ਉਲੰਪਿਕ ਖੇਡਾਂ : ਨਤੀਜਿਆਂ ਦੀ ਹਕੀਕਤ ਦੇ ਰੂ-ਬ-ਰੂ ਹੁੰਦਿਆਂ....
ਹੁਣੇ ਹੁਣੇ
ਉਲੰਪਿਕ ਖੇਡਾਂ ਹੋ ਕੇ ਹਟੀਆਂ ਹਨ। ਸੰਸਾਰ ਨੂੰ ਮਨੁੱਖੀ ਹੁਨਰ, ਦਮ-ਖ਼ਮ ਤੇ ਕਈ ਹੋਰਨਾਂ ਮਨੁੱਖੀ ਸਮਰਥਾਵਾਂ ਦੇ ਨਵੇਂ ਮੁਕਾਮਾਂ ਦੇ
ਦਰਸ਼ਨ ਹੋਏ ਹਨ। ਸਾਡੇ ਮੁਲਕ ਦੀ ਪਹਿਲਵਾਨ ਤੇ ਔਰਤਾਂ ਦੇ ਮਾਣ ਲਈ ਸੰਘਰਸ਼ ਦੀ ਝੰਡਾਬਰਦਾਰ ਬਣਕੇ
ਉੱਭਰੀ ਵਿਨੇਸ਼ ਫੋਗਾਟ ਨਾਲ ਹੋਈ ਜੱਗੋਂ ਤੇਰ੍ਹਵੀਂ ਦੀ ਪੀੜ ਸਾਰੇ ਮੁਲਕ ਵਾਸੀਆਂ ਨੇ ਮਹਿਸੂਸ ਕੀਤੀ
ਹੈ। ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮੁੰਡਿਆਂ ਦੀਆਂ ਪਹਿਲੀਆਂ
ਦੋ ਪੁਜ਼ੀਸ਼ਨਾਂ ਨੂੰ ਦੋਹਾਂ ਪੰਜਾਬਾਂ ਦੇ ਲੋਕਾਂ ਨੇ ਸਾਂਝੀ ਜਿੱਤ ਵਜੋਂ ਖੂਬ ਮਾਣਿਆ ਹੈ ਤੇ ਸਾਂਝੀ
ਪੰਜਾਬੀ ਕੌਮੀਅਤ ਦੇ ਮਾਣ ਦੀਆਂ ਸੁਰਾਂ ਗੂੰਜੀਆਂ ਹਨ।
ਪਰ ਸਾਡਾ
ਮੁਲਕ ਹਮੇਸ਼ਾ ਵਾਂਗ ਤਮਗ਼ਿਆਂ ਦੀ ਸੂਚੀ ਵਿੱਚ ਬਹੁਤ ਪਿੱਛੇ ਹੈ। ਹਰ ਵਾਰ ਦੀ ਤਰ੍ਹਾਂ ਕੁੱਝ ਕਾਲਮ
ਨਵੀਸਾਂ ਤੇ ਖੇਡ ਪੱਤਰਕਾਰਾਂ ਵੱਲੋਂ ਇਹਦੇ ਕਾਰਨਾਂ ਦੀ ਰਸਮੀ ਚਰਚਾ ਹੋ ਜਾਵੇਗੀ ।
ਫੰਡਾਂ/ਗਰਾਂਟਾਂ ਦੀ ਤੋਟ ਅਤੇ ਸਾਧਨਾਂ ਦੀ ਘਾਟ ਤੋਂ ਲੈ ਕੇ ਖੇਡ ਸੰਸਥਾਵਾਂ ਵਿਚਲੇ ਭ੍ਰਿਸ਼ਟਾਚਾਰ
ਅਤੇ ਇਹਨਾਂ ’ਚ ਸਿਆਸੀ ਨੇਤਾਵਾਂ ਦਾ ਸੱਤਾ ਦੀਆਂ ਪੌੜੀਆਂ
ਚੜ੍ਹਨ ਖਾਤਰ ਬਣਾਇਆ ਜਾਂਦਾ ਦਖ਼ਲ ਤੱਕ, ਸਭ ਕੁੱਝ
ਪਹਿਲਾਂ ਵੀ ਇਸ ਚਰਚਾ ’ਚ ਸ਼ੁਮਾਰ
ਹੁੰਦਾ ਹੈ। ਸਾਡੇ ਆਪਣੇ ਮੁਲਕ ਅੰਦਰਲੇ ਲੋਕ-ਦੋਖੀ ਨਿਜ਼ਾਮ ਦੇ ਅੰਗ ਵਜੋਂ ਹੀ ਖੇਡ ਢਾਂਚੇ ਦੀਆਂ
ਸਮੱਸਿਆਵਾਂ ਦੇ ਵਿਸ਼ੇਸ਼ ਪ੍ਰਸੰਗ ਨੂੰ ਇੱਕ ਵਾਰ ਪਾਸੇ ਰੱਖਦਿਆਂ ਜੇਕਰ ਓਲੰਪਿਕ ਖੇਡਾਂ ਅੰਦਰ
ਨਿਰਪੱਖ ਮੁਕਾਬਲੇਬਾਜ਼ੀ ਦੇ ਹਵਾਲੇ ਨਾਲ ਨਤੀਜਿਆਂ ਬਾਰੇ ਚਰਚਾ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ
ਹੈ ਕਿ ਇਹ ਅਣਸਾਵੇਂ ਮੁਕਾਬਲਿਆਂ ਅੰਦਰ ਬਣੀਆਂ ਤਮਗ਼ਿਆਂ ਦੀਆਂ ਸੂਚੀਆਂ ਹਨ। ਇਹ ਮੁਕਾਬਲੇ ਬਰਾਬਰ
ਦਿਆਂ ਵਿਚਕਾਰ ਨਹੀਂ ਸਨ। ਇਹ ਅਣਸਾਵਾਂਪਣ ਉਲੰਪਿਕ ਅੰਦਰ ਨਿਯਮਾਂ ਦੇ ਕਿਸੇ ਵਿਸ਼ੇਸ਼ ਵਿਤਕਰੇ ਦੇ
ਖੇਤਰ ਤੱਕ ਸੀਮਤ ਨਹੀਂ ਹੈ, ਚਾਹੇ
ਅਜਿਹੇ ਮਾਮਲੇ ਵੀ ਵਾਪਰਦੇ ਹਨ, ਪਰ ਆਮ
ਕਰਕੇ ਇਹ ਬੇ-ਮੇਚੇ ਮੁਕਾਬਲੇ ਦੁਨੀਆਂ ਦੇ ਸੋਮਿਆਂ ਤੇ ਸਾਧਨਾਂ ਦੀ ਅਣਸਾਵੀਂ ਵੰਡ ਦੀ ਮੌਜੂਦਾ
ਹਕੀਕਤ ’ਚੋ ਨਿੱਕਲੇ ਹੋਏ ਹਨ। ਓਲੰਪਿਕ ਖੇਡਾਂ ਸੰਸਾਰ
ਦੀ ਇਸੇ ਹਕੀਕਤ ਦੇ ਪ੍ਰਤੌਅ ਵਜੋਂ ਵੀ ਦੇਖੀਆਂ ਜਾਣੀਆਂ ਚਾਹੀਦੀਆਂ ਹਨ। ਵੰਡਾਂ ਤੇ ਪਾੜਿਆਂ ਗਰੱਸੇ
ਸੰਸਾਰ ਦਾ ਝਲਕਾਰਾ ਓਲੰਪਿਕ ਨਤੀਜਿਆਂ ਵਿੱਚੋਂ ਵੀ ਸਪੱਸ਼ਟ ਨਜ਼ਰੀਂ ਪੈਂਦਾ ਹੈ।
ਕੌਮਾਂਤਰੀ
ਪੱਧਰ ’ਤੇ ਤਮਗਿਆਂ ਦੀ ਸੂਚੀ ’ਤੇ ਨਿਗ੍ਹਾ ਮਾਰੀਏ ਤਾਂ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਦੁਨੀਆਂ ਦੀਆਂ
ਵੱਡੀਆਂ ਆਰਥਿਕਤਾਵਾਂ ਵਾਲੇ ਮੁਲਕ ਹੀ ਇਸ ਸੂਚੀ ਅੰਦਰ ਅੱਗੇ ਹਨ। ਇਹਨਾਂ ’ਚ ਸ਼ਾਮਲ ਚੀਨ ਨੂੰ ਛੱਡ ਕੇ ਬਾਕੀ ਦੇ ਉਹ ਮੁਲਕ ਹਨ ਜਿਨ੍ਹਾਂ ਨੇ
ਆਪਣੀਆਂ ਵੱਡੀਆਂ ਆਰਥਿਕਤਾਵਾਂ ਪਿਛਲੀਆਂ ਸਦੀਆਂ ’ਚ ਸੰਸਾਰ
ਦੇ ਹੋਰਨਾਂ ਮੁਲਕਾਂ ਦੇ ਸੋਮਿਆਂ ਨੂੰ ਲੁੱਟ ਕੇ ਉਸਾਰੀਆਂ ਹਨ। ਚੀਨ ਹੀ ਅਜਿਹਾ ਮੁਲਕ ਹੈ ਜਿਹੜਾ
ਪਿਛਲੀ ਸਦੀ ਦੇ ਅੱਧ ਤੱਕ ਇਕ ਬੇਹੱਦ ਪਛੜਿਆ ਮੁਲਕ ਸੀ ਪਰ ਉੱਥੇ ਹੋਈ ਲੋਕ ਜਮਹੂਰੀ ਕ੍ਰਾਂਤੀ
ਮਗਰੋਂ ਉੱਥੇ ਇਕ ਸਮਾਜਵਾਦੀ ਸਮਾਜ ਦੀ ਉਸਾਰੀ ਕੀਤੀ ਗਈ ਸੀ। ਸਮਾਜਵਾਦੀ ਦੌਰ ’ਚ ਸਿਰਜਿਆ ਗਿਆ ਇਹ ਆਧਾਰ ਇੱਕ ਵਿਕਸਿਤ ਪੂੰਜੀਵਾਦੀ ਮੁਲਕ ਵਜੋਂ ਉਸ
ਨੂੰ ਕੁੱਝ ਖੇਤਰਾਂ ’ਚ ਵੱਡੇ
ਸਾਮਰਾਜੀ ਮੁਲਕਾਂ ਬਰਾਬਰ ਖੜ੍ਹਾ ਕਰ ਰਿਹਾ ਹੈ ਤੇ ਹੁਣ ਉਹ ਵੀ ਦੁਨੀਆਂ ਅੰਦਰ ਸੋਮਿਆਂ/ਸਾਧਨਾਂ ਦੀ
ਲੁੱਟ ਵਾਲੀ ਕਤਾਰਬੰਦੀ ’ਚ ਸ਼ਾਮਲ ਹੋ
ਰਿਹਾ ਹੈ। ਬਾਕੀ ਦੇ ਸਾਰੇ ਮੁਲਕ ਉਹੀ ਹਨ ਜਿਨ੍ਹਾਂ ਦੀ ਸਾਰੇ ਸੰਸਾਰ ਮਾਮਲਿਆਂ ਵਿੱਚ ਪੁੱਗਦੀ ਹੈ
ਅਤੇ ਜਿਹੜੇ ਬਾਕੀ ਦੇ ਸੰਸਾਰ ਦੀ ਲੁੱਟ ਨੂੰ ਆਪੋ ਵਿੱਚ ਰਲ ਕੇ ਵੀ ਵੰਡਦੇ ਹਨ ਤੇ ਵੰਡਣ ਲਈ ਲੜਦੇ
ਵੀ ਰਹਿੰਦੇ ਹਨ। ਜਿਹੜੇ ਇਸ ਵੇਲੇ ਵੀ ਸੰਸਾਰ ਦੀਆਂ ਦੌਲਤਾਂ ਲੁੱਟਣ ਲਈ ਸਿੱਧੀਆਂ ਤੇ ਅਸਿੱਧੀਆਂ
ਜੰਗਾਂ ’ਚ ਰੁੱਝੇ ਹੋਏ ਹਨ।
ਸੰਸਾਰ ਅੰਦਰ
ਸਾਮਰਾਜ ਦਾ ਵਰਤਾਰਾ ਉੱਭਰਨ ਨੇ ਦੁਨੀਆਂ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਸਦੀਆਂ ਦੇ ਪਛੜੇਵੇਂ
ਵਿਚ ਧੱਕ ਦਿੱਤਾ ਸੀ। ਵਿਕਸਤ ਪੂੰਜੀਵਾਦੀ ਮੁਲਕਾਂ ਨੇ ਅਜੇ ਜਗੀਰਦਾਰੀ ਯੁੱਗ ’ਚੋਂ ਹੀ ਗੁਜ਼ਰ ਰਹੇ ਮੁਲਕਾਂ ’ਤੇ ਆ ਕੇ
ਅਜਿਹਾ ਸਾਮਰਾਜੀ ਗ਼ਲਬਾ ਪਾਇਆ ਸੀ ਕਿ ਉਹਨਾਂ ਮੁਲਕਾਂ ਦੇ ਸੁਭਾਵਿਕ ਵਿਕਾਸ ਨੂੰ ਬੁਰੀ ਤਰ੍ਹਾਂ
ਮਧੋਲ ਸੁੱਟਿਆ ਸੀ। ਉਥੋਂ ਦੇ ਸੁਭਾਵਿਕ ਉਦਯੋਗੀਕਰਨ ਦੇ ਅਮਲ ਨੂੰ ਗ੍ਰਹਿਣ ਲਾ ਦਿੱਤਾ ਸੀ।
ਪੈਦਾਵਾਰ ਦੇ ਵਿਕਾਸ ਕਰਨ ਦੇ ਖੇਤਰਾਂ ਨੂੰ ਬੰਨ੍ਹ ਮਾਰ ਦਿੱਤਾ ਸੀ। ਉਥੋਂ ਦੀ ਕਿਰਤ ਸ਼ਕਤੀ ਤੇ
ਕੁਦਰਤੀ ਸੋਮਿਆਂ ਦੀ ਸਿੱਧੀ ਲੁੱਟ ਨੇ ਵਿਕਸਿਤ ਪੂੰਜੀਵਾਦੀ ਮੁਲਕਾਂ ਦੇ ਵਿਕਾਸ ਅਮਲ ਨੂੰ ਹੋਰ ਤੇਜ਼
ਕਰ ਦਿੱਤਾ ਸੀ। ਬਸਤੀਵਾਦ ਦਾ ਇਹ ਵਰਤਾਰਾ ਪਿਛਲੀ ਸਦੀ ਦੌਰਾਨ ਨਵ-ਬਸਤੀਵਾਦ ਦੀ ਸ਼ਕਲ ਵਿੱਚ ਜਾਰੀ
ਰਿਹਾ ਅਤੇ ਦੁਨੀਆਂ ਦੇ ਬਹੁਤ ਵੱਡਾ ਹਿੱਸਾ ਬਣਦੇ ਮੁਲਕਾਂ ਦੀ ਪੂੰਜੀ, ਕਿਰਤ ਤੇ ਹੋਰਨਾਂ ਸੋਮਿਆਂ ਦੀ ਲੁੱਟ ਜਾਰੀ ਰਹੀ ਹੈ। ਇਸ ਲੁੱਟ ਨੇ
ਤੀਜੀ ਦੁਨੀਆਂ ਕਹੇ ਜਾਂਦੇ ਕਿੰਨੇ ਹੀ ਮੁਲਕਾਂ ਨੂੰ ਆਰਥਿਕ,
ਸਮਾਜਿਕ ਤੇ ਸੱਭਿਆਚਾਰਕ ਪਛੜੇਵੇਂ ’ਚ ਧੱਕ ਕੇ
ਰੱਖਿਆ ਹੋਇਆ ਹੈ। ਇਹਨਾਂ ਮੁਲਕਾਂ ਦਾ ਖੇਡਾਂ ਅੰਦਰ ਪਛੜੇ ਹੋਣਾ ਇਸ ਸਮੁੱਚੀ ਹਾਲਤ ਦਾ ਇਕ
ਪ੍ਰਗਟਾਵਾ ਹੀ ਹੈ।
ਖੇਡਾਂ ਲਈ ਲੋੜੀਂਦੀਆਂ ਜੀਵਨ ਹਾਲਤਾਂ ਤੋਂ
ਇਹਨਾਂ ਮੁਲਕਾਂ ਦੀ ਬਹੁਤ ਵੱਡੀ ਆਬਾਦੀ ਵਾਂਝੀ ਰਹਿੰਦੀ ਆ ਰਹੀ ਹੈ ਅਤੇ ਨਾਲ ਹੀ ਸਰਕਾਰਾਂ ਦੇ
ਛੋਟੇ ਤੇ ਊਣੇ ਬੱਜਟ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਤੋਂ ਅਸਮਰੱਥ ਰਹਿੰਦੇ
ਆ ਰਹੇ ਹਨ। ਇਹਨਾਂ ਮੁਲਕਾਂ ’ਚ ਆਮ ਕਰਕੇ
ਲੋਕਾਂ ਨੂੰ ਰੋਜ਼ੀ ਰੋਟੀ ਦੀ ਮੰਦਹਾਲੀ ਦੇ ਹਾਲਾਤਾਂ ਦਾ ਸਾਹਮਣਾ ਹੈ ਤੇ ਇਹ ਹਾਲਾਤ ਹੀ ਲੋਕਾਂ ਦੀ
ਸਾਰੀ ਊਰਜਾ ਨਿਚੋੜ ਲੈਂਦੇ ਹਨ ਤਾਂ ਵਿਸ਼ੇਸ਼ ਹੁਨਰ ਵਾਲੀਆਂ ਪ੍ਰਤਿਭਾਵਾਂ ਤਲਾਸ਼ਣ ਅਤੇ ਵਿਕਸਿਤ ਕਰਨ
ਦਾ ਅਮਲ ਬਹੁਤ ਛੋਟੀ ਪ੍ਰਤੀਸ਼ਤ ਬਣਦੀ ਸਰਦੀ ਪੁੱਜਦੀ ਆਬਾਦੀ ’ਚੋਂ ਹੁੰਦਾ
ਹੈ। ਬਹੁਤ ਵੱਡਾ ਹਿੱਸਾ ਹੁਨਰਵਾਨ ਨੌਜਵਾਨ ਤਾਂ ਰੁਜ਼ਗਾਰ ਦੀ ਤਲਾਸ਼ ’ਚ ਰੁਲ ਜਾਂਦੇ ਹਨ ਅਤੇ ਜੂਨ-ਗੁਜ਼ਾਰੇ ਦੀਆਂ ਲੋੜਾਂ ਨਾਲ ਹੀ ਦੋ ਚਾਰ
ਹੁੰਦੇ ਰਹਿੰਦੇ ਹਨ। ਇਹਨਾਂ ਹਾਲਾਤਾਂ ਵਿੱਚੋਂ ਹੀ ਸਾਡੇ ਵਰਗੇ ਮੁਲਕਾਂ ’ਚੋਂ ਖੇਡ ਦਲ ਉਲੰਪਿਕ ਵਿੱਚ ਪਹੁੰਚਦੇ ਹਨ ਅਤੇ ਸਾਧਨ ਸੰਪੰਨ ਸਰਦੇ
ਪੁੱਜਦੇ ਮੁਲਕਾਂ ਦੇ ਮੁਕਾਬਲੇ ਊਣੇ ਨਿੱਬੜਦੇ ਹਨ। ਇਕ ਹਕੀਕਤ ਇਹ ਵੀ ਹੈ ਕਿ ਇਹਨਾਂ ਮੁਲਕਾਂ
ਵਿੱਚੋਂ ਵੀ ਬਹੁਤ ਹੁਨਰਮੰਦ ਵਿਸ਼ੇਸ਼ ਪ੍ਰਤਿਭਾਸ਼ੀਲ ਨੌਜਵਾਨ ਕਈ ਵਾਰ ਬਹੁਤ ਘੱਟ ਸਾਧਨਾਂ ਦੇ ਨਾਲ ਵੀ
ਜਿੱਤਾਂ ਦਰਜ਼ ਕਰ ਜਾਂਦੇ ਹਨ ਪਰ ਅਜਿਹੇ ਮਾਮਲੇ ਸਮੁੱਚੇ ਉਲੰਪਿਕ ਨਤੀਜਿਆਂ ਦਾ ਛੋਟਾ ਹਿੱਸਾ ਹੀ
ਹੁੰਦੇ ਹਨ।
ਸਾਡੇ ਆਪਣੇ ਮੁਲਕ ਸਮੇਤ ਸਾਮਰਾਜੀ ਦਾਬਾ ਤੇ
ਅਧੀਨਗੀ ਹੰਢਾ ਰਹੇ ਕਿੰਨੇ ਹੀ ਮੁਲਕਾਂ ਦੇ ਸਾਮਰਾਜੀ ਮੁਲਕਾਂ ਨਾਲ ਉਲੰਪਿਕ ਅੰਦਰ ਹੋਣ ਵਾਲੇ
ਮੁਕਾਬਲੇ ਬਰਾਬਰੀ ਦੀ ਧਰਾਤਲ ’ਤੇ ਨਹੀਂ
ਖੇਡੇ ਜਾਂਦੇ ਹਨ। ਸਾਡੇ ਵਰਗੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲੇ ਵਿੱਚ ਵੱਡੀਆਂ ਜਿੱਤਾਂ ਦਰਜ਼
ਕਰਨ ਵਾਲੇ ਸਾਮਰਾਜੀ ਅਤੇ ਵਿਕਸਤ ਪੂੰਜੀਵਾਦੀ ਮੁਲਕਾਂ ਦੇ ਖਿਡਾਰੀ ਸਾਡੇ ਨੌਜਵਾਨਾਂ ਦੇ ਹਿੱਸੇ
ਆਉਣ ਵਾਲੇ ਸੋਮਿਆਂ ’ਤੇ ਕਾਬਜ਼
ਹੋਏ ਹੋਣ ਕਾਰਨ ਪਹਿਲਾਂ ਹੀ ਜਿੱਤ ਚੁੱਕੇ ਹੁੰਦੇ ਹਨ। ਉਹਨਾਂ ਨੂੰ ਮੁਹੱਈਆ ਹੁੰਦੀ ਤਕਨੀਕ, ਹਾਸਲ ਖੁਰਾਕ, ਉੱਚ ਪੱਧਰੀ
ਪੇਸ਼ੇਵਾਰਾਨਾ ਟਰੇਨਿੰਗ, ਸਾਡੇ
ਮੁਲਕਾਂ ’ਚ ਹਾਸਲ ਨਹੀਂ ਹੈ। ਸਾਮਰਾਜੀ ਮੁਲਕਾਂ ਤੇ
ਵਿਕਸਤ ਪੂੰਜੀਵਾਦੀ ਮੁਲਕਾਂ ਦੀਆਂ ਖੇਡ ਸੰਸਥਾਵਾਂ ਦੇ ਬੱਜਟ ਬਹੁਤ ਵੱਡੇ ਹਨ। ਸਾਡੇ ਵਰਗੇ ਮੁਲਕਾਂ
ਦੇ ਪਛੜੇ ਸਮਾਜਿਕ , ਰਾਜਨੀਤਕ ਢਾਂਚੇ ਅਤੇ ਪਛੜੀ ਹੋਈ ਆਰਥਿਕਤਾ
ਕੁੱਲ ਮਿਲਾ ਕੇ ਸਾਡੇ ਖਿਡਾਰੀਆਂ ਪਿੱਛੇ ਸਮੁੱਚੇ ਸਮਾਜ ਦੀ ਤਾਕਤ ਝੋਕੇ ਹੋਣ ਨੂੰ ਅਸੰਭਵ ਵਰਗਾ
ਬਣਾ ਦਿੰਦੀ ਹੈ। ਇਹ ਹਾਲਤ ਬਹੁਤ ਸਾਰੀਆਂ ਸੰਭਾਵਨਾਵਾਂ ਨੂੰ ਸਾਕਾਰ ਹੋਣ ਤੋਂ ਪਹਿਲਾਂ ਹੀ ਨਿਗ਼ਲ
ਜਾਂਦੀ ਹੈ। ਜਿਸ ਧਰਤੀ ਦੇ ਗੱਭਰੂ ਨਸ਼ਿਆਂ ਨਾਲ ਹੀ ਮਰ ਰਹੇ ਹੋਣ, ਪਰਵਾਸ ਲਈ ਹਰ ਤਰ੍ਹਾਂ ਦੇ ਤਰਲਿਆਂ ਭਰੇ ਰਾਹ ਫੜ ਰਹੇ ਹੋਣ, ਡੂੰਘੀ ਉਪਰਾਮਤਾ ਤੇ ਬੇਚੈਨੀ ਦੀ ਭਿਆਨਕ ਖੱਡ ਅੰਦਰ ਘਿਰੇ ਬੈਠੇ ਹੋਣ, ਉਂਝ ਵੀ ਉਸ ਧਰਤੀ ਦੇ ਮਸਲੇ ਅਜੇ ਹੋਰ ਹੁੰਦੇ ਹਨ। ਉੱਥੇ ਵਿਸ਼ਾਲ ਲੋਕਾਈ
ਖੇਡਾਂ, ਕਲਾ,
ਸਾਹਿਤ ਤੇ ਸੱਭਿਆਚਾਰਕ ਗਤੀਵਿਧੀਆਂ ਤੋਂ ਵਿਯੋਗੇ ਹੋਣ ਦਾ ਸੰਤਾਪ ਹੰਢਾ ਰਹੀ ਹੁੰਦੀ ਹੈ।
ਓਲੰਪਿਕ ਖੇਡਾਂ ਮਗਰੋਂ ਹਰ ਵਾਰ ਵਾਂਗ ਇਹ ਸਵਾਲ ਆਮ ਕਰਕੇ ਉਠਾਇਆ ਜਾ ਰਿਹਾ ਹੈ ਕਿ ਏਨੇ ਕਰੋੜਾਂ
ਦੀ ਆਬਾਦੀ ਵਿੱਚੋਂ ਹੋ ਕੇ ਵੀ ਅਸੀਂ ਖੇਡਾਂ ਅੰਦਰ ਏਨੀ ਪਿੱਛੇ ਕਿਉਂ ਰਹੇ ਹਾਂ। ਇਹਦਾ ਇੱਕ ਜਵਾਬ
ਇਹ ਹੈ ਕਿ ਇਹ ਕਰੋੜਾਂ ਲੋਕ ਤਾਂ ਜਿਉਂ ਹੀ ਜ਼ਿੰਦਗੀ ਦੇ ਹਾਸ਼ੀਏ ’ਤੇ ਰਹੇ ਹਨ। ਜ਼ਿੰਦਗੀ ਦੇ ਹਾਸ਼ੀਏ ’ਤੇ ਰਹਿ ਕੇ
ਤਮਗ਼ੇ ਲਿਆਉਣੇ ਬਹੁਤ ਔਖੇ ਹਨ, ਦੁਨੀਆਂ
ਨਾਲ ਮੁਕਾਬਲੇਬਾਜ਼ੀ ’ਚ ਪੈਣ ਲਈ
ਜ਼ਿੰਦਗੀ ਦੇ ਕੇਂਦਰ ’ਚ, ਉਸਦੀ ਭਰਪੂਰਤਾ ਦੇ ਕਲਾਵੇ ’ਚ ਹੋਣਾ
ਜ਼ਰੂਰੀ ਹੈ। ਮੌਜੂਦਾ ਉਲੰਪਿਕ ਖੇਡਾਂ ਸੰਸਾਰ ਪੂੰਜੀਵਾਦੀ ਆਰਥਿਕ ਸਮਾਜਿਕ ਨਿਜ਼ਾਮ ਦੇ ਕੋਹਜ ਦਾ ਹੀ
ਇੱਕ ਇਜ਼ਹਾਰ ਵੀ ਹਨ। ਹੋਰਨਾਂ ਸੰਸਾਰ ਮਾਮਲਿਆਂ ਵਾਂਗ ਉਲੰਪਿਕ ਖੇਡਾਂ ਦੀ ਸੰਸਥਾ ’ਚ ਆਮ ਕਰਕੇ ਵਿਕਸਿਤ ਪੂੰਜੀਵਾਦੀ ਤੇ ਸਾਮਰਾਜੀ ਮੁਲਕਾਂ ਦੀ ਪੁੱਗਦੀ
ਹੈ। ਯੂਰਪੀ ਕੌਮਾਂ ਦੀ ਸਾਮਰਾਜੀ ਪੁੱਗਤ ਉਲੰਪਿਕ ਅੰਦਰ ਸ਼ਾਮਲ ਕੀਤੀਆਂ ਗਈਆਂ ਖੇਡਾਂ ਦੀ ਚੋਣ ’ਚੋਂ ਵੀ ਝਲਕਦੀ ਹੈ ਤੇ ਇਹਨਾਂ ਲੋੜਾਂ ਅਨੁਸਾਰ ਬਣਦੇ/ਬਦਲਦੇ ਰਹਿੰਦੇ
ਨਿਯਮਾਂ ’ਚੋਂ ਵੀ ਦੇਖੀ ਜਾ ਸਕਦੀ ਹੈ। ਪਛੜੇ ਮੁਲਕਾਂ ’ਚ ਖੇਡੀਆਂ ਜਾਂਦੀਆਂ ਰਵਾਇਤੀ ਖੇਡਾਂ ਇਹਨਾਂ ਮੁਕਾਬਲਿਆਂ ਦਾ ਹਿੱਸਾ ਹੀ
ਨਹੀਂ ਬਣਾਈਆਂ ਜਾਂਦੀਆਂ। ਨਵ-ਉਦਾਰਵਾਦੀ ਦੌਰ ਅੰਦਰ ਕੰਪਨੀਆਂ ਦੀ ਅੰਨ੍ਹੀ ਮੁਕਾਬਲੇਬਾਜੀ ਦੇ ਦੌਰ ’ਚ ਇਹ ਖੇਡਾਂ ਦੇ ਖਿਡਾਰੀ ਖੇਡਣ ਤੋਂ ਜ਼ਿਆਦਾ ਕੰਪਨੀਆਂ ਦੇ ਇਸ਼ਾਰਿਆਂ ’ਤੇ ਆਮ ਕਰਕੇ ਨੱਚਦੇ ਪ੍ਰਤੀਤ ਹੁੰਦੇ ਹਨ। ਉਲੰਪਿਕ ਖੇਡਾਂ ਮੀਡੀਆ
ਘਰਾਣਿਆਂ ਤੇ ਕੰਪਨੀਆਂ ਲਈ ਕਮਾਈਆਂ ਤੇ ਸੈਰ-ਸਪਾਟਾ ਕੇਂਦਰ ਵਜੋਂ ਕਾਰੋਬਾਰੀਆਂ ਲਈ ਮੁਨਾਫ਼ੇ
ਲਿਆਉਂਦੀਆਂ ਹਨ ਤੇ ਕਈ ਹਕੂਮਤਾਂ ਲਈ ਅੰਧ-ਰਾਸ਼ਟਰਵਾਦ ਨੂੰ ਉਭਾਰਨ ਦਾ ਹੱਥਾ ਬਣਦੀਆਂ ਹਨ। ਇਹਨਾਂ
ਦੇ ਪ੍ਰਬੰਧਕੀ ਮਾਮਲਿਆਂ ’ਚ ਵੀ
ਸਾਮਰਾਜੀ ਧੜੇਬੰਦੀ ਜ਼ਾਹਰਾ ਤੌਰ ’ਤੇ ਝਲਕਦੀ
ਹੈ ਜਿਵੇਂ ਇਸ ਵਾਰ ਇਜ਼ਰਾਇਲ ਨੂੰ ਖੇਡਾਂ ’ਚ ਸ਼ਮੂਲੀਅਤ
ਲਈ ਕੋਈ ਰੋਕ ਨਹੀਂ ਸੀ, ਜਦਕਿ ਰੂਸ
ਨੂੰ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਉਲੰਪਿਕ ਐਸੋਸੀਏਸ਼ਨ ਨੇ ਇਸ ਮਾਮਲੇ ’ਚ ਦੂਹਰੇ ਮਿਆਰ ਦਰਸਾਏ ਹਨ। ਇਉਂ ਹੀ ਤੀਜੀ ਦੁਨੀਆਂ ਦੇ ਪਛੜੇ ਮੁਲਕਾਂ
ਦੇ ਖਿਡਾਰੀਆਂ ਪ੍ਰਤੀ ਅਧਿਕਾਰੀਆਂ ਦਾ ਨਫ਼ਰਤੀ/ਪੱਖਪਾਤੀ ਰਵੱਈਆ ਵੀ ਪ੍ਰਗਟ ਹੋਇਆ ਹੈ। ਝੂਠੀ ਨਸਲੀ
ਉੱਤਮਤਾ ਤੇ ਉਚੇਰੀ ਆਰਥਿਕ ਹੈਸੀਅਤ ’ਚੋਂ ਉਪਜਦੀ
ਪਹੁੰਚ ਵੀ ਜ਼ਾਹਰ ਹੋਈ ਹੈ।
ਇਉਂ ਹੋਰਨਾਂ ਸੰਸਾਰ ਪੱਧਰੇ ਖੇਡ ਟੂਰਨਾਮੈਂਟਾਂ ਵਾਂਗ ਇਹਨਾਂ ਉਲੰਪਿਕ
ਖੇਡਾਂ ਦੀ ਮੁਕਾਬਲੇਬਾਜ਼ੀ ਵੀ ਬਹੁਤ ਬੇ-ਮੇਚੀ ਹੈ। ਉਲੰਪਿਕ ਦੇ ਮੈਚਾਂ ਅੰਦਰ ਹਰਾਏ ਜਾਣ ਤੋਂ
ਪਹਿਲਾਂ ਦੁਨੀਆਂ ਅੰਦਰੋਂ ਲੁੱਟ ਦੇ ਇਸ ਸਮੁੱਚੇ ਸਾਮਰਾਜੀ ਨਿਜ਼ਾਮ ਨੂੰ ਹਰਾਏ ਜਾਣਾ ਜ਼ਰੂਰੀ ਹੈ।
ਦੁਨੀਆਂ ਦੀਆਂ ਸਾਰੀਆਂ ਕੁਦਰਤੀ ਨਿਆਮਤਾਂ ’ਤੇ ਬਰਾਬਰ
ਦਾ ਹੱਕ ਜਤਾਏ ਜਾਣਾ ਜ਼ਰੂਰੀ ਹੈ। ਹਰ ਤਰ੍ਹਾਂ ਦੀ ਕਾਣੀ-ਵੰਡ ਨੂੰ ਹਰਾਏ ਜਾਣਾ ਜ਼ਰੂਰੀ ਹੈ।
ਸਾਮਰਾਜੀ ਸੰਸਾਰ ਨਿਜ਼ਾਮ ਦੀ ਹਾਰ ਤੋਂ ਬਿਨਾਂ ਓਲੰਪਿਕ ਖੇਡਾਂ ’ਚ ਸਾਡੇ ਵਰਗੇ ਮੁਲਕਾਂ ਦੀ ਜਿੱਤ ਯਕੀਨੀ ਨਹੀਂ ਹੋ ਸਕਦੀ। ਮੁਕਾਬਲਿਆਂ
ਦੀ ਜ਼ਮੀਨ ਬਰਾਬਰੀ ਦੀ ਨਹੀਂ ਹੋ ਸਕਦੀ। ਉਦੋਂ ਤੱਕ ਸਾਡੇ ਖਿਡਾਰੀਆਂ ਨੇ ਇਹਨਾਂ ਬੇ-ਮੇਚੇ
ਮੁਕਾਬਲਿਆਂ ਵਿੱਚ ਆਪਣੀ ਵਿਅਕਤੀਗਤ ਪ੍ਰਤਿਭਾ ਤੇ ਦ੍ਰਿੜਤਾ ਦੇ ਜ਼ੋਰ ਹੀ ਭਿੜਨਾ ਹੈ।
ਪੈਰਿਸ ਉਲੰਪਿਕ ਵੀ ਵਿਕਸਿਤ ਪੂੰਜੀਵਾਦੀ ਮੁਲਕਾਂ ਤੇ ਸਾਮਰਾਜੀ ਮੁਲਕਾਂ
ਦੀ ਚੌਧਰ, ਨਸਲ ਹੰਕਾਰ ਤੇ ਉੱਚੇ ਰੁਤਬਿਆਂ ਦੇ ਹੰਕਾਰ
ਤੋਂ ਮੁਕਤ ਨਹੀਂ ਸੀ। ਤੀਜੀ ਦੁਨੀਆਂ ਦੇ ਗਰੀਬ ਮੁਲਕਾਂ ਦੇ ਕੋਚਾਂ ਤੇ ਖਿਡਾਰੀਆਂ ਨੇ ਇਹਨਾਂ
ਉਲੰਪਿਕ ਖੇਡਾਂ ਦੌਰਾਨ ਅਜਿਹੇ ਕਈ ਮਾਮਲਿਆਂ ’ਤੇ ਉਂਗਲ
ਧਰੀ ਹੈ। ਸੂਡਾਨ ਦੇ ਕੋਚ ਤੇ ਬਾਸਕਟਬਾਲ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੀ ਟੀਮ ਖ਼ਿਲਾਫ਼ ਜ਼ਾਹਰਾ
ਵਿਤਕਰੇਬਾਜੀ ਦਾ ਦੋਸ਼ ਲਾਉਂਦਿਆ ਕਿਹਾ ਹੈ ਕਿ ਇਹਨਾਂ ਖੇਡਾਂ ’ਚ ਇੱਕ ਵੀ
ਰੈਫਰੀ ਅਫ਼ਰੀਕਨ ਕਿਉਂ ਨਹੀਂ ਸੀ। ਸਾਡੀ ਪੂਰੀ ਨੁਮਾਇੰਦਗੀ ਕਿਉਂ ਨਹੀਂ। ਉਹਨਾਂ ਕਿਹਾ ਕਿ ਯੂਰਪੀ
ਰੈਫਰੀ ਸਾਡੇ ਅਫ਼ਰੀਕੀ ਸਟਾਈਲ ਤੋਂ ਜਾਣੂੰ ਹੀ ਨਹੀਂ ਹਨ,
ਉਹਨਾਂ ਨੂੰ ਸਿਰਫ਼ ਯੂਰਪੀ ਅੰਦਾਜ਼ ਦੀ ਹੀ ਜਾਚ ਹੈ। ਇਉਂ ਹੀ ਹਾਕੀ ਮੈਚ ’ਚ ਬ੍ਰਿਟੇਨ ਖ਼ਿਲਾਫ਼ ਭਾਰਤੀ ਖਿਡਾਰੀ ਅਮਿਤ ਰੋਹੀ ਦਾਸ ਨੂੰ ਦਿਖਾਇਆ ਲਾਲ
ਕਾਰਡ ਵੀ ਚਰਚਾ ਦਾ ਵਿਸ਼ਾ ਰਿਹਾ, ਜਦ ਕਿ ਬ੍ਰਿਟੇਨ
ਦੇ ਗੋਲਕੀਪਰ ਵੱਲੋਂ ਵੀਡੀਓ ਟੈਬਲਿਟ ਵਰਤਣ ਤੇ ਹੋਰਨਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਅਜਿਹੀਆਂ ਹੀ ਹੋਰ ਕਈ ਉਦਹਾਰਨਾਂ ਹਨ ਜਦੋਂ ਇਸ ਵਿਤਕਰੇਬਾਜ਼ੀ ਦੀ ਹਕੀਕਤ ਪ੍ਰਗਟ ਹੋਈ ਹੈ।
----0----
No comments:
Post a Comment