉਲਟ-ਇਨਕਲਾਬੀ ਜਥੇਬੰਦੀ ਬਣਾ ਲਈ। ਉਲਟ-ਇਨਕਲਾਬੀਆਂ ਨੇ ਝੰਜੋੜੂ ਫੌਜੀ ਦਸਤੇ ਤਿਆਰ ਕਰਨ ਲਈ ਥਾਂ ਥਾਂ ਆਪਣੇ ਹੈਡਕੁਆਟਰ ਕਾਇਮ ਕਰ ਲਏ।........
16 ਅਕਤੂਬਰ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਇੱਕ ਵਧਾਈ ਹੋਈ ਮੀਟਿੰਗ ਹੋਈ। ਇਸ ਮੀਟਿੰਗ ਨੇ ਬਗਾਵਤ ਦੀ ਅਗਵਾਈ ਲਈ ਇੱਕ ਪਾਰਟੀ ਕੇਂਦਰ ਚੁਣਿਆ। ਪਾਰਟੀ ਕੇਂਦਰ ਦਾ ਮੁਖੀ ਕਾਮਰੇਡ ਸਟਾਲਿਨ ਨੂੰ ਚੁਣਿਆ ਗਿਆ। ਪਾਰਟੀ ਕੇਂਦਰ ਪੈਟਰੋਗਰਾਡ ਸੋਵੀਅਤ ਦੀ ਇਨਕਲਾਬੀ ਫੌਜੀ ਕਮੇਟੀ ਦਾ ਅਗਵਾਈ ਦੇਣ ਵਾਲਾ ਕੇਂਦਰ ਸੀ। ਸਾਰੀ ਬਗਾਵਤ ਦੀ ਅਮਲੀ ਅਗਵਾਈ ਏਸੇ ਦੇ ਹੱਥ ਸੀ।
ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਗੋਡੇਟੇਕੂ ਜ਼ਿਨੋਵੀਵ ਅਤੇ ਕਾਮਾਨੇਵ ਨੇ ਫੇਰ ਬਗਾਵਤ ਦੀ ਵਿਰੋਧਤਾ ਕੀਤੀ। ਜਦੋਂ ਆਰਜ਼ੀ ਕਮੇਟੀ ਵਿਚ ਉਹਨਾਂ ਦੀ ਕੋਈ ਪੇਸ਼ ਨਾ ਗਈ ਤਾਂ ਉਹ ਖੁੱਲ•ੇ ਤੌਰ 'ਤੇ ਅਖਬਾਰਾਂ ਰਾਹੀਂ ਬਗਾਵਤ ਦੀ ਅਤੇ ਪਾਰਟੀ ਦੀ ਵਿਰੋਧਤਾ 'ਤੇ ਉੱਤਰ ਆਏ।.......... ਲੈਨਿਨ ਨੇ ਇਸ ਸੰਬੰਧ ਵਿਚ ਲਿਖਿਆ, ''ਕਾਮੇਨੇਵ ਅਤੇ ਜ਼ਿਨੋਵੀਵ ਨੇ ਆਪਣੀ ਪਾਰਟੀ ਦੀ ਕੇਂਦਰੀ ਕਮੇਟੀ ਦਾ ਹਥਿਆਰਬੰਦ ਬਗਾਵਤ ਬਾਰੇ ਫੈਸਲਾ ਰੋਦਜ਼ਯਾਨਕੋ ਤੇ ਕਰੰਸਕੀ ਨੂੰ ਦੱਸ ਦੇਣ ਦੀ ਗ਼ਦਾਰੀ ਕੀਤੀ ਹੈ।'' ਲੈਨਿਨ ਨੇ ਕਾਮੇਨੇਵ ਤੇ ਜ਼ਿਨੋਵੀਵ ਨੂੰ ਪਾਰਟੀ ਵਿਚੋਂ ਕੱਢ ਦੇਣ ਦਾ ਸਵਾਲ ਕੇਂਦਰੀ ਕਮੇਟੀ ਸਾਹਮਣੇ ਪੇਸ਼ ਕੀਤਾ।
ਗ਼ਦਾਰਾਂ ਵੱਲੋਂ ਇਸ ਚੇਤਾਵਨੀ ਦਾ ਨਤੀਜਾ ਇਹ ਹੋਇਆ ਕਿ ਇਨਕਲਾਬ ਦੇ ਦੁਸ਼ਮਣਾਂ ਨੇ ਫੌਰਨ ਬਗਾਵਤ ਨੂੰ ਰੋਕਣ ਅਤੇ ਬਗਾਵਤ ਦੀ ਅਗਵਾਈ ਕਰਨ ਵਾਲੇ ਦਲ- ਬਾਲਸ਼ਵਿਕ ਪਾਰਟੀ- ਨੂੰ ਕੁਚਲਣ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ।........  ਆਰਜ਼ੀ ਹਕੂਮਤ ਨੇ ਇੱਕ ਯੋਜਨਾ ਤਿਆਰ ਕੀਤੀ। ਯੋਜਨਾ ਇਹ ਸੀ ਕਿ ਸੋਵੀਅਤਾਂ ਦੀ ਦੂਜੀ ਕਾਂਗਰਸ ਸ਼ੁਰੂ ਹੋਣ ਤੋਂ ਝੱਟ ਪਹਿਲਾਂ ਬਾਲਸ਼ਵਿਕ ਕੇਂਦਰੀ ਕਮੇਟੀ ਦੇ ਹੈਡਕੁਆਟਰ¸ ਜੋ ਸਮੋਲਨੀ ਵਿਚ ਸੀ- 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਜਾਵੇ ਅਤੇ ਬਾਲਸ਼ਵਿਕਾਂ ਦਾ ਅਗਵਾਈ ਦੇਣ ਵਾਲਾ ਕੇਂਦਰ ਤਬਾਹ ਕਰ ਦਿੱਤਾ ਜਾਵੇ। ਇਸ ਕਾਰਜ ਲਈ ਹਕੂਮਤ ਨੇ ਪੈਟਰੋਗਰਾਡ ਵਿਚ ਉਹ ਫੌਜਾਂ ਬੁਲਾ ਲਈਆਂ, ਜਿਹਨਾਂ ਦੀ ਵਫਾਦਾਰੀ ਵਿਚ ਉਸ ਨੂੰ ਭਰੋਸਾ ਸੀ।
ਪਰ ਆਰਜ਼ੀ ਹਕੂਮਤ ਦੀ ਜ਼ਿੰਦਗੀ ਦੇ ਦਿਨ ਹੀ ਨਹੀਂ ਸਗੋਂ ਘੰਟੇ ਵੀ ਪਹਿਲਾਂ ਹੀ ਮਿਥੇ ਜਾ ਚੁੱਕੇ ਸਨ। ਹੁਣ ਸਮਾਜਵਾਦੀ ਇਨਕਲਾਬ ਦੀ ਜੇਤੂ ਚੜ•ਾਈ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਸੀ।
21 ਅਕਤੂਬਰ ਨੂੰ ਬਾਲਸ਼ਵਿਕਾਂ ਨੇ ਇਨਕਲਾਬੀ ਫੌਜੀ ਕਮੇਟੀ ਦੇ ਨੁਮਾਇੰਦੇ ਸਾਰੇ ਇਨਕਲਾਬੀ ਫੌਜੀ ਦਸਤਿਆਂ ਵੱਲ ਭੇਜ ਦਿੱਤੇ। ਬਗਾਵਤ ਤੋਂ ਪਹਿਲਾਂ ਦੇ ਬਾਕੀ ਦਿਨਾਂ ਵਿਚ ਸਾਰਾ ਸਮਾਂ ਫੌਜੀ ਦਸਤਿਆਂ ਵਿਚ ਤੇ ਮਿੱਲਾਂ ਅਤੇ ਫੈਕਟਰੀਆਂ ਅੰਦਰ ਸਰਗਰਮ ਤਿਆਰੀਆਂ ਲਈ ਲਾਇਆ ਗਿਆ। 'ਆਰੋਰਾ' ਤੇ 'ਜ਼ਾਰਯਾਸਵੋਬੋਦੀ' ਨਾਮੀ ਜੰਗੀ ਜਹਾਜ਼ਾਂ ਨੂੰ ਵੀ ਠੋਸ ਹਦਾਇਤਾਂ ਦਿੱਤੀਆਂ ਗਈਆਂ।.........
ਬਗਾਵਤ ਸ਼ੁਰੂ ਹੋ ਗਈ ਸੀ।
24 ਅਕਤੂਬਰ ਦੀ ਰਾਤ ਨੂੰ ਲੈਨਿਨ ਸਮੋਲਨੀ ਪਹੁੰਚ ਗਿਆ ਤੇ ਉਸਨੇ ਬਗਾਵਤ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ। ਉਸ ਦਿਨ ਰਾਤ ਭਰ ਫੌਜ ਦੇ ਇਨਕਲਾਬੀ ਦਸਤੇ ਤੇ ਲਾਲ ਰਾਖਿਆਂ ਦੇ ਜੱਥੇ ਸਮੋਲਨੀ ਨੂੰ ਆਉਂਦੇ ਰਹੇ। ਬਾਲਸ਼ਵਿਕਾਂ ਨੇ ਉਹਨਾਂ ਨੂੰ ਸ਼ਹਿਰ ਦੇ ਕੇਂਦਰ ਵੱਲ ਵਧਣ ਤੇ ਸਰਦ ਮਹਿਲ ਨੂੰ ਘੇਰਾ ਪਾ ਲੈਣ ਦੀ ਹਦਾਇਤ ਕੀਤੀ। ਸਰਦ ਮਹਿਲ ਨੂੰ ਆਰਜ਼ੀ ਹਕੂਮਤ ਨੇ ਆਪਣਾ ਗੜ• ਬਣਾ ਰੱਖਿਆ ਸੀ।
25 ਅਕਤੂਬਰ (7 ਨਵੰਬਰ) ਨੂੰ ਲਾਲ ਰਾਖਿਆਂ ਤੇ ਇਨਕਲਾਬੀ ਫੌਜਾਂ ਨੇ ਰੇਲਵੇ ਸਟੇਸ਼ਨਾਂ, ਡਾਕਖਾਨੇ, ਤਾਰਘਰ, ਵਜ਼ੀਰਾਂ ਦੇ ਦਫਤਰਾਂ ਤੇ ਸਰਕਾਰੀ ਬੈਂਕ ਉੱਤੇ ਕਬਜ਼ਾ ਕਰ ਲਿਆ।
ਪੂਰਵ-ਪਾਰਲੀਮੈਂਟ ਤੋੜ ਦਿੱਤੀ ਗਈ।
ਪੈਟਰੋਗਰਾਡ ਸੋਵੀਅਤ ਦਾ ਹੈਡਕੁਆਟਰ ਸਮੋਲਨੀ ਇਨਕਲਾਬ ਦਾ ਹੈਡਕੁਆਟਰ ਬਣ ਗਿਆ। ਲੜਾਈ ਦੇ ਸਾਰੇ ਹੁਕਮ ਉਥੋਂ ਹੀ ਜਾਰੀ ਕੀਤੇ ਜਾਣ ਲੱਗੇ।
ਉਹਨਾਂ ਦਿਨਾਂ ਵਿਚ ਪੈਟਰੋਗਰਾਡ ਦੇ ਮਜ਼ਦੂਰਾਂ ਨੇ ਦਰਸਾਇਆ ਕਿ ਉਹਨਾਂ ਨੇ ਬਾਲਸ਼ਵਿਕ ਪਾਰਟੀ ਦੀ ਰਾਹਨੁਮਾਈ ਹੇਠ ਕਿੰਨੀ ਸ਼ਾਨਦਾਰ ਸਿੱਖਿਆ ਪਾਈ ਸੀ। ਫੌਜ ਦੇ ਇਨਕਲਾਬੀ ਦਸਤਿਆਂ ਨੇ, ਜਿਹਨਾਂ ਨੂੰ ਬਾਲਸ਼ਵਿਕਾਂ ਦੇ ਕੰਮ ਨੇ ਬਗਾਵਤ ਲਈ ਤਿਆਰ ਕੀਤਾ ਸੀ, ਲੜਾਈ ਦੇ ਹੁਕਮਾਂ ਨੂੰ ਇੰਨ ਬਿੰਨ ਸਿਰੇ ਚੜ•ਾਇਆ। ਉਹ ਲਾਲ ਰਾਖਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ। ਸਮੁੰਦਰੀ ਬੇੜਾ ਵੀ ਫੌਜ ਨਾਲੋਂ ਪਿੱਛੇ ਨਾ ਰਿਹਾ। ਕਰੋਨਸਤਦਾਤ ਦਾ ਸਮੁੰਦਰੀ ਅੱਡਾ ਬਾਲਸ਼ਵਿਕ ਪਾਰਟੀ ਦਾ ਇੱਕ ਮਜਬੂਤ ਗੜ• ਸੀ। ਉਸਨੇ ਢੇਰ ਚਿਰ ਪਹਿਲਾਂ ਆਰਜ਼ੀ ਹਕੂਮਤ ਦੀ ਸ਼ਕਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਆਰੋਰਾ ਨਾਮੀ ਜੰਗੀ ਜਹਾਜ਼ ਨੇ ਆਪਣੀਆਂ ਤੋਪਾਂ ਸਰਦ ਮਹਿਲ ਦੀ ਸੇਧ ਵਿਚ ਬੀੜ ਦਿੱਤੀਆਂ। 25 ਅਕਤੁਬਰ ਨੂੰ ਉਹਨਾਂ ਦੀ ਗਰਜ਼ ਨੇ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਇਹ ਮਹਾਨ ਸਮਾਜਵਾਦੀ ਇਨਕਲਾਬ ਦਾ ਯੁੱਗ ਸੀ।
25 ਅਕਤੂਬਰ (7 ਨਵੰਬਰ) ਨੂੰ ਬਾਲਸ਼ਵਿਕਾਂ ਨੇ ''ਰੂਸ ਦੇ ਸ਼ਹਿਰੀਆਂ ਦੇ ਨਾਂ'' ਇੱਕ ਐਲਾਨ ਜਾਰੀ ਕੀਤਾ। ਇਸ ਵਿਚ ਦੱਸਿਆ ਗਿਆ ਕਿ ਸਰਮਾਏਦਾਰ ਆਰਜ਼ੀ ਹਕੂਮਤ ਨੂੰ ਗੱਦੀਉਂ ਲਾਹ ਦਿੱਤਾ ਗਿਆ ਹੈ ਅਤੇ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ।
ਆਰਜ਼ੀ ਹਕੂਮਤ ਕੇਡਟਾਂ ਤੇ ਉਲਟ-ਇਨਕਲਾਬੀ ਝੰਜੋੜੂ ਦਸਤਿਆਂ ਦੀ ਰਾਖੀ ਵਿਚ ਸਰਦ ਮਹਿਲ ਅੰਦਰ ਲੁਕੀ ਬੈਠੀ ਸੀ। 25 ਅਕਤੂਬਰ ਦੀ ਰਾਤ ਨੂੰ ਇਨਕਲਾਬੀ ਮਜ਼ਦੂਰਾਂ, ਫੌਜੀਆਂ ਅਤੇ ਮਲਾਹਾਂ ਨੇ ਇੱਕੋ ਹੱਲੇ ਨਾਲ ਸਰਦ ਮਹਿਲ 'ਤੇ ਕਬਜ਼ਾ ਕਰ ਲਿਆ ਤੇ ਆਰਜ਼ੀ ਹਕੂਮਤ ਨੂੰ ਗ੍ਰਿਫਤਾਰ ਕਰ ਲਿਆ।
ਪੈਟਰੋਗਰਾਡ ਵਿਚ ਹਥਿਆਰਬੰਦ ਬਗਾਵਤ ਦੀ ਜਿੱਤ ਹੋ ਚੁੱਕੀ ਸੀ।
ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਸਮੋਲਨੀ ਵਿਚ 25 ਅਕਤੂਬਰ (7 ਨਵੰਬਰ) 1917 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਸ਼ੁਰੂ ਹੋਈ। ਉਸ ਵੇਲੇ ਤੱਕ ਪੈਟਰੋਗਰਾਡ ਵਿਚ ਬਗਾਵਤ ਦੀ ਜਿੱਤ ਪੂਰੇ ਜੋਬਨ ਵਿਚ ਸੀ ਅਤੇ ਰਾਜਧਾਨੀ ਵਿਚ ਸਿਆਸੀ ਸੱਤਾ ਪੈਟਰੋਗਰਾਡ ਸੋਵੀਅਤ ਦੇ ਕਬਜ਼ੇ ਵਿਚ ਆ ਚੁੱਕੀ ਸੀ।
ਬਾਲਸ਼ਵਿਕਾਂ ਨੂੰ ਕਾਂਗਰਸ ਵਿਚ ਭਾਰੀ ਬਹੁਗਿਣਤੀ ਹਾਸਲ ਹੋਈ। ਮੈਨਸ਼ਵਿਕ, ਬੰਡ-ਵਾਦੀ ਤੇ ਸੱਜੇ ਸਮਾਜਵਾਦੀ-ਇਨਕਲਾਬੀ ਆਪਣੇ ਦਿਨ ਪੁੱਗ ਚੁੱਕੇ ਸਮਝ ਕੇ ਕਾਂਗਰਸ ਨੂੰ ਛੱਡ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਸਦੀ ਕਾਰਵਾਈ ਵਿਚ ਹਿੱਸਾ ਲੈਣ ਨੂੰ ਤਿਆਰ ਨਹੀਂ। ਆਪਣੇ ਇੱਕ ਬਿਆਨ ਵਿਚ, ਜਿਹੜਾ ਉਹਨਾਂ ਸੋਵੀਅਤਾਂ ਦੀ ਕਾਂਗਰਸ 'ਚ ਪੜ• ਕੇ ਸੁਣਾਇਆ, ਉਹਨਾਂ ਨੇ ਅਕਤੂਬਰ ਇਨਕਲਾਬ ਨੂੰ ਇੱਕ ''ਫੌਜੀ ਸਾਜਸ਼'' ਆਖਿਆ। ਕਾਂਗਰਸ ਨੇ ਮੈਨਸ਼ਵਿਕਾਂ ਅਤੇ ਸਮਾਜਵਾਦੀ ਇਨਕਲਾਬੀਆਂ ਦੀ ਨਿਖੇਧੀ ਕੀਤੀ। ਉਹਨਾਂ ਦੇ ਛੱਡ ਕੇ ਚਲੇ ਜਾਣ 'ਤੇ ਅਫਸੋਸ ਕਰਨ ਦੀ ਥਾਂ ਕਾਂਗਰਸ ਨੇ ਇਸ ਦਾ ਸੁਆਗਤ ਕੀਤਾ। ਉਸ ਨੇ ਐਲਾਨ ਕੀਤਾ ਕਿ ਗ਼ਦਾਰਾਂ ਦੇ ਛੱਡ ਜਾਣ ਨਾਲ ਹੁਣ ਉਹ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਨੁਮਾਇੰਦਿਆਂ ਦੀ ਸਹੀ ਇਨਕਲਾਬੀ ਕਾਂਗਰਸ ਬਣ ਗਈ ਹੈ।
ਕਾਂਗਰਸ ਨੇ ਐਲਾਨ ਜਾਰੀ ਕਰ ਦਿੱਤਾ ਕਿ ਕੁੱਲ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ। ਸੋਵੀਅਤਾਂ ਦੀ ਦੂਜੀ ਕਾਂਗਰਸ ਦੇ ਐਲਾਨ ਵਿਚ ਲਿਖਿਆ ਸੀ :
''ਮਜ਼ਦੂਰਾਂ, ਫੌਜੀ ਸਿਪਾਹੀਆਂ ਤੇ ਕਿਸਾਨਾਂ ਦੀ ਇੱਕ ਭਾਰੀ ਬਹੁਗਿਣਤੀ ਦੀ ਮਰਜ਼ੀ ਦੀ ਹਮਾਇਤ ਨਾਲ, ਪੈਟਰੋਗਰਾਡ ਵਿਚ ਹੋਈ ਮਜ਼ਦੂਰਾਂ ਤੇ ਫੌਜਾਂ ਦੀ ਜੇਤੂ ਬਗਾਵਤ ਦੀ ਮੱਦਦ ਨਾਲ, ਕਾਂਗਰਸ ਸਿਆਸੀ ਸੱਤਾ ਆਪਣੇ ਹੱਥਾਂ ਵਿਚ ਲੈਂਦੀ ਹੈ।''
26 ਅਕਤੂਬਰ (8 ਨਵੰਬਰ) 1917 ਦੀ ਰਾਤ ਨੂੰ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਅਮਨ ਬਾਰੇ ਫੁਰਮਾਨ ਜਾਰੀ ਕੀਤਾ। ਕਾਂਗਰਸ ਨੇ ਜੰਗ ਵਿਚ ਸ਼ਾਮਲ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਤਿੰਨ ਮਹੀਨੇ ਲਈ ਫੌਰੀ ਆਰਜ਼ੀ ਸੁਲਹ ਕਰ ਲੈਣ ਤਾਂ ਕਿ ਅਮਨ ਲਈ ਗੱਲਬਾਤ ਕੀਤੀ ਜਾ ਸਕੇ। ਕਾਂਗਰਸ ਨੇ ਇਹ ਅਪੀਲ ਜੰਗ ਵਿਚ ਸ਼ਾਮਲ ਸਭ ਮੁਲਕਾਂ ਦੀਆਂ ਹਕੂਮਤਾਂ ਤੇ ਲੋਕਾਂ ਨੂੰ ਕੀਤੀ, ਪਰ ਉਸ ਨੇ ''ਇਨਸਾਨੀਅਤ ਦੀਆਂ ਤਿੰਨ ਸਭ ਤੋਂ ਤਰੱਕੀ ਕਰ ਚੁੱਕੀਆਂ ਕੌਮਾਂ, ਤੇ ਮੌਜੂਦਾ ਲੜਾਈ ਵਿਚ ਹਿੱਸਾ ਲੈ ਰਹੀਆਂ ਤਿੰਨ ਸਭ ਤੋਂ ਵੱਡੀਆਂ ਹਕੂਮਤਾਂ ਅਥਵਾ ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਜਮਾਤੀ ਸੂਝ ਰੱਖਣ ਵਾਲੇ ਮਜ਼ਦੂਰਾਂ'' ਦਾ ਇਸ ਵੱਲ ਉਚੇਚਾ ਧਿਆਨ ਦਿਵਾਇਆ। ਉਸ ਨੇ ਇਹਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਦੇ ਕਾਜ਼ ਨੂੰ ਕਾਮਯਾਬ ਕਰਨ ਤੇ ਨਾਲ ਹੀ ਮਿਹਤਕਸ਼ ਤੇ ਲੁੱਟੀ ਪੁੱਟੀ ਜਾ ਰਹੀ ਜਨਤਾ ਨੂੰ ਹਰ ਕਿਸਮ ਦੀ ਗੁਲਾਮੀ ਤੇ ਹਰ ਕਿਸਮ ਦੀ ਲੁੱਟ ਖਸੁੱਟ ਤੋਂ ਛੁਟਕਾਰਾ ਦਿਵਾਉਣ ਦੇ ਕਾਜ਼ ਨੂੰ ਪੂਰਾ ਕਰਨ ਲਈ ਮੱਦਦ ਦੇਣ।
ਓਸੇ ਰਾਤ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਜ਼ਮੀਨ ਬਾਰੇ ਫੁਰਮਾਨ ਜਾਰੀ ਕੀਤਾ। ਇਸ ਵਿਚ ਐਲਾਨ ਕੀਤਾ ਗਿਆ ਕਿ ''ਅੱਜ ਤੋਂ ਜਾਗੀਰਦਾਰਾਂ ਦੀ ਜ਼ਮੀਨ 'ਤੇ ਮਾਲਕੀ ਬਿਨਾ ਕਿਸੇ ਮੁਆਵਜ਼ੇ ਦੇ ਖਤਮ ਕੀਤੀ ਜਾਂਦੀ ਹੈ।'' ਕਿਸਾਨਾਂ ਦੇ ਇੱਕ ਹਦਾਇਤਨਾਮੇ ਦੇ ਆਧਾਰ 'ਤੇ, ਜਿਹੜਾ 242 ਅੱਡੋ ਅੱਡ ਥਾਵਾਂ ਦੇ ਕਿਸਾਨਾਂ ਦੇ ਹਦਾਇਤਨਾਮਿਆਂ ਤੋਂ ਤਿਆਰ ਕੀਤਾ ਗਿਆ ਸੀ, ਇਹ ਜ਼ਰਾਇਤੀ ਕਾਨੂੰਨ ਜਾਰੀ ਕੀਤਾ ਗਿਆ। ਇਸ ਹਿਦਾਇਤਨਾਮੇ ਵਿਚ ਮੰਗ ਸੀ ਕਿ ਜ਼ਮੀਨ ਦੀ ਨਿੱਜੀ ਮਾਲਕੀ ਨੂੰ ਹਮੇਸ਼ਾਂ ਲਈ ਖਤਮ ਕਰਕੇ ਉਸਦੀ ਥਾਂ ਪਬਲਿਕ ਜਾਂ ਹਕੂਮਤ ਦੀ ਮਾਲਕੀ ਕਾਇਮ ਕੀਤੀ ਜਾਵੇ। ਜਾਗੀਰਦਾਰਾਂ, ਜ਼ਾਰ ਦੇ ਘਰਾਣੇ ਦੇ ਲੋਕਾਂ ਅਤੇ ਗਿਰਜਿਆਂ ਆਦਿ ਦੀਆਂ ਜ਼ਮੀਨਾਂ ਸਭ ਮਿਹਨਤਕਸ਼ਾਂ ਦੀ ਮੁਫਤ ਵਰਤੋਂ ਲਈ ਉਹਨਾਂ ਦੇ ਹਵਾਲੇ ਕੀਤੀਆਂ ਜਾਣ।
ਇਸ ਫੁਰਮਾਨ ਰਾਹੀਂ ਅਕਤੂਬਰ ਦੇ ਸਮਾਜਵਾਦੀ ਇਨਕਲਾਬ ਨੇ ਕਿਸਾਨਾਂ ਨੂੰ 15 ਕਰੋੜ ਡੈਸੀਆਟਿਨ (ਚਾਲੀ ਕਰੋੜ ਏਕੜ) ਤੋਂ ਵੱਧ ਜ਼ਮੀਨ ਦਿੱਤੀ, ਜਿਹੜੀ ਪਹਿਲਾਂ ਜਾਗੀਰਦਾਰਾਂ, ਸਰਮਾਏਦਾਰਾਂ, ਜ਼ਾਰ ਦੇ ਘਰਾਣੇ, ਮੱਠਾਂ ਅਤੇ ਗਿਰਜਿਆਂ ਦੀ ਮਲਕੀਅਤ ਸੀ।
ਇਸ ਤੋਂ ਇਲਾਵਾ, ਕਿਸਾਨਾਂ ਦਾ ਪੰਜਾਹ ਕਰੋੜ ਸੋਨੇ ਦੇ ਰੂਬਲ ਲਗਾਨ ਤੋਂ ਵੀ ਛੁਟਕਾਰਾ ਹੋ ਗਿਆ ਜਿਹੜਾ ਉਹਨਾਂ ਨੂੰ ਸਾਲ ਦੇ ਸਾਲ ਜਾਗੀਰਦਾਰਾਂ ਨੂੰ ਦੇਣਾ ਪੈਂਦਾ ਸੀ। ਸਾਰੇ ਧਰਤੀ ਵਿਚਲੇ ਜ਼ਖੀਰੇ (ਤੇਲ, ਕੋਲਾ, ਧਾਤਾਂ ਆਦਿ), ਜੰਗਲ ਤੇ ਨਦੀ ਨਾਲੇ ਲੋਕਾਂ ਦੀ ਮਲਕੀਅਤ ਬਣ ਗਏ।
ਇਸ ਨਾਲ ਸੋਵੀਅਤਾਂ ਦੀ ਦੂਜੀ ਕਾਂਗਰਸ ਦਾ ਸਮਾਗਮ ਖਤਮ ਹੋ ਗਿਆ।
ਆਖਰੀ ਗੱਲ, ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਨੇ ਪਹਿਲੀ ਸੋਵੀਅਤ ਹਕੂਮਤ¸ ਲੋਕ ਵਜ਼ੀਰਾਂ ਦੀ ਕੌਂਸਲ- ਬਣਾਈ ਜਿਸ ਦੇ ਸਾਰੇ ਦੇ ਸਾਰੇ ਮੈਂਬਰ ਬਾਲਸ਼ਵਿਕ ਸਨ। ਲੈਨਿਨ ਪਹਿਲੀ ਲੋਕ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ।
ਪੈਟਰੋਗਰਾਡ ਵਿਚ ਸੋਵੀਅਤ ਦੀ ਜਿੱਤ ਦੀ ਖਬਰ ਨੂੰ ਧੁਮਾਉਣ ਲਈ ਤੇ ਸਾਰੇ ਮੁਲਕ ਵਿਚ ਸੋਵੀਅਤ ਰਾਜ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਦੇ ਡੈਲੀਗੇਟ ਥਾਉਂ ਥਾਈਂ ਚਲੇ ਗਏ।
ਸੋਵੀਅਤਾਂ ਹਰ ਥਾਂ ਫੌਰਨ ਆਪਣਾ ਰਾਜ ਕਾਇਮ ਨਾ ਕਰ ਸਕੀਆਂ। ਪੈਟਰੋਗਰਾਡ ਵਿਚ ਸੋਵੀਅਤ ਹਕੂਮਤ ਕਾਇਮ ਹੋ ਚੁੱਕਣ ਦੇ ਬਾਅਦ ਮਾਸਕੋ ਦੇ ਬਾਜ਼ਾਰਾਂ ਵਿਚ ਕਈ ਦਿਨ ਤੱਕ ਜ਼ੋਰਦਾਰ ਤੇ ਜਾਨਤੋੜ ਲੜਾਈ ਹੁੰਦੀ ਰਹੀ। ਸਿਆਸੀ ਸੱਤਾ ਮਾਸਕੋ ਸੋਵੀਅਤ ਦੇ ਹੱਥਾਂ ਵਿਚ ਨਾ ਜਾਣ ਦੇਣ ਲਈ, ਉਲਟ-ਇਨਕਲਾਬੀ ਮੈਨਸ਼ਵਿਕ ਤੇ ਸਮਾਜਵਾਦੀ ਇਨਕਲਾਬੀ ਪਾਰਟੀਆਂ ਨੇ ਇਨਕਲਾਬ ਦੁਸ਼ਮਣਾਂ ਤੇ ਕੇਡਟਾਂ ਨਾਲ ਮਿਲ ਕੇ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਖਿਲਾਫ ਇੱਕ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ। ਬਾਗੀਆਂ ਨੂੰ ਭਾਂਜ ਦੇਣ ਅਤੇ ਮਾਸਕੋ ਵਿਚ ਸੋਵੀਅਤ ਰਾਜ ਕਾਇਮ ਕਰਨ ਵਿਚ ਕਈ ਦਿਨ ਲੱਗ ਗਏ।
ਪੈਟਰੋਗਰਾਡ ਸ਼ਹਿਰ ਵਿਚ, ਤੇ ਇਸ ਦੇ ਕਈ ਜ਼ਿਲਿ•ਆਂ ਵਿਚ, ਇਨਕਲਾਬ ਦੀ ਜਿੱਤ ਦੇ ਪਹਿਲੇ ਦਿਨਾਂ ਵਿਚ ਹੀ ਸੋਵੀਅਤ ਰਾਜ ਨੂੰ ਉਲਟਾਉਣ ਦੀਆਂ ਉਲਟ-ਇਨਕਲਾਬੀ ਕੋਸ਼ਿਸ਼ਾਂ ਕੀਤੀਆਂ ਗਈਆਂ।..........
ਲੈਨਿਨ ਨੇ ਜਿਵੇਂ ਅਕਤੂਬਰ ਬਗਾਵਤ ਦੀ ਅਗਵਾਈ ਕੀਤੀ ਸੀ, ਉਸੇ ਤਰ•ਾਂ ਇਸ ਸੋਵੀਅਤ ਵਿਰੋਧੀ ਗ਼ਦਰ ਨੂੰ ਦਬਾਉਣ ਸਮੇਂ ਵੀ ਅਗਵਾਈ ਕੀਤੀ। ਉਸਦੀ ਅਟੱਲ ਦ੍ਰਿੜ•ਤਾ ਅਤੇ ਜਿੱਤ ਵਿਚ ਅਡੋਲ ਵਿਸ਼ਵਾਸ਼ ਨੇ ਜਨਤਾ ਨੂੰ ਉਤਸ਼ਾਹ ਦਿੱਤਾ ਅਤੇ ਇੱਕਮੁੱਠ ਕੀਤਾ। ਦੁਸ਼ਮਣਾਂ ਨੂੰ ਕੁਚਲ ਦਿੱਤਾ ਗਿਆ।.....
ਅਕਤੂਬਰ 1917 ਤੋਂ ਫਰਵਰੀ 1918 ਦੇ ਵਿਚਕਾਰਲੇ ਸਮੇਂ ਵਿਚ ਸੋਵੀਅਤ ਇਨਕਲਾਬ ਮੁਲਕ ਦੀ ਸਾਰੀ ਵਸੀਹ ਧਰਤੀ 'ਤੇ ਏਨੀ ਤੇਜ਼ੀ ਨਾਲ ਫੈਲਿਆ ਕਿ ਲੈਨਿਨ ਨੇ ਇਹ ਨੂੰ ਸੋਵੀਅਤ ਰਾਜ ਦੇ ''ਜੇਤੂ ਮਾਰਚ'' ਦਾ ਨਾਮ ਦਿੱਤਾ।
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਜਿੱਤ ਚੁੱਕਾ ਸੀ।
(ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ ਪੁਸਤਕ ਦੇ ਸੱਤਵੇਂ ਪਾਠ 'ਚੋਂ ਕੁਝ ਅੰਸ਼)