Friday, September 13, 2024

ਔਰਤ ਦੋਖੀ ਬਲਾਤਕਾਰੀ ਨਿਜ਼ਾਮ ਦਾ ਇੱਕ ਹੋਰ ਕਹਿਰ

 

ਔਰਤ ਦੋਖੀ ਬਲਾਤਕਾਰੀ ਨਿਜ਼ਾਮ ਦਾ ਇੱਕ ਹੋਰ ਕਹਿਰ  

ਲੰਘੇ ਅਗਸਤ ਮਹੀਨੇ ਦੀ ਨੌਂ ਤਰੀਕ ਨੂੰ ਕਲਕੱਤਾ ਦੇ ਸਰਕਾਰੀ ਰਾਧਾ ਗੋਵਿੰਦ ਕਰ ਹਸਪਤਾਲ ਅੰਦਰ ਇੱਕ ਟਰੇਨੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ ਦਰਦਨਾਕ ਘਟਨਾ ਵਾਪਰੀ ਹੈ। ਘਟਨਾ ਵਾਲੇ ਦਿਨ ਇਹ ਡਾਕਟਰ 36 ਘੰਟੇ ਦੀ ਲੰਬੀ ਸ਼ਿਫ਼ਟ ਤੋਂ ਬਾਅਦ ਰਾਤ ਨੂੰ ਕਾਲਜ ਦੇ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਗਈ ਸੀ। ਅਗਲੀ ਸਵੇਰ ਉਸ ਥਾਂ ਉਸ ਦੀ ਬੁਰੀ ਤਰ੍ਹਾਂ ਵਲੂੰਧਰੀ ਅਤੇ ਫੱਟੜ ਦੇਹ ਅਰਧ ਨਗਨ ਹਾਲਤ ਵਿੱਚ ਮਿਲੀ। ਇਸ ਘਟਨਾ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ, ਪ੍ਰਸ਼ਾਸਨ, ਪੁਲਿਸ ਦਾ ਉਹੀ ਰਵੱਈਆ ਸਾਹਮਣੇ ਆਇਆ ਜੋ ਇਸ ਪ੍ਰਬੰਧ ਅੰਦਰ ਅਜਿਹੀਆਂ ਘਟਨਾਵਾਂ ਸਬੰਧੀ ਹਮੇਸ਼ਾ ਅਪਣਾਇਆ ਜਾਂਦਾ ਹੈ। ਇਸ ਘਟਨਾ ਨੂੰ ਵੀ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਦੇ ਮਾਪਿਆਂ ਨੂੰ ਹਸਪਤਾਲ ਦੇ ਉੱਚ ਅਧਿਕਾਰੀਆਂ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ ਤੁਹਾਡੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਘਟਨਾ ਤੋਂ ਬਾਅਦ ਅਗਲਾ ਸਾਰਾ ਦਿਨ ਇਸ ਮਾਮਲੇ ਦੀ ਐਫ.ਆਈ.ਆਰ ਦਰਜ਼ ਨਹੀਂ ਕੀਤੀ ਗਈ। ਇਹ ਤਾਂ ਇਸ ਘਟਨਾ ਦਾ ਰੌਲਾ ਪੈਣ, ਲੋਕਾਂ ਅੰਦਰ ਰੋਹ ਜਾਗਣ ਅਤੇ ਲੜਕੀ ਦੇ ਸਾਥੀ ਡਾਕਟਰਾਂ ਵੱਲੋਂ ਜ਼ੋਰ ਦੇਣ ਤੇ ਹੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਘਟਨਾ ਦਾ ਨੋਟਿਸ ਲਿਆ।

     ਪੱਛਮੀ ਬੰਗਾਲ ਦੀ ਮਮਤਾ ਹਕੂਮਤ ਅਤੇ ਕੇਂਦਰੀ ਮੋਦੀ ਸਰਕਾਰ ਲਈ ਇਹ ਘਟਨਾ ਇੱਕ ਦੂਜੇ ਉੱਤੇ ਸਿਆਸੀ ਦੂਸ਼ਣਬਾਜ਼ੀ ਦਾ ਹੱਥਾ ਬਣ ਗਈ। ਪਹਿਲਵਾਨ ਕੁੜੀਆਂ ਦੇ ਜਿਨਸੀ ਸੋਸ਼ਣ ਦੇ ਅਪਰਾਧੀ ਬ੍ਰਿਜ ਭੂਸ਼ਨ ਵਰਗੇ ਗੁੰਡਿਆਂ ਦੀ ਪਾਲਣਾ-ਪੋਸ਼ਣਾ ਅਤੇ ਰਾਖੀ ਕਰਨ ਵਾਲੀ ਕੇਂਦਰ ਦੀ ਭਾਜਪਾ ਹਕੂਮਤ ਨੇ ਇਸ ਮਸਲੇ ਨੂੰ ਲੈ ਕੇ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮਨੀਪੁਰ ਦੀਆਂ ਔਰਤਾਂ ਨਾਲ ਵਾਪਰੀ ਦਿਲ ਕੰਬਾਊ ਘਟਨਾ ਦੇ ਮਾਮਲੇ ਵਿੱਚ ਮੁਕੰਮਲ ਚੁੱਪ ਧਾਰੀ ਰੱਖਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ਤੋਂ ਬਾਅਦ ਕਿਹਾ ਕਿ ਔਰਤਾਂ ਖ਼ਿਲਾਫ਼ ਅਪਰਾਧ ਸਾਡੇ ਲਈ ਗੰਭੀਰ ਸਰੋਕਾਰ ਦਾ ਵਿਸ਼ਾ ਹਨ। ਬੀਤੇ ਸਮੇਂ ਅੰਦਰ ਵਾਪਰੇ ਗੰਭੀਰ ਜਿਨਸੀ ਅਪਰਾਧਾਂ ਨਾਲ ਮੁਕੰਮਲ ਬੇਲਾਗਤਾ ਦਿਖਾਉਣ ਵਾਲੀ ਦੇਸ਼ ਦੀ ਰਾਸ਼ਟਰਪਤੀ ਨੇ ਵੀ ਇਸ ਘਟਨਾ ਤੇ ਕਿਹਾ ਕਿ ਇਹ ਹਾਲਤ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉੱਧਰੋਂ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਇਸ ਘਟਨਾ ਦੀ ਜਿੰਮੇਵਾਰੀ ਤੋਂ ਨਾ ਸਿਰਫ਼ ਆਪਣਾ ਪੱਲਾ ਪੂਰੀ ਤਰ੍ਹਾਂ ਝਾੜਿਆ, ਬਲਕਿ ਸਬੰਧਤ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ, ਜਿਸ ਨੂੰ ਇਸ ਘਟਨਾ ਕਰਕੇ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ ਸੀ, ਨੂੰ ਪੂਰੀ ਤਰ੍ਹਾਂ ਕਿਸੇ ਜਿੰਮੇਵਾਰੀ ਤੋਂ ਬਚਾਉਂਦਿਆਂ ਫਟਾਫਟ ਇੱਕ ਹੋਰ ਸਰਕਾਰੀ ਕਾਲਜ ਵਿੱਚ ਨਿਯੁਕਤ ਕਰ ਦਿੱਤਾ। ਮਮਤਾ ਸਰਕਾਰ ਨੇ ਇੱਕ ਪਾਸੇ ਇਸ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਅੱਥਰੂ ਗੈਸ ਵਰ੍ਹਾਈ ਅਤੇ ਲਾਠੀਆਂ ਚਲਾਈਆਂ ਅਤੇ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਲਈ ਚੁੱਕੇ ਆਪਣੇ ਕਦਮ ਗਿਣਾਉਂਦਿਆਂ ਕੇਂਦਰ ਨੂੰ ਪੱਤਰ ਲਿਖੇ ਅਤੇ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਅਜਿਹੀਆਂ ਘਟਨਾਵਾਂ ਦੀ ਜਿੰਮੇਵਾਰੀ ਕੇਂਦਰ ਹਕੂਮਤ ਸਿਰ ਸੁੱਟਣ ਦੀ ਕੋਸ਼ਿਸ਼ ਕੀਤੀ।

      ਕਿਸੇ ਵੀ ਹਕੀਕੀ ਸਰੋਕਾਰ ਤੋਂ ਸੱਖਣੀਆਂ ਕੇਂਦਰੀ ਅਤੇ ਸੂਬਾਈ ਹਕੂਮਤ ਦੀਆਂ ਇਹਨਾਂ ਸਿਆਸੀ ਪੈਂਤੜੇਬਾਜ਼ੀਆਂ ਦਰਮਿਆਨ ਆਮ ਲੋਕਾਂ ਨੇ ਇਸ ਘਟਨਾ ਦਾ ਜ਼ੋਰਦਾਰ ਨੋਟਿਸ ਲਿਆ। ਪੱਛਮੀ ਬੰਗਾਲ ਅਤੇ ਦਿੱਲੀ ਅੰਦਰ ਇਸ ਘਟਨਾ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਹੋਏ। ਸਾਰੇ ਦੇਸ਼ ਦੇ ਡਾਕਟਰਾਂ ਨੇ ਮੈਡੀਕਲ ਕਰਮੀਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕਈ ਦਿਨ ਮੈਡੀਕਲ ਸੇਵਾਵਾਂ ਠੱਪ ਰੱਖੀਆਂ। ਪੱਛਮੀ ਬੰਗਾਲ ਅੰਦਰ ਉਸ ਦਿਨ ਤੋਂ ਲਗਾਤਾਰ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਾਂ, ਰੈਲੀਆਂ, ਮਾਰਚਾਂ ਦਾ ਸਿਲਸਿਲਾ ਚੱਲ ਰਿਹਾ ਹੈ। 27 ਤਰੀਕ ਨੂੰ ਪ੍ਰਦਰਸ਼ਨਕਾਰੀਆਂ ਨੇ ਸਕੱਤਰੇਤ ਵੱਲ ਮਾਰਚ ਕੀਤਾ ਜਿਸ ਨੂੰ ਕਲਕੱਤਾ ਪੁਲਿਸ ਵੱਲੋਂ ਡੰਡਿਆਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਰੋਕਿਆ ਗਿਆ। ਦੇਸ਼ ਦੇ ਬਾਕੀ ਹਿੱਸਿਆਂ ਅੰਦਰ ਵੀ ਅਣਗਿਣਤ ਥਾਵਾਂ ਤੇ ਲੋਕਾਂ ਨੇ ਛੋਟੇ ਵੱਡੇ ਅਨੇਕਾਂ ਵਿਰੋਧ ਪ੍ਰਦਰਸ਼ਨ ਜਥੇਬੰਦ ਕੀਤੇ।

    ਇਸ ਘਟਨਾ ਨੇ ਸਾਡੇ ਪ੍ਰਬੰਧ ਦੇ ਕੋਝੇਪਣ ਨੂੰ ਇੱਕ ਵਾਰ ਫਿਰ ਲਿਸ਼ਕਾ ਕੇ ਦਿਖਾ ਦਿੱਤਾ ਹੈ। ਇਹ ਘਟਨਾ ਇਸ ਕੋਝੇਪਨ ਦੇ ਕਈ ਲੜਾਂ ਦਾ ਬਿਆਨੀਆ ਹੈ। ਇਹਨਾਂ ਵਿੱਚੋਂ ਇੱਕ ਲੜ ਸਾਡੇ ਸਮਾਜ ਅੰਦਰ ਔਰਤ ਦੀ ਬੇਹੱਦ ਅਸੁਰੱਖਿਆ ਵਾਲੀ ਆਮ ਹਾਲਤ ਦਾ ਹੈ। ਭਾਰਤ ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਮਾਮਲੇ ਵਿੱਚ ਚੋਟੀ ਦੇ ਮੁਲਕਾਂ ਅੰਦਰ ਸ਼ੁਮਾਰ ਹੈ। ਰਿਊਟਰ ਫਾਊਂਡੇਸ਼ਨ ਵੱਲੋਂ 2018 ਅੰਦਰ ਸੰਯੁਕਤ ਰਾਸ਼ਟਰ ਦੇ 193 ਮੈਂਬਰ ਮੁਲਕਾਂ ਤੇ ਆਧਾਰਤ ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਭਾਰਤ ਨੂੰ ਔਰਤਾਂ ਲਈ ਸਭ ਤੋਂ ਵੱਧ ਖਤਰਨਾਕ ਮੁਲਕ ਐਲਾਨਿਆ ਗਿਆ। 2014  ਤੋਂ 2022 ਦੇ ਅੱਠ ਸਾਲ ਦੇ ਵਕਫ਼ੇ ਦੌਰਾਨ ਇੱਥੇ ਔਰਤਾਂ ਖ਼ਿਲਾਫ਼ ਅਪਰਾਧਾਂ ਵਿੱਚ 31 ਫੀਸਦੀ ਵਾਧਾ ਹੋਇਆ ਹੈ। ਇੱਥੇ ਹਰ 15 ਮਿੰਟ ਬਾਅਦ ਇੱਕ ਔਰਤ ਨਾਲ ਬਲਾਤਕਾਰ ਦੀ ਘਟਨਾ ਵਾਪਰਦੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਸਾਲ 2022 ਦੌਰਾਨ ਇਥੇ ਬਲਾਤਕਾਰਾਂ ਦੀ ਸਾਲਾਨਾ ਗਿਣਤੀ ਲਗਭਗ ਬੱਤੀ ਹਜ਼ਾਰ ਸੀ। ਪਰ ਹਕੀਕਤ ਵਿੱਚ ਇਹਨਾਂ ਅਪਰਾਧਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਵੱਧ ਹੈ, ਕਿਉਂਕਿ ਬਹੁਤੇ ਮਾਮਲਿਆਂ ਵਿੱਚ ਸਮਾਜ ਵੱਲੋਂ ਵੀ ਅਤੇ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰਨ ਅਤੇ ਦਬਾਉਣ ਦੀ ਪਹੁੰਚ ਅਪਣਾਈ ਜਾਂਦੀ ਹੈ।

            ਸਾਡੇ ਸਮਾਜ ਅੰਦਰ ਇਹ ਹਾਲਤ ਚੱਲ ਰਹੀ ਹੈ, ਕਿਉਂਕਿ ਹਕੂਮਤਾਂ ਵੱਲੋਂ ਇਸ ਨੂੰ ਚੱਲਣ ਦਿੱਤਾ ਜਾਂਦਾ ਹੈ, ਬਲਕਿ ਇਸ ਦੀ ਰਾਖੀ ਕੀਤੀ ਜਾਂਦੀ ਹੈ। ਇਹ ਪ੍ਰਬੰਧ ਉਹ ਹੈ ਜਿਸ ਅੰਦਰ ਲਿੰਗਕ ਵਿਤਕਰੇ ਅਤੇ ਔਰਤਾਂ ਖ਼ਿਲਾਫ਼ ਹਿੰਸਾ ਨੂੰ ਇਸ ਸਮਾਜ ਦੇ ਵੱਡੇ ਹਿੱਸੇ ਉੱਪਰ ਦਾਬੇ ਦੇ ਇੱਕ ਸਾਧਨ ਵਜੋਂ ਵਰਤਿਆ ਜਾਂਦਾ ਹੈ। ਗਰੀਬ ਦੀ ਜੋਰੂ, ਸਭ ਦੀ ਭਾਬੀਵਰਗੇ ਅਖਾਣ ਇਸੇ ਦਾਬੇ ਵਿੱਚੋਂ ਨਿੱਕਲੇ ਹਨ। ਅਖੌਤੀ ਆਜ਼ਾਦੀ ਦੇ 77 ਸਾਲਾਂ ਦੌਰਾਨ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀ ਹਿੱਸਿਆਂ ਨੂੰ ਦਬਾਉਣ ਲਈ ਲਿੰਗਕ ਵਿਤਕਰੇ ਅਤੇ ਲਿੰਗਕ ਹਿੰਸਾ ਦੀ ਆਮੋ-ਆਮ ਵਰਤੋਂ ਹੁੰਦੀ ਰਹੀ ਹੈ। ਲਕਸ਼ਮਣ ਪੁਰ ਬਾਠੇ ਵਿੱਚ ਜਿੱਥੇ ਲਗਭਗ 70 ਦੇ ਕਰੀਬ ਦਲਿਤਾਂ ਨੂੰ ਉੱਚ ਜਾਤੀਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਉਥੇ ਅਨੇਕਾਂ ਔਰਤਾਂ ਨਾਲ ਜਬਰ ਜਨਾਹ ਵੀ ਕੀਤਾ ਗਿਆ ਸੀ। ਬਸਤਰ ਦੀਆਂ ਆਦਿਵਾਸੀ ਔਰਤਾਂ ਨੇ ਲਿੰਗਕ ਹਿੰਸਾ ਦੇ ਹਜ਼ਾਰਾਂ ਦਿਲ-ਕੰਬਾਊ ਸਦਮੇ ਝੱਲੇ ਹਨ। ਮਨੀਪੁਰ ਦੀਆਂ ਕੁੱਕੀ ਔਰਤਾਂ ਦੇ ਸਮੂਹਕ ਬਲਾਤਕਾਰ ਦੀ ਨਸ਼ਰ ਹੋਈ ਘਟਨਾ ਨੇ ਉਥੋਂ ਦੇ ਕਬਾਇਲੀ ਲੋਕਾਂ ਨਾਲ ਵਾਪਰਦੇ ਆ ਰਹੇ ਅਮਲ ਨੂੰ ਹੀ ਨਸ਼ਰ ਕੀਤਾ ਹੈ। ਸਾਡੇ ਪ੍ਰਬੰਧ ਅੰਦਰ ਵੋਟ ਲੋੜਾਂ ਵਿੱਚੋਂ ਲਿੰਗਕ ਹਿੰਸਾ ਦਾ ਇਹ ਸਾਧਨ ਵਾਰ ਵਾਰ ਘੱਟ ਗਿਣਤੀ ਵਸੋਂ ਦੀਆਂ ਔਰਤਾਂ ਖ਼ਿਲਾਫ਼ ਹਿੰਸਾ ਦੇ ਹਥਿਆਰ ਦੇ ਰੂਪ ਵਿੱਚ ਸੇਧਿਤ ਹੁੰਦਾ ਆਇਆ ਹੈ। ਦਿੱਲੀ, ਮੁਜੱਫਰਨਗਰ, ਗੋਧਰਾ ਜੇਹੀਆਂ ਥਾਵਾਂ ਨੇ ਇਸ ਹਥਿਆਰ ਦੀ ਬੇਦਰੇਗ ਵਰਤੋਂ ਹੁੰਦੀ ਦੇਖੀ ਹੈ।

          ਬਸਤਰ, ਕਸ਼ਮੀਰ, ਉੱਤਰ ਪੂਰਬ ਅੰਦਰ ਤਾਂ ਇਸ ਹਥਿਆਰ ਨੂੰ ਬਕਾਇਦਾ ਹਕੂਮਤੀ ਦਹਿਸ਼ਤ ਅਤੇ ਦਾਬਾ ਸਥਾਪਤ ਕਰਨ ਲਈ ਭਾਰਤੀ ਫੌਜੀ, ਅਰਧ ਫੌਜੀ ਤੇ ਪੁਲਸ ਬਲਾਂ ਵੱਲੋਂ ਵਰਤਿਆ ਗਿਆ ਹੈ। ਕੁਨਾਨ ਪੋਸ਼ਪੁਰਾ ਵਰਗੀਆਂ ਘਟਨਾਵਾਂ ਜਿੱਥੇ ਭਾਰਤੀ ਫੌਜ ਦੀ ਟੁਕੜੀ ਨੇ ਇੱਕੋ ਪਿੰਡ ਦੀਆਂ 60 ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਇਸ ਵਰਤੋਂ ਦੀ ਉੱਘੜਵੀਂ ਮਿਸਾਲ ਹਨ। ਮਨੀਪੁਰ ਦੀਆਂ ਔਰਤਾਂ ਵੱਲੋਂ ਭਾਰਤੀ ਫੌਜੀ ਬਲਾਂ ਨੂੰ ਆਪਣਾ ਬਲਾਤਕਾਰ ਕੀਤੇ ਜਾਣ ਲਈ ਵੰਗਾਰ ਇਸੇ ਵਰਤੋਂ ਦਾ ਪ੍ਰਤੀਕਰਮ ਸੀ। ਬਸਤਰ ਅੰਦਰ ਆਦਿਵਾਸੀ ਕਾਰਕੁੰਨ ਸੋਨੀ ਸ਼ੋਰੀ ਦੇ ਜਣਨ ਅੰਗਾਂ ਵਿੱਚ ਪੁਲਿਸ ਅਧਿਕਾਰੀ ਵੱਲੋਂ ਪੱਥਰ ਧੱਕ ਦੇਣ ਦੀ ਘਟਨਾ ਉਥੋਂ ਦੀਆਂ ਆਦਿਵਾਸੀ ਔਰਤਾਂ ਨਾਲ ਨਿੱਤ ਦਿਨ ਵਾਪਰਦੇ ਹਕੂਮਤੀ ਲਿੰਗਕ ਜਬਰ ਦੀ ਮਹਿਜ਼ ਇੱਕ ਉਦਾਹਰਣ ਸੀ। ਔਰਤਾਂ ਖ਼ਿਲਾਫ਼ ਲਿੰਗਕ ਹਿੰਸਾ ਨੂੰ ਇਸ ਨਿਜ਼ਾਮ ਨੇ ਪੈਰ ਪੈਰ ਤੇ ਵਰਤਿਆ ਹੈ। ਸਿੱਖ ਔਰਤਾਂ ਦੇ ਸੈਂਕੜੇ ਹਜ਼ਾਰਾਂ ਬਲਾਤਕਾਰਾਂ ਵਾਲੇ ਦਿੱਲੀ ਦੰਗਿਆਂ ਵਿੱਚ ਹਕੂਮਤੀ ਸ਼ਮੂਲੀਅਤ ਨੂੰ ਕੌਣ ਭੁੱਲਿਆ ਹੈ? ਕੁਨਾਨ ਪੋਸ਼ਪੁਰਾ ਕਾਂਡ ਦੀ ਦੋਸ਼ੀ ਫੌਜੀ ਟੁਕੜੀ ਦੇ ਇੱਕ ਵੀ ਫੌਜੀ ਨੂੰ ਸਜ਼ਾ ਨਾ ਹੋਣ ਜਾਂ ਸੋਨੀ ਸ਼ੋਰੀ ਨਾਲ ਸਿਰੇ ਦੀ ਵਹਿਸ਼ਤ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਸਰਕਾਰੀ ਸਨਮਾਨ ਦੇਣ ਦੀਆਂ ਗੱਲਾਂ ਪੁਰਾਣੀਆਂ ਹੋ ਸਕਦੀਆਂ ਹਨ, ਪਰ ਕੁਝ ਉਦਾਹਰਨਾਂ ਤਾਂ ਬਿਲਕੁਲ ਤਾਜ਼ਾ-ਤਰੀਨ ਹਨ। ਬਿਲਕੀਸ ਬਾਨੋ ਦੇ ਬਲਾਤਕਾਰੀਆਂ ਦੀ ਰਿਹਾਈ ਇਹਨਾਂ ਵਿੱਚੋਂ ਇੱਕ ਹੈ। ਮਨੀਪੁਰ ਵਿੱਚ ਜਿਹਨਾਂ ਦੋ ਕੁੱਕੀ ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਵੀਡੀਓ ਨਸ਼ਰ ਹੋਈ ਸੀ ਉਸ ਨੂੰ ਪੁਲਿਸ ਨੇ ਹੀ ਹਜੂਮੀ ਭੀੜ ਦੇ ਹਵਾਲੇ ਕੀਤਾ ਸੀ। ਹੁਣ ਇਹਨਾਂ ਔਰਤਾਂ ਦੇ ਬਲਾਤਕਾਰੀਆਂ ਬਾਰੇ ਉਥੋਂ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਕਿ ਇਹ ਬਲਾਤਕਾਰੀ ਤਾਂ ਇਹਨਾਂ ਔਰਤਾਂ ਦੀ ਜਾਨ ਬਖਸ਼ ਦੇਣ ਕਰਕੇ ਹੀਰੋ ਹਨ। ਸੀ.ਏ.ਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦਿੱਲੀ ਵਿੱਚ ਪੁਲਿਸ ਨੇ ਅਨੇਕਾਂ ਪ੍ਰਦਰਸ਼ਨਕਾਰੀ ਮੁਸਲਿਮ ਔਰਤਾਂ ਨਾਲ ਆਪ ਛੇੜਛਾੜ ਅਤੇ ਧੱਕੇਸ਼ਾਹੀ ਕੀਤੀ ਸੀ। ਇਸ ਕਰਕੇ ਔਰਤਾਂ ਖ਼ਿਲਾਫ਼ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣਾ ਹਕੀਕਤ ਵਿੱਚ ਜਿਨਸੀ ਹਿੰਸਾ ਦੀ ਹਕੂਮਤੀ ਅਤੇ ਸਮਾਜਿਕ ਦਾਬੇ ਦੇ ਸਾਧਨ ਵਜੋਂ ਵਰਤੋਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਨਾਲ ਜੁੜਿਆ ਹੋਇਆ ਹੈ। ਤੇ ਉਸ ਤੋਂ ਵੀ ਅੱਗੇ ਇਹ ਇਸ ਸਮਾਜ ਅੰਦਰ ਹਰ ਪ੍ਰਕਾਰ ਦੇ ਦਾਬੇ ਅਤੇ ਵਿਤਕਰੇ ਖ਼ਿਲਾਫ਼ ਸੰਘਰਸ਼ ਨਾਲ ਜੁੜਿਆ ਹੋਇਆ ਹੈ।

      ਲਿੰਗਕ ਹਿੰਸਾ ਦੀ ਸਾਡੇ ਪ੍ਰਬੰਧ ਵੱਲੋਂ ਪੈਰ-ਪੈਰ ਤੇ ਰਾਖੀ ਕੀਤੀ ਜਾਂਦੀ ਹੈ। ਪਹਿਲਵਾਨ ਕੁੜੀਆਂ ਦਾ ਜਿਨਸੀ ਸੋਸ਼ਣ ਕਰਨ ਵਾਲੇ ਬ੍ਰਿਜ ਭੂਸ਼ਨ ਨੂੰ ਮੋਦੀ ਹਕੂਮਤ ਨੇ ਪੂਰੀ ਤਰ੍ਹਾਂ ਬਚਾਇਆ ਹੈ ਅਤੇ ਉਸਨੂੰ ਇਸ ਕੁਕਰਮ ਲਈ ਭੋਰਾ-ਭਰ ਕੀਮਤ ਵੀ ਨਹੀਂ ਤਾਰਨੀ ਪਈ। ਉਨਾਓ ਬਲਾਤਕਾਰ ਕਾਂਡ ਦੇ ਦੋਸ਼ੀ, ਪੀੜਤ ਲੜਕੀ ਦੇ ਪਿਉ ਦੀ ਸ਼ਰ੍ਹੇਆਮ ਹੱਤਿਆ ਕਰਨ ਵਾਲੇ ਅਤੇ ਪੀੜਤ ਲੜਕੀ ਦੇ ਉੱਤੇ ਟਰੱਕ ਚੜ੍ਹਾਉਣ ਵਾਲੇ ਭਾਜਪਾ ਦੇ ਐਮ.ਐਲ.ਏ ਕੁਲਦੀਪ ਸਿੰਘ ਸੇਂਗਰ ਨੂੰ ਭਾਜਪਾ ਹਕੂਮਤ ਨੇ ਬਚਾਉਣ ਲਈ ਪੂਰਾ ਵਾਹ ਲਾਇਆ ਸੀ। ਮਹਿਲਾ ਕੋਚ ਨਾਲ ਜਿਨਸੀ ਹਿੰਸਾ ਦੇ ਦੋਸ਼ੀ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੂੰ ਇੱਕ ਦਿਨ ਵੀ ਜੇਲ੍ਹ ਨਹੀਂ ਜਾਣਾ ਪਿਆ। ਕਠੂਆ ਵਿੱਚ ਮਾਸੂਮ ਬੱਚੀ ਆਸਿਫਾ ਦੇ ਬਲਾਤਕਾਰੀ ਨੂੰ ਭਾਜਪਾ ਦੀ ਸਥਾਨਕ ਇਕਾਈ ਦੀ ਸ਼ਰ੍ਹੇਆਮ ਹਮਾਇਤ ਹਾਸਲ ਹੋਈ। ਪੰਜਾਬ ਵਿੱਚ ਬਾਦਲ ਸਰਕਾਰ ਵੱਲੋਂ ਫਰੀਦਕੋਟ ਕਾਂਡ ਦੇ ਦੋਸ਼ੀ ਨਿਸ਼ਾਨ ਸਿੰਘ ਨੂੰ ਬਚਾਉਣ ਲਈ ਝੋਕਿਆ ਸਰਕਾਰੀ ਤੰਤਰ ਅਤੇ ਜ਼ੋਰ ਸਭ ਨੇ ਦੇਖਿਆ ਸੀ। ਮਹਿਲ ਕਲਾਂ ਕਾਂਡ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਲੋਕ ਆਗੂਆਂ ਨੂੰ ਸਬਕ ਸਿਖਾਉਣ ਲਈ ਪ੍ਰਸ਼ਾਸਨ, ਅਦਾਲਤਾਂ, ਰਾਸ਼ਟਰਪਤੀ ਸਮੇਤ ਸਾਰਾ ਤੰਤਰ ਇੱਕਜੁੱਟ ਸੀ। ਅਜਿਹੀਆਂ ਸੈਂਕੜੇ ਹਜ਼ਾਰਾਂ ਘਟਨਾਵਾਂ ਅਤੇ ਇਹਨਾਂ ਦੇ ਦੋਸ਼ੀਆਂ ਦੀ ਪੁਸ਼ਤ-ਪਨਾਹੀ ਸਾਡੇ ਸਮਾਜ ਵਿੱਚ ਮੌਜੂਦ ਜਿਨਸੀ ਵਿਤਕਰੇ ਅਤੇ ਹਿੰਸਾ ਨੂੰ ਬਲ ਬਖਸ਼ਦੀਆਂ ਆਈਆਂ ਹਨ। ਇਸ ਕਰਕੇ ਅਜਿਹੀਆਂ ਘਟਨਾਵਾਂ ਦਾ ਰੁਕਣਾ ਇਸ ਔਰਤ ਵਿਰੋਧੀ ਸੱਭਿਆਚਾਰ ਨੂੰ ਹਕੂਮਤੀ ਢੋਈ ਦੀ ਪਛਾਣ ਅਤੇ ਇਸ ਢੋਈ ਨੂੰ ਵੰਗਾਰਨ ਨਾਲ ਜੁੜਿਆ ਹੋਇਆ ਹੈ।     

                             2

      ਇਸ ਘਟਨਾ ਵੱਲੋਂ ਉਭਾਰੇ ਗਏ ਪੱਖਾਂ ਵਿੱਚੋਂ ਇੱਕ ਅਹਿਮ ਪੱਖ ਔਰਤਾਂ ਲਈ ਦਿਨੋ ਦਿਨ ਅਸੁਰੱਖਿਅਤ ਹੁੰਦੀਆਂ ਜਾ ਰਹੀਆਂ ਰੁਜ਼ਗਾਰ ਹਾਲਤਾਂ ਦਾ ਹੈ। ਨਵੀਆਂ ਆਰਥਿਕ ਨੀਤੀਆਂ ਨੇ ਇਸ ਅਸੁਰੱਖਿਆ ਨੂੰ ਤਕੜਾ ਕੀਤਾ ਹੈ। ਪੱਕੇ ਸਰਕਾਰੀ ਰੁਜ਼ਗਾਰ ਦੀ ਅਣਹੋਂਦ ਵਿੱਚ ਠੇਕੇਦਾਰਾਂ ਅਤੇ ਨਿੱਜੀ ਮਾਲਕਾਂ ਦੇ ਵੱਸ ਪਈਆਂ ਔਰਤਾਂ ਲਈ ਜਿਨਸੀ ਛੇੜ-ਛਾੜ ਖ਼ਿਲਾਫ਼ ਆਵਾਜ਼ ਉਠਾਉਣ ਦਾ ਮਤਲਬ ਸਿੱਧੇ ਰੂਪ ਵਿੱਚ ਰੁਜ਼ਗਾਰ ਦਾ ਖੁੱਸਣਾ ਹੀ ਬਣ ਜਾਂਦਾ ਹੈ। ਇਹ ਹਾਲਤ ਠੇਕੇਦਾਰਾਂ, ਅਧਿਕਾਰੀਆਂ, ਮਾਲਕਾਂ ਵੱਲੋਂ ਉਹਨਾਂ ਦੇ ਸਰੀਰਕ ਸ਼ੋਸ਼ਣ ਦਾ ਰਾਹ ਪੱਧਰਾ ਕਰਦੀ ਹੈ ਅਤੇ ਔਰਤਾਂ ਲਈ ਇਹ ਸੋਸ਼ਣ ਝੱਲਣ ਦੀ ਮਜ਼ਬੂਰੀ ਬਣਦੀ ਹੈ। ਇਹਨਾਂ ਨੀਤੀਆਂ ਤਹਿਤ ਸਿਰਜੀਆਂ ਗਈਆਂ ਨਵੀਆਂ ਕਿਰਤ ਹਾਲਤਾਂ ਵਿੱਚ ਕੰਮ ਦੀਆਂ ਲੰਬੀਆਂ ਸ਼ਿਫ਼ਟਾਂ, ਪਰਿਵਾਰਾਂ ਤੋਂ ਦੂਰ ਰੁਜ਼ਗਾਰ, ਕੁਵੇਲੇ ਜਾਣ ਆਉਣ ਤੇ ਕੰਮ ਕਰਨ ਦੀ ਮਜ਼ਬੂਰੀ ਆਦਿ ਸ਼ਾਮਲ ਹੈ, ਜੋ ਔਰਤਾਂ ਲਈ ਪਹਿਲਾਂ ਹੀ ਅਸੁਰੱਖਿਅਤ ਮਾਹੌਲ ਨੂੰ ਹੋਰ ਵੀ ਅਸੁਰੱਖਿਅਤ ਬਣਾ ਧਰਦੇ ਹਨ। ਪੱਕਾ ਸਰਕਾਰੀ ਰੁਜ਼ਗਾਰ ਜਿਸ ਦਾ ਭੋਗ ਪਾਇਆ ਜਾ ਚੁੱਕਿਆ ਹੈ, ਔਰਤਾਂ ਲਈ ਮੁਕਾਬਲਤਨ ਸੁਰੱਖਿਅਤ ਕੰਮ ਹਾਲਤਾਂ ਦੀ ਜ਼ਾਮਨੀ ਕਰਦਾ ਸੀ। ਬਦਲੀਆਂ ਹਾਲਤਾਂ ਅੰਦਰ ਸਰਕਾਰੀ ਅਦਾਰਿਆਂ ਦਾ ਜੋ ਕੁਝ ਵੀ ਬਚਿਆ ਹੈ, ਉਹਦੇ ਅੰਦਰ ਸੁਰੱਖਿਆ ਸਟਾਫ਼ ਅਤੇ ਖਾਸ ਕਰ ਮਹਿਲਾ ਸੁਰੱਖਿਆ ਸਟਾਫ਼ ਦੀ ਭਾਰੀ ਘਾਟ ਹੈ, ਜਿਵੇਂ ਕਿ ਕਲਕੱਤਾ ਹਸਪਤਾਲ ਵਿੱਚ ਵਾਪਰਿਆ ਹੈ। ਨਿੱਜੀ ਅਦਾਰਿਆਂ ਵਿੱਚ ਤਾਂ ਔਰਤਾਂ ਦੀ ਸੁਰੱਖਿਆ ਲਈ ਲੋੜੀਂਦੇ ਇੰਤਜ਼ਾਮਾਂ ਦੀ ਵੈਸੇ ਹੀ ਅਣਹੋਂਦ ਹੈ। ਇਸ ਲਈ ਇਹ ਨਿਰੋਲ ਮੈਡੀਕਲ ਕਰਮੀਆਂ ਦੀ ਸੁਰੱਖਿਆ ਦਾ ਮਾਮਲਾ ਨਹੀਂ ਹੈ। ਇਹ ਸਭਨਾਂ ਕੰਮ-ਕਾਜੀ ਔਰਤਾਂ ਦੀ ਕੰਮ ਥਾਵਾਂ ਉੱਤੇ ਸੁਰੱਖਿਆ ਦਾ ਮਾਮਲਾ ਹੈ। ਇਸ ਕਰਕੇ ਔਰਤਾਂ ਲਈ ਸੁਰੱਖਿਅਤ ਮਾਹੌਲ ਦਾ ਸੰਘਰਸ਼ ਇਹਨਾਂ ਕੰਮ ਹਾਲਤਾਂ ਅਤੇ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਖ਼ਿਲਾਫ਼ ਸੰਘਰਸ਼ ਨਾਲ ਵੀ ਜੁੜਿਆ ਹੋਇਆ ਹੈ।

          ਇਸ ਆਰਥਿਕ ਹੱਲੇ ਦਾ ਹੀ ਇੱਕ ਹੋਰ ਪਸਾਰ ਪੂੰਜੀਵਾਦੀ ਸੱਭਿਆਚਾਰਕ ਹੱਲਾ ਵੀ ਹੈ ਜੋ ਇਸ ਮਾਹੌਲ ਨੂੰ ਹੋਰ ਗੰਧਲਾਉਂਦਾ ਹੈ। ਇਹ ਪੂੰਜੀਵਾਦੀ ਸੱਭਿਆਚਾਰ ਆਰਥਿਕ ਮੁਨਾਫ਼ੇ ਲਈ ਔਰਤਾਂ ਦੇ ਸਰੀਰਾਂ ਦੀ ਇੱਕ ਜਿਨਸ ਵਜੋਂ ਵਰਤੋਂ ਕਰਦਾ ਹੈ ਅਤੇ ਚੀਜ਼ਾਂ ਦੀ ਕਦਰ ਵਿੱਚ ਇਜ਼ਾਫ਼ਾ ਕਰਨ ਲਈ ਔਰਤਾਂ ਦੇ ਸਰੀਰਾਂ ਦੀ ਨੁਮਾਇਸ਼ ਦਾ ਸਹਾਰਾ ਲੈਂਦਾ ਹੈ। ਇਉਂ ਇਹ ਔਰਤਾਂ ਦੀ ਇੱਕ ਵਰਤੇ ਜਾਣ ਯੋਗ ਜਿਨਸ ਵਜੋਂ ਪਛਾਣ ਦੇ ਸੱਭਿਆਚਾਰ ਨੂੰ ਪੱਕਾ ਕਰਦਾ ਹੈ ਤੇ ਮਰਦਾਂ ਅੰਦਰ ਹਿੰਸਕ ਲਿੰਗਕ ਬਿਰਤੀਆਂ ਨੂੰ ਉਤਸ਼ਾਹਤ ਕਰਦਾ ਹੈ। ਦੂਜੇ ਪਾਸੇ ਸਾਡੇ ਸਮਾਜ ਅੰਦਰ ਪਹਿਲਾਂ ਤੋਂ ਹੀ ਮੌਜੂਦ ਔਰਤ ਵਿਰੋਧੀ ਜਗੀਰੂ ਸੱਭਿਆਚਾਰ ਅਤੇ ਜਗੀਰੂ ਕਦਰਾਂ ਕੀਮਤਾਂ ਦੀ ਭਰਮਾਰ ਹੈ। ਔਰਤਾਂ ਖ਼ਿਲਾਫ਼ ਪਹਿਲਾਂ ਤੋਂ ਮੌਜੂਦ ਜਗੀਰੂ ਮਾਹੌਲ ਅਤੇ ਨਵੇਂ ਪੂੰਜੀਵਾਦੀ ਸੱਭਿਆਚਾਰਕ ਹੱਲੇ ਦੀ ਜੁਗਲਬੰਦੀ ਇਸ ਔਰਤ ਵਿਰੋਧੀ ਮਾਹੌਲ ਨੂੰ ਨਵੇਂ ਮੁਕਾਮ ਬਖ਼ਸ਼ਦੀ ਹੈ। ਪਿਛਲੇ ਸਮੇਂ ਅੰਦਰ ਲੱਚਰ ਸੱਭਿਆਚਾਰ ਨੂੰ ਨੌਜਵਾਨਾਂ ਦੇ ਮਨਾਂ ਨੂੰ ਗੰਧਲੇ ਕਰਨ ਲਈ ਹਕੂਮਤਾਂ ਵੱਲੋਂ ਸੋਚ ਸਮਝ ਕੇ ਉਤਸ਼ਾਹਤ ਕੀਤਾ ਗਿਆ ਹੈ। ਲੋਕ-ਵਿਰੋਧੀ ਆਰਥਿਕ ਨੀਤੀਆਂ ਨੇ ਪਹਿਲਾਂ ਹੀ ਨੌਜਵਾਨਾਂ ਨੂੰ ਸਨਮਾਨ ਜਨਕ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ ਹੈ। ਬੇਕਦਰੀ ਦੀ ਇਹ ਹਾਲਤ ਕਿਸੇ ਸਾਰਥਕ ਜੀਵਨ ਸਰਗਰਮੀ ਦੀ ਅਣਹੋਂਦ ਅਤੇ ਉਸਾਰੂ ਰੁਝੇਵੇਂ ਦੀ ਘਾਟ ਨਾਲ ਗੁੰਦੀ ਗਈ ਹੈ। ਉੱਤੋਂ ਨੌਜਵਾਨ ਪੀੜ੍ਹੀ ਦੀ ਨਸ਼ਿਆਂ ਤੱਕ ਬੇਰੋਕ ਪਹੁੰਚ ਬਣਾਈ ਗਈ ਹੈ, ਜੋ ਕਿ ਇਸ ਹਿੰਸਾ ਨੂੰ ਬਲ ਬਖ਼ਸ਼ਦਾ ਇੱਕ ਹੋਰ ਕਾਰਕ ਹੈ। ਇਸ ਕਰਕੇ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਇਸ ਆਰਥਿਕ ਸੱਭਿਆਚਾਰਕ ਹੱਲੇ ਖ਼ਿਲਾਫ਼ ਸੰਘਰਸ਼ ਨਾਲ ਵੀ ਅਣਸਰਦੇ ਰੂਪ ਵਿੱਚ ਜੁੜਿਆ ਹੋਇਆ ਹੈ।

                              3

    ਇਸ ਘਟਨਾ ਨਾਲ ਜੁੜਕੇ ਉੱਭਰਿਆ ਇੱਕ ਹੋਰ ਪਹਿਲੂ ਅਜਿਹੀ ਘਟਨਾਵਾਂ ਪ੍ਰਤੀ ਸਮਾਜਿਕ ਚੇਤਨਾ ਦਾ ਹੈ। ਔਰਤਾਂ ਖ਼ਿਲਾਫ਼ ਇਸ ਸਮਾਜ ਅੰਦਰ ਪੈਰ-ਪੈਰ ਤੇ ਜ਼ਲਾਲਤ ਅਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਕਿ ਸਮਾਜ ਅੰਦਰ ਵੱਡੇ ਪੱਧਰ ਤੇ ਅਣਦੇਖੀਆਂ ਕੀਤੀਆਂ ਜਾਂਦੀਆਂ ਹਨ। ਸਿਰਫ਼ ਜਿਹੜੀਆਂ ਘਟਨਾਵਾਂ ਬੇਹੱਦ ਭਿਆਨਕ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ, ਉੱਥੇ ਹੀ ਲੋਕਾਂ ਦੇ ਗਿਣਨਯੋਗ ਹਿੱਸੇ ਦੀ ਜ਼ਮੀਰ ਝੰਜੋੜੀ ਜਾਂਦੀ ਹੈ ਅਤੇ ਉਹ ਹਰਕਤ ਵਿੱਚ ਆਉਂਦਾ ਹੈ। ਜਦੋਂ ਅਜੇਹੀ ਘਟਨਾ ਕਿਸੇ ਬਾਰਸੂਖ਼ ਔਰਤ ਨਾਲ ਵਾਪਰੀ ਹੋਵੇ, ਜਿਵੇਂ ਕਿ ਮੌਜੂਦਾ ਡਾਕਟਰ ਕੁੜੀ ਦੇ ਮਾਮਲੇ ਚ ਹੈ, ਤਾਂ ਇਹ ਪ੍ਰਤੀਕਰਮ ਹੋਰ ਵੱਡਾ ਤੇ ਤਿੱਖਾ ਬਣ ਜਾਂਦਾ ਹੈ। ਜਦੋਂ ਕਿ ਆਮ ਖੇਤ ਮਜ਼ਦੂਰ, ਦਲਿਤ, ਆਦਿਵਾਸੀ ਔਰਤਾਂ ਨਾਲ ਤਾਂ ਅਜਿਹੀਆਂ ਘਟਨਾਵਾਂ ਕਿਤੇ ਵੱਡੇ ਪੈਮਾਨੇ ਤੇ ਅਕਸਰ ਵਾਪਰਦੀਆਂ ਹਨ, ਪਰ ਬਗੈਰ ਪ੍ਰਤੀਕਰਮ ਦੇ ਗੁਜ਼ਰ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਪ੍ਰਤੀ ਸੰਵੇਦਨਸ਼ੀਲ ਹੋਏ ਬਿਨਾਂ ਨਾ ਤਾਂ ਵੱਡੀਆਂ ਘਟਨਾਵਾਂ ਨੂੰ ਵਾਪਰਨੋਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਸਮੁੱਚੇ ਔਰਤ ਵਿਰੋਧੀ ਮਾਹੌਲ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

       ਅਜਿਹੀਆਂ ਘਟਨਾਵਾਂ ਮੌਕੇ ਅਕਸਰ ਸਖ਼ਤ ਕਾਨੂੰਨ ਬਣਾਏ ਜਾਣ ਦੀ ਚਰਚਾ ਛਿੜਦੀ ਹੈ। ਇੱਕ ਹਿੱਸੇ ਨੂੰ ਲੱਗਦਾ ਹੈ ਕਿ ਜੇ ਅਜਿਹਾ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਵਾਪਰਨੋਂ ਰੁਕ ਸਕਦੀਆਂ ਹਨ। ਪਰ ਹਕੀਕਤ ਇਹ ਹੈ ਕਿ ਅਜਿਹੀਆਂ ਘਟਨਾਵਾਂ ਦਾ ਠੱਲ੍ਹੇ ਜਾਣਾ ਕਿਸੇ ਕਾਨੂੰਨ ਦੇ ਬਣਨ ਤੇ ਨਹੀਂ ਟਿਕਿਆ ਹੋਇਆ। ਅਜੇ ਵੀ ਇਸ ਸਬੰਧੀ ਅਨੇਕਾਂ ਕਾਨੂੰਨ ਮੌਜੂਦ ਹਨ ਜੋ ਸੁਹਿਰਦਤਾ ਦੀ ਅਣਹੋਂਦ ਵਿੱਚ ਕਿਤਾਬਾਂ ਵਿੱਚ ਧਰੇ ਧਰਾਏ ਰਹਿ ਜਾਂਦੇ ਹਨ, ਸਗੋਂ ਅਨੇਕਾਂ ਕੇਸਾਂ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਅਦਾਰੇ ਆਪ ਧੱਕੇਸ਼ਾਹੀ ਦਾ ਕੇਂਦਰ ਬਣ ਜਾਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 2017 ਤੋਂ 2022 ਦੌਰਾਨ ਹਿਰਾਸਤੀ ਬਲਾਤਕਾਰਾਂ ਦੇ 275 ਕੇਸ ਦਰਜ਼ ਹੋਏ ਹਨ। ਹਿਰਾਸਤ ਤੋਂ ਬਾਹਰ ਪੁਲਿਸ ਫੌਜ ਦੀਆਂ ਧੱਕੇਸ਼ਾਹੀਆਂ ਇਸ ਤੋਂ ਅਲਹਿਦਾ ਹਨ। ਸੋ, ਇਸ ਸੁਹਿਰਦਤਾ ਦੀ ਆਸ ਉਸ ਪ੍ਰਬੰਧ ਦੇ ਚਾਲਕਾਂ ਤੋਂ ਨਹੀਂ ਕੀਤੀ ਜਾ ਸਕਦੀ, ਜਿਹੜਾ ਪ੍ਰਬੰਧ ਇਸ ਧੱਕੇਸ਼ਾਹੀ ਨੂੰ ਦਾਬੇ ਦੇ ਸਾਧਨ ਦੇ ਤੌਰ ਤੇ ਵਰਤਦਾ ਹੋਵੇ। ਇਸ ਪ੍ਰਬੰਧ ਅੰਦਰ ਤਾਂ ਇਸ ਦੇ ਚਾਲਕਾਂ ਉੱਤੇ ਇਹ ਵਿਤਕਰਾ ਅਤੇ ਹਿੰਸਾ ਬੰਦ ਕਰਨ ਲਈ ਦਬਾਅ ਹੀ ਬਣਾਇਆ ਜਾ ਸਕਦਾ ਹੈ ਅਤੇ ਇਸ ਦਬਾਅ ਰਾਹੀਂ ਹੀ ਉਹਨਾਂ ਨੂੰ ਇਸ ਵਿਤਕਰੇ ਅਤੇ ਹਿੰਸਾ ਦੇ ਖ਼ਿਲਾਫ਼ ਕਦਮ ਲੈਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਲੋਕਾਂ ਨੇ ਆਪਣੇ ਅਨੇਕਾਂ ਤਜ਼ਰਬਿਆਂ ਰਾਹੀਂ ਦੇਖਿਆ ਹੈ। ਪੰਜਾਬ ਅੰਦਰ ਮਹਿਲ ਕਲਾਂ, ਗੰਧੜ ਕਾਂਡ, ਫਰੀਦਕੋਟ ਕਾਂਡ ਆਦਿ ਖ਼ਿਲਾਫ਼ ਲੋਕਾਂ ਦੇ ਦ੍ਰਿੜ ਸੰਘਰਸ਼ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕਿੰਜ ਜਥੇਬੰਦ ਲੋਕ ਤਾਕਤ ਦਾ ਦਬਾਅ ਹੀ ਹਕੂਮਤਾਂ ਨੂੰ ਬਲਾਤਕਾਰੀਆਂ ਦੀ ਰਾਖੀ ਕਰਨ ਤੋਂ ਰੋਕ ਸਕਿਆ ਹੈ ਅਤੇ ਉਹਨਾਂ ਖ਼ਿਲਾਫ਼ ਕਦਮ ਲੈਣ ਲਈ ਮਜ਼ਬੂਰ ਕਰ ਸਕਿਆ ਹੈ। ਇਸ ਕਰਕੇ ਅਜਿਹੀਆਂ ਘਟਨਾਵਾਂ ਤੋਂ ਰਹਿਤ ਸਮਾਜ ਦੀ ਉਸਾਰੀ ਇਸੇ ਲੋਕ ਤਾਕਤ ਦੀ ਉਸਾਰੀ ਅਤੇ ਮਜ਼ਬੂਤੀ ਨਾਲ ਜੁੜੀ ਹੋਈ ਹੈ। ਨਾਲ ਹੀ ਇਹ ਜਥੇਬੰਦ ਲੋਕ ਹਿੱਸਿਆਂ ਵਿੱਚ ਇਸ ਚੇਤਨਾ ਦੇ ਉੱਭਰਨ ਨਾਲ ਜੁੜੀ ਹੋਈ ਹੈ ਕਿ ਔਰਤਾਂ ਲਈ ਅਜਿਹਾ ਸੁਰੱਖਿਅਤ ਅਤੇ ਵਿਤਕਰੇ ਰਹਿਤ ਮਾਹੌਲ ਕਿਉਂ ਉਹਨਾਂ ਦਾ ਫ਼ੌਰੀ ਸਰੋਕਾਰ ਹੈ, ਕਿਵੇਂ ਇਸ ਮਾਹੌਲ ਦਾ ਨਾ ਹੋਣਾ ਉਹਨਾਂ ਦੀ ਆਪਣੀ ਤਾਕਤ ਅਤੇ ਸੰਘਰਸ਼ਾਂ ਦੇ ਖ਼ਿਲਾਫ਼ ਭੁਗਤਦਾ ਹੈ ਅਤੇ ਕਿਵੇਂ ਇਹ ਮਾਹੌਲ ਸਿਰਜੇ ਬਿਨਾਂ ਲੋਕਾਂ ਦੀ ਆਮ ਹਾਲਤ ਵਿੱਚ ਵੱਡੀ ਤਬਦੀਲੀ ਅਸੰਭਵ ਹੈ।             --0—

No comments:

Post a Comment