Showing posts with label ''ਸਾਡਾ ਰਾਹ'' ਦੇ ਇਕਬਾਲੀਆ ਬਿਆਨ. Show all posts
Showing posts with label ''ਸਾਡਾ ਰਾਹ'' ਦੇ ਇਕਬਾਲੀਆ ਬਿਆਨ. Show all posts

Friday, March 22, 2013

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਬੋਲ : ਇੱਕ ਗਰਜਵੀਂ ਲਲਕਾਰ



ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਬੋਲ : ਇੱਕ ਗਰਜਵੀਂ ਲਲਕਾਰ
ਮਜ਼ਦੂਰ ਭਾਵੇਂ ਸੰਸਾਰ ਦਾ ਸਭ ਤੋਂ ਜ਼ਰੂਰੀ ਅੰਗ ਹਨ, ਫਿਰ ਵੀ ਲੁਟੇਰੇ ਉਹਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਜਾਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਿਆਂ ਰੱਖਦੇ ਹਨ। ਦੂਜਿਆਂ ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਆਪਣੇ ਪਰਿਵਾਰ ਸਮੇਤ ਦਾਣੇ ਦਾਣੇ ਨੂੰ ਸਹਿਕਦਾ ਹੈ। ਕੱਪੜਾ ਬੁਣਨ ਵਾਲਾ ਜਿਹੜਾ ਸਾਰੇ ਸੰਸਾਰ ਦੀਆਂ ਮੰਡੀਆਂ ਲਈ ਕੱਪੜਾ ਤਿਆਰ ਕਰਦਾ ਹੈ, ਉਹ ਆਪਣਾ ਤੇ ਆਪਣੇ ਬੱਚਿਆਂ ਦਾ ਜਿਸਮ ਵੀ ਨਹੀਂ ਢਕ ਸਕਦਾ। ਰਾਜ, ਲੁਹਾਰ ਤੇ ਤਰਖਾਣ ਜਿਹੜੇ ਸ਼ਾਨਦਾਰ ਮਹੱਲ ਉਸਾਰਦੇ ਹਨ, ਨਥਾਵਿਆਂ ਵਾਂਗੂੰ ਗੰਦੇ ਖੋਲਿਆਂ 'ਚ ਰਹਿੰਦੇ ਹਨ। ਦੂਜੇ ਪਾਸੇ, ਸਮਾਜ ਦਾ ਲੂਹ ਪੀਣੇ ਪੂੰਜੀਪਤੀ ਕਰੋੜਾਂ ਰੁਪਇਆ ਆਪਣੀ ਮਨ ਦੀ ਮੌਜ ਲਈ ਰੋੜ੍ਹ ਦਿੰਦੇ ਹਨ। ਇਸ ਭਿਅੰਕਰ ਨਾ-ਬਰਾਬਰੀ ਅਤੇ ਬਦੋਬਦੀ ਠੋਸੇ ਗਏ ਭੇਦਭਾਵ ਦਾ ਨਤੀਜਾ ਹਫ਼ੜਾ-ਦਫੜੀ ਹੋਵੇਗਾ। ਇਹ ਹਾਲਤ ਬਹੁਤ ਚਿਰ ਕਾਇਮ ਨਹੀਂ ਰਹਿ ਸਕਦੀ। ਇਹ ਸਾਫ ਹੈ ਕਿ ਹੁਣ ਵਾਲਾ ਸਮਾਜਿਕ ਢਾਂਚਾ ਜਿਹੜਾ ਕਿ ਦੂਸਰਿਆਂ ਦੀਆਂ ਮਜਬੂਰੀਆਂ 'ਤੇ ਰੰਗਰਲੀਆਂ ਮਨਾ ਰਿਹਾ ਹੈ, ਇੱਕ ਜਵਾਲਾਮੁਖੀ ਦੇ ਮੂੰਹ 'ਤੇ ਬੈਠਾ ਹੈ।         (ਅਸੈਂਬਲੀ ਬੰਬ ਕੇਸ 'ਚ ਬਿਆਨ)
ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਜਾਂ ਖ਼ੂਨੀ  ਲੜਾਈ ਨਹੀਂ ਹੁੰਦਾ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਾਤ (ਯਾਨੀ ਰਾਜ-ਪ੍ਰਬੰਧ) ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਸਮਾਜ ਦੇ ਨਵੇਂ ਤੇ ਚੰਗੇਰੇ ਅਨੁਕੁਲਤ ਆਧਾਰ ਉੱਤੇ ਕੀਤੀ ਜਾਣ ਵਾਲੀ ਬਾਕਾਇਦਾ ਮੁੜ-ਉਸਾਰੀ ਦੇ ਪ੍ਰੋਗਰਾਮ ਤੋਂ ਹੁੰਦਾ ਹੈ।       (ਡਰੀਮਲੈਂਡ ਦੀ ਭੂਮਿਕਾ)
ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਅਤੇ ਕੌਮਾਂ ਹੱਥੋਂ ਕੌਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾਂ ਮਨੁੱਖਤਾ ਦੇ ਸਿਰ ਉੱਤੇ ਮੰਡਲਾ ਰਹੇ ਦੁਖਾਂਤ ਅਤੇ ਖ਼ੂਨ-ਖਰਾਬੇ ਨੂੰ ਨਹੀਂ ਰੋਕਿਆ ਜਾ ਸਕੇਗਾ। ਜੰਗ ਦਾ ਅੰਤ ਕਰਨ ਅਤੇ ਸੰਸਾਰ ਅਮਨ ਦਾ ਮੁੱਢ ਬੰਨ੍ਹਣ ਦੀਆਂ ਸਾਰੀਆਂ ਗੱਲਾਂ ਪਾਖੰਡ ਤੋਂ ਬਿਨਾ ਕੁੱਝ ਨਹੀਂ ਹਨ। ਇਨਕਲਾਬ ਤੋਂ ਸਾਡਾ ਭਾਵ ਅੰਤ ਵਿੱਚ ਇੱਕ ਐਸੀ ਵਿਵਸਥਾ ਨੂੰ ਕਾਇਮ ਕਰਨਾ ਹੈ, ਜਿਸ ਨੂੰ ਇਸ ਤਰ੍ਹਾਂ ਚਕਨਾਚੂਰ ਹੋਣ ਦਾ ਖ਼ਤਰਾ ਨਾ ਹੋਵੇ ਅਤੇ ਜਿਸ ਵਿੱਚ ਕਿਰਤੀ ਮਜ਼ਦੁਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਇੱਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਜੰਗ ਦੀ ਤਬਾਹੀ ਤੋਂ ਹਿੰਮਤ ਕਰਕੇ ਆਜ਼ਾਦ ਕਰਵਾਇਆ ਜਾਵੇਗਾ। 
(ਅਸੈਂਬਲੀ ਬੰਬ ਕੇਸ 'ਚ ਬਿਆਨ)
ਸਾਡਾ ਵਿਸ਼ਵਾਸ਼ ਹੈ ਕਿ ਆਜ਼ਾਦੀ ਸਭ ਮਨੁੱਖਾਂ ਦਾ ਅਮਿੱਟ ਹੱਕ ਹੈ। ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰ ਹੱਕ ਹੈ। ਤੇ ਹਰ ਕੌਮ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕ ਹੈ। ਜੇ ਕੋਈ ਸਰਕਾਰ, ਜਨਤਾ ਨੂੰ, ਉਹਨਾਂ ਦੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਰੱਖਦੀ ਹੈ ਤਾਂ ਲੋਕਾਂ ਦਾ ਕੇਵਲ ਹੱਕ ਹੀ ਨਹੀਂ ਸਗੋਂ ਜ਼ਰੂਰੀ ਫਰਜ਼ ਹੈ ਕਿ ਅਜਿਹੀ ਸਰਕਾਰ ਨੂੰ ਤਬਾਹ ਕਰ ਦੇਣ। ਕਿਉਂਕਿ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ, ਜਿਹਨਾਂ ਵਾਸਤੇ ਅਸੀਂ ਲੜ ਰਹੇ ਹਾਂ, ਦੇ ਬਿਲਕੁੱਲ ਉਲਟ ਹੈ, ਇਸ ਲਈ ਸਾਡਾ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਹਰ ਕੋਸ਼ਿਸ਼ ਤੇ ਹਰ ਅਪਣਾਇਆ ਤਰੀਕਾ, ਜਿਸ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆਮੇਟ ਕੀਤਾ ਜਾ ਸਕੇ, ਉਹ ਨੈਤਿਕ ਤੌਰ 'ਤੇ ਜਾਇਜ਼ ਹੈ। ਅਸੀਂ ਵਰਤਮਾਨ ਢਾਂਚੇ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਖਾਂ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਹੱਕ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਵਰਤਮਾਨ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਰੋਏ ਸਮਾਜ ਵਿੱਚ ਬਦਲਿਆ ਜਾਵੇ। ਇਸ ਤਰ੍ਹਾਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਸਾਰੇ ਲੋਕਾਂ ਲਈ ਸਭ ਖੇਤਰਾਂ ਵਿੱਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ। ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਸਾਰਾ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਸ ਦੀ ਥਾਂ ਸਮਾਜਵਾਦੀ ਸਮਾਜ ਸਥਾਪਤ ਨਹੀਂ ਹੁੰਦਾ, ਸਾਰੀ ਦੁਨੀਆਂ ਇੱਕ ਤਬਾਹਕੁੰਨ ਪਰਲੋ ਦੇ ਖਤਰੇ ਹੇਠ ਰਹੇਗੀ। 
(ਭਗਤ ਸਿੰਘ ਤੇ ਸਾਥੀਆਂ ਦਾ ਲਾਹੌਰ ਸਾਜਿਸ਼ ਕੇਸ ਸਬੰਧੀ ਬਣੇ ਵਿਸ਼ੇਸ਼ ਟਰਬਿਊਨਲ ਨੂੰ ਪੱਤਰ, 5-5-1930)
ਹਮਲੇ ਲਈ ਵਰਤੀ ਗਈ ਤਾਕਤ ਹਿੰਸਾ ਹੈ ਅਤੇ ਇਸ ਕਰਕੇ ਨੈਤਿਕ ਪੱਖੋਂ ਨਿੰਦਣਯੋਗ ਹੈ। ਪਰ ਜੇ ਇਸ ਨੂੰ ਇੱਕ ਉਚਿਤ ਆਦਰਸ਼ ਨੂੰ ਅੱਗੇ ਵਧਾਉਣ ਲਈ ਵਰਤਿਆ ਜਾਵੇ ਤਾਂ ਇਸਦਾ ਸਦਾਚਾਰਕ ਪੱਖ ਵੀ ਹੁੰਦਾ ਹੈ। ਹਰ ਹਾਲਤ ਵਿੱਚ ਹਿੰਸਾ ਨੂੰ ਤਿਆਗ ਦੇਣਾ ਸ਼ੇਖਚਿਲੀ ਦੇ ਸੁਪਨੇ ਵਾਂਗ ਹੈ। 
(ਅਸੈਂਬਲੀ ਬੰਬ ਕੇਸ 'ਚ ਭਗਤ ਸਿੰਘ ਹੁਰਾਂ ਦਾ ਬਿਆਨ, 1929)
ਅਸੀਂ ਹਿੰਸਾ ਵਿੱਚ ਵਿਸ਼ਵਾਸ਼ ਰੱਖਦੇ ਹਾਂ, ਆਪਣੇ ਆਪ ਵਿੱਚ ਇੱਕ ਅੰਤ ਦੇ ਤੌਰ 'ਤੇ ਨਹੀਂ ਸਗੋਂ ਇੱਕ ਨੇਕ ਸਿੱਟੇ ਲਈ ਤੌਰ-ਤਰੀਕੇ ਦੇ ਤੌਰ 'ਤੇ। 
ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਦਾ ਮੈਨੀਫੈਸਟੋ, ਦਸੰਬਰ 1929)
ਇਹ ਅਹਿੰਸਾ ਅਤੇ ਗਾਂਧੀ ਦੀ ਸੌਦੇਬਾਜ਼ੀ ਦੀ ਨੀਤੀ ਸੀ, ਜਿਸ ਨੇ ਕਿ ਕੌਮੀ ਲਹਿਰ ਵੇਲੇ ਜੁੜੀਆਂ ਸਫਾਂ ਵਿੱਚ ਦੁਫੇੜ ਪਾਈ। 
(ਬੰਬ ਦਾ ਫਲਸਫਾ, ਜਨਵਰੀ 1930)
ਅਸੀਂ ਸਾਮਰਾਜੀ ਫੌਜਾਂ ਦੇ ਭਾੜੇ ਦੇ ਸਿਪਾਹੀਆਂ ਵਾਂਗ ਨਹੀਂ ਹਾਂ ਜਿਹਨਾਂ ਨੂੰ ਕਿ ਬਿਨਾ ਪਛਤਾਵੇ ਦੇ ਕਤਲ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਅਸੀਂ ਮਨੁੱਖੀ ਜੀਵਨ ਦਾ ਸਤਿਕਾਰ ਕਰਦੇ ਹਾਂ ਅਤੇ ਜਿੱਥੋਂ ਤੱਕ ਹੋ ਸਕੇ, ਇਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। 
(ਅਸੈਂਬਲੀ ਬੰਬ ਕੇਸ 'ਚ ਬਿਆਨ)
ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ, ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤੇਜ਼ ਹੁੰਦੀ ਹੈ ਅਤੇ ਇਹੀ ਚੀਜ਼ ਸੀ ਜਿਸ ਨੂੰ ਅਸੀਂ ਦੱਸਣਾ ਚਾਹੁੰਦੇ ਸਾਂ। ਸਾਡੇ ਇਨਕਲਾਬ ਦਾ ਮਤਲਬ ਪੂੰਜੀਵਾਦੀ ਲੜਾਈਆਂ ਦੀ ਮੁਸੀਬਤ ਦਾ ਅੰਤ ਕਰਨਾ ਹੈ। ਮੁੱਖ ਉਦੇਸ਼ ਅਤੇ ਉਸਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸਮਝੇ ਬਿਨਾ ਕਿਸੇ ਬਾਰੇ ਫੈਸਲਾ ਦੇਣਾ ਜਾਇਜ਼ ਨਹੀਂ। 
(ਲਾਹੌਰ ਹਾਈਕੋਰਟ 'ਚ ਬਿਆਨ, 1930)
ਮੈਂ ਕਿਹਾ ਹੈ ਕਿ ਮੌਜੂਦਾ (ਕਾਂਗਰਸ ਦਾ -ਸੰਪਾਦਕ) ਅੰਦੋਲਨ, ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿੱਚ ਖਤਮ ਹੋਵੇਗਾ। ਮੈਂ ਇਹ ਇਸ ਲਈ ਕਿਹਾ ਹੈ ਕਿਉਂਕਿ ਮੇਰੀ ਰਾਏ ਵਿੱਚ, ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਲੜਿਆ ਜਾ ਰਿਹਾ ਹੈ। ਇਹ ਦੋਨੋਂ ਜਮਾਤਾਂ, ਖਾਸ ਕਰਕੇ ਪੂੰਜੀਪਤੀ, ਆਪਣੀ ਜਾਇਦਾਦ ਜਾਂ ਮਾਲਕੀ ਖਤਰੇ ਵਿੱਚ ਪਾਉਣ ਦੀ ਜੁਅਰਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ- ਕਿਸਾਨ ਅਤੇ ਮਜ਼ਦੂਰ। ਪਰ ਸਾਡੇ 'ਬੁਰਜਵਾ' ਨੇਤਾ, ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇੱਕ ਵਾਰੀ ਗਹਿਰੀ ਨੀਂਦ 'ਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ ਰੁਕਣ ਵਾਲੇ ਨਹੀਂ ਹਨ। 1920 ਵਿੱਚ ਅਹਿਮਦਾਬਾਦ ਦੇ ਮਜ਼ਦੂਰਾਂ ਵਿੱਚ, ਪਹਿਲੇ ਤਜਰਬੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ, ''ਸਾਨੂੰ ਮਜ਼ਦੂਰਾਂ ਨਾਲ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫੈਕਟਰੀ ਪ੍ਰੋਲੇਤਾਰੀ ਦਾ ਰਾਜਨੀਤਕ ਹਿੱਤ ਲਈ ਇਸਤੇਮਾਲ ਕਰਨਾ ਬਹੁਤ ਖ਼ਤਰਨਾਕ ਹੈ।'' (ਮਈ 1921 ਦਾ ''ਦੀ ਟਾਈਮਜ਼'') ਤਦ ਤੋਂ ਉਹਨਾਂ ਨੇ ਇਸ ਜਮਾਤ ਨੂੰ ਪਹੁੰਚ ਕਰਨ ਦੀ ਕੋਈ ਖੇਚਲ ਨਹੀਂ ਕੀਤੀ। ਇਹੀ ਹਾਲਤ ਕਿਸਾਨੀ ਦੀ ਹੈ। 1922 ਦਾ ਬਰਦੌਲੀ ਸੱਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ ਜਦ ਉਹਨਾਂ ਨੇ ਕਿਸਾਨ ਜਮਾਤ ਦੀ ਉਸ ਬਗਾਵਤ ਨੂੰ ਵੇਖਿਆ ਜਿਸ ਨੇ ਨਾ ਸਿਰਫ ਬਦੇਸ਼ੀ ਕੌਮ ਦੇ ਗਲਬੇ ਨੂੰ ਹੀ ਪਰ੍ਹਾਂ ਵਗਾਹ ਮਾਰਨਾ ਸੀ ਸਗੋਂ ਜਿੰਮੀਦਾਰੀ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ।
(ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਖ਼ਤ, 2 ਫਰਵਰੀ 1931) 
ਜਿਵੇਂ ਹੀ ਕਾਨੂੰਨ ਆਮ ਸਮਾਜਿਕ ਲੋੜ ਦੀ ਪੂਰਤੀ ਬੰਦ ਕਰ ਦਿੰਦਾ ਹੈ, ਇਹ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਦਾ ਹੱਥਕੰਡਾ ਬਣ ਜਾਂਦਾ ਹੈ। ਅਜਿਹੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਉੱਤੇ ਖਾਸ ਹਿੱਤ ਦੀ ਦੰਭੀ ਜ਼ੋਰ ਜਬਰੀ ਦੇ ਸਿਵਾਏ ਹੋਰ ਕੁਝ ਨਹੀਂ ਹੈ। ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਹਨ ਅਤੇ ਸਾਡੇ ਲੋਕਾਂ ਦੇ ਹਿੱਤ ਦੇ ਉਲਟ ਹਨ। ਇਸ ਲਈ ਇਹਨਾਂ ਦੀ ਸਾਡੇ ਉੱਤੇ ਕਿਸੇ ਕਿਸਮ ਦੀ ਵੀ ਸਦਾਚਾਰਤਾ ਲਾਗੂ ਨਹੀਂ ਹੁੰਦੀ। ਇਸ ਕਰਕੇ ਹਰ ਭਾਰਤੀ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਕਾਨੂੰਨਾਂ ਨੂੰ ਲਲਕਾਰੇ ਅਤੇ ਇਹਨਾਂ ਦੀ ਉਲੰਘਣਾ ਕਰੇ। ਅੰਗਰੇਜ਼ ਅਦਾਲਤਾਂ, ਜੋ ਲੁੱਟ ਦੀ ਮਸ਼ੀਨ ਦੇ ਪੁਰਜੇ ਹਨ, ਇਨਸਾਫ ਨਹੀਂ ਦੇ ਸਕਦੀਆਂ, ਖਾਸ ਕਰਕੇ ਰਾਜਨੀਤਕ ਕੇਸਾਂ ਵਿੱਚ, ਜਿੱਥੇ ਸਰਕਾਰ ਅਤੇ ਲੋਕਾਂ ਦੇ ਹਿੱਤਾਂ ਦੀ ਟੱਕਰ ਹੈ। ਅਸੀਂ ਜਾਣਦੇ ਹਾਂ ਕਿ ਅਦਾਲਤਾਂ ਸਿਵਾਏ ਇਨਸਾਫ ਦੇ ਸਵਾਂਗ ਦੇ ਹੋਰ ਕੁਝ ਨਹੀਂ ਹਨ। ਇਹਨਾਂ ਕਾਰਨਾਂ ਕਰਕੇ, ਅਸੀਂ ਇਸ ਮਜ਼ਾਕੀਆ ਢਕੌਂਸਲੇ ਵਿੱਚ ਹਿੱਸੇਦਾਰ ਬਣਨ ਤੋਂ ਇਨਕਾਰੀ ਹਾਂ ਅਤੇ ਇਸ ਮੁਕੱਦਮੇ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਵਾਂਗੇ। 
(ਵਿਸ਼ੇਸ਼ ਟ੍ਰਿਬਿਊਨਲ ਨੂੰ ਖਤ, 5-5-1930)
...ਹਾਈਕੋਰਟ ਦੇ ਸਾਹਮਣੇ ਇਨਕਲਾਬ ਦੀ ਪ੍ਰੀਭਾਸ਼ਾ ਦਿੰਦੇ ਹੋਏ ਉਸਨੇ ਕਿਹਾ ''ਇਨਕਲਾਬ ਸੰਸਾਰ ਦਾ ਨਿਯਮ ਹੈ। ਇਹ ਮਨੁੱਖੀ ਵਿਕਾਸ ਦਾ ਭੇਤ ਹੈ। 
........ਸਾਡੀਆਂ ਮੌਜੂਦ ਪ੍ਰਸਥਿਤੀਆਂ ਅੰਦਰ ਇਨਕਲਾਬ ਦਾ ਉਦੇਸ਼ ਕੁਝ ਵਿਅਕਤੀਆਂ ਦਾ ਕਤਲ ਕਰਨਾ ਨਹੀਂ ਹੈ, ਸਗੋਂ ਮਨੁੱਖ ਦੁਆਰਾ ਮਨੁੱਖ ਦੀ ਲੁੱਟ-ਖਸੁੱਟ ਦੇ ਨਿਜ਼ਾਮ ਨੂੰ ਖਤਮ ਕਰਕੇ, ਇਸ ਦੇਸ਼ ਲਈ ਸਵੈ-ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨਾ ਹੈ। 
.........ਕੱਲ੍ਹ ਨੂੰ ਜੇ ਮੈਂ ਨਾ ਵੀ ਰਿਹਾ ਤਾਂ ਵੀ ਮੇਰਾ ਹੌਸਲਾ ਦੇਸ਼ ਦਾ ਹੌਸਲਾ ਬਣ ਕੇ ਸਾਮਰਾਜਵਾਦੀ ਲੁਟੇਰਿਆਂ ਦਾ ਅੰਤ ਤੱਕ ਪਿੱਛਾ ਕਰਦਾ ਰਹੇਗਾ। ਮੈਨੂੰ ਆਪਣੇ ਦੇਸ਼ ਦੇ ਭਵਿੱਖ ਵਿੱਚ ਯਕੀਨ ਹੈ। ਮੈਂ ਸੰਸਾਰ ਦੀ ਮਾਨਵਤਾ ਨੂੰ ਕਰਵਟ ਬਦਲਦੇ ਹੋਏ ਦੇਖ ਰਿਹਾ ਹਾਂ, ਜੋ ਤੁਸੀਂ ਦੇਖ ਨਹੀਂ ਸਕਦੇ। ਤੁਸੀਂ (ਹੋਣੀਵਾਦ ਦੇ ਸਿਧਾਂਤਕਾਰ -ਸੰਪਾ: ਹਰ ਗੱਲ ਲਈ ਭਗਵਾਨ ਦੀ ਤਰਫ ਝਾਕਦੇ ਹੋ, ਇਸ ਕਰਕੇ ਹੀ ਤੁਸੀਂ ਕਿਸਮਤਵਾਦੀ ਹੋ, ਨਿਰਾਸ਼ਾਵਾਦੀ ਹੋ। ਕਿਸਮਤਵਾਦ ਕਰਮ ਤੋਂ ਬੇਮੁੱਖ ਹੋਣ ਦਾ ਇੱਕ ਰਸਤਾ ਹੈ, ਨਿਰਬਲ, ਕਾਇਰ ਅਤੇ ਭਾਂਜਵਾਦੀ ਵਿਅਕਤੀਆਂ ਦੀ ਆਖਰੀ ਸ਼ਰਨ ਹੈ। 
(ਸ਼ਿਵ ਵਰਮਾ ਦੀ ਲਿਖਤ 'ਚੋਂ)

Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)



''ਸਾਡਾ ਰਾਹ'' ਦੇ ਇਕਬਾਲੀਆ ਬਿਆਨ

''ਸਾਡਾ ਰਾਹ'' ਦੇ ਦਸੰਬਰ ਅੰਕ 'ਚ ਟਿੱਪਣੀ ਛਪੀ ਹੈ, ਜਿਸ ਦਾ ਸਿਰਲੇਖ ਹੈ ''ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ 'ਚ ਦੋ ਸ਼ਰਧਾਂਜਲੀ ਸਮਾਗਮ ਕਿਉਂ?'' ਇਹ ਟਿੱਪਣੀ ਇਸ ਗੱਲ ਦਾ ਇਕਬਾਲੀਆ ਬਿਆਨ ਹੋ ਨਿੱਬੜੀ ਹੈ ਕਿ ਇਹ ਕਾਮਰੇਡ, ਸਾਥੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਾਂਝਾ ਸਮਾਗਮ ਨਹੀਂ ਸਨ ਚਾਹੁੰਦੇ। ਟਿੱਪਣੀ 'ਚ ਠੋਕ-ਵਜਾ ਕੇ ਕਿਹਾ ਗਿਆ ਹੈ ਕਿ ''ਜੇ ਕਰ ਸਾਰੇ ਮਿਲ ਕੇ ਵੀ ਇਹ ਯਤਨ ਕਰਦੇ...... ਫਿਰ ਵੀ ਦੋ ਸਮਾਗਮ ਹੀ ਹੋਣੇ ਸੀ।'' ਉਹਨਾਂ ਦਾ ਕਹਿਣਾ ਹੈ ਕਿ ''ਇਹ ਕਿਸੇ ਦੀ ਇੱਛਾ ਜਾਂ ਭਾਵਨਾਵਾਂ ਦਾ ਸੁਆਲ ਨਹੀਂ, ਇਹ ਇਨਕਲਾਬੀ ਲਹਿਰ ਵਿਚਲੇ ਦੋ ਰੁਝਾਨਾਂ ਦੀ ਪੈਦਾਵਾਰ ਹੈ।'' ਉਹ ਦੱਸਦੇ ਹਨ ਕਿ ਇੱਕ ਪਹੁੰਚ ਤਾਂ ''ਸ਼ੁੱਧ ਆਰਥਿਕਵਾਦੀ ਪਹੁੰਚ ਹੈ ਅਤੇ ਦੂਸਰੀ ਇਨਕਲਾਬੀ ਸਿਆਸਤ ਨੂੰ ਅਗਵਾਨੂੰ ਰੱਖ ਕੇ ਚੱਲਣ ਵਾਲੀ ਪਹੁੰਚ ਹੈ।''

ਉਹ ਅੱਗੇ ਕਹਿੰਦੇ ਹਨ ਕਿ ''ਕੁੱਸੇ ਵਾਲਾ ਸਮਾਗਮ ਉਹਨਾਂ ਦੀ ਸਖਸ਼ੀਅਤ ਦੇ ਸਭਿਆਚਾਰਕ ਪੱਖ 'ਤੇ ਹੀ ਕੇਂਦਰਤ ਕੀਤਾ ਗਿਆ'' ਅਤੇ ਇਉਂ ਕਰਕੇ, ''ਇਹਨਾਂ ਗੁਰਸ਼ਰਨ ਸਿੰਘ ਨੂੰ ਛੁਟਿਆਇਆ ਹੈ। ਇਹਨਾਂ ਦੀ ਇਸ ਆਰਥਿਕਵਾਦੀ ਪਹੁੰਚ ਕਾਰਨ ਦੋ ਸਮਾਗਮ ਤਾਂ ਸ਼ਾਇਦ ਹੋ ਕੇ ਹੀ ਰਹਿੰਦੇ....।''

ਇਹ ਸਾਫ ਹੈ ਕਿ ਜਿਸ ਤਰਜ਼ 'ਤੇ ਕੁੱਸਾ ਸਮਾਗਮ ਹੋਇਆ ਉਹ ''ਸਾਡਾ ਰਾਹ'' ਵਾਲੇ ਸਾਥੀਆਂ ਨੂੰ ਉੱਕਾ ਹੀ ਮਨਜੂਰ ਨਹੀਂ ਸੀ। ਇਹ ਗੱਲ ਆਧਾਰ-ਹੀਣ ਹੈ ਕਿ ਇਹ ਸਮਾਗਮ ਸਾਥੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਦੇ ਨਿਰੋਲ ਇਨਕਲਾਬੀ ਨਾਟਕਕਾਰ ਵਾਲੇ ਪੱਖ 'ਤੇ ਹੀ ਕੇਂਦਰਤ ਸੀ। ਸਮਾਗਮ ਲਈ ਜਾਰੀ ਹੋਈ ਸਮੱਗਰੀ ਸਾਡੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਵਿਸ਼ੇਸ਼ ਕਰਕੇ ''ਸਲਾਮ'' ਦੇ ਅੰਕ 'ਚ ਪ੍ਰਕਾਸ਼ਤ ਹੋਈ ਲਿਖਤ ''ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ'' ਇਸ ਗੱਲ ਬਾਰੇ ਉੱਕਾ ਹੀ ਸ਼ੱਕ ਨਹੀਂ ਰਹਿਣ ਦਿੰਦੀ। ਹਾਂ, ਇਹ ਸਹੀ ਹੈ ਕਿ ਇਹ ਸਮਾਗਮ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਨੂੰ ਉੱਭਾਰਨ 'ਤੇ ਕੇਂਦਰਤ ਨਹੀਂ ਸੀ। ਕਮਿਊਨਿਸਟ ਇਨਕਲਾਬੀ ਪਾਰਟੀ ਪਲੇਟਫਾਰਮਾਂ ਦਾ ਸਮਾਗਮ ਨਹੀਂ ਸੀ ਅਤੇ ਇਹੋ ਗੱਲ ਹੈ ਜਿਹੜੀ ''ਸਾਡਾ ਰਾਹ'' ਅਤੇ ਸੀ.ਪੀ.ਆਈ.ਐਮ.ਐਲ.(ਨਿਊ ਡੈਮੋਕਰੇਸੀ) ਵਾਲੇ ਸਾਥੀਆਂ ਨੂੰ ਨਾ ਰਾਸ ਆਉਂਦੀ ਹੈ ਅਤੇ ਨਾ ਹਜ਼ਮ ਆਉਂਦੀ ਹੈ। ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਕੁੱਸਾ ਸ਼ਰਧਾਂਜਲੀ ਸਮਾਗਮ ਦੀ ਉਹਨਾਂ ਲਈ ਉੱਕਾ ਹੀ ਕੋਈ ਸਾਰਥਿਕਤਾ ਨਹੀਂ ਹੈ। ਉਹ ਪਾਰਟੀ ਜਾਂ ਗੈਰ-ਪਾਰਟੀ ਕਿਸੇ ਵੀ ਪਲੇਟਫਾਰਮ ਤੋਂ ਅਜਿਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਤਿਆਰ ਨਹੀਂ। ਜਿਥੋਂ ਤੱਕ ਸਾਡਾ ਸੁਆਲ ਹੈ, ਅਸੀਂ ਸਮਝਦੇ ਹਾਂ ਕਿ ਸਮਾਜ ਅੰਦਰ ਕਮਿਊਨਿਸਟ ਇਨਕਲਾਬੀਆਂ ਤੋਂ ਬਿਨਾ ਵੀ ਹੋਰ ਇਨਕਲਾਬੀ ਅਤੇ ਲੋਕ-ਪੱਖੀ ਸ਼ਕਤੀਆਂ ਮੌਜੂਦ ਹਨ। ਉਹ ਗੁਰਸ਼ਰਨ ਸਿੰਘ ਵਰਗੀਆਂ ਸਖਸ਼ੀਅਤਾਂ ਦੇ ਇਨਕਲਾਬੀ ਲੋਕ-ਪੱਖੀ ਰੋਲ ਦਾ ਸਤਿਕਾਰ ਕਰਦੀਆਂ ਹਨ। ਸਾਡਾ ਵਿਚਾਰ ਹੈ ਕਿ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕਮਿਊਨਿਸਟ ਇਨਕਲਾਬੀ ਪਲੇਟਫਾਰਮਾਂ ਨਾਲ ਟੋਚਨ ਹੋਣਾ ਸਭਨਾਂ ਲਈ ਸ਼ਰਤ ਨਹੀਂ ਬਣਨੀ ਚਾਹੀਦੀ। ਇਸ ਖਾਤਰ ਢੁਕਵੀਆਂ ਸ਼ਕਲਾਂ ਅਪਣਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦਾ ਇਹ ਅਰਥ ਨਹੀਂ ਕਿ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦੇ ਪੈਂਤੜੇ ਤੋਂ ਸਾਥੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਨੂੰ ਬੁਲੰਦ ਨਾ ਕੀਤਾ ਜਾਵੇ। ਜ਼ਰੂਰ ਕੀਤਾ ਜਾਵੇ, ਪਰ ਇਸ ਲਈ ਲੋੜੀਂਦੇ ਢੁਕਵੇਂ ਪਲੇਟਫਾਰਮਾਂ ਤੋਂ ਕੀਤਾ ਜਾਵੇ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਲੋਕਾਂ ਦੇ ਵੰਨ-ਸੁਵੰਨੇ ਪਲੇਟਫਾਰਮ ਆਪੋ ਆਪਣੇ ਲੋਕ-ਪੱਖੀ ਜਾਂ ਇਨਕਲਾਬੀ ਚੌਖਟੇ 'ਚ ਰਹਿੰਦਿਆਂ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇ ਸਕਦੇ ਹਨ। ਇਸ ਕਰਕੇ ਕੁੱਸਾ ਸ਼ਰਧਾਂਜਲੀ ਸਮਾਗਮ ਜਥੇਬੰਦ ਕਰਨ ਦੇ ਬਾਵਜੂਦ ਸਾਨੂੰ ਕਿਸੇ ਹੋਰ ਸਾਂਝੇ ਸਮਾਗਮ ਵਿੱਚ ਸ਼ਮੂਲੀਅਤ ਕਰਨ 'ਚ ਕੋਈ ਅੜਿੱਕਾ ਨਜ਼ਰ ਨਹੀਂ ਸੀ ਆਉਂਦਾ। ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਇਨਕਲਾਬੀ ਧਿਰਾਂ ਦੇ ਕਿਸੇ ਵੀ ਸਾਂਝੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਾਂ। ਅਸੀਂ ਕਿਸੇ 'ਤੇ ਕੋਈ ਸ਼ਰਤ ਨਹੀਂ ਲਾਈ। ਸ਼ਰਤ ਸਾਡੇ 'ਤੇ ਲਾਈ ਗਈ ਕਿ ਕੁੱਸਾ ਸਮਾਗਮ ਰੱਦ ਕਰੋ ਨਹੀਂ ਤੁਸੀਂ ਸਾਂਝੇ ਸਮਾਗਮ ਵਿੱਚ ਨਹੀਂ ਆ ਸਕਦੇ। ਅਸੀਂ ਨਹੀਂ ਸਮਝਦੇ ਕਿ ਕੁੱਸਾ ਸਮਾਗਮ ਦੇ ਬਾਵਜੂਦ ਮੋਗਾ ਵਿੱਚ ਸਾਂਝਾ ਸਮਾਗਮ ਨਹੀਂ ਸੀ ਹੋ ਸਕਦਾ। ਇਸ ਖਾਤਰ ਅਸੀਂ ਵਾਰ ਵਾਰ ਅਪੀਲਾਂ ਕੀਤੀਆਂ ਜਿਵੇਂ ਕਿ ''ਲਾਲ ਪ੍ਰਚਮ'' ਲਈ ਲਿਖੀ ਚਿੱਠੀ 'ਚ ਵਿਸਥਾਰ ਵਿੱਚ ਜ਼ਿਕਰ ਕੀਤਾ ਗਿਆ ਹੈ। ਸਾਨੂੰ ਸਾਂਝੇ ਸਮਾਗਮ ਵਿੱਚ ਸ਼ਰੀਕ ਨਾ ਕੀਤਾ ਗਿਆ। ਅਸੀਂ ਇੱਕਤਰਫਾ ਤੌਰ 'ਤੇ ਵੱਡੇ ਜਨਤਕ ਕਾਫਲੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਹਨਾਂ ਤੱਥਾਂ ਬਾਰੇ ''ਸਾਡਾ ਰਾਹ'' ਵਾਲੇ ਸਾਥੀ ਆਪਣੀ ਟਿੱਪਣੀ 'ਚ ਖਾਮੋਸ਼ ਰਹੇ ਹਨ। ਇਹ ਇਸ ਗੱਲ ਦਾ ਇਕਬਾਲੀਆ ਬਿਆਨ ਹੈ ਕਿ ਉਹ ਮੋਗਾ ਸਮਾਗਮ ਵਿੱਚ ਸਭਨਾਂ ਦੀ ਸ਼ਮੂਲੀਅਤ ਨਹੀਂ ਸਨ ਚਾਹੁੰਦੇ। ''ਸਾਡਾ ਰਾਹ'' ਵਾਲੇ ਸਾਥੀ ਇਹ ਕਹਿ ਕੇ ਰੁਕ ਜਾਂਦੇ ਹਨ ਕਿ ਦੋ ਸਮਾਗਮ ਤਾਂ ਹੋਣੇ ਹੀ ਹੋਣੇ ਸਨ। ਪਰ ਅਸੀਂ ਕਹਿੰਦੇ ਹਾਂ ਕਿ ਇਸ ਦੇ ਬਾਵਜੂਦ ਮੋਗਾ ਸਮਾਗਮ ਸਾਂਝਾ ਸਮਾਗਮ ਹੋ ਸਕਦਾ ਸੀ। ਕਿਉਂਕਿ ਸਾਨੂੰ ਕਮਿਊਨਿਸਟ ਇਨਕਲਾਬੀ ਸਿਆਸਤ ਦੇ ਤੱਤ ਨੂੰ ਬੁਲੰਦ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ। ਸਾਡੀ ਜਾਚੇ ਕੁੱਸਾ ਸਮਾਗਮ ਵੀ ਸਾਂਝਾ ਸਮਾਗਮ ਹੋ ਸਕਦਾ ਸੀ ਜੇ ''ਸਾਡਾ ਰਾਹ'' ਵਾਲੇ ਸਾਥੀਆਂ ਦੀ ਇਹ ਪਹੁੰਚ ਨਾ ਹੁੰਦੀ ਕਿ ਅਜਿਹਾ ਕੋਈ ਵੀ ਸਮਾਗਮ ਬੇਅਰਥ ਹੈ ਜਿਸ ਨੂੰ ਸੀ.ਪੀ.ਆਈ.ਐਮ.ਐਲ. (ਨਿਊ ਡੈਮੋਕਰੇਸੀ) ਦਾ ਕੋਈ ਨੁਮਾਇੰਦਾ ਸੰਬੋਧਨ ਨਹੀਂ ਕਰਦਾ। ਉਹਨਾਂ ਦੀ ਟਿੱਪਣੀ ਇਸ ਗੱਲ ਦਾ ਇਕਬਾਲ ਹੈ ਕਿ ਕੁੱਸਾ ਸਮਾਗਮ ਵਿੱਚ ਉਹ ਆਉਣਾ ਨਹੀਂ ਸਨ ਚਾਹੁੰਦੇ ਅਤੇ ਮੋਗਾ ਸਮਾਗਮ ਵਿੱਚ ਸਾਨੂੰ ਸ਼ਾਮਲ ਹੋਣ ਦੇਣਾ ਨਹੀਂ ਸਨ ਚਾਹੁੰਦੇ। ਖੈਰ! ਇਹ ਉਹਨਾਂ ਦੇ ਵਸ ਦੀ ਗੱਲ ਨਹੀਂ ਸੀ ਕਿ ਬਿਨਾ ਬੁਲਾਏ ਸਮਾਗਮ ਵਿੱਚ ਪੁੱਜੇ ਸਾਡੇ ਜਨਤਕ ਕਾਫਲੇ ਨੂੰ ਉਹ ਸਟੇਜ ਤੋਂ ਵਾਪਸ ਪਰਤ ਜਾਣ ਲਈ ਕਹਿ ਸਕਦੇ। ਅਸਲ ਗੱਲ ਇਹ ਹੈ ਕਿ ਉਹ ਉੱਪਰੋਂ ਸਾਨੂੰ ਜੋ ਮਰਜੀ ਕਹੀ ਜਾਣ ਅੰਦਰਲੇ ਚਿੱਤੋਂ ਉਹ ਸਾਨੂੰ ਇਨਕਲਾਬੀ ਕੈਂਪ ਤੋਂ ਬਾਹਰ ਸਮਝਦੇ ਹਨ, ''ਸ਼ੁੱਧ ਆਰਥਿਕਵਾਦੀ'' ਸਮਝਦੇ ਹਨ ਅਤੇ ਚਾਹੁੰਦੇ ਹਨ ਕਿ ਇਨਕਲਾਬੀ ਕੈਂਪ ਸਾਡੇ ਨਾਲ ਅਛੂਤਾਂ ਵਾਲਾ ਵਿਵਹਾਰ ਕਰੇ। ਦੂਜੇ ਪਾਸੇ ਜਿਹਨਾਂ ਨੂੰ ਉਹ ਕਹਿਣ ਨੂੰ ਸੋਧਵਾਦੀ ਕਹਿੰਦੇ ਹਨ, ਢਿੱਡੋਂ-ਚਿੱਤੋਂ ਉਹਨਾਂ ਨਾਲ ਸਾਂਝੀ ਸਰਗਰਮੀ ਕਰਕੇ ਖੁਸ਼ ਹਨ। ਉਹਨਾਂ ਦੀ ਕਹਿਣੀ ਅਤੇ ਕਰਨੀ ਦਾ ਇਹ ਫਰਕ ਵਾਰ ਵਾਰ ਡੁੱਲ੍ਹ ਡੁੱਲ੍ਹ ਪੈ ਰਿਹਾ ਹੈ।

''ਸਾਡਾ ਰਾਹ'' ਵਾਲੇ ਸਾਥੀਆਂ ਨੇ ਆਪਣੀ ਲਿਖਤ 'ਚ ਇਹ ਇਕਬਾਲ ਵੀ ਕੀਤਾ ਹੈ ਕਿ ਸਾਥੀ ਦਰਸ਼ਨ ਖਟਕੜ ਵੱਲੋਂ 2006 ਵਿੱਚ ਸਾਥੀ ਗੁਰਸ਼ਰਨ ਸਿੰਘ ਦੇ ''ਇਨਕਲਾਬੀ ਨਿਹਚਾ ਸਨਮਾਨ'' 'ਚ ਸ਼ਾਮਲ ਹੋਣ ਦੇ ਸੱਦੇ ਨੂੰ ਅੰਤ ਨੂੰ ਰੱਦ ਕਰ ਦੇਣਾ ਦਰੁਸਤ ਸੀ। ਉਹਨਾਂ ਮੁਤਾਬਕ ਗੁਰਸ਼ਰਨ ਸਿੰਘ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ 'ਚ ਕਵੀ ਵਜੋਂ ਸ਼ਾਮਲ ਹੋ ਕੇ ਸਾਥੀ ਖਟਕੜ ਨੇ ਛੁਟਿਆਇਆ ਜਾਣਾ ਸੀ, ਕਿਉਂਕਿ ਉਹ ਤਾਂ ਸੀ.ਪੀ.ਆਈ.ਐਮ.ਐਲ. (ਨਿਊ ਡੈਮੋਕਰੇਸੀ) ਦੇ ਜਨਰਲ ਸਕੱਤਰ ਹਨ। ਖੈਰ! ਇਹ ਅਹਿਸਾਸ ਸਾਨੂੰ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਕਵੀ ਨੂੰ ਕਿਸੇ ਕਮਿਊਨਿਸਟ ਜਥੇਬੰਦੀ ਦਾ ਆਗੂ ਹੋਣ ਦਾ ਅਜਿਹਾ ਇਵਜਾਨਾ ਵੀ ਤਾਰਨਾ ਪੈਂਦਾ ਹੈ ਕਿ ਉਹ ਕਿਸੇ ਇਨਕਲਾਬੀ ਕਵੀ-ਦਰਬਾਰ ਜਾਂ ਕਿਸੇ ਹੋਰ ਸਮਾਗਮ ਵਿੱਚ ਪਾਰਟੀ ਨੁਮਾਇੰਦਾ ਬਣ ਕੇ ਹੀ ਜਾ ਸਕਦਾ ਹੈ, ਨਹੀਂ ਤਾਂ ਨਹੀਂ ਜਾ ਸਕਦਾ ਕਿਉਂਕਿ ਇਸ ਨਾਲ ਤਾਂ ਉਹ ਛੁਟਿਆਇਆ ਜਾਂਦਾ ਹੈ!

''ਸਾਡਾ ਰਾਹ'' ਦੀ ਟਿੱਪਣੀ ਇਸ ਗੱਲ ਦਾ ਇਕਬਾਲੀਆ ਬਿਆਨ ਹੈ ਕਿ ਇਹਨਾਂ ਦੀਆਂ ਨਜ਼ਰਾਂ 'ਚ ਸਾਥੀ ਗੁਰਸ਼ਰਨ ਸਿੰਘ ਦੇ ''ਇਨਕਲਾਬੀ ਨਿਹਚਾ ਸਨਮਾਨ'' ਸਮਾਰੋਹ ਵਰਗਾ ਇਨਕਲਾਬੀ ਸਮਾਗਮ ਇਹਨਾਂ ਸਾਥੀਆਂ ਦੇ ''ਕਮਿਊਨਿਸਟ'' ਕੱਦ ਨਾਲੋਂ ਨੀਵਾਂ ਹੋਣ ਕਰਕੇ ਇੱਕ ਨੱਕ-ਬੁੱਲ੍ਹ ਮਾਰੇ ਜਾਣ ਲਾਇਕ ਸਰਗਰਮੀ ਸੀ।

''ਸਾਡਾ ਰਾਹ'' ਵਾਲੇ ਸਾਥੀਆਂ ਦੀ ਬਹੁਤ ਖੁੱਲ੍ਹ ਕੇ ਸਾਹਮਣੇ ਆਈ,ਇਸ ਪਹੁੰਚ ਦੇ ਪਰਸੰਗ ਵਿੱਚ ''ਲਾਲ ਪਰਚਮ'' ਵਾਲੇ ਸਾਥੀਆਂ ਦਾ ਇਹ ਸੋਚਣਾ ਬਣਦਾ ਹੈ ਕਿ ਕਮਿਊਨਿਸਟ ਇਨਕਲਾਬੀ ਕੈਂਪ ਦੀ ਸਾਂਝ ਅਤੇ ਸਦਭਾਵਨਾ ਨੂੰ ਖੋਰਾ ਲਾਉਣ ਵਾਲੀ ਪਹੁੰਚ ਦੇ ਅਸਲ ਸਰੋਤ ਕਿਥੇ ਹਨ? ਇਹ ਸੋਚਣਾ ਬਣਦਾ ਹੈ ਕਿ ਅਜਿਹੀ ਪਹੁੰਚ ਦੇ ਮੌਜੂਦ ਹੁੰਦਿਆਂ ਸਮੁੱਚੇ ਕੈਂਪ ਦੇ ਸਾਂਝੇ ਸ਼ਰਧਾਂਜਲੀ ਸਮਾਗਮ ਦੀਅ ਕੋਸ਼ਿਸ਼ਾਂ ਕਿਵੇਂ ਸਾਕਾਰ ਹੋ ਸਕਦੀਆਂ ਸਨ, ਖਾਸ ਕਰਕੇ ਉਹਨਾਂ ਹਾਲਤਾਂ ਵਿੱਚ ਜਦੋਂ ਇਹ ਸਾਥੀ ਖੁਦ ਵੀ ਹਾਲਤ ਦੀ ਥਾਹ ਪਾਉਣ ਵਿੱਚ ਆਪਣੀ ਨਾਕਾਮੀ ਸਦਕਾ ਸਹੀ ਪੈਂਤੜੇ ਤੋਂ ਉੱਖੜ ਗਏ।
ਇਸ ਗੱਲ 'ਤੇ ਕਾਫੀ ਔਖ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਸੀਂ ਉਪਰੋਕਤ ਲਿਖਤ ਦੁ-ਵਰਕੀ ਦੇ ਰੂਪ ਵਿੱਚ ਕਿਉਂ ਵੰਡੀ। ਇਹ ਲਿਖਤ ਉਹਨਾਂ ਹਾਲਤਾਂ ਵਿੱਚ ਵੰਡਣੀ ਪਈ ਜਦੋਂ ਜ਼ੋਰਦਾਰ ਬੇਲੋੜਾ ਵਿਵਾਦ ਛੇੜ ਦਿੱਤਾ ਗਿਆ ਸੀ। ਧੂੰਆਂਧਾਰ ਹਮਲਾਵਰ ਪ੍ਰਚਾਰ ਕੀਤਾ ਜਾ ਰਿਹਾ ਸੀ। ''ਲਾਲ ਪਰਚਮ'' ਅਤੇ ''ਸਾਡਾ ਰਾਹ'' ਦੇ ਅੰਕਾਂ ਰਾਹੀਂ ਹਮਲਾਵਰ ਸਮੱਗਰੀ ਵਰਤਾਈ ਜਾ ਰਹੀ ਸੀ। ਇਸ ਹਾਲਤ ਵਿੱਚ ਪਾਠਕਾਂ ਤੱਕ ਆਪਣੀ ਗੱਲ ਪਹੁੰਚਦੀ ਕਰਨ ਲਈ ਕੋਈ ਕਦਮ ਤਾਂ ਲੈਣਾ ਹੀ ਸੀ। ਜੇ ਸੁਰਖ਼ ਰੇਖਾ ਦਾ ਅੰਕ ਵੇਲੇ ਸਿਰ ਪ੍ਰਕਾਸ਼ਤ ਹੋਇਆ ਹੁੰਦਾ ਤਾਂ ਇਸ ਰਾਹੀਂ ਹੀ, ਇਹ ਲਿਖਤ ਪਾਠਕਾਂ ਤੱਕ ਪੁੱਜ ਜਾਂਦੀ। ਇਸ ਦੇ ਕਾਫੀ ਪਛੜ ਕੇ ਛਪ ਰਿਹਾ ਹੋਣ ਕਰਕੇ, ਇਸ ਲਿਖਤ ਨੂੰ ਵੱਖਰੇ ਤੌਰ 'ਤੇ ਜਾਰੀ ਕਰਨ ਦੀ ਮਜਬੂਰੀ ਬਣੀ।

''ਸਾਡਾ ਰਾਹ ਦੀ ਟਿੱਪਣੀ 'ਚ ਕਈ ਭਟਕਾਊ ਨੁਕਤੇ ਹਨ, ਜਿਹੜੇ ਅਸਲ ਵਿਵਾਦ ਤੋਂ ਗੱਲ ਲਾਂਭੇ ਲਿਜਾਂਦੇ ਹਨ। ਉਹਨਾਂ ਬਾਰੇ ਚਰਚਾ ਨਹੀਂ ਕੀਤੀ ਜਾ ਰਹੀ।
—ਅਮੋਲਕ ਸਿੰਘ, ਜਸਪਾਲ ਜੱਸੀ