Monday, November 25, 2024

ਫਲਸਤੀਨ ’ਤੇ ਹਮਲੇ ਦਾ ਇੱਕ ਸਾਲ ---ਸਵੈ-ਰੱਖਿਆ ਦੇ ਫਰੇਬੀ ਪਰਦੇ ਓਹਲੇ ਇਜਰਾਈਲ ਵੱਲੋਂ ਹੋਰ ਫਲਸਤੀਨੀ ਧਰਤੀ ਹੜੱਪਣ ਦੇ ਮਨਸੂਬੇ

 ਫਲਸਤੀਨ ’ਤੇ ਹਮਲੇ ਦਾ ਇੱਕ ਸਾਲ

ਸਵੈ-ਰੱਖਿਆ ਦੇ ਫਰੇਬੀ ਪਰਦੇ ਓਹਲੇ
ਇਜਰਾਈਲ ਵੱਲੋਂ ਹੋਰ ਫਲਸਤੀਨੀ ਧਰਤੀ ਹੜੱਪਣ ਦੇ ਮਨਸੂਬੇ

ਪਿਛਲੇ ਲਗਭਗ 13 ਮਹੀਨਿਆਂ ਤੋਂ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਅਗਵਾਈ ਹੇਠ ਇਜਰਾਈਲ ਦੀ ਯਹੂਦੀ ਨਸਲਪ੍ਰਸਤ ਤੇ ਫਾਸ਼ਿਸ਼ਟ ਸਰਕਾਰ ਨੇ ਫਲਸਤੀਨੀ ਕੌਮ ਅਤੇ ਧਰਤੀ ਉੱਪਰ ਤਾਬੜਤੋੜ ਘਾਤਕ ਹੱਲਾ ਬੋਲ ਰੱਖਿਆ ਹੈ। ਇਜਰਾਈਲੀ ਸੈਨਾ ਵੱਲੋਂ ਗਾਜ਼ਾ ਖੇਤਰ ਅੰਦਰ ਦਹਿਸ਼ਤ, ਮੌਤ, ਵਿਆਪਕ ਤਬਾਹੀ ਅਤੇ ਫਲਸਤੀਨੀ ਆਵਾਮ ਦੇ ਨਸਲਘਾਤ ਦਾ ਜੋ ਤਾਂਡਵ ਰਚਾਇਆ ਜਾ ਰਿਹਾ ਹੈ ਉਹ ਬੇਹੱਦ ਵਹਿਸ਼ੀਆਨਾ ਅਤੇ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਸਭ ਕੌਮਾਂਤਰੀ ਕਾਇਦੇ ਕਾਨੂੰਨਾਂ, ਮਨੁੱਖੀ ਅਧਿਕਾਰਾਂ , ਦੁਨੀਆਂ ਭਰ ਦੇ ਲੋਕਾਂ ਅਤੇ ਸਰਕਾਰਾਂ ਦੀ ਰਾਇ ਨੂੰ ਹਕਾਰਤ ਨਾਲ ਪੈਰਾਂ ਹੇਠ ਰੋਲ ਕੇ, ਪੂਰੀ ਬੇਕਿਰਕੀ ਨਾਲ ਬੇ-ਹਿਸਾਬਾ ਫਲਸਤੀਨੀ ਖੂਨ ਵਹਾਇਆ ਜਾ ਰਿਹਾ ਹੈ। ਮਨੁੱਖੀ ਇਤਿਹਾਸ ਅੰਦਰ ਇਕ ਹੋਰ ਬਰਬਰ ਕਾਂਡ ਰਚਿਆ ਜਾ ਰਿਹਾ ਹੈ। 

ਫਲਸਤੀਨੀ ਧਰਤੀ ਉੱਪਰ ਮੌਤ-ਛਾਣਾ

ਸਾਮਰਾਜੀ ਸਰਪ੍ਰਸਤੀ ਵਾਲੇ ਪ੍ਰਚਾਰ ਤੰਤਰ ਮੁਤਾਬਕ ਹੁਣ ਤੱਕ ਕੋਈ 45,000 ਦੇ ਕਰੀਬ ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਇੱਕ ਲੱਖ ਤੋਂ ਵੱਧ ਜਖਮੀ ਹੋਏ ਹਨ। ਇਹਨਾਂ ਵਿਚ ਅੱਧ ਤੋਂ ਕਾਫੀ ਵੱਧ ਔਰਤਾਂ ਤੇ ਬੱਚੇ ਹਨ। ਪਰ ਮੌਤਾਂ ਦੀ ਇਹ ਗਿਣਤੀ ਹਾਸਲ ਹੋਈਆਂ ਲਾਸ਼ਾਂ ਉੱਤੇ ਅਧਾਰਤ ਹੈ। ਇਸ ਤੋਂ ਕਈ ਗੁਣਾ ਵੱਧ ਗਿਣਤੀ ਉਹਨਾਂ ਮੌਤਾਂ ਦੀ ਹੈ ਜੋ ਬੰਬਾਰੀ ਅਤੇ ਮਿਜਾਈਲੀ ਹਮਲਿਆਂ ਜਾਂ ਟੈਕਾਂ ਤੇ ਬਲਡੋਜਰਾਂ ਨਾਲ ਤਬਾਹ ਕੀਤੀਆਂ ਬਿਲਡਿੰਗਾਂ ਦੇ ਮਲਬੇ ਹੇਠ ਦੱਬੀ ਗਈ ਹੈ। ਇਸ ਤੋਂ ਇਲਾਵਾ ਇਜਰਾਈਲੀ ਸੈਨਾ ਵੱਲੋਂ ਜਨਤਕ ਕਤਲੇਆਮ ਕਰਕੇ ਸਾੜੀਆਂ, ਦਬਾਈਆਂ ਲਾਸ਼ਾਂ, ਗੁੰਮਸ਼ੁਦਗੀਆਂ ਅਤੇ ਸਖਤ ਇਜਰਾਈਲੀ ਨਾਕੇਬੰਦੀ ਹੇਠ ਭੁੱਖ-ਤੇਹ ਤੇ ਬਿਮਾਰੀਆਂ ਨਾਲ ਮਰਨ ਵਾਲਿਆਂ ਦੀ ਵੀ ਚੋਖੀ ਤਾਦਾਦ ਹੈ। ਇਕ ਨਾਮਵਰ ਬਿ੍ਰਟਿਸ਼ ਮੈਡੀਕਲ ਪ੍ਰਕਾਸ਼ਨਾ -ਦੀ ਲੈਨਸਟ- ਨੇ ਅਨੁਮਾਨ ਲਾਇਆ ਹੈ ਕਿ 2024 ਤੱਕ ਗਾਜ਼ਾ ’ਚ ਜੰਗ ਕਾਰਨ ਰਲਾ ਮਿਲਾ ਕੇ 1,86,000 ਮੌਤਾਂ ਹੋਈਆਂ ਹਨ। ਹੋਰ ਵੀ ਕਈ ਨਿਰਪੱਖ ਸੂਤਰਾਂ ਨੇ ਇਹਨਾਂ ਅਨੁਮਾਨਾਂ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਇਹ ਗਿਣਤੀ 2.5 ਲੱਖ ਨੂੰ ਪਾਰ ਕਰ ਚੁੱਕੇ ਹੋਣ ਦੀ ਸੰਭਾਵਨਾ ਹੈ। ਗਾਜ਼ਾ ’ਚ ਹੋਈਆਂ ਇਹਨਾਂ ਮੌਤਾਂ ਤੋਂ ਇਲਾਵਾ ਪੱਛਮੀ ਕਿਨਾਰੇ ’ਤੇ ਲੈਬਨਾਨ ’ਚ ਵੀ ਹੋਈਆਂ ਮੌਤਾਂ ਦੀ ਗਿਣਤੀ ਸਹਿਜੇ ਹੀ ਚਾਰ ਹਜਾਰ ਤੋਂ ਉੱਪਰ ਹੈ। ਦੂਜੇ ਪਾਸੇ ਇਜਰਾਈਲੀ ਦਾਅਵੇ ਅਨੁਸਾਰ ਹਮਾਸ ਦੇ ਖਾੜਕੂਆਂ ਵੱਲੋਂ 7 ਅਕਤੂਬਰ 2023 ਨੂੰ ਕੀਤੇ ਅਚਨਚੇਤ ਧਾਵੇ ’ਚ ਇਜਰਾਈਲ ਦੇ ਕੁੱਲ 1200 ਨਾਗਰਿਕਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ। ਇਸ ਦਾਅਵੇ ਨੂੰ ਜੇ ਇੰਨ ਬਿੰਨ ਵੀ ਪ੍ਰਵਾਨ ਕਰ ਲਿਆ ਜਾਵੇ ਤਾਂ ਵੀ ਹਮਾਸ ਗੁਰੀਲਿਆਂ ਦੇ ਧਾਵੇ ’ਚ ਮਾਰੇ ਗਏ ਹਰੇਕ ਇਜਰਾਈਲੀ ਬਸ਼ਿੰਦੇ ਮਗਰ ਹੁਣ ਤੱਕ ਸੌ ਤੋਂ ਵੱਧ (ਯਾਨੀ ਸੌ ਗੁਣਾ) ਫਲਸਤੀਨੀ ਮਾਰੇ ਜਾ ਚੁੱਕੇ ਹਨ। ਸਾਰੀ ਫਲਸਤੀਨ ਵਸੋਂ ਆਪਣੇ ਘਰ-ਘਾਟਾਂ ’ਚੋਂ ਉੱਜੜ-ਉੱਖੜ ਚੁੱਕੀ ਹੈ। ਫਲਸਤੀਨ ਦਾ ਪੂਰਾ ਜਨ-ਜੀਵਨ ਤਬਾਹ ਹੋ ਚੁੱਕਾ ਹੈ ਤੇ ਫਲਸਤੀਨੀ ਧਰਤੀ ਮਲਬੇ ਦੇ ਵਿਸ਼ਾਲ ਪਹਾੜ ਵਿਚ ਬਦਲ ਦਿੱਤੀ ਗਈ ਹੈ। ਇਹ ਇਸ ਗੱਲ ਦਾ ਮੂੰਹੋਂ ਬੋਲਦਾ ਪ੍ਰਮਾਣ ਹੈ ਕਿ ਇਜਰਾਈਲ ਵੱਲੋਂ ਥੋਪੀ ਇਹ ਜੰਗ ਕਿੰਨੀ ਧਾੜਵੀ , ਬਦਲੇਖੋਰ ਤੇ ਨਾਪਾਕ ਹੈ, ਕਿਹੋ ਜਿਹੇ ਚੰਦਰੇ ਮਨੋਰਥਾਂ ਤੋਂ ਪ੍ਰੇਰਤ ਹੈ। 


ਗਿਣ-ਮਿਥ ਕੇ ਕੀਤੀ ਵਿਆਪਕ ਤਬਾਹੀ

ਕੌਮਾਂਤਰੀ ਜੰਗੀ ਅਸੂਲਾਂ ਮੁਤਾਬਕ ਸਿਰਫ ਸੈਨਿਕ ਟਿਕਾਣਿਆਂ ਜਾਂ ਜੰਗ ’ਚ ਵਰਤੇ ਜਾਣ ਵਾਲੇ ਸਾਧਨਾਂ ਨੂੰ ਫੌਜੀ ਹਮਲੇ ਦਾ ਨਿਸ਼ਾਨਾ ਬਣਾਉਣ ਦੀ ਥਾਂ ਇਜਰਾਈਲੀ ਸੈਨਾ ਨੇ ਸੋਚੇ-ਸਮਝੇ ਢੰਗ ਨਾਲ ਵਿਆਪਕ ਤਬਾਹੀ ਮਚਾਉਣ ਦਾ ਰਾਹ ਫੜਿਆ ਹੋਇਆ ਹੈ। ਮੁੱਖ ਤੌਰ ’ਤੇ ਸਮੁੱਚੇ ਸਿਵਲੀਅਨ ਢਾਂਚੇ ਯਾਨੀ ਕਿ ਰਿਹਾਇਸ਼ੀ ਬਸਤੀਆਂ, ਸ਼ਰਨਾਰਥੀ ਕੈਂਪਾਂ, ਸਕੂਲਾਂ, ਹਸਤਪਤਾਲਾਂ, ਫੈਕਟਰੀਆਂ, ਊਰਜਾ ਤੇ ਸੰਚਾਰ ਸਾਧਨਾਂ, ਸੜਕਾਂ ਮਸੀਤਾਂ ਆਦਿਕ ਹਵਾਈ ਬੰਬਾਰੀ, ਮਿਜਾਈਲ ਹਮਲਿਆਂ, ਟੈਂਕਾਂ ਤੇ ਬੁਲਡੋਜਰਾਂ ਨਾਲ ਤਹਿਸ -ਨਹਿਸ ਕਰਕੇ ਖੰਡਰਾਂ ’ਚ ਬਦਲ ਦਿੱਤੀਆਂ ਗਈਆਂ ਹਨ। ਗਾਜ਼ਾ ਖੇਤਰ ’ਚ ਸਿਵਲੀਅਨ ਵਸੋਂ ਨੂੰ ਵਾਰ ਵਾਰ ਉਜਾੜਿਆ, ਮਾਰਿਆ ਤੇ ਜਲੀਲ ਕੀਤਾ ਗਿਆ। ਨਾਕਾਬੰਦੀ ’ਚ ਘਿਰੀ ਸਿਵਲੀਅਨ ਵਸੋਂ ਦੀਆਂ ਬੁਨਿਆਦੀ ਲੋੜਾਂ ਦੀ ਸਪਲਾਈ ਰੋਕ ਕੇ ਉਹਨਾਂ ਨੂੰ ਭੁੱਖੇ ਤਿਹਾਏ ਜਾਂ ਬਿਮਾਰੀਆਂ ਨਾਲ ਮਰਨ ਲਈ ਮਜਬੂਰ ਕੀਤਾ ਗਿਆ।ਸਾਰਾ ਸਿਵਿਲੀਅਨ ਰਿਹਾਇਸ਼ੀ ਤੇ ਸਪਲਾਈ ਢਾਂਚਾ ਅਤੇ ਹਸਪਤਾਲ ਆਦਿਕ ਜਿਹੀਆਂ ਜਰੂਰੀ ਸੇਵਾਵਾਂ ਇਹ ਬੁਨਿਆਦੀ ਇਲਜਾਮ ਲਾ ਕੇ ਫਨਾਹ ਕਰ ਦਿੱਤੇ ਗਏ ਹਨ ਕਿ ਇਹ ਹਮਾਸ ਦੇ ਖਾੜਕੂਆਂ ਦੀਆਂ ਛੁਪਣਗਾਹਾਂ ਹਨ। ਵਿਆਪਕ ਪੈਮਾਨੇ ’ਤੇ ਸਿਵਲੀਅਨ ਰਿਹਾਇਸ਼ੀ ਬਸਤੀਆਂ ਉੱਤੇ ਬੰਬਾਰੀ, ਹਸਪਤਾਲਾਂ, ਸਕੂਲਾਂ, ਸ਼ਰਨਾਰਥੀ ਕੈਂਪਾਂ ਉੱਤੇ ਅੰਨ੍ਹਵਾਹ ਹਮਲੇ, ਫਾਸਫੋਰਸ ਹਥਿਆਰਾਂ ਦੀ ਵੀ ਵਰਤੋਂ, ਨਾਕਾਬੰਦੀ ਕਰਕੇ ਬੁਨਿਆਦੀ ਜਰੂਰਤਾਂ ਜਿਵੇਂ ਖਾਧ-ਖੁਰਾਕ, ਪਾਣੀ, ਲੂਣ, ਤੇਲ ਦਵਾਈਆਂ ਆਦਿਕ ਦੀ ਸਪਲਾਈ ਠੱਪ ਕਰਨੀ ਆਦਿਕ ਸਭ ਕਾਰਵਾਈਆਂ ਮਨੁੱਖੀ ਅਧਿਕਾਰਾਂ ਅਤੇ ਜੰਗੀ ਕਾਨੂੰਨਾਂ ਤਹਿਤ ਅਪਰਾਧਿਕ ਕਾਰਵਾਈਆਂ ਬਣਦੇ ਹਨ। ਪਰ ਹੰਕਾਰੇ ਇਜਰਾਈਲੀ ਅਧਿਕਾਰੀ ਕਿਸੇ ਵੀ ਕੜੇ-ਕਾਨੂੰਨ ਜਾਂ ਯੂ.ਐਨ.ਓ. ਦੇ ਫੈਸਲਿਆਂ ਦੀ ਉੱਕਾ ਹੀ ਪ੍ਰਵਾਹ ਨਹੀਂ ਕਰਦੇ। ਜਮਹੂਰੀਅਤ ਦੇ ਆਪੇ ਬਣੇ ਠੇਕੇਦਾਰ ਸਾਮਰਾਜੀ ਮੁਲਕ ਵੀ ਇਸ ਬੁਰਸ਼ਾਗਰਦੀ ਬਾਰੇ ਮੂੰਹ ਮੀਚੀ ਬੈਠੇ ਹਨ। 

  ਨਸਲੀ ਸਫਾਏ ਦੀ ਮੁਹਿੰਮ

ਇਜਰਾਈਲੀ ਹਕੂਮਤ ਅਤੇ ਕੱਟੜ ਸੱਜੇ-ਪੱਖੀ ਤੇ ਨਸਲਪ੍ਰਸਤ ਯਹੂਦੀ ਹਲਕੇ ‘‘ਇਜਰਾਈਲ ਦੀ ਸੁਰੱਖਿਆ ਦੀ ਗਰੰਟੀ ਕਰਨ’’ ਦੇ ਨਾਂ ਹੇਠ ਵਿੱਢੀ ਮੌਜੂਦਾ ਜੰਗ ਨੂੰ ਇਜਰਾਈਲੀ ਕਬਜੇ ਹੇਠਲੇ ਫਲਸਤੀਨੀ ਇਲਾਕਿਆਂ ਨੂੰ ਬਕਾਇਦਾ ਇਜਰਾਈਲ ’ਚ ਸ਼ਾਮਲ ਕਰਨ ਲਈ ਇਕ ਸੁਨਹਿਰੀ ਮੌਕੇ ਵਜੋਂ ਵਰਤਣ ਦੀ ਤਾਕ ’ਚ ਹਨ। ਇਜਰਾਈਲ- ਫਲਸਤੀਨ ਰੱਟੇ ਦੇ ਪੱਕੇ ਨਿਪਟਾਰੇ ਲਈ ਯੂ.ਐਨ.ਓ. (ਸਮੇਤ ਪ੍ਰਮੁੱਖ ਸਾਮਰਾਜੀ ਸ਼ਕਤੀਆਂ ਦੇ) ਵੱਲੋਂ ਪਾਸ ਕੀਤੇ ( ਦੋ ਸੁਤੰਤਰ ਰਾਜਾਂ-ਇਜਰਾਈਲ ਤੇ ਫਲਸਤੀਨ, ਦੀ ਸਥਾਪਨਾ ਨੂੰ ਬਕਾਇਦਾ ਮਾਨਤਾ ਦੇਣ ਦੇ ) ਫਾਰਮੂਲੇ ਨੂੰ ਨੇਤਨਯਾਹੂ ਸਮੇਤ ਹੋਰ ਕਈ ਸੱਜੇ-ਪੱਖੀ ਅਤੇ ਯਹੂਦੀ ਨਸਲਪ੍ਰਸਤ ਹਿੱਸੇ ਪ੍ਰਵਾਨ ਕਰਨ ਦੇ ਉਕਾ ਹੀ ਰੌਂਅ ’ਚ ਨਹੀਂ। ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਮੌਜੂਦਾ ਜੰਗ ਦੌਰਾਨ ਆਪਣੇ ਅਮਰੀਕਾ ਦੌਰੇ ਦੌਰਾਨ ਨੇਤਨਯਾਹੂ ਨੇ ਜੋ ਇਜਰਾਈਲੀ ਨਕਸ਼ੇ ਪ੍ਰਦਰਸ਼ਤ ਕੀਤੇ ਹਨ ਉਹਨਾਂ ਵਿਚ ਸਾਰੇ ਫਲਸਤੀਨੀ ਖੇਤਰ ਇਜਰਾਈਲ ਦਾ ਹਿੱਸਾ ਹੀ ਵਿਖਾਏ ਗਏ ਹਨ। ਇਜਰਾਈਲ ਦੀ ਕੋਸ਼ਿਸ਼ ਇਹ ਹੈ ਕਿ ਕਬਜੇ ਹੇਠਲੇ ਫਲਸਤੀਨੀ ਖੇਤਰਾਂ ’ਚੋਂ ਕਾਫੀ ਵੱਡੀ ਗਿਣਤੀ ’ਚ ਫਲਸਤੀਨੀ ਵਸੋਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਜਾਵੇ। ਇਹਨਾਂ ਖੇਤਰਾਂ ਨੂੰ ਇੰਨਾਂ ਤਹਿਸ-ਨਹਿਸ ਕਰ ਦਿੱਤਾ ਜਾਵੇ ਕਿ ਇਹ ਵਸੋਂ ਦੇ ਰਹਿਣਯੋਗ ਹੀ ਨਾ ਰਹਿਣ ਅਤੇ ਨਾ ਹੀ ਸੌਖਿਆਂ ਅਤੇ ਛੇਤੀ ਕੀਤੇ ਉਸਾਰੀ ਹੋ ਸਕੇ। 

‘‘ਜਨਰਲਾਂ ਦੀ ਵਿਉਂਤ’’  ਤੇ ਇਸ ਦੀ ਉਧੇੜ 

ਇਜਰਾਈਲੀ ਹਕੂਮਤ ਵੱਲੋਂ ਇਜਰਾਈਲ ’ਚ ਮਿਲਾਉਣ ਲਈ ਟਿੱਕੇ ਖੇਤਰਾਂ ’ਚੋਂ ਫਲਸਤੀਨੀ ਵਸੋਂ ਨੂੰਭਜਾਉਣ ਲਈ ਤਾਕਤ ਤੇ ਦਹਿਸ਼ਤ ਦੀ ਵਰਤੋਂ ਕਰਨ ਤੋਂ ਇਲਾਵਾ ਭੁੱਖੇ ਮਾਰਨ ਦੀ ਜਿਸ ਨੀਤੀ ਨੂੰ ਹੁਣ ਨੇਤਨਯਾਹੂ ਸਰਕਾਰ ਵੱਲੋਂ ਚੁੱਪ-ਚੁਪੀਤੇ ਅਮਲ ’ਚ ਲਿਆਂਦਾ ਜਾ ਰਿਹਾ ਹੈ, ਉਸ ਨੂੰ ‘‘ਜਨਰਲਾਂ ਦੀ ਵਿਉਂਤ’’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਿਉਂਤ ਇਜਰਾਈਲ ਦੀ ਨੈਸ਼ਨਲ ਸਕਿਉਰਟੀ ਕੌਂਸਲ ਦੇ ਸਾਬਕਾ ਮੁਖੀ ਜਨਰਲ ਗਿਓਰਾ ਈਲੈਂਡ ਨੇ ਪੇਸ਼ ਕੀਤੀ ਸੀ।ਨਵੰਬਰ 2023 ਤੋਂ ਬਾਅਦ ਈਲੈਂਡ ਨੇ ਭੁੱਖੇ ਮਾਰਨ ਦੀ ਇਸ ਪਾਲਿਸੀ ਨੂੰ ਸਿਰਫ ਜੰਗ ਦੇ ਇਕ ਅਮਲੀ ਤਰੀਕਾਕਾਰ ਵਜੋਂ ਹੀ ਨਹੀਂ ਸਗੋਂ ਬਕਾਇਦਾ ਸਰਕਾਰੀ ਨੀਤੀ ਦੇ ਤੌਰ ’ਤੇ ਅਪਣਾਉਣ ਦੀ ਸ਼ਰੇਆਮ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਇਸ ਨੀਤੀ ਦੀ ਜੋਰਦਾਰ ਵਕਾਲਤ ਕਰਦਿਆਂ ਲਿਖਿਆ,

‘‘ਕੌਣ ਹਨ ਗਾਜ਼ਾ ਦੀਆਂ ਇਹ ਗਰੀਬ ਔਰਤਾਂ। ਉਹ ਹਮਾਸ ਦੇ ਹਤਿਆਰੇ ਦਹਿਸ਼ਤਗਰਦਾਂ ਦੀਆਂ ਮਾਵਾਂ, ਭੈਣਾਂ ਜਾਂ ਪਤਨੀਆਂ ਹਨ...। ਕੌਮਾਂਤਰੀ ਭਾਈਚਾਰਾ ਸਾਨੂੰ ਗਾਜ਼ਾ ਚ ਸਿਰ ’ਤੇ ਮੰਡਰਾਉਂਦੇ ਮਨੁੱਖਾ ਸੰਕਟ (ਯਾਨੀ ਭੁੱਖ ਨਾਲ ਮੌਤਾਂ-ਅਨੁਵਾਦਕ) ਅਤੇ ਭਿਆਨਕ ਬਿਮਾਰੀਆ ਦੇ ਫੈਲਣ ਦੀਆਂ ਚਿਤਾਵਨੀਆਂ ਦੇ ਰਿਹਾ ਹੈ। ਸਾਨੂੰ ਅਜਿਹੀਆਂ ਗੱਲਾਂ ਤੋਂ ਘਬਰਾਉਣ ਦੀ ਜਰਾ ਵੀ ਲੋੜ ਨਹੀਂ, ਚਾਹੇ ਇਸ ਲਈ ਸਾਨੂੰ ਕਿੰਨੀਆਂ ਵੀ ਕਸੂਤੀਆਂ ਹਾਲਤਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਆਖਰਕਾਰ ਗਾਜ਼ਾ ਪੱਟੀ ਦੇ ਦੱਖਣੀ ਭਾਗ ’ਚ ਫੈਲੀ ਮਹਾਂਮਾਰੀ ਹੀ ਸਾਡੀ ਜਿੱਤ ਦਾ ਦਿਨ ਨੇੜੇ ਲਿਆਉਣ ਅਤੇ ਇਜਰਾਈਲੀ ਸੈਨਾ ਦੀਆਂ ਮੌਤਾਂ ਦੀ ਗਿਣਤੀ ਘਟਾਉਣ ਦਾ ਸਬੱਬ ਬਣੇਗੀ।’’

ਉਪਰੋਕਤ ਲਾਈਨਾਂ ਇਜਰਾਈਲ ਦੇ ਕੱਟੜ ਯਹੂਦੀ ਨਸਲਪ੍ਰਸਤਾਂ ਦੀ ਮਨੁੱਖੀ ਸੰਵੇਦਨਾ ਦੇ ਨਿਘਾਰ ਅਤੇ ਫਾਸ਼ਿਸਟ ਮਾਨਸਿਕਤਾ ਦੀ ਮੂੰਹ ਬੋਲਦੀ ਉਦਾਹਰਣ ਹੈ ਕਿ ਆਪਣੇ ਧੱਕੜ ਮਨਸੂਬਿਆਂ ਦੀ ਪੂਰਤੀ ਲਈ ਉਹ ਕਿਸ ਹੱਦ ਤੱਕ ਨੀਵੇਂ ਜਾ ਸਕਦੇ ਹਨ। 

ਇਜਰਾਈਲੀ ਹਾਕਮ ਜੁੰਡਲੀ ਭਾਵੇਂ ‘‘ਜਨਰਲਾਂ ਦੀ ਵਿਉਂਤ’’ ਨੂੰ ਲਾਗੂ ਕਰਨ ਦੇ ਰਾਹ ਪਈ ਹੋਈ ਹੈ ਪਰ ਇਸ ਨੂੰ ਜਨਤਕ ਤੌਰ ’ਤੇ ਮੰਨਣ ਬਾਰੇ ਉਸ ਵੱਲੋਂ ਹੁਣ ਤੱਕ ਚੁੱਪ ਵੱਟੀ ਹੋਈ ਹੈ। ਪਰ ਪ੍ਰਮੁੱਖ ਅਮਰੀਕੀ ਮੀਡੀਆ ਹੁਣ ਇਹ ਗੱਲ ਤਸਲੀਮ ਕਰਨ ਲੱਗ ਪਿਆ ਹੈ ਕਿ ਇਜਰਾਈਲ ਇਸ ਵਿਉਂਤ ਨੂੰ ਲਾਗੂ ਕਰ ਰਿਹਾ ਹੈ। ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਇਕ ਇਜਰਾਈਲੀ ਸਿਆਸੀ ਟਿੱਪਣੀਕਾਰ ਗੇਅਰ ਤਲਸ਼ੀਰ ਦੇ ਇਕ ਬਿਆਨ ਦਾ ਹਵਾਲਾ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ, ‘‘ਉਤਰੀ ਗਾਜ਼ਾ ’ਚ ਅੱਜ ਕੱਲ੍ਹ ਜੋ ਵਾਪਰ ਰਿਹਾ ਹੈ, ਉਹਦਾ ਇੱਕ ਪੱਖ ‘‘ਈਲੈਂਡ ਪਲੈਨ’’ ਨੂੰ ਅਮਲ ’ਚ ਲਿਆਉਣ ਹੈ।’’ 5 ਅਕਤੂਬਰ 2024 ਤੋਂ ਉੱਤਰੀ ਗਾਜ਼ਾ ਖਾਲੀ ਕਰਾਉਣ ਦੇ ਸ਼ੁਰੂ ਕੀਤੇ ਅਪ੍ਰੇਸ਼ਨ ’ਚ ਫੌਜੀ ਧਾਵੇ ਨੂੰ ਜਵਾਲੀਆ ਦੇ ਸ਼ਰਨਾਰਥੀ ਕੈਂਪ ਅਤੇ ਬੀਟ ਲਹੀਆ ਅਤੇ ਬੀਟ ਹੈਨਾਊਨ ਦੇ ਕਸਬਿਆਂ ਉੱਪਰ ਕੇਂਦਰਤ ਕੀਤਾ ਗਿਆ ਹੈ। ਜਦੋਂ ‘‘ਜਨਰਲ ਪਲੈਨ’’ ਲਾਗੂ ਕਰਨੀ ਸ਼ੁਰੂ ਕੀਤੀ ਗਈ ਸੀ, ਉਦੋਂ ਉਤਰੀ ਗਾਜ਼ਾ ’ਚ ਦੋ ਲੱਖ ਸ਼ਹਿਰੀ ਵਸੋਂ ਸੀ। ਗਾਜ਼ਾ ਸਿਵਿਲ ਡਿਫੈਂਸ ਦੇ ਅਨੁਮਾਨਾਂ ਅਨੁਸਾਰ ਇਜਰਾਈਲੀ ਫੌਜ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਉਥੋਂ ਜਬਰਨ ਹਟਾ ਜਾਂ ਮਾਰ ਚੁੱਕੀ ਹੈ। ਹੁਣ ਉੱਤਰੀ ਗਾਜ਼ਾ ’ਚ ਸਿਰਫ 80,000 ਲੋਕ ਰਹਿ ਰਹੇ ਹਨ।’’ ਗਾਜ਼ਾ ਸਿਵਿਲ ਡਿਫੈਂਸ ਅਧਿਕਾਰੀ ਅਨੁਸਾਰ ਲਗਾਤਾਰ ਮਾਰ-ਮਰਾਈ ਅਤੇ ਬੰਬਾਰੀ ਨਾਲ ਗਿਣਤੀ ਘਟਦੀ ਜਾ ਰਹੀ ਹੈ।’’

ਹੁਣ ਇਜਰਾਈਲੀ ਫ਼ੌਜ ਨੇ ਵੀ ਉੱਤਰੀ ਗਾਜ਼ਾ ਚੋਂ ਵਸੋਂ ਦੇ ਸਫ਼ਾਏ ਦੀ ਗੱਲ ਟੇਢੇ ਢੰਗ ਨਾਲ ਮੰਨ ਲਈ ਹੈ। ਇਜਰਾਈਲੀ ਸੈਨਾ ਦੇ ਬਰਗੇਡੀਅਰ ਜਨਰਲ ਇਤਜਿਕ ਕੋਹੇਨ ਨੇ ਐਲਾਨ ਕੀਤਾ ਹੈ ‘‘ਉਤਰੀ ਗਾਜ਼ਾ ਦੇ ਸ਼ਹਿਰੀਆਂ ਨੂੰ ਹੁਣ ਆਪਣੇ ਘਰਾਂ ’ਚ ਪਰਤਣ ਦੀ ਇਜਾਜਤ ਦੇਣ ਦਾ ਕੋਈ ਇਰਾਦਾ ਨਹੀਂ। ਉਸ ਨੇ ਕਿਹਾ ਕਿ ‘‘ ਉੱਤਰੀ ਗਾਜ਼ਾ ’ਚ ਮਨੁੱਖੀ ਆਧਾਰ ’ਤੇ ਕੀਤੀ ਜਾਣ ਵਾਲੀ ਰਾਹਤ ਦੀ ਸਪਲਾਈ ਦਾਖਲ ਹੋਣ ਨਹੀਂ ਦਿੱਤੀ ਜਾਵੇਗੀ ਕਿਉਂਕਿ ਹੁਣ ਏਥੇ ਕੋਈ ਵੀ ਸਿਵਲੀਅਨ ਬਾਕੀ ਨਹੀਂ ਰਿਹਾ।’’ ਪ੍ਰਤੱਖ ਦਰਸ਼ੀਆਂ ਅਨੁਸਾਰ ਹਾਲੇ ਵੀ ਉੱਥੇ ਹਜਾਰਾਂ ਫਲਸਤੀਨੀ ਬੰਬਾਰੀ ਅਤੇ ਸੋਚ ਸਮਝ ਕੇ ਠੋਸੀ ਭੁੱਖ-ਮਰੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਹਨਾਂ ਕੋਲ ਜਾਣ ਲਈ ਕਿਧਰੇ ਕੋਈ ਹੋਰ ਥਾਂ ਨਹੀਂ। 

ਗਾਜ਼ਾ’ਚ ਯਹੂਦੀ ਬਸਤੀਆਂ ਵਸਾਉਣ ਦੀ ਤਿਆਰੀ

ਜਿਸ ਵੇਲੇ ਅਮਰੀਕੀ ਵਿਦੇਸ਼ ਮੰਤਰੀ ਇਜਰਾਈਲੀ ਦੌਰੇ ਉੱਪਰ ਸੀ ਤਾਂ ਠੀਕ ਉਸੇ ਵੇਲੇ ਇਜਰਾਈਲੀ -ਗਾਜ਼ਾ ਸਰਹੱਦ ਉੱਪਰ ਯਹੂਦੀ ਕੱਟੜਪੰਥੀਆਂ ਵੱਲੋਂ ‘‘ਗਾਜ਼ਾ ’ਚ ਬਸਤੀਆਂ ਵਸਾਉਣ ਦੀ ਮੁੜ ਤਿਆਰੀ’’ ਦੇ ਬੈਨਰ ਹੇਠ ਵੱਡੀ ਰੈਲੀ ਕੀਤੀ ਗਈ। ਇਸ ਵਿਚ ਇਜਰਾਈਲ ਦੇ ਨੈਸ਼ਨਲ ਸਕਿਉਰਟੀ ਮੰਤਰੀ ਬੈਨ ਗਵੀਰ ਨੇ ਐਲਾਨ ਕੀਤਾ ਕਿ ‘‘ਅਸੀਂ ਗਾਜ਼ਾ ’ਚ ਯਹੂਦੀ ਬਸਤੀਆਂ ਵਸਾਉਣ ਦਾ ਅਮਲ ਮੁੜ ਸ਼ੁਰੂ ਕਰ ਰਹੇ ਹਾਂ।’’ ਬੈੱਨ ਗਵੀਰ ਨੇ ਇਜਰਾਈਲ ਸਰਕਾਰ ਉੱਪਰ ਜੋਰ ਪਾਇਆ ਕਿ ‘‘ਗਾਜ਼ਾ ’ਚੋਂ ਫਲਸਤੀਨੀਆਂ ਦੇ ਪਲਾਇਨ ਨੂੰ ਹੋਰ ਤੇਜ ਕੀਤਾ ਜਾਵੇ।’’ ਉਸ ਨੇ ਗਾਜ਼ਾ ’ਚ ਰਹਿੰਦੇ ਫਲਸਤੀਨੀਆਂ ਨੂੰ ਧਮਕੀ ਭਰੇ ਲਹਿਜੇ ’ਚ ਇਹ ਤਾੜਨਾ ਵੀ ਕੀਤੀ ‘‘ਅਸੀਂ ਤੁਹਾਨੂੰ ਗਾਜ਼ਾ ਛੱਡ ਕੇ ਹੋਰਨਾਂ ਮੁਲਕਾਂ ’ਚ ਚਲੇ ਜਾਣ ਦਾ ਮੌਕਾ ਦੇ ਰਹੇ ਹਾਂ। ਇਹ ਸਾਡੀ ਇਜਰਾਈਲ ਦੀ ਧਰਤੀ ਹੈ।’’ ਕਾਨਫਰੰਸ ’ਚ ਸ਼ਾਮਲ ਇਕ ਹੋਰ ਸ਼ਖਸ ਨੇ ‘‘ਸਕਾਈ ਨਿਊਜ’’ ਨਾਲ ਫਲਸਤੀਨੀਆਂ ਬਾਰੇ ਗੱਲ ਕਰਦਿਆਂ ਹੋਰ ਵੀ ਸਪਸ਼ਟ ਸ਼ਬਦਾਂ ’ਚ ਕਿਹਾ, ‘‘ਸਾਨੂੰ ਉਹਨਾਂ (ਫਲਸਤੀਨੀ ਲੋਕਾਂ) ਨੂੰ ਕਤਲ ਕਰ ਦੇਣਾ ਚਾਹੀਦਾ ਹੈ, ਉਹਨਾਂ ਦਾ ਅੰਤਮ ਬੰਦੇ ਤੱਕ ਸਫਾਇਆ ਕਰ ਦੇਣਾ ਚਾਹੀਦਾ ਹੈ। ਜੇ ਇਹ ਕੰਮ ਇਜਰਾਈਲੀ ਸਰਕਾਰ ਨਹੀਂ ਕਰਦੀ ਤਾਂ ਸਾਨੂੰ ਆਪ ਠੁੱਡੇ ਮਾਰ ਕੇ ਉਹਨਾਂ ਨੂੰ ਇਥੋਂ ਭਜਾ ਦੇਣਾ ਚਾਹੀਦਾ ਹੈ। ਇਹ ਧਰਤੀ ਸਾਡੀ ਧਰਤੀ ਹੈ।’’ ਬਿਨਾਂ ਸ਼ੱਕ ਇਜਰਾਈਲੀ ਸਰਕਾਰ ਉਹਨਾਂ ਦੇ ਬੋਲਾਂ ਉੱਤੇ ਫੁੱਲ ਚੜ੍ਹਾ ਰਹੀ ਹੈ। ਇਹਨਾਂ ਨੂੰ ਬਾਖੂਬੀ ਅਮਲ ’ਚ ਲਿਆ ਰਹੀ ਹੈ। 

ਮੀਡੀਆ ਰਿਪੋਰਟਾਂ ਅਨੁਸਾਰ ਇਜਰਾਈਲੀ ਸਰਕਾਰ ਨੇ ਅਮਰੀਕਾ ਤੋਂ ਬਹੁਤ ਹੀ ਸ਼ਕਤੀਸ਼ਾਲੀ ਡੀ-9 ਨਾਂ ਦੇ ਬੁਲਡੋਜਰ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਵਰਤੋਂ ਉੱਤਰੀ ਗਾਜ਼ਾ ’ਚੋਂ ਭਾਰੀ ਭਰਕਮ ਮਲਬਾ ਹਟਾਉਣ ਲਈ ਕੀਤੀ ਜਾਣੀ ਹੈ ਤਾਂ ਕਿ ਉੱਥੇ ਨਵੇਂ ਸਿਰਿਉਂ ਯਹੂਦੀ ਬਸਤੀਆਂ ਵਸਾਈਆਂ ਜਾ ਸਕਣ। 

ਯੂ. ਐਨ. ਸ਼ਰਨਾਰਥੀ ਰਾਹਤ ਜਥੇਬੰਦੀ ’ਤੇ ਪਾਬੰਦੀ

ਇਜਰਾਈਲ ਸਰਕਾਰ ਨੇ ਪਹਿਲਾਂ ਸੰਯੁਕਤ ਰਾਸ਼ਟਰ ਸਭਾ ਦੇ ਜਨਰਲ ਸਕੱਤਰ ਐਨਟੋਨੀਓ ਗੁਟੇਰੇਜ ਉੱਪਰ ਇਜਰਾਈਲ ਵਿਰੋਧ ਦਾ ਦੋਸ਼ ਲਾ ਕੇ ਉਸ ਦੇ ਇਜਰਾਈਲ ’ਚ ਦਾਖਲੇ ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਇਜਰਾਈਲ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕਰਕੇ ਫਲਸਤੀਨੀ ਸ਼ਰਨਾਰਥੀਆਂ ਨੂੰ ਰਾਹਤ ਅਤੇ ਸੇਵਾਵਾਂ ਮੁਹੱਈਆ ਕਰਨ ਵਾਲੀ ਜਥੇਬੰਦੀ (ਯੂ. ਐਨ. ਆਰ. ਡਬਲਯੂ. ਏ.) ਉੱਪਰ ਵੀ ਇਜਰਾਈਲ ਵਿਰੋਧੀ ਕਾਰਵਾਈਆਂ ਦਾ ਦੋਸ਼ ਲਾ ਕੇ ਉਸ ਉਤੇ ਇਜਰਾਈਲੀ ਕਬਜੇ ਹੇਠਲੇ ਫਲਸਤੀਨੀ ਖੇਤਰਾਂ ’ਚ ਵੜਨ ਉੱਤੇ ਪਾਬੰਦੀ ਲਾ ਦਿੱਤੀ ਹੈ। ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਾਰ ਦੀਆਂ ਅਨੇਕ ਜਥੇਬੰਦੀਆਂ ਨੇ ਇਸ ਪਾਬੰਦੀ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਫਲਸਤੀਨੀ ਜਨਤਾ ਨੂੰ ਸਮੂਹਕ ਸਜ਼ਾ ਦੇਣ ਦੀ ਕਾਰਵਾਈ ਗਰਦਾਨਿਆ ਹੈ। ਇਸ ਦੀ ਜੋਰਦਾਰ ਨਿਖੇਧੀ ਕੀਤੀ ਹੈ। 

ਦਰਅਸਲ, ਯੂ. ਐਨ. ਰਾਹਤ ਏਜੰਸੀ ਉੱਪਰ ਫਲਸਤੀਨੀ ਖੇਤਰਾਂ ’ਚ ਦਾਖਲੇ ਉੱਪਰ ਲਾਈ ਪਾਬੰਦੀ ਵੀ ‘‘ਜਨਰਲਾਂ ਦੀ ਵਿਉਂਤ’’ ਨੂੰ ਲਾਗੂ ਕਰਨ ਦੇ ਅਮਲ ਦਾ ਹੀ ਇੱਕ ਹਿੱਸਾ ਹੈ। ਇਸ ਦਾ ਮਕਸਦ ਸ਼ਰਨਾਰਥੀਆਂ ਲਈ ਜੀਵਨ ਰੇਖਾ ਬਣੀ ਰਾਹਤ ਯੂ. ਐਨ. ਰਾਹਤ ਨੂੰ ਉਹਨਾਂ ਤੱਕ ਪੁਜਦੀ ਕਰਨ ਤੋਂ ਰੋਕਣਾ ਹੈ। ਇਸ ਅਣਸਰਦੀ ਲੋੜ ਬਣੀ ਰਾਹਤ ਤੋਂ ਵਿਰਵੇ ਕਰਕੇ ਉਹਨਾਂ ਨੂੰ ਇਹ ਖੇਤਰ ਛੱਡ ਕੇ ਕਿਧਰੇ ਹੋਰ ਚਲੇ ਜਾਣ ਤੇ ਜਾਂ ਫਿਰ ਭੁੱਖੇ ਮਰਨ ਲਈ ਮਜਬੂਰ ਕਰਨਾ ਹੈ। ਇਸ ਦੇ ਨਾਲ ਹੀ ਇਹਨਾਂ ਖੇਤਰਾਂ ’ਚ ਰਹਿ ਰਹੇ ਲੋਕਾਂ ਬਾਰੇ ਖਬਰਸਾਰ ਬਾਹਰ ਨਿੱਕਲਣ ਤੋਂ ਰੋਕਣਾ ਹੈ। ਇਹ ਘੋਰ ਅਣਮਨੁੱਖੀ ਤੇ ਫਾਸ਼ਿਸ਼ਟ ਕਰਮ ਹੈ ਜੋ ਇਜਰਾਈਲੀ ਨਸਲਪ੍ਰਸਤ ਹਕੂਮਤ ਅੰਜਾਮ ਦੇਣ ਜਾ ਰਹੀ ਹੈ। 

ਅਮਰੀਕਨ ਸਾਮਰਾਜੀਆਂ ਦਾ ਘੋਰ ਮੁਜ਼ਰਮਾਨਾ ਰੋਲ 

ਇਜਰਾਈਲ ਵੱਲੋਂ ਫਲਸਤੀਨ ਉੱਪਰ ਥੋਪੀ ਮੌਜੂਦਾ ਹਮਲਾਵਰ ਤੇ ਵਹਿਸ਼ੀ ’ਚ ਫ਼ੌਜੀ ਕਾਰਵਾਈਆ ’ਚ ਸਿੱਧੀ ਸ਼ਮੂਲੀਅਤ ਦੇ ਪੱਧਰ ਉੱਤੇ ਅਮਰੀਕਾ ਭਾਵੇਂ ਜੰਗ ’ਚ ਧਿਰ ਨਾ ਹੋਵੇ, ਤਾਂ ਵੀ, ਇਹ ਇਸ ਜੰਗ ਚ ਗਲ ਗਲ ਤੱਕ ਡੁੱਬਿਆ ਹੋਇਆ ਹੈ। ਪਹਿਲੀ ਗੱਲ, ਅਮਰੀਕਾ ਦੀ ਹੀ ਬਰਾਊਨ ਯੂਨੀਵਰਸਿਟੀ ਦੇ ਇਕ ਅਧਿਐਨ ਮੁਤਾਬਕ ਇਸ ਜੰਗ ਦੇ ਪਹਿਲੇ ਸਾਲ ਦੇ ਅਰਸੇ ਦੌਰਾਨ ਹੀ, ਇਜਰਾਈਲ ਦੀ ਜੰਗੀ ਮਸ਼ੀਨ ਨੂੰ ਅਧੁਨਿਕ ਹਥਿਆਰਾਂ ਨਾਲ ਲੈਸ ਕਰਨ ਅਤੇ ਮੱਧ-ਪੂਰਬ ’ਚ ਇਜਰਾਈਲ ਦੇ ਪੱਖ ’ਚ ਆਪਣੇ ਵੱਲੋਂ ਕੀਤੀਆਂ ਤਾਇਨਾਤੀਆਂ ਤੇ ਕਾਰਵਾਈਆਂ ਉਤੇ, ਅਮਰੀਕਾ ਘੱਟੋ-ਘੱਟ 22.8 ਬਿਲੀਅਨ ਡਾਲਰ ਖਰਚ ਕਰ ਚੁੱਕਿਆ ਹੈ। ਲਗਭਗ 18 ਬਿਲੀਅਨ ਡਾਲਰ ਸਿੱਧੀ ਫੌਜੀ ਸਹਾਇਤਾ ਦੇ ਰੂਪ ਵਿਚ ਦੇ ਕੇ ਇਜਰਾਈਲ ਨੂੰ ਸਟੀਕ ਮਾਰ ਕਰਨ ਵਾਲੇ ਅਸਲੇ, ਜਮੀਨਦੋਜ ਬੰਕਰ ਤੋੜਨ ਵਾਲੇ ਬੰਬਾਂ, ਜੰਗੀ ਜਹਾਜਾਂ, ਡਰੋਨਾਂ, ਪੈਟਰੀਆਰ ਅਤੇ ਥਾਡ ਜਿਹੀਆਂ ਰੱਖਿਆ ਪ੍ਰਣਾਲੀਆਂ, ਸ਼ਕਤੀਸ਼ਾਲੀ ਮਿਜਾਈਲਾਂ ਤੇ ਹੋਰ ਅਨੇਕ ਪ੍ਰਕਾਰ ਦੇ ਘਾਤਕ ਅਸਲੇ ਤੇ ਗੋਲਾ ਬਾਰੂਦ ਨਾਲ ਲੈਸ ਕੀਤਾ ਗਿਆ ਹੈ। ਇਜਰਾਈਲ ਨੇ ਫ਼ੌਜੀ ਅਸਲੇ ਦੀ ਵਰਤੋਂ ਕਰਕੇ ਵਿਆਪਕ ਪੱਧਰ ’ਤੇ ਜਾਨ ਅਤੇ ਮਾਲ ਦੀ ਤਬਾਹੀ ਕੀਤੀ ਹੈ-ਸਮੁੱਚਾ ਰਿਹਾਇਸ਼ੀ ਅਤੇ ਹੋਰ ਤਾਣਾ-ਬਾਣਾ ਤਬਾਹ ਕੀਤਾ ਗਿਆ ਹੈ। ਦੂਜੇ, ਅਮਰੀਕੀ ਸਾਮਰਾਜੀਆਂ ਦਾ ਸਮੁੱਚਾ ਸੂਹੀਆ ਤੰਤਰ ਅਤੇ ਯੁੱਧਨੀਤਕ ਤਾਣਾ-ਬਾਣਾ ਇਜਰਾਈਲ ਦੀ ਹਮਾਇਤ ’ਚ ਤਾਇਨਾਤ ਹੈ । ਇਰਾਨ, ਸੀਰੀਆ ਅਤੇ ਯਮਨ ਆਦਿਕ ਮੁਲਕਾਂ ’ਤੇ ਇਜਰਾਈਲ ਵੱਲੋਂ ਕੀਤੇ ਹਵਾਈ ਤੇ ਮਿਜਾਈਲ ਹਮਲਿਆਂ ’ਚ ਇਹਨਾਂ ਤੰਤਰਾ ਦੀ ਵਰਤੋਂ ਕੀਤੀ ਜਾ ਰਹੀ ਹੈ। ਤੀਜੇ, ਅਮਰੀਕੀ ਸਾਮਰਾਜੀਏ ਹਮੇਸ਼ਾ ਦੀ ਤਰ੍ਹਾਂ ਇਸ ਜੰਗ ’ਚ ਵੀ, ਨਾ ਸਿਰਫ ਆਪ, ਕੂਟਨੀਤਕ ਮਦਦ ਪੱਖੋਂ, ਇਜਰਾਈਲ ਦੀ ਬਚਾਅ-ਢਾਲ ਬਣੇ ਹੋਏ ਹਨ, ਸਗੋਂ ਉਹਨਾਂ ਨੇ ਆਪਣਾ ਦਬਾਅ ਅਤੇ ਪ੍ਰਭਾਵ ਵਰਤ ਕੇ ਨਾ ਸਿਰਫ਼ ਪੱਛਮ ਦੇ ਸਾਮਰਾਜੀ ਅਤੇ ਸਰਮਾਏਦਾਰ ਮੁਲਕਾਂ ਨੂੰ ਬਲਕਿ ਹੋਰਨਾਂ ਅਨੇਕ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਇਜਰਾਈਲ ਦੀ ਹਮਾਇਤ ਕਰਨ ਅਤੇ ਫਲਸਤੀਨ ਦੀ ਹਮਾਇਤ ਨੂੰ ਦਬਾਉਣ ਕੁਚਲਣ ਲਈ ਤੁੰਨਿਆ ਹੈ। ਚੌਥੇ, ਅਖਬਾਰਾਂ, ਇਲੈਕਟਰੋਨਿਕ ਮੀਡੀਆ ਅਤੇ ਇੰਟਰਨੈਟ ਉੱਪਰ ਸਾਮਰਾਜੀ ਗਲਬੇ ਦੀ ਵਰਤੋਂ ਕਰਕੇ ਫਲਸਤੀਨੀ ਕੌਮੀ ਮੁਕਤੀ ਸ਼ਕਤੀਆਂ ਬਾਰੇ ਗੁਮਰਾਹਕੁਨ ਭੰਡੀ ਪ੍ਰਚਾਰ ਅਤੇ ਇਜਰਾਈਲ ਨੂੰ ਦਹਿਸ਼ਤਗਰਦੀ ਦਾ ਸ਼ਿਕਾਰ ਬਣਾ ਕੇ ਪੇਸ਼ ਕਰਨ ਦੀ ਮੁਹਿੰਮ ਚਲਾਈ ਹੋਈ ਹੈ। ਜਾਣਕਾਰ ਸੂਤਰਾਂ ਮੁਤਾਬਕ ਮੌਜੂਦਾ ਸਮੇਂ ਇਜਰਾਈਲ ਦੇ ਜੰਗੀ ਖਰਚਿਆਂ ਦਾ 70 ਫੀਸਦ ਹਿੱਸਾ, ਹਾਲ ਦੀ ਘੜੀ, ਅਮਰੀਕਾ ਫਾਈਨਾਂਸ ਕਰ ਰਿਹਾ ਹੈ। ਇਹ ਗੱਲ ਕੌਮਾਂਤਰੀ ਹਲਕਿਆਂ ’ਚ ਇਕ ਨਿਰਵਿਵਾਦ ਸਚਾਈ ਹੈ ਕਿ ਅਮਰੀਕਾ ਦੀ ਅਜਿਹਾ ਗਰੰਟੀ-ਸ਼ੁਦਾ ਅਤੇ ਗਹਿ-ਗੱਡਵੀਂ ਮਦਦ, ਸ਼ਹਿ ਤੇ ਹੱਲਾਸ਼ੇਰੀ ਬਿਨਾਂ ਇਜਰਾਈਲ ਅਜਿਹਾ ਜੋਖਮ ਸਹੇੜ ਹੀ ਨਹੀੰ ਸਕਦਾ ਸੀ। ਇਸ ਲਈ ਇਹ ਹਮਲਾਵਰ ਜੰਗ ਦਾ ਇਕੱਲਾ ਇਜਰਾਈਲ ਹੀ ਮੁਜ਼ਰਿਮ ਨਹੀਂ ਸਗੋਂ ਅਮਰੀਕਾ ਵੀ ਇਕ ਵੱਡਾ ਮੁਜ਼ਰਿਮ ਹੈ। ਇਜਰਾਈਲੀ ਫਾਸਿਸ਼ਟ ਰਾਜ ਦੇ ਨਾਲ ਨਾਲ ਅਮਰੀਕਨ ਸਾਮਰਾਜ ਵੀ ਕੌਮੀ ਮੁਕਤੀ ਸ਼ਕਤੀਆਂ ਅਤੇ ਇਨਸਾਫ਼ਪਸੰਦ ਲੋਕਾਂ ਦੇ ਰੋਹ ਅਤੇ ਵਿਰੋਧ ਦਾ ਸਿੱਧਾ ਚੋਟ-ਨਿਸ਼ਾਨਾ ਬਣਨਾ ਚਾਹੀਦਾ ਹੈ। 

ਇਜਰਾਈਲੀ ਹੁਕਮਰਾਨ ਜੁੰਡਲੀ ਆਪਣੇ ਚੰਦਰੇ ਮਨਸੂਬਿਆਂ ਦੀ ਪੂਰਤੀ ਲਈ ਹਾਲੇ ਜੰਗਬੰਦੀ ਕਰਨ ਦੇ ਉੱਕਾ ਹੀ ਰੌਂਅ ’ਚ ਨਹੀਂ। ਹੁਣ ਜੰਗਬੰਦੀ ਦੀ ਗੱਲਬਾਤ ਵੀ ਸਾਹ ਸਤਹੀਣ ਹੋ ਕੇ ਰੁਲ ਗਈ ਹੈ। ਅਮਰੀਕਾ ਸਿਰਫ ਆਪਣੀ ਸ਼ਾਖ ਬਚਾਉਣ ਲਈ ਹੀ ਜੰਗਬੰਦੀ, ਗਾਜਾਂ ’ਚ ਮਨੁੱਖੀ ਰਾਹਤ ਸਪਲਾਈ ਵਧਾਉਣ, ਫਲਸਤੀਨੀ ਨਸਲੀ ਸਫਾਇਆ ਬੰਦ ਕਰਨ ਜਾਂ ਹੋਰ ਇਹੋ ਜਿਹੀਆਂ ਗੱਲਾਂ ਬਾਰੇ ਫਰੇਬੀ ਬਿਆਨ ਦਿੰਦਾ ਹੈ। ਢਿੱਡੋਂ -ਚਿੱਤੋਂ ਇਜਰਾਈਲ ਨੂੰ ਸ਼ਹਿ ਦੇ ਰਿਹਾ ਹੈ। ਹਥਿਆਰਾਂ ਦੀ ਸਪਲਾਈ ਤੇ ਕੂਟਨੀਤਕ ਹਮਾਇਤ ਦੇ ਗਹਿ-ਗੱਡਵੇਂ ਭਰੋਸੇ ਦਿੰਦਾ ਆ ਰਿਹਾ ਹੈ। ਜਾਹਰ ਹੈ ਹਾਲੇ ਅਮਰੀਕਨ ਸਾਮਰਾਜੀਏ ਵੀ ਆਪਣੇ ਗੁੱਝੇ ਮਨਸੂਬਿਆਂ ਲਈ ਜੰਗ ਨੂੰ ਹੋਰ ਲਟਕਾਉਣਾ ਜਾਂ ਵਧਾਉਣਾ ਚਾਹੁੰਦੇ ਹਨ। 

ਜੰਗ ਦਾ ਫੈਲਾਅ ਤੇ ਸੰਭਾਵਨਾਵਾਂ

ਇਜਰਾਈਲ-ਫਲਸਤੀਨ ਜੰਗ ਹੁਣ ਸਿਰਫ ਕਬਜੇ ਹੇਠਲੇ ਫਲਸਤੀਨੀ ਖੇਤਰਾਂ ਤੱਕ ਸੀਮਤ ਨਾ ਰਹਿ ਕੇ ਖਾੜੀ ਖੇਤਰ ਦੇ ਕਈ ਦੇਸ਼ਾਂ ਤੱਕ ਫੈਲ ਗਈ ਹੈ। ਇਜਰਾਈਲੀ ਸੈਨਾ ਵੱਲੋਂ ਇਰਾਨ ’ਚ ਹਮਾਸ ਆਗੂ ਇਸਮਾਇਲ ਹਨੀਯੇਹ ਦਾ ਕਤਲ ਕੀਤਾ ਗਿਆ। ਡਮਸਕਸ ’ਚ ਇਰਾਨ ਦੇ ਸਫਾਰਤਖਾਨੇ ’ਤੇ ਹਮਲਾ ਕਰਕੇ ਕਈ ਉੱਚ-ਕੋਟੀ ਫੌਜੀ ਅਫਸਰਾਂ ਦਾ ਕਤਲ ਕੀਤਾ ਗਿਆ। ਇਹਨਾਂ ਕਤਲਾਂ ਦੇ ਜੁਆਬ ’ਚ ਪਹਿਲੀ ਅਕਤੂਬਰ ਨੂੰ 180 ਮਿਜਾਈਲ ਇਜਰਾਈਲ ਉੱਤੇ ਦਾਗੇ। ਸਤੰਬਰ ਮਹੀਨੇ ’ਚ ਲਿਬਨਾਨ ’ਚ ਹਿਜਬੁਲਾ ਨੂੰ ਨਿਸ਼ਾਨਾ ਬਣਾਉਣ ਲਈ ਪੇਜਰ, ਵਾਕੀ-ਟਾਕੀ ਤੇ ਸੋਲਰ ਉਪਕਰਨਾਂ ’ਚ ਇਜਰਾਈਲੀ ਜੰਗੀ ਤੰਤਰ ਵੱਲੋਂ ਧਮਾਕੇ ਕਰਵਾਏ ਗਏ ਜਿਹਨਾਂ ’ਚ 40 ਦੇ ਕਰੀਬ ਲੋਕ ਮਾਰੇ ਗਏ ਤੇ ਸੈਂਕੜਿਆਂ ਦੀ ਗਿਣਤੀ ’ਚ ਜਖਮੀ ਹੋਏ। ਸਤੰਬਰ ਮਹੀਨੇ ’ਚ ਹੀ ਇਜਰਾਈਲ ਨੇ ਬੈਰੂਤ ’ਚ 80 ਦੇ ਕਰੀਬ ਬੰਕਰ ਬਸਟਰ ਬੰਬਾਂ ਦੀ ਵਰਖਾ ਕਰਕੇ ਹਿਜਬੁੱਲਾ ਚੀਫ ਹਸਨ ਨਸਰੁੱਲਾ ਤੇ ਫਿਰ 3 ਅਕਤੂਬਰ ਨੂੰ ਹਿਜਬੁੱਲਾ ਦੇ ਇਕ ਹੋਰ ਚੋਟੀ ਦੇ ਆਗੂ ਸੈਫੀਦੀਨ ਦੀ ਹੱਤਿਆ ਕੀਤੀ ਗਈ। ਯਮਨ ਤੇ ਹੂਤੀ ਬਾਗੀਆਂ ਉੱਤੇ ਹਮਲੇ ਕੀਤੇ ਗਏ। ਫਿਰ ਲੈਬਨਾਨ ਵਿਰੱਧ ਹਵਾਈ ਤੇ ਜ਼ਮੀਨੀ ਜੰਗ ਵਿੱਢ ਕੇ ਭਾਰੀ ਤਬਾਹੀ ਮਚਾਈ ਗਈ ਜਿਸ ਵਿਚ ਲਗਭਗ 3000 ਦੇ ਕਰੀਬ ਲੋਕ ਮਾਰੇ ਗਏ, ਬੈਰੂਤ ਦਾ ਕਾਫੀ ਵੱਡਾ ਹਿੱਸਾ ਮਲਬੇ ਦੇ ਢੇਰ ’ਚ ਬਦਲ ਦਿੱਤਾ। ਇਹ ਹਮਲੇ ਤੇ ਮੋੜਵੇਂ ਹਮਲਿਆਂ ਦੇ ਰੂਪ ’ਚ ਜੰਗ ਜਾਰੀ ਹੈ ਜਿਸ ਨਾਲ ਇਸ ਦੇ ਇਕ ਵਿਆਪਕ ਖੇਤਰੀ ਜੰਗ ਜਾਂ ਫਿਰ ਸੰਸਾਰ ਜੰਗ ’ਚ ਫੈਲਣ ਦੇ ਅੰਦੇਸ਼ੇ ਪ੍ਰਗਟਾਏ ਜਾ ਰਹੇ ਹਨ। ਇਹ ਹਾਲਤ ਕਿਸ ਕਰਵਟ ਮੋੜਾ ਲੈਂਦੀ ਹੈ, ਇਹ ਮੁੱਖ ਤੌਰ ’ਤੇ ਅਮਰੀਕੀ ਸਾਮਰਾਜ ਅਤੇ ਇਜਰਾਈਲ ਸਰਕਾਰ ਦੀ ਦੀ ਯੁੱਧਨੀਤਕ ਵਿਉਂਤ ਅਤੇ ਗਿਣਤੀਆਂ-ਮਿਣਤੀਆਂ ਉੱਪਰ ਨਿਰਭਰ ਹੈ। ਹਾਲਾਤ ਦੇ ਭਾਵੀ ਵਿਨਾਸ਼ ਦੀ ਅਟਕਲ ਲਾਉਣ ਪੱਖੋਂ ਹਾਲੇ ਤੱਕ ਨਾ ਹੀ ਇਜਰਾਈਲ ਅਤੇ ਨਾ ਹੀ ਅਮਰੀਕਨ ਸਾਮਰਾਜੀਆਂ ਨੇ ਇਸ ਜੰਗ ਨੂੰ ਸਮੇਟਣ ਦੇ ਨਜਰੀਏ ਤੋਂ ਆਪਣੇ ਟੀਚਿਆਂ ਦਾ ਖੁਲਾਸਾ ਕਰਕੇ ਪੱਤੇ ਖੋਹਲੇ ਹਨ। 

ਜਿੱਥੋਂ ਤੱਕ ਇਜਰਾਈਲੀ ਸਰਕਾਰ ਦਾ ਸਬੰਧ ਹੈ, ਬਿਨਾਂ ਸ਼ੱਕ ਇਜਰਾਈਲੀ ਸੈਨਾ ਹਮਾਸ ਦੀ ਚੋਟੀ ਲੀਡਰਸ਼ਿੱਪ ਦਾ ਕਾਫੀ ਵੱਡਾ ਨੁਕਸਾਨ ਕਰਨ ’ਚ, ਇਸ ਦਾ ਜਥੇਬੰਦਕ ਤੇ ਫੌਜੀ ਤਾਣਾ-ਬਾਣਾ ਅਸਤ-ਵਿਅਸਤ ਕਰਨ, ਇਸਦੇ ਹਮਾਇਤੀ ਆਧਾਰ ਨੂੰ ਉਖੇੜਨ ਤੇ ਇਕ ਹੱਦ ਤੱਕ ਨਸ਼ਟ ਕਰਨ ਅਤੇ ਸੰਚਾਰ ਤੇ ਸਪਲਾਈ ਲੜੀਆਂ ਨਸ਼ਟ ਕਰਨ ਰਾਹੀਂ ਹਮਾਸ ਲਈ ਵੱਡੀਆਂ ਅਪ੍ਰੇਸ਼ਨਲ ਅਤੇ ਪੂਰਤੀ ਸਮੱਸਿਆਵਾਂ ਪੈਦਾ ਕਰਨ ਤੇ ਵਧਾਉਣ ’ਚ ਕਾਮਯਾਬ ਰਹੀ ਹੈ।ਹਮਾਸ ਨੂੰ ਆਪਣੇ ਜਥੇਬੰਦਕ ਅਤੇ ਅਪਰੇਸ਼ਨਲ ਢਾਂਚੇ ਨੂੰ ਨੌ-ਬਰ-ਨੌ ਕਰਨ ਅਤੇ ਮੁੜ ਇਕ ਅਸਰਦਾਰ ਅਪਰੇਸ਼ਨਲ ਸ਼ਕਤੀ ਬਣਨ ਲਈ ਕਾਫੀ ਖਰਚ , ਖੇਚਲ ਅਤੇ ਸਮਾਂ ਦਰਕਾਰ ਹੋਵੇਗਾ। 

ਇਜਰਾਈਲ ਸਰਕਾਰ ਨੂੰ ਵੀ ਕਈ ਨਾਂਹ-ਪੱਖੀ ਅੰਸ਼ਾਂ ਦਾ ਸਾਹਮਣਾ ਹੈ। ਸਭ ਤੋਂ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਅਗਵਾ ਇਜਰਾਈਲੀ ਬੰਦੀਆਂ ਦੀ ਰਿਹਾਈ ਦਾ ਹੈ। ਇਸ ਸ਼ਕਤੀਸ਼ਾਲੀ ਸਮਝੀ ਜਾਦੀ ਸੈਨਾ ਲਈ ਸਭ ਤੋਂ ਵੱਡੀ ਇਸ ਦੀ ਅਗਵਾ ਬੰਦਿਆਂ ਨੂੰ ਛੁਡਵਾ ਸਕਣ ਪੱਖੋਂ ਇਸ ਦੀ ਉਘੜਵੀਂ ਨਾਕਾਮੀ ਹੈ। ਇਜਰਾਈਲ ਦੀ ਸੈਨਾ ਅਤੇ ਸੂਹੀਆ ਤੰਤਰ ਸਾਲ ਭਰ ਤੋਂ ਲੰਮੀ ਜੰਗ ਅਤੇ ਗਾਜ਼ਾ ਦਾ ਚੱਪਾ ਚੱਪਾ ਛਾਨਣ ਤੋਂ ਬਾਅਦ ਵੀ ਅਗਵਾ ਬੰਦੀਆਂ ਦਾ ਖੁਰਾ ਖੋਜ ਨਹੀਂ ਲੱਭ ਸਕੀ। ਇਸ ਮਸਲੇ ਨੂੰ ਲੈ ਕੇ ਇਜਰਾਈਲੀ ਜਨਤਾ ਅੰਦਰ ਭਾਰੀ ਬੇਚੈਨੀ ਅਤੇ ਨੇਤਨਯਾਹੂ ਸਰਕਾਰ ਵਿਰੁੱਧ ਜਬਰਦਸਤ ਰੋਹ ਹੈ, ਵਿਰੋਧ ਲਹਿਰ ਹੈ। ਜੰਗਬੰਦੀ ਕਰਨ ਰਾਹੀਂ ਅਗਵਾ ਬੰਦੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਦਬਾਅ ਹੈ। ਇਹ ਮਸਲੇ ਨੇਤਨਯਾਹੂ ਸਰਕਾਰ ਲਈ ਦੁਖਦੀ ਰਗ ਹੈ। ਅਗਵਾ ਬੰਦੀਆਂ ਦੀ ਰਿਹਾਈ ’ਚ ਹੋਰ ਦੇਰੀ ਹੋਣ ਨਾਲ ਇਹ ਦਬਾਅ ਹੋਰ ਵਧਣਾ ਹੈ। ਦੂਜਾ ਨਾਂਹ-ਪੱਖੀ ਪਹਿਲੂ ਇਹ ਹੈ ਕਿ ਜੰਗੀ ਖਰਚਿਆਂ ਨੇ ਇਜਰਾਈਲ ਦੇ ਅਰਥਚਾਰੇ ਦਾ ਧੂੰਆਂ ਕੱਢ ਦਿੱਤਾ ਹੈ। ਬਜਟ ਸੋਮੇ ਜੰਗੀ ਖਰਚਿਆਂ ਵੱਲ ਸਰਕ ਜਾਣ ਨਾਲ ਵਿਕਾਸ ਅਤੇ ਹੋਰ ਜਨਤਕ ਭਲਾਈ ਦੇ ਕਾਰਜਾਂ ਲਈ ਖਰਚਿਆਂ ਤੇ ਕੱਟ ਲਗਦੀ ਹੈ। ਕਰਜੇ ਦਾ ਭਾਰ ਵਧਦਾ ਹੈ। ਇਜਰਾਈਲੀ ਆਵਾਮ ਅੰਦਰ ਜੰਗ ਜਾਰੀ ਰੱਖਣ ਵਿਰੁੱਧ ਰੋਸ ਤੇ ਵਿਰੋਧ ਵਧ ਰਿਹਾ ਹੈ। ਇਹ ਅੰਦਰੂਨੀ ਸ਼ਾਂਤੀ ਤੇ ਸਥਿਰਤਾ ਦੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਤੀਜੇ, ਇਜਰਾਈਲ ਵੱਲੋਂ ਕੀਤੇ ਜਾ ਰਹੇ ਫਲਸਤੀਨੀ ਆਵਾਮ ਦੇ ਜਨਤਕ ਕਤਲੇਆਮ ਵਿਰੁੱਧ ਇਜਰਾਈਲ ਅੰਦਰ ਵੀ ਤੇ ਦੁਨੀਆਂ ਭਰ ਦੇ ਲੋਕਾਂ ਅੰਦਰ ਵੀ ਰੋਸ ਹੋਰ ਤਿੱਖਾ ਹੋ ਰਿਹਾ ਹੈ। ਇਜਰਾਈਲ ਦਾ ਕੌਮਾਂਤਰੀ ਭਾਈਚਾਰੇ ਅੰਦਰ ਨਿਖੇੜਾ ਵਧ ਰਿਹਾ ਹੈ ਤੇ ਉਸ ਉੱਪਰ ਜੰਗਬੰਦੀ ਲਈ ਦਬਾਅ ਹੋਰ ਵਧਣਾ ਹੈ। ਅਮਰੀਕਾ ਵਿਚ ਨਵੇਂ ਰਾਸ਼ਟਰਪਤੀ ਦੇ ਕਾਰਜਕਾਰੀ ਹੋਣ ਬਾਅਦ ਉਹਨਾਂ ਦੇ ਇਸ ਖਿੱਤੇ ਅੰਦਰ ਲਾਗੂ ਕੀਤੀ ਜਾਣ ਵਾਲੀ ਨੀਤੀ ਤੇ ਵਿਉਂਤ ਨੇ ਵੀ ਇਜਰਾਈਲੀ ਰਵੱਈਏ ਨੂੰ ਪ੍ਰਭਾਵਤ ਕਰਨਾ ਹੈ।

ਹਾਲ ਦੀ ਘੜੀ ਇਜਰਾਈਲੀ ਸਰਕਾਰ ਵੱਲੋਂ ਗਾਜ਼ਾ ਖੇਤਰ ’ਚ ਜੋ ਕਦਮ ਚੁੱਕੇ ਜਾ ਰਹੇ ਹਨ, ਉਹਨਾਂ ਤੋਂ ਇਹੀ ਸੰਕੇਤ ਮਿਲਦਾ ਜਾਪਦਾ ਹੈ ਕਿ ਇਜਰਾਈਲ ਸਰਕਾਰ ਗਾਜ਼ਾ ਦੇ ਉਤਰੀ ਭਾਗ ਅਤੇ ਸੰਭਾਵਤ ਤੌਰ ’ਤੇ ਪੱਛਮੀ ਕਿਨਾਰੇ ਦੇ ਕੁੱਝ ਜਾਂ ਸਮੁੱਚੇ ਹਿੱਸੇ ਨੂੰ ਬਕਾਇਦਾ ਇਜਰਾਈਲੀ ਪ੍ਰਭੂਸਤਾ ਹੇਠ ਲਿਆਉਣ ਲਈ ਰੱਸੇ ਪੈੜੇ ਵੱਟ ਰਹੀ ਹੀ। ਇਸੇ ਲਈ ਹੀ ਉਹ ਉਤਰੀ ਗਾਜ਼ਾ ਚੋਂ ਵੱਧ ਤੋਂ ਵੱਧ ਫਲਸਤੀਨੀ ਵਸੋਂ ਨੂੰ ਦਹਿਸ਼ਤ , ਤਾਕਤ ਅਤੇ ਰਾਸ਼ਨ ਸਪਲਾਈ ਬੰਦ ਕਰਨ ਜਿਹੇ ਕਦਮ ਚੁੱਕ ਕੇ ਪਲਾਇਨ ਕਰਨ ਲਈ ਮਜਬੂਰ ਕਰ ਰਹੀ ਹੈ। ਉਹ ਫਲਸਤੀਨ ਵਸੋਂ ਨੂੰ ਸੀਮਤ ਤੇ ਛੋਟੇ ਇਲਾਕਿਆਂ ’ਚ ਤੂੜਨਾ ਚਾਹੁੰਦੀ ਹੈ ਤਾਂ ਕਿ ਉਹਨਾੰ ਨੂੰ ਘੇਰ ਕੇ ਸਖਤ ਨਿਗਰਾਨੀ ਅਤੇ ਕੰਟਰੋਲ ਹੇਠ ਰੱਖਿਆ ਜਾ ਸਕੇ। 

ਲੈਬਨਾਨ ’ਚ ਹਿਜਬੁੱਲਾ ਦੇ ਮਾਮਲੇ ’ਚ ਜਾਪਦਾ ਹੈ, ਉਸ ਲਈ ਸਥਿੱਤੀ ਵਧੇਰੇ ਕਠਿਨ ਤੇ ਗੁੰਝਲਦਾਰ ਹੈ। ਭਾਵੇਂ ਇਜਰਾਈਲੀ ਸੈਨਾ ਨੇ ਹਿਜਬੁੱਲਾ ਦੇ ਕੁੱਝ ਚੋਟੀ ਆਗੂਆਂ ਨੂੰ ਮਾਰ ਦਿੱਤਾ ਹੈ ਪਰ ਫਿਰ ਵੀ ਉਹ ਇਸ ਦੀ ਅਪਰੇਸ਼ਨਲ ਕਮਰ ਨਹੀਂ ਤੋੜ ਸਕੀ। ਜਮੀਨੀ ਲੜਾਈ ’ਚ ਵੀ ਉਹ ਕੋਈ ਵੱਡੀ ਸਫਲਤਾ ਹਾਸਲ ਨਹੀਂ ਕਰ ਸਕੀ। ਸਗੋਂ ਕਾਫੀ ਜਾਨੀ ਨੁਕਸਾਨ ਵੀ ਉਠਾਉਣਾ ਪਿਆ ਹੈ। ਇਹ ਹਿਜਬੁੱਲਾ ਦੀ ਸਰਗਰਮੀ ਵਾਲੇ ਲਿਬਨਾਨੀ ਖੇਤਰ ਨੂੰ ਜੇ ਆਪਣੇ ਕਬਜੇ ’ਚ ਲੈ ਵੀ ਲਵੇ ਤਾਂ ਵੀ ਉਹਦੇ ਲਈ ਉਥੇ ਕਬਜਾ ਬਣਾਈ ਰੱਖਣਾ ਕਠਨ ਹੋਵੇਗਾ-ਕਾਫੀ ਮਹਿੰਗਾ ਵੀ ਪੈ ਸਕਦਾ ਹੈ। ਇਜਰਾਈਲ ਦੀ ਇਸ ਖੇਤਰ ’ਚ ਹਾਲੇ ਵੀ ਉਹੀ ਵੱਡੀ ਸਮੱਸਿਆ ਬਰਕਰਾਰ ਹੈ ਕਿ ਉਹ ਲਿਬਨਾਨ ਬਾਰਡਰ ਨਾਲ ਪੈਂਦੇ ਕਾਫੀ ਵੱਡੇ ਖੇਤਰ ’ਚ ਇਜਰਾਈਲੀ ਨਾਗਰਿਕਾਂ ਦੀ ਹਿਜਬੁੱਲਾ ਦੇ ਮਿਜਾਈਲ ਹਮਲਿਆਂ ਤੋਂ ਸੁਰੱਖਿਆ ਯਕੀਨੀ ਨਹੀਂ ਕਰ ਪਾ ਰਹੀ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਪ੍ਰਸ਼ਾਸ਼ਨ ਤੇ ਇਜਰਾਈਲ ਲੈਬਨਾਨ ਉੱਪਰ ਦਬਾਅ ਪਾ ਰਹੇ ਹਨ ਕਿ ਉਹ ਲੈਬਨਾਨ ਨਾਲ ਲਗਦੇ ਬਾਰਡਰ ’ਤੇ ਲੈਬਨਾਨੀ ਫੌਜ ਤਾਇਨਾਤ ਕਰੇ, ਬਾਰਡਰ ’ਤੇ ਪੈਂਦੇ ਲੈਬਨਾਨੀ ਖੇਤਰ ’ਚੋਂ ਹਿਜਬੁੱਲਾ ਨੂੰ ਹਟਾਵੇ, ਬਾਰਡਰ ਨਾਲ ਲੈਬਨਾਨੀ ਖੇਤਰ ’ਚ ਇਕ ਵਿਆਪਕ ਸੁਰੱਖਿਆ ਪੱਟੀ ਬਣਾਵੇ ਜਿਸ ’ਚ ਲੋੜ ਪੈਣ ’ਤੇ ਇਜਰਾਈਲੀ ਫੌਜ ਬੇਰੋਕ-ਟੋਕ ਦਾਖਲ ਹੋ ਸਕੇ। ਇਸ ਪੱਖੋਂ ਕੀ ਰਿੱਝ ਪੱਕ ਰਿਹਾ ਹੈ ਉਸ ਦੀ ਕੋਈ ਸਪਸ਼ਟ ਤਸਵੀਰ ਸਾਹਮਣੇ ਨਹੀਂ ਆਈ। 

ਜੰਗਬੰਦੀ ਜਾਂ ਜੰਗ ਦੇ ਭਵਿੱਖੀ ਵਿਕਾਸ ਪੱਖੋਂ ਬਹੁਤ ਕੁੱਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਮਰੀਕਾ ਦਾ ਹੁਕਮਰਾਨ ਬਣਨ ਵਾਲਾ ਟਰੰਪ ਪ੍ਰਸ਼ਾਸ਼ਨ ਆਪਣੀ ਸੰਸਾਰ ਯੁੱਧਨੀਤਕ ਵਿਉਂਤ ਨੂੰ ਅੱਗੇ ਵਧਾਉਣ ਲਈ ਕਿਹੋ ਜਿਹੀਆਂ ਤਰਜੀਹਾਂ ਅਤੇ ਨੀਤੀ ਕਦਮ ਤਹਿ ਕਰਦਾ ਹੈ ਅਤੇ ਉਹਨਾਂ ਨੂੰ ਮੱਧ-ਪੂਰਬ ਖੇਤਰ ਦੀਆਂ ਸਮੱਸਿਆਵਾਂ ਨਾਲ ਕਿਵੇਂ ਸੁਮੇਲਦਾ ਹੈ। 

--੦--   

No comments:

Post a Comment