Monday, November 25, 2024

ਕਲਕੱਤਾ ਕਤਲ ਤੇ ਬਲਾਤਕਾਰ ਕਾਂਡ----ਲੋਕ ਰੋਹ ਦੀ ਹਲਚਲ ’ਚੋਂ ਗੁਜ਼ਰਦਾ ਬੰਗਾਲ

 ਕਲਕੱਤਾ ਕਤਲ ਤੇ ਬਲਾਤਕਾਰ ਕਾਂਡ

ਲੋਕ ਰੋਹ ਦੀ ਹਲਚਲ ’ਚੋਂ ਗੁਜ਼ਰਦਾ ਬੰਗਾਲ 

ਅਗਸਤ ਮਹੀਨੇ ਵਿੱਚ ਕਲਕੱਤਾ ਦੇ ਇੱਕ ਸਰਕਾਰੀ ਹਸਪਤਾਲ ਅੰਦਰ ਟ੍ਰੇਨੀ ਡਾਕਟਰ ਦੀ ਮੌਤ ਤੋਂ ਬਾਅਦ ਪੱਛਮੀ ਬੰਗਾਲ ਅੰਦਰ ਉੱਠੀ ਸੰਘਰਸ਼ ਲਹਿਰ ਨਿਰੰਤਰ ਜਾਰੀ ਹੈ ਅਤੇ ਅਗਲੇ ਦੌਰ ਵਿੱਚ ਦਾਖਲ ਹੋ ਚੁੱਕੀ ਹੈ। ਆਪਣੇ ਹੂੰਝੇ ਅਤੇ ਝੰਜੋੜੇ ਪੱਖੋਂ ਇਹ ਇੱਕ ਸ਼ਾਨਦਾਰ ਲੋਕ ਲਹਿਰ ਹੈ। ਕਿਸੇ ਸਮੇਂ ਲੋਕ ਤਰਥੱਲੀਆਂ ਦੀ ਭੋਂ ਰਿਹਾ ਪੱਛਮੀ ਬੰਗਾਲ ਪਿਛਲੇ ਕਈ ਵਰ੍ਹਿਆਂ ਤੋਂ ਇਸ ਝੰਜੋੜੇ ਦੀ ਤੋਟ ਹੰਢਾ ਰਿਹਾ ਸੀ। ਇਸ ਸੰਘਰਸ਼ ਦੇ ਵੇਗ ਨੇ ਉਸ ਦੀ ਬੇਵਸ ਜਾਪਦੀ ਫਿਜ਼ਾ ਅੰਦਰ ਉਤਸ਼ਾਹ ਦੀਆਂ ਨਵੀਆਂ ਤਰੰਗਾਂ ਛੇੜੀਆਂ ਹਨ। ਇਸ ਪੱਖੋਂ ਇਹ ਸੰਘਰਸ਼ ਨਾਂ ਸਿਰਫ ਬੰਗਾਲ ਲਈ ਸਗੋਂ ਪੂਰੇ ਮੁਲਕ ਲਈ ਖਾਸ ਅਹਿਮੀਅਤ ਰੱਖਦਾ ਸੰਘਰਸ਼ ਹੈ।

     ਮੌਜੂਦਾ ਘਟਨਾ ਦੀ ਕਰੂਰਤਾ ਅਤੇ ਵਹਿਸ਼ੀਪਣ ਨੇ ਲੋਕ ਮਨਾਂ ਨੂੰ ਝੰਜੋੜਿਆ ਹੈ ਅਤੇ ਉਹਨਾਂ ਅੰਦਰ ਜ਼ੋਰਦਾਰ ਪ੍ਰਤੀਕਰਮ ਜਗਾਇਆ ਹੈ। ਪਰ ਸੰਘਰਸ਼ ਦੀ ਅਜਿਹੀ ਉਠਾਣ ਅਤੇ ਵੇਗ ਪਿੱਛੇ ਹੋਰ ਵੀ ਕਈ ਕੁਝ ਮੌਜੂਦ ਹੈ। ਇੱਕ ਵੱਡਾ ਕਾਰਨ ਇਸ ਲੋਕ ਦੋਖੀ ਅਤੇ ਧੱਕੜ ਨਿਜ਼ਾਮ ਖਿਲਾਫ ਲੋਕ ਮਨਾਂ ਵਿੱਚ ਜਮ੍ਹਾਂ ਹੋਇਆ ਅਤੇ ਹਰ ਪਲ ਵਧ ਰਿਹਾ ਗੁੱਸਾ ਅਤੇ ਔਖ ਬਣਿਆ ਹੈ,ਜਿਸ ਨਿਜ਼ਾਮ ਦੀ ਪੱਛਮੀ ਬੰਗਾਲ ਅੰਦਰ ਮੌਜੂਦਾ ਹਕੂਮਤੀ ਨੁਮਾਇੰਦਾ ਇਸ ਵੇਲੇ ਮਮਤਾ ਬੈਨਰਜੀ ਹੈ। ਮਮਤਾ ਬੈਨਰਜੀ ਸੂਬੇ ਅੰਦਰ  ਲੋਕਾਂ ਨਾਲ ਉਹੀ ਕੁਝ ਕਰ ਰਹੀ ਹੈ ਜੋ ਭਾਜਪਾ ਸਰਕਾਰ ਦੇਸ਼ ਅੰਦਰ ਕਰ ਰਹੀ ਹੈ। ਲੋਕਾਂ ਦੀ ਆਰਥਿਕ ਲੁੱਟ ਕਰਨ, ਲੋਕ ਮੰਗਾਂ ਨੂੰ ਹਿਕਾਰਤ ਨਾਲ ਠੁਕਰਾਉਣ, ਉਹਨਾਂ ਦੇ ਵਿਰੋਧ ਨੂੰ ਕੁਚਲਣ ਲਈ ਸਿਆਸੀ ਦਹਿਸ਼ਤ ਵਰਤਣ, ਹਰ ਤਰ੍ਹਾਂ ਦੇ ਭਿ੍ਰਸ਼ਟਾਚਾਰ ਤੇ ਗੁੰਡਾ ਕਾਰਵਾਈਆਂ ਨੂੰ ਖੁੱਲ੍ਹੀ ਛੁੱਟੀ ਦੇਣ ਆਦਿ ਨੇ ਲੋਕਾਂ ਅੰਦਰ ਵਿਆਪਕ ਬੇਚੈਨੀ ਦੀ ਹਾਲਤ ਬਣਾਈ ਹੋਈ ਹੈ। ਇਸ ਘਟਨਾ ਦੇ ਵਾਪਰਨ ਸਾਰ ਜਿਵੇਂ ਮਮਤਾ ਸਰਕਾਰ ਨੇ ਇਸ ਘਟਨਾ ਨੂੰ ਦਬਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਵਾਹ ਲਾਇਆ ਉਸ ਨੇ ਲੋਕਾਂ ਦੇ ਇਸ ਗੁੱਸੇ ਅਤੇ ਔਖ ਨੂੰ ਹੋਰ ਜਰਬਾਂ ਦੇ ਦਿੱਤੀਆਂ।

          ਰੋਹ ਦੇ ਇਸ ਤੂਫਾਨ ਪਿੱਛੇ ਸਾਡੇ ਸਮਾਜ ਅੰਦਰ ਚੱਲੀ ਆਉਂਦੀ ਔਰਤਾਂ ਦੀ ਆਮ ਹਾਲਤ ਖਿਲਾਫ਼ ਔਰਤ ਮਨਾਂ ਚ ਪਨਪ ਰਿਹਾ ਰੋਹ,ਪਿਛਲੇ ਸਮੇਂ ਅੰਦਰ ਅਜਿਹੀਆਂ ਘਟਨਾਵਾਂ ਵਿੱਚ ਵਾਧੇ, ਔਰਤ ਵਿਰੋਧੀ ਮਾਹੌਲ ਦੀ ਪੁਸ਼ਤ ਪਨਾਹੀ ਅਤੇ ਦੋਸ਼ੀਆਂ ਦੀ ਹਕੂਮਤਾਂ ਵੱਲੋਂ ਰਾਖੀ ਖਿਲਾਫ਼ ਜਮਾਂ ਹੋਇਆ ਗੁੱਸਾ ਵੀ ਸ਼ਾਮਿਲ ਹੈ। ਪੂਰੇ ਦੇਸ਼ ਵਾਂਗ ਪੱਛਮੀ ਬੰਗਾਲ ਅੰਦਰ ਵੀ ਪਹਿਲਾਂ ਵਾਪਰਦੀਆਂ ਰਹੀਆਂ ਅਜਿਹੀਆਂ ਘਟਨਾਵਾਂ ਪ੍ਰਤੀ ਮਮਤਾ ਸਰਕਾਰ ਦਾ ਰਵੱਈਆ ਘਟਨਾਵਾਂ ਨੂੰ ਅਣਦੇਖਾ ਕਰਨ, ਅਜਿਹੀਆਂ ਘਟਨਾਵਾਂ ਦੀ ਜਿੰਮੇਵਾਰੀ ਸਬੰਧਤ ਲੜਕੀਆਂ ਸਿਰ ਸੁੱਟਣ ਅਤੇ ਇਹਨਾਂ ਖਿਲਾਫ ਫੁੱਟਦੇ ਕਿਸੇ ਵੀ ਵਿਰੋਧ ਨੂੰ ਡੰਡੇ ਦੇ ਜ਼ੋਰ ਦਬਾਉਣ ਦਾ ਰਿਹਾ ਹੈ। ਪਾਰਕ ਸਟਰੀਟ ਅਤੇ ਹੰਸਖਲੀ ਵਰਗੀਆਂ ਬਲਾਤਕਾਰ ਦੀਆਂ ਘਟਨਾਵਾਂ ਅੰਦਰ ਮਮਤਾ ਸਰਕਾਰ ਦੇ ਮੰਤਰੀ ਪੀੜਤ ਲੜਕੀਆਂ ਨੂੰ ਹੀ ਦੋਸ਼ੀ ਬਣਾ ਕੇ ਪੇਸ਼ ਕਰਦੇ ਰਹੇ ਹਨ। ਪਰ ਇਸ ਵਾਰ ਇਸ ਕੁੜੀ ਦੇ ਡਾਕਟਰ ਹੋਣ ਕਰਕੇ ਉਹਦੇ ਸਿਰ ਅਜਿਹੇ ਇਲਜ਼ਾਮ ਲਗਾਉਣੇ ਸੌਖੇ ਨਹੀਂ ਸਨ। ਫੇਰ ਵੀ ਮਮਤਾ ਸਰਕਾਰ ਨੇ ਇਸ ਘਟਨਾ ਨੂੰ ਨਿਗੂਣਾ ਬਣਾ ਕੇ ਪੇਸ਼ ਕਰਨ, ਫਟਾਫਟ ਲੜਕੀ ਦਾ ਦਾਹ ਸਸਕਾਰ ਕਰਨ, ਮਾਪਿਆਂ ਨੂੰ ਮੁਆਵਜ਼ਾ ਦੇਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ, ਦੋਸ਼ੀਆਂ ਨੂੰ ਬਚਾਉਣ ਅਤੇ ਵਿਰੋਧ ਕਰ ਰਹੇ ਹਿੱਸਿਆਂ ਉੱਤੇ ਸ਼ਿਕੰਜਾ ਕਸਣ ਦਾ ਰਾਹ ਫੜ੍ਹਿਆ। ਇਸ ਸਾਰੇ ਮਾਮਲੇ ਨੂੰ ਇੱਕ ਵਾਰ ਫੇਰ ਵਾਮ-ਰਾਮ(ਖੱਬਿਆਂ ਅਤੇ ਭਾਜਪਾ) ਦੀ ਸਾਜਿਸ਼ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ, ਪਰ ਇਸ ਵਾਰ ਉਹਦੀਆਂ ਇਹ ਸਾਰੀਆਂ ਕੋਸ਼ਿਸ਼ਾਂ ਮੂਧੇ ਮੂੰਹ ਡਿੱਗੀਆਂ ਅਤੇ ਉਹ ਲੋਕਾਂ ਦੇ ਰੋਹ ਦੇ ਨਿਸ਼ਾਨੇ ਉੱਤੇ ਆ ਗਈ।

    ਇਸ ਸੰਘਰਸ਼ ਨੂੰ ਵੇਗ ਬਖਸ਼ਣ ਵਾਲਾ ਇੱਕ ਹਾਂ ਪੱਖੀ ਪਹਿਲੂ ਇਸ ਦੌਰਾਨ ਜੂਨੀਅਰ ਡਾਕਟਰਾਂ ਦੇ ਜਥੇਬੰਦ ਹੋਣ ਅਤੇ ਸੰਘਰਸ਼ ਦੀ ਅਗਵਾਈ ਸਾਂਭਣ ਦਾ ਰਿਹਾ, ਜਿਸ ਨੇ ਸ਼ੁਰੂਆਤੀ ਦੌਰ ਅੰਦਰ ਆਪ ਮੁਹਾਰੇ ਚੱਲ ਰਹੇ ਇਸ ਸੰਘਰਸ਼ ਨੂੰ ਕੁਝ ਜਥੇਬੰਦਕ ਲੀਹਾਂ ’ਤੇ ਪਾਇਆ। ਇਹ ਜਥੇਬੰਦੀ ਸੰਘਰਸ਼ ਦੀ ਕੇਂਦਰੀ ਜਥੇਬੰਦੀ ਬਣ ਕੇ ਉਭਰੀ ਅਤੇ ਇਸਨੇ ਘੋਲ ਦੀ ਨਿਰੰਤਰਤਾ ਕਾਇਮ ਰੱਖੀ। ਪਿਛਲੇ ਲੰਬੇ ਸਮੇਂ ਤੋਂ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਭਿ੍ਰਸ਼ਟਾਚਾਰ ਦੇ ਅੱਡੇ ਬਣੇ ਹੋਏ ਹਨ ਜਿਨਾਂ ਵਿੱਚ ਆਰ.ਜੀ. ਕਰ ਹਸਪਤਾਲ ਵੀ ਉਭਰਵੇਂ ਰੂਪ ਵਿੱਚ ਸ਼ੁਮਾਰ ਸੀ। ਲੱਖਾਂ ਦੀ ਰਿਸ਼ਵਤ ਲੈ ਕੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਾਕਟਰਾਂ ਨੂੰ ਪਾਸ ਕਰਨਾ, ਵੱਡੀਆਂ ਰਿਸ਼ਵਤਾਂ ਲੈ ਕੇ ਅਧਿਆਪਕਾਂ ਦੀ ਭਰਤੀ ਕਰਨੀ, ਵਿਦਿਆਰਥੀਆਂ ਨੂੰ ਪੇਪਰਾਂ ਅੰਦਰ ਨਕਲਾਂ ਮਰਵਾਉਣੀਆਂ, ਮੈਡੀਕਲ ਵੇਸਟੇਜ ਨੂੰ ਦੁਬਾਰਾ ਵਰਤਣਾ, ਠੇਕੇਦਾਰਾਂ ਤੋਂ ਰਿਸ਼ਵਤ ਲੈਣਾ, ਲਾਵਾਰਸ ਮੁਰਦਾ ਸਰੀਰਾਂ ਨੂੰ ਪੈਸੇ ਲੈ ਕੇ ਵੇਚਣਾ ਆਦਿ ਇਸ ਭਿ੍ਰਸ਼ਟਾਚਾਰ ਦੀਆਂ ਕੁਝ ਚੁਣਵੀਆਂ ਉਦਾਹਰਨਾਂ ਹਨ। ਇਹਨਾਂ ਹਸਪਤਾਲਾਂ ਅਤੇ ਕਾਲਜਾਂ ਅੰਦਰ ਜੂਨੀਅਰ ਡਾਕਟਰਾਂ ਨੂੰ ਬੇਹੱਦ ਜ਼ਿੱਲਤ, ਧੱਕੇਸ਼ਾਹੀ ਅਤੇ ਰਿਸ਼ਵਤਖੋਰੀ ਦੀ ਮਾਰ ਝੱਲਣੀ ਪੈ ਰਹੀ ਸੀ, ਜਿਸ ਕਰਕੇ ਉਹਨਾਂ ਅੰਦਰ ਵਿਆਪਕ ਬੇਚੈਨੀ ਸੀ ਜੋ ਸਮੇਂ ਸਮੇਂ ਫੁੱਟਦੀ ਵੀ ਰਹਿੰਦੀ ਸੀ। ਇਸ ਘਟਨਾ ਨੇ ਇਸ ਬੇਚੈਨੀ ਨੂੰ ਜਥੇਬੰਦਕ ਤਾਕਤ ਵਿੱਚ ਵਟਣ ਦਾ ਮੂੰਹਾ ਦਿੱਤਾ ਅਤੇ ਇਹ ਜਥੇਬੰਦੀ ਇਸ ਸੰਘਰਸ਼ ਦੌਰਾਨ ਲਾਮਬੰਦ ਹੋਈ ਅਤੇ ਸੰਘਰਸ਼ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਡਟੀ। ਸਬੰਧਤ ਆਰ.ਜੀ. ਕਾਰ ਹਸਪਤਾਲ ਅੰਦਰ ਵੀ ਇਸਦੇ ਪਿ੍ਰੰਸੀਪਲ ਸੰਦੀਪ ਘੋਸ਼ ਉਪਰ ਵੱਡੇ ਪੱਧਰ ਤੇ ਵਿੱਤੀ ਬੇਨਿਯਮੀਆਂ, ਘੁਟਾਲੇ, ਹੇਰਾ ਫੇਰੀ ਅਤੇ ਟ੍ਰੇਨੀ ਡਾਕਟਰਾਂ ਅਤੇ ਵਿਦਿਆਰਥੀਆਂ ਤੋਂ ਪੈਸੇ ਲੈਣ ਦੇ ਮਾਮਲੇ ਚਰਚਾ ਵਿੱਚ ਆਉਂਦੇ ਰਹੇ ਸਨ। ਸਬੰਧਤ ਡਾਕਟਰ ਕੁੜੀ ਇਹਨਾਂ ਬੇਨਿਯਮੀਆਂ ਖਿਲਾਫ ਪਿਛਲੇ ਸਮੇਂ ਤੋਂ ਆਵਾਜ਼ ਉਠਾ ਰਹੀ ਸੀ ਅਤੇ ਇਸ ਸਬੰਧੀ ਉਹਨੇ ਉੱਚ ਅਧਿਕਾਰੀਆਂ ਨੂੰ ਕਈ ਪੱਤਰ ਵੀ ਲਿਖੇ ਸਨ। ਇਸ ਕਰਕੇ ਉਸਦੇ ਸਾਥੀ ਡਾਕਟਰਾਂ ਅਤੇ ਆਮ ਲੋਕਾਂ ਵਿੱਚ ਇਹ ਵਿਆਪਕ ਮੱਤ ਸੀ ਕਿ ਉਸਨੂੰ ਜਾਣ ਬੁਝ ਕੇ ਮਾਰਿਆ ਜਾਂ ਮਰਵਾਇਆ ਗਿਆ ਹੈ। ਉਸ ਨੂੰ ਹਸਪਤਾਲ ਵਿੱਚ ਕਿਧਰੇ ਹੋਰ ਮਾਰ ਕੇ ਉਸ ਦੀ ਬਾਡੀ ਨੂੰ ਸੈਮੀਨਾਰ ਹਾਲ ਵਿੱਚ ਲਿਆਂਦਾ ਗਿਆ ਹੈ। ਲੋਕਾਂ ਦੇ ਖਦਸ਼ਿਆਂ ਨੂੰ ਇਹਨਾਂ ਘਟਨਾਵਾਂ ਨਾਲ ਹੋਰ ਬਲ ਮਿਲਿਆ ਜਦੋਂ ਅਗਲੇ ਹੀ ਦਿਨ ਗੁੰਡਿਆਂ ਦੀ ਭੀੜ ਨੇ ਹਸਪਤਾਲ ਦੇ ਸੈਮੀਨਾਰ ਹਾਲ ਦੇ ਨਾਲ ਲੱਗਦੇ ਹਿੱਸਿਆਂ ਉੱਪਰ ਵਿਉਂਤਬੱਧ ਢੰਗ ਨਾਲ ਹਮਲਾ ਕੀਤਾ। ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਵੀਡੀਓ ਕਲਿੱਪਾਂ ਵਿੱਚ ਇਸ ਹਜੂਮੀ ਟੋਲੇ ਅੰਦਰ ਇਹ ਆਵਾਜ਼ਾਂ ਸਾਫ ਸੁਣੀਆਂ ਜਾ ਸਕਦੀਆਂ ਸਨ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਸੈਮੀਨਾਰ ਹਾਲ ਦੇ ਨਾਲ ਵਾਲੇ ਕਮਰੇ ਵਿੱਚ ਚੱਲਿਆ ਜਾਵੇ। ਪਹਿਲਾਂ ਇਸ ਹਮਲੇ ਨੂੰ ਮਮਤਾ ਸਰਕਾਰ ਵੱਲੋਂ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਆਮ ਲੋਕਾਂ ਦੇ ਹਮਲੇ ਵਜੋਂ ਪੇਸ਼ ਕੀਤਾ ਗਿਆ, ਪਰ ਲੋਕਾਂ ਨੇ ਜਲਦੀ ਹੀ ਸੱਚਾਈ ਸਾਹਮਣੇ ਲੈ ਆਂਦੀ ਅਤੇ ਗੁੰਡਿਆਂ ਦੀ ਇਸ ਭੀੜ ਵਿੱਚ ਸ਼ਾਮਿਲ ਪੁਲਿਸ ਦੇ ਕਰਮਚਾਰੀਆਂ ਅਤੇ ਤਿ੍ਰਣਮੂਲ ਕਾਂਗਰਸ ਦੇ ਕਾਰਕੁਨਾਂ ਦੇ ਚਿਹਰੇ ਜਨਤਕ ਕਰ ਦਿੱਤੇ। ਨਾਲ ਹੀ ਕਾਲਜ ਪ੍ਰਸ਼ਾਸਨ ਵੱਲੋਂ ਅਗਲੇ ਹੀ ਦਿਨ ਕਾਲਜ ਪਿ੍ਰੰਸੀਪਲ ਦੇ ਦਸਤਖਤਾਂ ਹੇਠ ਜਾਰੀ ਪੱਤਰ ਤਹਿਤ ਕਾਲਜ ਦੀ ਮੁਰੰਮਤ ਦੇ ਨਾਂ ਹੇਠ ਕਈ ਕਮਰਿਆਂ ਅਤੇ ਵਾਸ਼ਬੇਸਨਾਂ ਦੀ ਭੰਨ ਤੋੜ ਕਰ ਦਿੱਤੀ ਗਈ। ਸਾਥੀ ਡਾਕਟਰਾਂ ਨੇ ਇਲਜ਼ਾਮ ਲਾਇਆ ਕਿ ਜਿਸ ਕਾਲਜ ਵਿੱਚ ਇੱਕ ਟੇਬਲ ਲਿਆਉਣ ਵਾਸਤੇ ਵੀ ਸਾਲਾਂ ਬੱਧੀ ਫਾਈਲ ਲਟਕਦੀ ਰਹਿੰਦੀ ਹੈ, ਉੱਥੇ ਫਟਾਫਟ ਮੁਰੰਮਤ ਦਾ ਕਾਰਜ ਕਿਉਂ ਵਿੱਢਿਆ ਗਿਆ। ਇਹਨਾਂ ਗੱਲਾਂ ਨੇ ਲੜਕੀ ਦੇ ਸਾਥੀ ਜੂਨੀਅਰ ਡਾਕਟਰਾਂ ਅਤੇ ਹੋਰ ਲੋਕਾਂ ਵਿੱਚ ਮਮਤਾ ਸਰਕਾਰ ਵੱਲੋਂ ਇਸ ਧੱਕੇਸ਼ਾਹੀ ਦੀ ਰਾਖੀ ਖਿਲਾਫ ਗੁੱਸੇ ਨੂੰ ਹੋਰ ਪ੍ਰਚੰਡ ਕਰ ਦਿੱਤਾ। ਅਗਲੇ ਸਮੇਂ ਵਿੱਚ ਜਦੋਂ ਕਾਲਜ ਦੇ ਪਿ੍ਰੰਸੀਪਲ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਤਾਂ ਮਮਤਾ ਸਰਕਾਰ ਨੇ ਫਟਾਫਟ ਉਸ ਨੂੰ ਇੱਕ ਹੋਰ ਕਾਲਜ ਵਿੱਚ ਪਿ੍ਰੰਸੀਪਲ ਦੇ ਅਹੁਦੇ ਨਾਲ ਨਿਵਾਜ ਦਿੱਤਾ। ਇਹਨਾਂ ਸਾਰੀਆਂ ਗੱਲਾਂ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਚੁਆਤੀ ਲਾ ਦਿੱਤੀ ਅਤੇ ਲੋਕ ਵਿਰੋਧ ਭਾਂਬੜ ਬਣ ਕੇ ਫੁੱਟ ਪਿਆ।

      ਸਾਰਾ ਅਗਸਤ ਅਤੇ ਸਤੰਬਰ ਮਹੀਨਾ ਪੱਛਮੀ ਬੰਗਾਲ ਇਸ ਆਪ ਮੁਹਾਰੇ ਜਨਤਕ ਵਿਰੋਧ ਦੇ ਭਾਂਬੜ ਦੇਖਦਾ ਰਿਹਾ।ਸੂਬੇ ਦੇ ਵੱਡੀ ਗਿਣਤੀ ਸ਼ਹਿਰ ਅਤੇ ਪਿੰਡ ਇਸ ਸੰਘਰਸ਼ ਵਿੱਚ ਸ਼ਾਮਿਲ ਹੋਏ। ਸਿਰਫ ਸੋਸ਼ਲ ਮੀਡੀਆ ਉੱਤੇ ਪਾਏ ਸੱਦਿਆਂ ਰਾਹੀਂ ਹੀ ਲੱਖਾਂ ਲੋਕਾਂ ਦੇ ਇਕੱਠ ਹੁੰਦੇ ਰਹੇ। 14 ਅਗਸਤ ਨੂੰ ਇੱਕ ਔਰਤ ਕਾਰਕੁਨ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਰਾਹੀਂ ਰਾਤ ਨੂੰ ਇਸ ਘਟਨਾ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਨੂੰ ਲੋਕਾਂ ਨੇ ਕਬੂਲਵਾਂ ਹੁੰਗਾਰਾ ਭਰਿਆ ਅਤੇ ਕਲਕੱਤੇ ਵਿੱਚ ਦਹਿ ਹਜ਼ਾਰਾਂ ਲੋਕਾਂ ਨੇ ਰਾਤ ਨੂੰ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦਿਨ ਸੂਬੇ ਭਰ ਵਿੱਚ 10 ਲੱਖ ਲੋਕਾਂ ਨੇ 300 ਵੱਖ-ਵੱਖ ਥਾਵਾਂ ਉੱਤੇ ਰੋਸ ਮੁਜਾਹਰੇ ਕੀਤੇ।‘ਰਾਤ ਉੱਤੇ ਹੱਕ ਜਤਾਉ’ ਨਾਂ ਦੀ ਇਸ ਮੁਹਿੰਮ ਅੰਦਰ ਔਰਤਾਂ ਨੇ ਸਭ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਬਜ਼ੁਰਗ ਔਰਤਾਂ ਤੋਂ ਲੈ ਕੇ ਨਿੱਕੀਆਂ ਬੱਚੀਆਂ ਤੱਕ ਰਾਤਾਂ ਨੂੰ ਗਲੀਆਂ ਅੰਦਰ ਪ੍ਰਦਰਸ਼ਨ ਕਰਦੀਆਂ ਦੇਖੀਆਂ ਗਈਆਂ। ਇਹਨਾਂ ਮਹੀਨਿਆਂ ਅੰਦਰ ਸੂਬੇ ਅੰਦਰ ਹਰੇਕ ਦਿਨ ਥਾਂ ਥਾਂ ਰੈਲੀਆਂ ਮੁਜਾਹਰੇ ਚਲਦੇ ਰਹੇ ਅਤੇ ਹਰੇਕ ਮੁਜਾਹਰੇ ਅੰਦਰ ਸੈਂਕੜੇ ਤੋਂ ਹਜ਼ਾਰਾਂ ਲੋਕ ਸ਼ਮੂਲੀਅਤ ਕਰਦੇ ਰਹੇ। ਖਾਸ ਤੌਰ ’ਤੇ ਸੁਪਰੀਮ ਕੋਰਟ ਅੰਦਰ ਹੋਣ ਵਾਲੀ ਸੁਣਵਾਈਆਂ ਤੋਂ ਇੱਕ ਦਿਨ ਪਹਿਲਾਂ ਲੋਕਾਂ ਵੱਲੋਂ ਵੱਡੇ ਇਕੱਠ ਕੀਤੇ ਜਾਂਦੇ ਰਹੇ ਅਤੇ ਸਰਕਾਰ ਉੱਤੇ ਇਸ ਮਸਲੇ ਨੂੰ ਹੱਲ ਕਰਨ ਲਈ ਦਬਾਅ ਬਣਾਇਆ ਜਾਂਦਾ ਰਿਹਾ। ਇਉ ੇ ਅਦਾਲਤੀ ‘ਇਨਸਾਫ਼’ ਪ੍ਰਕਿਰਿਆ ਵੀ ਲੋਕ ਦਬਾਅ ਤੋਂ ਮੁਕਤ ਨਹੀਂ ਸੀ ਅਤੇ ਲੋਕ ਸੰਘਰਸ਼ ਦੀ ਦਾਬ ਹਕੂਮਤੀ ਤੇ ਪ੍ਰਸਾਸ਼ਨਿਕ ਹਲਕਿਆਂ ਤੋਂ ਅੱਗੇ ਸਿਖਰਲੀ ਅਦਾਲਤ ਤੱਕ ਮਾਰ ਕਰ ਰਹੀਸੀ। ਅਦਾਲਤ ਨਾਲ ਅਜਿਹੇ ਰਿਸ਼ਤੇ ਦਾ ਤਜਰਬਾ ਵੀ ਲੋਕਾਂ ਲਈ ਮੁੱਲਵਾਨ ਹੈ।

             ਰਿਕਸ਼ਾ ਮਜ਼ਦੂਰ, ਆਟੋ ਚਾਲਕ, ਸੂਚਨਾ ਟੈਕਨੋਲੋਜੀ ਕਾਮੇ, ਸਕੂਲਾਂ, ਯੂਨੀਵਰਸਿਟੀਆਂ,ਕਾਲਜਾਂ ਦੇ ਅਧਿਆਪਕ, ਵਿਦਿਆਰਥੀ,ਵਕੀਲ,ਡਾਕਟਰ,ਕਲਾਕਾਰ ਆਦਿ ਸਭਨਾਂ ਖੇਤਰਾਂ ਦੇ ਲੋਕ ਅਤੇ ਇਹਨਾਂ ਦੀਆਂ ਜਥੇਬੰਦੀਆਂ ਇਸ ਸੰਘਰਸ਼ ਦੀ ਹਮਾਇਤ ਵਿੱਚ ਨਿਤਰ ਪਈਆਂ। ਪੱਛਮੀ ਬੰਗਾਲ ਦੀ ਫਿਲਮੀ ਸਨਅਤ ਦੇ ਸਿਤਾਰੇ, ਟੀਵੀ ਅਦਾਕਾਰ ਅਤੇ ਬੁੱਧੀਜੀਵੀ ਵੀ ਇਸ ਸੰਘਰਸ਼ ਦਾ ਹਿੱਸਾ ਬਣੇ। ਇਕ ਪ੍ਰਸਿੱਧ ਲੇਖਕ ਪਰੀਮਲ ਦੇ ਨੇ ਆਪਣਾ ‘ਬੰਗ ਰਤਨ’ ਐਵਾਰਡ ਵਾਪਸ ਕਰਨ ਦੀ ਇੱਛਾ ਜਾਹਿਰ ਕੀਤੀ। ਆਮ ਸ਼ਹਿਰੀ ਲੋਕਾਂ ਵੱਲੋਂ ਧਰਨੇ ਵਾਲੀਆਂ ਥਾਵਾਂ ਤੇ ਰਸਦ ਪਾਣੀ, ਟੈਂਟ, ਲਾਈਟਾਂ ਅਤੇ ਹੋਰ ਸਮਾਨ ਪਹੁੰਚਾਇਆ ਜਾਣ ਲੱਗ ਪਿਆ। ਆਟੋ ਚਾਲਕਾਂ ਅਤੇ ਰਿਕਸ਼ਾ ਵਾਲਿਆਂ ਨੇ ਔਰਤਾਂ ਨੂੰ ਧਰਨੇ ਵਾਲੀ ਥਾਵਾਂ ਤੇ ਪਹੁੰਚਾਉਣ ਲਈ ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ। ਪੱਛਮੀ ਬੰਗਾਲ ਅੰਦਰ ਸੂਬੇ ਦੇ ਸੀਨੀਅਰ ਡਾਕਟਰਾਂ ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਵੱਡੀ ਪੱਧਰ ਉੱਤੇ ਸਾਂਝੇ ਅਸਤੀਫੇ ਦੇ ਦਿੱਤੇ ਗਏ। ਇਸ ਦੌਰਾਨ ਪੱਛਮੀ ਬੰਗਾਲ ਵਿੱਚ ਹੋਣ ਵਾਲਾ ਪ੍ਰਸਿੱਧ ਫੁਟਬਾਲ ਮੈਚ ਸਰਕਾਰ ਨੇ ਰੋਸ ਪ੍ਰਦਰਸ਼ਨ ਦੇ ਡਰੋਂ ਰੱਦ ਕਰ ਦਿੱਤਾ ਅਤੇ ਸਟੇਡੀਅਮ ਵਿੱਚ ਦਫਾ 44 ਲਗਾ ਦਿੱਤੀ। ਪਰ ਇਸ ਦੇ ਬਾਵਜੂਦ ਕਲੱਬ ਦੇ ਮੈਂਬਰਾਂ ਅਤੇ ਹਮਾਇਤੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਰੈਲੀ ਕੀਤੀ। ਮੋਹਨ ਬਗਾਨ, ਮੁਹੰਮਦਨ ਸਪੋਰਟਿੰਗ ਤੇ ਈਸਟ ਬੰਗਾਲ ਦੀਆਂ ਫੁਟਬਾਲ ਟੀਮਾਂ ਜੋ ਕਿ ਰਵਾਇਤੀ ਵਿਰੋਧੀਆਂ ਵਜੋਂ ਜਾਣੀਆਂ ਜਾਂਦੀਆਂ ਹਨ ਨੇ ਆਪਸੀ ਸ਼ਰੀਕੇਬਾਜ਼ੀ ਭੁਲਾਉਂਦਿਆਂ ਪਹਿਲੀ ਵਾਰ ਇਕੱਠੇ ਹੋ ਕੇ ਲੜਕੀ ਵਾਸਤੇ ਨਿਆਂ ਦੀ ਮੰਗ ਕੀਤੀ। ਇਸ ਮੌਕੇ ਹਿਰਾਸਤ ਵਿੱਚ ਲਏ ਫੁਟਬਾਲ ਪ੍ਰੇਮੀਆਂ ਨੂੰ ਲੋਕਾਂ ਨੇ ਪੁਲਿਸ ਦੀ ਗੱਡੀ ਘੇਰ ਕੇ ਛੱਡੇ ਜਾਣ ਲਈ ਮਜਬੂਰ ਕਰ ਦਿੱਤਾ। ਦੁਰਗਾ ਪੂਜਾ ਦੀਆ ਮੂਰਤੀਆਂ ਤਿਆਰ ਕਰ ਰਹੇ ਕਲਾਕਾਰਾਂ ਵੱਲੋਂ ਵੀ ਆਪਣੇ ਕੰਮ ਦੇ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੁਰਗਾ ਪੂਜਾ ਪੱਛਮੀ ਬੰਗਾਲ ਦਾ ਇੱਕ ਵੱਡਾ ਤਿਉਹਾਰ ਹੈ। ਇਸ ਨੂੰ ਮਨਾਉਣ ਲਈ ਥਾਂ ਥਾਂ ਤੇ ਮੋਹਤਬਰ ਬੰਦਿਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ ਜਿਨਾਂ ਨੂੰ ਆਏ ਸਾਲ ਸਰਕਾਰ ਵੱਲੋਂ ਇਹ ਪੂਜਾ ਜਥੇਬੰਦ ਕਰਨ ਲਈ ਪ੍ਰਤੀ ਕਮੇਟੀ 85000  ਰੁਪਏ ਸਰਕਾਰੀ ਫੰਡ ਵਜੋਂ ਦਿੱਤੇ ਜਾਂਦੇ ਹਨ। ਇਸ ਵਾਰ ਸ਼ਹਿਰਾਂ ਪਿੰਡਾਂ ਅੰਦਰ ਦੁਰਗਾ ਪੂਜਾ ਲਈ ਬਣੀਆਂ ਕਮੇਟੀਆਂ ਵਿੱਚੋਂ ਕਈ ਨੇ ਇਹ ਸਰਕਾਰੀ ਫੰਡ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਇਵਜਾਨੇ ਵਜੋਂ ਸਰਕਾਰ ਵੱਲੋਂ ਪਾਏ ਗਏ ਬਿਜਲੀ ਬਿੱਲਾਂ ਅਤੇ ਮਿਊਨਸੀਪਲਟੀ ਖਰਚੇ ਦੀ ਮਾਰ ਝੱਲੀ। ਮਮਤਾ ਬੈਨਰਜੀ ਨੇ ਲੋਕਾਂ ਨੂੰ ਦੁਰਗਾ ਪੂਜਾ ਵੱਲ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਪਰ ਲੋਕਾਂ ਨੇ ਸੰਘਰਸ਼ ਨੂੰ ਮੱਠਾ ਨਾ ਪੈਣ ਦਿੱਤਾ। ਦੁਰਗਾ ਪੂਜਾ ਦੌਰਾਨ ਵੀ ਜੂਨੀਅਰ ਡਾਕਟਰਾਂ ਨੇ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ ਅਤੇ ਹੋਰ ਹਿੱਸੇ ਵੱਡੀ ਗਿਣਤੀ ਵਿੱਚ ਆ ਕੇ ਇਸ ਵਿੱਚ ਸ਼ਾਮਿਲ ਹੁੰਦੇ ਰਹੇ। ਦੁਰਗਾ ਪੂਜਾ ਦੇ ਪੰਡਾਲਾਂ ਵਿੱਚ ਅਨੇਕਾਂ ਥਾੲੀਂ ਇਸ ਸੰਘਰਸ਼ ਦੀਆਂ ਮੰਗਾਂ ਨਾਲ ਸੰਬੰਧਿਤ ਨਾਅਰੇ ਵੀ ਲੱਗਦੇ ਰਹੇ।

     ਇਸ ਸੰਘਰਸ਼ ਨੇ ਦੇਸ਼ ਵਿਆਪੀ ਹਿਮਾਇਤ ਹਾਸਲ ਕੀਤੀ। ਦੇਸ਼ ਦੇ ਅਨੇਕਾਂ ਹੋਰ ਹਿੱਸਿਆਂ ਵਿੱਚ ਇਨਸਾਫ ਲਈ ਪ੍ਰਦਰਸ਼ਨ ਹੋਏ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਦੇਸ਼ ਭਰ ਦੇ ਡਾਕਟਰ ਅਤੇ ਸਿਹਤ ਕਰਮੀ ਹੜਤਾਲ ’ਤੇ ਗਏ। ਕਈ ਦਿਨ ਮੈਡੀਕਲ ਸੇਵਾਵਾਂ ਠੱਪ ਰਹੀਆਂ ਅਤੇ ਸੁਪਰੀਮ ਕੋਰਟ ਨੂੰ ਡਾਕਟਰਾਂ ਨੂੰ ਕੰਮ ਉੱਤੇ ਪਰਤਣ ਦੀ ਅਪੀਲ ਕਰਨੀ ਪਈ। ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਡਾਕਟਰਾਂ ਦੀਆਂ ਜਥੇਬੰਦੀਆਂ ਨੇ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ। ਇਸ ਦੌਰਾਨ ਜਦੋਜਹਿਦ ਦੇ ਇੱਕ ਗੇੜ ਤੋਂ ਬਾਅਦ ਮਮਤਾ ਨੂੰ ਵੀ ਡਾਕਟਰਾਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ।

          ਇਸ ਸੰਘਰਸ਼ ਦਾ ਇੱਕ ਅਹਿਮ ਹਾਂ ਪੱਖੀ ਪਹਿਲੂ ਇਹ ਰਿਹਾ ਕਿ ਲੋਕਾਂ ਨੇ ਇਸ ਸੰਘਰਸ਼ ਨੂੰ ਵੋਟ ਬਟੋਰੂ ਸਿਆਸੀ ਤਾਕਤਾਂ ਵੱਲੋਂ ਵਰਤੇ ਨਹੀਂ ਜਾਣ ਦਿੱਤਾ। ਸੀ.ਪੀ.ਐਮ., ਭਾਜਪਾ ਅਤੇ ਹੋਰਨਾਂ ਤਾਕਤਾਂ ਵੱਲੋਂ ਇਸ ਸੰਘਰਸ਼ ਨੂੰ ਹਥਿਆਉਣ ਦੇ ਯਤਨ ਕੀਤੇ ਗਏ,ਪਰ ਲੋਕਾਂ ਨੇ ਉਹਨਾਂ ਦੀ ਵਾਹ ਨਹੀਂ ਚੱਲਣ ਦਿੱਤੀ ਅਤੇ ਉਹਨਾਂ ਨਾਲੋਂ ਪੂਰੀ ਤਰ੍ਹਾਂ ਨਿਖੇੜਾ ਕੀਤਾ। ਇਲਾਕਾ ਪੱਧਰ ਤੇ ਬਣੀਆਂ ਕਮੇਟੀਆਂ ਅੰਦਰ ਜਦੋਂ ਇਹਨਾਂ ਪਾਰਟੀਆਂ ਦੀ ਅਗਵਾਈ ਹਥਿਆਉਣ ਦੀ ਵਾਹ ਨਹੀਂ ਚੱਲੀ ਤਾਂ ਇਹਨਾਂ ਦੇ ਕਾਰਕੁਨ ਆਪਣੇ ਝੰਡੇ ਛੱਡ ਕੇ ਵਿਅਕਤੀਗਤ ਤੌਰ ਤੇ ਸ਼ਾਮਿਲ ਹੋਏ ਅਤੇ ਆਪਣੀ ਸਿਆਸਤ ਇਹਨਾਂ ਕਮੇਟੀਆਂ ਉੱਪਰ ਥੋਪਣੀ ਸ਼ੁਰੂ ਕਰ ਦਿੱਤੀ।ਪਰ ਲੋਕਾਂ ਨੇ ਇਹਨਾਂ ਬੰਦਿਆਂ ਨਾਲੋਂ ਵੀ ਨਿਖੇੜਾ ਕੀਤਾ ਅਤੇ ਆਪਣੀਆਂ ਕਮੇਟੀਆਂ ਨੂੰ ਇਹਨਾਂ ਤੋਂ ਲਾਂਭੇ ਰੱਖਣ ਲਈ ਜੋਰ ਲਾਇਆ। ਇਹ ਬੰਗਾਲ ਦੇ ਸਿਆਸੀ ਸਭਿਆਚਾਰ ਦੇ ਉਲਟ ਵਾਪਰਿਆ ਹੈ ਜਿੱਥੇ ਛੇਤੀ ਹੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਮੂਹਰੇ ਆ ਜਾਂਦੀਆਂ ਸਨ। ਕਈ ਸਿਆਸੀ ਟਿੱਪਣੀਕਾਰ ਇਸਨੂੰ ਇਤਿਹਾਸਕ ਕਿਸਾਨ ਸੰਘਰਸ਼ ਦੀ ਰੰਗਤ ਦਾ ਪਾਹ ਵੀ ਕਰਾਰ ਦਿੰਦੇ ਹਨ ਜਿੱਥੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਨੂੰ ਸਟੇਜ ਤੋਂ ਲਾਂਭੇ ਰੱਖਿਆ ਗਿਆ ਸੀ।

       ਹੁਣ ਇਹ ਸੰਘਰਸ਼ ਅਗਲੇ ਦੌਰ ਵਿੱਚ ਹੈ ਜਦੋਂ ਸੰਘਰਸ਼ ਦੀ ਕਮਾਨ ਮੁੱਖ ਤੌਰ ਤੇ ਜੂਨੀਅਰ ਡਾਕਟਰਾਂ ਦੀ ਜਥੇਬੰਦੀ ਦੇ ਹੱਥ ਵਿੱਚ ਹੈ। ਉਹ ਰੈਲੀਆਂ, ਪ੍ਰਦਰਸ਼ਨਾਂ, ਦਸਤਖਤ ਮੁਹਿੰਮਾਂ ਰਾਹੀਂ ਨਿਆਂ ਮੰਗਣਾ ਜਾਰੀ ਰੱਖ ਰਹੇ ਹਨ। ਸਰਕਾਰ ਨੇ ਇੱਕ ਮੁਜਰਮ ਸੰਜੇ ਰੌਏ ਉੱਤੇ ਦੋਸ਼ ਆਇਦ ਕਰ ਦਿੱਤੇ ਹਨ ਪਰ ਲੋਕਾਂ ਦਾ ਕਹਿਣਾ ਹੈ ਕਿ ਇਸ ਘਿਨਾਉਣੇ ਕਾਰੇ ਦਾ ਦੋਸ਼ੀ ਉਹ ਇਕੱਲਾ ਨਹੀਂ ਹੈ। ਤਿੰਨ ਮਹੀਨੇ ਬੀਤ ਜਾਣ ਦੇ ਉਪਰੰਤ ਵੀ ਮੁਜਰਮਾਂ ਨੂੰ ਫੜਿਆ ਨਹੀਂ ਜਾ ਸਕਿਆ ਹੈ। ਇਸ ਦੇ ਨਾਲ ਹੀ ਉਹ ਕਾਲਜਾਂ ਅੰਦਰ ਹਕੂਮਤੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਵਿਦਿਆਰਥੀ ਨੂੰ ਦਹਿਸ਼ਤ ਜਦਾ ਕਰਕੇ ਰੱਖਣ ਵਾਲੇ ਧਮਕੀ ਸੱਭਿਆਚਾਰ ਨੂੰ ਨੱਥ ਪਾਉਣ ਦੀ ਮੰਗ ਕਰ ਰਹੇ ਹਨ। ਮੈਡੀਕਲ ਕਾਲਜਾਂ ਦੀ ਹਾਲਤ ਨਾਲ ਸੰਬੰਧਿਤ ਹੋਰ ਮੰਗਾਂ ਵੀ ਇਸ ਵਿੱਚ ਸ਼ਾਮਿਲ ਹਨ। ਨਵੰਬਰ ਮਹੀਨੇ ਵਿੱਚ ਵੀ ਜੂਨੀਅਰ ਡਾਕਟਰਾਂ ਵੱਲੋਂ ਇਹਨਾਂ ਮੰਗਾਂ ਤਹਿਤ ਵੱਡੇ ਇਕੱਠ ਕੀਤੇ ਜਾਂਦੇ ਰਹੇ ਹਨ ਜਿਨਾਂ ਵਿੱਚ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ। ਇਹਦੇ ਵਿੱਚ ਸਿਵਲ ਸੁਸਾਇਟੀ ਦੇ ਹਿੱਸੇ ਵੀ ਸ਼ਾਮਿਲ ਹੋਏ ਹਨ ਅਤੇ ਇਹ ਸੰਘਰਸ਼ ਜਾਰੀ ਹੈ।ਹੁਣ ਦੇ ਦੌਰ ਵਿੱਚ ਸੰਘਰਸ਼ ਦੀਆਂ ਸ਼ੁਰੂਆਤੀ ਮੰਗਾਂ ਜਿਹਨਾਂ ਵਿੱਚ ਔਰਤਾਂ ਦੀ ਸਮਾਜ ਅੰਦਰ ਸੁਰੱਖਿਆ ਦਾ ਮਸਲਾ ਵੱਡਾ ਸਰੋਕਾਰ ਸੀ, ਪਿੱਛੇ ਚਲੀਆਂ ਗਈਆਂ ਹਨ ਅਤੇ ਘਟਨਾ ਦੀ ਸ਼ਿਕਾਰ ਲੜਕੀ ਦੇ ਪੇਸ਼ੇ ਨਾਲ ਸੰਬੰਧਿਤ ਮੰਗਾਂ ਨਿਆਂ ਦੀ ਮੁੱਖ ਮੰਗ ਨਾਲ ਰਲਗੱਡ ਹੋ ਕੇ ਆ ਰਹੀਆਂ ਹਨ। ਇਸ ਮੌਕੇ ਲੋਕ ਹਿੱਤਾਂ ਦੇ ਨਜ਼ਰੀਏ ਤੋਂ ਸਹੀ ਮੰਗਾਂ ਉਭਾਰਨ, ਇਹਨਾਂ ਨੂੰ ਲੋਕ ਚੇਤਨਾ ਅੰਦਰ ਸਥਾਪਿਤ ਕਰਨ ਅਤੇ ਲੋਕ ਰੋਹ ਨੂੰ ਇਹਨਾਂ ਦੁਆਲੇ ਲਾਮਬੰਦ ਕਰਨ ਦੀ ਵੱਡੀ ਲੋੜ ਹੈ ਜਿਸ ਨੂੰ ਸੂਬੇ ਅੰਦਰ ਇਨਕਲਾਬੀ ਤਾਕਤਾਂ ਦੀ ਕੰਮਜੋਰੀ ਦੀ ਹਾਲਤ ਕਾਰਨ ਹਾਲਤ ਦੇ ਹਾਣ ਦਾ ਹੁੰਗਾਰਾ ਨਹੀਂ ਭਰਿਆ ਜਾ ਰਿਹਾ।

       ਇਸ ਸਾਰੇ ਸੰਘਰਸ਼ ਦੌਰਾਨ ਭਾਵੇਂ ਸੁਹਿਰਦ ਜਮਹੂਰੀ ਤੇ ਇਨਕਲਾਬੀ  ਹਿੱਸੇ ਸਰਗਰਮ ਰਹੇ ਅਤੇ ਉਹਨਾਂ ਨੇ ਇਸ ਸੰਘਰਸ਼ ਨੂੰ ਅੱਗੇ ਵਧਾਉਣ ਲਈ ਤਾਣ ਲਾਇਆ ਪਰ ਸੂਬੇ ਅੰਦਰ ਇਨਕਲਾਬੀ ਤਾਕਤਾਂ ਇਸ ਸੰਘਰਸ਼ ’ਤੇ ਇਨਕਲਾਬੀ ਅਗਵਾਈ ਸਥਾਪਿਤ ਕਰਨ ਵਿੱਚ ੳੂਣੀਆਂ ਰਹੀਆਂ। ਇਸ ਕਰਕੇ ਪਹਿਲੇ ਦੌਰ ਵਿੱਚ ਵੀ ਇਹ ਸੰਘਰਸ਼ ਮੁੱਖ ਤੌਰ ਤੇ ਆਪ ਮੁਹਾਰਾ ਸੰਘਰਸ਼ ਰਿਹਾ ਅਤੇ ਹੁਣ ਵੀ ਇਨਕਲਾਬੀ ਅਗਵਾਈ ਦੀ ਤੋਟ ਹੰਢਾ ਰਿਹਾ ਹੈ। ਪਰ ਇਸਦੇ ਬਾਵਜੂਦ ਅਹਿਮ ਪਹਿਲੂ ਇਹ ਹੈ ਕੇ ਇਸਨੇ ਬੰਗਾਲ ਦੀ ਲੋਕ ਲਹਿਰ ਅੰਦਰ ਨਵੀਆਂ ਤਰੰਗਾਂ ਛੇੜ ਕੇ, ਇਨਕਲਾਬੀ ਸ਼ਕਤੀਆਂ ਨੂੰ ਨਵੀਆਂ ਸੰਭਾਵਨਾਵਾਂ ਦੇ ਸਨਮੁੱਖ ਖੜ੍ਹਾ ਕੀਤਾ ਹੈ ਅਤੇ ਲੋਕ ਲਹਿਰ ’ਚ ਨਵੀਆਂ ਉਮੀਦਾਂ ਤੇ  ਉਤਸ਼ਾਹ ਦਾ  ਸੰਚਾਰ ਕੀਤਾ ਹੈ।   -੦-

No comments:

Post a Comment