Friday, September 13, 2024

ਨਾਬਰੀ ਅਤੇ ਬਰਾਬਰੀ ਦਾ ਸ਼ਾਇਰ : ਪਾਸ਼

 

ਨਾਬਰੀ ਅਤੇ ਬਰਾਬਰੀ ਦਾ ਸ਼ਾਇਰ : ਪਾਸ਼

          ਪਾਸ਼ ਦੀ ਸਮੁੱਚੀ ਕਵਿਤਾ ਅਤੇ ਵਾਰਤਿਕ, ਇਤਿਹਾਸਕ ਵਿਰਸੇ, ਵਰਤਮਾਨ ਅਤੇ ਭਵਿੱਖ਼ ਦੀ ਅਹਿਮ ਕੜੀ ਹੈ। ਪਾਸ਼ ਦੀ ਸਾਹਿਤਕ ਸਿਰਜਣਾ ਦੁਨੀਆਂ ਭਰ ਦੇ ਸਮਾਜ ਸਿਰਜਕਾਂ ਦੇ ਇਨਕਲਾਬੀ ਸਾਹਿਤ ਦੀ ਸੰਗੀ-ਸਾਥੀ ਹੈ। ਗ਼ਦਰ, ਕੂਕਾ, ਬੱਬਰ ਅਕਾਲੀ, ਕਿਰਤੀ, ਨੌਜਵਾਨ ਭਾਰਤ ਸਭਾ ਅਤੇ ਸਮੇਂ ਸਮੇਂ ਦੀਆਂ ਸਮਾਜਕ ਤਬਦੀਲੀ ਅਤੇ ਮਾਨਵੀ ਸਰੋਕਾਰਾਂ ਨੂੰ ਕੇਂਦਰ ਵਿਚ ਰੱਖ ਕੇ ਚੱਲੀਆਂ ਲਹਿਰਾਂ ਦਾ ਦਿਲ, ਪਾਸ਼ ਦੀ ਕਵਿਤਾ ਵਿਚ ਧੜਕਦਾ ਹੈ। ਪਾਸ਼ ਭਾਵੇਂ ਕਿਸੇ ਵੇਲੇ ਆਪਣੀ ਕਵਿਤਾ ਨੂੰ ਤਲਵੰਡੀ ਸਲੇਮ ਦੇ 20 ਕਿਲੋਮੀਟਰ ਦੇ ਅਰਧ- ਵਿਆਸ ਦਾਇਰੇ ਚ ਸਿਮਟੀ ਕਵਿਤਾ ਦਾ ਨਾਂਅ ਦਿੰਦਾ ਹੈ, ਪਰ ਉਸਦੀ ਸਮੁੱਚੀ ਕਾਵਿ- ਸਿਰਜਣਾ ਦੀ ਪਰਵਾਜ਼ ਵਿਸ਼ਵ ਵਿਆਪੀ ਦਰਜਾ ਰੱਖਦੀ ਹੋਣ ਦਾ ਮੂੰਹ ਬੋਲਦਾ ਪ੍ਰਮਾਣ ਹੈ।

ਪਾਸ਼ ਦੇ ਗਹਿਰੇ ਚਿੰਤਨ ਚੋਂ ਉੱਗੇ ਅਹਿਸਾਸ ਉਸਦੀ ਹੱਥ ਲਿਖਤ ਵਿਚੋਂ ਪੜ੍ਹੇ ਜਾ ਸਕਦੇ ਹਨ। ਉਹ ਰਵਾਇਤੀ ਅਤੇ ਕੌਮੀ ਸਰੂਪ ਦੀ ਕਵਿਤਾ ਤਾਂ ਕੀ ਕ੍ਰਾਂਤੀਕਾਰੀ ਕਵਿਤਾ ਦੇ ਵੀ ਪ੍ਰਚਲਤ ਰੂਪ ਉੱਪਰ ਸਵੈ-ਸੰਤੁਸ਼ਟ ਹੋਣ ਤੋਂ ਪਾਰ ਜਾਣ ਦਾ ਤੀਖਣ ਅਹਿਸਾਸ ਕਰਦੇ ਖ਼ਤ ਚ ਲਿਖਦਾ ਹੈ :

ਕ੍ਰਾਂਤੀਕਾਰੀ ਕਵਿਤਾ ਦਾ ਪ੍ਰਚਲਤ ਰੂਪ ਜੇ ਹੁਣ ਨਾ ਬਦਲਿਆ ਗਿਆ ਤਾਂ ਇਹ ਕੇਵਲ ਦਿਮਾਗ਼ੀ ਹੱਥਰਸੀ ਹੋ ਕੇ ਰਹਿ ਜਾਏਗੀ। ਕ੍ਰਾਂਤੀਕਾਰੀ ਸਾਹਿਤ ਨੂੰ ਹੁਣ ਆਮ ਇਨਸਾਨ ਦੇ ਪ੍ਰਚਲਤ ਮਾਪਦੰਡਾਂ ਵੱਲ ਪ੍ਰੇਰਨ ਦੀ ਲੋੜ ਹੈ। ਅੱਜ ਦੀ ਕ੍ਰਾਂਤੀਕਾਰੀ ਕਵਿਤਾ ਕੇਵਲ ਮੁੱਠੀ ਭਰ ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਤੇ ਪੜ੍ਹੇ ਲਿਖੇ ਮੁਲਾਜ਼ਮਾਂ ਦਾ ਮਨਪ੍ਰਚਾਵਾ ਹੀ ਕਰ ਰਹੀ ਹੈ। ਜਿਨ੍ਹਾਂ ਲੋਕਾਂ ਬਾਰੇ ਇਹ ਲਿਖੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ ਇਹ ਗੱਲ ਕਰਦੀ ਹੈ ਉਨ੍ਹਾਂ ਨਾਲ ਇਹਦਾ ਦੂਰ ਦਾ ਵੀ ਵਾਸਤਾ ਨਹੀਂ।

ਇਹ ਪਾਸ਼ ਦਾ ਕਿਸੇ ਨੂੰ ਦਿੱਤਾ ਉਲਾਂਭਾ ਨਹੀਂ। ਉਸਦਾ ਸਵੈ-ਚਿੰਤਨ ਹੈ। ਉਹ ਆਪਣੇ ਸਮੇਂ ਦੀਆਂ ਕਲਮਾਂ ਨੂੰ ਸੁਆਲ ਹੀ ਨਹੀਂ ਕਰਦਾ,  ਸਗੋਂ ਉਹ ਖੁਦ ਨੂੰ ਵਧੇਰੇ ਮੁਖ਼ਾਤਬ ਹੁੰਦਾ ਹੈ। ਇਹ ਉਸਦਾ ਜ਼ਿੰਦਗੀ ਦੀ ਅਗਨ ਪ੍ਰੀਖਿਆ ਵਿਚੀਂ ਗੁਜ਼ਰਦੇ ਹੋਣ ਦਾ ਅਹਿਸਾਸ ਹੈ। ਇਹਨਾਂ ਫਿਕਰਾਂ ਦੀ ਬਾਂਹ ਫੜਦੇ ਪਾਸ਼ ਦੇ ਇਹ ਸਰੋਕਾਰ ਅੱਜ ਵੀ ਵਿਰਾਟ ਅਤੇ ਤੀਖਣ ਰੂਪ ਵਿਚ ਦਰਪੇਸ਼ ਹਨ। ਪਾਸ਼ ਗਹਿਰਾ ਅਹਿਸਾਸ ਰੱਖਦਾ ਸੀ ਕਿ ਸਮਾਜ ਅੰਦਰ ਲਿਤਾੜੇ ਵਰਗਾਂ ਦੇ ਮਨ ਦੀ ਜ਼ਮੀਨ ਉੱਪਰ ਪੁੰਗਰਦੇ, ਤੜਫ਼ਦੇ, ਬੁਝਦੇ ਅਤੇ ਸੁਲਘਦੇ ਸੁਆਲਾਂ ਦੀ ਨਿਰਖ-ਪਰਖ ਕਰਨ ਦੀ ਲੋੜ ਹੈ। ਲੋਕ-ਮੁਕਤੀ ਲਈ ਚੇਤਨ ਸੰਘਰਸ਼ ਕਰਦੇ ਹਿੱਸਿਆਂ ਦੀਆਂ ਸਭਨਾਂ ਪਰਤਾਂ ਨੂੰ ਆਪਣੀ ਸਿਰਜਣਾ ਵਿਚ ਸਮੋਣ ਦੀ ਲੋੜ ਹੈ। ਖੜ੍ਹੇ ਪਾਣੀਆਂ, ਘੁੰਮਣ-ਘੇਰੀ ਅਤੇ ਜਮੂਦ ਵਰਗੀ ਹਾਲਤ ਤੋਂ ਪਾਰ ਜਾਣ ਵਾਲੇ ਨਵੇਂ ਰਾਹਾਂ ਲਈ ਅਹੁਲਦੇ, ਜਾਨ ਹੂਲਵੇਂ ਸੰਘਰਸ਼ ਕਰਦੇ ਚੇਤਨ ਕਾਫ਼ਲਿਆਂ ਦੀ ਬਾਤ ਵੀ ਪਾਈ ਜਾਏ। ਸਿਰਫ਼ ਇਹਨਾਂ ਨਿੱਕੜੇ ਵਿਕਸਤ ਕਾਫ਼ਲਿਆਂ ਤੋਂ ਹੀ ਸਵੈ-ਸੰਤੁਸ਼ਟ ਹੋ ਜਾਣ ਵਰਗੇ ਦਾਇਰੇ ਵਿੱਚ ਹੀ ਸਿਮਟਦੀ ਸਾਹਿਤ ਸਿਰਜਣਾ ਤੋਂ ਉੱਪਰ ਉੱਠ ਕੇ ਹਨੇਰਾ ਢੋਂਦੀ ਅਤੇ ਇਸ ਹਨੇਰ ਨਗਰੀ ਨੂੰ ਹੀ ਆਪਣਾ ਜੀਣਾ-ਥੀਣਾ ਸਮਝ ਬੈਠੀ ਵਿਸ਼ਾਲ ਲੋਕਾਈ ਨੂੰ ਬੁੱਕਲ ਵਿੱਚ ਲੈਂਦੇ ਸਾਹਿਤ ਦੀ ਤੀਬਰ ਲੋੜ ਮਹਿਸੂਸ ਕਰਦਾ ਹੈ ਪਾਸ਼। ਸਾਹਿਤ ਜਿਨ੍ਹਾਂ ਦੁਆਰਾ ਲਿਖਿਆ ਅਤੇ ਜਿਨ੍ਹਾਂ ਲਈ ਲਿਖਿਆ ਜਾ ਰਿਹਾ ਹੈ, ਇਸਦੀ ਇਕਸੁਰਤਾ ਅਤੇ ਸਰਗਮ ਚ ਰਸ ਕਿੰਨਾ ਕੁ ਹੈ, ਇਹ ਕੰਨ ਲਾ ਕੇ ਸੁਣਨਾ ਅਤੇ ਗੌਰ ਨਾਲ ਅਧਿਐਨ ਕਰਨਾ ਜ਼ਰੂਰੀ ਹੈ। ਅਸੀਂ ਪਾਸ਼ ਦੇ ਕੀ ਲੱਗਦੇ ਹਾਂ, ਸਾਡੀ ਕਹਿਣੀ ਅਤੇ ਕਰਨੀ ਵਿਚ ਇਕਸੁਰਤਾ ਹੀ ਇਸਦਾ ਪੁਖ਼ਤਾ ਪ੍ਰਮਾਣ ਹੈ।

ਪਾਸ਼ ਦੀ ਕਵਿਤਾ ਦੀ ਇਹ ਤਾਕਤ ਹੀ ਹੈ ਜਿਹੜੀ ਉਸਦੇ ਸਵੈ-ਕਥਨ ਦੀ ਪੁਸ਼ਟੀ ਕਰਦੀ ਹੈ। ਉਸ ਲਿਖਿਆ ਸੀ ਕਿ ਮੇਰੀ ਕਵਿਤਾ ਕਦੇ ਨਹੀਂ ਮਰੇਗੀਇਹ ਕਿਸੇ ਹਊਮੈ ਦਾ ਪ੍ਰਗਟਾਵਾ ਨਹੀਂ ਸੀ, ਇਹ ਠੋਸ ਅਧਾਰਸ਼ਿਲਾ ਉੱਪਰ ਟਿਕੀ ਹਕੀਕਤ ਸੀ। ਜਿਉਂ-ਜਿਉਂ ਵਕਤ ਆਪਣੇ ਸਫ਼ਰ ਤੇ ਰਿਹਾ ਤਿਉਂ-ਤਿਉਂ ਇਹ ਭਰਮ ਕੀਚਰੇ ਹੋਣ ਲੱਗਾ ਕਿ, ‘ਪਾਸ਼ ਦੀ ਕਵਿਤਾ ਨੂੰ 20 ਸਾਲ ਬਾਅਦ ਕਿਸੇ ਨਹੀਂ ਪੁੱਛਣਾ। ਜਦੋਂ ਵੀ ਕਲਮਾਂ ਨੂੰ ਫੁਰਮਾਨ ਸੁਣਾਉਣ, ਜੇਲ੍ਹੀਂ ਡੱਕਣ, ਜ਼ੁਬਾਨਬੰਦੀ ਕਰਨ, ਵੰਨ-ਸੁਵੰਨੇ ਕਾਨੂੰਨ ਘੜਕੇ ਲੋਕ-ਜੀਵਨ ਨਾਲ ਜੁੜੀ ਸ਼ਬਦਾਂ ਦੀ ਫਸਲ ਉੱਗਣ ਤੋਂ ਰੋਕਣ ਅਤੇ ਲੋਕ-ਮਨਾਂ ਨੂੰ ਬੰਜਰ ਬਣਾ ਧਰਨ ਦੀਆਂ ਜੁਗਤਾਂ ਘੜੀਆਂ ਜਾਣਗੀਆਂ ਅਜਿਹੇ ਸਮੇਂ ਪਾਸ਼ ਦੀ ਕਵਿਤਾ ਇਹ ਕਹਿੰਦੀ ਸੁਣਾਈ ਦੇਵੇਗੀ :

                   ਮੇਰੇ ਤੋਂ ਆਸ ਨਾ ਕਰਿਓ

          ਮੈਂ ਖੇਤਾਂ ਦਾ ਪੁੱਤ ਹੋ ਕੇ

          ਤੁਹਾਡੇ ਚਗ਼ਲੇ

          ਸਵਾਦਾਂ ਦੀ ਗੱਲ ਕਰਾਂਗਾ’

                   ਮੈਂ ਤੇ ਘਾਹ ਹਾਂ

                   ਤੁਹਾਡੇ ਕੀਤੇ ਕਰਾਏ ਤੇ

                   ਉੱਗ ਆਵਾਂਗਾ

ਪਾਸ਼ ਜਿੱਥੇ ਆਪਣੀ ਕਵਿਤਾ ਦੇ ਸਦੀਵੀ ਸਫ਼ਰ ਤੇ ਰਹਿਣ ਦਾ ਜ਼ਿਕਰ ਕਰਦਾ ਹੈ ਉੱਥੇ ਉਸਦਾ ਦੂਜਾ ਸਿਰਾ ਇਹ ਵੀ ਹੈ :

          ਜੇ ਤੁਸੀਂ ਮੈਨੂੰ ਜ਼ਿੰਦਗੀ ਵਿੱਚ ਕੁੱਝ ਹਾਸਲ ਨਾ ਕਰ ਸਕਣ ਤੇ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਿਆਂ ਵਿੱਚ ਤੱਕਣਾ ਚਾਹੁੰਦੇ ਹੋ ਤਾਂ ਮੈਨੂੰ ਮਾਫ਼ ਕਰਨਾ

          ਪਾਸ਼ ਨੇ 1977ਚ ਇੱਕ ਚਿੱਠੀ ਵਿਚ ਜੋ ਲਿਖਿਆ ਉਹ ਅਜੋਕਾ ਸੱਚ ਹੈ। ਜੇ ਅਸੀਂ ਹਕੀਕਤ ਮੁਖੀ ਹੋ ਕੇ ਸਮਾਜ ਅੰਦਰ ਨਹੀਂ ਵਿਚਰਦੇ ਤਾਂ ਆਉਣ ਵਾਲਾ ਕੱਲ੍ਹ ਵੀ ਇਹੋ ਬਿਆਨ ਕਰੇਗਾ:

          ਜਿਹੜਾ ਬੰਦਾ ਸਵੈ ਨਾਲ ਇਮਾਨਦਾਰ ਨਹੀਂ ਉਹ ਕਦੇ ਵੀ ਸਮਾਜ ਜਾਂ ਲੋਕਾਂ ਲਈ ਇਨਸਾਫ਼ ਤੇ ਇਮਾਨਦਾਰੀ ਦੇ ਗੁਣਾਂ ਵਾਲਾ ਸਾਹਿਤ ਨਹੀਂ ਲਿਖ ਸਕਦਾ। ਇਸ ਕਰਕੇ ਹੀ ਸਾਡੇ ਲੋਕ ਹਿੱਤੂ ਸਾਹਿਤ ਵਿਚ ਸ਼ਕਤੀ ਨਹੀਂ ਭਰ ਰਹੀ। ਜੇ ਅਸੀਂ ਲੋਕ, ਨਿੱਜੀ ਜੀਵਨ ਵਿਚ ਖੁਦ ਸਾਹਵੇਂ ਗੁਨਾਹਗਾਰ ਹੁੰਦੇ ਹੋਏ ਵੀ ਜਨਤਾ ਦੇ ਗੁਨਾਹਗਾਰਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਲਲਕਾਰ ਕੱਚੀ ਪਿੱਲੀ ਹੋਣੀ ਕੁਦਰਤੀ ਹੈ। ਮੇਰਾ ਵਿਸ਼ਵਾਸ਼ ਹੈ ਕਿ ਅਸ਼ਕਤ ਲੋਕ ਜਿਉਂਦੀ ਕਵਿਤਾ ਅਤੇ ਕਹਾਣੀ ਕਦੇ ਨਹੀਂ ਲਿਖ ਸਕਦੇ।’’

          ਪਾਸ਼ ਪਿਆਰ ਕਵਿਤਾ ਨੂੰ ਰੱਜਵਾਂ ਪਿਆਰ ਕਰਦਾ ਹੈ। ਉਸਦਾ ਸਾਫ਼ ਕਹਿਣਾ ਸੀ ਕਿ:

 ਪਿਆਰ ਕਵਿਤਾ ਕਦੇ ਵੀ ਕਾਤਲਾਂ ਦੇ ਹੱਕ ਚ ਨਹੀਂ ਭੁਗਤ ਸਕਦੀ, ਇਹ ਜ਼ਿੰਦਗੀ ਦੇ ਮਾਰਗਾਂ ਦੀ ਖੋਜ ਕਰਨ ਤੁਰੇ ਲੋਕਾਂ ਦਾ ਹੀ ਨਸੀਬ ਬਣਦੀ ਹੈ ਅਤੇ ਉਨ੍ਹਾਂ ਦੇ ਹੱਕ ਵਿੱਚ ਖਲੋਂਦੀ ਹੈ

ਉਹ ਪਿਆਰ ਕਵਿਤਾ ਨੂੰ ਕੁੱਝ ਅਜੇਹੇ ਸੁਹਜ ਲਿਬਾਸ ਪਹਿਨਾਉਂਦਾ ਹੈ: ਮੇਰੇ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ

 ਉਹ ਅਜੇਹੇ ਸ਼ਬਦਾਂ ਦੀ ਮਾਲ਼ਾ ਪਰੋਂਦਾ ਹੈ :

                   ਜੇ ਤੂੰ ਨਾ ਮੁਕਲਾਵੇ ਜਾਂਦੀ

                     ਤੈਨੂੰ ਭਰਮ ਰਹਿਣਾ ਸੀ

                     ਕਿ ਰੰਗਾਂ ਦਾ ਮਤਲਬ

                      ਫੁੱਲ ਹੀ ਹੁੰਦਾ ਹੈ

          ਪਾਸ਼ ਦੀ ਵਾਰਤਿਕ ਦਾ ਗਹੁ ਨਾਲ ਅਧਿਐਨ ਕਰਦਿਆਂ ਪਤਾ ਲੱਗਦਾ ਹੈ ਕਿ ਉਹ ਬਾਬਾ ਨਾਨਕ, ਬਾਬਾ ਰਵਿਦਾਸ ਦੇ ਆਪਣੇ ਸਮਿਆਂ ਵਿੱਚ ਲੁੱਟ, ਜਬਰ, ਜਾਤ-ਪਾਤ, ਅਨਿਆਂ, ਨਾ-ਬਰਾਬਰੀ, ਭੁੱਖ, ਨੰਗ, ਗ਼ਰੀਬੀ ਦੀ ਨਪੀੜੀ ਲੋਕਾਈ ਦੇ ਦਰਦਾਂ ਦੀ ਪੀੜ ਦਾ ਆਪਣੀ ਕਲਮ ਨਾਲ ਬਿਆਨ ਹੀ ਨਹੀਂ ਕਰਦਾ, ਸਗੋਂ ਸਾਂਝੀਵਾਲਤਾ ਭਰਿਆ ਬੇਗ਼ਮਪੁਰਾ ਵਸਾਉਣ ਦੀ ਬਾਤ ਪਾਉਂਦਾ ਹੈ। ਤਰਕਸ਼ੀਲ, ਸਮਾਜਕ ਵਿਗਿਆਨ, ਤਾਰਾ ਵਿਗਿਆਨ, ਰੰਗ ਮੰਚ, ਬੇਜ਼ਮੀਨੇ ਗਰੀਬ ਅਤੇ ਦਰਮਿਆਨੇ ਕਿਸਾਨਾਂ, ਔਰਤਾਂ ਦੀ ਜ਼ਿੰਦਗੀ, ਪਾੜਿਆਂ ਦੇ ਮਸਲੇ, ਬੁੱਧੀਜੀਵੀਆਂ ਦੀ ਭੂਮਿਕਾ, ਸਾਹਿਤ, ਕਲਾ ਅਤੇ ਲੋਕਾਂ ਦੇ ਆਪਸੀ ਰਿਸ਼ਤੇ ਆਦਿ ਅਨੇਕਾਂ ਵਿਸ਼ੇ ਹਨ ਜਿਹਨਾਂ ਦੀ ਰਚਨਾ ਰਾਹੀਂ ਪਾਸ਼ ਪਾਠਕਾਂ, ਆਲੋਚਕਾਂ, ਸਮੀਖਿਆਕਾਰਾਂ ਅੱਗੇ ਆਪਣੀ ਕਵਿਤਾ ਅਤੇ ਹੋਰ ਮੁੱਲਵਾਨ ਰਚਨਾਵਾਂ ਲੈ ਕੇ ਹਾਜ਼ਰ ਹੈ। ਇਸ ਸਾਹਿਤਕ ਧਰੋਹਰ ਵਿੱਚੋਂ ਅਸੀਂ ਆਪਣੇ ਬੀਤੇ ਕੱਲ੍ਹ, ਅੱਜ ਅਤੇ ਆਉਣ ਵਾਲੇ ਕੱਲ੍ਹ ਦਾ ਵਿਗਿਆਨਕ ਨਿਰੀਖਣ ਕਰ ਸਕਦੇ ਹਾਂ।

          ਪਾਸ਼ ਉਨ੍ਹਾਂ ਗੂੰਗਿਆਂ ਦੀ ਝੋਲੀ ਗੀਤ ਪਾਉਣ ਦੀ ਆਵਾਜ਼ ਦਿੰਦਾ ਹੈ ਜਿਨ੍ਹਾਂ ਨੂੰ ਗੀਤਾਂ ਦੀ ਕਦਰ ਹੈ। ਬੇਲੋੜੇ ਸ਼ੋਰ, ਚੁੱਪ, ਪਾਸਾ ਵੱਟ ਕੇ ਲੰਘ ਜਾਣ ਦੀ ਕਾਹਲ ਦਾ ਗੰਭੀਰ ਨੋਟਿਸ ਲੈਂਦਾ ਪਾਸ਼, ਸੁਪਨਿਆਂ ਦੇ ਮਰ ਜਾਣ ਨੂੰ ਸਭ ਤੋਂ ਖ਼ਤਰਨਾਕਕਰਾਰ ਦਿੰਦਾ ਹੈ । ਪਾਸ਼ ਨੂੰ ਤੱਤੀ ਕਵਿਤਾ ਦਾ ਹੀ ਕਵੀ ਕਹਿਣ, ਉਸਨੂੰ ਬਿਨ ਸੋਚੇ ਸਮਝੇ ਵੱਟੇ ਮਾਰਨ ਤੋਂ ਪਹਿਲਾਂ ਪਾਸ਼ ਦੀ ਸਮੁੱਚੀ ਵਾਰਤਕ ਅਤੇ ਸੰਪੂਰਣ ਕਾਵਿ ਦੇ ਦਰਪਣ ਅੱਗੇ ਖੜ੍ਹੇ ਹੋ ਕੇ ਆਪਣਾ ਚਿਹਰਾ ਤੱਕਣ ਦੀ ਲੋੜ ਹੈ। ਪਾਸ਼ ਜ਼ਿੰਦਗੀ ਦੇ ਬਹੁ ਰੰਗਾਂ ਦਾ ਕਵੀ ਹੈ। ਪਾਸ਼ ਜ਼ਿੰਦਗੀ ਦਾ ਚਿਤੇਰਾ ਹੀ ਨਹੀਂ, ਸਗੋਂ ਨਵੀਂ ਜ਼ਿੰਦਗੀ ਦਾ ਸਿਰਜਣਹਾਰਾ ਹੈ। ਉਹਦੀ ਕਵਿਤਾ ਬੋਲਦੀ ਹੈ :

 

          ਅਸੀਂ ਬੇਅਦਬੀ ਦੀਆਂ ਤੰਦਾਂ

           ਅਮਨ ਵਰਗਾ ਕੁੱਝ ਉਣਦੇ ਰਹੇ

           ਅਸੀਂ ਬਰਛੀ ਦੇ ਵਾਂਗ

           ਹੱਡਾਂ ਚ ਖੁਭੇ ਹੋਏ

           ਸਾਲਾਂ ਨੂੰ ਉਮਰ ਕਹਿੰਦੇ ਰਹੇ

          9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ (ਜਲੰਧਰ) ਚ ਜਨਮੇ ਕਵੀ ਪਾਸ਼ ਦਾ 74 ਵਾਂ ਜਨਮ ਦਿਹਾੜਾ ਅਸਲ ਚ ਕੱਖਾਂ ਦੀਆਂ ਕੁੱਲੀਆਂ ਦੇ ਮਿਨਾਰ ਬਣਨ ਅਤੇ ਲੋਕਾਂ ਦੀ ਜ਼ਿੰਦਗੀ ਚ ਸੱਜਰੀ ਸਵੇਰ ਲਿਆਉਣ ਲਈ ਆਪਣੇ ਫ਼ਰਜ਼ਾਂ, ਕਹਿਣੀ ਅਤੇ ਕਰਨੀ ਚ ਇਕਸੁਰਤਾ ਦਾ ਰਾਗ ਛੇੜਨ ਅਤੇ ਕਲਮ, ਕਲਾ ਦੇ ਸਿਰ ਤੇ ਸ਼ੂਕਦੀਆਂ ਕਾਲ਼ੀਆਂ ਹਨੇਰੀਆਂ ਨੂੰ ਰੌਸ਼ਨੀਆਂ ਦੀ ਰੁੱਤ ਚ ਬਦਲਣ ਦਾ ਅਹਿਦ ਕਰਨ ਦਾ ਦਿਹਾੜਾ ਹੈ। ਬੇਦਖ਼ਲੀ ਲਈ ਬਿਨੈ ਪੱਤਰ’, ‘ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂਵਰਗੀਆਂ ਕਵਿਤਾਵਾਂ ਅਤੇ ਐਂਟੀ-47 ਵਰਗਾ ਸਾਹਿਤ ਸਿਰਜਕ ਨਾਬਰੀ ਅਤੇ ਬਰਾਬਰੀ ਦਾ ਕਲਮਕਾਰ ਹੈ ਪਾਸ਼। ਉਸਦੀ ਸਿਰਜਣਾ ਦਾ ਪੱਲਾ ਫੜਦੀ, ਉਸਨੂੰ ਬਦਲਦੇ ਸਮਿਆਂ ਨਾਲ ਮੇਲਦੀ ਜੁਆਨੀ ਨਵੀਂ ਰੁੱਤ ਦੀ ਸਰਘੀ ਦਾ ਮੱਥਾ ਚੁੰਮ ਸਕਦੀ ਹੈ।

-                  -0—

No comments:

Post a Comment