ਘੱਟੋ-ਘੱਟ ਤਨਖ਼ਾਹ 30 ਹਜ਼ਾਰ, ਅੱਠ ਘੰਟੇ ਕੰਮ ਦਿਹਾੜੀ ਆਦਿ ਮੰਗਾਂ ਲਾਗੂ ਕਰਵਾਉਣ ਅਤੇ ਸਨਅਤੀ ਮਜ਼ਦੂਰਾਂ ਦੇ ਉੱਠੇ ਅੰਦੋਲਨਾਂ ਦੇ ਸਮਰਥਨ 'ਚਡੀ ਸੀ ਦਫਤਰ ਲੁਧਿਆਣਾ ਅੱਗੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ
ਮਹਾਂ ਨਗਰ ਲੁਧਿਆਣਾ ਦੀਆਂ ਤਿੰਨ ਸੰਘਰਸ਼ਸ਼ੀਲ ਮਜ਼ਦੂਰ ਜਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ , ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਅਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ( ਰਜਿ:) ਲੁਧਿਆਣਾ ਵਲੋਂ ਮਜ਼ਦੂਰ ਵਿਰੋਧੀ 4 ਕਿਰਤ ਕੋਡਾਂ ਖਿਲਾਫ਼ , ਮਜ਼ਦੂਰਾਂ ਦੀ ਘੱਟੋ -ਘੱਟ ਤਨਖਾਹ 30 ਹਜ਼ਾਰ ਰੁ: , 8 ਘੰਟੇ ਕੰਮ ਦਿਹਾੜੀ ਆਦਿ ਮੰਗਾਂ ਲਾਗੂ ਕਰਵਾਉਣ ਅਤੇ ਵੱਖ -ਵੱਖ ਸੂਬਿਆਂ 'ਚ ਸਨਅਤੀ ਮਜ਼ਦੂਰਾਂ ਦੇ ਹੱਕੀ ਅੰਦੋਲਨਾਂ ਦੇ ਸਮਰਥਨ 'ਚ 9 ਜੂਨ ਨੂੰ ਡੀ ਸੀ ਦਫਤਰ ਲੁਧਿਆਣਾ ਅੱਗੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਮਜ਼ਦੂਰਾਂ ਦੀਆਂ ਹੱਕੀ ਮੰਗਾਂ ਤੇ ਸੰਘਰਸ਼ ਨੂੰ ਹਿਮਾਇਤ ਦਿੰਦਿਆਂ ਅਨੇਕਾਂ ਹੋਰ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕੀਤੀ ਗਈ। ਡੀ.ਸੀ. ਲੁਧਿਆਣਾ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਅੱਠ ਘੰਟੇ ਕੰਮ ਦਿਹਾੜੀ ਲਾਗੂ ਕੀਤੀ ਜਾਵੇ, ਮਹੀਨਾਵਰ ਘੱਟੋ-ਘੱਟ ਤਨਖ਼ਾਹ 30,000 ਰੁਪਏ ਲਾਗੂ ਹੋਵੇ (ਪੀਸ-ਰੇਟ/ਦਿਹਾੜੀ ਵੀ ਇਸੇ ਮੁਤਾਬਿਕ ਤੈਅ ਹੋਵੇ), ਓਵਰਟਾਈਮ ਦਾ ਦੁੱਗਣਾ ਭੁਗਤਾਨ, ਔਰਤ ਮਜ਼ਦੂਰਾਂ ਨੂੰ ਮਰਦ ਮਜ਼ਦੂਰਾਂ ਬਰਾਬਰ ਤਨਖ਼ਾਹ, ਹਫ਼ਤਾਵਾਰੀ, ਸਰਕਾਰੀ ਕੈਲੰਡਰ ਅਨੁਸਾਰ ਤਿਉਹਾਰ ਦੀ ਛੁੱਟੀ ਅਤੇ ਬਿਮਾਰੀ ਛੁੱਟੀ ਆਦਿ ਤਨਖ਼ਾਹ ਸਮੇਤ ਛੁੱਟੀਆਂ ਅਤੇ ਸਾਰੇ ਕਾਨੂੰਨੀ ਕਿਰਤ ਹੱਕ ਲਾਗੂ ਕੀਤੇ ਜਾਣ, ਮਜ਼ਦੂਰ ਵਿਰੋਧੀ ਚਾਰ ਨਵੇਂ ਕਿਰਤ ਕੋਡ ਰੱਦ ਕੀਤੇ ਜਾਣ, ਲੱਕ ਤੋੜ ਮਹਿੰਗਾਈ ਨੂੰ ਨੱਥ ਪਾਈ ਜਾਵੇ। ਦੇਸ਼ ਵਿੱਚ ਵੱਖ-ਵੱਖ ਥਾਵਾਂ ਉੱਤੇ ਜਾਰੀ ਮਜ਼ਦੂਰਾਂ ਦੀਆਂ ਹੜਤਾਲਾਂ ਦੀ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਸਰਕਾਰਾਂ ਮਜ਼ਦੂਰ ਸੰਘਰਸ਼ ਨੂੰ ਜਬਰ ਰਾਹੀਂ ਦਬਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਬੰਦ ਕਰਨ, ਗ੍ਰਿਫ਼ਤਾਰ ਮਜ਼ਦੂਰਾਂ, ਮਜ਼ਦੂਰ ਆਗੂਆਂ, ਸਮਾਜਕ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕਰਨ। ਪੰਜਾਬ ਸਮੇਤ ਦੇਸ਼ ਭਰ ਵਿੱਚ ਸੰਘਰਸ਼ਸ਼ੀਲ ਮਜ਼ਦੂਰ -ਮੁਲਾਜ਼ਮਾਂ 'ਤੇ ਲਗਾਤਾਰ ਵਧ ਰਹੇ ਹਕੂਮਤੀ ਜਬਰ ਦਾ ਤਿੱਖਾ ਵਿਰੋਧ ਕੀਤਾ ਗਿਆ।
ਰੋਸ ਮੁਜ਼ਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਟੈਕਸਟਾਇਲ ਹੋਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੀ ਸੂਬਾ ਆਗੂ ਰਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾਂ , ਪੰਜਾਬ ਲੋਕ ਸੱਭਿਆਚਾਰਕ ਮੰਚ ਤੋਂ ਕਸਤੂਰੀ ਲਾਲ , ਮਜ਼ਦੂਰ ਯੂਨੀਅਨ ਖੰਨਾ ਸਮਰਾਲਾ ਤੋਂ ਮਲਕੀਤ ਸਿੰਘ, ਲੋਕ ਏਕਤਾ ਸੰਗਠਨ ਦੇ ਗੱਲਰ ਚੌਹਾਨ, ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਤੋਂ ਹਰਪ੍ਰੀਤ ਕੌਰ ਨੇ ਸੰਬੋਧਨ ਕੀਤਾ। ਨੋਜਵਾਨ ਭਾਰਤ ਸਭਾ ਦੀ ਦਿਸ਼ਾ ਅਤੇ ਮੌਸਮ ਵੱਲੋਂ ਇਨਕਲਾਬੀ ਗੀਤ 'ਬੋਲ ਮਜੂਰੇ ਹੱਲਾ ਬੋਲ' ਅਤੇ 'ਧਰਤੀ ਕੋ ਸੋਨਾ ਬਨਾਨੇ ਵਾਲੇ ਭਾਈ ਰੇ' ਪੇਸ਼ ਕੀਤੇ ਗਏ।
ਬੁਲਾਰਿਆਂ ਨੇ ਕਿਹਾ ਕਿ ਸਰਮਾਏਦਾਰਾਂ ਵੱਲੋਂ ਮਜ਼ਦੂਰਾਂ ਦੀ ਬੇਕਿਰਕ ਲੁੱਟੀ ਕੀਤੀ ਜਾ ਰਹੀ ਹੈ, ਕਾਨੂੰਨੀ ਕਿਰਤ ਹੱਕ ਲਾਗੂ ਨਹੀਂ ਕੀਤੇ ਜਾ ਰਹੇ। ਦਿਨੋ ਦਿਨ ਵਧ ਰਹੀ ਮਹਿੰਗਾਈ ਨੇ ਮਜਦੂਰਾਂ ਦੀ ਹਾਲਤ ਮੰਦੀ ਕੀਤੀ ਹੋਈ ਹੈ। ਮਜਦੂਰਾਂ ਦੀ ਬੁਰੀ ਹਾਲਤ ਉੱਤੇ ਪੰਜਾਬ ਸਰਕਾਰ ਸਮੇਤ ਭਾਰਤ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਇਸ ਲਈ ਮਜ਼ਦੂਰਾਂ ਕੋਲ ਇੱਕਮੁੱਠ ਸੰਘਰਸ਼ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਇਸ ਲਈ ਅੱਜ ਮਜ਼ਦੂਰ ਤਪਦੀ ਗਰਮੀ ਵਿੱਚ ਡੀ ਸੀ ਦਫ਼ਤਰ ਸਾਹਮਣੇ ਇਕੱਠੇ ਹੋਣ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਮਜਦੂਰ 12-14 ਘੰਟੇ ਦੀ ਲੰਬੀ ਦਿਹਾੜੀ ਫੈਕਟਰੀ ਵਿੱਚ ਲਗਾਕੇ ਆਪਣੇ ਹੱਡ ਗਾਲ ਰਹੇ ਹਨ ਅਤੇ ਨਾਲ਼ ਹੀ ਨਿਗੂਣੀਆਂ ਤਨਖਾਹਾਂ 'ਚ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਚਾਰ-ਚੁਫੇਰਿਓਂ ਮਹਿੰਗਾਈ ਵੱਧਦੀ ਜਾ ਰਹੀ ਹੈ। ਦੇਸ਼ ਵਿੱਚ ਪਿਛਲੇ ਮਹੀਨਿਆਂ ਤੋਂ ਜਾਰੀ ਮਜ਼ਦੂਰ ਸੰਘਰਸ਼ ਨੇ ਕਈ ਸੂਬਿਆਂ ਦੀਆਂ ਸਰਕਾਰਾਂ ਨੂੰ ਘੱਟੋ-ਘੱਟ ਤਨਖਾਹ ਵਿੱਚ ਵਾਧਾ ਕਰਨ ਲਈ ਮਜ਼ਬੂਰ ਕੀਤਾ ਹੈ। ਵੱਖ-ਵੱਖ ਕਾਰਖਾਨਾ ਮਾਲਕ ਤਨਖਾਹ ਵਾਧਾ ਕਰਨ ਲਈ ਮਜ਼ਬੂਰ ਹੋਏ ਹਨ। ਪੰਜਾਬ ਸਰਕਾਰ ਨੇ ਵੀ ਮਜਬੂਰੀ ਵੱਸ ਘੱਟੋ-ਘੱਟ ਤਨਖਾਹ ਵਿੱਚ 15 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਪਰ ਇਹ ਵਾਧਾ ਲੋੜ ਤੋਂ ਬਹੁਤ ਘੱਟ ਹੈ। ਸਰਮਾਏਦਾਰਾਂ ਵੱਲੋਂ ਘੱਟੋ-ਘੱਟ ਤਨਖਾਹ ਅਤੇ ਹੋਰ ਕਾਨੂੰਨੀ ਕਿਰਤ ਹੱਕ ਲਾਗੂ ਵੀ ਨਹੀਂ ਕੀਤੇ ਜਾ ਰਹੇ ਪਰ ਪੰਜਾਬ ਸਰਕਾਰ ਵੱਲੋਂ ਸਰਮਾਏਦਾਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਜ਼ਿਆਦਾਤਰ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਇਹ ਐਲਾਨ ਕਾਗਜ਼ੀ ਕਾਰਵਾਈ ਤੋਂ ਸਿਵਾ ਕੁੱਝ ਨਹੀਂ ਹੈ। ਅੱਗੇ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਆਪਣਾ ਲੋਕ ਦੋਖੀ ਰਵੱਈਆ ਇਸੇ ਤਰ੍ਹਾਂ ਬਣਾਈ ਰੱਖਿਆ ਤਾਂ ਮਜ਼ਦੂਰ ਹੋਰ ਮਜ਼ਬੂਤੀ ਨਾਲ਼ ਇੱਕਮੁੱਠ ਹੋ ਕੇ ਵੱਡੇ ਸੰਘਰਸ਼ਾਂ ਦੇ ਰਾਹ ਪੈਣਗੇ , ਜਿਸਦੇ ਜਿੰਮੇਵਾਰ ਸਰਮਾਏਦਾਰ ਜਮਾਤ ਅਤੇ ਸਰਕਾਰਾਂ ਹੋਣਗੇ।
ਸਨਅਤੀ ਮਜ਼ਦੂਰਾਂ ਦੇ ਇਕੱਠ ਨੇ ਹੜਤਾਲੀ ਸੇਵਾ ਕੇਂਦਰ ਦੇ ਆਊਟ ਸੋਰਸਡ ਮੁਲਾਜ਼ਮਾਂ ਦੇ ਸਮਰਥਨ 'ਚ ਵੀ ਆਵਾਜ਼ ਉਠਾਉਂਦੇ ਹੋਏ ਉਹਨਾਂ ਦੇ ਜ਼ਿਲ੍ਹਾ ਕਚਾਹਿਰੀ ਧਰਨੇ 'ਚ ਸ਼ਮੂਲੀਅਤ ਵੀ ਕੀਤੀ।
-ਹਰਜਿੰਦਰ ਸਿੰਘ