Monday, November 25, 2024

ਗਦਰੀ ਬਾਬਿਆਂ ਦੇ ਮੇਲੇ ’ਚੋਂ ਸੁਣੀ ਫਲਸਤੀਨ ਖ਼ਿਲਾਫ਼ ਜੰਗ ਦੇ ਵਿਰੋਧ ਦੀ ਗੂੰਜ

 

ਗਦਰੀ ਬਾਬਿਆਂ ਦੇ ਮੇਲੇ ’ਚੋਂ ਸੁਣੀ ਫਲਸਤੀਨ ਖ਼ਿਲਾਫ਼ ਜੰਗ ਦੇ ਵਿਰੋਧ ਦੀ ਗੂੰਜ

ਮਾਰਚ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਪੁੱਜੇ ਵਿਦਿਆਰਥੀ 

ਗਦਰੀ ਬਾਬਿਆਂ ਦੇ 33ਵੇਂ ਮੇਲੇ ’ਚ ਫਲਸਤੀਨ ਦੇ ਕੌਮੀ ਮੁਕਤੀ ਸੰਘਰਸ਼ ਦੀ ਹਮਾਇਤੀ ਗੂੰਜ ਸੁਣਾਈ ਦਿੱਤੀ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ’ਚ ਸੈਂਕੜੇ ਵਿਦਿਆਰਥੀ ਫਲਸਤੀਨ ਦੇ ਹੱਕੀ ਸੰਘਰਸ਼ ਦੀ ਹਮਾਇਤ ਤੇ ਇਜਰਾਇਲੀ ਹਮਲੇ ਦਾ ਵਿਰੋਧ ਕਰਦੇ ਨਾਅਰਿਆਂ ਨਾਲ ਮਾਰਚ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਕੰਪਲੈਕਸ ’ਚ ਪੁੱਜੇ। ਵਿਦਿਆਰਥੀਆਂ ਵੱਲੋਂ ਜੰਗ ਰੋਕਣ ਤੇ ਫਲਸਤੀਨ ਨੂੰ ਆਜ਼ਾਦ ਕਰਨ ਦੀਆਂ ਮੰਗਾਂ ਵਾਲੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਜਿਨ੍ਹਾਂ ‘ਤੇ ਫਲਸਤੀਨੀ ਝੰਡਾ ਵੀ ਬਣਿਆ ਹੋਇਆ ਸੀ। ਸਾਮਰਾਜਵਾਦ-ਮੁਰਦਾਬਾਦ, ਇਜਰਾਇਲੀ ਜੰਗਬਾਜ ਹਾਕਮ-ਮੁਰਦਾਬਾਦ, ਅਮਰੀਕੀ ਸਾਮਰਾਜ- ਮੁਰਦਾਬਾਦ, ਫਲਸਤੀਨੀ ਕੌਮੀ ਸੰਘਰਸ਼ ਨੂੰ ਜਿੰਦਾਬਾਦ ਕਹਿੰਦੀਆਂ ਦਰਜਨਾਂ ਤਖਤੀਆਂ ’ਤੇ ਉਕਰੇ ਹੋਏ ਨਾਅਰੇ ਤੇ ਇਹਨਾਂ ਨਾਅਰਿਆਂ ਨੂੰ ਬੁਲੰਦ ਕਰਦੇ ਵਿਦਿਆਰਥੀ ਮੁੱਕੇ ਹਵਾ ’ਚ ਲਹਿਰਾ ਰਹੇ ਸਨ। ਕਾਫ਼ਲੇ ’ਚ ਫਲਸਤੀਨੀ ਝੰਡੇ ਝੂਲ ਰਹੇ ਸਨ। ਸਾਮਰਾਜਵਾਦ ਖਿਲਾਫ਼ ਸੰਗਰਾਮ ਦੀ ਗਦਰੀ ਦੇਸ਼ ਭਗਤ ਵਿਰਾਸਤ ਨੂੰ ਉਭਾਰਦੇ ਮੇਲੇ ਅੰਦਰ ਅਜੋਕੇ ਸਾਮਰਾਜਵਾਦੀ ਜੁਲਮਾਂ ਖਿਲਾਫ਼ ਉੱਠੀ ਆਵਾਜ ਗਦਰੀ ਸੂਰਬੀਰਾਂ ਨੂੰ ਐਨ ਢੁਕਵੀਂ ਸ਼ਰਧਾਂਜਲੀ ਬਣਦੀ ਸੀ। ਖੂੰਖਾਰ ਇਜਰਾਇਲੀ ਹਮਲੇ ਦੀ ਮਾਰ ਝੱਲ ਰਹੇ ਫਲਸਤੀਨੀ ਲੋਕਾਂ ਦੀ ਪੀੜ ਪਹਿਲਾਂ ਸਵੇਰੇ ਮੇਲੇ ਦੇ ਮੰਚ ’ਤੇ ਪੇਸ਼ ਹੋਏ ਝੰਡੇ ਦੇ ਗੀਤ ਵਿੱਚ ਵੀ ਸੁਣਾਈ ਦਿੱਤੀ ਸੀ। ਇਸ ਕਲਾਮਈ ਪੇਸ਼ਕਾਰੀ ਵਿੱਚ ਇਜਰਾਈਲੀ ਹਾਕਮ ਨੂੰ ਤਿੱਖੀਆਂ ਫਿਟਕਾਰਾਂ ਵੀ ਪਾਈਆਂ ਗਈਆਂ ਸਨ ਅਤੇ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੂੰ ਫਲਸਤੀਨੀ ਕਾਜ ਦੀ ਹਮਾਇਤ ਦਾ ਸਵਾਲ ਵੀ ਪਾਇਆ ਗਿਆ ਸੀ। ਇਸ ਪੇਸ਼ਕਾਰੀ ਤੋਂ ਘੰਟਾ ਮਗਰੋਂ ਯਾਦਗਰ ਹਾਲ ਕੰਪਲੈਕਸ ਵਿੱਚ ਪੁੱਜਾ ਇਹ ਜ਼ੋਸੀਲਾ ਵਿਦਿਆਰਥੀ ਮਾਰਚ ਇਸ ਸਵਾਲ ਦਾ ਐਨ ਢੁਕਵਾਂ ਜਵਾਬ ਹੋ ਕੇ ਆਇਆ ਸੀ ਅਤੇ ਪੰਜਾਬ ਦੀ ਜਵਾਨੀ ਦੀ ਸਾਮਰਾਜਵਾਦ ਵਿਰੋਧੀ ਸੰਗਰਾਮੀ ਵਿਰਾਸਤ ਨੂੰ ਬੁਲੰਦ ਕਰਨ ਵਾਲੇ ਨੌਜਵਾਨ ਵਾਰਸਾਂ ਦੇ ਯਤਨਾਂ ਤੇ ਇਰਾਦਿਆਂ ਦੀ ਗਵਾਹੀ ਹੋ ਕੇ ਆਇਆ ਸੀ। ਨਾਅਰਿਆਂ ਦੀ ਇਹ ਗੂੰਜ ਦੱਸ ਰਹੀ ਸੀ ਕਿ ਅਨੇਕਾਂ ਸਾਜਿਸੀ ਝੱਖੜਾਂ ਦੇ ਬਾਵਜੂਦ ਵੀ ਹਾਕਮ ਪੰਜਾਬ ਦੀ ਜਵਾਨੀ ਨੂੰ ਉਸਦੇ ਸਾਮਰਾਜ ਵਿਰੋਧੀ ਜੁਝਾਰੂ ਰੋਲ ਤੋਂ ਬੇਮੁਖ ਨਹੀਂ ਕਰ ਸਕਦੇ ਤੇ ਤਿੱਖੇ ਹੋ ਰਹੇ ਕੌਮੀ-ਕੌਮਾਂਤਰੀ ਸੰਕਟਾਂ ਦਰਮਿਆਨ ਇਹ ਰੋਲ ਮੁੜ ਲਿਸਕ ਉੱਠਣਾ ਹੈ। ਮੇਲੇ ’ਚ ਪੁੱਜੀ ਉੱਘੀ ਲੇਖਿਕਾ ਅਰੁੰਧਤੀ ਰਾਏ ਨੇ ਮੰਚ ਤੋਂ ਕੀਤੀ ਵਿਚਾਰ ਚਰਚਾ ਦੌਰਾਨ ਕਿਹਾ ਕਿ ਪੂਰੇ ਮੁਲਕ ਅੰਦਰੋਂ ਕੇਰਲਾ ਤੇ ਪੰਜਾਬ ਹੀ ਅਜਿਹੇ ਹਨ ਜਿਥੋਂ ਫਲਸਤੀਨ ਦੇ ਹੱਕ ’ਚ ਆਵਾਜ਼ ਉੱਠੀ ਹੈ ਜਦ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਕੀ ਮੁਲਕ ਇਸ ਮੁੱਦੇ ’ਤੇ ਚੁੱਪ ਹੈ। ਕਦੇ ਭਾਰਤ ’ਚ ਫਲਸਤੀਨੀ ਕਾਜ ਦੀ ਹਮਾਇਤ ਆਮ ਗੱਲ ਸੀ ਪਰ ਹੁਣ ਜਮਾਨਾ ਬਦਲ ਗਿਆ ਹੈ।

ਨਾਟਕਾਂ ਦੀ ਰਾਤ ਦੇ ਆਗਾਜ ਮੌਕੇ ਉੱਘੇ ਇਨਕਲਾਬੀ ਕਵੀ ਕਾਮਰੇਡ ਦਰਸ਼ਨ ਖਟਕੜ ਵੱਲੋਂ ਸੁਣਾਇਆ ਗਿਆ ਫਲਸਤੀਨੀ ਲੋਕਾਂ ਦੇ ਦਰਦ ਨੂੰ ਗਾਉਂਦਾ ਗੀਤ “ਸੁਣ ਯਾਰਾ ਮੈਂ ਗਾਜ਼ਾ ਕਹਿਨਾਂ...’’ ਪੰਜਾਬ ਦੀ ਇਨਕਲਾਬੀ ਲਹਿਰ ਦੇ ਮਨ ਤੇ ਸੋਚਾਂ ਅੰਦਰ ਫਲਸਤੀਨੀ ਲੋਕਾਂ ਦੀ ਹਮਾਇਤੀ ਭਾਵਨਾ ਦਾ ਚਿੰਨ੍ਹ ਬਣ ਕੇ ਪੇਸ਼ ਹੋਇਆ। ਇਉ ਜਾਪਦਾ ਸੀ ਜਿਵੇਂ  ਕਾ. ਖਟਕੜ ਦੇ ਰਾਹੀਂ ਪੰਜਾਬ ਦੀ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਇੱਕਸੁਰ ਹੋ ਕੇ  ਇਹ ਦਰਦ ਸੁਣ ਤੇ ਸੁਣਾ ਰਹੀ ਹੋਵੇ।

ਮੇਲੇ ’ਚ ਫਲਸਤੀਨੀ ਕੌਮੀ ਮੁਕਤੀ ਸੰਘਰਸ਼ ਦੀ ਹਿਮਾਇਤ ਤੇ ਸਾਮਰਾਜਵਾਦੀ ਜੰਗੀ ਮੁਹਿੰਮਾਂ ਦੇ ਵਿਰੋਧ ਦੀ ਮੌਜੂਦਗੀ ਮੇਲੇ ਵੱਲੋਂ ਸਾਮਰਾਜਵਾਦ ਵਿਰੋਧੀ ਕੌਮੀ ਮੁਕਤੀ ਸੰਗਰਾਮ ਦੀ ਵਿਰਾਸਤ ਨੂੰ ਹਕੀਕੀ ਅਰਥਾਂ ’ਚ ਬੁਲੰਦ ਕਰਦੀ ਸੀ। ਗਦਰੀ ਸੂਰਬੀਰਾਂ ਦੀ ਕੌਮਾਂਤਰੀਵਾਦੀ ਸੰਗਰਾਮੀ ਭਾਵਨਾ ਨੂੰ ਹਕੀਕੀ ਸ਼ਰਧਾਂਜਲੀ ਬਣਦੀ ਸੀ।    

                                                         --0--                  



ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਕਿ ਭਾਰਤ ਅੰਦਰਲੀ ਇਜ਼ਰਾਇਲੀ ਅੰਬੈਸੀ ਨੇ ਆਪਣੇ ਮੁਲਾਜ਼ਮਾਂ ਨੂੰ ਟਰੇਨਿੰਗ ਦੇਣ ਲਈ ਦਿੱਲੀ ਪੁਲਿਸ ਦੀ ਸ਼ੂਟਿੰਗ ਰੇਂਜ ਵਰਤਣ ਦੀ ਆਗਿਆ ਮੰਗੀ ਹੈ। ਉਹਨਾਂ ਵੱਲੋਂ ਭੇਜੀ ਹੋਈ ਅਰਜ਼ੀ ਸਰਕਾਰ ਦੇ ਵਿਚਾਰ ਅਧੀਨ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਮੁਲਕ ਦੀ ਅੰਬੈਸੀ ਨੇ ਅਜਿਹੀ ਮੰਗ ਕੀਤੀ ਹੋਵੇ। ਭਾਰਤ ਸਰਕਾਰ ਪਹਿਲਾਂ ਹੀ ਇਜ਼ਰਾਇਲੀ ਅੰਬੈਸੀ ਦੀ ਸੁਰੱਖਿਆ  ਵਾਧਾ ਕਰ ਚੁੱਕੀ ਹੈ ਅਤੇ ਪਹਿਲਾਂ ਨਾਲੋਂ ਜਿਆਦਾ ਮੁਲਾਜ਼ਮ ਤੈਨਾਤ ਕੀਤੇ ਜਾ ਚੁੱਕੇ ਹਨ। ਫਲਸਤੀਨੀ ਲੋਕਾਂ ਦੇ ਕਤਲੇਆਮ ਤੋਂ ਲੈ ਕੇ ਲਿਬਨਾਨ ’ਤੇ ਹਮਲੇ, ਈਰਾਨ ਦੇ ਅੰਦਰ ਤੱਕ ਮਿਜਾਇਲਾਂ ਦਾਗਣ, ਹਾਊਤੀ ਜੁਝਾਰੂਆਂ ਦਾ ਕਤਲੇਆਮ ਕਰਨ ਵਰਗੀਆਂ ਸਿਰੇ ਦੀਆਂ ਜਾਲਮਾਨਾ ਕਾਰਵਾਈਆਂ ਨਾਲ ਇਜ਼ਰਾਇਲ ਨੇ ਪੱਛਮੀ ਏਸ਼ੀਆ ਦੇ ਖੇਤਰ ਅੰਦਰ ਤਬਾਹੀ ਮਚਾਈ ਹੋਈ ਹੈ ਤੇ ਹੁਣ ਭਾਰਤ ਅੰਦਰ ਆਪਣੇ ਸਟਾਫ ਲਈ ਸੁਰੱਖਿਆ ਲੱਭ ਰਿਹਾ ਹੈ। ਮੁਲਕ ਦੇ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਨਾ ਸਿਰਫ ਇਜ਼ਰਾਇਲੀ ਅੰਬੈਸੀ ਨਾਲ ਅਜਿਹਾ ਵਿਸ਼ੇਸ਼ ਵਿਹਾਰ ਬੰਦ ਕੀਤਾ ਜਾਵੇ ਸਗੋਂ ਇਜ਼ਰਾਇਲ ਨਾਲ ਹਰ ਤਰ੍ਹਾਂ ਦੇ ਫੌਜੀ ਤੇ ਸਿਆਸੀ ਸੰਬੰਧ ਤੋੜੇ ਜਾਣ। ਇਜਰਾਇਲੀ ਰਾਜਦੂਤ ਨੂੰ ਇਥੋਂ ਚਲਦਾ ਕੀਤਾ ਜਾਵੇ, ਇਜ਼ਰਾਇਲ ਨੂੰ ਹਥਿਆਰ ਮੁੱਹਈਆ ਕਰਾਉਣੇ ਬੰਦ ਕੀਤੇ ਜਾਣ। ਅਜਿਹੀ ਆਵਾਜ਼ ਉਠਾਉਣੀ ਭਾਰਤ ਦੇ ਸਭਨਾਂ ਜਮਹੂਰੀ ਲੋਕਾਂ ਦਾ ਸਾਂਝਾ ਫਰਜ਼ ਹੈ ਤੇ ਇਹ ਜੂਝਦੇ ਫਲਸਤੀਨੀ ਲੋਕਾਂ ਦੀ ਹਮਾਇਤ ਦਾ ਕਾਰਜ ਵੀ ਹੈ।  

No comments:

Post a Comment