Friday, September 13, 2024

ਇਨਕਲਾਬੀ ਦਿਸ਼ਾ ਤਲਾਸ਼ਦੀ ਲੋਕ ਬੇਚੈਨੀ

 

ਇਨਕਲਾਬੀ ਦਿਸ਼ਾ ਤਲਾਸ਼ਦੀ ਲੋਕ ਬੇਚੈਨੀ

ਬੰਗਲਾਦੇਸ਼ ਅੰਦਰ ਹਕੂਮਤ ਖ਼ਿਲਾਫ਼ ਉੱਠਿਆ ਲੋਕ ਉਭਾਰ ਸਾਮਰਾਜਵਾਦ ਦੀਆਂ ਨਵ-ਉਦਾਰਵਾਦੀ ਨੀਤੀਆਂ ਦੇ ਮੌਜੂਦਾ ਮਾਡਲ ਖ਼ਿਲਾਫ਼ ਲੋਕ ਬੇਚੈਨੀ ਦਾ ਇਜ਼ਹਾਰ ਹੈ। ਇਹ ਬੇਚੈਨੀ ਨਵ-ਬਸਤੀਵਾਦੀ ਲੁੱਟ ਦੇ ਸਿੱਟੇ ਵਜੋਂ ਸਾਮਰਾਜੀ ਅਧੀਨਗੀ ਵਾਲੇ ਪਛੜੇ ਮੁਲਕਾਂ ਚ ਤਿੱਖੀ ਤਰ੍ਹਾਂ ਜ਼ਾਹਰ ਹੋ ਰਹੀ ਹੈ। ਟੈਕਸਟਾਈਲ-ਹੱਬ ਵਜੋਂ ਪ੍ਰਚਾਰੇ ਗਏ ਬੰਗਲਾਦੇਸ਼ ਅੰਦਰ ਲੋਕਾਂ ਦੀ ਕਿਰਤ ਅਤੇ ਕੁਦਰਤੀ ਸੋਮਿਆਂ ਨੂੰ ਸਾਮਰਾਜੀ ਬਹੁ-ਕੌਮੀ ਕੰਪਨੀਆਂ ਨੇ ਰੱਜ ਕੇ ਲੁੱਟਿਆ ਹੈ। ਇਸ ਦੇ ਪਾਣੀ ਸੋਮਿਆਂ ਨੂੰ ਪਲੀਤ ਕੀਤਾ ਹੈ ਅਤੇ ਲੋਕਾਂ ਨੂੰ ਘੋਰ ਕੰਗਾਲੀ ਦੀ ਹਾਲਤ ਵਿੱਚ ਧੱਕਿਆ ਹੈ। ਇਸ ਸਾਲ ਦੇ ਸ਼ੁਰੂ ਚ ਬੰਗਲਾਦੇਸ਼ ਅੰਦਰ ਟੈਕਸਟਾਈਲ ਕਾਮਿਆਂ ਦੀ ਹੋਈ ਹੜਤਾਲ ਨੇ ਪਹਿਲਾਂ ਹੀ ਇਸ ਮਾਡਲ ਦੀ ਫੂਕ ਕੱਢ ਦਿੱਤੀ ਸੀ। ਹੁਣ ਬੇ-ਰੁਜ਼ਗਾਰੀ ਦੀ ਝੰਬੀ ਜਵਾਨੀ ਦੇ ਰੋਹ ਨੇ ਸ਼ੇਖ-ਹਸੀਨਾ ਨੂੰ ਦੇਸ਼ ਛੱਡ ਕੇ ਭੱਜ ਜਾਣ ਲਈ ਮਜ਼ਬੂਰ ਕਰਦਿਆਂ ਦੁਨੀਆਂ ਨੂੰ ਇਸ ਮਾਡਲ ਦੀ ਅਸਲੀਅਤ ਚੰਗੀ ਤਰ੍ਹਾਂ ਦਿਖਾ ਦਿੱਤੀ ਹੈ। ਇਸ ਨੂੰ ਰੁਜ਼ਗਾਰ ਪੈਦਾ ਕਰਨ ਵਾਲੇ ਮਾਡਲ ਵਜੋਂ ਪ੍ਰਚਾਰਦੇ ਸਾਮਰਾਜੀ ਅਰਥ ਸ਼ਾਸਤਰੀਆਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਬੰਗਲਾ ਦੇਸ਼ ਦੀ ਤਰੱਕੀ ਦੀ ਗਾਥਾ ਸੁਣਾਉਂਦੇ ਸਾਮਰਾਜੀ ਚਾਕਰ ਬੁਧੀਜੀਵੀਆਂ ਦੀ ਬੋਲਤੀ ਬੰਦ ਹੋ ਗਈ ਹੈ। ਅੰਨ੍ਹੀ ਆਰਥਿਕ ਲੁੱਟ ਅਤੇ ਜਾਬਰ ਰਾਜਾਂ ਦੇ ਹੋਰ ਖੂੰਖਾਰ ਹੁੰਦੇ ਕਿਰਦਾਰ, ਇਸ ਮਾਡਲ ਦੇ ਵਜੂਦ ਸਮੋਏ ਲੱਛਣ ਹਨ। ਇਸ ਮਾਡਲ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਕਿ ਇਹਨਾਂ ਮੁਲਕਾਂ ਅੰਦਰ ਨਾਮ ਨਿਹਾਦ ਜਮਹੂਰੀ ਹੱਕ ਵੀ ਛਾਂਗ ਦਿੱਤੇ ਜਾਂਦੇ ਹਨ ਅਤੇ ਪਾਰਲੀਮਾਨੀ ਕਸਰਤਾਂ ਨੂੰ ਹੋਰ ਜ਼ਿਆਦਾ ਰਸਮੀ ਬਣਾ ਕੇ ਸੱਤਾ ਤੇ ਪੱਕੇ ਤੌਰ ਤੇ ਕਾਬਜ ਹੋ ਕੇ ਇਹਨਾਂ ਨੀਤੀਆਂ ਨੂੰ ਅੱਗੇ ਵਧਾਉਣ ਦਾ ਰਾਹ ਬਣਾਇਆ ਜਾਂਦਾ ਹੈ। ਸਾਮਰਾਜੀ ਲੁੱਟ-ਖਸੁੱਟ ਨੂੰ ਤਿੱਖੀ ਕਰਨ ਵਾਲਾ ਇਹ ਨਵ-ਉਦਾਰਵਾਦੀ ਮਾਡਲ ਇਹਨਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਵੱਲੋਂ ਜਮਹੂਰੀਅਤ ਦੇ ਕੀਤੇ ਜਾਂਦੇ ਝੂਠੇ ਦਾਅਵਿਆਂ ਦਾ ਤਿੱਖੀ ਤਰ੍ਹਾਂ ਪਰਦਾਚਾਕ ਕਰ ਦਿੰਦਾ ਹੈ। ਇਸ ਮਾਡਲ ਨੇ ਲੋਕਾਂ ਚ ਬੇਚੈਨੀ ਦਾ ਪਸਾਰਾ ਕਰਨਾ ਹੀ ਹੈ। ਜਿਵੇਂ ਪਿਛਲੇ ਵਰ੍ਹੇ ਸ਼੍ਰੀਲੰਕਾ ਚ ਰਾਜਪਕਸਿਆਂ ਨਾਲ ਵੀ ਇਹੀ ਹੋਈ ਸੀ ਤੇ ਹੁਣ ਅਫ਼ਰੀਕੀ ਮੁਲਕ ਕੀਨੀਆ ਚ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਪਾਕਿਸਤਾਨ ਵੀ ਅਜਿਹੀ ਹਿਲਜੁਲ ਚੋਂ ਗੁਜ਼ਰ ਰਿਹਾ ਹੈ। ਭਾਰਤ ਅੰਦਰ ਵੀ ਇਹੋ ਮਾਡਲ ਲਾਗੂ ਹੋ ਰਿਹਾ ਤੇ ਲੋਕ ਬੇਚੈਨੀ ਵੀ ਰਾਹ ਤਲਾਸ਼ ਰਹੀ ਹੈ।

ਸਾਮਰਾਜੀਆਂ ਦੀਆਂ ਨਵ-ਉਦਾਰਵਾਦੀ ਨੀਤੀਆਂ ਦੀ ਮਾਰ ਹੰਢਾ ਰਹੇ ਇਹਨਾਂ ਮੁਲਕਾਂ ਅੰਦਰ ਅਸਲ ਸਵਾਲ ਇਸ ਲੋਕ ਬੇਚੈਨੀ ਨੂੰ ਇਸ ਸਾਮਰਾਜੀ ਹੱਲੇ ਖ਼ਿਲਾਫ਼ ਤੇ ਇਸ ਨੂੰ ਲਾਗੂ ਕਰ ਰਹੇ ਮੌਜੂਦਾ ਲੁਟੇਰੇ ਨਿਜ਼ਾਮਾਂ ਖਿਲਾਫ ਸੇਧਤ ਕਰਨ ਦਾ ਹੈ। ਲੋਕਾਂ ਸਾਹਮਣੇ ਸਾਮਰਾਜੀ ਦਾਬੇ ਤੇ ਚੋਰ ਗੁਲਾਮੀ ਦੀ ਹਕੀਕਤ ਦਰਸਾਉਣ ਦਾ ਹੈ। ਅਜੇਹੀ ਇਨਕਲਾਬੀ ਸੇਧ ਅਤੇ ਸਥਾਨਕ ਸਾਧਨਾਂ/ਸੋਮਿਆਂ ਤੇ ਨਿਰਭਰ ਬਦਲਵੇਂ ਲੋਕ ਵਿਕਾਸ ਦੇ ਮਾਡਲ ਦੀ ਪੇਸ਼ਕਾਰੀ ਤੋਂ ਬਿਨਾਂ ਇਸ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਬਾਕੀ ਧੜੇ ਵਰਤਣ ਲਈ ਤਿਆਰ-ਬਰ-ਤਿਆਰ ਹਨ। ਚਾਹੇ ਲਗਾਤਾਰ ਹੁੰਦੀਆਂ ਚੋਣਾਂ ਰਾਹੀਂ ਵਰਤ ਲੈਣ ਅਤੇ ਚਾਹੇ ਲੋਕ ਬੇਚੈਨੀ ਦੇ ਫੁਟਾਰਿਆਂ ਚੋਂ ਕੋਈ ਨਵੀਆਂ ਅੰਤਰਿਮ ਸਰਕਾਰਾਂ ਕੱਢ ਲੈਣ। ਇਨਕਲਾਬੀ ਬਦਲ ਦੇ ਠੋਸ ਪ੍ਰੋਗਰਾਮ ਤੋਂ ਬਗੈਰ ਅਤੇ ਇਸ ਪ੍ਰੋਗਰਾਮ ਦੀ ਦਾਅਵੇਦਾਰ ਇਨਕਲਾਬੀ ਲੀਡਰਸ਼ਿਪ ਤੋਂ ਬਗੈਰ ਬੰਗਲਾਦੇਸ਼ ਅਤੇ ਸ਼੍ਰੀ ਲੰਕਾ ਅੰਦਰ ਵੀ ਇਹ ਬੇਚੈਨੀ ਆਖ਼ਰ ਨੂੰ ਇਉਂ ਹੀ ਵਰਤੀ ਜਾਣੀ ਹੈ। ਜਿਵੇਂ ਹੁਣ ਵੀ ਬੰਗਲਾਦੇਸ਼ ਅੰਦਰ ਇਕ ਧੜੇ ਨੂੰ ਪਾਸੇ ਕਰਕੇ ਅਮਰੀਕੀ ਸਾਮਰਾਜੀਆਂ ਨੇ ਦੂਜੇ ਹਾਕਮ ਜਮਾਤੀ ਧੜੇ ਨੂੰ ਅੱਗੇ ਲਿਆਉਣ ਲਈ ਵਰਤਿਆ ਹੈ। ਪਰ ਇਸ ਸੀਮਤਾਈ ਦੇ ਬਾਵਜੂਦ ਇਹਨਾਂ ਮੁਲਕਾਂ ਅੰਦਰ ਉੱਠ ਰਹੇ ਲੋਕ ਉਭਾਰਾਂ ਦੇ ਲੋਕਾਂ ਦੀ ਲਹਿਰ ਲਈ ਵਡਮੁੱਲੇ ਸਬਕ ਹਨ ਅਤੇ ਇਹਨਾਂ ਸਬਕਾਂ ਰਾਹੀਂ ਨਵੇਂ ਰਾਹ ਲੱਭਦਿਆਂ ਤੇ ਅਗਲੀ ਦਿਸ਼ਾ ਤਲਾਸ਼ਦਿਆਂ ਹੀ ਲੋਕਾਂ ਦੀਆਂ ਲਹਿਰਾਂ ਨੇ ਇਨਕਲਾਬੀ ਬਦਲ ਸਿਰਜਣ ਦੀ ਸੇਧ ਵਿੱਚ ਅੱਗੇ ਵਧਣਾ ਹੈ। ਇਹ ਉਭਾਰ ਸਾਮਰਾਜੀ ਚੋਰ ਗੁਲਾਮੀ ਹੰਡਾ ਰਹੇ ਮੁਲਕਾਂ ਅੰਦਰ ਜਮਾਤੀ ਘੋਲਾਂ ਦੇ ਨਵੇਂ ਦੌਰ ਚ ਦਾਖਲ ਹੋਣ ਦੇ ਸੰਕੇਤ ਦੇ ਰਹੇ ਹਨ। ਲੋਕਾਂ ਦੇ ਇਹ ਰੋਹ ਫੁਟਾਰੇ ਹਾਕਮਾਂ ਤੇ ਸਾਮਰਾਜੀਆਂ ਲਈ ਇਹਨਾਂ ਮੁਲਕਾਂ ਅੰਦਰ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਦਾ ਅਮਲ ਕਠਿਨ ਬਣਾ ਰਹੇ ਹਨ ਅਤੇ ਲੋਕਾਂ ਦੇ ਚੇਤਨ, ਜਥੇਬੰਦ ਤੇ ਵਿਉਂਤਬੱਧ ਸੰਘਰਸ਼ਾਂ ਲਈ ਨਵੇਂ ਮੁਕਾਮ ਸਿਰਜੇ ਜਾ ਰਹੇ ਹਨ। ਪਰ ਨਾਲ ਹੀ ਇਹਨਾਂ ਮੁਲਕਾਂ ਅੰਦਰ ਨਵੇਂ ਲੋਕ ਉਭਾਰਾਂ ਦਾ ਇਹ ਦੌਰ ਏਥੇ ਮਜ਼ਦੂਰ ਜਮਾਤ ਦੀ ਇਕਜੁੱਟ ਤੇ ਸਥਾਪਿਤ ਪਾਰਟੀ ਵਜੋਂ ਕਮਜ਼ੋਰੀ ਵਾਲੀ ਹਾਲਤ ਨੂੰ ਸਰ ਕਰਨ ਦਾ ਸਵਾਲ ਵੀ ਪਾ ਰਿਹਾ ਹੈ। ਇਹ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਹੀ ਹੈ ਜਿਹੜੀ ਇਹਨਾਂ ਲੋਕ ਉਭਾਰਾਂ ਨੂੰ ਸਾਮਰਾਜ ਵਿਰੋਧੀ ਤੇ ਸਥਾਨਕ ਦਲਾਲ ਜਮਾਤਾਂ ਵਿਰੋਧੀ ਸਿਆਸੀ ਚੌਖਟੇ ਚ ਅੱਗੇ ਵਧਾ ਸਕਦੀ ਹੈ ਅਤੇ ਲੋਕ ਬੇਚੈਨੀ ਨੂੰ ਇਨਕਲਾਬ ਦੇ ਸੂਹੇ ਮਾਰਗ ਤੇ ਲਿਜਾ ਸਕਦੀ ਹੈ। ਹੁਣ ਇਹਨਾਂ ਲੋਕ ਉਭਾਰਾਂ ਨੂੰ ਇਨਕਲਾਬੀ ਦਿਸ਼ਾ ਦੇਣ ਦੀ ਚਣੌਤੀ ਇਹਨਾਂ ਮੁਲਕਾਂ ਦੇ ਕਮਿਊਨਿਸਟ ਇਨਕਲਾਬੀਆਂ ਸਾਹਮਣੇ ਪਿਛਲੇ ਸਮੇਂ ਨਾਲੋਂ ਹੋਰ ਵੀ ਵਧੇਰੇ ਉੱਘੜ ਕੇ ਆ ਖੜ੍ਹੀ ਹੈ।

 

No comments:

Post a Comment