Thursday, September 12, 2024

ਲਿਨਫੌਕਸ ਮਜਦੂਰਾਂ ਦਾ ਲੰਮਾ ਸੰਘਰਸ਼ ਤੇ ਅਹਿਮ ਪ੍ਰਾਪਤੀਆਂ

ਲਿਨਫੌਕਸ ਮਜਦੂਰਾਂ ਦਾ ਲੰਮਾ ਸੰਘਰਸ਼ ਤੇ ਅਹਿਮ ਪ੍ਰਾਪਤੀਆਂ

ਖੰਨਾ ਇਲਾਕੇ ਦੇ ਪਿੰਡ ਮੋਹਨਪੁਰ ਚ ਸਥਿਤ ਲਿਨਫੌਕਸ ਇੰਡੀਆ (ਹਿੰਦੁਸਤਾਨ ਲੀਵਰ) ਕੰਪਨੀ ਦੇ ਪ੍ਰਬੰਧਕ ਪਿਛਲੇ ਸਾਲ ਤੋਂ  ਸਥਾਨਕ ਡਿਪੂ ਨੂੰ ਬੰਦ ਕਰਕੇ ਇਹੋ ਕਾਰੋਬਾਰ ਰਾਜਪੁਰੇ ਤਬਦੀਲ ਕਰਨ ਲੱਗੇ ਹੋਏ ਸਨ। 2006 ਤੋਂ ਲਗਾਤਾਰ ਕੰਮ ਕਰਦੇ ਆ ਰਹੇ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਨੂੰ ਰਾਜਪੁਰੇ ਨਵੇਂ ਡਿਪੂ ਚ ਲਿਜਾਣ ਦੀ ਬਜਾਏ ਪ੍ਰਬੰਧਕਾਂ ਨੇ ਹੋਰ ਸੁਪਰ-ਮੁਨਾਫ਼ੇ ਕਮਾਉਣ ਦੇ ਮਨਸ਼ੇ ਨਾਲ ਨਵੀਂ ਠੇਕਾ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਮਿਆਂ ਦੇ ਰੁਜ਼ਗਾਰ, ਸੇਵਾ ਸ਼ਰਤਾਂ, ਕਾਨੂੰਨੀ ਅਧਿਕਾਰਾਂ ਦੀ ਗਰੰਟੀ ਕਰੇ ਬਿਨਾਂ ਗੈਰ-ਕਾਨੂੰਨੀ ਤੌਰ ਤੇ ਡਿਪੂ ਨੂੰ ਬੰਦ ਕਰਨ ਖ਼ਿਲਾਫ਼, ਆਪਣੀ ਰੋਜ਼ੀ-ਰੋਟੀ ਤੇ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਲਈ ਮਜ਼ਦੂਰਾਂ ਨੇ ਛੋਟੀ ਤਾਕਤ ਦੇ ਬਾਵਜੂਦ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.) ਲੁਧਿਆਣਾ ਦੀ ਲੀਡਰਸ਼ਿਪ ਦੇ ਸਹਿਯੋਗ ਨਾਲ 5-6 ਮਹੀਨੇ ਲਗਾਤਾਰ ਪ੍ਰੀਵਾਰਾਂ ਸਮੇਤ  ਲੰਮਾ ਤੇ ਸਿਰੜੀ ਘੋਲ ਲੜ ਕੇ ਅਹਿਮ ਪ੍ਰਾਪਤੀਆਂ ਕੀਤੀਆਂ।

ਪ੍ਰਬੰਧਕਾਂ ਨੇ  ਜੂਨ-ਜੁਲਾਈ 2023ਚ ਰਾਜਪੁਰੇ ਨਵੇਂ ਸਥਾਪਤ ਡਿੱਪੂ ਚ ਨਵੀਂ ਠੇਕਾ ਭਰਤੀ ਸ਼ੁਰੂ ਕਰ ਦਿੱਤੀ ਅਤੇ ਦਫ਼ਤਰ ਸਟਾਫ਼ ਸਮੇਤ ਕੁਝ ਰੈਗੂਲਰ ਕਰਮਚਾਰੀਆਂ ਨੂੰ ਲਿਜਾਣਾ ਸ਼ੁਰੂ ਕਰ ਦਿਤਾ। ਇਥੋਂ ਕੰਮ ਘਟਣਾ ਸ਼ੁਰੂ ਹੋ ਗਿਆ, ਸਮਾਨ ਦੀ ਢੋਆ-ਢੁਆਈ ਕਰਨ ਵਾਲੇ ਟਰਾਂਸਪੋਰਟ/ ਡਰਾਈਵਰ ਵਗੈਰਾ ਵੀ ਰਾਜਪੁਰੇ ਜਾਣ ਲੱਗੇ। ਕੰਪਨੀ ਇੱਥੋਂ ਸ਼ਿਫਟ ਹੋ ਰਹੀ ਹੈ, ਬੰਦ ਹੋ ਰਹੀ ਹੈ ਜਾਂ ਦੋਵੇਂ ਡਿੱਪੂ ਚੱਲਣਗੇ, ਕੰਪਨੀ ਕਿੰਨੇ ਵਰਕਰਾਂ ਨੂੰ ਲੈ ਕੇ ਜਾਵੇਗੀ, ਕਿਹੜੀਆਂ ਸ਼ਰਤਾਂ ਤੇ ਜਾਣਾ ਆਦਿ ਸੁਆਲ ਉੱਠਣ ਲੱਗੇ। ਇਹਨਾਂ ਸੁਆਲਾਂ ’ਤੇ ਭਰਵੀਂ ਮੀਟਿੰਗ ਕਰਵਾ ਕੇ ਮੈਨੇਜਮੈਂਟ ਤੋਂ ਸਪਸ਼ਟੀਕਰਨ ਮੰਗਿਆ ਗਿਆ। ਦਸਖਤੀ ਮੁਹਿੰਮ ਚਲਾ ਕੇ ਮੈਨੇਜਮੈਂਟ ਨੂੰ ਸਪਸ਼ਟੀਕਰਨ ਲਈ ਪੱਤਰ ਦਿੱਤਾ ਗਿਆ। ਮੈਨੇਜਮੈਂਟ ਨੇ ਵਾਰ ਵਾਰ ਮੀਟਿੰਗਾਂ ਕਰਕੇ ਭਰੋਸਾ ਦਿਵਾਇਆ ਅਸੀਂ ਡਿੱਪੂ ਬੰਦ ਨਹੀਂ ਕਰ ਰਹੇ , ਤੁਹਾਡੇ ਰੁਜ਼ਗਾਰ ਨੂੰ ਕੋਈ ਆਂਚ ਨਹੀਂ ਆਵੇਗੀ। ਪ੍ਰੰਤੂ ਪ੍ਰਬੰਧਕਾਂ ਨੇ ਲੇਬਰ ਲਗਾਤਾਰ ਘਟਾਉਣੀ ਜਾਰੀ ਰੱਖੀ ਤੇ ਡਿੱਪੂ ਖਾਲੀ ਹੋਣ ਦੇ ਕਗਾਰ ਤੇ ਪਹੁੰਚਣ ਤੇ ਪ੍ਰਬੰਧਕਾਂ ਦੇ ਨਾਲ ਨਾਲ ਅਕਤੂਬਰ ਦੇ ਦੂਜੇ ਹਫਤੇ ਸਬੰਧਤ ਕਿਰਤ ਇਨਸਪੈਕਟਰ , ਐਸ ਡੀ ਐਮ ਸਾਹਿਬ ਤੇ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੂੰ ਪ੍ਰਬੰਧਕਾਂ ਦੇ ਗੈਰ-ਕਾਨੂੰਨੀ ਅਮਲ ਨੂੰ ਰੋਕਣ, ਮਜ਼ਦੂਰਾਂ ਦੀਆ ਵਿਆਪਕ ਛਾਂਟੀਆਂ ਦੇ ਖਦਸ਼ੇ ਨੂੰ ਰੋਕਣ ਸਬੰਧੀ ਸ਼ਿਕਾਇਤਾਂ/ਮੰਗਪੱਤਰ ਦਿੱਤੇ ਗਏ। ਕਿਰਤ ਇਨਸਪੈਕਟਰ ਸਾਹਿਬ ਵੱਲੋਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਰਨ ਦੇ ਬਾਵਜੂਦ ਅੰਤ 22 ਨਵੰਬਰ ਨੂੰ ਇਕ ਨੋਟਿਸ ਜਾਰੀ ਕਰਕੇ 20 ਦਸੰਬਰ ਤੱਕ ਸਥਾਨਕ ਡਿੱਪੂ ਨੂੰ ਮੁਕੰਮਲ ਬੰਦ ਕਰਨ ਦਾ ਫੁਰਮਾਨ ਸੁਣਾ ਦਿੱਤਾ। ਨੋਟਿਸ ਵਿਚ ਡਿੱਪੂ ਨੂੰ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਤੇ ਨਾ ਹੀ ਮੁਲਾਜਮਾਂ ਦੇ ਰੁਜ਼ਗਾਰ ਤੇ ਬਣਦੇ ਹਿਸਾਬ ਦੇਣ ਦਾ ਕੋਈ ਜਿਕਰ ਕੀਤਾ। ਹੁਣ ਪ੍ਰਬੰਧਕਾਂ ਦੀ ਧੋਖੇਭਰੀ ਖੇਡ ਜੱਗ ਜਾਹਰ ਹੋ ਗਈ ਤੇ ਮਜ਼ਦੂਰ ਮਾਲਕੀ ਮੈਨੇਜਮੈਂਟ ਦਾ ਦੁਸ਼ਮਣਾਨਾ ਰਿਸ਼ਤਾ ਵੀ ਜਾਹਰ ਹੋ ਗਿਆ। ਮੌਕੇ ਤੇ ਡਿਊਟੀ ਤੇ ਮੌਜੂਦ ਸਮੂਹ ਕੱਚੇ-ਪੱਕੇ ਮਜਦੂਰਾਂ ਨੇ ਮੈਨੇਜਮੈਂਟ ਦਾ ਘਿਰਾਓ ਕਰਕੇ ਮਜਦੂਰ ਮਾਰੂ ਫੈਸਲੇ ਦਾ ਵਿਰੋਧ ਕਰਦੇ ਹੋਏ ਇਸ ਹਮਲੇ ਖ਼ਿਲਾਫ਼ ਸੰਘਰਸ਼ ਕਰਨ ਦਾ ਚਿਤਾਵਨੀ ਪੱਤਰ ਦੇ ਦਿਤਾ।

ਪ੍ਰਬੰਧਕਾਂ ਦੀ ਗੈਰ-ਕਾਨੂੰਨੀ ਤਾਲਾਬੰਦੀ ਖ਼ਿਲਾਫ਼ ਮਜ਼ਦੂਰ ਸੰਘਰਸ਼ ਤੇਜ਼ ਹੋਇਆ

          ਪ੍ਰਬੰਧਕਾਂ ਦੀ ਗੈਰ-ਕਾਨੂੰਨੀ ਤਾਲਾਬੰਦੀ ਖ਼ਿਲਾਫ਼ ਆਪਣੀ ਰੋਜ਼ੀ-ਰੋਟੀ ਤੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਲਈ ਸਮੂਹ ਪ੍ਰਭਾਵਤ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ, ਲੋਡਿੰਗ ਤੇ ਅਨਲੋਡਿੰਗ ਕਰਨ ਵਾਲੀ ਲੇਬਰ, ਸਫਾਈ ਸੇਵਕਾਂ ਤੇ ਆਊਟ ਸੋਰਸ ਸਕਿਊਰਿਟੀ ਗਾਰਡਾਂ ਸਮੇਤ 9 ਮੈਂਬਰੀ ਕਮੇਟੀ ਰਾਹੀਂ ਸੰਘਰਸ਼ ਦਾ ਬਿਗਲ ਵਜਾਇਆ। ਇਸ ਦੇ ਨਾਲ ਹੀ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ/ ਲੋਕ-ਮਾਰੂ ਨੀਤੀਆਂ, ਨਵੇਂ ਕਿਰਤ ਕੋਡ, 12 ਘੰਟੇ ਕੰਮ ਦਿਹਾੜੀ ਦਾ ਨੋਟੀਫਿਕੇਸ਼ਨ, ਨਿੱਜੀਕਰਨ , ਠੇਕਾ ਭਰਤੀ / ਆਊਟ ਸੋਰਸਿੰਗ ਨੂੰ ਰੱਦ ਕਰਨ , ਸਭਨਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਗੁਜਾਰੇਯੋਗ ਤਨਖਾਹਾਂ, ਪੈਨਸ਼ਨਾਂ , ਬੇਰੁਜਗਾਰੀ ਮੁਆਵਜ਼ਾ ਆਦਿ ਦੇਣ ਦੀਆਂ ਮੰਗਾਂ ਸਬੰਧੀ ਕੰਪਨੀ ਗੇਟ, ਸਬੰਧਤ ਕਿਰਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ , ਹਲਕਾ ਵਿਧਾਇਕ, ਪੰਜਾਬ ਸਰਕਾਰ ਨੂੰ ਲਗਾਤਾਰ ਸੰਘਰਸ਼ ਕੇਂਦਰ ਬਣਾ ਕੇ ਦਬਾਅ ਲਾਮਬੰਦ ਕੀਤਾ। ਕੰਪਨੀ ਦੀ ਤਾਲਾਬੰਦੀ ਨਾਲ ਜੁੜੇ ਫੌਰੀ ਮਸਲਿਆਂ ਤੇ, ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਗਤ ਮੰਗਾਂ ਸਬੰਧੀ ਮੰਗ-ਪੱਤਰ ਤੇ ਵਿਰੋਧ ਪ੍ਰਦਰਸ਼ਨ ਕੀਤੇ। ਭਾਵੇਂ ਕੰਪਨੀ ਪ੍ਰਬੰਧਕਾਂ ਨੇ ਦਸੰਬਰ ਮਹੀਨੇ ਠੇਕੇਦਾਰਾਂ ਦੀ ਲੇਬਰ ਤੇ ਕੰਟਰੈਕਟ ਕਰਮਚਾਰੀਆਂ ਦਾ  ਇਕਪਾਸੜ ਤੌਰ ਤੇ ਹਿਸਾਬ ਮੁਕਾ ਦਿੱਤਾ ਸੀ, ਪਰ ਉਹ ਗੱਲਬਾਤ ਕਰਨ ਰਾਹੀਂ ਮਸਲਾ ਨਿਬੇੜਨ ਤੋਂ ਲਗਾਤਾਰ ਟਾਲਮਟੋਲ ਕਰ ਰਹੇ ਸਨ। ਆਖ਼ਰ 9 ਜਨਵਰੀ 2024 ਨੂੰ ਕੰਪਨੀ ਪ੍ਰਬੰਧਕਾਂ ਦਾ ਸੰਕੇਤਕ ਘਿਰਾਓ ਕੀਤਾ ਗਿਆ। ਪ੍ਰਬੰਧਕਾਂ ਨੇ ਜਾਨ ਨੂੰ ਖਤਰੇ ਦੀ ਦੁਹਾਈ ਪਾ ਕੇ ਜਿੱਥੇ ਪੁਲਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਉਥੇ ਚਲਦੀ ਵਾਰਤਾਲਾਪ ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਅਤੇ ਰੈਗੂਲਰ ਕਿਰਤੀਆਂ ਦੇ ਵੀ ਇੱਕਪਾਸੜ ਫੁੱਲ ਐਂਡ ਫਾਈਨਲਹਿਸਾਬ ਖਾਤਿਆਂ ਚ ਭੇਜ ਦਿੱਤੇ ਤਾਂ ਜੋ ਕਿਰਤੀਆਂ ਦੀ ਮੁੱਖ ਮੰਗ, ਰਾਜਪੁਰੇ ਚ ਪੱਕਾ ਰੁਜ਼ਗਾਰ ਜਾਂ ਬੇਰੁਜ਼ਗਾਰੀ ਦਾ ਯੋਗ ਮੁਆਵਜ਼ਾ, ਨੂੰ ਹੜੱਪਿਆ ਜਾ ਸਕੇ।

          ਪੱਕੇ ਰੁਜ਼ਗਾਰ ਜਾਂ ਬੇਰੁਜ਼ਗਾਰੀ ਦੇ ਯੋਗ ਮੁਆਵਜ਼ੇ ਸਣੇ ਪੈਂਡਿੰਗ ਮਸਲਿਆਂ ਦੇ ਨਿਬੇੜੇ ਲਈ ਸੰਘਰਸ਼ ਦੇ ਤੀਜੇ ਤੇ ਸਿਖਰਲੇ ਪੜਾਅ ਤੇ ਮਜ਼ਦੂਰ ਪਰਿਵਾਰਾਂ ਦੇ ਮੈਂਬਰਾਂ ਔਰਤਾਂ ਤੇ ਬੱਚਿਆਂ ਸਮੇਤ 25 ਜਨਵਰੀ ਨੂੰ ਰਾਜਪੁਰਾ-ਚੰਡੀਗੜ੍ਹ ਰੋਡ ਤੇ ਸਥਿਤ ਜੇ ਪੀ ਵੇਅਰ ਹਾਊਸ / ਲਿਨਫੌਕਸ ਕੰਪਨੀ ਗੇਟ ਤੇ ਸੰਕੇਤਕ ਧਰਨਾ ਦੇਣ ਤੇ 2 ਫਰਵਰੀ ਨੂੰ ਲੁਧਿਆਣਾ ਸਹਾਇਕ ਲੇਬਰ ਕਮਿਸ਼ਨਰ ਦੀ ਹਾਜ਼ਰੀ ਚ ਨਿਬੇੜਨ ਦਾ ਲਿਖਤੀ ਭਰੋਸਾ ਦਿਤਾ। ਪਰੰਤੂ ਉਥੇ ਵੀ ਵਾਜਬ ਨਿਪਟਾਰਾ ਕਰਨ ਦੀ ਬਜਾਏ ਪ੍ਰਬੰਧਕਾਂ ਨੇ ਅਦਾਲਤੀ ਕੇਸਾਂ ਚ ਉਲਝਾਉਣ ਲਈ ਇਕ ਪਾਸੇ 20 ਫਰਵਰੀ ਦੀ ਲੰਮੀ ਤਰੀਕ ਰੱਖ ਲਈ ਤੇ ਦੂਜੇ ਪਾਸੇ ਸੰਘਰਸ਼ਸ਼ੀਲ ਮਜ਼ਦੂਰਾਂ ਦੇ 9 ਲੀਡਰਾਂ ਸਣੇ ਯੂਨੀਅਨ ਪ੍ਰਤੀਨਿਧਾਂ ਖ਼ਿਲਾਫ਼ ਰਾਜਪੁਰਾ ਸਿਵਲ ਅਦਾਲਤ ਕੋਲ ਗੇਟ ਤੇ ਧਰਨਾ ਪ੍ਰਦਰਸ਼ਨ ਰੋਕਣ ਲਈ 200 ਮੀਟਰ ਦੀ ਦੂਰੀ ਅਦਾਲਤੀ ਸਟੇਅ ਦੀ ਅਰਜੀ ਦਾਇਰ ਕਰ ਦਿੱਤੀ ਜਿਸ ਦੀ ਪੇਸ਼ੀ ਲਈ 17 ਫਰਵਰੀ ਦੀ ਤਾਰੀਕ ਸੀ। ਫਰਵਰੀ ਮਹੀਨੇ ਹੋਰਨਾਂ ਵੱਖ-ਵੱਖ ਸੰਘਰਸ਼ ਸਰਗਰਮੀਆਂ ਦੇ ਰੁਝੇਵਿਆਂ ਦੇ ਬਾਵਜੂਦ 17 ਫਰਵਰੀ ਨੂੰ ਰਾਜਪੁਰਾ ਸਿਵਲ ਕੋਰਟ ਚ ਹਾਜ਼ਰੀ ਲਵਾਉਣ ਦੇ ਉਪਰੰਤ ਰਾਜਪੁਰਾ ਕੰਪਨੀ ਗੇਟ ਤੇ ਧਰਨਾ ਪ੍ਰਦਰਸ਼ਨ ਕੀਤਾ। ਅਤੇ ਕੰਪਨੀ ਪ੍ਰਬੰਧਕਾਂ ਦੇ ਜਾਬਰ ਹਮਲੇ ਦਾ ਠੋਕਵਾਂ ਜਵਾਬ ਦੇਣ ਦਾ ਫੈਸਲਾ ਕੀਤਾ। ਫੁੱਲ ਐਂਡ ਫਾਈਨਲਹਿਸਾਬ ਦੇ ਪੈਸਿਆਂ ਚੋਂ 2000 ਰੁ. ਪ੍ਰਤੀ ਰੈਗੂਲਰ ਵਰਕਰ ਫੰਡ ਇਕਠਾ ਕਰਕੇ ਘੱਟੋ ਘੱਟ ਹਫਤਾ ਭਰ ਦਿਨ-ਰਾਤ ਦਾ ਪੱਕਾ ਮੋਰਚਾ ਲਾਉਣ ਦੀ ਤਿਆਰੀ ਤਹਿਤ 160-170 ਦੇ ਕਰੀਬ ਮਜ਼ਦੂਰ ਆਪਣੇ ਪਰਿਵਾਰਾਂ, ਔਰਤਾਂ ਬਚਿਆਂ ਸਮੇਤ ਇਕ ਵਿਸ਼ਾਲ ਕਾਫਲਾ ਬਣਾ ਕੇ ਭੁਮੱਦੀ ਰੋਡ (ਖੰਨਾ) ਫੈਕਟਰੀ ਨੇੜਿਓਂ ਇਨਕਲਾਬੀ ਨਾਹਰਿਆਂ ਤੇ ਜੈਕਾਰਿਆਂ ਦੀ ਗੂੰਜ ਚ ਰਵਾਨਾ ਹੋਇਆ। ਕਾਫਲੇ ਦੇ ਰਾਜਪੁਰੇ ਕੰਪਨੀ ਗੇਟ ਤੇ ਪਹੁੰਚਣ ਤੋਂ ਪਹਿਲਾਂ ਹੀ ਫਤਿਹਗੜ੍ਹ ਜਿਲ੍ਹੇ ਨਾਲ ਸਬੰਧਤ ਬੀਕੇਯੂ ਏਕਤਾ ਉਗਰਾਹਾਂ ਦੇ 7-8 ਵਲੰਟੀਅਰ ਸਾਥੀ ਹਮਾਇਤ ਚ ਝੰਡੇ ਲੈ ਕੇ ਖੜ੍ਹੇ ਸਨ। ਸਥਾਨਕ ਪੁਲੀਸ ਤੇ ਪ੍ਰਬੰਧਕਾਂ ਦੀ ਟੀਮ ਵੀ ਗੇਟ ਤੇ ਖੜ੍ਹੀ ਸੀ। ਪਲਾਂ ਚ ਹੀ ਹੱਕੀ ਨਾਅਰਿਆਂ ਦੀ ਗੂੰਜ ਚ ਗੇਟ ਤੇ ਪੱਕੇ ਟੈਂਟ ਲਾ ਕੇ ਰੈਲੀ ਸ਼ੁਰੂ ਕਰ ਦਿਤੀ। ਸਟੇਜ ਤੋਂ ਐਲਾਨ ਹੋ ਗਿਆ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਦਿਨ-ਰਾਤ ਦਾ ਪੱਕਾ ਮੋਰਚਾ ਜਾਰੀ ਰਹੇਗਾ। ਜਲਦੀ ਹੀ ਗੇਟ ਤੇ ਬੈਠੀ ਮੈਨੇਜਮੈਂਟ ਤੇ ਪੁਲਿਸ ਅਧਿਕਾਰੀਆਂ ਦਾ ਮੀਟਿੰਗ ਦਾ ਸੁਨੇਹਾ ਮਿਲ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਮਸਲੇ ਦੇ ਨਿਬੇੜੇ ਲਈ 20 ਫਰਵਰੀ ਦੀ ਪਹਿਲਾਂ ਹੀ ਲੇਬਰ ਦਫਤਰ ਲੁਧਿਆਣਾ ਤਰੀਕ ਰੱਖੀ ਹੋਈ ਹੈ ਉਸ ਤੋ ਪਹਿਲਾਂ ਪਹਿਲਾਂ ਹੱਲ ਕਰ ਦਿਆਂਗੇ। ਸੰਘਰਸ਼ ਦੀ ਆਗੂ ਟੀਮ ਨੇ ਗੇਟ ਉਤੇ ਉਦੋਂ ਤੱਕ ਡਟੇ ਰਹਿਣ ਦਾ ਐਲਾਨ ਕਰ ਦਿੱਤਾ। ਪ੍ਰਬੰਧਕਾਂ ਨੇ ਮਾਲ ਨਾਲ ਭਰੀਆਂ 5-7 ਗੱਡੀਆਂ ਕੱਢ ਲੈਣ ਦੀ ਬੇਨਤੀ ਕੀਤੀ। ਅਸੀਂ ਹਾਮੀ ਭਰਦੇ ਹੋਏ ਧਰਨੇ ਚ ਸ਼ਾਮਲ ਮਜਦੂਰ ਪਰਿਵਾਰਾਂ ਦੀਆਂ ਔਰਤਾਂ ਤੇ ਬੱਚਿਆਂ ਲਈ ਕੰਪਨੀ ਅੰਦਰ ਲੈਟਰੀਨ ਤੇ ਬਾਥਰੂਮ ਜਾਣ ਦੀ ਮੰਗ ਕੀਤੀ ਜੋ ਉਹਨਾਂ ਨੇ ਮੰਨ ਲਈ। ਦੂਸਰੇ ਦਿਨ ਸਵੇਰੇ ਹੀ ਪ੍ਰਬੰਧਕ ਤੇ ਪੁਲਿਸ ਅਧਿਕਾਰੀ ਜਬਰਦਸਤੀ ਹੋਰ ਗੱਡੀਆਂ ਕਢਵਾਉਣ ਲਈ ਆ ਗਏ। ਤਿੱਖਾ ਭੇੜ ਹੋਇਆ। ਆਖਿਰ ਉਹ ਪਿੱਛੇ ਹਟ ਗਏ। ਧਰਨਾਕਾਰੀ ਮਜ਼ਦੂਰਾਂ ਨੇ ਰੋਹ-ਭਰੀ ਰੈਲੀ ਤੇ ਨਾਅਰੇਬਾਜੀ ਕੀਤੀ। ਕੰਪਨੀ ਪ੍ਰਬੰਧਕ ਕੁਝ ਢੈਲੇ ਪਏ ਦਿਖਾਈ ਦੇ ਰਹੇ ਸਨ। ਅਗਲੇ ਦਿਨ 19 ਫਰਵਰੀ ਨੂੰ ਐਸ ਡੀ ਐਮ ਦਫਤਰ ਰਾਜਪੁਰਾ ਵੱਲੋਂ ਮੀਟਿੰਗ ਦਾ ਸੁਨੇਹਾ ਮਿਲ ਗਿਆ। ਦਿਨ-ਰਾਤ ਦਾ ਮੋਰਚਾ ਤੀਜੇ ਦਿਨ ਚ ਦਾਖਲ ਹੋ ਗਿਆ ਸੀ। । ਮੈਡਮ ਐਸ ਡੀ ਐਮ ਨੇ ਮੈਨੇਜਮੈਂਟ ਤੇ ਮਜ਼ਦੂਰ ਨੁਮਾਇੰਦਿਆਂ ਦਾ ਪੱਖ ਸੁਣਨ ਉਪਰੰਤ ਵਰਕਰਾਂ ਨੂੰ ਇੱਕ ਤਨਖਾਹ ਤੁਰੰਤ ਦੇਣ ਤੇ ਬਾਕੀ ਰੁਜ਼ਗਾਰ ਜਾਂ ਬੇਰੁਜ਼ਗਾਰੀ ਮੁਆਵਜ਼ੇ ਸਬੰਧੀ ਕਿਰਤ ਕਮਿਸ਼ਨਰ ਲੁਧਿਆਣਾ ਨਾਲ ਫੋਨ ਤੇ ਗੱਲ ਕਰਕੇ ਨਿਬੇੜਨ ਲਈ ਕਿਹਾ ਤੇ ਤੁਰੰਤ ਸ਼ਾਮ 4 ਵਜੇ ਗੇਟ ਖਾਲੀ ਕਰਨ ਦੀ ਸ਼ਰਤ ਰੱਖ ਦਿੱਤੀ। ਮੌਕੇ ਤੇ ਹਾਜਰ ਮਜ਼ਦੂਰ ਨੁਮਾਇੰਦਿਆਂ ਨੇ ਵਿਚਾਰ ਚਰਚਾ ਕਰਕੇ ਇਹ ਸ਼ਰਤ ਰੱਦ ਕਰ ਦਿਤੀ। ਅਜਿਹੀ ਨਾਜੁਕ ਹਾਲਤ ਚ ਬੀ ਕੇ ਯੂ ਉਗਰਾਹਾਂ ਨਾਲ ਸਬੰਧਤ ਕਿਸਾਨ ਆਗੂਆਂ ਨੇ ਧਰਨਾਕਾਰੀ ਮਜ਼ਦੂਰਾਂ ਦੇ ਸੰਘਰਸ਼ ਨਾਲ ਯਕਯਹਿਤੀ ਪ੍ਰਗਟਾਉਂਦੇ ਹੋਏ ਐਸ.ਡੀ.ਐਮ ਨੂੰ ਤਾੜਨਾ ਕੀਤੀ ਕਿ ਅੱਜ ਮੋਰਚਾ ਨਹੀਂ ਉਠੇਗਾ। ਜਬਰੀ ਪੁਲਿਸ ਫੋਰਸ ਨਾਲ ਗੇਟ ਖਾਲੀ ਕਰਾਉਣ ਤੋਂ ਪਿੱਛੇ ਹਟ ਕੇ ਅਗਲੇ ਚੌਥੇ ਦਿਨ ਭਰਾਤਰੀ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਦੀ ਹਾਜਰੀ ਚ ਪ੍ਰਬੰਧਕਾਂ ਨੇ ਜਨਤਕ ਇਕੱਠ ਚ ਹੀ ਪਰਿਵਰਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ ਦੀ ਜਨਤਕ ਤੌਰ ’ਤੇ ਮੁਆਫੀ ਮੰਗੀ, ਚਾਰ ਦਿਨ ਕੰਪਨੀ ਗੇਟ ਬੰਦ ਹੋਣ ਨਾਲ ਹੋਏ ਹਰਜਾਨੇ ਦਾ ਕੋਈ ਕੇਸ ਨਾ ਪਾਉਣ, ਕੰਟਰੈਕਟ ਕਰਮਚਾਰੀਆਂ ਦੀ ਸਰਵਿਸ / ਗਰੈਚੂਅਟੀ ਰਿਕਾਰਡ ਦੇਖ ਕੇ ਤੁਰੰਤ ਦੇਣ, ਇੱਕ ਤਨਖਾਹ ਅੱਜ ਹੀ ਖਾਤਿਆਂ ਚ ਪਾਉਣ, ਬਾਕੀ ਬੇਰੁਜਗਾਰੀ ਮੁਆਵਜੇ ਬਾਰੇ ਜੋ ਸੰਯੁਕਤ ਕਿਰਤ ਵਿਭਾਗ ਦੇ ਅਧਿਕਾਰੀ ਕਹਿਣਗੇ ਅਸੀਂ ਦੇਣ ਦੇ ਪਾਬੰਦ ਹੋਵਾਂਗੇ। ਅੰਤ ’ਚ ਸਮੂਹ ਇਕੱਠ ਨੇ ਸਰਵਸੰਮਤੀ ਨਾਲ ਜੇਤੂ ਰੈਲੀ ਕਰਕੇ ਰਾਜਪੁਰੇ ਗੇਟ ਤੋਂ ਧਰਨਾ ਚੁੱਕ ਕੇ ਸਮਝੌਤੇ ਦੇ ਲਾਗੂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਅੰਤ 125 ਦੇ ਕਰੀਬ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਚੋਂ ਭਾਵੇਂ 33 ਰੈਗੂਲਰ ਕਰਮਚਾਰੀਆਂ ਨੂੰ ਸੰਘਰਸ਼ ਦੀ ਬਦੌਲਤ ਪ੍ਰਤੀ ਵਰਕਰ 4000 ਰੁਪਏ ਤਨਖਾਹ ਚ ਵਾਧਾ ਤੇ ਰੋਜ਼ਾਨਾ ਖੰਨਾ ਤੋਂ ਰਾਜਪੁਰਾ ਆਉਣ ਜਾਣ ਦਾ ਸਾਧਨ-ਗੱਡੀ ਦਾ ਪ੍ਰਬੰਧ, ਕੰਪਨੀ ਨੂੰ ਕਰਨਾ ਪਿਆ। ਬਾਕੀ 65 ਰੈਗੂਲਰ ਕਰਮਚਾਰੀਆਂ ਨੂੰ, ਜਿਨ੍ਹਾਂ ਦੀ ਸਰਵਿਸ 10 ਸਾਲ ਤੋਂ 18 ਸਾਲਾਂ ਤੱਕ ਬਣਦੀ ਸੀ, ਨੂੰ ਹਿਸਾਬ ਮੌਕੇ ਡਬਲ ਨੋਟਿਸ ਪੇਅ (21 ਨਵੰਬਰ ਤੋਂ 20 ਜਨਵਰੀ 24 ਤੱਕ ) ਡਬਲ ਗਰੈਚੂਅਟੀ (ਜੋ ਅਕਸਰ 15 ਦਿਨ ਪ੍ਰਤੀ ਸਾਲ ਸਰਵਿਸ ਦਿੰਦੇ ਹਨ) ਸਾਲਾਨਾ ਬੋਨਸ, ਛੁੱਟੀਆਂ ਦੇ ਪੈਸਿਆਂ ਤੋਂ ਬਿਨਾਂ 6 ਮਹੀਨਿਆਂ ਦੀ ਤਨਖਾਹ ਤੇ ਪੰਜ ਮਹੀਨੇ ਦੀ ਬੇਸਿਕ ਪੇਅ ਦੇ ਹਿਸਾਬ ਨਾਲ ਬੇਰੁਜ਼ਗਾਰੀ ਮੁਆਵਜ਼ਾ ਲਿਆ। 7 ਕੰਟਰੈਕਟ ਕਰਮਚਾਰੀਆਂ ਨੂੰ ਸਰਵਿਸ ਗਰੈਚੂਅਟੀ ਦੇ ਨਾਲ ਨਾਲ ਸਭਨਾਂ ਨੂੰ ਇੱਕ ਮਹੀਨੇ ਦੀ ਨੋਟਿਸ ਪੇਅ, ਬੋਨਸ ਵਗੈਰਾ ਦੇਣ ਲਈ ਮਜਬੂਰ ਕੀਤਾ। ਇਸ ਤੋਂ ਬਿਨਾਂ 13 ਵਰਕਰ (ਲੋਡਿੰਗ-ਅਨਲੋਡਿੰਗ ਕਰਨ ਵਾਲੇ) ਜਿਹਨਾਂ ਨੂੰ ਡਿਪੂ ਬੰਦ ਕਰਨ ਤੋਂ ਮਹੀਨਾ ਪਹਿਲਾਂ ਹੀ ਕੀਤੇ ਕੰਮ ਦੀ ਉਜਰਤ ਦਿੱਤੇ ਬਿਨਾਂ ਕੰਮ ਤੋਂ ਹਟਾ ਦਿਤਾ ਸੀ, ਦੀ ਉਜਰਤ ਵੀ ਠੇਕੇਦਾਰ ਕੋਲੋਂ ਦਿਵਾਈ ਗਈ। 4 ਕੰਟਰੈਕਟ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਦੀ ਸਰਵਿਸ ਮੁਤਾਬਕ ਗਰੈਚੂਅਟੀ ਵੀ ਦਿਵਾਈ। ਫੁੱਲ ਐਂਡ ਫਾਈਨਲ ਤੋਂ ਬਾਅਦ ਰੈਗੂਲਰ ਮੁਲਾਜ਼ਮਾਂ ਨੂੰ ਬੇਰੁਜ਼ਗਾਰੀ ਮੁਆਵਜਾ (ਭਾਵੇਂ ਕਾਨੂੰਨੀ ਤੌਰ ’ਤੇ ਨਹੀਂ ਬਣਦਾ), ਸੰਘਰਸ਼ ਦੇ ਬਲਬੂਤੇ ਐਸ ਡੀ ਐਮ ਰਾਜਪੁਰਾ ਦੇ ਦਖਲ ਨਾਲ ਮਿਲੀ ਇੱਕ ਮਹੀਨੇ ਦੀ ਤਨਖਾਹ ਤੋਂ ਬਿਨਾਂ 5 ਤਨਖਾਹਾਂ ਹੋਰ ਪ੍ਰਬੰਧਕ ਦੇਣਗੇ। ਇਹ ਫੈਸਲਾ 16 ਅਤੇ 23 ਅਪ੍ਰੈਲ ਨੂੰ ਸਬੰਧਤ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਹਾਜਰੀ ’ਚ ਹੋਇਆ। ਮ੍ਰਿਤਕ ਸੁਖਵਿੰਦਰ ਸਿੰਘ (ਕੰਪਨੀ ਵਰਕਰ ਜਿਸ ਦੀ ਕਰੋਨਾ ਬਿਮਾਰੀ ਨਾਲ 30 ਮਈ 2021 ਨੂੰ ਮੌਤ ਹੋ ਗਈ ਸੀ) ਦੇ ਵਾਰਸਾਂ ਵੱਲੋਂ ਕਿਰਤ ਭਲਾਈ ਬੋਰਡ ਮੁਹਾਲੀ ਵੱਲੋਂ ਐਕਸ ਗਰੇਸ਼ੀਆ ਮਦਦ ਲਈ ਦਿੱਤੀ ਸ਼ਿਕਾਇਤ ਸਬੰਧੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਪ੍ਰੰਤੂ ਪ੍ਰਬੰਧਕਾਂ ਨੇ ਪ੍ਰਭਾਵਤ ਬੇ-ਰੁਜ਼ਗਾਰ ਮੁਲਾਜ਼ਮਾਂ ਨੂੰ ਮੁਆਵਜਾ ਰਾਸ਼ੀ ਘੱਟ ਭੇਜੀ ਤੇ ਇੱਕ ਵਰਕਰ ਕੁਲਵੰਤ ਸਿੰਘ ਨੂੰ ਇਕ ਨਵਾਂ ਪੈਸਾ ਵੀ ਨਹੀਂ ਦਿੱਤਾ। ਇਸ ਸਬੰਧੀ ਸਰਗਰਮੀ ਅਜੇ ਜਾਰੀ ਹੈ।

ਮੋਹਨਪੁਰ ਡਿੱਪੂ ਬੰਦ ਹੋਣ ਤੋਂ ਬਾਅਦ ਵੀ ਕਿਰਤੀਆਂ ਨੂੰ ਲਗਾਤਾਰ ਸਰਗਰਮ ਰੱਖਣਾ, ਇਲਾਕਾ ਖੰਨਾ ਤੇ ਡਿੱਪੂ ਦੇ ਆਸ ਪਾਸ ਦੇ ਪਿੰਡਾਂ ’ਚ ਘੋਲ ਦੀ ਹਮਾਇਤ ਲਈ ਦਰਜਨਾਂ ਪਿੰਡਾਂ ’ਚ ਝੰਡਾ ਮਾਰਚ, ਰੈਲੀਆਂ ਕਰਨ ਤੇ ਹੱਥ-ਪਰਚੇ ਵੰਡਣ ਦੇ ਨਾਲ ਨਾਲ ਹਮਾਇਤੀ ਜਥੇਬੰਦੀਆਂ, ਭਾਰਤੀ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ, ਠੇਕਾ ਮੁਲਾਜ਼ਮਾਂ, ਲੋਕ ਸੰਘਰਸ਼ ਕਮੇਟੀ ਖੰਨਾ ਨੇ ਸਭਨਾਂ ਘੋਲਾਂ ਚ ਲਗਾਤਾਰ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਸੰਘਰਸ਼ ਦੌਰਾਨ ਛੋਟੀ ਤਾਕਤ ਦੇ ਬਾਵਜੂਦ ਚੰਗੀਆਂ ਆਰਥਿਕ ਪ੍ਰਾਪਤੀਆਂ ਦੇ ਨਾਲ ਨਾਲ ਸਬੰਧਤ ਕਿਰਤ ਵਿਭਾਗ, ਪ੍ਰਸਾਸ਼ਨਿਕ ਅਧਿਕਾਰੀਆਂ, ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ, ਹਲਕਾ ਵਿਧਾਇਕ ਤਰਨਪ੍ਰੀਤ ਸੌਂਦ, ਹਾਕਮ ਜਮਾਤੀ ਪਾਰਟੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਲੋਕ-ਦੁਸ਼ਮਣ ਖਾਸਾ ਨੰਗਾ ਹੋਇਆ ਹੈ। ਸਾਮਰਾਜੀ ਕਾਰਪੋਰੇਟ-ਜਾਗੀਰਦਾਰ ਪੱਖੀ , ਮਜਦੂਰ-ਕਿਸਾਨ ਤੇ ਲੋਕ-ਵਿਰੋਧੀ ਨੀਤੀਆਂ ਖਿਲਾਫ ਵਿਸ਼ਾਲ ਤੇ ਸਾਂਝੇ ਘੋਲਾਂ ਦੀ ਮਹੱਤਤਾ ਉਭਾਰੀ ਹੈ। ਜਿਸ ’ਚੋਂ ਜਥੇਬੰਦਕ ਤੇ ਸਿਆਸੀ ਚੇਤਨਾ ’ਚ ਵਾਧਾ ਹੋਇਆ ਹੈ।                    ---0--- 

No comments:

Post a Comment