Thursday, September 12, 2024

ਕਾਮਰੇਡ ਅਵਤਾਰ ਸਿੰਘ ਵਿਰਕ ਦਾ ਵਿਛੋੜਾ

 

ਕਾਮਰੇਡ ਅਵਤਾਰ ਸਿੰਘ ਵਿਰਕ ਦਾ ਵਿਛੋੜਾ

  ਇਨਕਲਾਬੀ ਜਮਹੂਰੀ ਲਹਿਰ ਵੱਲੋਂ ਸ਼ਰਧਾਂਜਲੀਆਂ

          ਇਨਕਲਾਬੀ-ਜਮਹੂਰੀ ਹਲਕਿਆਂ ਚ ਜਾਣੀ-ਪਛਾਣੀ ਸ਼ਖਸੀਅਤ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਦੀ ਸਥਾਪਨਾ ਕਰਨ ਵਾਲੀ ਆਗੂ ਟੀਮ ਚ ਸ਼ੁਮਾਰ (1972-82) ਦੇ ਘੁਲਾਟੀਆ ਰਹੇ ਤੇ ਬਾਅਦ ਚ ਤਾ-ਉਮਰ ਇਨਕਲਾਬੀ ਜਮਹੂਰੀ ਲਹਿਰ ਦੇ ਦਿ੍ਰੜ ਸਮਰਥਕ ਚੱਲੇ ਆ ਰਹੇ ਅਵਤਾਰ ਸਿੰਘ ਵਿਰਕ 19 ਜੂਨ ਨੂੰ ਦਿਲ ਦਾ ਦੌਰਾ ਪੈਣ ਨਾਲ ਦੁਖਦਾਈ ਵਿਛੋੜਾ ਦੇ ਗਏ। ਉਹਨਾਂ ਦਾ ਜਨਮ ਪਿੰਡ ਬਰਾਮਕੇ (ਨੇੜੇ ਕੋਟ ਈਸੇ ਖਾਂ) ਜਿਲ੍ਹਾ ਮੋਗਾ ਦੇ ਗਰੀਬ ਕਿਸਾਨ ਪ੍ਰੀਵਾਰ ਚ ਹੋਇਆ, ਜੋ ਦੇਸ਼ ਦੀ ਵੰਡ ਸਮੇਂ ਅਣਵੰਡੇ ਪੰਜਾਬ ਦੇ ਜਿਲ੍ਹਾ ਲਾਹੌਰ ਦੇ ਪਿੰਡ ਖਾਂਗਰ ਤੋਂ ਇਥੇ ਆ ਕੇ ਵਸਿਆ ਸੀ। ਨਕਸਲਬਾੜੀ ਲਹਿਰ ਦੇ ਪ੍ਰਭਾਵ ਹੇਠ ਉਹ ਕਮਿ. ਇਨਕਲਾਬੀ ਲਹਿਰ ਚ ਸ਼ਾਮਲ ਹੋਏ। ਉਹਨਾਂ ਨੇ ਲੁਧਿਆਣੇ ਦੀ ਸੱਨਅਤ   ਢਲਾਈ ਦਾ ਕੰਮ ਕਰਦਿਆਂ, ਸਾਥੀਆਂ ਨਾਲ ਮਿਲ ਕੇ ਮਜ਼ਦੂਰਾਂ ਨੂੰ ਜਥੇਬੰਦ ਕਰਨਾ ਸ਼ੁਰੂ ਕੀਤਾ। ਉਸ ਸਮੇਂ ਮਜ਼ਦੂਰਾਂ ਦੇ ਹੱਕਾਂ ਲਈ ਲੜੇ ਗਏ ਰਾਧੇ ਰਮਨ, ਐਰੋ ਵਰਗੇ ਇਤਿਹਾਸਕ ਘੋਲਾਂ ਚ ਡਟ ਕੇ ਲੜੇ। ਧਨਾਢ ਮਾਲਕਾਂ ਤੇ ਉਹਨਾਂ ਦੀ ਰਾਖੀ ਕਰਦੀ ਪੁਲਿਸ ਨਾਲ ਟੱਕਰਾਂ ਹੋਈਆਂ। ਉਸ ਤੋਂ ਬਾਅਦ ਉਹ ਕਮਿਊਨਿਸਟ ਇਨਕਲਾਬੀ ਲਹਿਰ ਦੇ ਹਮਾਇਤੀ ਵਜੋਂ ਵੱਖ ਵੱਖ ਫਰੰਟਾਂ ਕਰਾਂਤੀਕਾਰੀ ਮਜ਼ਦੂਰ ਸੈਂਟਰ, ਇਨਕਲਾਬੀ ਜਮਹੂਰੀ ਮੋਰਚੇ ਚ ਕੰਮ ਕਰਦੇ ਹੋਏ ਸਭਨਾਂ ਲੋਕ-ਪੱਖੀ ਅੰਦੋਲਨਾਂ/ਸਰਗਰਮੀਆਂ ਚ ਸ਼ਾਮਲ ਹੁੰਦੇ ਰਹੇ । ਸਿਧਾਂਤਕ ਕਿਤਾਬਾਂ ਤੋਂ ਇਲਾਵਾ ਸਭਨਾਂ ਇਨਕਲਾਬੀ ਧਿਰਾਂ ਦੇ ਮੈਗਜ਼ੀਨ-ਰਸਾਲੇ ਵਗੈਰਾ ਨਿੱਠ ਕੇ ਪੜ੍ਹਦੇ ਤੇ ਵਿਚਾਰ ਚਰਚਾ ਕਰਦੇ ਸਨ। ਅਖੀਰਲੇ ਸਮੇਂ ਸਾਥੀ ਅਵਤਾਰ ਸਿੰਘ ਵਿਰਕ ਨੇ ਕਾਮਰੇਡ ਠਾਣਾ ਸਿੰਘ ਦੇ ਭਲਾਈਆਣਾ ਪਿੰਡ ਚ ਸ਼ਰਧਾਂਜਲੀ ਸਮਾਗਮ ਚ ਤੇ ਫਿਰ , 26 ਮਈ ਨੂੰ ਬਰਨਾਲਾ ਵਿਖੇ ਲੋਕ ਸਭਾ ਚੋਣਾਂ ਮੌਕੇ ਕੀਤੀ ਸੰਗਰਾਮ ਰੈਲੀ ਚ ਸ਼ਮੂਲੀਅਤ ਕੀਤੀ।  ਉਹਨਾਂ ਦੇ ਵਿਛੋੜੇ ਮੌਕੇ ਇਨਕਲਾਬੀ ਜਮਹੂਰੀ ਲਹਿਰ ਦੇ ਸਾਥੀਆਂ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਸਾਥੀ ਜੀ. ਐਸ. ਜੌਹਰੀ ਤੇ ਸਾਬਕਾ ਮਜਦੂਰ ਆਗੂ ਮੇਜਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਨੇ ਵੀ ਲਾਲ ਝੰਡਾ ਪਾ ਕੇ ਸਾਥੀ ਨੂੰ ਇਨਕਲਾਬੀ ਵਿਦਾਇਗੀ ਦਿੱਤੀ।

          ਸ਼ਰਧਾਂਜਲੀ ਸਮਾਗਮ ਇਨਕਲਾਬੀ ਮਜ਼ਦੂਰ ਕੇਂਦਰ, ਕਰਾਂਤੀਕਾਰੀ ਮਜ਼ਦੂਰ ਸੈਂਟਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਵਿਜੈ ਨਰਾਇਣ), ਲੋਕ ਏਕਤਾ ਸੰਗਠਨ ਤੇ ਅਧਾਰਤ ਬਣੀ ਕਾਮਰੇਡ ਅਵਤਾਰ ਸਿੰਘ ਵਿਰਕ ਸ਼ਰਧਾਂਜਲੀ ਸਮਾਗਮ ਕਮੇਟੀਵੱਲੋਂ 30 ਜੂਨ ਨੂੰ ਸਵੇਰੇ ਦਸ ਵਜੇ ਡਾਬਾ (ਲੁਧਿਆਣਾ) ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਕਾਮਰੇਡ ਵਿਰਕ ਦੇ ਭਤੀਜੇ ਸਮੇਤ ਵੱਖ ਵੱਖ ਸਥਾਨਕ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਆਗੂ/ਵਰਕਰ ਅਤੇ ਜਮਹੂਰੀ ਇਨਕਲਾਬੀ ਲਹਿਰ ਦੇ ਸਰਗਰਮ ਹਿੱਸਿਆਂ ਨੇ ਸ਼ਿਰਕਤ ਕੀਤੀ।  ਹੋਏ। ਇਸ ਸਮਾਗਮ ਚ ਸ਼ਹੀਦ ਪ੍ਰਿਥੀਪਾਲ ਰੰਧਾਵਾ ਯਾਦਗਾਰੀ ਲਾਇਬਰੇਰੀ ਲੁਧਿਆਣਾ ਦੀ ਪ੍ਰਬੰਧਕੀ ਕਮੇਟੀ-ਡਾ. ਸੁਰਜੀਤ ਸਿੰਘ ਨੇ ਕਾ. ਵਿਰਕ ਨੂੰ ਯਾਦ ਕਰਦੇ ਹੋਏ ਸਲਾਮੀ ਭੇਂਟ ਕੀਤੀ।

          30 ਜੂਨ ਦੀ ਸ਼ਾਮ ਨੂੰ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਵੀ ਵੱਖਰੇ ਤੌਰ ਤੇ ਕਾ. ਅਵਤਾਰ ਸਿੰਘ ਵਿਰਕ ਦੀ ਯਾਦ ਚ ਸ਼ਰਧਾਂਜਲੀ ਸਭਾ ਕੀਤੀ ਗਈ। ਸਾਥੀ ਵਿਰਕ ਦੇ ਸੰਗੀ ਸਾਥੀ ਰਹੇ, ਯੂਨੀਅਨ ਉਸਾਰੀ ਤੇ ਘੋਲ ਤਜ਼ਰਬੇ ਸਾਂਝੇ ਕਰਦੇ ਹੋਏ ਡਾ. ਸੁਰਜੀਤ ਸਿੰਘ ਨੇ ਸ਼ਰਧਾਂਜਲੀ ਅਰਪਤ ਕੀਤੀ। ਸਾਥੀ ਹਰਜਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀਆਂ ਸਹੀ ਨੀਤੀਆਂ ਨੂੰ ਪੱਲੇ ਬੰਨ੍ਹ ਕੇ ਅਮਲ   ਦ੍ਰਿੜਤਾ ਨਾਲ ਲਾਗੂ ਕਰਦੇ ਹੋਏ ਅੱਗੇ ਵਧਣਾ ਹੀ ਵਿਰਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਥੀ ਰਾਮ ਲਖਨ ਨੇ ਸਨਅਤੀ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਚੇਟਕ ਲਾਉਣ ਦੇ ਰੋਲ ਨੂੰ ਲਾਲ ਸਲਾਮ ਆਖਦਾ ਗੀਤ ਖੁਦ ਲਿਖ ਕੇ ਪੇਸ਼ ਕੀਤਾ।

                   ---0---

No comments:

Post a Comment