Friday, September 13, 2024

ਭਾਰਤ ਵਿਚ ਵਿਗਿਆਨਕ ਖੋਜ ਦੇ ਕਾਰਪੋਰੇਟੀਕਰਨ ਦੇ ਸੰਕੇਤ

 

ਭਾਰਤ ਵਿਚ ਵਿਗਿਆਨਕ ਖੋਜ ਦੇ ਕਾਰਪੋਰੇਟੀਕਰਨ ਦੇ ਸੰਕੇਤ

ਜਨਵਰੀ 2020 ਵਿੱਚ ਬੰਗਲੌਰ ਵਿੱਚ ਹੋਈ 107ਵੀਂ ਸਾਇੰਸ ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਭਾਰਤ ਵਿੱਚ ਖੋਜ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ। ਉਸਨੇ ਆਪਣੇ ਬੋਲਣ ਦੇ ਮੁਹਾਵਰਾਮਈ ਅੰਦਾਜ਼ ਵਿਚ ਨੌਜਵਾਨ ਖੋਜੀਆਂ ਨੂੰ ਕਿਹਾ: ਖੋਜ ਕਰੋ, ਪੇਟੈਂਟ ਕਰਾਉ, ਪੈਦਾ ਕਰੋ ਤੇ ਖੁਸ਼ਹਾਲ ਬਣੋ।ਇਸਨੂੰ ਇੱਕ ਅਖਾਣ ਦੇ ਰੂਪ ਵਿੱਚ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਉਸਦੀ ਅਗਵਾਈ ਵਿੱਚ ਭਾਰਤ ਵਿਚ ਗਿਆਨ ਦੀ ਪੈਦਾਵਾਰ ਦੀ ਨਵੀਂ ਨੀਤੀ ਵੱਲ ਇਸ਼ਾਰਾ ਕਰ ਰਹੇ ਸਨ।

 ਕਾਫੀ ਸਾਲਾਂ ਤੋਂ ਭਾਰਤ ਦੀ ਮੋਜੂਦਾ ਰਾਜ ਕਰ ਰਹੀ ਪਾਰਟੀ ਵੱਲੋਂ ਖੋਜ ਲੈਬਾਰਟਰੀਆਂ ਅਤੇ ਹੋਰਨਾਂ ਖੋਜ ਕੇਂਦਰਾਂ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਰਿਹਾ ਹੈ ਕਿ ਉਹ ਆਪਣੀ ਮੁਹਾਰਤ ਦੀ ਵਪਾਰਕ ਵਰਤੋਂ ਰਾਹੀਂ ਆਪਣੀ ਆਮਦਨ ਆਪ ਪੈਦਾ ਕਰਨ ਤੇ ਇਸ ਰਾਹੀਂ ਕੌਮੀ ਮਿਸ਼ਨਾਂ ਵਾਸਤੇ ਤਕਨਾਲੋਜੀ ਪੈਦਾ ਕਰਨ। ਇਸ ਨੀਤੀਗਤ ਪੁਜ਼ੀਸ਼ਨ ਦੀਆਂ ਜੜ੍ਹਾਂ ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ ਲੈਬਜ਼ ਦੇ ਡਾਇਰੈਕਟਰਾਂ ਵੱਲੋਂ 2015 ਵਿੱਚ ਤਿਆਰ ਕੀਤੀ ਦੇਹਰਾਦੂਨ ਘੋਸ਼ਣਾਤੱਕ ਲੱਭੀਆਂ ਜਾ ਸਕਦੀਆਂ ਹਨ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ, ਖੋਜ ਨੂੰ ਆਪਣੀ ਆਮਦਨ ਆਪ ਪੈਦਾ ਕਰਨ ਯੋਗ ਬਣਾਉਣ ਲਈ ਪੈਟੈਂਟ ਵੇਚੇ ਜਾਣ। ਦੂਸਰੇ ਸ਼ਬਦਾਂ ਵਿੱਚ ਇਹ ਸਾਇੰਸ ਦੇ ਕਾਰਪੋਰੇਟੀਕਰਨ ਦਾ ਸੱਦਾ ਸੀ-ਭਾਵ ਅਜਿਹਾ ਪ੍ਰਬੰਧ ਜਿਸ ਤਹਿਤ ਕਿਸੇ ਵੀ ਰਾਜਕੀ ਖੋਜ ਇਕਾਈ ਨੂੰ ਇਸ ਤਰ੍ਹਾਂ ਬਦਲਿਆ ਜਾਵੇ ਕਿ ਸਰਕਾਰੀ ਗ੍ਰਾਂਟਾਂ ਤੇ ਟੇਕ ਰੱਖਣ ਦੀ ਬਜਾਏ ਇਸਦਾ ਬਾਜ਼ਾਰੀਕਰਨ ਕੀਤਾ ਜਾਵੇ ਤੇ ਇਸਦੇ ਖਰਚੇ ਚੁੱਕਣ ਲਈ ਵਪਾਰਕ ਮਾਡਲ ਦੀ ਵਰਤੋਂ ਕੀਤੀ ਜਾਵੇ। ਵਿਗਿਆਨਕ ਸੰਸਥਾਵਾਂ ਨੂੰ ਹੁਣ ਆਪਣੇ ਖੋਜ ਕੇਂਦਰਾਂ ਨੂੰ ਕੰਪਨੀ ਐਕਟ ਦੀ ਧਾਰਾ 8 ਤਹਿਤ ਰਜਿਸਟਰ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਜਿੱਥੇ ਕਿ ਪ੍ਰਾਈਵੇਟ ਕੰਪਨੀਆਂ ਤੇ ਸ਼ੇਅਰ-ਧਾਰਕ ਉਹਨਾਂ ਵਿੱਚ ਪੈਸਾ ਲਾ ਸਕਣ।

          ਅਨੁਸੰਧਾਨ ਕੌਮੀ ਖੋਜ ਫਾਊਂਡੇਸ਼ਨ ਤੇ ਖੋਜ

 ਇਸ ਤਰ੍ਹਾਂ ਦੀ ਸੋਚਣ ਵਿੱਧੀ ਨੂੰ ਅਨੁਸੰਧਾਨ ਕੌਮੀ ਖੋਜ ਫਾਊਂਡੇਸ਼ਨ ( ਏ. ਐਨ. ਆਰ. ਐੱਫ.) ਦੇ ਗਠਨ ਰਾਹੀਂ ਵੀ ਦੇਖਿਆ ਜਾ ਸਕਦਾ ਹੈ। 2023 ਦੇ ਏ. ਐਨ. ਆਰ. ਐੱਫ. ਐਕਟ ਅਧੀਨ ਸਥਾਪਤ ਇਹ ਨਵਾਂ ਪ੍ਰਬੰਧ ਦੇਸ਼ ਵਿੱਚ ਖੋਜ ਨੂੰ ਫੰਡਿੰਗ ਪ੍ਰਦਾਨ ਕਰਨ ਅਤੇ ਖੋਜ, ਵਿਕਾਸ, ਅਕਾਦਮਿਕਤਾ ਤੇ ਇੰਡਸਟਰੀ ਵਿਚ ਸਬੰਧ ਸੁਧਾਰਨ ਦੀ ਮਨਸ਼ਾ ਨਾਲ ਖੜ੍ਹਾ ਕੀਤਾ ਗਿਆ ਹੈ। 23 ਜੁਲਾਈ 2024 ਦੇ ਵਿੱਤ ਮੰਤਰੀ ਦੇ ਬੱਜਟ ਭਾਸ਼ਣ ਵਿਚ ਵੀ ਇਸੇ ਦੀ ਪ੍ਰਤਿਧੁਨੀ ਸੁਣੀ ਜਾ ਸਕਦੀ ਹੈ: ਅਸੀਂ ਏ. ਐਨ. ਆਰ. ਐੱਫ. ਨੂੰ ਬੁਨਿਆਦੀ ਖੋਜ ਅਤੇ ਅਸਲ ਵਿਕਾਸ ਹਾਸਲ ਕਰਨ ਲਈ ਅਮਲ ਵਿੱਚ ਲਿਆਵਾਂਗੇ।  ਅਸਲ ਵਿਕਾਸਖੋਜ ਪ੍ਰਕਿਰਿਆ ਅਧੀਨ ਕਿਸੇ ਵਸਤ ਦੀ ਵਪਾਰਕ ਲਾਹੇਵੰਦੀ ਮਾਪਣ ਦਾ ਅਹਿਮ ਅੰਗ ਹੈ, ਤੇ ਇਹ ਸਰਕਾਰ ਦੀ ਖੋਜ ਨੂੰ ਵਪਾਰਕ ਲੋੜਾਂ ਲਈ ਵਰਤਣ ਦੀ ਜ਼ੋਰਦਾਰ ਇੱਛਾ ਦਾ ਇੱਕ ਹੋਰ ਪ੍ਰਗਟਾਵਾ ਹੈ ।

    ਇਸਦਾ ਇੱਕ ਹੋਰ ਭੇਦ ਫੰਡਾਂ ਦੀ ਹਿੱਸਾ ਵੰਡ ਤੋਂ ਮਿਲਦਾ ਹੈ। ਏ. ਐਨ. ਆਰ. ਐੱਫ. ਨੂੰ ਪੰਜ ਸਾਲਾਂ ਵਾਸਤੇ 5000 ਕਰੋੜ ਰੁਪਏ ਦਿੱਤੇ ਜਾਣਗੇ, ਜਿਸ ਵਿਚੋਂ 72% ਪ੍ਰਾਈਵੇਟ ਖੇਤਰ ਤੋਂ ਆਉਣ ਦੀ ਉਮੀਦ ਹੈ। ਏ. ਐਨ. ਆਰ. ਐੱਫ. ਨੂੰ ਦਿੱਤੇ ਜਾਣ ਵਾਲੇ ਅਸਾਸਿਆਂ ਦੀ ਸਮਾਂ ਸੀਮਾ ਨੂੰ ਮੌਜੂਦਾ ਸਮੇਂ ਦੇਖਦਿਆਂ ਇਹ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਖੋਜ ਲਈ ਦਿੱਤੇ ਜਾਣ ਵਾਲੇ ਫੰਡਾਂ ਚੋਂ ਆਪਣਾ ਰੋਲ ਲਗਾਤਾਰ ਘਟਾਉਣ ਅਤੇ ਇਸ ਵਿੱਚ ਪ੍ਰਾਈਵੇਟ ਉੱਦਮੀਆਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਦਾ ਇਰਾਦਾ ਰੱਖਦੀ ਹੈ।

        ਇਥੋਂ ਤੱਕ ਕਿ ਅਮਰੀਕਾ ਵਿਚ ਵੀ ਜਿੱਥੇ ਖੋਜ ਅਤੇ ਵਿਕਾਸ ਨੇ ਪ੍ਰਤੱਖ ਤੌਰ ਤੇ ਸਰਕਾਰੀ ਫੰਡਿੰਗ ਨੂੰ ਪਿਛਲੇ ਦਹਾਕੇ ਚ ਵੱਡੇ ਪੱਧਰ ਤੇ ਪਿੱਛੇ ਛੱਡ ਦਿੱਤਾ ਹੈ, ਸਰਮਾਇਆ ਮੁੱਖ ਤੌਰ ਤੇ ਆਈ. ਟੀ. ( ਇਨਫ਼ਰਮੇਸ਼ਨ ਟੈਕਨਾਲੋਜੀ) ਅਤੇ ਦਵਾਈ ਸਨਅਤ ਵਿੱਚ ਕੇਂਦਰਿਤ ਹੋਇਆ ਹੈ। ਇਸ ਤਰ੍ਹਾਂ ਖੋਜ ਰਾਹੀਂ ਪੈਦਾ ਹੋਏ ਗਿਆਨ ਨੂੰ ਬਾਜ਼ਾਰ ਵਿੱਚ ਵਿਕਣ ਵਾਲੀ ਵਸਤੂ ਮੰਨ ਲਿਆ ਗਿਆ ਹੈ। ਬਾਜ਼ਾਰ ਅਧਾਰਿਤ ਖੋਜ ਦੇ ਦ੍ਰਿਸ਼ਟੀਕੋਣ ਪ੍ਰਤੀ ਲਗਾਅ ਦੋ ਸਰੋਤਾਂ ਤੋਂ ਪੈਦਾ ਹੁੰਦਾ ਹੈ, ਜਿਵੇਂ ਕਿ ਪਰਾਬੀਰ ਪੁਰਸਕਾਇਥ ਆਪਣੀ ਕਿਤਾਬ ਨੌਲੇਜ ਐਂਡ ਕਾਮਨਜ਼ਵਿੱਚ ਦੱਸਦਾ ਹੈ। ਪੁਨਰ ਜਾਗ੍ਰਿਤੀ ਕਾਲ ਤੇ ਉਸਤੋਂ ਮਗਰੋਂ ਦੇ ਸਮੇਂ ਦੌਰਾਨ ਵਿਗਿਆਨ ਤੇ ਤਕਨਾਲੋਜੀ ਹੁਣ ਕਿਸੇ ਵੀ ਸਮੇਂ ਨਾਲੋਂ ਵੱਡੇ ਪੱਧਰ ਤੇ ਨੇੜੇ ਆ ਗਏ ਹਨ, ਤੇ ਵਿਗਿਆਨਕ ਲੱਭਤਾਂ ਅੱਜਕਲ੍ਹ ਅਕਸਰ ਕਿਤੇ ਵੱਡੇ ਪੈਮਾਨੇ ਤੇ ਬਜਾਰੂ ਵਸਤਾਂ ਬਣ ਜਾਂਦੀਆਂ ਹਨ। ਇਸ ਤਬਦੀਲੀ ਕਾਰਨ ਹੀ ਬੌਧਿਕ ਸੰਪਤੀ ਹੱਕਾਂ ਦੀ ਵਕਾਲਤ ਹੁੰਦੀ ਹੈ, ਜਿਹੜੀ ਯੂਨੀਵਰਸਿਟੀਆਂ ਨੂੰ ਆਪਣੇ ਪੇਟੈਂਟ ਵੇਚਣ ਦੀ ਖੁੱਲ੍ਹ ਦਿੰਦੀ ਹੈ, ਚਾਹੇ ਕਿ ਉਸ ਖੋਜ ਲਈ ਪੈਸਾ ਲੋਕਾਂ ਦੇ ਫੰਡਾਂ ਚੋਂ ਹੀ ਲੱਗਿਆ ਹੋਵੇ। ਸੰਸਾਰ ਪੱਧਰ ਤੇ ਨਵ ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਵੀ ਵਿਗਿਆਨ ਦੇ ਖੇਤਰ ਚ ਪ੍ਰਾਈਵੇਟ ਖੇਤਰ ਦੇ ਨਿਵੇਸ਼ ਚ ਭਾਰੀ ਵਾਧਾ ਹੋਇਆ ਹੈ।

          ਦਰਸਾਏ ਗਏ ਉਦੇਸ਼ਾਂ ਦੇ ਓਹਲੇ ਲੁਕੇ ਸੰਕੇਤ

ਏ. ਐਨ. ਆਰ. ਐੱਫ. ਦਾ ਨਿਰਧਾਰਿਤ ਉਦੇਸ਼ ਚਾਹੇ ਕੁਦਰਤੀ ਵਿਗਿਆਨਾਂ ਅੰਦਰ ਨਿਵੇਸ਼ ਕਰਨਾ ਦੱਸਿਆ ਗਿਆ ਹੈ, ਪਰ ਇਥੇ ਕਾਫ਼ੀ ਸੰਕੇਤ ਮੌਜੂਦ ਹਨ ਜਿਹਨਾਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਅਸਲ ਵਿਚ ਯੂਨੀਵਰਸਿਟੀ ਖੋਜ ਪ੍ਰਬੰਧ ਨੂੰ  ਐਲਨ ਮੈਕਸਿੰਜ ਵੁੱਡ ਦੇ ਸ਼ਬਦਾਂ ਪੂੰਜੀਵਾਦੀ ਬਜ਼ਾਰ ਦੀਆਂ ਹਿਦਾਇਤਾਂਦੇ ਅਧੀਨ ਕਰਨਾ ਚਾਹੁੰਦੀ ਹੈ। ਕੁਦਰਤੀ ਵਿਗਿਆਨਾਂ ਚ ਜਗਿਆਸਾ ਅਧੀਨ ਕੀਤੀ ਖੋਜ ਵਿੱਚ ਕੁਦਰਤੀ ਪ੍ਰਕਿਰਿਆਵਾਂ ਨੂੰ ਤੱਥਾਂ ਅਤੇ ਤਜ਼ਰਬੇ ਦੇ ਅਧਾਰ ਤੇ ਸਮਝਣਾ ਸ਼ਾਮਲ ਹੁੰਦਾ ਹੈ। ਪ੍ਰਾਈਵੇਟ ਖੇਤਰ ਤੋਂ ਕੁਦਰਤੀ ਵਿਗਿਆਨਾਂ ਅੰਦਰ ਜਗਿਆਸਾ ਅਧੀਨ ਕੀਤੀ ਜਾਣ ਵਾਲੀ ਖੋਜ ਵਿੱਚ ਨਿਵੇਸ਼ ਕਰਨ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਖੋਜ ਵਿੱਚ ਉਦੋਂ ਤੱਕ ਪੈਸਾ ਨਹੀਂ ਲਾਵੇਗਾ ਜਦੋਂ ਤੱਕ ਕਿ ਖੋਜ ਦੀ ਵਰਤੋਂ ਰਾਹੀਂ ਇਸਦੇ ਮੁਨਾਫ਼ਿਆਂ ਚ ਵਾਧਾ ਨਾ ਹੁੰਦਾ ਹੋਵੇ। ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤੀ ਗਿਆਨ ਪ੍ਰਬੰਧ ਦੀਆਂ ਉਹਨਾਂ ਸ਼ਾਖ਼ਾਵਾਂ ਚ ਸਰਕਾਰੀ ਨਿਵੇਸ਼ ਸਬੰਧੀ ਅਜਿਹੀ ਸਖ਼ਤਾਈ ਕਦੇ ਨਹੀਂ ਦਿਖਾਈ ਜਾਂਦੀ ਜਿਹੜੀਆਂ ਕਿ ਤੱਥ ਅਧਾਰਿਤ ਖੋਜ ਤੇ ਅਧਾਰਿਤ ਨਹੀਂ ਹਨ। ਵਿਗਿਆਨ ਸੰਸਾਰ ਨੂੰ ਵਿਗਿਆਨਕ ਸੰਦਾਂ ਨਾਲ ਸਮਝਣ ਦੀ ਇੱਛਾ ਵਿਚੋਂ ਪੈਦਾ ਹੁੰਦਾ ਹੈ। ਇਸ ਨੂੰ ਸਿਰਫ਼ ਸਰਕਾਰੀ ਨਿਵੇਸ਼ ਵਧਾਉਣ ਰਾਹੀਂ ਹੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਬੁਨਿਆਦੀ ਵਿਗਿਆਨਾਂ ਅੰਦਰ ਖੋਜ ਪ੍ਰਸਤਾਵਾਂ ਨੂੰ ਖੋਜਕਾਰ ਦੇ ਕਿਸੇ ਸਮੱਸਿਆ ਬਾਰੇ ਗਿਆਨ ਹਾਸਲ ਕਰਨ ਸਮੇਂ ਉਸਦੀਆਂ ਨਿਰਖਾਂ, ਤਜ਼ਰਬਿਆਂ ਤੇ ਅਧਿਐਨ ਕਰਨ ਦੀ ਯੋਗਤਾ ਦੇ ਆਧਾਰ ਤੇ ਅੰਗਿਆ ਜਾਣਾ ਚਾਹੀਦਾ ਹੈ। ਇਸਦੀ ਅਮਲੀ ਵਰਤੋਂ ਦਾ ਪੱਖ ਉਸ ਸਮੇਂ ਹੋ ਸਕਦਾ ਹੈ ਬਿਲਕੁਲ ਵੀ ਪ੍ਰਤੱਖ ਨਾ ਹੋਵੇ। ਬੁਨਿਆਦੀ ਵਿਗਿਆਨ ਦੀ ਆਮ ਪ੍ਰਚਲਿਤ ਪ੍ਰੀਭਾਸ਼ਾ ਕਹਿੰਦੀ ਹੈ: ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਇਸ ਖੋਜ ਦੇ ਭਵਿੱਖੀ ਨਤੀਜੇ ਕਿ ਹੋਣਗੇ, ਕਿਸੇ ਕੁਦਰਤੀ ਵਰਤਾਰੇ ਨੂੰ ਸਮਝਣ ਤੇ ਇਸਦਾ ਗਿਆਨ ਹਾਸਲ ਕਰਨ ਵੱਲ ਪੇਸ਼ਕਦਮੀ।

                   ਦੇਸ਼ਾਂ ਦੀ ਤੁਲਨਾ

ਭਾਵੇਂ ਕਿ ਕੁੱਲ ਘਰੇਲੂ ਉਤਪਾਦ ( ਜੀ. ਡੀ. ਪੀ.) ਦੇ ਮਾਮਲੇ ਚ ਭਾਰਤ ਨੂੰ ਦੁਨੀਆਂ ਦੇ ਪਹਿਲੇ 10 ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ ਪਰ ਖੋਜ ਦੇ ਖੇਤਰ ਵਿਚ ਇਸਦਾ ਨਿਵੇਸ਼ ਪਿਛਲੇ ਪੂਰੇ ਦਹਾਕੇ ਦੌਰਾਨ ਕੁੱਲ ਘਰੇਲੂ ਉਤਪਾਦ ਦਾ ਮਹਿਜ਼ 0.6% ਤੋਂ 0.7% ਫੀਸਦੀ ਤੱਕ ਹੀ ਰਿਹਾ ਹੈ। ਦੱਖਣੀ ਕੋਰੀਆ ਵਰਗਾ ਮੁਲਕ ਜਿਹੜਾ ਕਿ ਭਾਰਤ ਦੇ ਆਕਾਰ ਤੇ ਵਸੋਂ ਪੱਖੋਂ ਤੀਜਾ ਹਿੱਸਾ ਵੀ ਨਹੀਂ ਬਣਦਾ, ਆਪਣੇ ਕੁੱਲ ਘਰੇਲੂ ਉਤਪਾਦ ਦਾ 2 ਤੋਂ 3 ਫੀਸਦੀ ਖੋਜ ਚ ਨਿਵੇਸ਼ ਕਰਦਾ ਹੈ। ਜਦੋਂ ਨਿੱਜੀ ਖੇਤਰ ਨੂੰ ਨਿਵੇਸ਼ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਉਸ ਸਮੇਂ ਸਰਕਾਰ ਨੂੰ ਬੁਨਿਆਦੀ ਵਿਗਿਆਨ ਅਤੇ ਗੈਰ-ਮੁਨਾਫ਼ਾ ਖੋਜ ਦੇ ਖੇਤਰ ਚ ਆਪਣਾ ਨਿਵੇਸ਼ ਵਧਾਉਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਛੇਤੀ ਹੀ ਸਾਡਾ ਮੁਲਕ ਆਪਣੀਆਂ ਯੂਨੀਵਰਸਿਟੀਆਂ ਵਿਚ ਜਗਿਆਸਾ ਅਧੀਨ ਖੋਜ ਦੇ ਖੇਤਰ ਚ ਭਾਰੀ ਗਿਰਾਵਟ ਦਾ ਸਾਹਮਣਾ ਕਰੇਗਾ, ਤੇ ਇਸ ਵਿਚ ਨਿੱਜੀ ਖੇਤਰ ਦੀ ਵੱਡੀ ਭਾਈਵਾਲੀ ਹੋਣ ਕਾਰਨ ਲੋਕਾਂ ਦਾ ਖੋਜ ਵਿਚ ਭਰੋਸਾ ਵੀ ਕਮਜ਼ੋਰ ਹੋਵੇਗਾ। ਏਨਾ ਹੀ ਮਹੱਤਵਪੂਰਨ ਆਜ਼ਾਦ ਖੋਜ ਅਤੇ ਸੰਸਥਾਵਾਂ ਦੀ ਪ੍ਰਬੰਧਕੀ ਤੇ ਵਿੱਤੀ ਖੁਦ ਮੁਖਤਿਆਰੀ ਦੇ ਮਾਹੌਲ ਨੂੰ ਯਕੀਨੀ ਬਣਾਉਣਾ ਹੈ।  ਇਸਨੂੰ ਏ. ਐਨ. ਆਰ. ਐੱਫ. ਐਕਟ ਵਿੱਚ ਹੀ ਉਚਿਆਇਆ ਜਾਣਾ ਚਾਹੀਦਾ ਸੀ। ਜਿਵੇਂ ਕਿ ਇੰਡੀਆ ਫੋਰਮ ਵਿੱਚ ਨੀਰਾਜਾ ਗੋਪਾਲ ਜਾਇਲ ਲਿਖਦਾ ਹੈ, ਭਾਵੇਂ ਕਿ ਅਕਾਦਮਿਕ ਅਫ਼ਸਰਸ਼ਾਹੀ ਦਾ ਹੱਥ ਹਮੇਸ਼ਾ ਹੀ ਪਬਲਿਕ ਯੂਨੀਵਰਸਿਟੀਆਂ ਦੀ ਖ਼ੁਦਮੁਖ਼ਤਿਆਰੀ ਤੇ ਭਾਰੂ ਰਿਹਾ ਹੈ, ਮੌਜੂਦਾ ਸਮਿਆਂ ਅੰਦਰ ਇਹਨਾਂ ਅੰਦਰ ਰਾਜ ਦੀ ਦਖ਼ਲਅੰਦਾਜ਼ੀ ਇੱਕ ਪੱਖਪਾਤੀ ਤਰੀਕੇ ਤੇ ਖੁੱਲ੍ਹੇ ਤੌਰ ਤੇ ਅਜਿਹੇ ਵਿਚਾਰਧਾਰਕ ਵਾਤਾਵਰਨ ਦੇ ਰੂਪ ਵਿਚ ਵਧੀ ਹੈ ਜਿਹੜਾ ਕਿ ਅਕਾਦਮਿਕ ਆਜ਼ਾਦੀ ਦੀ ਭੋਰਾ ਵੀ ਅਹਿਮੀਅਤ ਨਹੀਂ ਸਮਝਦਾ।  ਇਹ ਇੱਕ ਦੂਰਦ੍ਰਿਸ਼ਟੀ ਵਾਂਗੂੰ ਲੱਗਦਾ ਹੈ, ਪਰ ਇੱਕ ਦਬਾਊ ਸਮਾਜ ਵਿੱਚ ਇਹ ਪ੍ਰਫੁੱਲਤ ਨਹੀਂ ਹੋ ਸਕਦਾ।

 

                             (‘‘ਦੀ ਹਿੰਦੂ’’ ’ਚ ਸੀ.ਪੀ. ਰਾਜਿੰਦਰਨ ਦੇ ਲੇਖ ਦਾ ਅੰਗਰੇਜ਼ੀ ਤੋਂ ਅਨੁਵਾਦ)

                                                    ---0---

No comments:

Post a Comment