ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ’ਚ
ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਖ਼ਿਲਾਫ਼ ਸੰਘਰਸ਼
ਸਾਲ 2024 ਦੇ ਸ਼ੁਰੂ ’ਚ ਹੀ ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਪਿਛਲੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦਾ ਕਾਰਜਕਾਲ ਪੂਰਾ ਹੋ ਗਿਆ
ਸੀ ਤੇ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ ਪੰਜਾਬੀ ਯੂਨੀਵਰਸਿਟੀ
ਪਟਿਆਲਾ ਦਾ ਕਾਰਜਕਾਰੀ ਵਾਈਸ ਚਾਂਸਲਰ ਲਾਇਆ ਗਿਆ ਹੈ। ਕੇ ਕੇ ਯਾਦਵ ਵੱਲੋਂ ਵੀ ਸੀ ਦਾ ਚਾਰਜ
ਸੰਭਾਲਦਿਆਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਨਵੀਂ
ਸਿੱਖਿਆ ਨੀਤੀ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਫੈਸਲੇ ਲਏ ਗਏ ਹਨ। ਵਾਈਸ ਚਾਂਸਲਰ ਵੱਲੋਂ ਕੀਤੇ ਗਏ
ਵੱਖ-ਵੱਖ ਫੈਸਲਿਆਂ ’ਚੋਂ ਇੱਕ
ਫੈਸਲਾ 3 ਜੂਨ ਨੂੰ ਕੀਤਾ ਗਿਆ ਜਿਸ ਦੇ ਰਾਹੀਂ ਕਾਂਸਟੀਚੁਐਂਟ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ
ਇਨ੍ਹਾਂ ਕਾਲਜਾਂ ’ਚ ਪੜ੍ਹਦੇ ਐਸ. ਸੀ. ਵਿਦਿਆਰਥੀਆਂ ਤੋਂ
ਪੀਟੀਏ ਫੰਡ ਵਸੂਲਣ ਦੇ ਹੁਕਮ ਕੀਤੇ ਗਏ ਹਨ। ਪਹਿਲਾਂ ਤਾਂ ਇਹ ਹੁਕਮ ਜਾਰੀ ਕਰਦਿਆਂ ਪੋਸਟ ਮੈਟਰਿਕ
ਸਕਾਲਰਸ਼ਿਪ ਸਕੀਮ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਇਸ ਦੇ ਨਾਲ ਹੀ ਇਸ ਵਾਰ ਫੈਸਲੇ ਨੂੰ ਕਾਲਜਾਂ ’ਚ ਪੜ੍ਹ ਰਹੇ ਪਹਿਲੇ, ਦੂਜੇ, ਤੀਜੇ ਆਦਿ ਸਾਰੇ ਵਿਦਿਆਰਥੀਆਂ ’ਤੇ ਲਾਗੂ
ਕੀਤਾ ਗਿਆ ਹੈ ਜਦੋਂ ਕਿ ਪਹਿਲਾਂ ਤੋਂ ਤੁਰੀ ਆਉਂਦੀ ਰਵਾਇਤ ਮੁਤਾਬਕ ਕੋਈ ਵੀ ਨਵਾਂ ਫੈਸਲਾ ਸਿਰਫ਼
ਨਵੇਂ ਦਾਖ਼ਲ ਹੁੰਦੇ ਵਿਦਿਆਰਥੀਆਂ ’ਤੇ ਹੀ
ਲਾਗੂ ਹੁੰਦਾ ਹੈ।
ਫੌਰੀ ਪ੍ਰਤੀਕਰਮ:
ਵੀ ਸੀ ਦੇ ਨਾਂ ਮੰਗ ਪੱਤਰ ਭੇਜੇ
ਵਿਦਿਆਰਥੀਆਂ ਤੋਂ
ਪੀਟੀਏ ਫੰਡ ਵਸੂਲਣ ਦਾ ਅਜਿਹਾ ਨਾਦਰਸ਼ਾਹੀ ਫੁਰਮਾਨ ਆਉਣ ਤੋਂ ਬਾਅਦ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ
ਵੱਲੋਂ ਆਪਣੀ ਸੂਬਾ ਜਥੇਬੰਦਕ ਕਮੇਟੀ ਦੀ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਵਿਦਿਆਰਥੀਆਂ ’ਚ ਪ੍ਰਚਾਰ ਕਰਨ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਰਾਹੀਂ ਵਾਈਸ ਚਾਂਸਲਰ
ਦੇ ਨਾਮ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਗਿਆ ਜਿਸ ਦੇ ਤਹਿਤ ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਘੁੱਦਾ,
ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ, ਯੂਨੀਵਰਸਿਟੀ
ਕਾਲਜ ਬਹਾਦਰਪੁਰ ਤੇ ਯੂਨੀਵਰਸਿਟੀ ਕਾਲਜ ਬਰਨਾਲਾ ਤੋਂ ਕਾਲਜ ਪ੍ਰਿੰਸੀਪਲਾਂ ਰਾਹੀਂ ਵਾਈਸ ਚਾਂਸਲਰ
ਦੇ ਨਾਮ ਮੰਗ ਪੱਤਰ ਭੇਜੇ ਗਏ। ਇਸੇ ਤਰ੍ਹਾਂ ਯੂਨੀਵਰਸਿਟੀ ਕਾਲਜ ਬੇਨੜਾ ਤੋਂ ਪੰਜਾਬ ਸਟੂਡੈਂਟਸ
ਯੂਨੀਅਨ ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਵੱਲੋਂ ਮੰਗ ਪੱਤਰ ਭੇਜਿਆ ਗਿਆ। ਮਾਤਾ ਗੁਜਰੀ
ਕਾਲਜ ਮਾਨਸਾ ਤੋਂ ਆਇਸਾ ਵੱਲੋਂ ਵੀ ਮੰਗ ਪੱਤਰ ਭੇਜਿਆ ਗਿਆ।
ਸਾਂਝੀ
ਮੀਟਿੰਗ - ਸਾਂਝਾ ਵਫਦ
ਮੰਗ ਪੱਤਰ ਭੇਜਣ ਦੀ ਇਸ ਸਰਗਰਮੀ ਮਗਰੋਂ ਵਿਦਿਆਰਥੀ ਜਥੇਬੰਦੀਆਂ ਦੀ
ਸਾਂਝੀ ਮੀਟਿੰਗ 23 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ। ਜਥੇਬੰਦੀਆਂ ਵੱਲੋਂ
ਪੀਟੀਏ ਫੰਡ ਦੇ ਮਸਲੇ ਦੇ ਹੱਲ ਸਬੰਧੀ ਉਸੇ ਦਿਨ ਡੀਨ ਅਕਾਦਮਿਕ ਮਾਮਲੇ ਅਸ਼ੋਕ ਕੁਮਾਰ ਤਿਵਾੜੀ ਤੇ
ਡਾਇਰੈਕਟਰ ਕੰਸਟੀਚੂਐਂਟ ਕਾਲਜਾਂ ਅਮਰਦੀਪ ਸਿੰਘ ਨੂੰ ਇੱਕ ਸਾਂਝਾ ਵਫਦ ਮਿਲਿਆ ਗਿਆ। ਦੋਵਾਂ
ਅਧਿਕਾਰੀਆਂ ਵੱਲੋਂ ਵਿਦਿਆਰਥੀ ਵਫਦ ਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ, ਸਗੋਂ ਡਾਇਰੈਕਟਰ
ਵੱਲੋਂ ਵਿਦਿਆਰਥੀ ਆਗੂਆਂ ਦੇ ਵਫਦ ਤੋਂ ਮੰਗ ਪੱਤਰ ਫੜਨ ਤੋਂ ਵੀ ਜਵਾਬ ਦੇ ਦਿੱਤਾ ਗਿਆ ਜਿਸ ਦਾ
ਵਿਦਿਆਰਥੀ ਆਗੂਆਂ ਨੇ ਵਿਰੋਧ ਕੀਤਾ। ਮਸਲੇ ਦੇ ਹੱਲ ਸਬੰਧੀ ਵਿਦਿਆਰਥੀ ਜਥੇਬੰਦੀਆਂ ਦੀ ਦੂਜੀ
ਸਾਂਝੀ ਮੀਟਿੰਗ 24 ਜੁਲਾਈ ਨੂੰ ਹੋਈ ਜਿਸ ਦੇ ਵਿੱਚ ਜਥੇਬੰਦੀਆਂ ਵੱਲੋਂ ਇੱਕ ਅਗਸਤ ਨੂੰ ਵਾਈਸ
ਚਾਂਸਲਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ।
1 ਅਗਸਤ ਪੰਜਾਬੀ
ਯੂਨੀਵਰਸਿਟੀ ਪ੍ਰਦਰਸ਼ਨ
ਕੰਸਟੀਚੂਐਂਟ ਕਾਲਜਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ’ਚੋਂ ਵੱਡੀ ਗਿਣਤੀ ਗਰੀਬ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਿਤ ਹੈ ਇਸ ਲਈ
ਇਹ ਵਿਦਿਆਰਥੀ ਝੋਨੇ ਦੇ ਸੀਜ਼ਨ ਵਿੱਚ ਆਪਣੇ ਮਾਪਿਆਂ ਨਾਲ ਖੇਤਾਂ ’ਚ ਕੰਮ ਕਰਦੇ ਹਨ, ਸੋ
ਵਿਦਿਆਰਥੀ ਝੋਨੇ ’ਚ ਲੱਗੇ ਹੋਏ ਸੀ ਉੱਤੋਂ ਇੱਕ ਅਗਸਤ ਦਾ
ਪ੍ਰੋਗਰਾਮ ਸਿਰ ’ਤੇ ਸੀ। ਇਸ ਦੀਆਂ ਤਿਆਰੀਆਂ ਸਬੰਧੀ ਪੀ ਐਸ
ਯੂ (ਸ਼ਹੀਦ ਰੰਧਾਵਾ) ਦੀ ਸੂਬਾ ਜਥੇਬੰਦਕ ਕਮੇਟੀ ਦੀ ਮੀਟਿੰਗ ਹੋਈ ਤੇ ਪਿੰਡਾਂ ’ਚ ਜਾ ਕੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਕਰਾਉਣ ਦਾ ਫੈਸਲਾ ਕੀਤਾ ਗਿਆ, ਇਸ ਦੇ ਨਾਲ ਹੀ ਕਾਲਜ ਟੀਮਾਂ ਦਾ ਇੱਕ ਹਿੱਸਾ ਵਿਦਿਆਰਥੀ ਹੈਲਪ ਡੈਸਕ
ਲਾਏ ਗਏ ਤਾਂ ਕਿ ਦਾਖਲਿਆਂ ਲਈ ਆ ਰਹੇ ਵਿਦਿਆਰਥੀਆਂ ’ਚ
ਪ੍ਰੋਗਰਾਮ ਦਾ ਪ੍ਰਚਾਰ ਕੀਤਾ ਜਾ ਸਕੇ। ਇਸ ਤਰ੍ਹਾਂ ਲਗਾਤਾਰ ਕਾਲਜਾਂ ਦੇ ਵਿੱਚ ਹੈਲਪ ਡੈਸਕ ਲਾਏ
ਗਏ ਤੇ ਟੀਮ ਦੇ ਇੱਕ ਹਿੱਸੇ ਵੱਲੋਂ ਪਿੰਡਾਂ ’ਚ ਜਾ ਕੇ
ਮੀਟਿੰਗਾਂ ਕਰਵਾਈਆਂ ਗਈਆਂ। ਸੰਗਰੂਰ ਜ਼ਿਲ੍ਹੇ ’ਚ
ਪ੍ਰੋਗਰਾਮ ਸਬੰਧੀ 10 ਪਿੰਡਾਂ ’ਚ
ਮੀਟਿੰਗਾਂ ਹੋਈਆਂ ਤੇ ਬਠਿੰਡੇ ਜ਼ਿਲ੍ਹੇ ’ਚ ਵੀ 9
ਪਿੰਡਾਂ ’ਚ ਮੀਟਿੰਗਾਂ ਹੋਈਆਂ।
1 ਅਗਸਤ ਨੂੰ ਪੰਜਾਬੀ
ਯੂਨੀਵਰਸਿਟੀ ’ਚ ਵਾਈਸ ਚਾਂਸਲਰ ਦਫਤਰ ਸਾਹਮਣੇ ਵਿਦਿਆਰਥੀਆਂ
ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਵਿੱਚ ਕੁੱਲ ਗਿਣਤੀ 350 ਦੇ ਲਗਭਗ ਵਿਦਿਆਰਥੀ ਸ਼ਾਮਲ ਹੋਏ। ਡਾਇਰੈਕਟਰ
ਵੱਲੋਂ ਵਿਦਿਆਰਥੀ ਵਫ਼ਦ ਨੂੰ ਮਿਲਣ ਲਈ ਸੱਦਿਆ ਗਿਆ ਤੇ ਮੀਟਿੰਗ ਦੇ ਵਿੱਚ ਡਾਇਰੈਕਟਰ ਵਿਦਿਆਰਥੀ
ਆਗੂਆਂ ਨੂੰ ਮਿਲਣ ਤੋਂ ਮਨ੍ਹਾ ਕਰ ਗਿਆ ਤੇ ਮੀਟਿੰਗ ’ਚੋਂ ਚਲੇ
ਜਾਣ ਲਈ ਕਿਹਾ। ਇਸ ਦੇ ਵਿਰੋਧ ’ਚ
ਵਿਦਿਆਰਥੀਆਂ ਨੇ ਡਾਇਰੈਕਟਰ ਦਾ ਘਿਰਾਓ ਕੀਤਾ ਤੇ ਵਿਦਿਆਰਥੀ ਰੋਹ ਦੀ ਦਾਬ ਮੰਨਦਿਆਂ ਵੀ ਸੀ ਦੇ ਪੀ
ਏ ਤੇ ਪ੍ਰਵੋਸਟ ਨੇ ਆ ਕੇ ਵਿਦਿਆਰਥੀਆਂ ਦਾ ਮਸਲਾ 5 ਅਗਸਤ ਤੱਕ ਹੱਲ ਕਰਨ ਦਾ ਭਰੋਸਾ ਦਵਾਇਆ ਤੇ
ਡਾਇਰੈਕਟਰ ਦੇ ਦੁਰਵਿਹਾਰ ਲਈ ਮਾਫ਼ੀ ਵੀ ਮੰਗੀ।
ਡੀਨ ਅਕਾਦਮਿਕ ਮਾਮਲੇ
ਤੇ ਕੈਬਨਿਟ ਮੰਤਰੀ ਦਾ ਘਿਰਾਓ
5 ਅਗਸਤ ਨੂੰ ਵੀ
ਅਧਿਕਾਰੀਆਂ ਵੱਲੋਂ ਕੋਈ ਠੋਸ ਹੱਲ ਪੇਸ਼ ਨਾ ਕੀਤਾ ਗਿਆ। ਵਾਰ-ਵਾਰ ਅਧਿਕਾਰੀਆਂ ਨੂੰ ਮਿਲਦੇ ਰਹੇ ਤੇ
ਕੁਝ ਨਾ ਬਣਿਆ। ਅਖੀਰ 14 ਅਗਸਤ ਨੂੰ ਪੀ ਐਸ ਯੂ (ਸ਼ਹੀਦ ਰੰਧਾਵਾ) ਦੀ ਅਗਵਾਈ ’ਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦਾ ਵਫ਼ਦ ਡੀਨ ਅਕੈਡਮਿਕ ਮਾਮਲੇ
ਨਰਿੰਦਰ ਕੌਰ ਮੁਲਤਾਨ ਨੂੰ ਮਿਲਣ ਲਈ ਯੂਨੀਵਰਸਿਟੀ ਗਿਆ,
ਪਰੰਤੂ ਡੀਨ ਵੱਲੋਂ ਵਫ਼ਦ ਨੂੰ ਮਿਲਣ ਤੋਂ ਆਨਾਕਾਨੀ ਕੀਤੀ ਗਈ। ਜਦੋਂ ਵਿਦਿਆਰਥੀਆਂ ਨੂੰ ਪਤਾ
ਲੱਗਿਆ ਕਿ ਡੀਨ ਯੂਨੀਵਰਸਿਟੀ ’ਚ ਚੱਲ ਰਹੇ
ਤੀਆਂ ਦੇ ਪ੍ਰੋਗਰਾਮ ’ਚ ਕੈਬਨਿਟ
ਮੰਤਰੀ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਲ ਸ਼ਾਮਲ ਹੈ ਤਾਂ ਵਿਦਿਆਰਥੀਆਂ ਵੱਲੋਂ ਫੈਸਲਾ ਕਰਕੇ
ਪ੍ਰੋਗਰਾਮ ਵਾਲੀ ਥਾਂ ’ਤੇ ਜਾ ਕੇ
ਡੀਨ ਦਾ ਵਿਰੋਧ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਡੀਨ ਨੇ ਵਿਦਿਆਰਥੀ ਵਫ਼ਦ ਨਾਲ ਗੱਲਬਾਤ ਕੀਤੀ
ਪਰੰਤੂ ਡੀਨ ਨੇ ਸਾਰੀ ਗੱਲਬਾਤ ਵੀ ਸੀ ’ਤੇ ਸੁੱਟ
ਕੇ ਫੈਸਲਾ ਆਉਣ ਤੱਕ ਪੀਟੀਏ ਵਸੂਲੀ ’ਤੇ ਰੋਕ
ਲਾਉਣ ਦਾ ਲੈਟਰ ਕੱਢਣ ਤੋਂ ਵੀ ਜਵਾਬ ਦੇ ਦਿੱਤਾ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਕੈਬਨਿਟ
ਮੰਤਰੀ ਪ੍ਰੋਫੈਸਰ ਬਲਜਿੰਦਰ ਕੌਰ ਦੀ ਗੱਡੀ ਦਾ ਘਿਰਾਓ ਕੀਤਾ ਗਿਆ, ਜਿਸ ਉਪਰੰਤ ਡੀਨ ਲੈਟਰ ਕੱਢਣਾ ਮੰਨ ਗਈ ਪ੍ਰੰਤੂ ਦਫ਼ਤਰ ’ਚ ਜਾ ਕੇ ਮੁੱਕਰਨ ’ਤੇ ਦੁਬਾਰਾ
ਰਾਤ 8 ਵਜੇ ਤੱਕ ਘਰਾਓ ਕਰਕੇ ਪੀਟੀਏ ਹੋਲਡ ਦਾ ਲੈਟਰ ਜਾਰੀ ਕਰਵਾਇਆ ਗਿਆ।
ਇਸ ਤਰ੍ਹਾਂ
ਵਿਦਿਆਰਥੀਆਂ ਨੇ ਆਪਣੇ ਏਕੇ ਦੇ ਨਾਲ ਘੋਲ ’ਚ ਅੰਸ਼ਕ
ਜਿੱਤ ਪ੍ਰਾਪਤ ਕੀਤੀ ਤੇ ਪੂਰਨ ਜਿੱਤ ਲਈ ਸੰਘਰਸ਼ ਹਾਲੇ ਜਾਰੀ ਹੈ। ---0---
No comments:
Post a Comment