ਕਲਕੱਤਾ ਘਟਨਾ ਖ਼ਿਲਾਫ਼ ਕਿਸਾਨ ਔਰਤਾਂ ਵੱਲੋਂ ਮੁਜ਼ਾਹਰੇ
ਅਗਸਤ
ਮਹੀਨੇ ਦੀ 8-9 ਤਾਰੀਕ ਦੀ
ਵਿਚਕਾਰਲੀ ਰਾਤ ਨੂੰ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਟਰੇਨੀਂ ਡਾਕਟਰ
ਨਾਲ ਜਬਰ-ਜਿਨਾਹ ਅਤੇ ਕਤਲ ਖ਼ਿਲਾਫ਼ ਦੇਸ਼ ਵਿੱਚ ਆਵਾਜ਼ ਉੱਠ ਰਹੀ ਹੈ। ਵੱਖ ਵੱਖ ਤਬਕਿਆਂ, ਇਨਸਾਫ ਪਸੰਦ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਰਗਰਮ ਜਥੇਬੰਦੀਆਂ, ਔਰਤਾਂ ਦੀਆਂ ਜਥੇਬੰਦੀਆਂ ਵੱਲੋਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਅਤੇ
ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
ਨਿਹਾਲ ਸਿੰਘ ਵਾਲਾ ਦੇ ਔਰਤ ਵਿੰਗ ਵੱਲੋਂ ਆਪਣੀਆਂ ਤਬਕਾਤੀ ਮੰਗਾਂ ਲਈ ਚਲਦੀ ਤਿਆਰੀ ਮੁਹਿੰਮ ਦੇ
ਨਾਲ ਨਾਲ ਹੀ ਇਸ ਮਸਲੇ ਤੇ ਘਟਨਾ ਦੇ ਵਿਰੋਧ ਵਿੱਚ ਮਾਰਚ ਜਥੇਬੰਦ ਕੀਤੇ ਗਏ। ਔਰਤਾਂ ਦੀ ਆਗੂ ਟੀਮ
ਨੇ ਘਟਨਾ ਦੀ ਗੰਭੀਰਤਾ ਨੂੰ ਸਮਝਦਿਆਂ ਸਰਗਰਮੀ ਦੇ ਜ਼ੋਰਦਾਰ ਰੁਝੇਵਿਆਂ ਦਰਮਿਆਨ ਵੀ ਇਸ ਮਸਲੇ ’ਤੇ ਰੋਸ ਦਰਜ਼ ਕਰਵਾਉਣ ਦੀ ਲੋੜ ਮਹਿਸੂਸ ਕੀਤੀ। ਕੁੱਸਾ ਪਿੰਡ ਵਿੱਚ
ਔਰਤਾਂ ਨੂੰ ਸੁਨੇਹਿਆਂ ਰਾਹੀਂ ਪਿੰਡ ਦੇ ਗੁਰਦਵਾਰੇ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਗਰਮੀ
ਦੇ ਮੌਸਮ ਅਤੇ ਘਰੇਲੂ ਕੰਮਾਂ ਦੇ ਕਸਾਅ ਦੇ ਬਾਵਜੂਦ 60-65 ਔਰਤਾਂ ਨੇ
ਬੁਲਾਰਿਆਂ ਦੁਆਰਾ ਦੱਸੇ ਘਟਨਾ ਦੇ ਵੇਰਵੇ ਸੁਣੇ। ਉਹਨਾਂ ਨੂੰ ਦੱਸਿਆ ਗਿਆ ਕਿ ਇਹ ਔਰਤਾਂ ਨਾਲ
ਵਾਪਰੀ ਕੋਈ ਪਹਿਲੀ ਘਟਨਾ ਨਹੀਂ ਹੈ। ਕਿਸਾਨ ਜਥੇਬੰਦੀ ਵੱਲੋਂ ਔਰਤਾਂ ’ਤੇ ਅਜਿਹੇ ਜਬਰ ਖ਼ਿਲਾਫ਼ ਲੜੇ ਗਏ ਕਈ ਘੋਲਾਂ ਦੀ ਯਾਦ ਕਰਵਾਈ ਕਿ ਕਿਵੇਂ
ਇੱਕ ਦਹਾਕਾ ਪਹਿਲਾਂ ਫਰੀਦਕੋਟ ਸ਼ਹਿਰ ਦੀ ਸੰਘਣੀ ਆਬਾਦੀ ਵਿੱਚੋਂ ਇੱਕ ਨਾਬਾਲਗ ਲੜਕੀ ਨੂੰ ਯੂਥ
ਅਕਾਲੀ ਦਲ ਦਾ ਗੁੰਡਾ ਨਿਸ਼ਾਨ ਸਿੰਘ ਪਰਿਵਾਰ ਮੈਂਬਰਾਂ ਦੀ ਕੁੱਟ ਮਾਰ ਕਰਕੇ ਅਗਵਾ ਕਰਕੇ ਲੈ ਗਿਆ
ਸੀ, ਜਿਸ ਦੀ ਪੁਸ਼ਤ-ਪਨਾਹੀ ਉਸ ਮੌਕੇ ਦੀ
ਅਕਾਲੀ-ਭਾਜਪਾ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਵੱਲੋਂ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਮੁਕਤਸਰ
ਜਿਲ੍ਹੇ ਦੇ ਗੰਧੜ ਪਿੰਡ ਵਿੱਚ ਇੱਕ ਖੇਤ ਮਜ਼ਦੂਰ ਪਰਿਵਾਰ ਦੀ ਲੜਕੀ ਨਾਲ ਪਿੰਡ ਦੇ ਹੀ ਧਨਾਡ
ਮੁਸ਼ਟੰਡੇ ਵੱਲੋਂ ਜਬਰ-ਜਿਨਾਹ ਕੀਤਾ ਗਿਆ। ਉਸ ਮੌਕੇ ਵੀ ਜਥੇਬੰਦੀ ਨੇ ਲੰਬਾ ਸੰਘਰਸ਼ ਲੜਕੇ ਦੋਸ਼ੀਆਂ
ਨੂੰ ਸਜ਼ਾ ਦਿਵਾਈ ਸੀ। ਬੁਲਾਰਿਆਂ ਨੇ ਔਰਤਾਂ ਖ਼ਿਲਾਫ਼ ਅਜਿਹੀਆਂ ਘਟਨਾਵਾਂ ਲਈ ਲੋਕ-ਦੋਖੀ ਪ੍ਰਬੰਧ
ਨੂੰ ਜੁੰਮੇਵਾਰ ਦੱਸਿਆ ਕਿ ਜਿਥੇ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਪਹੁੰਚਣ ਵਾਲੇ ਐਮ. ਪੀ.
ਤੇ ਐਮ. ਐਲ. ਏ. ਵੀ ਅਜਿਹੇ ਜੁਰਮਾਂ ਦੇ ਦੋਸ਼ੀ ਹੋਣ, ਉਥੇ ਇਹਨਾਂ
ਤੋਂ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ ਕਿ
ਇਨਸਾਫ਼ ਲੈਣ ਲਈ ਸਾਨੂੰ ਖੁਦ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਪੈਣਾ ਪਵੇਗਾ।
ਇਸੇ
ਤਰ੍ਹਾਂ ਬੱਧਨੀ ਕਲਾਂ ਕਸਬੇ ਵਿੱਚ ਵੀ ਲੱਗਭੱਗ ਇੱਕ ਸੌ ਔਰਤਾਂ ਅਤੇ ਵੱਡੀ ਗਿਣਤੀ ਮਰਦਾਂ ਵੱਲੋਂ
ਇਸ ਘਣਾਉਣੀ ਘਟਨਾ ਖ਼ਿਲਾਫ਼ ਰੈਲੀ ਕਰਨ ਤੋਂ ਬਾਅਦ ਰੋਹ ਭਰਪੂਰ ਮਾਰਚ ਕੀਤਾ ਗਿਆ। ਇਥੇ ਵੀ ਕਿਸਾਨ
ਜਥੇਬੰਦੀ ਦੇ ਔਰਤ ਬੁਲਾਰਿਆਂ ਨੇ ਦੇਸ਼ ਪੱਧਰ ’ਤੇ ਹੋ ਰਹੀਆਂ
ਔਰਤਾਂ ਨਾਲ ਜਬਰ ਦੀਆਂ ਘਟਨਾਵਾਂ, ਜਿਵੇਂ
ਪਹਿਲਵਾਨ ਕੁੜੀਆਂ ਨਾਲ ਭਾਜਪਾ ਐਮ. ਪੀ. ਵੱਲੋਂ ਛੇੜ-ਛਾੜ,
ਮਨੀਪੁਰ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣਾ,
ਯੂ ਪੀ ਵਿੱਚ ਵੱਖ ਵੱਖ ਘਟਨਾਵਾਂ ਵਿੱਚ ਰਾਜ ਸੱਤਾ ਵਿੱਚ ਸ਼ਾਮਲ ਵਿਅਕਤੀਆਂ ਵੱਲੋਂ ਔਰਤਾਂ ਨਾਲ
ਜਬਰ ਜਿਨਾਹ ਅਤੇ ਹਕੂਮਤ ਵੱਲੋਂ ਦੋਸ਼ੀਆਂ ਦੀ ਪੁਸ਼ਤਪਨਾਹੀ,
ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ ਲਗਾਤਾਰ ਔਰਤਾਂ ਨਾਲ ਵਾਪਰਦੀਆਂ ਅਜਿਹੀਆਂ ਘਟਨਾਵਾਂ ਦਾ
ਵਰਨਣ ਕੀਤਾ, ਜਿੰਨ੍ਹਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ
ਹੈ। ਇਥੇ ਕਿਸਾਨ ਜਥੇਬੰਦੀ ਦੇ ਬੁਲਾਰਿਆਂ ਤੋਂ ਬਿਨਾਂ ਹੋਰ ਔਰਤ ਬੁਲਾਰਿਆਂ ਜਿੰਨ੍ਹਾਂ ’ਚ ਸਿਹਤ ਮਹਿਕਮੇ ਦੀਆਂ ਵਰਕਰ ਕੁੜੀਆਂ ਸ਼ਾਮਲ ਸਨ, ਨੇ ਵੀ ਆਪਣੇ ਵਿਚਾਰ ਰੱਖੇ। --0—
No comments:
Post a Comment