ਮਹਾਨ ਅਕਤੂਬਰ ਇਨਕਲਾਬ ਦੀ ਵਿਰਾਸਤ ਉੱਤੇ ਡਟਕੇ ਪਹਿਰਾ ਦਿਓ
ਅੱਜ ਤੋਂ
107 ਸਾਲ ਪਹਿਲਾਂ ਅਕਤੂਬਰ 1917 ਵਿੱਚ ਰੂਸ ਅੰਦਰ ਉਥੋਂ ਦੀ ਮਜ਼ਦੂਰ ਜਮਾਤ ਅਤੇ ਹੋਰ ਮਿਹਨਤਕਸ਼
ਲੋਕਾਂ ਨੇ ਜਾਨ-ਹੂਲਵਾਂ ਜਮਾਤੀ ਸੰਘਰਸ਼ ਜਿੱਤ ਤੱਕ ਲਿਜਾਂਦਿਆਂ ਰੱਤ ਪੀਣੀ ਸਰਮਾਏਦਾਰੀ ਦੇ ਰਾਜ
ਨੂੰ ਉਲਟਾ ਕੇ ਇੱਕ ਬੇਮਿਸਾਲ ਇਤਿਹਾਸਕ ਕਾਰਨਾਮਾ ਅੰਜਾਮ ਦਿੱਤਾ ਸੀ। ਇਸ ਨੂੰ ਸੰਸਾਰ ਇਤਿਹਾਸ
ਅੰਦਰ ‘ਰੂਸ ਦੇ ਸਮਾਜਵਾਦੀ ਅਕਤੂਬਰ ਇਨਕਲਾਬ’ ਦੇ ਨਾਂ ਨਾਲ ਜਾਣਿਆ
ਜਾਂਦਾ ਹੈ। ਇਹ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੇ ਦਾਬੇ ਨੂੰ ਖਤਮ ਕਰਨ ਦੇ ਪਵਿੱਤਰ ਉਦੇਸ਼ ਨੂੰ
ਪਰਨਾਇਆ, ਵੇਲੇ ਅਤੇ ਸੰਸਾਰ ਇਤਿਹਾਸ ਅੰਦਰ ਪਹਿਲਾ
ਸਥਿਰ ਅਤੇ ਸਫਲ ਸਮਾਜਿਕ ਇਨਕਲਾਬ ਸੀ, ਜਿਸਨੇ
ਸੰਸਾਰ ਪੂੰਜੀਵਾਦੀ ਪ੍ਰਬੰਧ ਨੂੰ ਕੰਬਣੀਆਂ ਛੇੜਦਿਆਂ ਇਸਦੇ ਦਿਨ ਪੁੱਗ ਜਾਣ ਦਾ ਗਰਜਵਾਂ ਐਲਾਨ ਕਰ
ਦਿੱਤਾ ਸੀ।
ਰੂਸ ਵਿੱਚ
ਹੋਏ ਇਸ ਮਹਾਨ ਪਰੋਲੇਤਾਰੀ ਸਮਾਜਵਾਦੀ ਇਨਕਲਾਬ ਨੇ ਉਸ ਵੇਲੇ ਦੇ ਗਾਲਬ ਸਾਮਰਾਜੀ-ਪੂੰਜੀਵਾਦੀ
ਪ੍ਰਬੰਧ ਅੰਦਰ ਵੱਡਾ ਮਘੋਰਾ ਕਰਦਿਆਂ ਦੁਨੀਆਂ ਦੇ ਛੇਵੇਂ ਭਾਗ ਵਿੱਚ ਪ੍ਰੋਲੇਤਾਰੀ ਜਮਾਤ ਦੀ
ਤਾਨਾਸ਼ਾਹੀ ਹੇਠ ਨਵੇਂ ਸਮਾਜਵਾਦੀ ਰਾਜ ਦੀ ਸਥਾਪਨਾ ਅਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦਾ ਮੁੱਢ
ਬੰਨ੍ਹ ਦਿੱਤਾ ਸੀ। ਇਸ ਨਾਲ ਸੰਸਾਰ ਦੇ ਸਮਾਜਿਕ-ਸਿਆਸੀ ਪਿੜ ਅੰਦਰ ਮਜ਼ਦੂਰ ਜਮਾਤ ਇੱਕ ਅਧੀਨ ਜਮਾਤ
ਨਾ ਰਹਿ ਕੇ ਉੱਭਰ ਰਹੀ ਨਵੀਂ ਹਾਕਮ ਜਮਾਤ ਵਿੱਚ ਵਟ ਗਈ ਸੀ। ਇਸ ਯੁਗ ਪਲਟਾਊ ਘਟਨਾ ਨੇ ਦੁਨੀਆਂ ਭਰ ਅੰਦਰ ਮਜ਼ਦੂਰ
ਜਮਾਤ ਅਤੇ ਹੋਰ ਦੱਬੇ ਕੁਚਲੇ ਲੋਕਾਂ ਅਤੇ ਗੁਲਾਮ ਕੌਮਾਂ ਦੇ ਸੰਘਰਸ਼ਾਂ ਨੂੰ ਬੇਪਨਾਹ ਉਤਸ਼ਾਹਤ ਕੀਤਾ
ਅਤੇ ਨਵੇਂ ਉੱਭਰ ਰਹੇ ਸਮਾਜਵਾਦੀ ਰਾਜ ਨੇ ਉਹਨਾਂ ਦੀ ਜੱਦੋਜਹਿਦ ਦੀ ਇਖਲਾਕੀ, ਸਿਆਸੀ ਤੇ ਪਦਾਰਥਕ ਮਦਦ ਲਈ ਆਪਣਾ ਭਰਾਤਰੀ ਹੱਥ ਵਧਾਇਆ।
ਨਾ ਸਿਰਫ ਰੂਸ
ਦੀਆਂ ਗੱਦੀਓਂ ਲਾਹੀਆਂ ਲੁਟੇਰੀਆਂ ਜਮਾਤਾਂ ਨੂੰ ਹੀ, ਸਗੋਂ
ਸੰਸਾਰ ਸਰਮਾਏਦਾਰੀ ਨੂੰ ਵੀ ਰਾਜਸੀ ਤਾਕਤ ਉੱਤੇ ਮਜ਼ਦੂਰ ਜਮਾਤ ਦੇ ਕਬਜ਼ੇ ਦੀ ਇਹ ਹਕੀਕਤ ਕਿਵੇਂ ਹਜ਼ਮ
ਆ ਸਕਦੀ ਸੀ? ਇਸ ਨਵਜੰਮੇ ਸਮਾਜਵਾਦੀ ਰਾਜ ਨੂੰ ਪੈਰ ਜਮਾਉਣ
ਤੋਂ ਪਹਿਲਾਂ ਹੀ ਰੂਸ ਅੰਦਰ ਆਪਣੀ ਹਾਰ ਨੂੰ ਹਜ਼ਮ ਕਰਨ ਤੋਂ ਇਨਕਾਰੀ ਸਰਮਾਏਦਾਰੀ ਜਮਾਤ ਦੇ
ਵੱਖ-ਵੱਖ ਨੁਮਾਇੰਦਿਆਂ ਦੀ ਹਥਿਆਰਬੰਦ ਉਲਟ ਇਨਕਲਾਬੀ ਘਰੋਗੀ ਜੰਗ ਤੇ ਉਸ ਵੇਲੇ ਦੀਆਂ ਬਰਤਾਨੀਆ, ਫਰਾਂਸ, ਅਮਰੀਕਾ, ਜਪਾਨ, ਇਟਲੀ ਤੇ
ਜਰਮਨੀ ਵਰਗੇ ਸਾਮਰਾਜੀ ਮੁਲਕਾਂ ਦੀ ਦਖਲਅੰਦਾਜੀ, ਹਮਲਾਵਰ
ਜੰਗ ਤੇ ਨਾਕੇਬੰਦੀ ਆਦਿਕ ਦਾ ਸਾਹਮਣਾ ਕਰਨਾ ਪਿਆ। ਪਰ ਰੂਸ ਦੀ ਬਾਲਸ਼ਵਿਕ ਪਾਰਟੀ ਦੀ ਸੁਘੜ
ਲੀਡਰਸ਼ਿਪ, ਮਜ਼ਦੂਰ ਜਮਾਤ ਵੱਲੋਂ ਪਹਿਲੇ ਸਮਾਜਵਾਦੀ ਰਾਜ
ਦੀ ਸਲਾਮਤੀ ਲਈ ਦਿਖਾਏ ਦ੍ਰਿੜ ਇਰਾਦੇ ਤੇ ਸੂਰਬੀਰਤਾ ਅਤੇ ਸਰਮਾਏਦਾਰ ਦੇਸ਼ਾਂ ਦੀ ਮਜ਼ਦੂਰ ਜਮਾਤ ਦੀ
ਜ਼ੋਰਦਾਰ ਹਮਾਇਤ ਸਦਕਾ ਮਜ਼ਦੂਰ ਜਮਾਤ ਦਾ ਇਹ ਸਮਾਜਵਾਦੀ ਕਿਲ੍ਹਾ ਸਭ ਚੁਣੌਤੀਆਂ ਨੂੰ ਪਛਾੜਨ ’ਚ ਕਾਮਯਾਬ ਰਿਹਾ।
ਸਰਮਾਏਦਾਰੀ
ਵੱਲੋਂ ਰੂਸ ਅੰਦਰੋਂ ਤੇ ਬਾਹਰੋਂ ਵਿੱਢੀਆਂ ਉਲਟ ਇਨਕਲਾਬੀ ਹਮਲਾਵਰ ਮੁਹਿੰਮਾਂ ਨੂੰ 1921 ਤੱਕ
ਪਛਾੜ ਕੇ ਫਿਰ ਨਵੇਂ ਸਮਾਜਵਾਦੀ ਰਾਜ ਨੇ ਸਮਾਜਵਾਦੀ ਨਿਰਮਾਣ ਦਾ ਕੰਮ ਪੂਰੇ ਜ਼ੋਰ ਸ਼ੋਰ ਨਾਲ ਹੱਥ
ਲਿਆ। ਪਰ ਇਸ ਦੌਰਾਨ ਵੀ ਢੇਰ ਸਾਰੀਆਂ ਸਿਆਸੀ ਮੁਸ਼ਕਲਾਂ ਤੇ ਚੁਣੌਤੀਆਂ ਨਾਲ ਨਜਿੱਠਣਾ ਪਿਆ। ਤਾਂ
ਵੀ ਪਛੜਿਆ, ਵੰਡਿਆ ਤੇ ਸਾਮਰਾਜੀ ਜੰਗ ਦਾ ਭੰਨਿਆ ਰੂਸ
ਸੰਸਾਰ ਸਰਮਾਏਦਾਰੀ ਦੀ ਨਾਕੇਬੰਦੀ ਅਤੇ ਦਖ਼ਲ ਅੰਦਾਜ਼ੀ ਦੇ ਬਾਵਜੂਦ ਸਿਰਫ ਦੋ ਢਾਈ ਦਹਾਕਿਆਂ ਦੀ ਹੀ
ਸਮਾਜਵਾਦੀ ਉਸਾਰੀ ਦੇ ਸਿੱਟੇ ਵਜੋਂ ਭੁੱਖਮਰੀ, ਬੇਰੋਜ਼ਗਾਰੀ, ਅਨਪੜ੍ਹਤਾ, ਵੇਸਵਾਗਮਨੀ, ਮਹਾਂਮਾਰੀਆਂ, ਕੌਮੀ
ਵਿਤਕਰੇ ਆਦਿਕ ਜਿਹੀਆਂ ਅਲਾਮਤਾਂ ਤੋਂ ਮੁਕਤ ਹੋ ਗਿਆ। ਮਰਦ ਔਰਤ ਵਿੱਚ ਵਿਤਕਰੇ, ਨਸਲੀ ਵਿਤਕਰੇ, ਕੌਮੀ ਤੇ
ਇਲਾਕਾਈ ਵਿਤਕਰਿਆਂ ਤੇ ਦਾਬਿਆਂ ਨੂੰ ਖਤਮ ਕਰਨ ਤੇ ਘਟਾਉਣ ਦੀ ਦਿਸ਼ਾ ਵਿੱਚ ਨਿੱਗਰ ਕਦਮ ਚੁੱਕੇ ਗਏ।
ਪੈਦਾਵਾਰੀ ਸੰਕਟ ਅਤੇ ਭਿਆਨਕ ਆਰਥਿਕ ਮੰਦਵਾੜੇ ਵਿੱਚ ਘਿਰੇ ਸੰਸਾਰ ਸਾਮਰਾਜੀ ਪ੍ਰਬੰਧ ਦੇ ਮੁਕਾਬਲੇ
ਵਿੱਚ ਸੋਵੀਅਤ ਰੂਸ ਵਿੱਚ ਤੇਜ਼ ਰਫ਼ਤਾਰ ਕੀਤੀ ਸਮਾਜਵਾਦੀ ਉਸਾਰੀ ਦੇ ਸਿੱਟੇ ਵਜੋਂ ਸਿਰਫ਼ ਤਿੰਨ
ਦਹਾਕਿਆਂ ਵਿੱਚ ਹੀ ਸਮਾਜਵਾਦੀ ਰੂਸ ਇੱਕ ਸ਼ਕਤੀਸ਼ਾਲੀ ਤੇ ਵਿਕਸਿਤ ਆਰਥਿਕ, ਸਿਆਸੀ ਤੇ ਫੌਜੀ ਤਾਕਤ ਵਜੋਂ ਉੱਭਰ ਆਇਆ। ਇਸਨੇ ਦੂਜੀ ਸਾਮਰਾਜੀ ਸੰਸਾਰ
ਜੰਗ ਅੰਦਰ ਫਾਸ਼ਿਜ਼ਮ ਨੂੰ ਹਾਰ ਦੇਣ ਵਿੱਚ ਨਿਰਣਾਇਕ ਭੂਮਿਕਾ ਨਿਭਾਈ। ਅਕਤੂਬਰ ਇਨਕਲਾਬ ਤੋਂ ਬਾਅਦ
ਮਜ਼ਦੂਰ ਜਮਾਤ ਦੇ ਇਸ ਰਾਜ ਦੀ ਸਫ਼ਲ ਪੇਸ਼ਕਦਮੀ ਨੇ ਮਾਰਕਸਵਾਦ ਦੇ ਸਿਧਾਂਤ ਨੂੰ ਇੱਕ ਵਿਕਸਿਤ, ਵਿਗਿਆਨਿਕ ਅਤੇ ਅਮਲਯੋਗ ਵਿਚਾਰਧਾਰਾ ਵਜੋਂ ਸਥਾਪਤ ਕਰਨ ਵਿੱਚ ਅਹਿਮ
ਰੋਲ ਨਿਭਾਇਆ। ਇਸ ਜੁੱਗਗਰਦੀ ਨੇ ਦੁਨੀਆਂ ਭਰ ਅੰਦਰ ਕੌਮੀ ਮੁਕਤੀ ਤੇ ਕੌਮੀ ਆਜ਼ਾਦੀ ਦੀਆਂ ਲਹਿਰਾਂ
ਨੂੰ ਲਾਮਿਸਾਲ ਹੁਲਾਰਾ ਦਿੱਤਾ ਅਤੇ ਦੁਨੀਆਂ ਭਰ ਅੰਦਰ ਕਮਿਊਨਿਸਟ ਵਿਚਾਰਧਾਰਾ, ਕਮਿਊਨਿਸਟ ਪਾਰਟੀਆਂ ਅਤੇ ਇਨਕਲਾਬੀ ਲਹਿਰ ਦਾ ਪਸਾਰਾ ਕੀਤਾ। ਸਿੱਟੇ
ਵਜੋਂ, ਦੂਜੀ ਸੰਸਾਰ ਦੇ ਜੰਗ ਦੇ ਖਾਤਮੇ ਤੋਂ ਬਾਅਦ
ਸਾਮਰਾਜੀ ਕੈਂਪ ਦੇ ਮੁਕਾਬਲੇ ਸਮਾਜਵਾਦੀ ਮੁਲਕਾਂ, ਕੌਮੀ
ਆਜ਼ਾਦੀ ਤੇ ਮੁਕਤੀ ਲਈ ਜੂਝਦੀਆਂ ਕੌਮਾਂ ਅਤੇ ਲੁੱਟ ਖਸੁੱਟ ਤੇ ਅਨਿਆਂ ਵਿਰੁੱਧ ਜੂਝਦੇ ਲੋਕਾਂ ਉੱਤੇ
ਆਧਾਰਤ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੰਸਾਰ ਵਿਆਪੀ ਇਨਕਲਾਬੀ ਕੈਂਪ ਉੱਭਰ ਆਇਆ। ਇਉਂ ਅਕਤੂਬਰ
ਇਨਕਲਾਬ ਨੇ ਦੁਨੀਆਂ ਭਰ ਦੇ ਹਰ ਕੋਨੇ ਵਿੱਚ, ਹਰ ਖੇਤਰ
ਵਿੱਚ ਇਨਕਲਾਬੀ ਤਰਥੱਲੀ ਤੇ ਤਬਦੀਲੀ ਦੀਆਂ ਤਰੰਗਾਂ ਛੇੜ ਦਿੱਤੀਆਂ।
1950 ਵਿਆਂ
ਤੋਂ ਬਾਅਦ ਸੰਸਾਰ ਮਜ਼ਦੂਰ ਲਹਿਰ ਵਿੱਚ ਹੌਲੀ ਹੌਲੀ ਸੋਧਵਾਦ ਦੇ ਭਾਰੂ ਹੁੰਦੇ ਜਾਣ ਨਾਲ ਅਤੇ ਅੰਤ
ਚੀਨ ਵਿੱਚ ਪ੍ਰਧਾਨ ਮਾਓ ਦੀ ਮੌਤ ਤੋਂ ਬਾਅਦ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਵੱਡੇ ਹਿੱਸੇ
ਇਨਕਲਾਬੀ ਲੀਹ ਤੋਂ ਲਹਿ ਗਏ। ਸਿੱਟੇ ਵਜੋਂ ਸੰਸਾਰ ਪਰੋਲੇਤਾਰੀ ਇਨਕਲਾਬੀ ਲਹਿਰ ਅਤੇ ਸਮਾਜਵਾਦੀ
ਪ੍ਰਬੰਧ ਨੂੰ ਗੰਭੀਰ ਪਰ ਮੁਕਾਬਲਾਤਨ ਵਕਤੀ ਪਛਾੜ ਦੀਆਂ ਹਾਲਤਾਂ ’ਚੋਂ ਗੁਜ਼ਰਨਾ ਪੈ ਰਿਹਾ ਹੈ। ਪਰ ਇਸ ਪੁੱਠ-ਪੈਰੇ ਘਟਨਾ ਵਿਕਾਸ ਦੇ
ਬਾਵਜੂਦ ਮਹਾਨ ਅਕਤੂਬਰ ਇਨਕਲਾਬ ਦੀ ਵਿਚਾਰਧਾਰਕ-ਸਿਆਸੀ ਦੇਣ ਨੂੰ ਮੇਸਿਆ ਨਹੀਂ ਜਾ ਸਕਦਾ।
ਸੰਸਾਰ
ਮਜ਼ਦੂਰ ਲਹਿਰ ਅੰਦਰ ਹੋਏ ਇਸ ਨਾਂਹ-ਪੱਖੀ ਘਟਨਾ ਵਿਕਾਸ ਤੋਂ ਬਾਅਦ ਸੰਸਾਰ ਸਾਮਰਾਜ ਨੇ ਮਜ਼ਦੂਰ ਜਮਾਤ
ਦੀ ਵਿਚਾਰਧਾਰਾ ਅਤੇ ਲਹਿਰ ਉੱਪਰ ਬਹੁਤ ਹੀ ਤਾਬੜਤੋੜ ਹਮਲਾ ਵਿੱਢਿਆ ਹੋਇਆ ਹੈ। ਉਹ ਸਮਾਜਵਾਦ ਦੇ ਅਸਫ਼ਲ
ਹੋ ਜਾਣ ਤੇ ਮਾਰਕਸਵਾਦੀ ਵਿਚਾਰਧਾਰਾ ਦੇ ਖਤਮ ਹੋ ਜਾਣ ਦਾ ਐਲਾਨ ਕਰ ਰਹੇ ਹਨ। ਉਹ ਸਮਾਜਵਾਦ ਦੀ
ਉਸਾਰੀ ਅਤੇ ਇਸ ਦੀ ਉੱਤਮਤਾ ਦੀ ਪ੍ਰਮਾਣਿਤ ਹੋ ਚੁੱਕੀ ਇਤਿਹਾਸਿਕ ਸੱਚਾਈ ਬਾਰੇ ਸੰਸਾਰ ਮਜ਼ਦੂਰ
ਜਮਾਤ ਅਤੇ ਹੋਰ ਦੱਬੇ ਕੁਚਲੇ ਲੋਕਾਂ ਅੰਦਰ ਸ਼ੰਕੇ ਅਤੇ ਭੰਬਲਭੂਸਾ ਫੈਲਾਉਣ ਦੀ ਪੂਰੀ ਟਿੱਲ ਲਾਉਂਦੇ
ਆ ਰਹੇ ਹਨ। ਉਹ ਬੁਰਜੂਆ ਜਮਹੂਰੀਅਤ ਦੇ ਅਜਿੱਤ ਅਤੇ ਸਦੀਵੀ ਹੋਣ ਦਾ ਭਰਮ ਫੈਲਾਉਂਦੇ ਆ ਰਹੇ ਹਨ।
ਅੱਜ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਕਮਜ਼ੋਰੀ ਦੀਆਂ ਹਾਲਤਾਂ ਵਿੱਚ ਕੌਮਾਂਤਰੀ ਪ੍ਰਚਾਰ ਸਾਧਨਾਂ
ਅਤੇ ਇੰਟਰਨੈੱਟ ਉਪਰ ਆਪਣੇ ਮੁਕੰਮਲ ਗਲਬੇ ਜ਼ਰੀਏ ਸਾਮਰਾਜੀਆਂ ਨੇ ਸਮਾਜਵਾਦ, ਮਾਰਕਸਵਾਦ, ਕਮਿਊਨਿਜ਼ਮ
ਜਿਹੇ ਸ਼ਬਦਾਂ ਦਾ ਜ਼ਿਕਰ ਤੱਕ ਗਾਇਬ ਕਰਨ ਲਈ ਪੂਰਾ ਟਿੱਲ ਲਾਇਆ ਹੋਇਆ ਹੈ।
ਮਹਾਨ
ਅਕਤੂਬਰ ਇਨਕਲਾਬ ਨੇ ਕਿੰਤੂ ਰਹਿਤ ਰੂਪ ਵਿੱਚ ਇਹ ਪ੍ਰਮਾਣਿਤ ਕਰ ਦਿੱਤਾ ਸੀ ਕਿ ਸਰਮਾਏਦਾਰੀ ਅਤੇ
ਸਰਮਾਏਦਾਰਾ ਜਮਹੂਰੀਅਤ ਆਪਣਾ ਵੇਲਾ ਵਿਹਾ ਚੁੱਕੇ ਹਨ। ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਇੱਕ ਹਕੀਕਤ
ਹੈ, ਇਹ ਅਟੱਲ ਵਿਗਿਆਨਿਕ ਵਰਤਾਰਾ ਹੈ ਤੇ ਮਨੁੱਖਾ
ਇਤਿਹਾਸ ਅੰਦਰ ਹੁਣ ਤੱਕ ਦਾ ਸਭ ਤੋਂ ਵਿਕਸਿਤ ਅਤੇ ਉੱਤਮ ਪ੍ਰਬੰਧ ਹੈ, ਮਾਰਕਸਵਾਦ ਇੱਕ ਵਿਗਿਆਨਕ ਤੇ ਇਨਕਲਾਬੀ ਸਿਧਾਂਤ ਹੈ, ਜਮਾਤੀ ਰਾਜ ਨੂੰ ਉਲਟਾਉਣ ਤੇ ਨਵਾਂ ਪ੍ਰਬੰਧ ਸਲਾਮਤ ਰੱਖਣ ਲਈ ਇਨਕਲਾਬੀ
ਹਿੰਸਾ ਦੀ ਵਰਤੋਂ ਅਣਸਰਦੀ ਇਤਿਹਾਸਕ ਲੋੜ ਹੈ ਕਿਉਂਕਿ ਲੁਟੇਰੀਆਂ ਜਮਾਤਾਂ ਕਦੇ ਵੀ ਰਾਜਸੀ ਤਾਕਤ
ਆਪਣੇ ਆਪ ਨਹੀਂ ਛੱਡਦੀਆਂ ਆਦਿਕ ਆਦਿਕ। ਅਕਤੂਬਰ ਇਨਕਲਾਬ ਦੀ ਇਹ ਵਿਚਾਰਧਾਰਕ ਸਿਆਸੀ ਵਿਰਾਸਤ ਅੱਜ
ਵੀ ਪੂਰੀ ਤਰ੍ਹਾਂ ਪ੍ਰਸੰਗਕ ਹੈ ਅਤੇ ਇਸਤੇ ਪਹਿਰਾ ਦੇਣ ਅਤੇ ਇਸ ਨੂੰ ਅੱਗੇ ਵਧਾਉਣ ਦੀ ਡਾਢੀ ਲੋੜ
ਹੈ।
ਇਸ ਪ੍ਰਸੰਗ
ਵਿੱਚ ਭਾਰਤ ਅੰਦਰ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਹਰ ਖੇਤਰ ਵਿੱਚ ਇਨਕਲਾਬੀ ਜਮਾਤੀ ਸੰਘਰਸ਼ਾਂ
ਨੂੰ ਤੇਜ਼ ਕਰਨ ਤੇ ਅੱਗੇ ਵਧਾਉਣ ਦੇ ਨਾਲ ਨਾਲ ਇਨਕਲਾਬੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਦੇ ਵੀ
ਜ਼ੋਰਦਾਰ ਯਤਨ ਜਟਾਉਣ ਦੀ ਲੋੜ ਹੈ। ਸਾਨੂੰ ਨਾ ਸਿਰਫ ਮੁਨਾਫ਼ੇ ਦੀ ਅਮਿੱਟ ਹਿਰਸ ਉੱਤੇ ਟਿਕੇ
ਸਰਮਾਏਦਾਰੀ ਪ੍ਰਬੰਧ ਅਧੀਨ ਨਾਬਰਾਬਰੀ ਤੇ ਘੋਰ ਕਾਣੀ ਵੰਡ,
ਜਮਾਤੀ ਲੁੱਟ ਤੇ ਜਬਰ, ਗਰੀਬੀ, ਬੇਰੁਜ਼ਗਾਰੀ, ਮਹਾਂਮਾਰੀਆਂ, ਜੰਗ, ਵਾਤਾਵਰਨ
ਦੀ ਤਬਾਹੀ ਆਦਿਕ ਦੀ ਅਟੱਲਤਾ ਦਾ ਪਰਦਾਚਾਕ ਜ਼ੋਰ ਸ਼ੋਰ ਨਾਲ ਕਰਨਾ ਚਾਹੀਦਾ ਹੈ, ਸਗੋਂ ਇਸ ਦੇ ਬਦਲ ਨੂੰ ਉਭਾਰਨ ਤੇ ਲੋਕ ਮਨਾਂ ਵਿੱਚ ਵਸਾਉਣ ਲਈ ਹੋਰ ਵੀ
ਜ਼ੋਰਦਾਰ ਉਪਰਾਲਾ ਕਰਨਾ ਚਾਹੀਦਾ ਹੈ। ਇਨਕਲਾਬੀ ਬਦਲ ਦਾ ਠੋਸ ਨਕਸ਼ਾ ਉਭਾਰਨ ਲਈ ਸਮਾਜਵਾਦੀ ਮੁਲਕਾਂ
ਅੰਦਰ ਹਰ ਖੇਤਰ ਵਿੱਚ ਹੋਈਆਂ ਤਬਦੀਲੀਆਂ ਦੇ ਠੋਸ ਵੇਰਵੇ ਅਤੇ ਸੰਭਵ ਹੱਦ ਤੱਕ ਇਹਨਾਂ ਦੀ
ਸਰਮਾਏਦਾਰੀ ਮੁਲਕਾਂ ਨਾਲ ਤੁਲਨਾ ਲਈ ਵਿਆਪਕ ਯਤਨ ਕਰਨ ਦੀ ਲੋੜ ਹੈ। ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਸੰਵੇਦਨਸ਼ੀਲ ਹਿੱਸਿਆਂ ਨੂੰ ਇਨਕਲਾਬੀ
ਵਿਚਾਰਧਾਰਾ ਅਤੇ ਅਮਲ ਦੇ ਪ੍ਰਚਾਰਕਾਂ ਵਜੋਂ ਪ੍ਰਭਾਵਿਤ ਅਤੇ ਤਿਆਰ ਕਰਨ ਲਈ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ। ਅਕਤੂਬਰ ਇਨਕਲਾਬ ਦੀ ਇਸ ਵਿਰਾਸਤ ’ਤੇ ਪਹਿਰਾ ਦੇਣ ਅਤੇ ਇਸ ਨੂੰ ਅੱਗੇ ਵਧਾਉਣ ਦੀ ਅੱਜ ਬੇਹੱਦ ਅਤੇ
ਅਣਸਰਦੀ ਲੋੜ ਹੈ।
---0—
No comments:
Post a Comment