Wednesday, July 10, 2024

ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ

 ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ

ਲੋਕ ਸਭਾ ਚੋਣ ਨਤੀਜਿਆਂ ਮਗਰੋਂ ਐਨ ਡੀ ਏ ਸਰਕਾਰ ਮੁੜ ਸੱਤਾ ’ਚ ਆ ਗਈ ਹੈ। ਐਤਕੀਂ ਇਹ ਸਿਰਫ਼ ਭਾਜਪਾ ਦੀ ਹੀ ਮੋਦੀ ਸਰਕਾਰ ਨਹੀਂ ਹੈ, ਸਗੋਂ ਖੇਤਰੀ ਪਾਰਟੀਆਂ ਦੀਆਂ ਡੰਗੋਰੀਆਂ ਸਹਾਰੇ ਖੜ੍ਹੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਹੈ। ਜਿਸ ਵਿੱਚ ਮੋਦੀ ਪਹਿਲਾਂ ਵਾਲੀ ਤਾਕਤਵਰ ਪੁਜ਼ੀਸ਼ਨ ’ਚ ਨਹੀਂ ਹੈ। ਉਸਦੀ ਹੈਸੀਅਤ ਪਹਿਲਾਂ ਨਾਲੋਂ ਕਮਜ਼ੋਰ ਹੋਈ ਹੈ। ਇਹ ਚੋਣ ਨਤੀਜੇ ਮੋਦੀ ਕ੍ਰਿਸ਼ਮੇ ਦੀ ਚਮਕ-ਦਮਕ ਨੂੰ ਫਿੱਕੇ ਪਾ ਦੇਣ ਵਾਲੇ ਹਨ। ਭਾਜਪਾ ਵੱਲੋਂ 400 ਪਾਰ ਦਾ ਨਾਅਰਾ ਤਾਂ ਚੋਣ ਮੁਹਿੰਮ ਦੇ ਦੌਰਾਨ ਹੀ ਰੁਲ ਗਿਆ ਸੀ, ਪਰ ਬਹੁਮਤ ਤੋਂ ਏਨਾ ਪਿੱਛੇ ਰਹਿ ਜਾਣ ਦੀ ਉਮੀਦ ਭਾਜਪਾ ਲੀਡਰਸ਼ਿਪ ਤੇ ਮੋਦੀ ਨੂੰ ਨਹੀਂ ਸੀ।
    ਮੋਦੀ ਸਰਕਾਰ ਆਪਣੇ ਚੱਕਵੇਂ ਵਿਹਾਰ ਦੀ ਉਸੇ ਲਗਾਤਾਰਤਾ ਵਜੋਂ ਹੀ ਇਹਨਾਂ ਚੋਣਾਂ ’ਚ ਨਿੱਤਰੀ ਸੀ ਜਿਸ ਤਹਿਤ ਉਸਨੇ ਹਕੂਮਤੀ ਨੀਤੀਆਂ ਦੀ ਫ਼ਿਰਕੂ ਫਾਸ਼ੀ ਧਾਰ ਤਿੱਖੀ ਕੀਤੀ ਹੋਈ ਸੀ। ਇਸ ਤਿੱਖੀ ਕੀਤੀ ਗਈ ਹਮਲਾਵਰ ਧਾਰ ਨਾਲ ਸਾਮਰਾਜੀਆਂ, ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਰੱਜਵੀਂ ਸੇਵਾ ਕੀਤੀ ਜਾ ਰਹੀ ਸੀ ਤੇ ਸਭਨਾਂ ਮਿਹਨਤਕਸ਼ ਲੋਕਾਂ ਨਾਲ ਵੈਰ ਕਮਾਇਆ ਜਾ ਰਿਹਾ ਸੀ। ਇਸ ਫ਼ਿਰਕੂ ਫਾਸ਼ੀ ਹਮਲੇ ਦੀ ਵਿਸ਼ੇਸ਼ ਧਾਰ ਚਾਹੇ ਦਲਿਤਾਂ, ਮੁਸਲਮਾਨਾਂ ਤੇ ਦਬਾਈਆਂ ਕੌਮੀਅਤਾਂ ਖ਼ਿਲਾਫ਼ ਸੇਧਤ ਸੀ ਪਰ ਸਮੁੱਚੇ ਤੌਰ ’ਤੇ ਇਹ ਹਮਲਾ ਸਭਨਾਂ ਕਿਰਤੀ ਲੋਕਾਂ ਖ਼ਿਲਾਫ਼ ਸੀ ਜਿਸਦੀ ਵੱਡੀ ਬਹੁਗਿਣਤੀ ਹਿੰਦੂ ਧਰਮ ਨਾਲ ਹੀ ਸੰਬੰਧ ਰੱਖਦੀ ਸੀ। ਕਿਰਤੀ ਲੋਕਾਂ ਖ਼ਿਲਾਫ਼ ਸੇਧਤ ਇਸ ਹਮਲੇ ਦਾ ਕੁੱਝ ਕੁ ਸੇਕ ਸਿਆਸੀ ਸ਼ਰੀਕਾਂ ਨੂੰ ਲੱਗ ਰਿਹਾ ਸੀ। ਦੂਸਰੀਆਂ ਹਾਕਮ ਜਮਾਤੀ ਪਾਰਟੀਆਂ ਨੂੰ ਚੋਣਾਂ ’ਚ ਰੋਲਣ ਲਈ ਮੋਦੀ ਹਕੂਮਤ ਨੇ ਕਈ ਹੱਥਕੰਡੇ ਅਪਣਾਏ ਸਨ। ਸੀ.ਬੀ.ਆਈ. ਤੇ ਈ.ਡੀ. ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਹਾਕਮ ਜਮਾਤੀ ਸਿਆਸੀ ਸ਼ਰੀਕਾਂ ਨੂੰ ਡਰਾਉਣ ਧਮਕਾਉਣ ਤੇ ਜੇਲ੍ਹੀਂ ਡੱਕਣ ਦੇ ਹਰਬੇ ਵਰਤੇ ਗਏ ਸਨ। ਇਹਨਾਂ ਚੋਣਾਂ ’ਚ ਵੱਡੀ ਜਿੱਤ ਦਰਜ਼ ਕਰਨ ਲਈ ਭਾਜਪਾ ਨੇ ਐਨ ਪਹਿਲਾਂ ਤੇਜ਼ੀ ਨਾਲ ਰਾਮ ਮੰਦਰ ਨੂੰ ਪੂਰਾ ਕਰਵਾਇਆ ਤੇ ਉਸਦੇ ਉਦਘਾਟਨ ਨੂੰ ਵੱਡਾ ਚੋਣ ਸਟੰਟ ਬਣਾ ਕੇ ਧੁਮਾਇਆ ਗਿਆ ਤੇ ਚੋਣਾਂ ’ਚ ਹਿੰਦੂ ਫ਼ਿਰਕੂ ਪੱਤੇ ਦੀ ਰੱਜਵੀਂ ਵਰਤੋਂ ਕਰਨ ਦਾ ਪੈਂਤੜਾ ਲਿਆ ਗਿਆ। ਕਈ ਖੇਤਰੀ ਪਾਰਟੀਆਂ ਨਾਲ ਗੱਠਜੋੜ ਕੀਤੇ ਗਏ। ਦੂਸਰੀਆਂ ਪਾਰਟੀਆਂ ’ਚੋਂ ਥੋਕ ’ਚ ਦਲ ਬਦਲੀਆਂ ਕਰਵਾਈਆਂ ਗਈਆਂ। ਪਹਿਲਾਂ ਹੀ ਖਰੀਦੇ ਗਏ ਵਿਕਾਊ ਚੈਨਲਾਂ ਨੂੰ ਚੋਣ ਮੁਹਿੰਮ ’ਚ ਝੋਕਿਆ ਗਿਆ ਤੇ ਭਾਜਪਾ ਦੇ ਲੋਕਾਂ ਖ਼ਿਲਾਫ਼ ਵਿਹਾਰ ਦੀ ਅਸਲੀਅਤ ਉਘਾੜਨ ਵਾਲੇ ਸੋਸ਼ਲ ਮੀਡੀਆ ਚੈਨਲਾਂ ਨੂੰ ਕਾਬੂ ਕਰਨ ਦੇ ਇੰਤਜ਼ਾਮ ਕੀਤੇ ਗਏ ਸਨ। ਚੋਣ-ਬਾਂਡ ਸਕੀਮ ਤੇ ਹੋਰਨਾਂ ਸਭਨਾਂ ਢੰਗਾਂ ਰਾਹੀਂ ਪਹਿਲਾਂ ਹੀ ਅਥਾਹ ਧਨ ਇਕੱਠਾ ਕੀਤਾ ਗਿਆ ਸੀ। ਸੁਪਰੀਮ ਕੋਰਟ ਤੋਂ ਲੈ ਕੇ ਚੋਣ ਕਮਿਸ਼ਨ ਤੱਕ ਵਰਗੀਆਂ ਸਭਨਾਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਮੁੱਠੀ ’ਚ ਕੀਤਾ ਹੋਇਆ ਸੀ ਤੇ ਸਮੁੱਚੀ ਰਾਜ ਮਸ਼ੀਨਰੀ ਨੂੰ ਚੋਣਾਂ ਲਈ ਤਿਆਰ ਕਰਕੇ ਝੋਕਿਆ ਗਿਆ ਸੀ। ਚੋਣਾਂ ’ਚ ਅਜਿਹੇ ਬੇਮੇਚੇ ਮੁਕਾਬਲੇ ਵਾਲੀ ਹਾਲਤ ਨੂੰ ਭਾਂਪਦਿਆਂ ਹੀ ਭਾਰਤੀ ਰਾਜ ਦੇ ਸਾਮਰਾਜੀ ਅਕਾਵਾਂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਉਜ਼ਰ ਕੀਤਾ ਸੀ। ਉਹਨਾਂ ਦੇ ਉਜ਼ਰ ’ਚ ਇਹ ਅਹਿਸਾਸ ਬਿਰਾਜਮਾਨ ਹੈ ਕਿ ਮੋਦੀ ਦੀ ਚੜ੍ਹਤ ਦੇ ਬਾਵਜੂਦ ਵੀ ਰਾਜ ਅੰਦਰ ਹੋਰਨਾਂ ਹਾਕਮ ਜਮਾਤੀ ਖਿਡਾਰੀਆਂ ਲਈ ਥਾਂ ਮੌਜੂਦ ਹੈ ਤੇ ਇਹ ਮੁੱਕੀ ਹੋਈ ਨਹੀਂ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਹਾਕਮ ਜਮਾਤਾਂ ਦੇ ਸਾਰੇ ਹਿੱਸੇ ਹੀ ਭਾਜਪਾ ’ਚ ਸਮੋਏ ਹੋਏ ਨਹੀਂ ਹਨ ਤੇ ਇਸ ਲਈ ਸਾਮਰਾਜੀਆਂ ਖਾਤਰ ਉਹਨਾਂ ਬਾਕੀ ਖਿਡਾਰੀਆਂ ਦੀ ਪ੍ਰਸੰਗਿਕਤਾ ਬਣੀ ਹੋਈ ਹੈ। ਉਹ ਆਪਣੇ ਹਿੱਤਾਂ ਦਾ ਵਧਾਰਾ ਤੇ ਰੱਖਿਆ ਸਿਰਫ ਮੋਦੀ ਜੁੰਡਲੀ ਰਾਹੀਂ ਹੀ ਨਹੀਂ ਕਰ ਸਕਦੇ ਸਗੋਂ ਦੂਸਰਿਆਂ ਦੀ ਵੀ ਲੋੜੀਂਦੀ ਵਰਤੋਂ ਕਰ ਸਕਣ ਦੀ ਲੋੜ ਮਹਿਸੂਸ ਕਰਦੇ ਹਨ। ਸੋ ਕੁੱਲ ਮਿਲਾ ਕੇ ਭਾਜਪਾ ਵੱਲੋਂ ਇਹਨਾਂ ਸਭਨਾਂ ‘ਸਿੱਕੇਬੰਦ’ ਇੰਤਜ਼ਾਮਾਂ ਨਾਲ ‘ਵਿਸ਼ਵ-ਗੁਰੂ’ ਬਣ ਰਹੇ ਭਾਰਤ ਦੀ ‘ਸ਼ਾਨ’ ਦੇ ਦਾਅਵੇ ਸਨ ਤੇ ਮੋਦੀ ਦੀਆਂ ਗਾਰੰਟੀਆਂ ਸਨ। ਅਜਿਹੀ ਜ਼ਬਰਦਸਤ ਤਿਆਰੀ ਨਾਲ 400 ਪਾਰ ਦੇ ਦਾਅਵੇ ਕਰਕੇ ਭਾਜਪਾ ਚੋਣਾਂ ’ਚ ਉੱਤਰੀ ਸੀ, ਪਰ ਜਦੋਂ ਪਹਿਲੇ ਗੇੜ ’ਚ ਇਹ ਸਭ ਕੁੱਝ ਰੁਲਦਾ ਜਾਪਿਆ ਤਾਂ ਮੋਦੀ ਦੀ ਅਗਵਾਈ ’ਚ ਮੁਹਿੰਮ ਨੂੰ ਹੋਰ ਜ਼ਿਆਦਾ ਫ਼ਿਰਕੂ ਜ਼ਹਿਰੀਲੀ ਬਿਆਨਬਾਜ਼ੀ ਦੀ ਪੁੱਠ ਦੇ ਦਿੱਤੀ ਗਈ। ਮੁਸਲਮਾਨਾਂ ਖ਼ਿਲਾਫ਼ ਮੋਦੀ ਨੇ ਬਹੁਤ ਹੇਠਲੇ ਪੱਧਰ ’ਤੇ ਜਾ ਕੇ ਬਿਆਨਬਾਜ਼ੀ ਕੀਤੀ ਤੇ ਹਿੰਦੂ ਵੋਟਰਾਂ ’ਚ ਜਾਇਦਾਦਾਂ ਖੋਹਣ ਦਾ ਡਰ ਫੈਲਾਉਣ ਦੀਆਂ ਬਚਕਾਨਾ ਜਾਪਦੀਆਂ ਛੁਰਲੀਆਂ ਛੱਡੀਆਂ। ਖੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਦੀ ਢੀਠਤਾਈ ਤੱਕ ਗਿਆ। ਇਹ ਗਿਣੀ-ਮਿਥੀ ਬਿਆਨਬਾਜ਼ੀ ਸੀ ਜਿਸ ਵਿੱਚ ਲੋਕਾਂ ਦੇ ਵੱਡੀ ਗਿਣਤੀ ਪਛੜੇ ਹਿੱਸਿਆਂ ’ਚ ਕੁੱਝ ਵੀ ਕਹਿ ਦੇਣ ਤੇ ਅਸਰ ਕਰ ਜਾਣ ਦੀ ਗਿਣਤੀ-ਮਿਣਤੀ ਸ਼ਾਮਲ ਸੀ। ਉਂਝ ਚੋਣ ਮੁਹਿੰਮ ਦੀ ਸਮੁੱਚੀ ਬਿਆਨਬਾਜ਼ੀ ’ਚੋਂ ਮੋਦੀ ਜੁੰਡਲੀ ਦੀ ਬੁਖ਼ਲਾਹਟ ਦਾ ਝਲਕਾਰਾ ਵੀ ਪੈਂਦਾ ਰਿਹਾ ਜੋ ਚੋਣਾਂ ਦੇ ਸ਼ੁਰੂਆਤੀ ਗੇੜਾਂ ਦੌਰਾਨ ਵਿਆਪਕ ਰੂਪ ’ਚ ਦਿਖਾਈ ਦੇਣ ਲੱਗੀ ਸੀ। ਇਹ ਬੁਖ਼ਲਾਹਟ ਬੇ-ਯਕੀਨੀ ਦੀ ਹਾਲਤ ’ਚੋਂ ਨਿੱਕਲ ਰਹੀ ਸੀ।
    ਮੋਦੀ ਦੇ ਉਲਟ ਕਾਂਗਰਸ ਦੀ ਅਗਵਾਈ ’ਚ ਬਣੇ ਇੰਡੀਆ ਗੱਠਜੋੜ ਨੂੰ ਚਾਹੇ ਨਿਤੀਸ਼ ਕੁਮਾਰ ਸ਼ੁਰੂਆਤ ’ਚ ਹੀ ਝਟਕਾ ਦੇ ਗਿਆ ਸੀ, ਪਰ ਇਹ ਪਾਰਟੀਆਂ ਆਖਰ ਤੱਕ ਗੱਠਜੋੜ ਕਾਇਮ ਰੱਖਣ ’ਚ ਕਾਮਯਾਬ ਨਿੱਬੜੀਆਂ ਤੇ ਸੀਟਾਂ ਦੀ ਵੰਡ ਦਾ ਖ਼ਿਲਾਰਾ ਪਾਉਣ ਤੋਂ ਮੁੱਖ ਤੌਰ ’ਤੇ ਬਚੀਆਂ ਰਹੀਆਂ। ਚਾਹੇ ਮਮਤਾ ਨੇ ਬੰਗਾਲ ’ਚ ਕਾਂਗਰਸ ਦੀ ਪ੍ਰਵਾਹ ਨਹੀਂ ਕੀਤੀ ਪਰ ਆਮ ਕਰਕੇ ਕਾਂਗਰਸ ਨੇ ਸਥਾਨਕ ਸਹਿਯੋਗੀਆਂ ਨੂੰ ਵਧਵੀਂ ਥਾਂ ਦੇ ਕੇ ਤੇ ਆਪਣੀ ਕਮਜ਼ੋਰ ਹਾਲਤ ਨੂੰ ਤਸਲੀਮ ਕਰਕੇ ਗੱਠਜੋੜ ਕਾਇਮ ਰੱਖਣ ’ਚ ਰੋਲ ਅਦਾ ਕੀਤਾ। ਇਹ ਪਾਰਟੀਆਂ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਹੱਲੇ ਤੋਂ ਅੱਕੀ-ਸਤੀ ਜਨਤਾ ਨੂੰ ਮਹਿੰਗਾਈ, ਰੁਜ਼ਗਾਰ, ਜਬਰ ਜ਼ੁਲਮ ਤੇ ਹੋਰਨਾਂ ਲੋਕ ਸਰੋਕਾਰਾਂ ਦੇ ਮੁੱਦਿਆਂ ਵੱਲ ਧਿਆਨ ਦਵਾਉਣ ’ਚ ਕਿਸੇ ਹੱਦ ਤੱਕ ਕਾਮਯਾਬ ਹੋਈਆਂ। ਇਹਨਾਂ ਵੱਲੋਂ ਭਾਜਪਾ ਦੀ ਹਿੰਦੂਤਵੀ ਫ਼ਿਰਕੂ ਪਿੱਚ ’ਤੇ ਜਾਣ ਤੋਂ ਕਿਸੇ ਹੱਦ ਤੱਕ ਬਚਾਅ ਰੱਖਿਆ ਗਿਆ। ਹਿੰਦੂਤਵੀ ਸਿਆਸਤ ਦੇ ਤੋੜ ’ਚ ਜਾਤ-ਪਾਤੀ ਸਮੀਕਰਨਾਂ ਦੀ ਸਿਆਸਤ ਨੂੰ ਕਾਮਯਾਬੀ ਨਾਲ ਵਰਤਿਆ ਗਿਆ। ਚੋਣਾਂ ਦੌਰਾਨ ਕੁੱਝ ਸੰਸਥਾਵਾਂ ਦੇ ਸਰਵੇ ਨੇ ਤੇ ਮਗਰੋਂ ਨਤੀਜਿਆਂ ਨੇ ਦਰਸਾਇਆ ਕਿ ਭਾਜਪਾ ਦੇ ਫ਼ਿਰਕੂ ਪੱਤੇ ਦੀ ਅਸਰਕਾਰੀ ਕਮਜ਼ੋਰ ਰਹੀ ਤੇ ਰਾਮ ਮੰਦਰ ਵੋਟਰਾਂ ਲਈ ਕੋਈ ਖਿੱਚਪਾਊ ਮੁੱਦਾ ਨਹੀਂ ਰਿਹਾ। ਰਾਮ ਮੰਦਰ ਉਸਾਰ ਕੇ ਭਾਜਪਾ ਬਹੁਤ ਵੱਡੀਆਂ ਉਮੀਦਾਂ ਰੱਖ ਰਹੀ ਸੀ। ਧਾਰਾ 370 ਦੇ ਖਾਤਮੇ ਮਗਰੋਂ ਰਾਮ ਮੰਦਰ ਉਸਾਰ ਕੇ ਉਸਨੇ ਆਪਣੇ ਵੱਲੋਂ ਤਾਂ ਜਿਵੇਂ ‘ਕਹਾਣੀ ਸਿਰੇ ਲਾ ਦਿੱਤੀ ਸੀ’। ਉਸ ਲਈ ਇਹ ਤੀਰ ਹਿੰਦੂਤਵਾ ਵੋਟ ਅਧਾਰ ਨੂੰ ਪੱਕੇ ਪੈਰੀਂ ਕਰਨ ’ਚ ਮੀਲ ਪੱਥਰ ਸਾਬਤ ਹੋਣਾ ਸੀ ਪਰ ਉਲਟਾ ਉਸਨੂੰ ਖੋਰਾ ਪੈ ਗਿਆ। ਇੱਥੋਂ ਤੱਕ ਕਿ ਅਯੁੱਧਿਆ ’ਚ ਹੀ ਭਾਜਪਾ ਸਮਾਜਵਾਦੀ ਪਾਰਟੀ ਦੇ ਦਲਿਤ ਉਮੀਦਵਾਰ ਤੋਂ ਹਾਰ ਗਈ। ਸਮਾਜਵਾਦੀ ਪਾਰਟੀ ਵੱਲੋਂ ਦਲਿਤਾਂ, ਹੋਰਨਾਂ ਪਛੜੇ ਵਰਗਾਂ ਤੇ ਮੁਸਲਮਾਨ ਧਾਰਮਿਕ ਘੱਟ ਗਿਣਤੀ ਦੇ ਵੋਟ ਅਧਾਰ ਨੂੰ ਹਿੰਦੂਤਵਾ ਤੇ ਉੱਚ ਜਾਤੀ ਵੋਟ ਅਧਾਰ ਖ਼ਿਲਾਫ਼ ਭੁਗਤਾਇਆ ਗਿਆ ਤੇ ਯੂ.ਪੀ. ਅੰਦਰ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੇ ਇਹਨਾਂ ਸਮੀਕਰਨਾਂ ਦੀ ਭਾਜਪਾ ਖ਼ਿਲਾਫ਼ ਅਸਰਦਾਰ ਵਰਤੋਂ ਕੀਤੀ। ਭਾਜਪਾ ਨੂੰ ਕਿਸੇ ਹੱਦ ਤੱਕ ਉੱਚ ਜਾਤੀ ਵੋਟ ਬੈਂਕ ਦੇ ਇੱਕ ਹਿੱਸੇ ’ਚੋਂ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਤਿੱਖਾ ਕਰਨ ’ਚ ਭਾਜਪਾ ਦੀ ਅੰਦਰੂਨੀ ਧੜੇਬੰਦੀ ਨੇ ਵੀ ਰੋਲ ਅਦਾ ਕੀਤਾ। ਯੂ.ਪੀ ’ਚ ਵਿਸ਼ੇਸ਼ ਕਰਕੇ ਯੋਗੀ ਧੜੇ ਨੇ ਠਾਕਰਾਂ ਨੂੰ ਘੱਟ ਸੀਟਾਂ ਮਿਲਣ ਨੂੰ ਮੁੱਦਾ ਬਣਾ ਕੇ ਮੋਦੀ-ਸ਼ਾਹ ਧੜੇ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ। ਇਹ ਟਕਰਾਅ ਗੁਜਰਾਤ, ਰਾਜਸਥਾਨ ਵਰਗੀ ਉੱਤਰੀ ਭਾਰਤ ਦੇ ਸੂਬਿਆਂ ਤੱਕ ਜ਼ਾਹਰ ਹੋ ਰਿਹਾ ਸੀ। ਯੂ.ਪੀ. ’ਚ ਭਾਜਪਾ ਦੀਆਂ ਸੀਟਾਂ ਘੱਟਣ ’ਚ ਇਹ ਆਪਸੀ ਸੱਤਾ ਸੰਘਰਸ਼ ਵੀ ਇੱਕ ਕਾਰਕ ਬਣਿਆ। ਭਾਜਪਾ ਅੰਦਰ ਸੱਤਾ ਕੇਂਦਰ ਦਾ ਇਹ ਟਕਰਾਅ ਕਿਸੇ ਹੱਦ ਤੱਕ ਆਰ ਐਸ ਐਸ ਵੱਲੋਂ ਹੁਣ ਮਗਰੋਂ ਮੋਦੀ ਸ਼ਾਹ ਜੋੜੀ ਨੂੰ ਨਿਸ਼ਾਨਾ ਬਣਾਉਣ ਦੀ ਬਿਆਨਬਾਜ਼ੀ ਰਾਹੀਂ ਵੀ ਸਾਹਮਣੇ ਆ ਰਿਹਾ ਹੈ। ਆਰ.ਐਸ.ਐਸ. ਇਹ ਉਜ਼ਰ ਕਰਦੀ ਦਿਖਾਈ ਦਿੱਤੀ ਹੈ ਕਿ ਫ਼ਿਰਕੂ ਏਜੰਡੇ ਦੇ ਮੁਕਾਬਲੇ ਮੋਦੀ ਦੀ ਸਖਸ਼ੀਅਤ ਨੂੰ ਵਧਵੀਂ ਅਹਿਮੀਅਤ ਦਿੱਤੀ ਜਾ ਰਹੀ ਹੈ। ਆਰ.ਐਸ.ਐਸ. ਲਈ ਮੋਦੀ ਤੋਂ ਇਲਾਵਾ ਹੋਰ ਚੋਣਾਂ ਦੀਆਂ ਗੁੰਜਾਇਸ਼ਾਂ ਖੁੱਲ੍ਹੀਆਂ ਹੋਣ ਦਾ ਪ੍ਰਭਾਵ ਵੀ ਦਿੱਤਾ ਗਿਆ ਹੈ। ਥੋਕ ’ਚ ਦਲਬਦਲੀਆਂ ਕਰਵਾਉਣ ਨਾਲ ਆਰ.ਐਸ.ਐਸ. ਵੱਲੋਂ ਕਹੀ ਜਾਂਦੀ ਵਿਚਾਰਧਾਰਕ ਸ਼ੁੱਧਤਾ ਨੂੰ ਵੀ ਆਂਚ ਆਉਂਦੀ ਹੈ। ਕਿਉਂਕਿ ਆਰ.ਐਸ.ਐਸ. ਲਈ ਨਿਰੋਲ ਹਿੰਦੂ ਫ਼ਿਰਕੂ ਸੁਰ ਵਾਲੇ ਆਗੂ ਚਾਹੀਦੇ ਹਨ।
    ਭਾਰਤੀ ਹਾਕਮ ਜਮਾਤੀ ਸਿਆਸਤ ’ਚ ਜਾਤ-ਪਾਤੀ ਪਾਲਾਬੰਦੀਆਂ ਬਹੁਤ ਹੀ ਡੂੰਘੀਆਂ ਰਚੀਆਂ ਹੋਈਆਂ ਹਨ ਤੇ ਮੋਦੀ ਸਰਕਾਰ ਨੇ ਵੀ ਪਿਛਲੇ ਸਮੇਂ ’ਚ ਹਿੰਦੂਤਵਾ ਸਿਆਸਤ ਦੇ ਨਾਲ-ਨਾਲ ਅਖੌਤੀ ਨੀਵੀਆਂ ਜਾਤਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਜੋੜਾਂ-ਤੋੜਾਂ ਨਾਲ ਵੋਟ ਅਧਾਰ ’ਚ ਤਬਦੀਲ ਕੀਤਾ ਸੀ ਤੇ ਜਿਸਨੂੰ ਚੋਣ ਵਿਸ਼ਲੇਸ਼ਕਾਂ ਵੱਲੋਂ ਸਮਾਜਿਕ ਇੰਜਨੀਅਰਿੰਗ ਦੇ ਲਕਬ ਨਾਲ ਸੰਬੋਧਿਤ ਹੋਇਆ ਜਾ ਰਿਹਾ ਸੀ। ਪਰ ਹੁਣ ਵੋਟ ਸਿਆਸਤੀ ਖੇਡ ’ਚ ਹਿੰਦਤਵ ਪੱਤੇ ਦੀ ਜਾਤ-ਪਾਤੀ ਸਮੀਕਰਨਾਂ ਨੂੰ ਨਜਿੱਠਣ ਦੀ ਸੀਮਤਾਈ ਜ਼ਾਹਰ ਹੋ ਗਈ ਹੈ ਤੇ ਵੋਟਾਂ ਵਟੋਰਨ ’ਚ ਜਾਤੀ ਸਮੀਕਰਨ ਹਿੰਦੂਤਵੀ ਪਾਲਾਬੰਦੀ ਦੀ ਕਾਟ ਬਣੇ ਹਨ। ਜਾਤ-ਪਾਤੀ ਪਾਲਾਬੰਦੀਆਂ ਉਭਾਰਨ ਲਈ ਹੀ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵੱਲੋਂ ਜਾਤ ਅਧਾਰਿਤ ਜਨਗਣਨਾ ਦਾ ਮੁੱਦਾ ਉਭਾਰਿਆ ਗਿਆ ਸੀ ਤੇ ਇਸਨੂੰ ਇਉਂ ਪੇਸ਼ ਕੀਤਾ ਗਿਆ ਸੀ ਕਿ ਜਾਤਾਂ ਦੀ ਠੀਕ ਤਸਵੀਰ ਜਾਣ ਕੇ, ਪਛੜੀਆਂ ਜਾਤਾਂ ਦੀ ਭਲਾਈ ਲਈ ਢੁੱਕਵੀਆਂ ਨੀਤੀਆਂ ਬਣਾਈਆਂ ਜਾਣਗੀਆਂ। ਨਾਲ ਹੀ ਭਾਜਪਾ ਤੇ ਆਰ.ਐਸ.ਐਸ. ਵੱਲੋਂ ਜਾਤ ਅਧਾਰਿਤ ਰਿਜ਼ਰਵੇਸ਼ਨ ਖਤਮ ਕਰਨ ਦੀ ਨੀਅਤ ਨੂੰ ਪ੍ਰਚਾਰਿਆ ਗਿਆ। ਮੋਹਨ ਭਾਗਵਤ ਵਰਗਿਆਂ ਦੇ ਬਿਆਨਾਂ ਦੇ ਲੋਕਾਂ ਨੇ ਅਜਿਹੇ ਤੌਖ਼ਲੇ ਵਧਾਉਣ ’ਚ ਰੋਲ ਅਦਾ ਕੀਤਾ ਤੇ ਇਉਂ ਪਿਛਲੇ ਸਾਲਾਂ ’ਚ ਭਾਜਪਾ ਵੱਲੋਂ ਕੀਤੀ “ਸੋਸ਼ਲ ਇੰਜੀਨੀਅਰਿੰਗ”ਨੂੰ ਖੋਰਾ ਲਾ ਕੇ ਪਛੜੀਆਂ ਜਾਤਾਂ ਦੀਆਂ ਵੋਟਾਂ ਹਾਸਲ ਕੀਤੀਆਂ ਗਈਆਂ। ਦਲਿਤ ਹਿੱਸਿਆਂ ’ਚ ਸਮਾਜਿਕ ਇਨਸਾਫ਼ ਲਈ ਵਧ ਰਹੀ ਚੇਤਨਾ ਤੇ ਅਧਿਕਾਰ ਜਤਾਈ ਦਾ ਵਰਤਾਰਾ ਵੀ ਕੁੱਝ ਸਾਲਾਂ ਤੋਂ ਵਿਸ਼ੇਸ਼ ਤੌਰ ’ਤੇ ਤਰਕਸ਼ੀਲ ਹੈ। ਭਾਜਪਾ ਵੀ ਵੱਖ-ਵੱਖ ਗੱਠਜੋੜਾਂ ਰਾਹੀਂ ਇਸਨੂੰ ਇਕਹਿਰੀ ਹਿੰਦੂਤਵਾ ਧਾਰਾ ’ਚ ਬੰਨ੍ਹਣ ਦਾ ਯਤਨ ਕਰਦੀ ਰਹੀ ਹੈ ਤੇ ਪਰ ਹੁਣ ਭਾਜਪਾ ਦੇ ਪਰਦਾਚਾਕ ਮਗਰੋਂ ਸਮਾਜਿਕ ਇਨਸਾਫ਼ ਦੀ ਭਾਵਨਾ ਨੂੰ ਦੂਸਰੀਆਂ ਹਾਕਮ ਜਮਾਤੀ ਪਾਰਟੀਆਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਪਾਰਟੀਆਂ ਨੂੰ ਵੋਟਾਂ ਪਾਉਣ ’ਚ ਦਲਿਤ ਤੇ ਹੋਰਨਾਂ ਪਛੜੇ ਹਿੱਸਿਆਂ ਦੀ ਸਮਾਜਿਕ ਆਰਥਿਕ ਬਰਾਬਰੀ ਦੀ ਤਾਂਘ ਸ਼ਾਮਲ ਹੈ। ਚਾਹੇ ਇਹ ਦੂਸਰੀਆਂ ਪਾਰਟੀਆਂ ਤੋਂ ਝਾਕ ਦੇ ਰੂਪ ’ਚ ਜ਼ਾਹਰ ਹੋਈ ਹੈ, ਪਰ ਆਪਣੇ ਆਪ ’ਚ ਇਸ ਤਾਂਘ ਦਾ ਇਜ਼ਹਾਰ ਮਹੱਤਵਪੂਰਨ ਵਰਤਾਰਾ ਹੈ। ਪਰ ਬਿਹਾਰ ’ਚ ਇਸਦੀ ਅਸਰਕਾਰੀ ਮੱਧਮ ਹੋਣ ’ਚ ਨਿਤੀਸ਼ ਕੁਮਾਰ ਦੀ ਪਾਰਟੀ ਵੱਲੋਂ ਭਾਜਪਾ ਨਾਲ ਗੱਠਜੋੜ ਦੀ ਅਹਿਮ ਭੂਮਿਕਾ ਬਣ ਗਈ ਜਿਸਨੇ ਪਛੜੀਆਂ ਜਾਤਾਂ ਦੀਆਂ ਵੋਟਾਂ ਨੂੰ ਪੂਰੀ ਤਰ੍ਹਾਂ ਇੰਡੀਆ ਗੱਠਜੋੜ ਵੱਲ ਭੁਗਤਣ ਨਹੀਂ ਦਿੱਤਾ। ਚੋਣ ਵਿਸ਼ਲੇਸ਼ਕਾਂ ਦੀਆਂ ਅਜਿਹੀਆਂ ਟਿੱਪਣੀਆਂ ਵੀ ਹਨ ਕਿ ਐਤਕੀਂ ਕੋਈ ਪੁਲਵਾਮਾ ਨਹੀਂ ਸੀ ਜਿਸਦਾ ਅਰਥ ਹੈ ਕਿ ਫਿਰਕਾਪ੍ਰਸਤੀ ਨੂੰ ਰਾਸ਼ਟਰਵਾਦ ਜਗਾਉਂਦੀ ਕਿਸੇ ਅਜਿਹੀ ਘਟਨਾ ਦਾ ਸਹਾਰਾ ਨਹੀਂ ਸੀ ਜੋ ਲੋਕਾਂ ’ਚ ਤਾਜ਼ਾਤਰੀਨ ਫ਼ਿਰਕੂ ਰਾਸ਼ਟਰਵਾਦ ਜਗਾ ਕੇ ਭਾਵਨਾਤਮਕ ਪੱਧਰ ’ਤੇ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਇਕਤਰਫ਼ਾ ਢੰਗ ਨਾਲ ਭੁਗਤਾ ਸਕਦੀ। ਸੰਵਿਧਾਨ ਬਦਲੀ ਦੇ ਮੁੱਦੇ ਨੂੰ ਰਿਜ਼ਰਵੇਸ਼ਨ ਨਾਲ ਜੋੜ ਕੇ ਪ੍ਰਚਾਰਨ ’ਚ ਕਾਮਯਾਬ ਰਿਹਾ ਇੰਡੀਆ ਗੱਠਜੋੜ ਪਛੜੀਆਂ ਜਾਤਾਂ ਦੇ ਮਨਾਂ ’ਚ ਸ਼ੰਕੇ ਉਭਾਰ ਕੇ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਪਾ ਗਿਆ। ਇਕ ਖੋਰਾ ਹਿੰਦੀ ਬੈਲਟ ਕਹੇ ਜਾਂਦੇ ਸੂਬਿਆਂ ’ਚ ਪਿਆ ਹੈ। ਇਹ ਸੂਬੇ ਹੀ ਭਾਜਪਾ ਦਾ ਮੁੱਖ ਵੋਟ ਆਧਾਰ ਤੇ ਫ਼ਿਰਕੂ ਪਾਲਾਬੰਦੀਆਂ ਦਾ ਖੇਤਰ ਬਣੇ ਰਹੇ ਹਨ। ਇਨ੍ਹਾਂ ਸੂਬਿਆਂ ’ਚ ਭਾਜਪਾ ਦਾ ਵੋਟ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਘਟਿਆ ਹੈ ਤੇ ਸੀਟਾਂ ਵੀ ਘਟੀਆਂ ਹਨ। ਗੈਰ-ਹਿੰਦੀ ਭਾਸ਼ੀ ਕਹੇ ਜਾਂਦੇ ਖੇਤਰਾਂ ’ਚ ਭਾਜਪਾ ਦੇ ਵੋਟ ਪ੍ਰਤੀਸ਼ਤ ਦੇ ਕੁਝ ਵਾਧੇ ਨੇ ਚਾਹੇ ਸਮੁੱਚੇ ਤੌਰ ’ਤੇ ਇਸਦੇ ਵੋਟ ਪ੍ਰਤੀਸ਼ਤ ਨੂੰ ਲਗਭਗ ਪਿਛਲੀ ਵਾਰ ਦੇ ਬਰਾਬਰ ਰੱਖਣ ਦਾ ਰੋਲ ਨਿਭਾਇਆ ਹੈ।
ਇਸ ਵਾਰ ਦੇ ਨਤੀਜਿਆਂ ਰਾਹੀਂ ਚੋਣ ਵਿਸ਼ਲੇਸ਼ਕਾਂ ਵੱਲੋਂ ਮੁੜ ਖੇਤਰੀ ਪਾਰਟੀਆਂ ਦੇ ਉਭਾਰ ਦੀ ਗੱਲ ਕੀਤੀ ਜਾ ਰਹੀ ਹੈ। ਕੁਝ ਖੇਤਰੀ ਪਾਰਟੀਆਂ ਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਖੇਤਰੀ ਹੋਣ ਦਾ ਸੰਬੰਧ ਉਸ ਇਲਾਕੇ ਜਾਂ ਵਿਸ਼ੇਸ਼ ਸੂਬੇ ਦੇ ਹਿੱਤਾਂ ਦੀ ਦਾਅਵੇਦਾਰੀ ਨਾਲੋਂ ਜ਼ਿਆਦਾ ਖਾਸ ਜਾਤਾਂ ਜਾਂ ਫ਼ਿਰਕਿਆਂ ’ਚ ਆਧਾਰ ਪਰਮੁੱਖ ਚੀਜ਼ ਹੈ, ਉਥੇ ਜਾਤਪਾਤੀ ਸਮੀਕਰਨਾਂ ਦੀ ਮੈਨੇਜਮੈਂਟ ਦਾ ਰੋਲ ਬਣਿਆ ਹੈ। ਡੀ ਐਮ ਕੇ ਤੇ ਤ੍ਰਿਣਾਮੂਲ ਕਾਂਗਰਸ ਵਰਗੀਆਂ ਪਾਰਟੀਆਂ ਦੀਆਂ ਜਿੱਤਾਂ ਵਿੱਚ ਭਾਜਪਾ ਵੱਲੋਂ ਕੇਂਦਰੀਕ੍ਰਿਤ ਰਾਜ ਦੇ ਢਾਂਚੇ ਨੂੰ ਹੋਰ ਜ਼ਿਆਦਾ ਤਕੜਾਈ ਦੇਣ ਤੇ ਸੂਬਿਆਂ ਦੇ ਅਖ਼ਤਿਆਰਾਂ ਨੂੰ ਹੋਰ ਜ਼ਿਆਦਾ ਛਾਂਗਣ ਖ਼ਿਲਾਫ਼ ਇਲਾਕਾਈ ਭਾਵਨਾਵਾਂ ਨੂੰ ਹੁੰਗਾਰਾ ਦਿੰਦੀਆਂ ਚੈਂਪੀਅਨਾਂ ਵਜੋਂ ਪੇਸ਼ ਹੋਣਾ ਹੈ ਤੇ ਵਿਸ਼ੇਸ਼ ਹਿੱਸਿਆਂ ਦੇ ਸਰੋਕਾਰਾਂ ਦੀ ਚਤੁਰਾਈ ਭਰੇ ਤਰੀਕੇ ਨਾਲ ਭਾਜਪਾਈ ਹਕੂਮਤ ਦੇ ਮਜ਼ਬੂਤ ਕੇਂਦਰੀ ਹਕੂਮਤ ਵਾਲੀ ਪਹੁੰਚ ਖ਼ਿਲਾਫ਼ ਵਰਤੋਂ ਕਰਨਾ ਹੈ। ਜਿਵੇਂ ਕਿ ਬੰਗਾਲ ਅੰਦਰ ਮਮਤਾ ਬੈਨਰਜੀ ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਸਰਕਾਰ ਵਜੋਂ ਪੇਸ਼ ਕੀਤਾ ਹੈ। ਇਉਂ ਹੀ ਤਾਮਿਲਨਾਡੂ ’ਚ ਡੀ.ਐਮ.ਕੇ. ਨੇ ਭਾਜਪਾ ਵੱਲੋਂ ਹਿੰਦੀ ਥੋਪਣ ਤੇ ਕੇਂਦਰੀ ਹਕੂਮਤੀ ਵਧਵੀਂ ਦਖਲਅੰਦਾਜ਼ੀ ਖ਼ਿਲਾਫ਼ ਖੜ੍ਹਨ ਵਾਲੀ ਹਕੂਮਤ ਦਾ ਪ੍ਰਭਾਵ ਸਿਰਜ ਕੇ ਵੋਟਾਂ ਲਈਆਂ। ਖੇਤਰੀ ਪਾਰਟੀਆਂ ਦੀ ਇੱਕ ਵੰਨਗੀ ਉਹ ਹੈ ਜੋ ਕਿਸੇ ਵਿਸ਼ੇਸ਼ ਇਲਾਕੇ ਜਾਂ ਕੌਮੀਅਤ ਦੀ ਨੁਮਾਇੰਦਗੀ ਦਾ ਦਾਅਵਾ ਕਰਦੀਆਂ ਹਨ। ਪਰ ਹਕੀਕਤ ’ਚ ਉਹ ਭਾਰਤੀ ਰਾਜ ਦੀਆਂ ਸਮੁੱਚੀਆਂ ਨੀਤੀਆਂ ਤੇ ਵਿਉਂਤਾਂ ਦੇ ਦਾਇਰੇ ’ਚ ਹੀ ਵਿਚਰਦੀਆਂ ਹਨ। ਵੱਡੀ ਸਰਮਾਏਦਾਰੀ ਤੇ ਸਾਮਰਾਜੀਆਂ ਦੀ ਸੇਵਾ ’ਚ ਹਾਜ਼ਰ ਹਨ। ਕੇਂਦਰੀ ਹਕੂਮਤ ਨਾਲ ਸੌਦੇਬਾਜ਼ੀ ਦੀਆਂ ਜ਼ਰੂਰਤਾਂ ’ਚੋਂ ਹੀ ਇਹ ਸੂਬਿਆਂ ਦੇ ਅਖ਼ਤਿਆਰਾਂ ਤੇ ਇਲਾਕਾਈ ਭਾਵਨਾਵਾਂ ਦਾ ਝੰਡਾ ਆਪਣੀ ਸਹੂਲਤ ਅਨੁਸਾਰ ਲਹਿਰਾਉਂਦੀਆਂ ਹਨ।
ਖੇਤਰੀ ਪਾਰਟੀਆਂ ਦੀ ਵਧੀ ਹੋਈ ਹੈਸੀਅਤ ਇਸ ਹਕੀਕਤ ਦਾ ਹੀ ਪ੍ਰਗਟਾਵਾ ਹੈ ਕਿ ਹਾਕਮ ਜਮਾਤਾਂ ਦੇ ਸੇਵਾਦਾਰ ਸਾਰੇ ਧੜਿਆਂ ਨੂੰ ਇੱਕ ਮੁਲਕ ਪੱਧਰੀ ਪਾਰਟੀ ’ਚ ਸਮੋਣਾ ਮੁਸ਼ਕਿਲ ਬਣਿਆ ਹੋਇਆ ਹੈ ਜਿਵੇਂ ਕਿਸੇ ਦੌਰ ’ਚ ਕਾਂਗਰਸ ਪਾਰਟੀ ਸਮੋ ਲਿਆ ਕਰਦੀ ਸੀ। ਫਿਰ ਹਾਕਮ ਜਮਾਤਾਂ ਦੇ ਸੇਵਾਦਾਰ ਹੋਰ ਧੜੇ ਵੀ ਉੱਭਰ ਆਏ ਤੇ ਹਾਕਮ ਜਮਾਤੀ ਸੱਤਾ ਕੇਂਦਰ ਦਾ ਖਿੰਡਾਅ ਸ਼ੁਰੂ ਹੋ ਗਿਆ। ਵੱਖ-ਵੱਖ ਖੇਤਰੀ ਸ਼ਕਤੀਆਂ ਨੂੰ ਜੋੜ ਕੇ ਮੁਕਾਬਲਤਨ ਸਥਿਰ ਕੇਂਦਰ ਬਣਾਈ ਰੱਖਣਾ ਇੱਕ ਕਠਿਨ ਕਾਰਜ ਬਣ ਗਿਆ। ਭਾਜਪਾ ਦੀ ਸਥਾਪਤੀ ਰਾਹੀਂ ਅਜਿਹਾ ਸਥਿਰ ਸੱਤਾ ਕੇਂਦਰ ਉਸਾਰਨ ਦੀਆਂ ਹਾਕਮ ਜਮਾਤੀ ਕੋਸ਼ਿਸ਼ਾਂ ਹੋ ਰਹੀਆਂ ਸਨ ਜਿੰਨ੍ਹਾਂ ਨੂੰ ਇਹਨਾਂ ਚੋਣਾਂ ’ਚ ਧੱਕਾ ਵੱਜਿਆ ਹੈ। ਵੱਖ-ਵੱਖ ਧੜਿਆਂ ਦੀ ੳੁੱਭਰੀ ਹੈਸੀਅਤ ਸਰਬ-ਸਮਰੱਥ ਸੱਤਾ ਕੇਂਦਰ ਦੀ ਸਥਾਪਤੀ ਨਾਲ ਟਕਰਾਅ ’ਚ ਆ ਗਈ ਹੈ। ਮੁਕਾਬਲਤਨ ਵਿਤਕਰੇਬਾਜ਼ੀ ਵਾਲੇ ਖੇਤਰਾਂ ਦੇ ਲੋਕਾਂ ਦੀਆਂ ਉਮੰਗਾਂ ਦਾ ਲਾਹਾ ਲੈ ਕੇ, ਕੇਂਦਰੀ ਹਕੂਮਤ ਨਾਲ ਇਹ ਹਾਲਤ ਮਜ਼ਬੂਤ ਕੇਂਦਰੀ ਹਕੂਮਤ ਦੀਆਂ ਹਾਕਮ ਜਮਾਤੀ ਲੋੜਾਂ ’ਚ ਵਿਘਨਪਾਊ ਹਾਲਤ ਬਣ ਜਾਂਦੀ ਹੈ।
ਭਾਜਪਾ ਵੱਲੋਂ ਇਹ ਚੋਣਾਂ ਮੋਦੀ ਦੇ ਕੱਦ ਬੁੱਤ ਦੁਆਲੇ ਲੜੀਆਂ ਗਈਆਂ ਸਨ ਤੇ ਉਸ ਨੂੰ ਅਸਧਾਰਨ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਜੋ ਪਾਰਟੀਆਂ/ ਸੰਸਥਾਵਾਂ ਤੋਂ ਵੀ ਉੱਪਰ ਹੈ। ਪਰ ਮੋਦੀ ਦਾ ਉਹ ਜਾਦੂ ਜੋ ਪਿਛਲੀਆਂ ਦੋ ਚੋਣਾਂ ’ਚ ਦਿਖਾਈ ਦਿੱਤਾ ਸੀ, ਉਹ ਐਤਕੀਂ ਗਾਇਬ ਸੀ ਤੇ ਵਾਰਾਨਸੀ ਤੋਂ ਉਸਦੀ ਖੁਦ ਦੀ ਜੇਤੂ ਲੀਡ ਵੀ ਘੱਟ ਗਈ। ਮੌਜੂਦਾ ਦੌਰ ਅੰਦਰ ਹਾਕਮ ਜਮਾਤਾਂ ਨੂੰ ਆਮ ਕਰਕੇ ਹੀ ਖਿੱਚਪਾਊ ਆਗੂ ਸਖਸ਼ੀਅਤਾਂ ਦਾ ਸੰਕਟ ਹੈ ਕਿਉਂਕਿ ਲੋਕਾਂ ਖ਼ਿਲਾਫ਼ ਲੁਟੇਰੀਆਂ ਜਮਾਤਾਂ ਦੇ ਧਾਵੇ ਦੀ ਜੋ ਰਫ਼ਤਾਰ ਤੇ ਪੱਧਰ ਹੈ, ਉਹ ਅਜਿਹੀ ਖਿੱਚਪਾਊ ਸਖਸ਼ੀਅਤ ਦੀ ਪੇਸ਼ਕਾਰੀ ਦੀਆਂ ਲੋੜਾਂ ਦੇ ਉਲਟ ਭੁਗਤਦਾ ਹੈ। ਹਾਕਮ ਜਮਾਤਾਂ ਦੀ ਸੇਵਾਦਾਰ ਅਜਿਹੀ ਸਖਸ਼ੀਅਤ ਉਭਾਰਨੀ ਤੇ ਸਥਾਪਿਤ ਕਰਨੀ ਹੁਣ ਮੁਸ਼ਕਲ ਕਾਰਜ ਬਣਿਆ ਹੋਇਆ ਹੈ ਤੇ ਅਜਿਹੀ ਸਖਸ਼ੀਅਤ ਦਾ ਸਿਰਜਿਆ ਗਿਆ ਪ੍ਰਭਾਵ ਤੇਜ਼ੀ ਨਾਲ ਖੁਰ ਜਾਂਦਾ ਹੈ। ਇਹ ਹੁਣ ਨਵੀਆਂ ਆਰਥਿਕ ਨੀਤੀਆਂ ਵੱਲੋਂ ਹਾਕਮ ਜਮਾਤੀ ਸਿਆਸਤ ਨੂੰ ਮਿਲਿਆ ਹੋਇਆ ਅਜਿਹਾ ਸਰਾਪ ਹੈ ਕਿ ਕ੍ਰਿਸ਼ਮਈ ਲੀਡਰਾਂ ਦੇ ਵੀ ਪੈਰ ਲੱਗਣੇ ਔਖੇ ਹਨ ਤੇ ਮੋਦੀ ਕ੍ਰਿਸ਼ਮੇ ਦੀ ਫਿੱਕੀ ਪੈਂਦੀ ਚਮਕ ਇਹੀ ਸੱਚਾਈ ਬਿਆਨ ਕਰ ਰਹੀ ਹੈ। ਲੋਕਾਂ ਦੀ ਜ਼ਿੰਦਗੀ ਦੇ ਹਕੀਕੀ ਮੁੱਦਿਆਂ ਦੇ ਸਨਮੁਖ ਇਹ ਜਾਦੂਈ ਨਸ਼ਾ ਛੇਤੀ ਹੀ ਬੇਅਸਰ ਹੋ ਜਾਂਦਾ ਹੈ। ਮੋਦੀ ਨਾਲ ਵੀ ਇਹੀ ਵਾਪਰ ਰਿਹਾ ਹੈ। ਤਿੱਖੇ ਹੋ ਰਹੇ ਸਮਾਜੀ ਸਿਆਸੀ ਸੰਕਟਾਂ ਦਰਮਿਆਨ ਹਾਕਮ ਜਮਾਤੀ ਸਿਆਸਤ ਹੁਣ ਇਸ ਖਾਸ ਸਹੂਲਤ ਤੋਂ ਵਿਰਵੀ ਹੋ ਰਹੀ ਹੈ। ਏਥੋਂ ਤੱਕ ਕਿ ਹਿੰਦੂ ਫਿਰਕਾਪ੍ਰਸਤ ਧੜਿਆਂ ’ਚ ਵੀ ਇੱਕ ਕੱਦਾਵਰ ਨੇਤਾ ’ਤੇ ਸਹਿਮਤੀ ਬਣਨੀ ਮੁਸ਼ਕਿਲ ਹੋਈ ਪਈ ਹੈ। ਕਹਿਣ ਦਾ ਭਾਵ ਇਹ ਹੈ ਕਿ ਲੀਡਰਾਂ ਦੇ ਕ੍ਰਿਸ਼ਮੇ ਦੀ ਚਕਾਚੌਂਧ ਜਨਤਾ ਸਾਹਮਣੇ ਤਾਂ ਉੱਡ-ਪੁੱਡ ਰਹੀ ਹੈ ਉਸ ਤੋਂ ਇਲਾਵਾ ਇਹ ਇੱਕੋ ਵੰਨਗੀ ਦੀ ਹਿੰਦੂ ਫਿਰਕਾਪ੍ਰਸਤੀ ਵਾਲੇ ਧੜਿਆਂ ’ਚ ਕਾਇਮ ਨਹੀਂ ਰਹਿ ਰਹੀ।
    ਸਮੁੱਚੇ ਤੌਰ ’ਤੇ ਇਹ ਨਤੀਜੇ ਦੱਸਦੇ ਹਨ ਕਿ ਭਾਜਪਾ ਦੇ ਪਹਿਲਾਂ ਵਾਲੇ ਪ੍ਰਭਾਵ ਨੂੰ ਖੋਰਾ ਪਿਆ ਹੈ। ਫ਼ਿਰਕੂ ਲਾਮਬੰਦੀਆਂ ਦੇ ਅਸਰਾਂ ਨੂੰ ਖੋਰਾ ਪਾਉਣ ਵਾਲਾ ਇਹ ਵਰਤਾਰਾ ਕਾਫੀ ਜ਼ੋਰਦਾਰ ਢੰਗ ਨਾਲ ਪ੍ਰਗਟ ਹੋਇਆ ਹੈ। ਇਸ ਵਰਤਾਰੇ ਨੇ ਦਰਸਾਇਆ ਹੈ ਕਿ ਜਿੰਨ੍ਹਾਂ ਸੰਕਟਾਂ ’ਚੋਂ ਫ਼ਿਰਕੂ ਪਾਲਾਬੰਦੀਆਂ ਲਈ ਜ਼ਮੀਨ ਉਪਜਦੀ ਹੈ ਉਹਨਾਂ ਸੰਕਟਾਂ ’ਚੋਂ ਹੀ ਇਸ ਜ਼ਮੀਨ ਨੂੰ ਕੱਟਦੇ ਵਰਤਾਰੇ ਵੀ ਜਨਮ ਲੈਂਦੇ ਹਨ। ਵੋਟ ਸਿਆਸਤੀ ਮੋਹਰੀ ਖਿਡਾਰੀ ਵਜੋਂ ਤਾਂ ਭਾਜਪਾ ਪਹਿਲਾਂ ਵਾਲੀ ਚੜ੍ਹਤ ਕੁਝ ਥੰਮ੍ਹੀ ਹੈ ਪਰ ਇਸਦੇ ਬਾਵਜੂਦ ਉਹ ਹਕੂਮਤੀ ਕੁਰਸੀ ਬਚਾਈ ਰੱਖਣ ’ਚ ਕਾਮਯਾਬ ਹੋਈ ਹੈ। ਐਤਕੀਂ ਉਹ ਹੋਰਨਾਂ ਪਾਰਟੀਆਂ ’ਤੇ ਨਿਰਭਰ ਹੈ ਅਤੇ ਜ਼ਾਹਰਾ ਤੌਰ ’ਤੇ ਉਹ ਮਨਚਾਹੇ ਫੈਸਲੇ ਲੈਣ ਪੱਖੋਂ ਕਮਜ਼ੋਰ ਸਥਿਤੀ ’ਚ ਹੈ ਤੇ ਖਾਸ ਕਰਕੇ ਹਕੂਮਤੀ ਪੱਧਰ ਤੋਂ ਸਿੱਧੇ ਤੌਰ ’ਤੇ ਹਿੰਦੂਤਵੀ ਰਾਸ਼ਟਰਵਾਦੀ ਪਿਛਾਖੜੀ ਸਿਆਸੀ ਚਾਲਾਂ ਦੀ ਮਨਚਾਹੀ ਵਰਤੋਂ ਕਰਨ ’ਚ ਉਸ ਨੂੰ ਕੁਝ ਅੜਿੱਕਿਆਂ ਦਾ ਸਾਹਮਣਾ ਹੋਵੇਗਾ ਪਰ ਨਾਲ  ਦੂਸਰੀ ਹਕੀਕਤ ਇਹ ਵੀ ਹੈ ਕਿ ਅਜੇ ਵੀ ਸੀਟਾਂ ਦੇ ਅੰਕੜਿਆਂ ਪੱਖੋਂ ਉਸਦਾ ਅੰਤਰ ਕਾਂਗਰਸ ਤੋਂ ਬਹੁਤ ਜ਼ਿਆਦਾ ਹੈ। ਸਮੁੱਚੇ ਤੌਰ ’ਤੇ ਉਸਦੀ ਵੋਟ ਪ੍ਰਤੀਸ਼ਤ ਘਟੀ ਨਹੀਂ ਹੈ, ਲਗਭਗ ਓਨੀ ਹੀ ਹੈ। ਸੀਟਾਂ ਘੱਟਣ ’ਚ ਮੁੱਖ ਪੱਖ ਵਿਰੋਧੀ ਵੋਟਾਂ ਦਾ ਇੰਡੀਆ ਗੱਠਜੋੜ ਨਾਲ ਵੰਡੇ ਨਾ ਜਾਣਾ ਹੈ। ਇਉਂ ਹੀ ਸਪੱਸ਼ਟ ਹੈ ਕਿ ਭਾਜਪਾ ਨੇ ਫ਼ਿਰਕੂ ਪੁੱਠ ਵਾਲਾ ਇੱਕ ਪੱਕਾ ਹਿੰਦੂ ਵੋਟ ਸਿਰਜ ਲਿਆ ਹੈ ਜਿਸਨੂੰ ਹਿੰਦੂ ਫ਼ਿਰਕੂ ਸ਼ਾਵਨਵਾਦੀ ਪੈਂਤੜੇ ਨਾਲ ਪੱਕੇ ਪੈਰੀਂ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਹਨ। ਇਸ ਪੱਕੇ ਅਧਾਰ ਦੁਆਲੇ ਫ਼ਿਰਕੂ ਪਾਲਾਬੰਦੀਆਂ ਦੇ ਯਤਨ ਹੋਰ ਤੇਜ਼ ਹੋਣੇ ਹਨ। ਜਿਹੜਾ ਵੱਖ-ਵੱਖ ਹਾਲਤਾਂ ’ਚ, ਘਟਨਾਵਾਂ ਦੇ ਵਹਿਣ ’ਚ ਫੈਲ ਸਕਦਾ ਹੈ। ਭਾਜਪਾ ਦੀਆਂ ਸੀਟਾਂ ਘੱਟਣ ਨੂੰ ਉਸਦੇ ਫ਼ਿਰਕੂ ਫਾਸ਼ੀ ਹੱਲੇ ਦੀ ਹਾਰ ਵਜੋਂ ਨਹੀਂ ਲਿਆ ਜਾਣਾ ਚਾਹੀਦਾ, ਸਗੋਂ ਉਸ ਦੀ ਮਨਚਾਹੀ ਰਫ਼ਤਾਰ ਤੇ ਹੂੰਝੇ ’ਚ ਰੁਕਾਵਟ ਜਾਂ ਅੜਿੱਕਾ ਬਣਦੇ ਕੁੱਝ ਨਵੇਂ ਕਾਰਕਾਂ ਦਾ ਉੱਭਰ ਆਉਣਾ ਹੈ ਜਿੰਨ੍ਹਾਂ ਨੂੰ ਨਜਿੱਠਦਿਆਂ ਹੋਇਆਂ ਮੋਦੀ ਹਕੂਮਤ ਨੇ ਹੁਣ ਇਸ ਹੱਲੇ ਨੂੰ ਅੱਗੇ ਵਧਾਉਣਾ ਹੈ। ਖੇਤਰੀ ਪਾਰਟੀਆਂ ਦੀ ਵਧੀ ਹੋਈ ਹੈਸੀਅਤ ਤੇ ਉਹਨਾਂ ’ਤੇ ਨਿਰਭਰਤਾ ਪਹਿਲਾਂ ਵਾਂਗ ‘ਮਜ਼ਬੂਤ’ ਤੇ ‘ਫੈਸਲਾਕੁੰਨ’ ਸਰਕਾਰ ਵਾਲੀ ਹਮਲਾਵਰ ਰਫ਼ਤਾਰ ’ਚ ਕੁੱਝ ਵਿਘਨ ਤਾਂ ਪਾ ਸਕਦੀ ਹੈ ਪਰ ਸਮੁੱਚੇ ਤੌਰ ’ਤੇ ਲੋਕਾਂ ਖ਼ਿਲਾਫ਼ ਹਮਲੇ ਵੇਲੇ ਇਹ ਪਾਰਟੀਆਂ ਭਾਜਪਾ ਤੋਂ ਬਾਹਰ ਨਹੀਂ ਹਨ। ਸਾਰੀਆਂ ਹਾਕਮ ਜਮਾਤੀ ਪਾਰਟੀਆਂ ਲਈ ਹੀ ਅਖੌਤੀ ਆਰਥਿਕ ਸੁਧਾਰਾਂ ਦੇ ਹੱਲੇ ਨੂੰ ਲਾਗੂ ਕਰਨਾ ਮੁੱਖ ਸਰੋਕਾਰ ਦਾ ਮੁੱਦਾ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਗੰਭੀਰ ਵਖਰੇਵਾਂ ਨਹੀਂ ਹੈ ਤੇ ਇਹਨਾਂ ਨੂੰ ਲਾਗੂ ਕਰਨ ਹੋਰਨਾਂ ਭਟਕਾਊ ਸਾਧਨਾਂ/ਢੰਗਾਂ ਦੀ ਵਰਤੋਂ ’ਤੇ ਵੀ ਇਤਰਾਜ਼ ਨਹੀਂ ਹੈ। ਇਸ ਹੱਲੇ ਨੂੰ ਅੱਗੇ ਵਧਾਉਣ ਲਈ ਭਾਰਤੀ ਰਾਜ ਨੂੰ ਹੋਰ ਜ਼ਿਆਦਾ ਖੁੂੰਖਾਰ ਤੇ ਪਿਛਾਖੜੀ ਬਣਾਉਣ ’ਚ ਸਭਨਾਂ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਦਾ ਲਗਭਗ ਸਾਂਝਾ ਏਜੰਡਾ ਹੈ ਲੋਕਾਂ ਖ਼ਿਲਾਫ਼ ਸੇਧਤ ਪਿਛਾਖੜੀ ਸੰਵਿਧਾਨਿਕ ਤਬਦੀਲੀਆਂ ਕਰਨ ’ਚ ਵੀ ਕਿਸੇ ਨੂੰ ‘ੱਡਾ ਉਜ਼ਰ ਨਹੀਂ ਹੈ ਜਿੱਥੋਂ ਤੱਕ ਤਾਂ ਕਾਨੂੰਨਾਂ ਨੂੰ ਕਿਰਤੀ ਲੋਕਾਂ ਖ਼ਿਲਾਫ਼ ਹੋਰ ਜ਼ਿਆਦਾ ਧੱਕੜ ਤੇ ਜਾਬਰ ਬਣਾਉਣ ਦੇ ਭਾਜਪਾਈ ਇਰਾਦਿਆਂ ਦਾ ਸੰਬੰਧ ਹੈ, ਇਸ ’ਤੇ ਸਭਨਾਂ ਹਾਕਮ ਜਮਾਤੀ ਧੜਿਆਂ ਦੀ ਸਾਂਝੀ ਸਹਿਮਤੀ ਹੈ ਤੇ ਸਾਰੇ ਹੀ ਇਹ ਲੋੜ ਮਹਿਸੂਸ ਕਰਦੇ ਹਨ ਪਰ ਖਾਸ ਕਿਸਮ ਦੀ ਸਮਾਜਿਕ ਸੱਭਿਆਚਾਰਕ ਵੰਨਗੀ ਦੀ ਸਿਆਸਤ ਲਈ ਸੰਵਿਧਾਨ ਨੂੰ ਜ਼ਰੀਆ ਬਣਾਏ ਜਾਣ ਵਾਲੀਆਂ ਤਬਦੀਲੀਆਂ ’ਤੇ ਹੋਰਨਾਂ ਧੜਿਆਂ ਦੀ ਸਹਿਮਤੀ ਨਹੀਂ ਹੈ। ਭਾਵ ਕਿ ਭਾਜਪਾ ਤੇ ਆਰ.ਐਸ.ਐਸ. ਨੂੰ ਰਾਸ ਬੈਠਦੀ ਫ਼ਿਰਕੂ ਸਿਆਸਤ ਦਾ ਸਾਧਨ ਬਣਦੇ ਸੰਵਿਧਾਨ ’ਤੇ ਹੋਰਨਾਂ ਨੂੰ ਇਤਰਾਜ਼ ਹੈ। ਉਹਨਾਂ ਨੂੰ ਆਰ.ਐਸ.ਐਸ. ਮਾਰਕਾ ਸੰਵਿਧਾਨ ਰਾਸ ਨਹੀਂ ਬੈਠਦਾ। ਰਾਜ ਦੀਆਂ ਹੋਰਨਾਂ ਵੱਖ-ਵੱਖ ਸੰਸਥਾਵਾਂ ’ਤੇ ਭਾਜਪਾ ਦੀ ਕਬਜਾਧਾਰੀ ਸਥਿਤੀ ਵੀ ਇਸ ਨੂੰ ਆਪਣਾ ਫ਼ਿਰਕੂ ਫਾਸ਼ੀ ਏਜੰਡਾ ਅੱਗੇ ਵਧਾਉਣ ਵਿੱਚ ਇਕ ਵਿਸ਼ੇਸ਼ ਸਹੂਲਤ ਸਾਬਤ ਹੋਣੀ ਹੈ।
ਗੱਠਜੋੜ ਸਰਕਾਰ ’ਚ ਹਾਕਮ ਜਮਾਤੀ ਪਾਰਟੀਆਂ ਦੇ ਇਹਨਾਂ ਮਾਮਲਿਆਂ ’ਚ ਆਪਸੀ ਵਿਰੋਧ ਬਹੁਤ ਹੀ ਦੋਮ ਦਰਜੇ ਦੇ ਮਸਲਿਆਂ ’ਤੇ ਹਨ ਜਾਂ ਆਪੋ ਆਪਣੇ ਵੋਟ ਬੈਂਕ ਦੀ ਜ਼ਰੂਰਤ ਅਨੁਸਾਰ ਹਨ। ਖੇਤਰੀ ਪਾਰਟੀਆਂ ਲਈ ਸਥਾਨਕ ਜਗੀਰੂ ਵਫ਼ਾਦਾਰੀਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਤੇ ਮੁਲਕ ਪੱਧਰੀਆਂ ਪਾਰਟੀਆਂ ਮੁਕਾਬਲਤਨ ਵੱਡੀ ਸਰਮਾਏਦਾਰੀ ਦੇ ਪੱਲੜੇ ’ਚ ਤੁਲ ਕੇ ਸੋਚਦੀਆਂ ਹਨ। ਇਹ ਗੱਠਜੋੜ ਸਰਕਾਰਾਂ ਆਪਣੇ ਆਪ ’ਚ ਆਰਥਿਕ ਸੁਧਾਰਾਂ ਦੇ ਹੱਲੇ ਨੂੰ ਲਾਗੂ ਕਰਨ ’ਚ ਵੱਡਾ ਅੜਿੱਕਾ ਸਾਬਤ ਨਹੀਂ ਹੁੰਦੀਆਂ। ਮੁਲਕ ਦੀਆਂ ਹਾਕਮ ਜਮਾਤਾਂ 90ਵਿਆਂ ਦੇ ਅਤੇ ਨਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ’ਚ ਇਹ ਤਜ਼ਰਬਾ ਕਰ ਚੁੱਕੀਆਂ ਹਨ। ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਦੇ ਕਦਮ ਤੋਂ ਲੈ ਕੇ ਪਰਮਾਣੂ ਸਮਝੌਤੇ ਵਰਗੇ ਲੋਕ ਧ੍ਰੋਹੀ ਸਮਝੌਤੇ ਏਸੇ ਦੌਰ ’ਚ ਕੀਤੇ ਗਏ ਸਨ ਤੇ ਗੱਠਜੋੜ ਸਰਕਾਰਾਂ ਦੀਆਂ ਮੈਨੇਜਮੈਟਾਂ ਰਾਹੀਂ ਕੀਤੇ ਗਏ ਸਨ। ਆਂਧਰਾ ਪ੍ਰਦੇਸ਼ ਵਾਲਾ ਚੰਦਰਬਾਬੂ ਨਾਇਡੂ ਆਰਥਿਕ ਸੁਧਾਰ ਲਾਗੂ ਕਰਨ ਤੇ ਬਹੁਕੌਮੀ ਕੰਪਨੀਆਂ ਨੂੰ ਸੱਦਣ ਲਈ 90ਵਿਆਂ ਦੇ ਦੌਰ ’ਚ ਮੁਲਕ ਦੇ ਸਭ ਤੋਂ ਮੋਹਰੀ ਮੁੱਖ ਮੰਤਰੀ ਵਜੋਂ ਉੱਭਰਿਆ ਸੀ ਜਿਸ ਨੇ ਹੈਦਰਾਬਾਦ ਨੂੰ ਸਾਮਰਾਜੀ ਪੂੰਜੀ ਨਿਵੇਸ਼ ਦੇ ਕੇਂਦਰ ਵਜੋਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਮੂਹਰੇ ਪਰੋਸਿਆ ਸੀ। ਲੋਕਾਂ ਦੀ ਲਹਿਰ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਸੰਘਰਸ਼ਾਂ ਵੇਲੇ ਇਹਨਾਂ ਵਿਰੋਧਾਂ ਦੀ ਵਰਤੋਂ ਕੀਤੀ ਜਾ ਸਕਦੀ ਹੁੰਦੀ ਹੈ ਤੇ ਲੋਕ ਹਿਲਜੁਲਾਂ ਦੇ ਪ੍ਰਸੰਗਾਂ ’ਚ ਇਹ ਵਿਰੋਧ ਵੀ ਮੁਕਾਬਲਤਨ ਤਿੱਖ ਅਖ਼ਤਿਆਰ ਕਰ ਜਾਂਦੇ ਹਨ। ਮੌਜੂਦਾ ਘਟਨਾ ਵਿਕਾਸ ਨੂੰ ਇਉਂ ਵੀ ਦੇਖਿਆ ਜਾ ਸਕਦਾ ਹੈ ਕਿ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਧਾਵੇ ਦੇ ਟਾਕਰੇ ਦੇ ਪ੍ਰਸੰਗ ’ਚ ਲੋਕਾਂ ਦੀ ਧਿਰ ਕੋਲ ਹਾਕਮ ਜਮਾਤੀ ਸਿਆਸੀ ਸ਼ਰੀਕਾ ਭੇੜ ਦੇ ਅੰਸ਼ਾਂ ਦਾ ਲਾਹਾ ਲੈਣ ਪੱਖੋਂ ਪਹਿਲਾਂ ਨਾਲੋਂ ਹਾਲਤ ’ਚ ਕੁਝ ਨਵੀਆਂ ਗੁੰਜਾਇਸ਼ਾਂ ਪੈਦਾ ਹੋ ਗਈਆਂ ਹਨ। ਪਰ ਲੋਕਾਂ ਦੇ ਸੰਘਰਸ਼ਾਂ ਲਈ ਇਹ ਬੁਨਿਆਦੀ ਪੱਖ ਨਹੀਂ ਹੈ ਬੁਨਿਆਦੀ ਪੱਖ ਲੋਕਾਂ ਦੇ ਜਮਾਤੀ ਘੋਲਾਂ ਦਾ ਪੱਧਰ, ਗਹਿਰਾਈ ਤੇ ਉਸਦੀ ਅਗਵਾਈ ਕਰਨ ਵਾਲੀ ਸ਼ਕਤੀ ਵਜੋਂ ਕਮਿਊਨਿਸਟ ਇਨਕਲਾਬੀ ਪਾਰਟੀ ਦੀ ਸਥਿਤੀ ਹੈ ਜਿਹੜੀ ਆਖ਼ਰ ਅਜਿਹੇ ਵਿਰੋਧਾਂ ਨੂੰ ਅਸਰਦਾਰ ਢੰਗ ਨਾਲ ਲੋਕਾਂ ਦੀ ਲਹਿਰ ਦੇ ਹਿੱਤ ’ਚ ਵਰਤ ਸਕਦੀ ਹੈ।
 ਇਹਨਾਂ ਚੋਣ ਨਤੀਜਿਆਂ ਦਾ ਸਭ ਤੋਂ ਅਹਿਮ ਪਹਿਲੂ ਹਾਕਮ ਜਮਾਤਾਂ ਦੀ ਸਥਿਰਤਾ ਦੀ ਤਲਾਸ਼ ਦਾ ਜਾਰੀ ਰਹਿਣਾ ਹੈ ਜਿਹੜੀ ਪਿਛਲੇ ਸਾਲਾਂ ’ਚ ਮੋਦੀ ਦੇ ਉਭਾਰ ਨਾਲ ਵਕਤੀ ਰਾਹਤ ਵਜੋਂ ਹਾਸਿਲ ਕੀਤੀ ਗਈ ਸੀ। ਮੋਦੀ ਦੇ ਉਭਾਰ ਤੇ ਭਾਜਪਾ ਦੀ ਵੱਡੀ ਇਕਲੌਤੀ ਪਾਰਟੀ ਵਜੋਂ ਦਿਖਾਈ ਦਿੰਦੀ ਸਥਾਪਤੀ ਵਕਤੀ ਵਰਤਾਰਾ ਹੀ ਸੀ ਤੇ ਜਿਹਨਾਂ ਤਰੀਕਿਆਂ ਨਾਲ ਇਹ ਵਕਤੀ ਰਾਹਤ ਹਾਸਲ ਕੀਤੀ ਗਈ ਸੀ , ਮੋਦੀ ਹਕੂਮਤ ਦੇ ਅਮਲਾਂ ਨੇ ਉਹਨਾਂ ਦੀ ਅਸਰਕਾਰੀ ਮੱਧਮ ਪਾ ਦਿੱਤੀ ਹੈ। ਭਾਰਤੀ ਹਾਕਮ ਜਮਾਤਾਂ ਲਈ ਮੁੱਖ ਸਿਰਦਰਦੀ ਬਣਿਆ ਹੋਇਆ ਅਸਥਿਰਤਾ ਦਾ ਭੂਤ ਕੁੱਝ ਸਮੇਂ ਲਈ ਹੀ ਬੋਤਲ ’ਚ ਪਾਇਆ ਗਿਆ ਸੀ ਤੇ ਰਾਜ ਦੇ ਸੰਕਟਾਂ ਨੇ ਉਸਨੂੰ ਮੁੜ ਬੋਤਲ ’ਚੋਂ ਬਾਹਰ ਲੈ ਆਂਦਾ ਹੈ ਤੇ ਇਹ ਮੁੜ ਸਪੱਸ਼ਟ ਹੋ ਗਿਆ ਕਿ ਅਜੇ ਭਾਰਤੀ ਹਾਕਮ ਜਮਾਤਾਂ ਨੂੰ ਇਸ ਅਸਥਿਰਤਾ ਦੇ ਭੂਤ ਨੇ ਠਿੱਠ ਕਰਨਾ ਹੈ। ਇਹਨਾਂ ਨਤੀਜਿਆਂ ਨੇ ਮੌਜੂਦਾ ਦੌਰ ਦੀ ਇਸ ਹਕੀਕਤ ਨੂੰ ਹੀ ਪੁਸ਼ਟ ਕੀਤਾ ਹੈ ਕਿ ਕਿਵੇਂ ਰਾਜ ਸਮਾਜ ਦੇ ਤਿੱਖੇ ਹੋਏ ਸੰਕਟਾਂ ਦਾ ਪ੍ਰਛਾਵਾਂ ਹਾਕਮ ਜਮਾਤੀ ਸਿਆਸਤ ਨੂੰ ਇਉਂ ਅਸਰਅੰਦਾਜ਼ ਕਰਦਾ ਹੈ ਕਿ ਉਹਨਾਂ ਦੀ ਆਪਸੀ ਕੁੱਕੜ-ਖੋਹੀ ਨੂੰ ਅੱਡੀ ਲਾਉਂਦਾ ਹੈ ਤੇ ਸਥਿਰ ਤੇ ਮਜ਼ਬੂਤ ਸਰਕਾਰ ਬਣਾਉਣ ਦੇ ਟੀਚਿਆਂ ’ਚ ਵਿਘਨ ਪਾਉਂਦਾ ਹੈ। ਇਹ ਅਸਥਿਰਤਾ ਰਾਜ ਦੇ ਸਭਨਾਂ ਖੇਤਰਾਂ ’ਚ ਪ੍ਰਗਟ ਹੁੰਦੀ ਹੈ ਤੇ ਜੇਕਰ ਹਾਕਮ ਜਮਾਤਾਂ ਪਾਰਲੀਮਾਨੀ ਖੇਤਰ ’ਚ ਸੀਟਾਂ ਦੇ ਅੰਕੜਿਆਂ ’ਚ ਇੱਕ ਪੱਲੜੇ ਦੇ ਝੁਕਾਅ ਰਾਹੀਂ ਸਥਿਰਤਾ ਹਾਸਲ ਵੀ ਕਰਦੀਆਂ ਹਨ ਤਾਂ ਵੀ ਉਹ ਵਕਤੀ ਵਰਤਾਰਾ ਹੀ ਹੋ ਨਿੱਬੜਦਾ ਹੈ। ਅਸਥਰਿਤਾ ਦਾ ਇਹ ਲੱਛਣ ਨਵ-ਉਦਾਰਵਾਦੀ ਸਾਮਰਾਜੀ ਹੱਲੇ ਦੇ ਦੌਰ ਦੀ ਸਿਆਸਤ ਦਾ ਆਮ ਲੱਛਣ ਬਣਿਆ ਹੋਇਆ ਹੈ। ਇਹਨਾਂ ਨਤੀਜਿਆਂ ਰਾਹੀਂ ਇਹ ਲੱਛਣ ਮੁੜ ੳੁੱਘੜ ਕੇ ਜ਼ਾਹਰ ਹੋ ਗਿਆ ਹੈ। ਗੱਠਜੋੜ ਸਰਕਾਰ ਬਣਨ ਦੀ ਪੈਦਾ ਹੋਈ ਮੌਜੂਦਾ ਹਾਲਤ ਵੀ ਲੋਕਾਂ ਦੀ ਬੇਚੈਨੀ ਤੇ ਰੋਹ ਦਾ ਹਾਕਮ ਜਮਾਤੀ ਸਿਆਸਤ ’ਤੇ ਪਿਆ ਪ੍ਰਛਾਵਾਂ ਹੈ ਜਿਸਨੇ ਸਭਨਾਂ ਪਾਰਟੀਆਂ ਦੀ ਪੜਤ ਮਾਰੀ ਹੈ ਤੇ ਕੋਈ ਪਾਰਟੀ ਲੋਕਾਂ ਨੂੰ ਪੂਰੀ ਤਰ੍ਹਾਂ ਭਰਮਾ ਕੇ, ਹੂੰਝਾ ਫੇਰ ਤਰੀਕੇ ਨਾਲ ਸਿਆਸੀ ਫ਼ਤਵਾ ਹਾਸਲ ਕਰਨ ਦੀ ਹਾਲਤ ’ਚ ਨਹੀਂ ਹੈ।
    ਮੁਲਕ ਦੀਆਂ ਹਾਕਮ ਜਮਾਤਾਂ ਤੇ ਉਹਨਾਂ ਦੇ ਸਾਮਰਾਜੀ ਆਕਾਵਾਂ ਲਈ ਇਹ ਨਾਂਹ-ਪੱਖੀ ਘਟਨਾ ਵਿਕਾਸ ਹੈ ਕਿ ਉਹਨਾਂ ਨੂੰ ਲੋਕਾਂ ਖ਼ਿਲਾਫ਼ ਧਾਵੇ ਦੀ ਰਫਤਾਰ ਤੇ ਤਿੱਖ ਕਾਇਮ ਰੱਖਣ ਲਈ ਗੱਠਜੋੜ ਸਰਕਾਰ ਦੀਆਂ ਮੈਨਜਮੈਂਟਾਂ ਨਾਲ ਦੋ ਚਾਰ ਹੋਣਾ ਪੈਣਾ ਹੈ ਤੇ ਲੋਕਾਂ ਦੀ ਜਮਾਤੀ ਜਦੋਜਹਿਦ ਦੀ ਅਗਵਾਈ ਕਰਨ ਵਾਲੀਆਂ ਸ਼ਕਤੀਆਂ ਵੱਲੋਂ ਇਸ ਹਾਲਤ ਦਾ ਲੋਕ ਸੰਘਰਸ਼ਾਂ ਲਈ ਲਾਹਾ ਲਏ ਜਾਣ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਦੇ ਹੀਲੇ ਵਸੀਲੇ ਕਰਨੇ ਪੈਣੇ ਹਨ।
ਮੋਦੀ ਹਕੂਮਤ ਦੀ ਪਹਿਲਾਂ ਨਾਲੋਂ ਕਮਜ਼ੋਰ ਹੋਈ ਸਥਿਤੀ ਲੋਕਾਂ ਦੇ ਨਜ਼ਰੀਏ ਤੋਂ ਹਾਂ-ਪੱਖੀ ਘਟਨਾ ਵਿਕਾਸ ਹੈ ਤੇ ਫ਼ਿਰਕੂ ਮੁੱਦਿਆਂ ਦੇ ਮੁਕਾਬਲੇ ਲੋਕਾਂ ਦੇ ਹਕੀਕੀ ਮੁੱਦਿਆਂ ਦੇ ਸਰੋਕਾਰਾਂ ਦਾ ਜ਼ਾਹਰ ਹੋਣਾ ਵੀ ਭਾਜਪਾ ਕੋਲ ਭਟਕਾਊ ਤੀਰਾਂ ਵਾਲੇ ਭੱਥੇ ਦੀ ਕਮਜ਼ੋਰੀ ਦਾ ਹੀ ਸੂਚਕ ਹੈ। ਸਭ ਕੁੱਝ ਚਮਕਦਾ ਦਰਸਾਉਣ ਦੇ ਬਾਵਜੂਦ ਤੇ ਹਿੰਦੂਤਵਾ ਦਾ ਮਾਣ ਬਹਾਲ ਕਰਨ ਦੇ ਦਮਗਜਿਆਂ ਦੇ ਬਾਵਜੂਦ, ਕਿਰਤੀ ਬੰਦੇ ਦੇ ਢਿੱਡ ਤੇ ਰੁਜ਼ਗਾਰ ਦੇ ਮਸਲਿਆਂ ਦਾ ਸਰੋਕਾਰ ਇਸ ਭਰਮਾਊ ਮਾਣ ਨਾਲ ਟਕਰਾਅ ’ਚ ਆ ਗਿਆ ਹੈ। ਆਖ਼ਰ ਨੂੰ ਆਰਥਿਕ ਸੰਕਟਾਂ ਨੇ ਹਿੰਦੂਤਵਾ ਸਿਆਸਤ ਦੀ ਹੂੰਝਾਫੇਰੂ ਮਾਰ ਨੂੰ ਕਮਜ਼ੋਰ ਕੀਤਾ ਹੈ ਤੇ ਇਸ ਹਾਲਾਤ ਦਾ ਮੁਲਕ ਦੀ ਸਿਆਸੀ ਜ਼ਿੰਦਗੀ ’ਚ ਮਹੱਤਵ ਵਧਣਾ ਹੈ। ਹਕੀਕੀ ਜਮਾਤੀ ਮੁੱਦਿਆਂ ’ਤੇ ਲੋਕਾਂ ਦਾ ਜ਼ਾਹਰ ਹੋਇਆ ਸਰੋਕਾਰ, ਲੋਕ ਸ਼ਕਤੀਆਂ ਲਈ ਧੜੱਲੇ ਦੇ ਪੈਂਤੜੇ ਤੋਂ ਲੋਕ ਸੰਘਰਸ਼ਾਂ ਦੀ ਉਸਾਰੀ ਕਰਨ ਦੀਆਂ ਹੋਰ ਬਿਹਤਰ ਗੁੰਜਾਇਸ਼ਾਂ ਨੂੰ ਦਰਸਾਉਂਦਾ ਹੈ। ਮੋਦੀ ਹਕੂਮਤ ਤੋਂ ਜ਼ਾਹਰ ਹੋਈ ਇਸ ਬੇਚੈਨੀ ਨੂੰ ਜਮਾਤੀ ਘੋਲਾਂ ਦੇ ਵੇਗ ’ਚ ਢਾਲੇ ਜਾਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਬੇਚੈਨੀ ਕਾਂਗਰਸ ਤੇ ਦੂਸਰੀਆਂ ਪਾਰਟੀਆਂ ਦੇ ਲੜ ਲੱਗ ਕੇ, ਉਸੇ ਬੇਵਸੀ ਨੂੰ ਹੰਢਾਉਂਦੀ ਹੈ ਜਿਸਨੂੰ ਉਹ ਪਿਛਲੇ 79 ਸਾਲਾਂ ਤੋਂ ਹੰਢਾਉਂਦੀ ਆ ਰਹੀ ਹੈ।

                                                                                    --0--

 

 

No comments:

Post a Comment