ਝੋਨੇ ਦੀ ਖਰੀਦ ਕਰਵਾਉਣ ਕਿਸਾਨ ਲਈ ਸੰਘਰਸ਼
ਝੋਨਾ ਵੱਢਣ ਦਾ ਸੀਜ਼ਨ ਪੰਜਾਬ ਦੀ ਕਿਸਾਨੀ ਲਈ ਖੇਤਾਂ ਦੇ ਜ਼ੋਰਦਾਰ ਰੁਝੇਵੇਂ ਤੋਂ ਜ਼ਿਆਦਾ ਸੰਘਰਸ਼ ਦੇ ਰੁਝੇਵੇਂ ਦਾ ਸੀਜ਼ਨ ਬਣਿਆ ਹੋਇਆ ਹੈ। ਝੋਨਾ ਖਰੀਦਣ ’ਚ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲ ਤੇ ਇਸ ਨਾਲ ਜੁੜੇ ਕਈ ਤਰ੍ਹਾਂ ਦੇ ਮੁੱਦਿਆਂ ਨੇ ਕਿਸਾਨਾਂ ਲਈ ਫਸਲ ਰੁਲ ਜਾਣ ਦਾ ਸੰਕਟ ਖੜ੍ਹਾ ਕਰ ਦਿੱਤਾ ਹੈ। ਖਰੀਦ ਮੱਠੀ ਹੋਣ ਕਾਰਨ ਤੇ ਮੰਡੀਆਂ ’ਚ ਜਮ੍ਹਾਂ ਹੋਣ ਕਾਰਨ ਵਢਾਈ ਦੇ ਕੰਮ ਦੀ ਰਫਤਾਰ ਵੀ ਮੱਧਮ ਹੋਈ ਹੈ। ਕਿਸਾਨ ਮੰਡੀਆਂ ’ਚ ਰੁਲਣ ਲਈ ਮਜ਼ਬੂਰ ਹੋਏ ਹਨ। ਝੋਨੇ ਦੀ ਬੇਕਦਰੀ ਦੇ ਦਰਮਿਆਨ ਹੀ ਪਰਾਲੀ ਦੀ ਸੰਭਾਲ ਦਾ ਸੰਕਟ ਤੇ ਸਰਕਾਰ ਵੱਲੋਂ ਬਿਨਾਂ ਕੋਈ ਬਦਲਵਾਂ ਰਾਹ ਦਿੱਤੇ ਅੱਗ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤੀ ਨੇ ਅਤੇ ਕਣਕ ਬੀਜਣ ਲਈ ਡੀ.ਏ.ਪੀ. ਖਾਦ ਦੇ ਸੰਕਟ ਨੇ ਕਿਸਾਨੀ ਨੂੰ ਇਸ ਸੀਜ਼ਨ ’ਚ ਚੌਤਰਫ਼ੀ ਮਾਰ ਹੇਠ ਲਿਆਂਦਾ ਹੋਇਆ ਹੈ। ਇਹਨਾਂ ਮੁੱਦਿਆਂ ’ਤੇ ਜ਼ੋਰਦਾਰ ਕਿਸਾਨ ਲਾਮਬੰਦੀ ਹੋ ਰਹੀ ਹੈ ਤੇ ਜਥੇਬੰਦ ਕਿਸਾਨ ਤਾਕਤ ਲਗਾਤਾਰ ਮਹੀਨੇ ਭਰ ਤੋਂ ਸੰਘਰਸ਼ ਦੇ ਪਿੜ ’ਚ ਹੈ। ਸੰਘਰਸ਼ ਐਕਸ਼ਨਾਂ ਦਾ ਤਾਂਤਾ ਲੱਗਿਆ ਹੋਇਆ ਹੈ। ਟੋਲ ਪਲਾਜ਼ਿਆਂ ਤੋਂ ਲੈ ਕੇ ਦੋਹੇਂ ਸਰਕਾਰਾਂ ਦੇ ਮੰਤਰੀਆਂ-ਸੰਤਰੀਆਂ ਨੂੰ ਐਕਸ਼ਨਾਂ ਦੇ ਨਿਸ਼ਾਨੇ ’ਤੇ ਰੱਖਿਆ ਹੋਇਆ ਹੈ। ਮੰਡੀਆਂ ’ਚ ਇੰਸਪੈਕਟਰਾਂ ਤੋਂ ਲੈ ਕੇ ਸਰਕਾਰੀ ਅਧਿਕਾਰੀਆਂ ਦੀ ਘੇਰ-ਘਿਰਾਈ ਹੋ ਰਹੀ ਹੈ ਤੇ ਇਉਂ ਲਗਾਤਾਰ ਸੰਘਰਸ਼ ਦਾਬ ਨਾਲ ਝੋਨਾ ਚੁਕਾਇਆ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਐਕਸ਼ਨ ਕੀਤੇ ਹਨ ਅਤੇ ਹੁਣ ਤੱਕ ਜਾਰੀ ਹਨ।
1 ਅਕਤੂਬਰ ਨੂੰ ਸ਼ੁਰੂ ਹੋਏ ਸੀਜ਼ਨ ਤੋਂ ਝੋਨੇ ਦੀ ਖਰੀਦ ਦਾ ਤੋਰਾ ਨਾ ਤੁਰਨ ਦੀਆਂ ਹਾਲਤਾਂ ਨੇ ਕਿਸਾਨਾਂ ਨੂੰ ਸੜਕਾਂ ’ਤੇ ਆਉਣ ਲਈ ਮਜ਼ਬੂਰ ਕਰ ਦਿੱਤਾ। ਇਹਨਾਂ ਸੰਘਰਸ਼ ਐਕਸ਼ਨਾਂ ਦੀ ਸ਼ੁਰੂਆਤ ਸਮੇਂ 13 ਅਕਤੂਬਰ ਨੂੰ 32 ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਘੰਟੇ ਰੇਲਾਂ ਜਾਮ ਕਰਨ ਦਾ ਐਕਸ਼ਨ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ’ਚ ਕਈ ਵੱਡੀਆਂ-ਛੋਟੀਆਂ ਸੜਕਾਂ ’ਤੇ ਆਵਾਜਾਈ ਜਾਮ ਕੀਤੀ, ਉੱਥੇ ਬੀ.ਕੇ.ਯੂ. (ਏਕਤਾ) ਉਗਰਾਹਾਂ ਵੱਲੋਂ 17 ਜ਼ਿਲ੍ਹਿਆਂ ’ਚ 17 ਥਾਵਾਂ ’ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। 13 ਅਕਤੂਬਰ ਤੋਂ ਸ਼ੁਰੂ ਹੋਇਆ ਸੰਘਰਸ਼ ਐਕਸ਼ਨਾਂ ਦਾ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਇਸ ਦੌਰਾਨ ਬੀ.ਕੇ.ਯੂ. (ਏਕਤਾ) ਉਗਰਾਹਾਂ ਵੱਲੋਂ ਵਿਸ਼ਾਲ ਜਨਤਕ ਲਾਮਬੰਦੀ ਕੀਤੀ ਗਈ ਹੈ ਅਤੇ ਲਗਾਤਾਰ ਧਰਨਿਆਂ ਦਾ ਸਿਲਸਿਲਾ ਜਾਰੀ ਰੱਖਦਿਆਂ, ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ਸੱਦਿਆਂ ਨਾਲ ਵੀ ਤਾਲਮੇਲਵੇਂ ਐਕਸ਼ਨ ਕੀਤੇ ਜਾਂਦੇ ਰਹੇ ਹਨ। 13 ਅਕਤੂਬਰ ਨੂੰ “32 ਕਿਸਾਨ ਜਥੇਬੰਦੀਆਂ” ਦੇ ਪਲੇਟਫਾਰਮ ਨਾਲ ਤਾਲਮੇਲ ਵਜੋਂ ਰੇਲਾਂ ਰੋਕਣ ਮਗਰੋਂ ਫਿਰ 25 ਅਕਤੂਬਰ ਨੂੰ ਪੰਜਾਬ ਅੰਦਰ 4 ਥਾਵਾਂ ’ਤੇ ਸ਼ਾਪਿੰਗ ਮਾਲ ਬੰਦ ਕਰਵਾਏ ਗਏ। 25 ਅਕਤੂਬਰ ਦੇ ਇਸ ਦਿਨ 32 ਕਿਸਾਨ ਜਥੇਬੰਦੀਆਂ ਵੱਲੋਂ ਮੁੜ ਇੱਕ ਦਿਨ ਲਈ ਸੜਕੀ ਆਵਾਜਾਈ ਜਾਮ ਕਰਨ ਦਾ ਐਕਸ਼ਨ ਕੀਤਾ ਗਿਆ ਸੀ। ਹੰਢਿਆਇਆ(ਬਰਨਾਲਾ), ਘਾਬਦਾਂ (ਸੰਗਰੂਰ), ਸੁਨਾਮ (ਸੰਗਰੂਰ) ਤੇ ਬਠਿੰਡਾ ’ਚ ਬਹੁਕੌਮੀ ਤੇ ਵੱਡੇ ਸਰਮਾਏਦਾਰ ਘਰਾਣਿਆਂ ਦੀਆਂ ਦੁਕਾਨਾਂ ਤੇ ਸ਼ਾਪਿੰਗ ਮਾਲਾਂ ਦਾ ਘਿਰਾਓ ਕੀਤਾ ਗਿਆ। ਏਸੇ ਦੌਰਾਨ 32 ਕਿਸਾਨ ਜਥੇਬੰਦੀਆਂ ਦੇ ਡੀ.ਸੀ. ਦਫਤਰਾਂ ਦੇ ਘਿਰਾਓ ਦੇ ਐਕਸ਼ਨ ਦੌਰਾਨ 29 ਅਕਤੂਬਰ ਨੂੰ ਤਾਲਮੇਲਵੇਂ ਐਕਸ਼ਨ ਵਜੋਂ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਮੋਦੀ ਸਰਕਾਰ ਅਤੇ ਸੰਸਾਰ ਵਪਾਰ ਸੰਸਥਾ ਦੇ ਵੱਡ-ਅਕਾਰੀ ਪੁਤਲੇ ਫੂਕੇ ਗਏ ਜਿੱਥੇ ਵਿਸ਼ਾਲ ਜਨਤਕ ਇਕੱਠ ਹੋਏ। ਇਹਨਾਂ ਇਕੱਠਾਂ ਵੱਲੋਂ ਸ਼ਹਿਰਾਂ ’ਚ ਵਿਸ਼ਾਲ ਮੁਜਾਹਰੇ ਕੀਤੇ ਗਏ। ਇਹ ਐਕਸ਼ਨ 14 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ’ਤੇ ਹੋਇਆ। ਇਹ ਤਾਲਮੇਲਵੇਂ ਐਕਸ਼ਨ ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰਨ ਵਾਲੇ ਧਰਨਿਆਂ ਅਤੇ ਭਾਜਪਾ ਤੇ ਆਪ ਦੇ ਮੰਤਰੀਆਂ/ਵਿਧਾਇਕਾਂ ਤੇ ਆਗੂਆਂ ਦੇ ਘਰਾਂ ਅੱਗੇ ਚੱਲਣ ਵਾਲੇ ਲਗਾਤਾਰ ਧਰਨਿਆਂ ਦੇ ਨਾਲ-ਨਾਲ ਕੀਤੇ ਜਾਂਦੇ ਰਹੇ ਹਨ। ਅਜਿਹੀ ਵਿਸ਼ਾਲ ਜਨਤਕ ਲਾਮਬੰਦੀ ’ਚ ਜਿੱਥੇ ਮੁੱਦੇ ਦੀ ਚੋਭ ਦੀ ਭੂਮਿਕਾ ਬਣੀ ਹੈ ਉਥੇ ਇਸ ਵਿੱਚ ਵਢਾਈ ਦੇ ਕੰਮ ਦੇ ਜ਼ੋਰਦਾਰ ਰੁਝੇਵਿਆਂ ਦਰਮਿਆਨ ਕਾਰਕੁੰਨਾਂ ਦੀ ਬੇਹੱਦ ਸਖ਼ਤ ਮਿਹਨਤ ਦਾ ਵੀ ਰੋਲ ਹੈ। ਦੋਹੇਂ ਹਕੂਮਤਾਂ ਨੂੰ ਨਿਸ਼ਾਨੇ ’ਤੇ ਰੱਖਦਿਆਂ, ਹੋਰਨਾਂ ਜਥੇਬੰਦੀਆਂ ਨਾਲ ਸੰਘਰਸ਼ ਸਾਂਝ ਦਾ ਪ੍ਰਗਟਾਵਾ ਕਰਦਿਆਂ, ਘੋਲ ਐਕਸ਼ਨਾਂ ਦਾ ਦਬਾਅ ਲਗਾਤਾਰ ਬਣਾਇਆ ਜਾਂਦਾ ਰਿਹਾ। ਬੀ.ਕੇ.ਯੂ. (ਏਕਤਾ) ਉਗਰਾਹਾਂ ਦੇ ਘੁਲਾਟੀਆਂ ਨੇ ਦਿਨ ਰਾਤ ਇੱਕ ਕਰਕੇ ਰੱਖਿਆ ਹੋਇਆ ਹੈ। ਸੂਬੇ ਭਰ ਅੰਦਰ 26 ਟੋਲ ਪਲਾਜ਼ੇ ਮਹੀਨੇ ਭਰ ਤੋਂ ਪਰਚੀ ਮੁਕਤ ਕੀਤੇ ਹੋਏ ਹਨ, 20 ਦਿਨਾਂ ਦੇ ਲਗਭਗ ਪੰਜਾਬ ਸਰਕਾਰ ਦੇ 19 ਵਿਧਾਇਕਾਂ ਤੇ ਪੰਜ ਮੰਤਰੀਆਂ ਅਤੇ ਬੀ.ਜੇ.ਪੀ. ਦੇ ਦੋ ਆਗੂਆਂ ਅਮਰਿੰਦਰ ਸਿੰਘ ਤੇ ਅਰਵਿੰਦ ਖੰਨਾ ਦੇ ਘਰਾਂ ਅੱਗੇ ਧਰਨਾ ਜਾਰੀ ਰਹੇ ਹਨ। ਕਿਸਾਨਾਂ ਦੀ ਦੀਵਾਲੀ ਇਹਨਾਂ ਧਰਨਿਆਂ ’ਚ ਹੀ ਲੰਘੀ ਹੈ। 4 ਨਵੰਬਰ ਨੂੰ ਸ਼ਕਲ ਬਦਲੀ ਕਰਦਿਆਂ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੋਂ ਧਰਨੇ ਤਬਦੀਲ ਕਰਕੇ ਜ਼ਿਮਨੀ ਚੋਣ ਵਾਲੇ ਚਾਰ ਹਲਕਿਆਂ ’ਚ ਭਾਜਪਾ ਤੇ ਆਪ ਉਮੀਦਵਾਰਾਂ ਦੇ ਘਰਾਂ/ਦਫਤਰਾਂ ਅੱਗੇ ਕਰ ਦਿੱਤੇ ਗਏ ਹਨ ਜਦਕਿ ਟੋਲ ਪਲਾਜ਼ਿਆਂ ਵਾਲੇ ਉਸੇ ਤਰ੍ਹਾਂ ਜਾਰੀ ਰੱਖੇ ਗਏ ਹਨ। ਇਸਦੇ ਨਾਲ-ਨਾਲ ਮੰਡੀਆਂ ਅੰਦਰ ਖ੍ਰੀਦ ਕਰਵਾਉਣ ਦਾ ਅਮਲ ਤੇਜ਼ ਕਰਨ ਲਈ ਕੇਂਦਰਿਤ ਐਕਸ਼ਨ ਕੀਤੇ ਜਾ ਰਹੇ ਹਨ। ਬਠਿੰਡੇ ’ਚ ਸਕੱਤਰੇਤ ਦਾ ਘਿਰਾਓ ਕਰਕੇ ਅਧਿਕਾਰੀਆਂ ਨੂੰ ਜ਼ਿਲੇ ਦੀਆਂ ਮੰਡੀਆਂ ’ਚ ਜਾਣ ਲਈ ਮਜ਼ਬੂਰ ਕੀਤਾ ਗਿਆ ਹੈ। ਇਹ ਘਿਰਾਓ ਐਕਸ਼ਨ ’ਚ 12000 ਦੇ ਲਗਭਗ ਕਿਸਾਨ ਮਰਦਾਂ ਔਰਤਾਂ ਦੀ ਸ਼ਮੂਲੀਅਤ ਹੋਈ ਹੈ ਤੇ ਸ਼ਾਮਲ ਲੋਕਾਂ ਦਾ ਬਹੁਤ ਤਿੱਖਾ ਸੰਘਰਸ਼ ਰੌਂਅ ਪ੍ਰਗਟ ਹੋਇਆ ਹੈ। ਇਹ ਘਿਰਾਓ ਸ਼ਾਮ ਦੇ 7.30 ਵਜੇ ਤੱਕ ਚੱਲਿਆ। ਫਿਰ ਇਉਂ ਹੀ ਬਰਨਾਲੇ ’ਚ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤਾ ਗਿਆ ਹੈ ਅਤੇ ਖਰੀਦ ਅਮਲ ਤੇਜ਼ ਕਰਨ ਲਈ ਦਬਾਅ ਬਣਾਇਆ ਗਿਆ ਹੈ। ਪਹਿਲਾਂ ਨਥਾਣੇ ’ਚ ਖਰੀਦ ਅਫ਼ਸਰ ਦਾ ਘਿਰਾਓ ਕਰਕੇ ਬੋਲੀ ਲਗਵਾਈ ਗਈ ਹੈ। ਇਸ ਘਿਰਾਓ ਦੇ ਸਿੱਟੇ ਵਜੋਂ ਅਗਲੇ ਦਿਨ 40 ਹਜ਼ਾਰ ਬੋਰੀ ਦੀ ਬੋਲੀ ਲੱਗੀ ਹੈ। ਇਉਂ ਹੀ ਰਾਏ ਕੇ ਕਲਾਂ (ਬਠਿੰਡਾ) ’ਚ ਹੋਇਆ ਹੈ ਜਿੱਥੇ ਘਿਰਾਓ ਕਰ ਰਹੇ ਕਿਸਾਨਾਂ ’ਤੇ ਹਕਮੂਤ ਨੇ ਲਾਠੀਚਾਰਜ ਕੀਤਾ ਹੈ ਪਰ ਅਗਲੇ ਦਿਨ ਹੋਏ ਜ਼ੋਰਦਾਰ ਰੋਸ ਐਕਸ਼ਨ ਦੇ ਦਬਾਅ ਹੇਠ ਝੋਨੇ ਦੀ ਬੋਲੀ ਦਾ ਅਮਲ ਤੋਰਨਾ ਪਿਆ ਹੈ। ਜਥੇਬੰਦੀ ਦੇ ਕਾਰਕੁੰਨ ਸੂਬੇ ਭਰ ਦੀਆਂ ਮੰਡੀਆਂ ’ਚ ਲਗਾਤਾਰ ਸਰਗਰਮ ਦਖਲਅੰਦਾਜ਼ੀ ਕਰ ਰਹੇ ਹਨ ਅਤੇ ਖਰੀਦ ਤੇ ਚੁਕਾਈ ਦੀ ਤੋਰ ਨੂੰ ਲਗਾਤਾਰ ਸੰਘਰਸ਼ ਦਬਾਅ ਦਾ ਧੱਕਾ ਲਾਇਆ ਜਾ ਰਿਹਾ ਹੈ।
ਬੀ.ਕੇ.ਯੂ.ਏਕਤਾ (ਉਗਰਾਹਾਂ) ਦੀ ਇਸ ਜ਼ੋਰਦਾਰ ਸੰਘਰਸ਼ ਸਰਗਰਮੀ ਦੌਰਾਨ ਹੀ ਸ਼੍ਰੀ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠਲੇ ਫੋਰਮ ਵੱਲੋਂ 26 ਤੇ 27 ਤਰੀਕ ਨੂੰ ਪੰਜਾਬ ’ਚ ਕਈ ਥਾਵਾਂ ’ਤੇ ਸੜਕਾਂ ਰੋਕੀਆਂ ਗਈਆਂ ਸਨ ਜਿਹੜੀਆਂ ਦੋ ਦਿਨ ਮਗਰੋਂ ਸਰਕਾਰ ਦੇ ਭਰੋਸੇ ਬਾਅਦ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਆਗੂਆਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੀਆਂ ਮੰਗਾਂ ਪ੍ਰਵਾਨ ਹੋ ਗਈਆਂ ਹਨ। ਇਹਨਾਂ ’ਚੋਂ ਹੁਣ ਤਿੰਨ ਥਾਵਾਂ ’ਤੇ ਸੜਕ ਦੇ ਪਾਸੇ ’ਤੇ ਸੰਕੇਤਕ ਧਰਨੇ ਚੱਲ ਰਹੇ ਹਨ ਜਿੰਨ੍ਹਾਂ ’ਚ ਹਾਜ਼ਰੀ ਵਜੋਂ ਕਿਸਾਨ ਕਾਰਕੁੰਨ ਮੌਜੂਦ ਹਨ। ਸ੍ਰੀ ਡੱਲੇਵਾਲ ਦੇ ਫੋਰਮ ਵੱਲੋਂ ਕਿਸੇ ਤਰ੍ਹਾਂ ਦੇ ਜਨਤਕ ਐਕਸ਼ਨਾਂ ਦੀ ਕੋਈ ਜਾਣਕਾਰੀ ਹਾਸਿਲ ਨਹੀਂ ਹੋ ਸਕੀ ਹੈ। ਉਹਨਾਂ ਵੱਲੋਂ ਮੰਡੀਆਂ ’ਚ ਖੜ੍ਹਕੇ ਖਰੀਦ ਦੇ ਮਸਲੇ ’ਤੇ ਸਰਕਾਰ ਨੂੰ ਫਿਟਕਾਰਾਂ ਪਾਉਣ ਦੀਆਂ ਵੀਡਿਓ ਜਾਰੀ ਹੋਈਆਂ ਹਨ ਤੇ ਸੋਸ਼ਲ ਮੀਡੀਆ ’ਤੇ ਇਸ ਮਸਲੇ ਨੂੰ ਜ਼ੋਰ ਨਾਲ ਉਭਾਰਿਆ ਪ੍ਰਚਾਰਿਆ ਹੈ। ਇਸ ਤੋਂ ਇਲਾਵਾ ਸਥਾਨਕ ਪੱਧਰਾਂ ’ਤੇ ਕਈ ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਗਟਾਵੇ ਕੀਤੇ ਹਨ ਤੇ ਮੰਡੀਆਂ ’ਚ ਹਰਕਤਸ਼ੀਲਤਾ ਰਹੀ ਹੈ।
ਝੋਨੇ ਦੀ ਖਰੀਦ ਦੇ ਮੁੱਦੇ ’ਤੇ ਹੋਈ ਸਮੁੱਚੀ ਸੰਘਰਸ਼ ਸਰਗਰਮੀ ’ਚ ਨਾ ਸਿਰਫ਼ ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਕੀਤੀ ਜਾ ਰਹੀ ਜਨਤਕ ਲਾਮਬੰਦੀ ਦਾ ਪੱਧਰ, ਐਕਸ਼ਨਾਂ ਦੀ ਲਗਾਤਾਰਤਾ ਤੇ ਤਿੱਖ ਹੀ ਲਾ-ਮਿਸਾਲ ਹੈ ਸਗੋਂ ਇਸ ਸਮੁੱਚੇ ਸੰਘਰਸ਼ ਦੌਰਾਨ ਆਪਣਾਈ ਗਈ ਪਹੁੰਚ ਤੇ ਮੁੱਦਿਆਂ ਨੂੰ ਉਭਾਰਨ ਦਾ ਚੌਖਟਾ ਵੀ ਮਿਸਾਲੀ ਹੈ। ਇਸ ਵੱਲੋਂ ਲੜੇ ਜਾ ਰਹੇ ਸਮੁੱਚੇ ਘੋਲ ਦਾ ਆਕਾਰ-ਪਸਾਰ ਤੇ ਗਹਿਰਾਈ ਕਿਸਾਨੀ ਅੰਦਰ ਇਸਦੀਆਂ ਡੂੰਘੀਆਂ ਜੜ੍ਹਾਂ ਤੇ ਜਨਤਕ ਲੀਹ ਨੂੰ ਸਫ਼ਲਤਾ ਨਾਲ ਲਾਗੂ ਕਰਨ ਦੀ ਸਮਰੱਥਾ ਦਾ ਇਜ਼ਹਾਰ ਬਣ ਰਿਹਾ ਹੈ।
ਇਸ ਜਥੇਬੰਦੀ ਵੱਲੋਂ ਝੋਨਾ ਵਿਕਾਉਣ ਲਈ ਲੜਿਆ ਜਾ ਰਿਹਾ ਏਹ ਘੋਲ ਮੁੱਦੇ ਪ੍ਰਤੀ ਗੰਭੀਰ ਸਮਝ ’ਚੋਂ ਉਪਜਿਆ ਹੈ। ਇਸ ਜਥੇਬੰਦੀ ਦੀ ਲੀਡਰਸ਼ਿਪ ਵੱਲੋਂ ਝੋਨੇ ਦੀ ਖਰੀਦ ਦੀ ਸਮੱਸਿਆ ਨੂੰ ਸਿਰਫ਼ ਸਰਕਾਰੀ ਲਾ-ਪ੍ਰਵਾਹੀ ਜਾਂ ਅਧਿਕਾਰੀਆਂ ਦੀ ਨਲਾਇਕੀ ਤੱਕ ਸੁੰਗੇੜ ਕੇ ਨਹੀਂ ਦੇਖਿਆ ਗਿਆ ਹੈ ਜਿਵੇਂ ਕਿ ਕਿਸਾਨ ਆਗੂਆਂ ਦੇ ਕੁੱਝ ਹਿੱਸਿਆਂ ਦੇ ਬਿਆਨਾਂ ’ਚੋਂ ਮਸਲੇ ਨੂੰ ਇਉਂ ਸੀਮਤ ਕਰਕੇ ਦੇਖਣ ਦਾ ਪ੍ਰਭਾਵ ਉਘੜਿਆ ਹੈ। ਉਗਰਾਹਾਂ ਜਥੇਬੰਦੀ ਨੇ ਇਸਨੂੰ ਸਰਕਾਰੀ ਖਰੀਦ ਤੋਂ ਭੱਜਣ ਦੇ ਹਕੂਮਤੀ ਮਨਸੂਬਿਆਂ ਦੇ ਅੰਗ ਵਜੋਂ ਲਿਆ ਹੈ ਅਤੇ ਵਾਪਸ ਕਰਵਾਏ ਗਏ ਖੇਤੀ ਕਾਨੂੰਨਾਂ ਦੀ ਨੀਤੀ ਧੁੱਸ ਨਾਲ ਜੋੜ ਕੇ ਦੇਖਿਆ ਹੈ ਜਿਹੜੀ ਨੀਤੀ ਅਜੇ ਵੀ ਕਾਇਮ ਹੈ ਤੇ ਜਿਸਨੂੰ ਲਾਗੂ ਕਰਨ ਲਈ ਸਰਕਾਰ ਲਗਾਤਾਰ ਪਰ ਤੋਲ ਰਹੀ ਹੈ। ਇਸ ਸਮਝ ’ਚੋਂ ਹੀ ਸਧਾਰਨ ਵਫ਼ਦ ਮਿਲਣੀਆਂ ਜਾਂ ਸੰਕੇਤਕ ਧਰਨਿਆਂ ਦੀਆਂ ਰਸਮੀ ਸ਼ਕਲਾਂ ਦੀ ਥਾਂ ’ਤੇ ਅਜਿਹੀ ਵਿਸ਼ਾਲ ਜਨਤਕ ਲਾਮਬੰਦੀ ਅਤੇ ਸੰਘਰਸ਼ ਐਕਸ਼ਨਾਂ ਦੀ ਲਗਾਤਾਰ ਦਾਬ ਦੀ ਜ਼ਰੂਰਤ ਨਿਕਲੀ ਹੈ। ਇਉਂ ਹੀ ਸਰਕਾਰੀ ਖਰੀਦ ਤੋਂ ਭੱਜਣ ਦੀ ਹਕੂਮਤੀ ਨੀਤੀ ਪਿਛਲੇ ਸਾਮਰਾਜੀ ਬਹੁ-ਕੌਮੀ ਕੰਪਨੀਆਂ ਤੇ ਵੱਡੇ ਸਰਮਾਏਦਾਰਾਂ ਦੇ ਖੇਤੀ ਮੰਡੀ ’ਤੇ ਕਬਜ਼ੇ ਦੇ ਮੰਤਵਾਂ ਨੂੰ ਪਹਿਚਾਣਦਿਆਂ ਇਹਨਾਂ ਜਮਾਤੀ ਦੁਸ਼ਮਣਾਂ ਨੂੰ ਨਿਸ਼ਾਨੇ ’ਤੇ ਲਿਆਉਣ ਲਈ ਐਕਸ਼ਨਾਂ ਦੀ ਧਾਰ ਇਹਨਾਂ ਵੱਲ ਸੇਧਤ ਕੀਤੀ ਗਈ ਹੈ। ਇਸ ਲਈ ਹੀ ਟੋਲ ਪਲਾਜ਼ਿਆਂ ਤੇ ਸ਼ਾਪਿੰਗ ਮਾਲਾਂ ਨੂੰ ਚੋਣਵੇਂ ਨਿਸ਼ਾਨੇ ’ਤੇ ਰੱਖਿਆ ਗਿਆ ਹੈ। ਇਹਨਾਂ ਲੁਟੇਰੀਆਂ ਬਹੁ-ਕੌਮੀ ਕੰਪਨੀਆਂ ਤੇ ਇਹਨਾਂ ਦੇ ਸੇਵਾਦਾਰਾਂ ਵਜੋਂ ਹਕੂਮਤੀ ਨਮਾਇੰਦਿਆਂ ਦੀ ਸਾਂਝ ਨੂੰ ਨਸ਼ਰ ਕੀਤਾ ਗਿਆ ਹੈ। ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰਦੀਆਂ ਸੜਕਾਂ ਜਾਮ ਵਰਗੀਆਂ ਸ਼ਕਲਾਂ ਤੋ ਪ੍ਰਹੇਜ਼ ਕੀਤਾ ਗਿਆ ਹੈ ਤੇ ਕਿਸਾਨ ਰੋਹ ਦਾ ਸੇਕ ਖਰੀਦ ਸੰਕਟ ਲਈ ਜਿੰਮੇਵਾਰ ਸਿੱਧੇ ਤੌਰ ’ਤੇ ਜਮਾਤੀ ਦੁਸ਼ਮਣਾਂ ਤੇ ਉਹਨਾਂ ਦੇ ਸਿਆਸੀ ਨੁਮਾਇੰਦਿਆਂ ਨੂੰ ਲਾਏ ਜਾਣਾ ਯਕੀਨੀ ਕਰਦਿਆਂ ਘੋਲ ਸ਼ਕਲਾਂ ਅਪਣਾਉਣ ਦੀ ਗੰਭੀਰ ਕੋਸ਼ਿਸ ਕੀਤੀ ਗਈ ਹੈ। ਕੰਪਨੀਆਂ ਦੇ ਲੁੱਟ ਦੇ ਕੇਂਦਰ ਵਜੋਂ ਟੋਲ ਪਲਾਜ਼ਿਆਂ ਤੇ ਮਾਲਾਂ ਨੂੰ ਜਾਮ ਕਰਨਾ ਲੋਕਾਂ ਲਈ ਵਕਤੀ ਰਾਹਤ ਦਾ ਸਬੱਬ ਵੀ ਬਣਦਾ ਹੈ। ਮਾਲਾਂ ਦੇ ਘਿਰਾਓ ਐਕਸ਼ਨਾਂ ਵੇਲੇ ਸ਼ਹਿਰਾਂ ਦੇ ਛੋਟੇ ਦੁਕਾਨਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਹੋਣ ਦਾ ਯਤਨ ਕੀਤਾ ਗਿਆ ਹੈ ਤੇ ਇਹਨਾਂ ਦੁਕਾਨਾਂ ਨੂੰ ਨਿਗਲ ਜਾਣ ਵਾਲੇ ਦੈਤਾਂ ਵਜੋਂ ਕੰਪਨੀਆਂ ਤੇ ਸਧਾਰਨ ਦੁਕਾਨਦਾਰਾਂ ਦੇ ਦੁਸ਼ਮਣਾਨਾ ਰਿਸ਼ਤੇ ਨੂੰ ਦਰਸਾਉਣ ਦੇ ਯਤਨ ਕੀਤੇ ਗਏ ਹਨ। ਕਿਸਾਨ ਸੰਘਰਸ਼ ਵੇਲੇ ਵੀ ਇਹਨਾਂ ਸ਼ਕਲਾਂ ਨੇ ਸੰਘਰਸ਼ ਦੀ ਸਾਮਰਾਜ ਵਿਰੋਧੀ ਧਾਰ ਨੂੰ ਤਿੱਖੇ ਕਰਨ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ ਤੇ ਲੋਕਾਂ ਨੂੰ ਅਸਲ ਜਮਾਤੀ ਦੁਸ਼ਮਣ ਟਿੱਕ ਕੇ ਦਿਖਾਏ ਗਏ ਸਨ ਤੇ ਲੋਕ ਰੋਹ ਦੇ ਸੇਕ ਦੀ ਮਾਰ ’ਚ ਲਿਆਂਦੇ ਗਏ ਹਨ। ਹੁਣ ਫਿਰ ਇਸ ਤਰ੍ਹਾਂ ਦੇ ਐਕਸ਼ਨਾਂ ਨੇ ਕੰਪਨੀਆਂ ਨੂੰ ਸੇਕ ਲਗਾਉਣ ਵਾਲੀਆਂ ਸ਼ਕਲਾਂ ਵਜੋਂ ਮਕਬੂਲੀਅਤ ’ਚ ਵਾਧਾ ਕੀਤਾ ਹੈ। ਇਹਨਾਂ ਘੋਲ ਸ਼ਕਲਾਂ ’ਚੋਂ ਕਿਸਾਨ ਜਥੇਬੰਦੀ ਦੀ ਸਾਂਝਾ ਮੋਰਚਾ ਪਹੁੰਚ ਵੀ ਜ਼ਾਹਰ ਹੋਈ ਹੈ। ਖਾਸ ਕਰਕੇ ਸ਼ਹਿਰੀ ਦੁਕਾਨਦਾਰਾਂ ਨੂੰ ਸਾਮਰਾਜੀ ਕੰਪਨੀਆਂ ਦੇ ਪ੍ਰਚੂਨ ਖੇਤਰ ’ਚ ਦਾਖ਼ਲੇ ਬਾਰੇ ਸੁਚੇਤ ਕਰਕੇ, ਸਾਂਝੇ ਸੰਘਰਸ਼ਾਂ ਦੀ ਲੋੜ ਉਭਾਰੀ ਗਈ ਹੈ। ਉਹਨਾਂ ਘੋਲ ਸ਼ਕਲਾਂ ਤੋਂ ਪ੍ਰਹੇਜ਼ ਕਰਿਆ ਗਿਆ ਹੈ ਜਿਹੜੀਆਂ ਸਮਾਜ ਦੇ ਹੋਰਨਾਂ ਮਿਹਨਤਕਸ਼ ਵਰਗਾਂ ਨਾਲ ਕਿਸਾਨੀ ਦੀ ਵਿੱਥ ਵਧਾਉਣ ’ਚ ਹਕੂਮਤੀ ਪਿਛਾਖੜੀ ਪ੍ਰਚਾਰ ਦਾ ਸਾਧਨ ਬਣ ਸਕਦੀਆਂ ਹਨ।
ਬੀ.ਕੇ.ਯੂ. ਏਕਤਾ (ਉਗਰਾਹਾਂ) ਦੀ ਅਗਵਾਈ ’ਚ ਜਥੇਬੰਦ ਕਿਸਾਨ ਤਾਕਤ ਵੱਲੋਂ ਮੰਡੀਆਂ ’ਚ ਸਰਗਰਮ ਪੈਰਵਾਈ ਰਾਹੀਂ, ਜ਼ਿਲ੍ਹਿਆਂ ’ਚ ਅਧਿਕਾਰੀਆਂ ’ਤੇ ਦਬਾਅ ਬਣਾਉਣ ਰਾਹੀਂ ਤੇ ਹੋਰਨਾਂ ਸੰਭਵ ਸ਼ਕਲਾਂ ਰਾਹੀਂ ਝੋਨਾ ਖਰੀਦਣ ਲਈ ਸਰਕਾਰ ਨੂੰ ਘੇਰਨ ਦੀ ਸਰਗਰਮੀ ਸਧਾਰਨ ਲਾਮਬੰਦੀ ਦੀ ਕਾਰਵਾਈ ਨਹੀਂ ਹੈ। ਲਗਾਤਾਰ ਮਹੀਨੇ ਭਰ ਤੋਂ ਹਰ ਪੱਖ ਤੋਂ ਮੁੱਦਿਆਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਇਹ ਐਕਸ਼ਨਾਂ ਦੀ ਲਗਾਤਾਰਤਾ ਤੇ ਸਰਗਰਮ ਪੈਰਵਾਈ ਝੋਨੇ ਦੀ ਖਰੀਦ ਸੰਕਟ ਨੂੰ ਲੈ ਕੇ ਕਿਸਾਨੀ ਅੰਦਰ ਪੈਦਾ ਹੋਏ ਫਿਕਰਾਂ ਨੂੰ ਦਿੱਤਾ ਗਿਆ ਢੁੱਕਵਾਂ ਹੁੰਗਾਰਾ ਹੈ ਤੇ ਕਿਸਾਨੀ ਦੀ ਮੋਹਰੀ ਜਥੇਬੰਦ ਸ਼ਕਤੀ ਵਜੋਂ ਅਦਾ ਕੀਤੀ ਗਈ ਜਿੰਮੇਵਾਰ ਭੂਮਿਕਾ ਹੈ। ਮੰਡੀਆਂ ’ਚ ਸਰਕਾਰ ਨੂੰ ਜਥੇਬੰਦ ਕਿਸਾਨ ਤਾਕਤ ਦੀ ਮੌਜਦੂਗੀ ਨੇ ਲਗਾਤਾਰ ਘੇਰ ਕੇ ਰੱਖਿਆ ਹੋਇਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਆਨਾਕਾਨੀ ਕਰਨ ਦੀ ਗੁੰਜਾਇਸ਼ ਨਹੀਂ ਦਿੱਤੀ ਜਾ ਰਹੀ ਹੈ। ਇੱਕ ਪਾਸੇ ਟੋਲ ਪਲਾਜ਼ਿਆਂ ਦੇ ਐਕਸ਼ਨ ਦੀ ਦਾਬ ਤੇ ਨਾਲ ਹੀ ਹੇਠਲੇ ਪੱਧਰ ’ਤੇ ਮੰਡੀਆਂ ’ਚ ਸਰਗਰਮ ਪੈਰਵਾਈ ਨੇ ਘੋਲ ਦੀ ਚੜ੍ਹਤ ਲਗਾਤਾਰ ਕਾਇਮ ਰੱਖੀ ਹੈ ਤੇ ਵਿਕਾਇਆ-ਚੁਕਾਇਆ ਜਾ ਰਿਹਾ ਝੋਨਾ ਸੰਘਰਸ਼ ਦੀ ਨਾਲੋ-ਨਾਲ ਹੋ ਰਹੀ ਪ੍ਰਾਪਤੀ ਹੈ। ਇਸ ਪ੍ਰਾਪਤੀ ਦੇ ਅਰਥ ਝੋਨਾ ਵਿਕਾਉਣ ਦੀ ਦਿਖਦੀ ਪ੍ਰਾਪਤੀ ਤੋਂ ਵੀ ਵੱਡੇ ਹਨ। ਏਸੇ ਤਜਰਬੇ ਨੇ, ਚੇਤਨਾ ਨੇ, ਰੜ੍ਹ ਪੱਕ ਰਹੇ ਇਰਾਦਿਆਂ ਨੇ ਤੇ ਸਾਣ ’ਤੇ ਲੱਗ ਰਹੀ ਜਮਾਤੀ ਸੂਝ ਨੇ ਅਗਲੀਆਂ ਕਠਿਨ ਜਦੋਜਹਿਦਾਂ ਲਈ ਤਿਆਰੀ ਬਣਨਾ ਹੈ ਅਤੇ ਐਮ.ਐਸ.ਪੀ. ਦੇ ਹੱਕ ਦੀ ਜਦੋਜਹਿਦ ਦੇ ਅਗਲੇ ਦੌਰ ਦਾ ਅਧਾਰ ਬਣਨਾ ਹੈ।
(12 ਨਵੰਬਰ, 2024)
---0---
ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਗਿੱਦੜਬਾਹਾ ਤੇ ਬਰਨਾਲਾ ’ਚ ਮਾਰਚ 16 ਨੂੰ -ਬੀਜੇਪੀ ਤੇ ਆਪ ਦੀਆਂ ਨੀਤੀਆਂ ਖ਼ਿਲਾਫ਼ ਜਾਗਰੂਕ ਕਰਨ ਲਈ ਵੰਡੇ ਜਾਣਗੇ ਪਰਚੇ - ਬੀ ਜੇ ਪੀ ਨੂੰ ਦੇਸ਼ ਭਗਤੀ ਦੇ ਹੋਕਰਿਆਂ ਤੇ ਆਪ ਨੂੰ ਬਦਲਾਅ ਦੇ ਮੁੱਦੇ ਤੇ ਘੇਰਨਗੇ ਕਿਸਾਨ ਮਜ਼ਦੂਰ
ਬਠਿੰਡਾ 14 ਨਵੰਬਰ -- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ’ਚ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਬਰਨਾਲਾ ਤੇ ਗਿੱਦੜਬਾਹਾ ਸ਼ਹਿਰਾਂ ਵਿੱਚ 16 ਨਵੰਬਰ ਨੂੰ ਵਿਸ਼ਾਲ ਝੰਡਾ ਮਾਰਚ ਕਰਕੇ ਲੋਕਾਂ ਨੂੰ ਚੋਣ ਮੈਦਾਨ ’ਚ ਉਤਰੀਆਂ ਸਭਨਾਂ ਪਾਰਟੀਆਂ ਤੋਂ ਝਾਕ ਮੁਕਾ ਕੇ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਹ ਐਲਾਨ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ- ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਇਹਨਾਂ ਮਾਰਚਾਂ ਦੌਰਾਨ ਇੱਕ ਹੱਥ ਪਰਚਾ ਵੱਡੀ ਪੱਧਰ ’ਤੇ ਵੰਡ ਕੇ ਬੀ ਜੇ ਪੀ ਤੇ ਆਪ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ’ਤੇ ਪੈ ਰਹੇ ਤਬਾਹਕੁੰਨ ਅਸਰਾਂ ਨੂੰ ਠੋਸ ਰੂਪ ਵਿੱਚ ਤੱਥਾਂ ਸਾਹਿਤ ਉਜਾਗਰ ਕੀਤਾ ਜਾਵੇਗਾ ਅਤੇ ਵੋਟਾਂ ਮੰਗਣ ਆਉਂਦੇ ਬੀਜੇਪੀ ਤੇ ਆਪ ਦੇ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਉਭਾਰਿਆ ਜਾਵੇਗਾ।
ਉਹਨਾਂ ਆਖਿਆ ਕਿ ਬੀਜੇਪੀ ਤੇ ਆਪ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਬਦੌਲਤ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਛੋਟੇ ਵਾਪਰੀਆਂ ਤੇ ਹੋਰ ਕਾਰੋਬਾਰੀਆਂ ਦਾ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਆਦਿ ਪੱਖਾਂ ਤੋਂ ਘਾਣ ਹੋਇਆ ਹੈ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਹੋਏ ਹਨ। ਉਹਨਾਂ ਆਖਿਆ ਕਿ ਇਹਨਾਂ ਨੀਤੀਆਂ ਤਹਿਤ ਹੀ ਇਸ ਵਾਰ ਕਿਸਾਨਾਂ ਦੀ ਧੀਆਂ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਰਵੇ ਕੀਤਾ ਜਾ ਰਿਹਾ ਹੈ, ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਹੋ ਰਿਹਾ ਹੈ, ਸ਼ਹਿਰੀ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋ ਰਹੇ ਹਨ ।
ਉਹਨਾਂ ਸਭਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 16 ਨਵੰਬਰ ਨੂੰ ਗਿੱਦੜਬਾਹਾ ਤੇ ਬਰਨਾਲਾ ਵਿਖੇ ਕੀਤੇ ਜਾ ਰਹੇ ਮਾਰਚਾਂ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ। (ਪ੍ਰੈਸ ਬਿਆਨ ’ਚੋਂ)
No comments:
Post a Comment