ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਸਟੀਚਿਊਐਂਟ ਕਾਲਜ ਦੇ ਗੈਸਟ
ਫੈਕਲਟੀ ਅਧਿਆਪਕਾਂ ਦਾ ਸੰਘਰਸ਼
ਪੰਜਾਬੀ
ਯੂਨੀਵਰਸਿਟੀ ਦੇ 14 ਕੰਸਟੀਚਿਊਐਂਟ ਕਾਲਜ ਤੇ ਪੰਜ ਨੇਬਰ ਹੁੱਡ ਕੈਂਪਸਾਂ ਵਿੱਚ ਪਿਛਲੇ ਲੰਬੇ ਸਮੇਂ
ਤੋਂ ਕੰਮ ਕਰ ਰਹੇ 300 ਦੇ ਕਰੀਬ ਗੈਸਟ ਫੈਕਲਟੀ ਅਧਿਆਪਕ ਸੰਘਰਸ਼ ਦੇ ਰਾਹ ’ਤੇ ਹਨ।
ਸਹਾਇਕ ਪ੍ਰੋਫੈਸਰ
(ਗੈਸਟ ਫੈਕਲਟੀ) ਯੂਨੀਅਨ ਕੰਸਟੀਚਿਊਐਂਟ ਕਾਲਜ ਅਤੇ ਨੇਬਰਹੁੱਡ ਕੈਂਪਸ ਵੱਲੋਂ ਆਪਣੇ ਕੱਚੇ ਰੁਜ਼ਗਾਰ
ਨੂੰ ਬਚਾਉਣ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਪੱਕਾ ਧਰਨਾ
ਲਾਇਆ ਹੋਇਆ ਹੈ। 2012 ਦੇ ਵਿੱਚ ਪਛੜੇ ਖੇਤਰਾਂ ਦੇ ਵਿੱਚ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਖੋਲ੍ਹੇ
ਗਏ ਇਹਨਾਂ ਕਾਲਜਾਂ ਨੂੰ ਸ਼ੁਰੂਆਤ ਤੋਂ ਹੀ ਪੱਕੀ ਭਰਤੀ ਕਰਨ ਦੀ ਬਜਾਏ ਇਹਨਾਂ ਕੱਚੇ ਅਧਿਆਪਕਾਂ ਦੇ
ਸਿਰ ’ਤੇ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ
ਇਹਨਾਂ ਕੰਸਟੀਚਿਊਐਂਟ ਕਾਲਜਾਂ ਦੀ 75 ਤੋਂ 80% ਫੈਕਲਟੀ ਗੈਸਟ ਫੈਕਲਟੀ ਹੀ ਹੈ। ਸ਼ੁਰੂਆਤ ਦੇ ਕੁਝ
ਸਾਲਾਂ ਅੰਦਰ ਇਹਨਾਂ ਅਧਿਆਪਕਾਂ ਨੂੰ ਸਿਰਫ ਸੱਤ ਤੋਂ ਅੱਠ ਮਹੀਨੇ ਲਈ ਰੱਖਿਆ ਜਾਂਦਾ ਸੀ ਤੇ ਪ੍ਰਤੀ
ਲੈਕਚਰ ਮਿਹਨਤਾਨਾ ਦੇ ਹਿਸਾਬ ਨਾਲ ਵੱਧ ਤੋਂ ਵੱਧ 30000 ਮਿਹਨਤਾਨਾ ਸੀ ਅਤੇ ਹਰ ਸਾਲ ਇੰਟਰਵਿਊ ਲੈ ਕੇ ਨਵੇਂ ਸਿਰੇ ਤੋਂ ਨਿਯੁਕਤੀ ਕੀਤੀ
ਜਾਂਦੀ ਸੀ। ਸਾਲ 2018 ਤੋਂ ਇਹਨਾਂ ਅਧਿਆਪਕਾਂ ਦੀ ਹਰ ਸਾਲ ਵਾਲੀ ਇੰਟਰਵਿਊ ਬੰਦ ਕਰ ਦਿੱਤੀ ਗਈ ਤੇ
ਸੁਪਰੀਮ ਕੋਰਟ, ਹਾਈ ਕੋਰਟ ਦੇ ਬਹੁਤ ਸਾਰੇ ਫੈਸਲਿਆਂ ਤੇ
ਪੰਜਾਬ ਦੇ ਸਰਕਾਰੀ ਕਾਲਜਾਂ ਦੀ ਗੈਸਟ ਫੈਕਲਟੀ ਦੀਆਂ ਸੇਵਾਵਾਂ ਦੇ ਮੁਤਾਬਕ ਹੀ ਇਹਨਾਂ ਨੂੰ ਵੀ
ਲਗਾਤਾਰ ਰੱਖਿਆ ਜਾਣ ਲੱਗਿਆ। ਸਾਲ 2022 ਦੇ ਵਿੱਚ ਇਹਨਾਂ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਦੇ
ਵਿੱਚ 55 ਦਿਨ ਲਗਾਤਾਰ ਸੰਘਰਸ਼ ਲੜਿਆ ਗਿਆ। ਪੱਕੇ ਧਰਨੇ ਦੇ ਨਾਲ ਭੁੱਖ ਹੜਤਾਲ ’ਤੇ ਵੀ ਅਧਿਆਪਕ ਬੈਠੇ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੀ
ਸਿੰਡੀਕੇਟ ਵੱਲੋਂ ਇਹਨਾਂ ਦੀਆਂ ਸੇਵਾਵਾਂ ਨੂੰ 12 ਮਹੀਨਿਆਂ ਲਈ ਕਰ ਦਿੱਤਾ ਗਿਆ ਤੇ ਅੱਠ ਮਹੀਨਿਆਂ
ਲਈ 35000 ਤੇ ਬਾਕੀ ਬਚਦੇ ਚਾਰ ਮਹੀਨਿਆਂ ਲਈ 20 ਹਜਾਰ ਮਿਹਨਤਾਨਾ ਤੈਅ ਕੀਤਾ ਗਿਆ।
ਪ੍ਰੰਤੂ ਆਪ
ਸਰਕਾਰ ਵੱਲੋਂ ਲਾਏ ਗਏ ਕਾਰਜਕਾਰੀ ਵੀ. ਸੀ. ਕੇ.
ਕੇ. ਯਾਦਵ ਵੱਲੋਂ ਇਸ ਸੈਸ਼ਨ ਦੇ ਸ਼ੁਰ ਹੋਣ ’ਤੇ ਇਹਨਾਂ
ਅਧਿਆਪਕਾਂ ਨੂੰ ਪਿਛਲੇ ਸਾਲਾਂ ਤੋਂ ਲਗਾਤਾਰ ਦਿੱਤੀ ਜਾ ਰਹੀ ਪ੍ਰਵਾਨਗੀ ਨੂੰ ਅੱਗੇ ਵਧਾਉਣ ਦੀ
ਬਜਾਏ ਨਵੇਂ ਸਿਰੇ ਤੋਂ ਇਹਨਾਂ ਦੀ ਇੰਟਰਵਿਊ ਲੈਣ ਦਾ ਤਾਨਾਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਗਿਆ
ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਲਏ ਗਏ ਫੈਸਲੇ ਤੇ ਵੱਖ ਵੱਖ ਸਮੇਂ ਦੇਸ਼
ਦੀਆਂ ਅਦਾਲਤਾਂ ਵੱਲੋਂ ਦਿੱਤੇ ਗਏ ਫੈਸਲਿਆਂ ਦੀ ਸਿੱਧੀ ਉਲੰਘਣਾ ਹੈ।
ਇਸ
ਤਾਨਾਸ਼ਾਹੀ ਫੁਰਮਾਨ ਦੇ ਖ਼ਿਲਾਫ਼ ਇਹਨਾਂ ਕਾਲਜਾਂ ਤੇ ਨੇਬਰਹੁੱਡ ਕੈਂਪਸਾਂ ’ਚ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ
ਗਿਆ ਜੋ ਪਿਛਲੇ ਇੱਕ ਮਹੀਨੇ ਤੋਂ ਜਾਰੀ ਹੈ। ਇਸੇ ਦੌਰਾਨ ਇਹਨਾਂ ਅਧਿਆਪਕਾਂ ਵਿੱਚੋਂ ਹੀ ਛੇ
ਅਧਿਆਪਕ ਔਰਤਾਂ ਨੇ ਚਾਰ ਦਿਨ ਲਈ ਯੂਨੀਵਰਸਿਟੀ ਦੇ ਵੀ ਸੀ ਆਫਿਸ ਦੀ ਛੱਤ ’ਤੇ ਵੀ ਪ੍ਰਦਰਸ਼ਨ ਕੀਤਾ। ਹਾਲਾਂਕਿ ਉਹਨਾਂ ਨੂੰ ਆਪ ਸਰਕਾਰ ਦੇ ਸਿਹਤ
ਮੰਤਰੀ ਬਲਵੀਰ ਸਿੰਘ ਜੋ ਪਟਿਆਲਾ ਹਲਕੇ ਤੋਂ ਐਮ ਐਲ ਏ ਨੇ ਉਹਨਾਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ
ਬਾਅਦ ਛੱਤ ਤੋਂ ਉਤਾਰ ਲਿਆ ਗਿਆ, ਪ੍ਰੰਤੂ
ਅਜੇ ਤੱਕ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਤੇ ਇਹਨਾਂ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ ਇਹਨਾਂ
ਅਧਿਆਪਕਾਂ ਦੇ ਸੰਘਰਸ਼ ਨੇ ਪੰਜਾਬ ਦੇ ਲੋਕਾਂ ਦੇ ਅੰਦਰ ਉਚੇਰੀ ਸਿੱਖਿਆ ਵਿੱਚ ਨਿੱਜੀਕਰਨ ਦੇ ਸਭ
ਤੋਂ ਤਿੱਖੇ ਤੇ ਤੇਜ਼ ਹਮਲੇ ਦੀ ਚਰਚਾ ਛੇੜੀ ਹੈ।
No comments:
Post a Comment