Monday, November 25, 2024

ਗਾਜ਼ਾ ਦੀ ਧਰਤੀ ਦਾ ਮਾਣ ਹੋ ਕੇ ਜਿਉਇਆ ਤੇ ਵਿਦਾ ਹੋਇਆ ਯਾਹੀਆ-ਅਲ-ਸਿਨਵਾਰ

 ਗਾਜ਼ਾ ਦੀ ਧਰਤੀ ਦਾ ਮਾਣ ਹੋ ਕੇ ਜਿਉਇਆ ਤੇ ਵਿਦਾ ਹੋਇਆ ਯਾਹੀਆ-ਅਲ-ਸਿਨਵਾਰ 



ਹੰਕਾਰੀ ਤੇ ਫਾਸਿਸਟ ਇਜ਼ਰਾਈਲੀ ਹਾਕਮਾਂ ਵੱਲੋਂ ਫਲਸਤੀਨੀ ਧਰਤੀ ’ਤੇ ਹਜ਼ਾਰਾ ਟਨ ਬਾਰੂਦ ਦੀ ਕੀਤੀ ਵਾਛੜ ਦੇ ਬਾਵਜੂਦ ਇਹ ਕਦੇ ਵੀ ਬਾਂਝ ਨਹੀ ਹੋਈ। ਇੱਥੇ ਹਮੇਸ਼ਾਂ ਫਲਸਤੀਨੀ ਕੌਮ ਦੀ ਮੁਕਤੀ ਦੀ ਲਹਿਰ ਦੀ ਭਰਪੂਰ ਤੇ ਲਹਿ-ਲਹਾਉਂਦੀ ਫਸਲ ਉੱਗਦੀ ਆਈ ਹੈ। ਫਲਸਤੀਨੀ ਧਰਤੀ ਦੇ ਜਾਏ, ਲੱਖ ਦੁਸ਼ਵਾਰੀਆਂ ਤੇ ਝੱਖੜ-ਝੋਲਿਆਂ ’ਚ ਵੀ, ਕੌਮੀ ਮੁਕਤੀ ਦੀ ਲਹਿਰ ਦੀ ਇਸ ਫਸਲ ਨੂੰ ਆਪਣੇ ਖੂਨ ਨਾਲ ਸਿੰਜਦੇ, ਪਾਲਦੇ-ਪੋਸਦੇ ਤੇ ਟਹਿਕਰੇ ’ਚ ਰੱਖਦੇ ਆਏ ਹਨ। ਫਲਸਤੀਨੀ ਕੌਮ ਦਾ ਨਸਲਘਾਤ ਕਰਨ ਅਤੇ ਫਲਸਤੀਨੀ ਧਰਤ ਨੂੰ ਹੜੱਪਣ ਦੀ ਇਜ਼ਰਾਇਲ ਦੇ ਨਵੇਂ ਨਾਜ਼ੀਆਂ ਦੀ ਮੌਜੂਦਾ ਜੰਗੀ ਮੁਹਿੰਮ ਦੌਰਾਨ ਵੀ ਹਮਾਸ ਮੁਖੀ ਇਸਮਾਈਲ ਹਨੀਯੇਹ, ਫੌਜੀ ਵਿੰਗ ਦੇ ਕਮਾਂਡਰ ਮਹੁੰਮਦ ਦਈਫ ਜਿਹੇ ਸਿਰਮੌਰ ਫਲਸਤੀਨੀ ਆਗੂਆਂ ਅਤੇ ਲਿਬਨਾਨੀ ਜੂਝਾਰ ਜਥੇਬੰਦੀ-ਹਿਜ਼ਬੁੱਲਾ ਦੇ ਚੋਟੀ ਆਗੂ ਹਸਨ ਨਸਰੁੱਲਾ ਅਤੇ ਹਾਸ਼ਮ ਸੈਫੀਦੀਨ ਜਿਹੇ ਬੇਸ਼ੁਮਾਰ ਜਾਣੇ-ਪਛਾਣੇ ਤੇ ਗੁੰਮਨਾਮ ਸੂਰਮਿਆਂ ਨੇ ਆਪਣਾ ਖੂਨ ਦੀ ਅਹੂਤੀ ਦੇ ਕੇ ਫਲਸਤੀਨ ਦੀ ਕੌਮੀ ਮੁਕਤੀ ਦੀ ਜੋਤ ਨੂੰ ਮੱਘਦੀ ਤੇ ਬੁਲੰਦ ਰੱਖਿਆ ਹੈ। ਸ਼ਹਾਦਤਾਂ ਦੀ ਇਸ ਲੰਮੀ ਲੜੀ ਦਾ ਇੱਕ ਹੋਰ ਲਿਸ਼ਕਦਾ ਸਿਤਾਰਾ ਹੈ- ਯਹੀਆ-ਅਲ-ਸਿਨਵਾਰ ਜੋ ਕਿ ਹਮਾਸ ਦਾ ਮੌਜੂਦਾ ਮੁਖੀ ਸੀ। ਮੌਜੂਦਾ ਜੰਗ ’ਚ ਆਪਣੇ ਆਖਰੀ ਸਮੇਂ, ਜਿਵੇਂ ਉਹ ਆਪਣੇ ਅਨੂਠੇ ਅੰਦਾਜ਼ ’ਚ ਧੜੱਲੇ ਤੇ ਸਿਦਕਦਿਲੀ ਨਾਲ ਇਜ਼ਰਾਇਲੀ ਹਤਿਆਰਿਆਂ ਨਾਲ ਭਿੜਦਾ ਸ਼ਹੀਦ ਹੋਇਆ, ਉਸਨੇ ਫਲਸਤੀਨੀ ਕੌਮ ’ਚ ਚੜ੍ਹਦੀ ਕਲਾ ਦੀ ਇੱਕ ਨਵੀਂ ਰੂਹ ਫੂਕ ਦਿੱਤੀ। ਫਲਸਤੀਨੀ ਦੀ ਮਿੱਟੀ ’ਚ ਸਮਾਏ ਅਲ-ਸਿਨਵਾਰ ਦੀ ਲਾਸਾਨੀ ਸ਼ਹਾਦਤ ਨੇ ਸਮੁੱਚੇ ਫਲਸਤੀਨ ਤੇ ਦੁਨੀਆਂ ਭਰ ਦੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ। ਉਹ ਫਲਸਤੀਨੀ ਕੌਮ ਦਾ ਨਵਾਂ ਹੀਰੋ ਹੋ ਨਿਬੜਿਆ ਹੈ।

ਅਲ-ਸਿਨਵਾਰ ਦੱਖਣੀ ਗਾਜ਼ਾ ’ਚ, ਖਾਨ ਯੂਨਿਸ ਦੇ ਇੱਕ ਸ਼ਰਨਾਰਥੀ ਕੈਂਪ ’ਚ ਅਕਤੂਬਰ 1962 ’ਚ ਜਨਮਿਆ ਤੇ ਸੰਘਰਸ਼ ਦੀ ਗੁੜ੍ਹਤੀ ਲੈ ਕੇ ਇੱਥੇ ਹੀ ਪਲਿਆ ਅਤੇ ਜਵਾਨ ਹੋਇਆ। ਉਸਨੇ ਗਾਜ਼ਾ ਦੀ ਇਸਲਾਮਿਕ ਯੂਨੀਵਰਸਿਟੀ ’ਚੋਂ ਅਰਬੀ ਅਧਿਐਨ ’ਚ ਗਰੈਜੂਏਸ਼ਨ ਕੀਤੀ। ਉਸਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਫਲਸਤੀਨੀ ਕੌਮੀ ਮੁਕਤੀ ਸੰਘਰਸ਼ ਲਈ ਅਰਪਤ ਕਰ ਦਿੱਤੀ। 

1989 ’ਚ ਸਿਨਵਾਰ ਨੂੰ ਦੋ ਇਜ਼ਰਾਈਲੀ ਸੈਨਿਕਾਂ ਤੇ ਚਾਰ ਫਲਸਤੀਨੀ ਇਜ਼ਰਾਈਲ-ਪਿੱਠੂ ਕਾਲੀਆਂ ਭੇਡਾਂ ਨੂੰ ਕਤਲ ਕਰਨ ਦੇ ਦੋਸ਼ ’ਚ ਚੌਹਰੀ ਉਮਰ ਕੈਦ ਦੀ ਸਜ਼ਾ ਦੇ ਕੇ ਹਮੇਸ਼ਾਂ-ਹਮੇਸ਼ਾਂ ਲਈ ਇਜ਼ਰਾਇਲੀ ਕੈਦਖਾਨੇ ’ਚ ਸੜਨ-ਮਰਨ ਲਈ ਭੇਜ ਦਿੱਤਾ। ਜੁਝਾਰੂ ਮਿੱਟੀ ਦੇ ਬਣੇ ਸਿਨਵਾਰ ਨੇ, ਇਸ ਅੰਧੇਰੇ ਭਵਿੱਖ ’ਚ ਧੱਕੇ ਜਾਣ ਦੇ ਬਾਵਜੂਦ, ਨਾ ਮਯੂਸੀ ’ਚ ਦਿਲ ਛੋਟਾ ਕੀਤਾ, ਨਾ ਸਿਦਕ ਤੋਂ ਡੋਲਿਆ, ਨਾ ਹਿੰਮਤ ਹਾਰੀ ਅਤੇ ਨਾ ਹੀ ਕੌਮੀ ਮੁਕਤੀ ਲਹਿਰ ਨਾਲ ਲਗਾਅ ਮੱਠਾ ਪੈਣ ਦਿੱਤਾ। ਜ਼ੇਲ੍ਹ ਦੀਆਂ ਅਤਿਅੰਤ ਔਖੀਆਂ ਹਾਲਤਾਂ ’ਚ ਵੀ, ਉਸਨੇ ਆਪਣੀ ਕੌਮ ਦੀ ਮੁਕਤੀ ਦੀ ਲਹਿਰ ’ਚ ਜੀਅ-ਜਾਨ ਨਾਲ ਹਿੱਸਾ ਪਾਉਣ ਦੀ ਠਾਣ ਲਈ। ਉਸਦੀ ਕੌਮੀ ਸਮਰਪਣ ਦੀ ਅਜਿਹੀ ਭਾਵਨਾ ਕੌਮੀ ਮੁਕਤੀ ਲਹਿਰਾਂ ਦੇ ਸੰਗਰਾਮੀਆਂ ਲਈ ਮਿਸਾਲੀ ਨਮੂਨਾ ਹੈ। 

ਜ਼ੇਲ੍ਹ ’ਚ ਰਹਿੰਦਿਆਂ, ਚੇਤਨ ਫੈਸਲਾ ਕਰਕੇ, ਉਸਨੇ ਇੱਕ ਇਜ਼ਰਾਇਲੀ ਯੂਨਿਵਰਸਿਟੀ ਤੋਂ ਔਨਲਾਇਨ ਕੋਰਸ ਰਾਹੀਂ ਯਹੂਦੀ ਭਾਸ਼ਾ ਹੈਬਰਿਊ ਸਿੱਖੀ ਤੇ ਇਸ ’ਚ ਮੁਹਾਰਤ ਹਾਸਲ ਕੀਤੀ। ਫਿਰ ਉਸਨੇ ਇਜ਼ਰਾਇਲੀ ਖੁਫੀਆ ਏਜੰਸੀ-ਸ਼ਿਨ ਬੇਟ- ਦੇ ਚੋਟੀ ਦੇ ਲੀਡਰਾਂ ਦੀਆਂ ਹੈਬਰਿਊ ’ਚ ਲਿਖੀਆਂ ਜੀਵਨੀਆਂ ਤੇ ਲਿਖਤਾਂ ਦਾ ਅਰਬੀ ਭਾਸ਼ਾ ’ਚ ਅਨੁਵਾਦ ਕੀਤਾ ਤਾਂ ਕਿ ਫਲਸਤੀਨੀ ਕੌਮੀ ਘੁਲਾਟੀਏ ਆਪਣੇ ਦੁਸ਼ਮਣਾਂ ਦੇ ਜਸੂਸੀ ਕਰਨ ਦੇ ਢੰਗ-ਤਰੀਕਿਆਂ ਅਤੇ ਤਜਰਬੇ ਦੀ ਥਾਹ ਪਾ ਸਕਣ। ਉਸਨੇ ਫਲਸਤੀਨੀ ਇਤਿਹਾਸ ਤੋਂ ਇਲਾਵਾ ਯਹੂਦੀ ਇਤਿਹਾਸ, ਇਸਦੀਆਂ ਅਹਿਮ ਘਟਨਾਵਾਂ, ਨਾਜ਼ੀ ਘੱਲੂਘਾਰੇ, ਰਾਜਨੀਤੀ ਅਤੇ ਹੋਰ ਕਈ ਵਿਸ਼ਿਆਂ ਬਾਰੇ ਜੰਮ ਕੇ ਅਧਿਐਨ ਕੀਤਾ। ਹੈਰਤ ਹੁੰਦੀ ਹੈ ਕਿ ਉਸਨੇ ਸਿਰਫ 7 ਸਾਲਾਂ ’ਚ ਹੀ 16 ਔਨਲਾਇਨ ਕੋਰਸ ਕੀਤੇ। ਮੁਸਲਿਮ ਧਰਮ ਗ੍ਰੰਥ ਕੁਰਾਨ ਸਾਰੇ ਦਾ ਸਾਰਾ ਉਸਨੂੰ ਮੂੰਹ ਜ਼ੁਬਾਨੀ ਯਾਦ ਸੀ। ਅਲ-ਸਿਨਵਾਰ ਇੱਕ ਬੇਹੱਦ ਸ਼ਰਧਾਵਾਨ ਤੇ ਸਮਰਪਤ ਮੁਸਲਮਾਨ ਸੀ। ਉਸਦੇ ਚੜ੍ਹਦੀ ਕਲਾ ਵਾਲੇ ਰੌਂਅ ਅਤੇ ਅਨੂਠੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਜ਼ੇਲ੍ਹ ਨੂੰ ਉਸਦੀ ਕਬਰ ਅਤੇ ਉਸਦੇ ਇਰਾਦੇ, ਦਿ੍ਰੜ੍ਹਤਾ ਅਤੇ ਦੇਹ ਨੂੰ ਪੀਸਕੇ ਚੂਰਾ ਬਣਾਉਣ ਵਾਲੀ ਚੱਕੀ ਬਨਾਉਣਾ ਲੋਚਦੇ ਇਜ਼ਰਾਇਲੀ ਹਾਕਮਾਂ ਦੇ ਮਨਸੂਬਿਆਂ ਨੂੰ ਮਿੱਟੀ ’ਚ ਮਿਲਾਉਂਦਿਆਂ ਸਿਨਵਾਰ ਨੇ ਜ਼ੇਲ੍ਹ ਨੂੰ ਬੰਦਗੀ ਲਈ ਇਬਾਦਤਗਾਹ ਅਤੇ ਅਧਿਐਨ ਦੀ ਅਕੈਡਮੀ ’ਚ ਪਲਟ ਦਿੱਤਾ ਸੀ। 

ਸਾਲ 2011 ’ਚ ਇੱਕ ਇਜ਼ਰਾਇਲੀ ਸੈਨਿਕ ਗਿਲਾਦ ਸ਼ੈਲਿਤ, ਜਿਸਨੂੰ ਫਲਸਤੀਨੀ ਜੁਝਾਰਾਂ ਨੇ ਪਿਛਲੇ ਪੰਜ ਸਾਲ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਦੀ ਰਿਹਾਈ ਲਈ ਕੈਦੀ ਵਟਾਦਰਾਂ ਸਮਝੌਤੇ ਲਈ ਗੱਲਬਾਤ ਚੱਲੀ। ਜ਼ੇਲ੍ਹ ’ਚ ਕੈਦ ਸਿਨਵਾਰ ਸਮਝੌਤਾ ਵਾਰਤਾ ’ਚ ਹਿੱਸਾ ਲੈਣ ਵਾਲੀ ਫਲਸਤੀਨੀ ਟੀਮ ਦਾ ਮੈਂਬਰ ਸੀ। ਅਜ਼ਬ ਇਤਫਾਕ ਦੀ ਗੱਲ ਹੈ ਕਿ ਸਿਨਵਾਰ ਦਾ ਭਰਾ ਮਹਿਮੂਦ ਇਜ਼ਰਾਇਲੀ ਸੈਨਿਕ ਨੂੰ ਅਗਵਾ ਕਰਕੇ ਲਿਆਉਣ ਵਾਲੀ ਗੁਰੀਲਾ ਟੁਕੜੀ ਦਾ ਮੈਂਬਰ ਸੀ। ਇਸ ਸਮਝੌਤਾ ਵਾਰਤਾ ’ਚ ਸਿਨਵਾਰ ਦੀ ਤੇਜ਼-ਤਰਾ ਅੱਖ ਨੇ ਤਾੜ ਲਿਆ ਸੀ ਕਿ ਹੰਕਾਰੇ ਹਾਕਮਾਂ ਦੀ ਮਗਰੂਰੀ ਦਾ ਨਸ਼ਾ ਲਾਹੁਣ ਅਤੇ ਉਹਨਾਂ ਦੀ ਬਾਂਹ ਮਰੋੜ ਕੇ ਉਹਨਾਂ ਤੋਂ ਕੁੱਝ ਝਾੜਣ ਲਈ ਅਗਵਾ ਸੈਨਿਕਾਂ ਦਾ ਮੁੱਦਾ ਉਹਨਾਂ ਦੀ ਦੁਖਦੀ ਰਗ ਹੈ। ਇਸੇ ਦੁਖਦੀ ਰਗ ਸਦਕਾ ਹੀ ਇਜ਼ਰਾਇਲੀ ਸਰਕਾਰ ਨੂੰ ਹੰਕਾਰ ਦੇ ਘੋੜੇ ਤੋਂ ਉੱਤਰ ਕੇ ਗਿਲਾਦ ਸ਼ੈਲਤ ਦੀ ਰਿਹਾਈ ਬਦਲੇ ਅਲ-ਸਿਨਵਾਰ ਸਮੇਤ ਦੋ ਹਜ਼ਾਰ ਤੋਂ ਵੱਧ ਹੋਰ ਫਲਸਤੀਨੀ ਬੰਦੀ ਰਿਹਾਅ ਕਰਨ ਦਾ ਕੌੜਾ ਅੱਕ ਚੱਬਣਾ ਪਿਆ ਸੀ। 

2017 ’ਚ ਹਮਾਸ ਦੇ ਗਾਜ਼ਾ ਖੇਤਰ ਦਾ ਮੁੱਖ ਆਗੂ ਬਨਣ ਤੋਂ ਬਾਅਦ ਉਸਦਾ ਇੱਕ ਵੱਡਾ ਹਾਸਲ ਹਮਾਸ, ਹਿਜ਼ਬੁੱਲਾ ਤੇ ਇਰਾਨ ਵਿਚਕਾਰ ਨੇੜਲੇ ਸਹਿਯੋਗੀ ਸੰਬੰਧਾਂ ਦੀ ਸਥਾਪਨਾ ਸੀ। ਸਿਨਵਾਰ ਨੇ ਮਿਸਰੀ ਹਾਕਮਾਂ ਨਾਲ ਵੀ ਕੁੜੱਤਣ ਘਟਾਉਣ ਦੇ ਯਤਨ ਕੀਤੇ। ਸਿਨਵਾਰ ਅਤੇ ਮੁਹੰਮਦ ਦਈਫ ਨੇ ਮਿਲਕੇ ਗਾਜ਼ਾ ਦੀ ਸੁਰੱਖਿਆ ਪ੍ਰਣਾਲੀ ਨੂੰ ਵੀ ਵਧਾਇਆ ਪਸਾਰਿਆ ਤੇ ਮਜ਼ਬੂਤ ਕੀਤਾ। 

ਯਹੀਆ ਅਲ-ਸਿਨਵਾਰ ਇਜ਼ਰਾਇਲੀ ਹਾਕਮਾਂ ਨੂੰ ਅੱਖ ’ਚ ਰੋੜ ਵਾਂਗ ਰੜਕਦਾ ਸੀ। 15 ਮਈ 2021 ਨੂੰ ਇਜ਼ਰਾਇਲੀ ਸੈਨਾ ਨੇ ਉਸਦੀ ਹੱਤਿਆ ਕਰਨ ਗਾਜ਼ਾ ’ਚ ਉਸਦੇ ਘਰ ਉੱਪਰ ਮਿਜ਼ਾਇਲ ਹਮਲਾ ਕੀਤਾ ਜੋ ਨਾਕਾਮ ਸਾਬਤ ਹੋਇਆ। ਸਿਨਵਾਰ ਨੇ ਭੈਅ ਭੀਤ ਹੋਣ ਦੀ ਥਾਂ ਬੜੇ ਹੀ ਧੜੱਲੇ ਅਤੇ ਜ਼ੁਰਅਤ ਨਾਲ ਆਪਣੇ ਅੰਦਾਜ਼ ’ਚ ਇਸਦਾ ਠੋਕਵਾਂ ਜਵਾਬ ਦਿੱਤਾ। ਘਟਨਾ ਤੋਂ ਬਾਅਦ ਦੇ ਦੋ ਹਫਤਿਆਂ ਦੌਰਾਨ ਉਹ ਜਾਨ ਬਚਾਉਣ ਲਈ ਅੰਦਰੀ ਦੜਣ ਦੀ ਥਾਂ ਗਾਜ਼ਾ ਦੇ ਗਲੀਆਂ ਬਾਜ਼ਾਰਾਂ ’ਚ ਖੁੱਲ੍ਹਆਮ ਵਿਚਰਿਆ। ਉਸਦੀ ਦੀਦਾ-ਦਲੇਰੀ ਤੇ ਜੁਰਅਤ ਦਾ ਸਿਖਰ ਇਹ ਸੀ ਕਿ 27 ਮਈ ਨੂੰ ਉਸਨੇ ਗਾਜ਼ਾ ’ਚ ਇੱਕ ਖੁੱਲ੍ਹੀ ਪ੍ਰੈੱਸ ਕਾਨਫਰੰਸ ਕਰਕੇ ਇਜ਼ਰਾਇਲੀ ਰੱਖਿਆ ਮੰਤਰੀ ਨੂੰ ਲਲਕਾਰਵੀਂ ਚੁਣੌਤੀ ਦਿੱਤੀ ਸੀ ਕਿ ਉਹ ਪ੍ਰੈਸ ਕਾਨਫਰੰਸ ਬਾਅਦ ਖੁੱਲ੍ਹਆਮ ਤੁਰਕੇ ਆਪਣੇ ਘਰ ਜਾਵੇਗਾ। ਜੇ ਉਸਦੀ ਹਿੰਮਤ ਹੈ ਤਾਂ ਉਹ ਉਸਦੀ ਹੱਤਿਆ ਕਰਵਾਏ। ਤੇ ਸੱਚ ਹੀ ਉਹ ਅਗਲਾ ਘੰਟਾ ਭਰ ਗਾਜ਼ਾ ਦੀਆਂ ਗਲੀਆਂ, ਬਜ਼ਾਰਾਂ ’ਚ ਘੁੰਮਦਾ, ਲੋਕਾਂ ਨਾਲ ਗੱਲਾਂ ਮਾਰਦਾ ਤੇ ਫੋਟੋਆਂ ਖਿਚਾਉਂਦਾ ਰਿਹਾ ਪਰ ਮੰਤਰੀ ਬੈਨੀ ਗੈਂਟਜ ਕੁੱਝ ਨਾ ਕਰ ਸਕਿਆ। ਇਹੋ ਜਿਹਾ ਦਲੇਰ ਤੇ ਜਾਂਬਾਜ਼ ਆਗੂ ਸੀ ਅਲ-ਸਿਨਵਾਰ। ਹੁਣ ਵੀ ਇਜਰਾਇਲ ਵੱਲੋਂ ਉਸ ਬਾਰੇ ਇਹ ਝੂਠ ਫੈਲਾਇਆ ਗਿਆ ਸੀ ਕਿ ਉਹ ਗਾਜ਼ਾ ਛੱਡ ਕੇ ਦੌੜ ਗਿਆ ਹੈ ਪਰ ਉਹ ਆਖਰੀ ਸਾਹ ਤੱਕ ਕੌਮੀ ਮੁਕਤੀ ਜੰਗ ’ਚ ਬਣਿਆ ਰਿਹਾ।

7 ਅਕਤੂਬਰ ਦਾ ਐਕਸ਼ਨ ਸਿਨਾਵਰ ਦੀ ਅਗਵਾਈ ’ਚ ਵਿਉਤਿਆ ਤੇ ਸਫ਼ਲਤਾ ਨਾਲ ਤੋੜ ਚੜ੍ਹਾਇਆ ਗਿਆ ਸੀ। ਪਿਛਲੇ ਵਰ੍ਹੇ ਜਦੋਂ ਇਹ ਐਕਸ਼ਨ ਕੀਤਾ ਗਿਆ ਉਸ ਵੇਲੇ ਦੀ ਕੌਮੀ-ਕੌਮਾਂਤਰੀ ਹਾਲਤ ਅਜਿਹੀ ਸੀ ਕਿ ਰੂਸ-ਯੂਕਰਨੇ ਜੰਗ ਅਤੇ ਹੋਰ ਅਨੇਕ ਧਿਆਨ ਭੜਕਾਊ ਮਸਲਿਆਂ ਕਰਕੇ ਫਲਸਤੀਨੀ ਲੋਕਾਂ ਦੀ ਦੁਰਦਸ਼ਾ ਅਤੇ ਮੁਕਤੀ ਦਾ ਮਸਲਾ ਸੀਨ ਤੋਂ ਲਾਂਭੇ ਧੱਕਿਆ ਗਿਆ ਸੀ। ਇਸਦਾ ਕੌਮਾਂਤਰੀ ਸਿਆਸੀ-ਕੂਟਨੀਤਿਕ ਪਿੜ ’ਚ ਜ਼ਿਕਰ ਤੱਕ ਗਾਇਬ ਹੋ ਗਿਆ ਸੀ। ਅਮਰੀਕਨ ਸਾਮਰਾਜੀਆਂ ਨੇ ਆਪਣਾ ਪ੍ਰਭਾਵ ਅਤੇ ਦਬ-ਦਬਾਅ ਵਰਤ ਕੇ ਮੱਧ-ਪੂਰਬੀ ਦੀਆਂ ਪਿਛਾਖੜੀ ਤੇ ਸਾਮਰਾਜੀ ਪਿੱਠੂ ਜੁੰਡਲੀਆਂ ਅਤੇ ਇਜ਼ਰਾਇਲੀ ਰਾਜ ਬਨਾਉਣ ਦੀ ਮੁਹਿੰਮ ਵਿੱਢ ਰੱਖੀ ਸੀ। ਪਿਛਾਖੜੀ ਅਰਬ ਹਕੂਮਤਾਂ ਫਲਸਤੀਨੀ ਮਸਲੇ ਨੂੰ ਪੂਰੀ ਤਰ੍ਹਾਂ ਦਰ-ਕਿਨਾਰ ਕਰਕੇ, ਅਰਬ ਲੋਕਾਂ ਦੀ ਅੰਤਰ-ਆਤਮਾ ਦੀ ਆਵਾਜ਼ ਅਣਸੁਣੀ ਕਰਕੇ ਅਤੇ ਧੜਾਧੜ ਇਜ਼ਰਾਈਲ ਨਾਲ ਯਰਾਨੇ ਗੰਢਣ ਲੱਗੀਆਂ ਹੋਈਆਂ ਸਨ। ਇਸੇ ਹਾਲਤ ਦਾ ਲਾਹਾ ਲੈ ਕੇ ਇਜ਼ਰਾਇਲੀ ਹਕੂਮਤ ਨੇ ਫਲਸਤੀਨੀਆਂ ਤੇ ਸ਼ਿਕੰਜ਼ਾ ਕਸਣ, ਕਤਲ ਕਰਨ, ਯਹੂਦੀ ਬਸਤੀਆਂ ਦਾ ਪਸਾਰਾ ਕਰਨ ਤੇ ਯਹੂਦੀ ਕਬਜੇ ਵਾਲੇ ਫਲਸਤੀਨੀਆਂ ਦੇ ਅਸਾਸਿਆਂ ਨੂੰ ਹਥਿਆਉਣ ਆਦਿਕ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਸੀ। ਸਿਨਵਾਰ ਤੇ ਸਾਥੀਆਂ ਨੇ ਤੈਅ ਕੀਤਾ ਕਿ ਇਸ ਹਾਲਤ ਨੂੰ ਮੋੜਾ ਦੇਣ ਲਈ ਇੱਕ ਵੱਡੇ ਤੇ ਝੰਜੋੜੂ ਹੰਭਲੇ ਦੀ ਲੋੜ ਸੀ। ਅਜਿਹੇ ਝੰਜੋੜੇ ਲਈ ਫਲਸਤੀਨੀ ਖੂਨ ਦੀ ਅਹੂਤੀ ਦੇਣੀ ਪੈਣੀ ਸੀ। ਸ਼ਿਨਵਾਰ ਅਤੇ ਉਸਦੇ ਸਾਥੀਆਂ ਨੇ ਇਸਨੂੰ ਅਣਸਰਦੀ ਲੋੜ ਸਮਝਦਿਆਂ ਇਸ ਲਈ ਜਾਨਾਂ ਦੇ ਕੇ ਸਿਆਸੀ ਪ੍ਰਾਪਤੀ ਕਰਨ ਦਾ ਰਾਹ ਚੁਣ ਲਿਆ। 

ਹਮਾਸ ਦੀ 7 ਅਕਤੂਬਰ ਦੀ ਜੁਅਰਤਮੰਦ  ਕਾਰਵਾਈ ਨੇ ਸਾਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ। ਇਜ਼ਰਾਇਲੀ ਹੁਕਮਰਾਨ ਜੁੰਡਲੀ ਡੌਰ-ਭੌਰ ਹੋ ਕੇ ਰਹਿ ਗਈ। ਜਿਹੜੇ ਹੰਕਾਰੇ ਇਜ਼ਰਾਇਲੀ ਹਾਕਮਾਂ ਨੂੰ ਗਰੂਰ ਸੀ ਕਿ ਉਹਨਾਂ ਦੀ ਮਰਜ਼ੀ ਬਗੈਰ ਇਜ਼ਰਾਇਲ ’ਚ ਚਿੜੀ ਵੀ ਫੜਕ ਨਹੀਂ ਸਕਦੀ ਉਹਨਾਂ ਦਾ ਗਰੂਰ ਮਿੱਟੀ ’ਚ ਮਿਲ ਗਿਆ। ਇੱਕੋ ਝਟਕੇ ਨਾਲ, ਫਲਸਤੀਨੀ ਮਸਲਾ ਕੌਮਾਂਤਰੀ ਸੀਨ ’ਤੇ ਛਾ ਗਿਆ। ਅਮਰੀਕਾ ਅਤੇ ਪਿਛਾਖੜੀ ਅਰਬ ਹਕੂਮਤਾਂ ਦੀ ਫਲਸਤੀਨੀ ਮਸਲੇ ਨੂੰ ਰੋਲ ਕੇ, ਉਸਦੀ ਕੀਮਤ ’ਤੇ ਇਜ਼ਰਾਈਲ ਨਾਲ ਸੰਬੰਧ ਸੁਧਾਰਨ ਦੀ ਚਾਲ ਕੁੱਟੀ ਗਈ। ਸੰਬੰਧ ਸੁਧਾਰਨ ਦਾ ਅਮਲ ਥਾਂਏ ਦਮ ਤੋੜ ਗਿਆ। ਫਲਸਤੀਨੀ-ਇਜ਼ਰਾਇਲੀ ਮਸਲੇ ਦਾ ਕੋਈ ਸਾਰਥਕ ਹੱਲ ਕਰਨ ਦੀ ਤੱਦੀ ਭਰੀ ਲੋੜ ਦੀਆਂ ਚਰਚਾਵਾਂ ਨੇ ਫਿਰ ਵੇਗ ਫੜ੍ਹ ਲਿਆ। ਬਿਨਾ ਸ਼ੱਕ, ਫਲਸਤੀਨੀ ਕੌਮ ਨੂੰ ਆਪਣੇ ਜਾਨ ਅਤੇ ਮਾਲ ਦੀ ਵਿਰਾਟ ਕੀਮਤ ਤਾਰਨੀ ਪੈ ਗਈ, ਪਰ ਤਿਲ ਤਿਲ ਕਰਕੇ ਮਰਨ, ਗੁਲਾਮੀ ਝੱਲਣ ਅਤੇ ਜਲਾਲਤ ਹੰਢਾਉਣ ਨਾਲੋਂ ਅਣਖੀ ਕੌਮਾਂ ਹਮੇਸ਼ਾਂ ਜੂਝ ਮਰਨ ਦਾ ਰਾਹ ਚੁਣਦੀਆਂ ਹਨ। 

ਇਜ਼ਰਾਇਲੀ-ਅਮਰੀਕੀ ਫਾਸ਼ਿਸਟ ਜੁੰਡਲੀ ਦੀ ਇਹ ਇੱਕ ਨਮੋਸ਼ੀਜਨਕ ਅਸਫਲਤਾ ਹੈ ਕਿ ਆਪਣੇ ਸਾਰੇ ਸੂਹੀਆ ਤੰਤਰ ਅਤੇ ਆਧੁਨਿਕ ਵਸੀਲਿਆਂ ਦੇ ਬਾਵਜੂਦ ਉਹ ਜੰਗ ਦੇ 450 ਦਿਨ ਬੀਤ ਜਾਣ ਦੇ ਬਾਦ ਅਗਵਾ ਕੀਤੇ ਬੰਦੀਆਂ ਦਾ ਖੁਰਾ-ਖੋਜ਼ ਵੀ ਨਹੀਂ ਲੱਭ ਸਕੇ, ਛੁਡਾਉਣ ਦੇ ਦਮਗਜਿਆਂ ਦੀ ਗੱਲ ਤਾਂ ਕਿਧਰੇ ਰਹੀ। ਯਹੀਆ-ਅਲ-ਸਿਨਵਾਰ ਜਿਸਦੇ ਉੱਤੇ 4 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ,  ਨੂੰ ਵੀ ਗਾਜ਼ਾ ਦਾ ਚੱਪਾ-ਚੱਪਾ ਛਾਣਕੇ ਵੀ ਫੜ੍ਹ ਨਹੀਂ ਸਕੇ। 

16 ਅਕਤੂਬਰ 2024 ਨੂੰ ਸਿਨਵਾਰ ਅਤੇ ਉਸਦੇ ਦੋ ਸਾਥੀ ਜ਼ਖਮੀ ਹਾਲਤ ’ਚ ਅਤੇ ਕਈ ਦਿਨਾਂ ਦੇ ਭੁੱਖਣ-ਭਾਣੇ ਇੱਕ ਖੰਡਰ ਬਣੀ ਇਮਾਰਤ ’ਚ ਇਜ਼ਰਾਇਲੀ ਸੈਨਾ ’ਤੇ ਹਮਲਾ ਕਰਨ ਲਈ ਘਾਤ ਲਾਈ ਬੈਠੇ ਸਨ, ਜਦ ਅਚਾਨਕ ਹੀ ਉਹਨਾਂ ਦਾ ਇੱਕ ਦੁਸ਼ਮਣ ਟੁਕੜੀ ਤੇ ਹਮਲਾਵਰ ਡਰੋਨ ਨਾਲ ਸਾਹਮਣਾ ਹੋ ਗਿਆ। ਉਹਨਾਂ ਵੱਲੋਂ ਡਰੋਨ ਉੱਤੇ ਕੀਤੇ ਹਮਲੇ ਤੋਂ ਪਹਿਲਾਂ ਹੀ ਉਹ ਡਰੋਨ ਵੱਲੋਂ ਦਾਗੀ ਮਿਜ਼ਾਇਲ ਨਾਲ ਮਾਰੇ ਗਏ। ਉਹਨਾਂ ਦੀ ਅਗਲੇ ਦਿਨ ਪਛਾਣ ਹੋਣ ਨਾਲ ਦੁਨੀਆਂ ਭਰ ’ਚ ਤਹਿਲਕਾ ਮੱਚ ਗਿਆ।

ਫਲਸਤੀਨ ਦੀ ਕੌਮੀ ਮੁਕਤੀ ਦੇ ਜੰਗ-ਏ-ਮੈਦਾਨ ’ਚ ਸੂਰਮਿਆਂ ਵਾਂਗ ਦੁਸ਼ਮਣ ਨਾਲ ਭਿੜਦਿਆਂ ਉਹ ਆਪਣੀ ਜਾਨ ਆਪਣੀ ਪਿਆਰੀ ਮਾਤ-ਭੂਮੀ ਦੇ ਲੇਖੇ ਲਾ ਇਸਦੇ ਕਣ-ਕਣ ’ਚ ਸਮਾ ਗਏ। ਆਪਣੇੇ ਬੀਰਤਾ ਭਰਪੂਰ ਅਤੇ ਮਾਣਮੱਤੇ ਕਾਰਨਾਮਿਆਂ ਅਤੇ ਸ਼ਹਾਦਤ ਨਾਲ ਨਾ ਸਿਰਫ ਉਹ ਫਲਸਤਾਨੀ ਲੋਕ ਮਨਾਂ ’ਚ ਹਮੇਸ਼ਾਂ ਲਈ ਵਸ ਗਏ ਹਨ ਸਗੋਂ ਕੌਮੀ ਮੁਕਤੀ ਲਹਿਰ ਨੂੰ ਹੋਰ ਭਖਾਉਣ ਲਈ ਮਣਾਂ-ਮੂੰਹੀਂ ਚਿਣਗਾਂ ਬਖੇਰ ਗਏ ਹਨ।   

                                                                        --0--  

ਜਖ਼ਮੀ ਹਾਲਤ ’ਚ ਇੱਕ ਕੁਰਸੀ ’ਤੇ ਬੈਠਿਆਂ ਵੀ ਡਰੋਨ ਵੱਲ ਕੁੱਝ ਵਗ੍ਹਾ ਕੇ ਮਾਰਨ ਦੀ ਸਿਨਾਵਰ ਦੀ ਆਖ਼ਰੀ ਕੋਸ਼ਿਸ਼ ਵਾਲੀ ਵੀਡੀਓ ਦੁਨੀਆਂ ਭਰ ’ਚ ਫੈਲ ਗਈ ਅਤੇ ਅਰਬ ਜਗਤ ਅੰਦਰ ਉਹ ਨਾਇਕ ਹੋ ਗਿਆ।  ਅੰਤਿਮ ਸਾਹਾਂ ਵੇਲੇ ਨਾਬਰੀ ਦੀ ਸਿਖਰ ਹੋ ਕੇ ਜ਼ਾਹਰ ਹੋਈ ਉਸਦੀ ਇਹ ਜੁਅਰਤਮੰਦ ਕਾਰਵਾਈ ਉਸ ਅੰਦਰ ਫਲਸਤੀਨੀ ਲੋਕਾਂ ਦੀ ਮੁਕਤੀ ਦੇ ਕਾਜ਼ ਨਾਲ ਡੂੰਘੀ ਵਫ਼ਦਾਰੀ ਤੇ ਨਿਹਚਾ ਦਾ ਪ੍ਰਤੀਕ ਬਣ ਕੇ ਅਰਬ ਜਗਤ ’ਤੇ ਛਾ ਗਈ।  



No comments:

Post a Comment