ਰਾਜਨਾਥ ਸਿੰਘ ਦਾ ਅਮਰੀਕਾ ਦੌਰਾ :-
ਅਮਰੀਕੀ ਸਮਰਾਜੀ ਜੰਗੀ ਵਿਉਂਤਾਂ ਨਾਲ ਨੱਥੀ ਹੋਣ ਦਾ ਸਫ਼ਰ ਜਾਰੀ
ਬੀਤੇ 24
ਅਗਸਤ ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚਾਰ ਰੋਜ਼ਾ ਸਰਕਾਰੀ ਅਮਰੀਕਾ ਦੌਰੇ
ਦੌਰਾਨ ਅਮਰੀਕਾ ਨਾਲ ਹਥਿਆਰਾਂ ਤੇ ਸੁਰੱਖਿਆ ਨਾਲ ਸਬੰਧਿਤ ਦੋ ਮਹਤੱਵਪੂਰਨ ਸਮਝੌਤੇ ਸਹੀਬੰਦ ਕੀਤੇ
ਜਿਹਨਾਂ ਨੂੰ ਅਮਰੀਕਾ ਤੇ ਭਾਰਤ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਫੌਜੀ ਸਾਂਝ ਦੀ ਅਗਲੀ ਕੜੀ
ਕਿਹਾ ਜਾ ਰਿਹਾ ਹੈ। ਪੈਂਟਾਗਨ ਦੇ ਇੱਕ ਸਾਬਕਾ ਅਧਿਕਾਰੀ ਮਾਇਕਲ ਰੂਬਿਨ ਨੇ ਇਸਨੂੰ ਭਾਰਤ -
ਅਮਰੀਕਾ ਸੁਰੱਖਿਆ ਸਬੰਧਾਂ ਦਾ ਨਵਾਂ ਅਧਿਆਇ ਕਿਹਾ ਹੈ। ਉਸਨੇ ਅੱਗੇ ਕਿਹਾ ਕਿ ਇਸ ਸਮਝੌਤੇ ਰਾਹੀਂ
ਭਾਰਤ ਨੇ ਇੱਕ ਕਰਾਮਾਤ ਕਰ ਦਿਖਾਈ ਹੈ। ਇੱਕ ਸਾਬਕਾ ਅਮਰੀਕੀ ਅਧਿਕਾਰੀ ਦੇ ਸ਼ਬਦਾਂ ’ਚੋਂ ਇਸ ਗੱਲ ਦੀ ਪੂਰੀ ਕਨਸੋਅ ਮਿਲਦੀ ਹੈ। ਇਸ ਸਮਝੌਤੇ ਰਾਹੀਂ ਭਾਰਤ
ਉਹ ਕੁਝ ਕਰਨ ਲਈ ਸਹਿਮਤ ਹੋਇਆ ਹੈ ਜਿਹੜਾ ਅਮਰੀਕਾ ਨੂੰ ਆਸ ਤੋਂ ਵੱਧ ਜਾਂ ਇੱਕ ਕਰਾਮਾਤ ਲੱਗਦਾ
ਹੈ।
ਰੱਖਿਆ ਮੰਤਰੀ
ਰਾਜਨਾਥ ਸਿੰਘ ਵਲੋਂ ਜਿਹੜੇ ਦੋ ਸਮਝੌਤੇ ਕੀਤੇ ਗਏ ਹਨ ਉਹਨਾਂ ’ਚੋਂ ਪਹਿਲਾ ਹੈ ਸਕਿਉਰਿਟੀ ਆਫ਼ ਸਪਲਾਈਜ਼ ਅਰੇਂਜਮੈਂਟ, ਜਿਸਨੂੰ ਸੋਸਾ (SOSA) ਦਾ ਨਾਮ ਦਿੱਤਾ ਗਿਆ ਹੈ। ਇਸ ਲੜੀ ਤਹਿਤ ਦੂਸਰਾ ਸਮਝੌਤਾ ਅਸਾਇਨਮੈਂਟ ਆਫ਼ ਲੀਆਇਜ਼ਨ ਆਫ਼ਿਸਰਜ਼
ਹੈ। ਪਹਿਲੇ ਸਮਝੌਤੇ ਤਹਿਤ ਭਾਰਤ ਤੇ ਅਮਰੀਕਾ ਨੇ ਇਸ ਗੱਲ ’ਤੇ ਸਹਿਮਤੀ
ਪ੍ਰਗਟ ਕੀਤੀ ਹੈ ਕਿ ਸ਼ਾਂਤੀ ਅਤੇ ਜੰਗ ਦੋਹਾਂ ਸਮਿਆਂ ਦੌਰਾਨ ਅਮਰੀਕੀ ਤੇ ਭਾਰਤੀ ਹਥਿਆਰ ਕੰਪਨੀਆਂ
ਇੱਕ ਦੂਜੇ ਕੋਲੋਂ ਪਹਿਲ ਦੇ ਅਧਾਰ ’ਤੇ ਸਪਲਾਈ
ਦੀ ਮੰਗ ਕਰ ਸਕਦੀਆਂ ਹਨ। ਭਾਵ ਦੋਹਾਂ ਮੁਲਕਾਂ ਦੀਆਂ ਹਥਿਆਰ ਕੰਪਨੀਆਂ ਆਪਣੇ ਦੂਜੇ ਸੌਦਿਆਂ ਜਾਂ
ਤਰਜੀਹਾਂ ਨੂੰ ਦਰਕਿਨਾਰ ਕਰਕੇ, ਦੋਹਾਂ
ਮੁਲਕਾਂ ਵਿਚਲੇ ਸੌਦਿਆਂ ਨੂੰ ਤਰਜੀਹ ਦੇ ਅਧਾਰ ’ਤੇ ਪੂਰਾ
ਕਰਨਗੀਆਂ। ਅਮਰੀਕਾ ਪਹਿਲਾਂ ਵੀ ਬਹੁਤ ਸਾਰੇ ਮੁਲਕਾਂ ਨਾਲ ਅਜਿਹੇ ਸਮਝੌਤੇ ਸਹੀਬੰਦ ਕਰ ਚੁੱਕਿਆ ਹੈ
ਤੇ ਭਾਰਤ ਇਸ ਲੜੀ ਵਿੱਚ 20ਵਾਂ ਦੇਸ਼ ਬਣ ਗਿਆ ਹੈ। ਇਸਤੋਂ ਪਹਿਲਾਂ ਇਸ ਲੜੀ ਵਿਚ ਕੈਨੇਡਾ, ਆਸਟਰੇਲੀਆ, ਬਰਤਾਨੀਆ, ਦੱਖਣੀ ਕੋਰੀਆ, ਜਪਾਨ ਵਰਗੇ
ਮੁਲਕ ਸ਼ਾਮਲ ਹਨ। ਦੂਜੇ ਸਮਝੌਤੇ ਤਹਿਤ ਭਾਰਤ ਤੇ ਅਮਰੀਕਾ ਆਪਣੇ ਮੁਲਕ ਦੇ ਫੌਜੀ ਅਫਸਰਾਂ ਨੂੰ
ਦੂਸਰੇ ਮੁਲਕ ਵਿਚ ਉੱਚ ਅਹੁਦਿਆਂ ’ਤੇ ਤਾਇਨਾਤ
ਕਰ ਸਕਣਗੇ ਤਾਂ ਕਿ ਦੋਹਾਂ ਮੁਲਕਾਂ ਵਿੱਚ ਫੌਜੀ ਸਹਿਯੋਗ ਵਧੇ ਤੇ ਉਹ ਇੱਕ ਦੂਜੇ ਦੇ ਤਜ਼ਰਬੇ ਤੋਂ
ਫ਼ਾਇਦਾ ਉਠਾ ਸਕਣ।
ਦੇਖਣ ਨੂੰ ਬਰਾਬਰੀ
ਦੇ ਅਧਾਰ ’ਤੇ ਕੀਤੇ ਇਹਨਾਂ ਸਮਝੌਤਿਆਂ ਦੇ ਪਿੱਛੇ
ਅਮਰੀਕਾ ਦੇ ਆਪਣੇ ਵਪਾਰਕ ਤੇ ਫੌਜੀ ਹਿੱਤ ਜੁੜੇ ਹੋਏ ਹਨ ਜਿਹਨਾਂ ਨੂੰ ਉਹ ਭਾਰਤ ਦੀ ਹਥਿਆਰ ਸਨਅਤ, ਭਾਰਤ ਦੀ ਧਰਤੀ ’ਤੇ ਫੌਜ ਦੀ
ਆਪਣੇ ਆਰਥਿਕ ਤੇ ਫੌਜੀ ਮਕਸਦਾਂ ਲਈ ਵਰਤੋਂ ਰਾਹੀਂ ਪੂਰਾ ਕਰਨਾ ਚਾਹੁੰਦਾ ਹੈ। ਇਹ ਗੱਲ ਪ੍ਰਤੱਖ ਹੈ
ਕਿ ਅਮਰੀਕਾ ਦੁਨੀਆਂ ਦੇ ਸਭ ਤੋਂ ਵੱਡੇ ਹਥਿਆਰ ਨਿਰਯਾਤਕਾਂ ਵਿਚੋਂ ਇੱਕ ਹੈ ਤੇ ਹਥਿਆਰ ਸਨਅਤ ਉਸਦੀ
ਆਮਦਨ ਦਾ ਵੱਡਾ ਹਿੱਸਾ ਹੈ। ਦੂਜੇ ਪਾਸੇ ਭਾਰਤ ਇਕ ਵੱਡਾ ਹਥਿਆਰ ਦਰਾਮਦਕਾਰ ਮੁਲਕ ਹੈ ਜਿਹੜਾ ਆਪਣੇ
ਕੁੱਲ ਘਰੇਲੂ ਉਤਪਾਦ ਦਾ ਤੀਜੇ ਨਾਲੋਂ ਵੀ ਵੱਧ ਹਿੱਸਾ ਰੱਖਿਆ ਉੱਪਰ ਖਰਚ ਕਰਦਾ ਹੈ। ਭਾਰਤ ਜਿਹਨਾਂ
ਮੁਲਕਾਂ ਤੋਂ ਹਥਿਆਰ ਖਰੀਦਦਾ ਹੈ ਉਹਨਾਂ ’ਚੋਂ ਇੱਕ
ਵੱਡਾ ਨਿਰਯਾਤਕ ਮੁਲਕ ਰੂਸ ਹੈ ਜੋ ਕਿ ਇਸ ਮਾਮਲੇ ’ਚ ਅਮਰੀਕਾ
ਦਾ ਰਿਵਾਇਤੀ ਸ਼ਰੀਕ ਹੈ। ਭਾਰਤ ਨਾਲ ਇਸ ਸਮਝੌਤੇ ਰਾਹੀਂ ਅਮਰੀਕਾ, ਭਾਰਤ ਦੀ ਹਥਿਆਰ ਦਰਾਮਦ ਵਿੱਚ ਆਪਣਾ ਹਿੱਸਾ ਵਧਾਉਣਾ ਚਾਹੁੰਦਾ ਹੈ।
ਜਿਵੇਂ ਕਿ ਮਾਇਕਲ ਰੂਬਿਨ ਨੋਟ ਕਰਦਾ ਹੈ ਕਿ ਇਹ ਸਮਝੌਤਾ ਭਾਰਤ ਦੇ ਰੂਸੀ ਫੌਜੀ ਸਪਲਾਈ ਦੇ ਇੱਕ
ਭਰੋਸੇਮੰਦ ਬਦਲ ਵਜੋਂ ਮਹਤੱਵਪੂਰਨ ਹੈ, ਖਾਸ ਕਰਕੇ
ਜਹਾਜ਼ ਇੰਜਣਾਂ ਅਤੇ ਮਿਜ਼ਾਇਲਾਂ ਦੀ ਸਪਲਾਈ ਦੇ ਮਾਮਲੇ ਵਿੱਚ। ਉਹ ਅੱਗੇ ਕਹਿੰਦਾ ਹੈ ਕਿ, ‘‘ਦੇਖਣਾ ਇਹ ਹੋਵੇਗਾ ਕਿ ਇਹਨਾਂ ਹਥਿਆਰਾਂ ਦਾ ਮਾਮਲਾ ਕਦੋਂ ਸੌਦੇਬਾਜੀ
ਦਾ ਮੁੱਦਾ ਬਣਦਾ ਹੈ।’’ ਉਹ ਇਸ ਗੱਲ
ਨੂੰ ਵੀ ਨੋਟ ਕਰਦਾ ਹੈ ਕਿ ਇਸ ਨਾਲ ਭਾਰਤ ਦੀ ਰੂਸ ਨਾਲ ਨੇੜਤਾ ਬਾਰੇ ਅਮਰੀਕੀ ਖਦਸ਼ੇ ਵੀ ਘਟ ਰਹੇ
ਹਨ।
ਦੂਜੇ ਪਾਸੇ ਜੇਕਰ
ਦੁਵੱਲੀ ਸਪਲਾਈ ਦੇ ਮਾਮਲੇ ’ਚ ਦੇਖਣਾ
ਹੋਵੇ ਤਾਂ ਭਾਰਤ ਦੀ ਹਥਿਆਰ ਸਨਅਤ ਏਨੀ ਉੱਨਤ ਨਹੀਂ ਕਿ ਅਮਰੀਕਾ ਵਰਗੇ ਮੁਲਕ ਨੂੰ ਹਥਿਆਰ ਵੇਚ ਕੇ
ਕੋਈ ਵੱਡੇ ਮੁਨਾਫ਼ੇ ਕਮਾ ਸਕੇ। ਇਹ ਸਗੋਂ ਅਮਰੀਕਾ ਦੀਆਂ ਹਥਿਆਰ ਸਨਅਤ ਦੀਆਂ ਲੋੜਾਂ ਦੀ ਪੂਰਤੀ ਲਈ
ਭਾਰਤ ਦੀ ਹਥਿਆਰ ਸਨਅਤ ਨੂੰ ਉਹਨਾਂ ਦੇ ਮਤਹਿਤ ਕਰਨ ਦਾ ਮਾਮਲਾ ਹੀ ਬਣਦਾ ਹੈ। ਇਸੇ ਪ੍ਰਸੰਗ ਵਿੱਚ
ਰਾਜਨਾਥ ਸਿੰਘ ਕਹਿੰਦਾ ਹੈ ਕਿ ਇਸ ਸਮਝੌਤੇ ਰਾਹੀਂ ਅਮਰੀਕਾ,
ਮੋਦੀ ਦੇ ‘ਮੇਕ ਇਨ ਇੰਡੀਆ’ ਦੇ ਸੱਦੇ ਤਹਿਤ ਭਾਰਤ ਅੰਦਰ ਆਪਣੇ ਹਥਿਆਰਾਂ ਦਾ ਨਿਰਮਾਣ ਕਰ ਸਕਦਾ ਹੈ।
ਇਸਦਾ ਮਤਲਬ ਇਹ ਬਣਦਾ ਹੈ ਕਿ ਅਮਰੀਕੀ ਹਥਿਆਰ ਸਨਅਤ ਭਾਰਤ ਦੀ ਸਸਤੀ ਕਿਰਤ ਸ਼ਕਤੀ ਨੂੰ ਆਪਣੀ
ਪੈਦਾਵਾਰ ਤੇ ਮੁਨਾਫ਼ੇ ਵਧਾਉਣ ਲਈ ਵਰਤ ਸਕਦੀ ਹੈ। ਇਸ ਨਾਲ ਮੋਦੀ ਦੇ ‘ਮੇਕ ਇਨ ਇੰਡੀਆ’ ਦਾ ਅਸਲਾ
ਵੀ ਜੱਗ ਜਾਹਰ ਹੋ ਜਾਂਦਾ ਹੈ ਕਿ ਸਾਮਰਾਜੀ ਹਿੱਤਾਂ ਲਈ ਭਾਰਤ ਦੀ ਕਿਰਤ ਸ਼ਕਤੀ ਨੂੰ ਪਰੋਸਣ ਤੋਂ
ਵਧਕੇ ਹੋਰ ਕੁਝ ਨਹੀਂ ਹੈ।
ਇਸ ਸਮਝੌਤੇ ਦਾ ਦੂਜਾ ਫੌਜੀ ਪੱਖ ਏਸ਼ੀਆ ਅਤੇ
ਦੁਨੀਆਂ ਅੰਦਰ ਚੀਨ ਦੇ ਵਧ ਰਹੇ ਪ੍ਰਭਾਵ ਤੇ ਇਸਦੇ ਅਮਰੀਕਾ ਨਾਲ ਤਿੱਖੇ ਹੋ ਰਹੇ ਵਿਰੋਧਾਂ ਦੇ
ਸੰਦਰਭ ’ਚ ਸਾਹਮਣੇ ਆਉਂਦਾ ਹੈ।
ਚੀਨ ਪਿਛਲੇ
ਸਾਲਾਂ ਤੋਂ ਲਗਾਤਾਰ ਅਮਰੀਕਾ ਦੀ ਆਰਥਿਕ ਤੇ ਫੌਜੀ ਚੌਧਰ ਨੂੰ ਚੁਣੌਤੀ ਦਿੰਦਾ ਆ ਰਿਹਾ ਹੈ ਤੇ
ਅਮਰੀਕਾ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਪਾਕਿਸਤਾਨ ਦੇ ਚੀਨ ਪੱਖੀ ਰੁਖ਼ ਕਾਰਨ ਉਹ ਹੁਣ ਅਮਰੀਕਾ
ਲਈ ਏਸ਼ੀਆ ’ਚ ਭਰੋਸੇਯੋਗ ਕਠਪੁਤਲੀ ਨਹੀਂ ਰਿਹਾ ਜਦੋਂ ਕਿ
ਭਾਰਤੀ ਹਾਕਮ ਇਹ ਰੋਲ ਅਖ਼ਤਿਆਰ ਕਰਨ ਲਈ ਲਗਾਤਾਰ ਤਰਲੋਮੱਛੀ ਹੁੰਦੇ ਆ ਰਹੇ ਹਨ। ਅਮਰੀਕਾ ਨਾਲ
ਪਰਮਾਣੂੰ ਸਮਝੌਤੇ ਤੋਂ ਲੈਕੇ ਦਰਜਨਾਂ ਹੋਰਨਾਂ ਸਮਝੌਤਿਆਂ ਰਾਹੀਂ ਭਾਰਤੀ ਹਾਕਮ ਇਹ ਸਾਬਤ ਕਰਨ ਦੀ
ਕੋਸ਼ਿਸ਼ ਕਰਦੇ ਆ ਰਹੇ ਹਨ ਕਿ ਚੀਨ ਨਾਲ ਨਜਿੱਠਣ ਲਈ ਅਮਰੀਕਾ ਉਹਨਾਂ ’ਤੇ ਭਰੋਸਾ ਕਰ ਸਕਦਾ ਹੈ। ਦੂਜੇ ਪਾਸੇ ਭਾਰਤ ਦੇ ਚੀਨ ਨਾਲ ਆਪਣੇ
ਮੱਤਭੇਦ ਵੀ ਲਗਾਤਾਰ ਤਿੱਖੇ ਹੋ ਰਹੇ ਹਨ, ਜਿਹਨਾਂ ਦਾ
ਸਿੱਟਾ ਪਿਛਲੇ ਸਮੇਂ ’ਚ ਚੀਨ ਨਾਲ
ਗੈਰ-ਹਥਿਆਰਬੰਦ ਝੜੱਪਾਂ ਤੇ ਲਗਾਤਾਰ ਚੱਲਦਾ ਆ ਰਿਹਾ ਸਰਹੱਦੀ ਵਿਵਾਦ ਹੈ। ਭਾਰਤੀ ਹਾਕਮ ਏਸ਼ੀਆ ਦੇ
ਥਾਣੇਦਾਰ ਬਣਨ ਦਾ ਸੁਪਨਾ ਪਾਲ ਰਹੇ ਹਨ ਪਰ ਦੂਜੇ ਪਾਸੇ ਆਰਥਿਕ ਤੇ ਫੌਜੀ ਪੱਖੋਂ ਚੀਨ ਨਾਲੋਂ ਸਾਡੇ
ਮੁਲਕ ਦੀ ਪੇਤਲੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਅਜਿਹੇ ਵਿਚ ਆਪਣੇ ਇਸ ਸੁਪਨੇ ਨੂੰ ਪੂਰਾ
ਕਰਨ ਲਈ ਉਹ ਅਮਰੀਕੀ ਮਦਦ ’ਤੇ ਟੇਕ
ਰੱਖ ਰਹੇ ਹਨ। ਜਿਵੇਂ ਕਿ ਵਾਸ਼ਿੰਗਟਨ ਵਿਚ ਇੱਕ ਸੀਨੀਅਰ ਅਮਰੀਕੀ ਸਲਾਹਕਾਰ ਰਿਚਰਡ ਰੋਸੋਵ ਇਸ
ਸਮਝੌਤੇ ਦੇ ਪ੍ਰਸੰਗ ਵਿੱਚ ਕਹਿੰਦਾ ਹੈ ਕਿ ਜਿਸ ਤਰ੍ਹਾਂ ਦੱਖਣੀ ਏਸ਼ੀਆ ਅੰਦਰ ਚੀਨ ਦਾ ਪ੍ਰਭਾਵ ਵਧ
ਰਿਹਾ ਹੈ, ਖਾਸ ਕਰ ਇਸਲਾਮਾਬਾਦ ਅਤੇ ਮਾਲਦੀਵਜ਼ ਅੰਦਰ, ਤਾਂ ਉਸਨੂੰ ਭਾਰਤ ਦੀ ਫੌਜੀ ਸਮਰੱਥਾ ’ਤੇ ਭਰੋਸਾ ਹੈ ਜਿਹੜਾ ਕਿ ਇੱਕ ਗੁਆਂਢੀ ਪਰਮਾਣੂੰ ਤਾਕਤ ਹੈ ਤੇ ਇਸ਼ਾਰਾ
ਕਰਦਾ ਹੈ ਕਿ ਸੋਸਾ ਸਮਝੌਤੇ ਦੀਆਂ ਸ਼ਰਤਾਂ ਨੂੰ ਭਾਰਤ - ਪਾਕਿਸਤਾਨ ਯੁੱਧ ਦੇ ਪ੍ਰਸੰਗ ਵਿਚ ਸ਼ਾਇਦ
ਹੀ ਲਾਗੂ ਕੀਤਾ ਜਾਵੇ। ਇਸਤੋਂ ਵੀ ਅੱਗੇ ਉਹ ਸਾਫ਼ ਕਹਿੰਦਾ ਹੈ, ‘‘ਚੀਨ ਭਾਰਤ ਦਾ ਇਕੋ ਇੱਕ ਵਿਰੋਧੀ ਹੈ ਜੋ
ਫੌਜੀ ਸਮਰੱਥਾ ’ਚ ਉਸਤੋਂ ਤਕੜਾ ਹੈ। ਸੋਸਾ ਸਮਝੌਤੇ ਦੀਆਂ
ਸ਼ਰਤਾਂ ਨੂੰ ਇੱਕ ਖਾਸ ਐਮਰਜੈਂਸੀ ਹਾਲਤ ਤੋਂ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ, ਇਸ ਲਈ ਜਦੋਂ ਮੈਂ ਇਸ ਸਮਝੌਤੇ ਬਾਰੇ ਸੋਚਦਾ ਹਾਂ ਤਾਂ ਪੱਕੇ ਤੌਰ ’ਤੇ ਮੇਰੇ ਦਿਮਾਗ ਵਿੱਚ ਚੀਨ ਹੀ ਆਉਂਦਾ ਹੈ।’’
ਇਸ ਤਰ੍ਹਾਂ ਰਾਜਨਾਥ ਸਿੰਘ ਵੱਲੋਂ ਕੀਤੇ ਇਹ ਦੋਹੇਂ ਸਮਝੌਤੇ ਭਾਰਤ ਦੀ
ਰੱਖਿਆ ਤੇ ਫੌਜੀ ਸਮਰੱਥਾ ਨੂੰ ਅਮਰੀਕੀ ਹਿੱਤਾਂ ਨਾਲ ਹੋਰ ਵੱਧ ਨਰੜ ਕਰਨ ਦੀ ਦਿਸ਼ਾ ਵਿਚ ਅਗਲਾ ਕਦਮ
ਹਨ। ਇਹ ਸੰਸਾਰ ਭਰ ਅੰਦਰ ਅਮਰੀਕੀ ਚੌਧਰ ਨੂੰ ਬਰਕਰਾਰ ਰੱਖਣ ਦੇ ਅਮਰੀਕਾ ਦੇ ਯਤਨਾਂ ਅਤੇ ਹਿੱਤਾਂ
ਲਈ ਭਾਰਤ ਦੇ ਫੌਜੀ ਤੇ ਆਰਥਿਕ ਹਿੱਤਾਂ ਨੂੰ ਦਾਅ ’ਤੇ ਲਾਉਣ
ਦਾ ਮਾਮਲਾ ਹੈ।
ਇਹ ਸਮਝੌਤਾ ਇਸ ਹਕੀਕਤ ਨੂੰ ਦਰਸਾਉਣ ਪੱਖੋਂ ਵੀ ਅਹਿਮ ਹੈ
ਕਿ ਭਾਰਤੀ ਹਾਕਮਾਂ ਨੇ ਅਜੇ ਸਾਮਰਾਜੀ ਪਾਲਾਬੰਦੀ ’ਚ ਰੂਸ ਵੱਲ
ਪਾਲਾ ਨਹੀਂ ਬਦਲਿਆ ਹੈ ਜਿਵੇਂ ਕਿ ਕੁੱਝ ਹਲਕਿਆਂ ਵੱਲੋਂ ਮੋਦੀ ਦੀ ਰੂਸ ਫੇਰੀ ਨੂੰ ਲੈ ਕੇ ਸਮਝਿਆ
ਜਾ ਰਿਹਾ ਹੈ। ਮੋਦੀ ਦੀ ਰੂਸ ਫੇਰੀ ਸਾਮਰਾਜੀ ਮੁਲਕਾਂ ਨਾਲ ਵਪਾਰ ਤੇ ਹੋਰਨਾਂ ਲੋੜਾਂ ਦੀ ਪੂਰਤੀ
ਲਈ ਚੱਲਦੇ ਰਾਬਤੇ ਦਾ ਹੀ ਸਿੱਟਾ ਸੀ ਜਿਸ ਵਿੱਚ ਰੂਸ ’ਤੇ ਕਈ
ਤਰ੍ਹਾਂ ਦੀ ਨਿਰਭਰਤਾ ਹੋਣਾ ਵੀ ਸ਼ਾਮਿਲ ਹੈ। ਮੋਦੀ ਦੀ ਇਹ ਫੇਰੀ ਅਮਰੀਕੀ ਸਮਰਾਜੀ ਮਹਾਂਸ਼ਕਤੀ ਦੀ
ਕਮਜ਼ੋਰੀ ਦਾ ਵੀ ਪ੍ਰਤੀਕ ਸੀ ਕਿ ਉਸਦੀ ਭਾਰਤੀ ਹਾਕਮਾਂ ਦੀ ਬਾਹ ਮਰੋੜਨ ਦੀ ਸਮਰੱਥਾ ਪਹਿਲਾਂ ਦੇ
ਮੁਕਾਬਲੇ ਮੱਧਮ ਪਈ ਹੈ ਤੇ ਭਾਰਤੀ ਹਾਕਮ ਵੀ ਅੰਤਰ
ਸਾਮਰਾਜੀ ਵਿਰੋਧਤਾਈ ਦੀ ਵਧੀ ਹੋਈ ਤਿੱਖ ਦੇ ਦਰਮਿਆਨ ਆਪਣੇ ਹਿੱਤਾਂ ਅਨੁਸਾਰ ਮੁਕਾਬਲਤਨ ਵਧੇਰੇ
ਸੌਦੇਬਾਜ਼ੀ ਦੀਆਂ ਗੁੰਜਾਇਸ਼ਾਂ ’ਚ ਹੋ ਗਏ
ਹਨ। ਇਹ ਚਾਲਬਾਜ਼ੀਆਂ ਸਾਮਰਾਜੀਆਂ ਨਾਲ ਰਿਸ਼ਤੇ ਦੇ ਅੰਦਰ-ਅੰਦਰ ਦੀਆਂ ਹੀ ਹਨ ਅਤੇ ਅਮਰੀਕੀ
ਸਾਮਰਾਜੀਏ ਵੀ ਅਜਿਹੀਆਂ ਛੋਟਾਂ ਦਿੰਦੇ ਰਹਿੰਦੇ ਹਨ। ਜਿਵੇਂ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ’ਚ ਅਜਿਹੀ ਛੋਟ ਦਿੱਤੀ ਗਈ ਸੀ ਤੇ ਰੂਸੀ ਤੇਲ ਵਾਇਆ ਭਾਰਤ ਹੋ ਕੇ ਯੂਰਪੀ
ਮੁਲਕਾਂ ਨੂੰ ਪਹੁੰਚਿਆ ਸੀ। ਪਰ ਇਸ ਸਭ ਕੁੱਝ ਦੇ ਬਾਵਜੂਦ ਭਾਰਤੀ ਹਾਕਮ ਅਜੇ ਅਮਰੀਕੀ ਕੈਂਪ ’ਚ ਖੜ੍ਹ ਰਹੇ ਹਨ ਤੇ ਇਸ ਨੇੜਤਾ ਪੱਖੋਂ ਹੋਰ ਅੱਗੇ ਵਧ ਰਹੇ ਹਨ।
ਇਸ ਸੱਜਰੇ ਸਮਝੌਤੇ ਦੇ ਭਾਰਤ ਦੀ ਜਨਤਾ ਲਈ ਇਸਦੇ ਸਿੱਟੇ ਹੋਰ ਵੀ ਭਿਆਨਕ ਹੋ ਸਕਦੇ ਹਨ, ਕਿਉਂਕਿ ਉਹਨਾਂ ਨੂੰ ਅਮਰੀਕੀ ਹਿੱਤਾਂ ਲਈ ਚੀਨ ਖ਼ਿਲਾਫ਼ ਜੰਗ ਦੀ ਭੱਠੀ ’ਚ ਝੋਕਿਆ ਜਾ ਸਕਦਾ ਹੈ। --0—
No comments:
Post a Comment