Monday, November 25, 2024

ਇਜ਼ਰਾਈਲ-ਫਲਸਤੀਨ ਜੰਗ ......... ਕੁਫ਼ਰ ਤੋਲ਼ਦਾ ਸਾਮਰਾਜੀ ਪ੍ਰਚਾਰ-ਤੰਤਰ

 ਇਜ਼ਰਾਈਲ-ਫਲਸਤੀਨ ਜੰਗ 
ਕੁਫ਼ਰ ਤੋਲ਼ਦਾ ਸਾਮਰਾਜੀ ਪ੍ਰਚਾਰ-ਤੰਤਰ 

ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਦਾਬੇ ਉਤੇ ਆਧਾਰਤ ਸਾਮਰਾਜੀ-ਸਰਮਾਏਦਾਰ ਪ੍ਰਬੰਧ ਦੇ ਸੇਵਾਦਾਰ ਵੱਡੇ ਕਾਰਪੋਰੇਟ ਮੀਡੀਆ ਵੱਲੋਂ ਇਜਰਾਈਲ-ਫਲਸਤੀਨ ਦੇ ਸਬੰਧ ’ਚ ਝੂਠ ਤੂਫਾਨ ਦੀ ਮੁਹਿੰਮ ਜੋਰਾਂ ’ਤੇ ਹੈ। ਇਸ ਵੱਲੋਂ ਪੱਖਪਾਤੀ ਤੇ ਮਨਮਾਨੇ ਢੰਗ ਨਾਲ ਸਚਾਈ ਨੂੰ ਤੋੜ-ਮਰੋੜ ਕੇ ਅਮਰੀਕੀ-ਇਜਰਾਈਲੀ ਜੁੰਡਲੀ ਦਾ ਪੱਖ ਪੂਰਿਆ ਜਾ ਰਿਹਾ ਹੈ। ਚੋਰ ਨੂੰ ਸਾਧ ਬਣਾ ਕੇ ਤੇ ਸਾਧ ਨੂੰ ਚੋਰ ਦੱਸ ਕੇ ਸਚਾਈ ਨੂੰ ਸਿਰਪਰਨੇ ਕਰਕੇ ਪਰੋਸਿਆ ਜਾ ਰਿਹਾ ਹੈ। ਜੁਲਮ ਤੇ ਦਾਬੇ ਦਾ ਸ਼ਿਕਾਰ ਫਲਸਤੀਨੀ ਕੌਮ ਅਤੇ ਕੌਮੀ ਮੁਕਤੀ ਯੋਧਿਆਂ ਦਾ ਅਕਸ ਵਿਗਾੜਿਆ ਅਤੇ ਉਹਨਾਂ ਪ੍ਰਤੀ ਤੁਅਸਬੀ ਜਹਿਰ ਭਰਿਆ ਜਾ ਰਿਹਾ ਹੈ। ਆਓ ਕੁਝ ਠੋਸ ਤੱਥਾਂ ਦੀ ਚਰਚਾ ਕਰੀਏ-

-ਸਾਮਰਾਜੀ ਪ੍ਰਚਾਰ ਤੰਤਰ ਦਾ ਕਹਿਣਾ ਹੈ ਕਿ ਫਲਸਤੀਨੀ ਘੁਲਾਟੀਏ ਤਾਂ ਖੂੰਖਾਰ ਦਹਿਸ਼ਤਗਰਦ ਹਨ ਜਿਹੜੇ ਇਜਰਾਈਲ ਦੇ ਅਮਨਪਸੰਦ ਅਤੇ ਬੇਗੁਨਾਹ ਲੋਕਾਂ ਉਤੇ ਹਮਲੇ ਕਰਦੇ ਹਨ। ਉਹਨਾਂ ਦੀ ਸੁਰੱਖਿਆ ਲਈ ਖਤਰਾ ਖੜ੍ਹਾ ਕਰਦੇ ਹਨ। 

ਹਕੀਕਤ ਇਹ ਹੈ ਕਿ ਫਲਸਤੀਨ ਫਲਸਤੀਨੀ ਕੌਮ ਦੀ ਮਾਤ-ਭੂਮੀ ਸੀ ਅਤੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਐਂਗਲੋ-ਅਮਰੀਕੀ ਸਾਮਰਾਜੀਆਂ ਨੇ ਯੂਰਪ ਚੋਂ ਉੱਜੜੇ ਯਹੂਦੀਆਂ ਨੂੰ ਫਲਸਤੀਨ ਦੀ ਧਰਤੀ ਉੱਤੇ ਜਬਰਨ ਵਸਾ ਦਿੱਤਾ। ਉਹਨਾਂ ਨੇ ਫਲਸਤੀਨ ਦੇ ਨਾਗਰਿਕ ਬਣ ਕੇ ਉਥੋਂ ਦੇ ਵਸ਼ਿੰਦਿਆਂ ਨਾਲ ਅਮਨ-ਚੈਨ ਨਾਲ ਰਹਿਣ ਦੀ ਥਾਂ ਯਹੂਦੀਆਂ ਲਈ ਵੱਖਰੇ ਇਜਰਾਈਲ ਦੇਸ਼ ਦਾ ਐਲਾਨ ਕਰ ਦਿੱਤਾ। ਯੂ ਐਨ ਓ ਨੇ ਉਹਨਾਂ ਨੂੰ ਇਜਰਾਈਲ ਦੀ ਸਥਾਪਨਾ ਲਈ ਫਲਸਤੀਨ ਦਾ ਇੱਕ ਹਿੱਸਾ ਦੇ ਦਿੱਤਾ। ਦੇਸ਼ ਬਣਦਿਆਂ ਹੀ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਕਿ ਉੱਥੇ ਰਹਿੰਦੇ ਵੱਡੀ ਗਿਣਤੀ ਫਲਸਤੀਨੀਆਂ ਨੂੰ ਹਥਿਆਰਾਂ ਦੇ ਜੋਰ ਕਤਲ ਕਰ ਦਿੱਤਾ ਜਾਂ ਕੁੱਟ ਤੇ ਲੁੱਟ ਮਾਰ ਕਰਕੇ ਉਥੋਂ ਭਜਾ ਦਿੱਤਾ। ਫਿਰ ਉਹਨਾਂ ਨੇ ਸਾਮਰਾਜੀਆਂ ਦੀ ਸ਼ਹਿ ਅਤੇ ਮਦਦ ਨਾਲ ਫਲਸਤੀਨੀ ਖੇਤਰ ਉੱਤੇ ਹਮਲੇ ਕਰਕੇ 1967 ਦੀ ਜੰਗ ’ਚ ਉਹਨਾਂ ’ਤੇ ਕਬਜਾ ਕਰਕੇ ਉਹਨਾਂ ਖੇਤਰਾਂ ਨੂੰ ਦੱਬ ਲਿਆ ਤੇ ਇਜਰਾਈਲ ’ਚ ਮਿਲਾ ਲਿਆ। ਕਾਫੀ ਖੇਤਰਾਂ ’ਤੇ ਕਬਜਾ ਕਰਕੇ ਉਹਨਾਂ ਨੂੰ ਇਜਰਾਈਲੀ ਕਬਜੇ ਹੇਠ ਗੁਲਾਮ ਬਣਾ ਲਿਆ। ਫਲਸਤੀਨੀ ਭੂਮੀ ਨੂੰ ਹਥਿਆਉਣ ਦੀ ਇਹ ਖੇਡ ਅੱਜ ਵੀ ਜਾਰੀ ਹੈ। ਫਲਸਤੀਨੀ ਕੌਮਪ੍ਰਸਤ ਇਜਰਾਈਲੀ ਗਲਬੇ ਹੇਠਲੇ ਫਲਸਤੀਨੀ ਖੇਤਰਾਂ ਨੂੰ ਮੁਕਤ ਕਰਨ ਦੀ ਮੰਗ ਕਰ ਰਹੇ ਹਨ। 1967 ’ਚ ਹਥਿਆਏ ਫਲਸਤੀਨੀ ਇਲਾਕੇ ਵਾਪਸ ਚਾਹੁੰਦੇ ਹਨ। ਯੂ. ਐਨ. ਓ. ਵੀ ਇਜਰਾਈਲ ਨੂੰ ਇਹਨਾਂ ਅਣ-ਅਧਿਕਾਰਤ ਕਬਜੇ ਵਾਲੇ ਇਲਾਕਿਆਂ ਨੂੰ ਮੁਕਤ ਕਰਨ ਦੇ ਅਨੇਕ ਮਤੇ ਪਾਸ ਕਰ ਚੁੱਕਿਆ ਹੈ। ਪਰ ਇਜਰਾਈਲ ਧੌਂਸ ਅਤੇ ਤਾਕਤ ਨਾਲ ਇਹ ਇਲਾਕੇ ਹੜੱਪੀ ਰੱਖ ਰਿਹਾ ਹੈ। ਸਾਮਰਾਜੀ ਉਹਦੀ ਢਾਲ ਅਤੇ ਪਾਛੂ ਬਣੇ ਹੋਏ ਹਨ। 

ਹੁਣ ਭਲਾ ਤੁਸੀਂ ਹੀ ਦੱਸੋ ਕਿ ਦਹਿਸ਼ਤਗਰਦ ਕੌਣ ਹੈ? ਆਪਣੀ ਮਾਤ ਭੂਮੀ ਫਲਸਤੀਨ ਨੂੰ ਇਜਰਾਈਲ ਦੇ ਜਬਰਨ ਜੂਲੇ ਤੋਂ ਅਜ਼ਾਦ ਕਰਾਉਣ ਦੀ ਮੰਗ ਕਰਨ ਵਾਲੇ ਜਾਂ ਫਿਰ ਬੰਦੂਕ ਦੇ ਜੋਰ ਧੱਕੇ ਨਾਲ ਕਬਜਾ ਰੱਖਣ ਵਾਲੇ? 

ਇਉਂ ਹਕੀਕਤ ’ਚ ਦਹਿਸ਼ਤਗਰਦ ਇਜਰਾਈਲੀ ਹਨ। ਫਲਸਤੀਨੀ ਤਾਂ ਆਪਣੀ ਮਾਤ-ਭੂਮੀ ਦੀ ਆਜਾਦੀ ਲਈ ਜੂਝਣ ਵਾਲੇ ਦੇਸ਼-ਭਗਤ ਘੁਲਾਟੀਏ ਹਨ। ਸਾਮਰਾਜੀ ਮੀਡੀਆ ਇਸ ਸਚਾਈ ਨੂੰ ਸਿਰਪਰਨੇ ਕਰਕੇ ਵਰਤਾਅ ਰਿਹਾ ਹੈ। 

-ਅਖੇ ਇਹ ਜੰਗ ਤਾਂ ਇਸ ਕਰਕੇ ਹੋ ਰਹੀ ਹੈ ਕਿਉਂਕਿ 7 ਅਕਤੂਬਰ 2023 ਨੂੰ ਫਲਸਤੀਨੀ ਦਹਿਸ਼ਤਗਰਦਾਂ ਨੇ ਬਿਨਾਂ ਕਿਸੇ ਭੜਕਾਹਟ ਤੋਂ ਇਜਰਾਈਲੀ ਖੇਤਰ ’ਚ ਹਮਲਾ ਕਰ ਦਿੱਤਾ। ਹਮਲੇ ’ਚ 1200 ਇਜਰਾਈਲੀਆਂ ਨੂੰ ਮਾਰ ਦਿੱਤਾ। 250 ਨੂੰ ਬੰਦੀ ਬਣਾ ਕੇ ਅਗਵਾ ਕਰ ਲਿਆ। ਇਹ ਤਾਂ ਇਜਰਾਈਲ ਵੱਲੋਂ ਲੜੀ ਜਾ ਰਹੀ ਹੱਕੀ ਜੰਗ ਹੈ। ਇਸ ਦਾ ਮਕਸਦ ਅਗਵਾ ਹੋਏ ਨਾਗਰਿਕਾਂ ਨੂੰ ਰਿਹਾਅ ਕਰਵਾਉਣਾ ਹੈ, ਅਗਵਾਕਾਰੀਆਂ ਨੂੰ ਸਜਾ ਦੇਣਾ ਹੈ। 

ਸਾਮਰਾਜੀ ਮੀਡੀਆ 7 ਅਕਤੂਬਰ ਨੂੰ ਹਮਾਸ ਖਾੜਕੂਆਂ ਵੱਲੋਂ ਕੀਤੀ ਕਾਰਵਾਈ ਨੂੰ ਇਉਂ ਪੇਸ਼ ਕਰ ਰਿਹਾ ਹੈ ਜਿਵੇਂ ਸਭ ਕੁੱਝ ਸਿਰਫ 7 ਅਕਤੂਬਰ ਨੂੰ ਹੀ ਸ਼ੁਰੂ ਹੋਇਆ ਹੋਵੇ। ਜਿਵੇਂ ਇਸ ਘਟਨਾ ਦਾ ਕੋਈ ਅੱਗਾ ਪਿੱਛਾ ਹੀ ਨਾ ਹੋਵੇ। ਉਹ ਇਸ ਕਾਰਵਾਈ ਨੂੰ ਇਉਂ ਪੇਸ਼ ਕਰਦੇ ਹਨ ਜਿਵੇਂ ਫਲਸਤੀਨੀ ਜਥੇਬੰਦੀ ਹਮਾਸ ਦੇ ਖਾੜਕੂਆਂ ਨੇ ਬਿਨਾਂ ਕਿਸੇ ਭੜਕਾਹਟ ਜਾਂ ਕਾਰਨ ਤੋਂ ਚਾਣਚੱਕ ਹੀ ਅਮਨਪਸੰਦ ਤੇ ਨਿਰਦੋਸ਼ ਸ਼ਹਿਰੀਆਂ ਦਾ ਕਤਲੇਆਮ ਰਚਾ ਦਿੱਤਾ ਹੋਵੇ। ਉਹ ਸ਼ੈਤਾਨੀ ਨਾਲ ਇਸ ਗੱਲ ਨੂੰ ਲੁਕੋਂਦੇ ਹਨ ਕਿ ਇਸ ਕਾਰਵਾਈ ਪਿੱਛੇ ਫਲਸਤੀਨੀ ਲੋਕਾਂ ਦੇ ਕੀਤੇ ਕਤਲੇਆਮਾਂ, ਲੱਖਾਂ ਦੀ ਗਿਣਤੀ ’ਚ ਫਲਸਤੀਨੀਆਂ ਨੂੰ ਸ਼ਰਨਾਰਥੀ ਬਣਾ ਕੇ ਵਿਦੇਸ਼ਾਂ ’ਚ ਰੁਲਣ ਲਈ ਮਜਬੂਰ ਕਰਨ, ਯਹੂਦੀ ਕੱਟਪੰਥੀਆਂ ਅਤੇ ਇਜਰਾਈਲੀ ਹਥਿਆਰਬੰਦ ਸ਼ਕਤੀਆਂ ਦੀ ਦਹਿਸ਼ਤ, ਵਹਿਸ਼ਤ ਅਤੇ ਤਸੀਹਿਆਂ ਹੇਠ ਵਿਚਰਨ ਅਤੇ ਇਜਰਾਈਲੀ ਫੌਜ ਦੀ ਸਖਤ ਨਾਕਾਬੰਦੀ ਹੇਠ ਗਾਜਾ ਦੇ 23 ਲੱਖ ਫਲਸਤੀਨੀ ਲੋਕਾਂ ਨੂੰ ਜੇਲ੍ਹ ’ਚ ਰੱਖਣ ਅਤੇ ਹਰ ਰੋਜ ਕੁਟਾਪਿਆਂ, ਤਲਾਸ਼ੀਆਂ, ਜਲਾਲਤ ਅਤੇ ਗਿ੍ਰਫਤਾਰੀਆਂ ਦੇ ਖੌਫ ਹੇਠ ਵਿਚਰਨ ਦਾ 70 ਸਾਲ ਦਾ ਜ਼ਾਲਮਾਨਾ ਇਤਿਹਾਸ ਹੈ। ਇਹ ਕਾਰਵਾਈ ਫਲਸਤੀਨੀ ਲੋਕਾਂ ਦੇ ਮਨਾਂ ਅੰਦਰ ਜਮ੍ਹਾਂ ਹੋਈ ਔਖ, ਰੋਹ, ਬੇਵਸੀ ਦਾ ਰੋਹ-ਫੁਟਾਰਾ ਹੈ। ਉਹ ਇਹ ਗੱਲ ਜਾਣ ਬੁੱਝ ਕੇ ਲੁਕੋਂਦੇ ਹਨ ਕਿ ਇਹ ਕਾਰਵਾਈ ਕਤਲੇਆਮ ਮਚਾਉਣ ਲਈ ਨਹੀਂ ਕੀਤੀ ਗਈ ਸੀ। ਇਹ ਇਜਰਾਈਲੀ ਬੇਕਸੂਰ ਨਾਗਰਿਕਾਂ ਨੂੰ ਅਗਵਾ ਕਰਨ ਲਈ ਕੀਤੀ ਗਈ ਸੀ ਤਾਂ ਕਿ ਇਸ ਦੇ ਬਦਲੇ ’ਚ ਫਲਸਤੀਨ ਦੇ ਬੇਕਸੂਰ ਨਾਗਰਿਕਾਂ ਨੂੰ ਇਜਰਾਈਲੀ ਜੇਲ੍ਹਾਂ ’ਚੋਂ ਰਿਹਾ ਕਰਾਇਆ ਜਾ ਸਕੇ। ਉਹ ਇਸ ਗੱਲ ਦਾ ਲੋਕਾਂ ਤੋਂ ਓਹਲਾ ਰੱਖਦੇ ਹਨ ਕਿ ਹਮਾਸ ਖਾੜਕੂਆਂ ਨੇ ਅਗਵਾ ਤੋਂ ਛੇਤੀ ਬਾਅਦ ਹੀ ਐਲਾਨ ਕਰ ਦਿਤਾ ਸੀ ਕਿ ਉਹ ਅਗਵਾ ਵਿਅਕਤੀਆਂ ਦੀ ਛੇਤੀ ਰਿਹਾਈ ਦੇ ਪਾਬੰਦ ਹਨ। ਉਹ ਇਹ ਨਹੀਂ ਦਸਦੇ ਕਿ ਆਮ ਨਾਗਰਿਕ ਹਮਾਸ ਖਾੜਕੂਆਂ ਅਤੇ ਇਜਰਾਈਲੀ ਸੈਨਕਾਂ ਵਿਚਕਾਰ ਚੱਲੀ ਦੁਵੱਲੀ ਫਾਇਰਿੰਗ ’ਚ ਘਿਰਨ ਕਰਕੇ ਮਾਰੇ ਗਏ ਜਾਂ ਫਿਰ ਘਟਨਾ ਨੂੰ ਗੰਭੀਰ ਬਣਾਉਣ ਅਤੇ ਕਤਲੇਆਮ ਦਾ ਬਿੰਬ ਪ੍ਰੋਜੈਕਟ ਕਰਨ ਲਈ ਖੁਦ ਇਜਰਾਈਲੀ ਸੈਨਕਾਂ ਵੱਲੋਂ ਗਿਣ-ਮਿਥ ਕੇ ਮਾਰੇ ਗਏ ਸਨ। 

ਚਲੋ, ਜੇ ਮਿੰਟ ਦੀ ਮਿੰਟ, ਸਾਮਰਾਜੀ ਤੇ ਇਜਰਾਈਲੀ ਹਾਕਮਾਂ ਦੇ ਇਸ ਝੂਠ ਨੂੰ ਵੀ ਮੰਨ ਲਈਏ ਕਿ ਉਪਰੋਕਤ ਘਟਨਾ ’ਚ ਮਾਰੇ ਗਏ ਵੱਡੀ ਗਿਣਤੀ ਲੋਕਾਂ ਲਈ ਹਮਾਸ ਦੇ ਖਾੜਕੂ ਜੁੰਮੇਵਾਰ ਹਨ ਤਾਂ ਉਸ ਇਜਰਾਈਲੀ ਹਕੂਮਤ ਨੂੰ ਕੀ ਕਹੀਏ ਜਿਸ ਦੇ ਹੱਥ ਦਹਿ-ਹਜਾਰਾਂ ਦੀ ਗਿਣਤੀ ’ਚ ਫਲਸਤੀਨੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਹੁਣ ਚੱਲ ਰਹੀ ਇਕਪਾਸੜ ਜੰਗ ’ਚ ਇਜਰਾਈਲੀ ਸੈਨਾ ਦੋ ਲੱਖ ਦੇ ਕਰੀਬ ਫਲਸਤੀਨੀਆਂ ਦਾ ਸ਼ਿਕਾਰ ਕਰ ਚੁੱਕੀ ਹੈ। ਸਮੁੱਚੇ ਰਿਹਾਇਸ਼ੀ ਖੇਤਰਾਂ, ਸਕੂਲਾਂ, ਹਸਪਤਾਲਾਂ, ਸੜਕਾਂ ਆਦਿਕ ਨੂੰ ਬੰਬਾਰੀ, ਟੈਂਕਾਂ ਤੇ ਬੁਲਡੋਜਰਾਂ ਨਾਲ ਮਲੀਆਮੇਟ ਕਰ ਚੁੱਕੀ ਹੈ। ਜਿਹੜੀ ਬੇਕਸੂਰ ਨਾਗਰਿਕਾਂ ਨੂੰ ਭੁੱਖ ਜਾਂ ਗੋਲੀ ਨਾਲ ਮਾਰਨ ਰਾਹੀਂ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਦੇ ਰਾਹ ਪਈ ਹੈ। ਹਜਾਰਾਂ ਨਹੀਂ ਲੱਖਾਂ ਜਿੰਦਗੀਆਂ ਨਿਗਲ ਕੇ ਵੀ ਹਾਲੇ ਜੰਗਬੰਦੀ ਲਈ ਰਾਜੀ ਨਹੀਂ। ਕੀ ਅਜਿਹੀ ਸਰਕਾਰ ਨੂੰ ਹੋਰਨਾਂ ਉੱਪਰ ਖੂਨ ਦੇ ਪਿਆਸੇ ਜਾਂ ਅੱਤਵਾਦੀ ਦਾ ਇਲਜਾਮ ਲਾਉਣ ਦਾ ਕੋਈ ਅਧਿਕਾਰ ਹੈ? ਹੁਣ ਜੋ ਮੌਤ ਦਾ ਤਾਂਡਵ ਫਾਸਸ਼ਿਸਟ ਇਜਰਾਈਲੀ ਸਰਕਾਰ ਗਾਜਾ ’ਚ ਰਚ ਰਹੀ ਹੈ ਉਸ ਨੂੰ ਕੀ ਹੱਕੀ ਜੰਗ ਕਿਹਾ ਜਾ ਸਕਦਾ ਹੈ ? ਉਕਾ ਹੀ ਨਹੀਂ। ਇਜਰਾਈਲੀ ਸਰਕਾਰ ਫਲਸਤੀਨੀ ਕੌਮ ਨੂੰ ਇਸਦੀ ਮਾਤ-ਭੂਮੀ ਤੋਂ ਜਬਰਨ ਖਦੇੜਨ ਤੇ ਗਾਜਾਂ ਨੂੰ ਬਸਤੀਵਾਦੀ ਗੁਲਾਮੀ ’ਚ ਰੱਖਣ ਦੀ ਨਿਹੱਕੀ ਤੇ ਉਲਟ-ਇਨਕਲਾਬੀ ਜੰਗ ਲੜ ਰਹੀ ਹੈ ਜਦ ਕਿ ਫਲਸਤੀਨੀ ਕੌਮਪ੍ਰਸਤ ਆਪਣੀ ਕੌਮ ਦੀ ਆਜਾਦੀ ਲਈ ਹੱਕੀ ਤੇ ਇਨਕਲਾਬੀ ਜੰਗ ਲੜ ਰਹੇ ਹਨ। 

ਪਰ ਸਾਮਰਾਜੀ ਮੀਡੀਆ ਇਸ ਸਚਾਈ ਨੂੰ ਸਿਰਪਰਨੇ ਖੜੀ ਕਰ ਰਿਹਾ ਹੈ।

-ਅਖੇ ਇਜਰਾਈਲ ਦੀ ਸੁਰੱਖਿਆ ਨੂੰ ਫਲਸਤੀਨੀ ਦਹਿਸ਼ਤਗਰਦਾਂ ਤੋਂ ਖਤਰਾ ਹੈ। ਆਪਣੀ ਸੁਰੱਖਿਆ ਦੀ ਪੇਸ਼ਬੰਦੀ ਕਰਨ ਲਈ ਫਲਸਤੀਨੀ ਜਥੇਬੰਦੀਆਂ ਦਾ ਸਫਾਇਆ ਕਰਨ ਦਾ ਹੱਕ ਹੈ। 

ਭਲਾ ਸੋਚੋ, ਕੀ ਇਕ ਬਘਿਆੜ ਦੀ ਜਾਨ ਨੂੰ ਇਕ ਲੇਲੇ ਤੋਂ ਖਤਰਾ ਹੋ ਸਕਦਾ ਹੈ? 

ਇਜਰਾਈਲ ਇਕ ਸ਼ਕਤੀਸ਼ਾਲੀ ਤੇ ਜਾਬਰ ਫੌਜੀ ਸ਼ਕਤੀ ਹੈ। ਇਸ ਕੋਲ ਉੱਚ- ਸਿਖਲਾਈ ਪ੍ਰਾਪਤ ਆਧੁਨਿਕ ਜਮੀਨੀ, ਹਵਾਈ ਤੇ ਸਮੁੰਦਰੀ ਫੌਜ ਹੈ। ਪੁਲਸ ਹੈ। ਹਰ ਕਿਸਮ ਦਾ ਨਵੀਨਤਮ ਜੰਗੀ ਸਾਜ-ਸਮਾਨ ਹੈ। ਅਤੀ ਆਧੁਨਿਕ ਜੰਗੀ ਜਹਾਜ, ਮਿਜਾਈਲ, ਜਬਰਦਸਤ ਟੈਂਕ, ਸ਼ਕਤੀਸ਼ਾਲੀ ਬੰਬ, ਰਾਡਾਰ, ਉੱਨਤ ਮਿਜਾਈਲ ਸੁਰੱਖਿਆ ਪ੍ਰਣਾਲੀਆਂ, ਜੰਗੀ ਬੇੜੇ, ਪਣਡੁੱਬੀਆਂ, ਅਤੇ ਇੱਥੋਂ ਤੱਕ ਕਿ ਨਿਊਕਲੀਅਰ ਬੰਬ ਵੀ ਹਨ। ਇਜਰਾਈਲ ਲੋੜ ਅਨੁਸਾਰ ਹਥਿਆਰ ਦਰਾਮਦ ਜਾਂ ਬਰਾਮਦ ਵੀ ਕਰ ਸਕਦਾ ਹੈ। ਅਮਰੀਕਨ ਸਾਮਰਜੀਏ ਇਸ ਦੀ ਪਿੱਠ ’ਤੇ ਹਨ। 

ਦੂਜੇ ਪਾਸੇ, ਫਲਸਤੀਨੀਆਂ ਦਾ ਆਪਣਾ ਕੋਈ ਰਾਜ ਨਹੀਂ। ਇਜਰਾਈਲੀ ਕਬਜੇ ਹੇਠ ਹੋਣ ਕਰਕੇ ਉਹਨਾਂ ਨੂੰ ਆਪਣੀਆਂ ਸੈਨਾਵਾਂ ਖੜ੍ਹੀਆਂ ਕਰਨ ਦਾ ਕੋਈ ਹੱਕ ਨਹੀਂ। ਉਹਨਾਂ ਕੋਲ ਬੰਬਾਰ ਜਹਾਜਾਂ, ਟੈਕਾਂ, ਮਿਜਾਈਲਾਂ ਜਿਹੇ ਅਸਲੇ ਦੀ ਤਾਂ ਗੱਲ ਹੀ ਛੱਡੋ, ਚੱਜ ਦੀਆਂ ਅਤੇ ਲੋੜ ਅਨੁਸਾਰ ਬੰਦੂਕਾਂ ਅਤੇ ਅਸਲਾ ਵੀ ਨਹੀਂ। ਨਾ ਹੀ ਇਹ ਹਥਿਆਰ ਕਿਤੋਂ ਦਰਾਮਦ ਕਰ ਸਕਦੇ ਹਨ ਕਿਉਂਕਿ ਇਹ ਇਜਰਾਈਲ ਦੀ ਇਜਾਜਤ ਬਿਨਾਂ ਕਿਤੋਂ ਸੂਈ ਵੀ ਦਰਾਮਦ ਨਹੀਂ ਕਰ ਸਕਦੇ। ਨਾ ਹੀ ਇਹ ਭਾਰੀ ਮਾਤਰਾ ’ਚ ਬਾਹਰੋਂ ਕੋਈ ਭਾਰੇ ਹਥਿਆਰ ਵੱਡੀ ਗਿਣਤੀ ’ਚ ਚੋਰੀਓਂ ਸਮਗਲ ਕਰ ਸਕਦੇ ਹਨ ਕਿਉਂਕਿ ਗਾਜਾ ਦੇ ਖੇਤਰ ਸਖਤ ਨਾਕਾਬੰਦੀ ਅਧੀਨ ਹਨ ਤੇ ਸਭ ਪਾਸਿਓਂ ਪੜਤਾਲੀਆ ਚੌਂਕੀਆਂ ਲੰਘ ਕੇ ਅਗਾਂਹ ਜਾਇਆ ਜਾ ਸਕਦਾ ਹੈ। 

ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਸਿਰ ਤੋਂ ਪੈਰਾਂ ਤੱਕ ਅਤਿਅੰਤ ਹਥਿਆਰਾਂ ਨਾਲ ਲੈਸ ਕਿਸੇ ਰਾਜ ਸ਼ਕਤੀ ਲਈ ਹਥਿਆਰਾਂ ਤੋਂ ਲਗਭਗ ਵਾਂਝੀ ਛੋਟੀ ਸ਼ਕਤੀ ਖਤਰਾ ਕਿਵੇਂ ਬਣ ਸਕਦੀ ਹੈ। ਹਕੀਕਤ ’ਚ ਤਾਂ ਗੱਲ ਇਸ ਤੋਂ ਐਨ ਉਲਟ ਹੈ। ਇਜਰਾਈਲੀ ਨਸਲਪ੍ਰਸਤ ਰਾਜ ਹਮੇਸ਼ਾ ਤੋਂ ਹੀ ਫਲਸਤੀਨੀਆਂ ਲਈ ਖਤਰਾ ਬਣਿਆ ਰਿਹਾ ਹੈ। ਆਪਣੀ ਮਾਤ-ਭੂਮੀ ਨੂੰ ਇਜਰਾਈਲੀ ਕਬਜੇ ਤੋਂ ਮੁਕਤ ਕਰਾਉਣ ਦੀ ਉਹਨਾਂ ਦੀ ਲੜਾਈ ਐਨ ਹੱਕੀ ਅਤੇ ਨਿਆਂਈ ਹੈ। ਉਹ ਸੰਭਵ ਢੰਗ, ਸਮੇਤ ਉਹਨਾਂ ਵਿਰੁੱਧ ਹਥਿਆਰਬੰਦ ਜੰਗ ਚਲਾਉਣ ਦੇ, ਵਰਤ ਕੇ ਆਪਣੀ ਧਰਤੀ ਨੂੰ ਇਜਰਾਈਲੀ ਧੌਂਸਬਾਜ ਕਬਜੇ ਤੋਂ ਮੁਕਤ ਕਰਾਉਣ ਦਾ ਅਧਿਕਾਰ ਰਖਦੇ ਹਨ। ਜਦ ਕਿ ਇਸ ਗਲਬੇ ਨੂੰ ਬਣਾਈ ਰੱਖਣ ਲਈ ਇਜਰਾਈਲ ਸਰਕਾਰ ਦੀ ਹਰ ਕਾਰਵਾਈ ਹਮਲਾਵਰ , ਨਿਹੱਕੀ ਤੇ ਨਿੰਦਣਯੋਗ ਹੈ। 

--ਇਜਰਾਈਲੀ ਅਮਰੀਕੀ ਤੇ ਹੋਰ ਸਾਮਰਾਜੀ ਲੀਡਰਾਂ ਦਾ ਤਰਕ ਹੈ ਕਿ ਇਜਰਾਈਲ ਨੂੰ ਆਪਣੀ ਸਵੈ-ਰੱਖਿਆ ਕਰਨ ਦਾ ਪੂਰਾ ਹੱਕ ਹੈ। ਬਿਡੇਨ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਜਰਾਈਲ ਨੂੰ ਹਮਾਸ ਦੀ ਲੀਡਰਸ਼ਿੱਪ ਅਤੇ ਫੌਜੀ ਤਾਣੇ-ਬਾਣੇ ਨੂੰ ਮਲੀਆਮੇਟ ਕਰਨ ਦਾ ਪੂਰਾ ਹੱਕ ਹੈ। 

ਇਹਨਾਂ ਲੀਡਰਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹ ਹੱਕ ਉਹਨਾਂ ਦੀ ਨਜਰ ’ਚ ਸਿਰਫ ਇਜਰਾਈਲੀ ਧੌਂਸਬਾਜਾਂ ਲਈ ਹੀ ਕਾਹਤੋਂ ਰਾਖਵਾਂ ਹੈ ? ਫਲਸਤੀਨੀ ਦੇਸ਼ ਭਗਤਾਂ ਜਾਂ ਉਹਨਾਂ ਦੀ ਜਥੇਬੰਦੀ ਹਮਾਸ ਲਈ ਕਿਉਂ ਨਹੀਂ? ਫਲਸਤੀਨੀਆਂ ਨੂੰ ਆਪਣੀ ਮਾਤ-ਭੂਮੀ ਦੀ ਰਾਖੀ ਕਰਨ ਦਾ ਹਰ ਹੱਕ ਕਿਉਂ ਨਹੀਂ। ਉਹ ਉਵੇਂ ਗੱਜ-ਵੱਜ ਕੇ ਐਲਾਨ ਕਿਉਂ ਨਹੀਂ ਕਰਦੇ ਜਿਵੇਂ ਉਹ ਇਜਰਾਈਲ ਦੇ ਹੱਕ ਦੇ ਮਾਮਲੇ ’ਚ ਕਹਿੰਦੇ ਹਨ ਕਿ ਫਲਸਤੀਨੀਆਂ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਹੱਕ ਹੈ। 7 ਅਕਤੂਬਰ ਦੀ ਘਟਨਾ ਤੋਂ ਬਾਅਦ ਸਾਮਰਾਜੀ ਦੇਸ਼ਾਂ ਦੇ ਸਿਖਰਲੇ ਲੀਡਰਾਂ ਨੇ ਇਜਰਾਈਲ ਨਾਲ ਹਮਦਰਦੀ ਅਤੇ ਇਕਮੁੱਠਤਾ ਜਾਹਰ ਕਰਨ ਲਈ ਇਜਰਾਈਲ ਫੇਰੀ ਲਈ ਕਤਾਰ ਬੰਨ੍ਹ ਲਈ ਸੀ। ਹੁਣ ਜਦ ਇਜਰਾਈਲ ਦੀ ਫਾਸਿਸਟ ਹਕੂਮਤ ਨੇ ਗਾਜਾ ’ਚ ਇੱਕਪਾਸੜ ਤੌਰ ’ਤੇ ਫਲਸਤੀਨੀਆਂ ਦੇ ਨਸਲੀ ਸਫਾਏ ਦੀ ਮੁਹਿੰਮ ਵਿੱਢ ਰੱਖੀ ਹੈ, ਨਿਰਦੋਸ਼ ਫਲਸਤੀਨੀ ਬੱਚਿਆਂ, ਔਰਤਾਂ, ਬਜੁਰਗਾਂ ਨੂੰ ਪੂਰੇ ਵਹਿਸ਼ੀਪੁਣੇ ਤੇ ਬੇਕਿਰਕੀ ਨਾਲ ਮਾਰਿਆ ਜਾ ਰਿਹਾ ਹੈ ਤਾਂ ਕਾਹਤੋਂ ਇਹ ਸਾਮਰਾਜੀ ਲੀਡਰ ਤੇ ਮੀਡੀਆ ਫਲਸਤੀਨੀਆਂ ਦੀ ਇਸ ਕਤਲੋਗਾਰਦ ਦੀ ਖੁੱਲ੍ਹ ਕੇ ਤੇ ਗੱਜਵੱਜ ਕੇ ਨਿਖੇਧੀ ਨਹੀਂ ਕਰਦਾ? ਕਾਹਤੋਂ ਇਜਰਾਈਲੀ ਹਮਲੇ ਨੂੰ ਧੱਕੜਸ਼ਾਹ, ਦਹਿਸ਼ਤਗਰਦ ਅਤੇ ਘਿ੍ਰਣਤ ਕਾਰਵਾਈ ਕਹਿ ਕੇ ਇਸ ਦੀ ਜੋਰਦਾਰ ਨਿਖੇਧੀ ਨਹੀਂ ਕਰਦਾ? ਕਿਉਂ ਨਹੀਂ ਕਹਿੰਦਾ ਕਿ ਇਸ ਇਸਰਾਈਲੀ ਦਰਿੰਦਗੀ ਤੋਂ ਆਪਣੀ ਰਾਖੀ ਕਰਨ ਦਾ ਫਸਲਤੀਨੀ ਜੁਝਾਰੂਆਂ ਨੂੰ ਪੂਰਾ ਹੱਕ ਹੈ? 

ਇਹੋ ਜਿਹੀਆਂ ਹੋਰ ਅਨੇਕਾਂ ਗੱਲਾਂ ਗਿਣਾਈਆਂ ਜਾ ਸਕਦੀਆਂ ਹਨ ਜੋ 

ਇਹਨਾਂ ਸਾਮਰਾਜੀ ਮੁਲਕਾਂ ਦੇ ਜਮਹੂਰੀ ਤੇ ਮਨੁੱਖੀ ਹੱਕਾਂ ਦੇ ਰਾਖੇ ਹੋਣ ਦੇ ਦੰਭ ਨੂੰ ਬੁਰੀ ਤਰ੍ਹਾਂ ਨੰਗਾ ਕਰਦੀਆਂ ਹਨ। ਜਮਹੂਰੀ ਅਤੇ ਮਨੁੱਖੀ ਹੱਕਾਂ ਦੇ ਸਭ ਤੋਂ ਵੱਡੇ ਠੇਕੇਦਾਰ ਬਣੇ ਅਮਰੀਕਨ ਸਾਮਰਾਜੀਆਂ ਦੇ ਹੱਥ ਵੀ ਦੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਦੇ ਲੱਖਾਂ ਲੋਕਾਂ ਦੇ ਖੂਨ ਨਾਲ ਲਿੱਬੜੇ ਹੋਏ ਹਨ। ਦੂਜੀ ਸੰਸਾਰ ਜੰਗ ’ਚ ਜਾਪਾਨ ’ਚ ਐਟਮੀ ਬੰਬ ਸੁੱਟ ਕੇ ਇਸ ਨੇ ਇੱਕੋ ਝਟਕੇ 3 ਲੱਖ ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅਮਰੀਕਾ ਨੇ ਅਣਗਿਣਤ ਫਾਸ਼ੀ ਸ਼ਾਸ਼ਕਾਂ ਦੀ ਪੁਸ਼ਤਪਨਾਹੀ ਕਰਕੇ ਉਥੇ ਮਨੁੱਖੀ ਤੇ ਜਮਹੂਰੀ ਹੱਕਾਂ ਦਾ ਥੋਕ ’ਚ ਘਾਣ ਕਰਵਾਇਆ ਹੈ। ਵੀਤਨਾਮ ਅਤੇ ਹਿੰਦ-ਚੀਨੀ ਦੇ ਦੇਸ਼ਾਂ ’ਚ ਲਹੂ ਦੀਆਂ ਨਦੀਆਂ ਵਹਾਈਆਂ ਹਨ। ਧਰਤੀ ਨੂੰ----ਬੰਬਾਂ ਨਾਲ ਸਾੜਿਆ ਹੈ। ਇਰਾਕ ’ਚ 10 ਲੱਖ ਲੋਕਾਂ ਦੀ ਬਲੀ ਲਈ ਹੈ। ਹੁਣ ਹਥਿਆਰਾਂ ਦੇ ਇਹ ਵਪਾਰੀ ਅਤੇ ਮੌਜੂਦਾ ਲੁਟੇਰੀ ਰਾਜ-ਵਿਵਸਥਾ ਦੇ ਰਾਖੇ ਫਲਸਤੀਨ ਦੀ ਧਰਤੀ ਉੱਤੇ ਉਹੋ ਕਹਿਰ ਦੁਹਰਾ ਰਹੇ ਹਨ। ਲੱਖ ਲਾਹਨਤ ਹੈ ਇਹਨਾਂ ਮੌਤ ਦੇ ਸੌਦਾਗਰਾਂ ਨੂੰ। 

--0--  

No comments:

Post a Comment