Monday, November 25, 2024

ਨਾਜ਼ੀਆਂ ਵੱਲੋਂ ਰਚੇ ਘੱਲੂਘਾਰੇ ਦੀ ਯਾਦ ਦਿਵਾਉਦਾ ਫਲਸਤੀਨੀ ਕਤਲੇਆਮ

 ਨਾਜ਼ੀਆਂ ਵੱਲੋਂ ਰਚੇ ਘੱਲੂਘਾਰੇ ਦੀ ਯਾਦ ਦਿਵਾਉਦਾ ਫਲਸਤੀਨੀ ਕਤਲੇਆਮ

ਇਤਿਹਾਸ ਦਾ ਇਹ ਕਿਹਾ ਭਿਆਨਕ ਦੁਖਾਂਤ ਵਾਪਰ ਰਿਹਾ ਹੈ ਕਿ ਯਹੂਦੀ ਨਸਲੀ ਭਾਈਚਾਰੇ ਦੇ ਜਿਹੜੇ ਲੋਕ ਦੂਜੀ ਸੰਸਾਰ ਜੰਗ ਦੌਰਾਨ ਹਿਟਲਰਸ਼ਾਹੀ ਦੇ ਨਾਜੀ ਜੁਲਮਾਂ ਅਤੇ ਹੌਲਨਾਕ ਨਸਲਘਾਤ ਦਾ ਸ਼ਿਕਾਰ ਬਣਾਏ ਗਏ ਸਨ, 60 ਲੱਖ ਯਹੂਦੀਆਂ ਦਾ ਜਨਤਕ ਕਤਲੇਆਮ ਰਚਾਇਆ ਗਿਆ ਸੀ, ਅੱਜ ਉਹਨਾਂ ਦੇ ਵਾਰਸ ਉਸ ਦਰਿੰਦਗੀ ਨੂੰ ਭੁੱਲ-ਭੁਲਾਅ ਫਲਤੀਨੀਆਂ ਨੂੰ ਉਹਨਾਂ ਦੀ ਧਰਤ ਤੋਂ ਜਬਰਨ ਉਜਾੜਨ ਲਈ ਉਤਾਰੂ ਹੋਏ ਬੈਠੇ ਹਨ, ਉਹਨਾਂ ਦਾ ਨਸਲੀ ਸਫਾਇਆ ਕਰਨ ’ਤੇ ਉਤਾਰੂ ਹੋਏ ਬੈਠੇ ਹਨ, ਉਸ ਧਰਤ ਨੂੰ ਲਹੂ ’ਚ ਡੋਬਣ ’ਤੇ ਉਤਾਰੂ ਹੋਏ ਬੈਠੇ ਹਨ ਜੋ ਫਾਸਿਸ਼ਟਾਂ ਦੀ ਖਦੇੜੀ ਯਹੂਦੀ ਵਸੋਂ ਦੀ ਪਨਾਹਗਾਹ ਬਣੀ ਸੀ। ਉਹ ਸਾਮਰਾਜੀ ਮੁਲਕ ਜਿਹੜੇ ਦੂਜੀ ਸੰਸਾਰ ਜੰਗ ’ਚ ਫਾਸਿਜਮ ਨੂੰ ਹਰਾਉਣ ਦੇ ਗੁਰਜਧਾਰੀ ਹੋਣ ਦੇ ਦਾਅਵੇ ਕਰਦੇ ਨਹੀਂ ਥਕਦੇ, ਉਹ ਉਹੋ ਜਿਹਾ ਜਾਂ ਉਸ ਤੋਂ ਵੀ ਖੂੰਖਾਰ ਨਵੇਂ ਫਾਸਿਜਮ ਨੂੰ ਹੱਲਾਸੇਰੀ, ਹਿਮਾਇਤ ਤੇ ਮਦਦ ਦੇ ਰਹੇ ਹਨ, ਲੇਲੇ ਦੀ ਥਾਂ ਬਘਿਆੜ ਦਾ ਪੱਖ ਪੂਰ ਰਹੇ ਹਨ। ਇਹ ਸਾਮਰਾਜੀ ਮੁਲਕ ਪ੍ਰਚਾਰ ਸਾਧਨਾਂ ’ਤੇ ਆਪਣੇ ਕਬਜੇ ਕਾਰਨ, ਦੁਨੀਆ ਭਰ ’ਚ ਜਾਲਮ ਨੂੰ ਮਜਲੂਮ ਤੇ ਮਜਲੂਮ ਨੂੰ ਜਾਲਮ ਬਣਾ ਕੇ ਪੇਸ਼ ਕਰਨ ਦੀ ਕੋਝੀ ਤੇ ਫਰੇਬੀ ਖੇਡ ਖੇਡ ਰਹੇ ਹਨ । ਹਮਲੇ ਤੇ ਧੌਂਸ ਦਾ ਸ਼ਿਕਾਰ ਫਲਸਤੀਨ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਆਪਣੇ ਦੇਸ਼ ਦੇ ਲੋਕਾਂ ਦੀ ਸੰਘੀ ਘੁੱਟ ਰਹੇ ਹਨ। ਅਮਰੀਕਨ ਸਾਮਰਾਜੀਆਂ ਤੇ ਉਹਨਾਂ ਦੇ ਜੋਟੀਦਾਰ ਹੋਰ ਅਖੌਤੀ ਜਮਹੂਰੀ ਮੁਲਕਾਂ ਦੀ ਇਜਰਾਈਲ ਨੂੰ ਦਿੱਤੀ ਜਾ ਰਹੀ ਹਿਮਾਇਤ ਤੇ ਹੱਲਾਸ਼ੇਰੀ ਸਦਕਾ ਹੀ ਇਹ ਬੱਜਰ ਤੇ ਘਿ੍ਰਣਤ ਕੁਕਰਮ ਵਾਪਰ ਰਿਹਾ ਹੈ।

ਬਿਨਾਂ ਸ਼ੱਕ ਸਾਮਰਾਜੀ-ਸਰਮਾਏਦਾਰ ਮੁਲਕਾਂ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਦੇ ਇਨਸਾਫਪਸੰਦ ਅਤੇ ਅਮਨਪਸੰਦ ਲੋਕ ਅਮਰੀਕੀ-ਇਜਰਾਈਲੀ ਜੁੰਡਲੀ ਵੱਲੋਂ ਥੋਪੀ ਜੰਗ ਦਾ ਵਿਰੋਧ ਕਰ ਰਹੇ ਹਨ, ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲ ਅਤੇ ਤਬਾਹੀ ਵਿਰੁੱਧ ਹਮਲਾਵਰਾਂ ਦੀ ਤੋਏ ਤੋਏ ਕਰ ਰਹੇ ਹਨ। ਯਕੀਨਨ ਹੀ ਇਹਨਾਂ ਲੋਕਾਂ ’ਚ ਇਜਰਾਈਲ ਦੇ ਅੰਦਰਲੇ ਤੇ ਬਾਹਰਲੇ ਅਨੇਕ ਯਹੂਦੀ ਲੋਕ ਵੀ ਸ਼ਾਮਲ ਹਨ। ਇਹਨਾਂ ਇਨਸਾਫ ਪਸੰਦ ਯਹੂਦੀਆਂ ਦੀ ਅਮਰੀਕਾ ਦੀ ਇਕ ਜਥੇਬੰਦੀ ‘‘ਅਮਨ ਦੇ ਹੱਕ ਵਿਚ ਯਹੂਦੀਆਂ ਦੀ ਆਵਾਜ’’ ਨੇ ਫਲਸਤੀਨੀ ਨਸਲੀ ਸਫਾਏ ਦੀ ਮੁਹਿੰਮ ਦੀ ਨਾਜੀਆਂ ਵੱਲੋਂ ਰਚਾਏ ਹੋਲੋਕਾਸਟ ਨਾਲ ਤੁਲਨਾ ਕਰਦਿਆਂ ਲਿਖਆ ਹੈ- ‘‘ਸਾਡੇ ਵਿਚ ਬਹੁਤ ਸਾਰੇ ਅਜਿਹੇ ਲੋਕ ਸ਼ਾਮਲ ਹਨ ਜਿਹਨਾਂ ਦੇ ਮਾਪੇ ਜਾਂ ਦਾਦੇ ਪੜਦਾਦੇ ਨਾਜੀਆਂ ਵੱਲੋਂ ਰਚਾਏ ਮੌਤ ਤਾਂਡਵਾਂ ’ਚੋਂ ਬਚ ਕੇ ਨਿੱਕਲੇ ਸਨ ਜਾਂ ਫਿਰ ਮਾਰੇ ਗਏ ਸਨ। ਅਸੀਂ ਸਾਰੇ ਨਾਜੀ ਘੱਲੂਘਾਰੇ ਦੀ ਪਰਛਾਈਂ ਹੇਠ ਪਲੇ-ਪੋਸੇ ਤੇ ਵੱਡੇ ਹੋਏ ਹਾਂ। ਇਜਰਾਈਲ ਦੀ ਹਕੂਮਤ ਵੀ ਮੌਜੂਦਾ ਸਮੇਂ ਇਕ ਘੱਲੂ-ਘਾਰਾ ਰਚਾ ਰਹੀ ਹੈ, ਅਮਰੀਕਾ ਵੱਲੋਂ ਦਿੱਤੇ ਹਥਿਆਰਾਂ ਨਾਲ, ਗਿਣ-ਮਿਥ ਕੇ, ਫਲਸਤੀਨੀ ਲੋਕਾਂ ਦਾ ਜਨਤਕ ਕਤਲੇਆਮ ਕਰ ਰਹੀ ਹੈ। ਗਾਜ਼ਾ ਵਿਚ ਚੱਲ ਰਹੇ ਜਨਤਕ ਕਤਲੇਆਮ ਵਿੱਚੋਂ ਵੀ, ਦੂਜੀ ਸੰਸਾਰ ਜੰਗ ਦੌਰਾਨ ਯੂਰਪੀਨ ਕਾਲ-ਕੋਠੜੀਆਂ ਅਤੇ ਨਾਜੀ ਕਨਸਟਰੇਸ਼ਨ (ਤਸੀਹਾ) ਕੇਂਦਰਾਂ ਦੇ ਜਾਣੇ ਪਹਿਚਾਣੇ ਤੇ ਬਦਨਾਮ ਦਿ੍ਰਸ਼ਾਂ ਦੀ ਹੌਲਨਾਕ ਕੂਕ ਸੁਣਾਈ ਦਿੰਦੀ ਹੈ।’’

ਯਕੀਨਨ ਹੀ, ਇਜਰਾਈਲ ਅੰਦਰ ਵੀ ਇਸ ਜੰਗ ਅਤੇ ਜਨਤਕ ਕਤਲੇਆਮ ਖਿਲਾਫ ਰੋਸ ਹੈ, ਵਿਰੋਧ ਹੈ। ਤਾਹੀਓਂ ਤਾਂ ਸਰਕਾਰ ਨੇ ਉਥੇ ਉਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਕਾਨੂੰਨ ਬਨਾਉਣ ਦਾ ਰਾਹ ਫੜਿਆ ਹੈ ਜੋ ਇਜਰਾਈਲ ਦੀ ਸਰਕਾਰ, ਫੌਜ ਅਤੇ ਇਸ ਦੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹਨ।

--0--  

No comments:

Post a Comment