ਅਕਾਲੀ ਦਲ: ਇਤਿਹਾਸਕ ਪਿਛੋਕੜ ਤੇ ਮੌਜੂਦਾ ਸੰਕਟ
ਲੋਕਾਂ ’ਚ ਖੁਰਦੀ ਪੜਤ ਪੱਖੋਂ ਅਕਾਲੀ ਦਲ ਸਭ ਤੋਂ ਮੰਦਹਾਲੀ ਦਾ ਦੌਰ ਹੰਢਾ
ਰਿਹਾ ਹੈ ਤੇ ਇਸਦੇ ਸੰਕਟਾਂ ਦੀ ਕਈ ਪਾਸਿਆਂ ਤੋਂ ਚਰਚਾ ਹੋ ਰਹੀ ਹੈ। ਅਕਾਲੀ ਦਲ ਬਾਦਲ ਵੱਲੋਂ ਇਸ
ਵਾਰ ਦੀਆਂ ਲੋਕ ਸਭਾ ਚੋਣਾਂ ’ਚ ਸਿਰਫ਼
ਇੱਕ ਸੀਟ ਜਿੱਤਣ ਅਤੇ ਬਾਕੀਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾਣ ਨੇ ਇਸਦੇ ਅੰਦਰ ਜਥੇਬੰਦਕ ਸੰਕਟ
ਨੂੰ ਵੀ ਸਾਹਮਣੇ ਲੈ ਆਂਦਾ ਹੈ। ਪਿਛਲੀਆਂ ਕੁੱਝ ਚੋਣਾਂ ’ਚ ਉਪਰੋਥਲੀ
ਹਾਰਾਂ ਨੇ ਤੇ ਮੌਜੂਦਾ ਵਿਧਾਨ ਸਭਾ ’ਚ ਸਿਰਫ਼
ਤਿੰਨ ਵਿਧਾਇਕਾਂ ਤੱਕ ਸੁੰਗੜ ਜਾਣ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਹੋਰ ਤਿੱਖੀਆਂ
ਕਰ ਦਿੱਤੀਆਂ ਹਨ। ਇਹਨਾਂ ਲੰਘੀਆਂ ਚੋਣਾਂ ’ਚ ਭਾਜਪਾ
ਵੱਲੋਂ ਨਿਗੂਣੀ ਹੈਸੀਅਤ ’ਚ ਰੱਖਕੇ
ਗੱਠਜੋੜ ਕਰਨ ਦੀ ਹਾਲਤ ’ਚ ਅਕਾਲੀ
ਦਲ ਨੇ ਗੱਠਜੋੜ ਨਾ ਕਰਨਾ ਹੀ ਵਾਜਬ ਸਮਝਿਆ, ਪਰ ਭਾਜਪਾ
ਤੋਂ ਦੂਰੀ ਬਣਾ ਕੇ ਦਿਖਾਉਣ ਦਾ ਪੈਂਤੜਾ ਵੀ ਲੋਕਾਂ ਦੀ ਅਕਾਲੀ ਦਲ ਤੋਂ ਦੂਰੀ ਘਟਾ ਨਾ ਸਕਿਆ ਤੇ
ਲੋਕਾਂ ਦੇ ਮੋਹ ਭੰਗ ਦਾ ਇਹ ਵਰਤਾਰਾ ਉਵੇਂ ਜਿਵੇਂ ਜਾਰੀ ਰਿਹਾ। ਇਸਦੇ ਵੋਟ ਪ੍ਰਤੀਸ਼ਤ ’ਚ ਭਾਰੀ ਗਿਰਾਵਟ ਆਈ ਹੈ ਤੇ ਇਸਦਾ ਪੱਕਾ ਪੰਥਕ ਵੋਟ ਬੈਂਕ ਵੀ ਖਿਸਕ ਕੇ
ਹੋਰਨਾਂ ਪਾਰਟੀਆਂ ਵੱਲ ਚਲਾ ਗਿਆ ਹੈ। ਇਸ ਹਾਲਤ ’ਚ ਹੁਣ ਇੱਕ
ਧੜੇ ਨੇ ਸੁਖਬੀਰ ਬਾਦਲ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ। ਅਕਾਲੀ ਦਲ ਦੇ ਸੰਕਟ ਦੀ ਚਰਚਾ ਕਰਦਿਆਂ
ਆਮ ਕਰਕੇ ਇਸਦੇ ਜਨਮ ਵੇਲੇ ਦੇ ਸ਼ੁਰੂਆਤੀ ਦੌਰ ਨਾਲ ਹੁਣ ਦੇ ਅਕਾਲੀ ਦਲ ਨੂੰ ਤੁਲਨਾ ਲਿਆ ਜਾਂਦਾ ਹੈ
ਤੇ ਇਸਦੀ ਲੀਡਰਸ਼ਿਪ ਦੇ ਪਰਿਵਾਰ ਕੇਂਦਰਿਤ ਹੋਣ ਜਾਂ ਕੁੱਝ ਗਲਤੀਆਂ ਨੂੰ ਇਸਦੇ ਨਿਘਾਰ ਦੇ ਕਾਰਨਾਂ
ਵਜੋਂ ਟਿੱਕ ਲਿਆ ਜਾਂਦਾ ਹੈ। ਜਦਕਿ ਮੂਲ ਮੁੱਦਾ ਅਕਾਲੀ ਦਲ ਦੀ ਹੁਣ ਤੱਕ ਦੀ ਸਮੁੱਚੀ ਸਿਆਸਤ, ਇਸਦਾ ਜਮਾਤੀ ਸਿਆਸੀ ਕਿਰਦਾਰ ਤੇ ਉਸ ’ਚੋਂ ਨਿੱਕਲੇ ਇਸਦੇ ਸਦੀ ਭਰ ਦੇ ਅਮਲ ਨੂੰ ਸਹੀ ਲੋਕ-ਪੱਖੀ ਸਿਆਸੀ
ਦ੍ਰਿਸ਼ਟੀ ’ਚ ਰੱਖ ਕੇ ਦੇਖਣ ਦਾ ਹੈ।
ਅਕਾਲੀ ਦਲ
ਜਿਸ ਸੰਘਰਸ਼ਮਈ ਵਿਰਾਸਤ ਦਾ ਦਾਅਵਾ ਕਰਦਾ ਹੈ ਤੇ ਜਿਸ ਵਿਰਾਸਤ ਦੇ ਦਾਅਵੇ ਨਾਲ ਕੁੱਝ ਹਿੱਸੇ
ਮੌਜੂਦਾ ਦੌਰ ਦੇ ਅਕਾਲੀ ਦਲ ਨੂੰ ਦੇਖਣ ਪਰਖਣ ਦੇ ਭਰਮ ’ਚ ਆਉਂਦੇ
ਹਨ, ਅਸਲ ਵਿੱਚ ਉਹ ਸੰਘਰਸ਼ਮਈ ਵਿਰਾਸਤ ਤਾਂ ਪੂਰੀ
ਇੱਕ ਸਦੀ ਪੁਰਾਣੀ ਹੋ ਚੁੱਕੀ ਹੈ ਤੇ ਇੱਕ ਹੋਰ ਦੌਰ ਦੀ ਵਿਰਾਸਤ ਹੈ। ਉਸ ਵਿਰਾਸਤ ਤੇ ਮੌਜੂਦਾ ਦੌਰ
ਦਾ ਫ਼ਾਸਲਾ ਬਹੁਤ ਵੱਡਾ ਹੈ। ਇਸ ਵੱਡੇ ਫ਼ਾਸਲੇ ਦੇ ਰਾਹੀਂ ਲੋਕਾਂ ਦੀ ਸਿਆਸਤ ਤੇ ਹਾਕਮ ਜਮਾਤਾਂ ਦੀ
ਸਿਆਸਤ ਦੇ ਫ਼ਾਸਲੇ ਨੂੰ ਵੀ ਮਿਣਿਆ ਜਾ ਸਕਦਾ ਹੈ। ਉਸ ਵਿਰਾਸਤ ਦਾ ਇਸ ਕਹੇ ਜਾਂਦੇ ਆਜ਼ਾਦ ਭਾਰਤ ਦੇ
ਦੌਰ ਨਾਲ ਜੇ ਕੋਈ ਵਾਸਤਾ ਹੈ ਤਾਂ ਸਿਰਫ਼ ਏਨਾ ਕਿ ਉਸ ਵਿਰਾਸਤ ਦੀ ਖੱਟੀ ਅਕਾਲੀ ਦਲ ਰਾਹੀਂ ਸੂਬੇ
ਦੀ ਜਗੀਰੂ ਜਮਾਤ ਦੇ ਇੱਕ ਖਾਸ ਧੜੇ ਨੇ ਖਾਧੀ ਹੈ ਤੇ ਉਸਦੇ ਸਹਾਰੇ ਪੰਜਾਬ ਤੇ ਦੇਸ਼ ਦੀ ਸੱਤਾ ਦਾ
ਆਨੰਦ ਮਾਣਿਆ ਹੈ।
ਲਗਭਗ ਇੱਕ ਸਦੀ ਪਹਿਲਾਂ ਜਦੋਂ ਅੰਗਰੇਜ਼ ਬਸਤੀਵਾਦੀ ਹਾਕਮਾਂ ਦਾ ਰਾਜ ਸੀ
ਤਾਂ ਉਦੋਂ ਸਿੱਖ ਧਾਰਮਿਕ ਜਨਤਾ ਵੱਲੋਂ ਆਪਣੇ ਧਾਰਮਿਕ ਮਾਮਲਿਆਂ ’ਚ ਬਸਤੀਵਾਦੀ ਦਖਲਅੰਦਾਜ਼ੀ ਖ਼ਿਲਾਫ਼ ਜਮਹੂਰੀ ਸੰਘਰਸ਼ ਲੜਿਆ ਗਿਆ ਸੀ। ਜਿਸ
ਵਿੱਚੋਂ ਅਕਾਲੀ ਦਲ ਉੱਭਰਿਆ ਸੀ। ਅੰਗਰੇਜ਼ਾਂ ਵੱਲੋਂ ਮਹੰਤਾਂ ਰਾਹੀਂ ਗੁਰਦੁਆਰਿਆਂ ’ਚ ਕੀਤੀ ਜਾਂਦੀ ਦਖਲਅੰਦਾਜ਼ੀ ਅਸਲ ’ਚ ਧਾਰਮਿਕ
ਸੰਸਥਾਵਾਂ ਨੂੰ ਆਪਣੇ ਰਾਜ ਦੀ ਸਥਾਪਤੀ ਲਈ ਵਰਤਣ ਦੀ ਨੀਤੀ ਦਾ ਸਿੱਟਾ ਸੀ। ਜਿਵੇਂ ਹੋਰਨਾਂ ਧਰਮਾਂ
’ਚ ਵੀ ਆਪਣੀ ਸੇਵਾ ਵਾਲੇ ਹਿੱਸਿਆਂ ਨੂੰ ਉਭਾਰ ਕੇ ਅੰਗਰੇਜ਼ ਆਪਣੇ ਰਾਜ
ਦੀਆਂ ਨੀਹਾਂ ਮਜ਼ਬੂਤ ਕਰਨ ਲਈ ਧਰਮ ਦੀ ਵਰਤੋਂ ਕਰ ਰਹੇ ਸਨ,
ਉਵੇਂ ਹੀ ਸਿੱਖ ਧਰਮ ਨੂੰ ਵੀ ਆਪਣੀ ਸੇਵਾ ’ਚ ਭੁਗਤਾਉਣ
ਦੇ ਹੱਥਕੰਡੇ ਵਰਤ ਰਹੇ ਸਨ। ਹਿੰਦੂ ਧਰਮ ’ਚ ਫ਼ਿਰਕੂ
ਲੀਹਾਂ ’ਤੇ ਲਾਮਬੰਦੀਆਂ ਲਈ ਆਰ.ਐਸ. ਐਸ. ਤੇ ਹਿੰਦੂ
ਮਹਾਂ-ਸਭਾ ਵਰਗੀਆਂ ਜਥੇਬੰਦੀਆਂ ਦੀ ਨੀਂਹ ਵੀ ਏਸੇ ਦੌਰ ’ਚ ਰੱਖੀ ਗਈ
ਸੀ। ਮੁਸਲਮਾਨਾਂ ਅੰਦਰ ਵੀ ਇਉਂ ਹੀ ਫ਼ਿਰਕੂ ਜਥੇਬੰਦੀਆਂ ਖੜ੍ਹੀਆਂ ਕਰਨ ਦਾ ਅਮਲ ਚਲਾਇਆ ਗਿਆ ਸੀ।
ਵੱਖ ਵੱਖ ਧਾਰਮਿਕ ਪਛਾਣਾਂ ਨੂੰ ਉਭਾਰਨ ਤੇ ਉਹਨਾਂ ਦੀਆਂ ਫਿਰਕੂ ਲੀਹਾਂ ’ਤੇ ਲਾਮਬੰਦੀਆਂ ਰਾਹੀਂ ਧਾਰਮਿਕ ਪਾਟਕ ਪਾਉਣ ਦੀ ਇਹ ਨੀਤੀ ਫੁੱਟ-ਪਾਓ
ਤੇ ਰਾਜ ਕਰੋ ਦੀ ਬਸਤੀਵਾਦੀ ਨੀਤੀ ਸੀ ਜਿਹੜੀ 1857 ਦੇ ਗਦਰ ਮਗਰੋਂ ਅੰਗਰੇਜ਼ਾਂ ਨੇ ਵਰਤੋਂ ’ਚ ਲਿਆਉਣੀ ਸ਼ੁਰੂ ਕੀਤੀ ਸੀ ਅਤੇ 20ਵੀਂ ਸਦੀ ਦੇ ਸ਼ੁਰੂ ਤੋਂ ਇਸਨੇ ਪੂਰਾ
ਜ਼ੋਰ ਫੜ ਲਿਆ ਸੀ। ਇਸ ਦੌਰ ’ਚ ਸਭ
ਧਰਮਾਂ ’ਚ ਅਨੇਕਾਂ ਹੀ ਫ਼ਿਰਕੂ ਧਾਰਮਿਕ ਜਥੇਬੰਦੀਆਂ
ਉੱਭਰੀਆਂ ਸਨ। ਉਸ ਵੇਲੇ ਦੇ ਅੰਗਰੇਜ਼ੀ ਰਾਜ ਦੀ ਨੀਤੀ ਦਾ ਇੱਕ ਅਜਿਹਾ ਪ੍ਰਸੰਗ ਸੀ ਜਿਸ ਪ੍ਰਸੰਗ ’ਚ ਸਿੱਖ ਧਰਮ ਅੰਦਰ ਵੀ ਇਹਨਾਂ ਵਿਉਂਤਾਂ ਦੀ ਲੰਮੀ ਲੜੀ ਸੀ ਜਿਹੜੀ ਚੀਫ਼
ਖਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਉਸਾਰਨ ਤੋਂ ਲੈ ਕੇ ਅਕਾਲ ਤਖ਼ਤ ’ਤੇ ਆਪਣੇ ਸੇਵਾਦਾਰ ਜਗੀਰਦਾਰਾਂ ਨੂੰ ਬਿਠਾਉਣ ਤੱਕ ਫੈਲੀ ਹੋਈ ਸੀ। ਇਸ
ਖਾਤਰ ਉਹਨਾਂ ਨੇ ਸਿੱਖ ਇਤਿਹਾਸ ਦੀ ਮਨਚਾਹੀ ਪੇਸ਼ਕਾਰੀ ਤੱਕ ਕਰਨ ਦੇ ਪ੍ਰੋਜੈਕਟ ਹੱਥ ਲਏ ਤੇ
ਆਪਣੀਆਂ ਰਾਜਕੀ ਲੋੜਾਂ ਦੇ ਹਿਸਾਬ ਨਾਲ ਸਿੱਖ ਧਰਮ ਦਾ ਇਤਿਹਾਸ ਪੇਸ਼ ਕੀਤਾ ਤੇ ਸਿੱਖਾਂ ਨੂੰ
ਅੰਗਰੇਜ਼ਾਂ ਦੇ ਸੇਵਾਦਾਰ ਧਰਮ ਵਜੋਂ ਦਰਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਫੌਜਾਂ ’ਚ ਭਰਤੀ ਲਈ ਵਿਸ਼ੇਸ਼ ਕਰਕੇ ਸਿੱਖਾਂ ’ਤੇ ਟੇਕ ਰੱਖੀ। ਗੁਰਦੁਆਰਿਆਂ ’ਤੇ ਕਾਬਜ਼
ਮਹੰਤਾਂ ਨੂੰ ਅੰਗਰੇਜ਼ ਹੁਕਮਰਾਨਾਂ ਦੀ ਸਰਪ੍ਰਸਤੀ ਹਾਸਲ ਸੀ। ਮਹੰਤਾਂ ਵੱਲੋਂ ਗੁਰਦੁਆਰਿਆਂ ਨੂੰ
ਅੱਯਾਸ਼ੀ ਦੇ ਅੱਡਿਆਂ ’ਚ ਤਬਦੀਲ
ਕਰਕੇ ਨਿੱਜੀ ਡੇਰਿਆਂ ਵਾਂਗ ਵਰਤਿਆ ਜਾ ਰਿਹਾ ਸੀ ਤੇ ਸਿੱਖ ਧਰਮਿਕ ਜਨਤਾ ਦੀ ਧਾਰਮਿਕ ਸ਼ਰਧਾ
ਵਾਲੀਆਂ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਸੀ। ਇਸ
ਸਮੁੱਚੇ ਵਿਹਾਰ ਖ਼ਿਲਾਫ਼ ਆਮ ਧਾਰਮਿਕ ਸਿੱਖ ਜਨਤਾ ਦੇ ਮਨਾਂ ’ਚ ਰੋਸ
ਜਮ੍ਹਾਂ ਹੋ ਰਿਹਾ ਸੀ ਜਿਹੜਾ ਆਖ਼ਰ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਲੈਣ ਦੇ ਵੱਡੇ
ਅੰਦੋਲਨ ਦਾ ਰੂਪ ਅਖ਼ਤਿਆਰ ਕਰ ਗਿਆ। ਇਸ ਕੁਰਬਾਨੀਆਂ ਭਰੇ ਅੰਦੋਲਨ ਦੇ ਇਤਿਹਾਸ ਦੇ ਬਹੁਤ ਲੰਮੇ
ਬਿਰਤਾਂਤ ਹਨ ਜੋ ਇਸ ਸੰਖੇਪ ਚਰਚਾ ’ਚ ਸੰਭਵ
ਨਹੀਂ ਹਨ। ਇਹ ਮਿਸਾਲੀ ਅੰਦੋਲਨ ਅੰਗਰੇਜ਼ ਹਾਕਮਾਂ ਖ਼ਿਲਾਫ਼ ਹੋਣ ਕਾਰਨ ਇਸਦਾ ਖਾਸਾ ਸਾਮਰਾਜਵਾਦ
ਵਿਰੋਧੀ ਹੋ ਨਿੱਬੜਿਆ ਤੇ ਇਉਂ ਸ਼ੁਰੂਆਤੀ ਉਭਾਰ ਦੇ ਸਾਲਾਂ ’ਚ ਅਕਾਲੀ
ਦਲ ਮੁਲਕ ’ਚ ਜੂਝਦੀਆਂ ਸਾਮਰਾਜਵਾਦ ਵਿਰੋਧੀ ਸ਼ਕਤੀਆਂ ’ਚ ਸ਼ੁਮਾਰ ਹੋਇਆ। ਉਦੋਂ ਸਿੱਖ ਜਨਤਾ ਅੰਦਰ ਵੀ ਪਾਲਾਬੰਦੀ ਸਾਮਰਾਜ ਦੇ
ਵਿਰੋਧੀ ਤੇ ਹਮਾਇਤੀ ਖੇਮੇ ’ਚ ਵੰਡੇ
ਜਾਣ ਰਾਹੀਂ ਹੋਈ। ਸਿੱਖ ਰਾਜੇ ਰਜਵਾੜੇ ਤੇ ਹੋਰ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਾਬਜ਼ ਜਗੀਰਦਾਰ ਹਿੱਸੇ ਅੰਗਰੇਜ਼ ਬਸਤੀਵਾਦੀਆਂ ਦੀ ਸੇਵਾ ’ਚ ਖੜ੍ਹੇ ਜਦਕਿ ਕਿਰਤੀ ਸਿੱਖ ਜਨਤਾ ਆਪਣੇ ਧਾਰਮਿਕ ਮਾਮਲਿਆਂ ਦਾ
ਕੰਟਰੋਲ ਆਪਣੇ ਹੱਥ ਲੈਣ ਦੇ ਜਮਹੂਰੀ ਹੱਕ ਲਈ ਅੰਗਰੇਜ਼ਾਂ ਖ਼ਿਲਾਫ਼ ਖੜ੍ਹੀ ਤੇ ਇਉਂ ਇਸ ਜੱਦੋਜਹਿਦ ’ਚੋਂ ਉੱਭਰਿਆ ਅਕਾਲੀ ਦਲ ਦੇਸ਼ ਦੀ ਸਾਮਰਾਜਵਾਦ ਵਿਰੋਧੀ ਜੱਦੋਜਹਿਦ ਦੀ
ਲੋਕ-ਧਾਰਾ ਦਾ ਹਿੱਸਾ ਬਣਿਆ। ਇਸਦੀ ਲੀਡਰਸ਼ਿਪ ਸਧਾਰਨ ਸਿੱਖ ਧਾਰਮਿਕ ਜਨਤਾ ਦੇ ਜੁਝਾਰੂ ਤੇ ਖਾੜਕੂ
ਹਿੱਸਿਆਂ ’ਚੋਂ ਉੱਭਰੀ ਜਿਹੜੀ ਆਪਣੀ ਧਾਰਮਿਕ ਆਜ਼ਾਦੀ ਤੇ
ਧਾਰਮਿਕ ਮਾਮਲਿਆਂ ’ਚ ਖੁਦਮੁਖਤਿਆਰੀ ਦੇ ਹੱਕ ਲਈ ਅੰਗਰੇਜ਼
ਬਸਤੀਵਾਦੀ ਹਾਕਮਾਂ ਖ਼ਿਲਾਫ਼ ਡਟ ਜਾਣ ਵਾਲੀ ਨਾਬਰੀ ਦੀ ਡੂੰਘੀ ਭਾਵਨਾ ਲੈ ਕੇ ਆਈ। ਇਸ ਸਾਮਰਾਜਵਾਦ
ਵਿਰੋਧੀ ਲੋਕ-ਧਾਰਾ ਦਾ ਹਿੱਸਾ ਹੁੰਦਿਆਂ ਅਕਾਲੀ ਦਲ ਨੇ ਹੋਰਨਾਂ ਸਾਮਰਾਜਵਾਦ ਵਿਰੋਧੀ ਲੋਕ
ਜਦੋਜਹਿਦਾਂ ’ਚ ਵੀ ਹਿੱਸਾ ਲਿਆ ਤੇ ਆਪਣੇ ਜਨਮ ਦੇ
ਸ਼ੁਰੂਆਤੀ ਅਰਸੇ ’ਚ ਇਹ ਲੋਕਾਂ ਦੀਆਂ ਸ਼ਕਤੀਆਂ ’ਚ ਸ਼ੁਮਾਰ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਣ, ਗੁਰਦੁਆਰਿਆਂ ਦਾ ਕੰਟਰੋਲ ਹੱਥ ਆ ਜਾਣ ਮਗਰੋਂ ਅਕਾਲੀ ਦਲ ਦਾ ਮੁੱਖ
ਖੇਤਰ ਧਾਰਮਿਕ ਰਿਹਾ ਤੇ ਇਹ ਸਿੱਖਾਂ ਦੀ ਮੋਹਰੀ ਜਥੇਬੰਦੀ ਬਣ ਕੇ ਉੱਭਰਿਆ। ਉਸ ਦੌਰ ’ਚ ਅੰਗਰੇਜ਼ ਸਰਪ੍ਰਸਤੀ ਵਾਲੀਆਂ ਸਿੱਖਾਂ ਦੀਆਂ ਸੰਸਥਾਵਾਂ ਆਮ ਧਾਰਮਿਕ
ਸਿੱਖ ਜਨਤਾ ’ਚੋਂ ਨਿੱਖੜ ਗਈਆਂ ਤੇ ਅੰਗਰੇਜ਼ਾਂ ਦੀਆਂ
ਸੇਵਾਦਾਰ ਸੰਸਥਾਵਾਂ ਵਜੋਂ ਨਸ਼ਰ ਹੋ ਗਈਆਂ, ਜਦਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਸਿੱਖਾਂ ’ਚ ਵਿਆਪਕ ਜਨਤਕ ਆਧਾਰ ਵਾਲੀਆਂ ਧਾਰਮਿਕ ਸੰਸਥਾਵਾਂ ਵਜੋਂ ਉੱਭਰੀਆਂ ਪਰ
ਨਾਲ ਹੀ ਅਕਾਲੀ ਦਲ ਦੀ ਧਰਮ ਅਧਾਰਿਤ ਰਾਜਨੀਤੀ ਦਾ ਮੁੱਢ ਵੀ ਬੱਝਾ। ਧਰਮ ਅਧਾਰਿਤ ਰਾਜਨੀਤੀ ਦੇ ਇਸ
ਵਰਤਾਰੇ ਦੀ ਸ਼ੁਰੂਆਤ ਇੱਕ ਨਾਂਹ ਪੱਖੀ ਵਰਤਾਰਾ ਸੀ ਜਿਹੜਾ ਅਜੋਕੇ ਵਿਗਿਆਨਕ ਯੁੱਗ ਅੰਦਰ ਪਿਛਾਖੜੀ
ਜਮਾਤਾਂ ਹੱਥ ਸਿਆਸਤ ਲਈ ਹਥਿਆਰ ਬਣਿਆ ਹੋਇਆ ਵਰਤਾਰਾ ਹੈ। ਇਸ ਧਰਮ ਅਧਾਰਿਤ ਰਾਜਨੀਤੀ ਨੂੰ ਅੰਗਰੇਜ਼
ਹਾਕਮਾਂ ਨੇ ਸੋਚੀ ਸਮਝੀ ਵਿਉਂਤ ਤਹਿਤ ਉਭਾਰਿਆ। ਜਿਵੇਂ ਕਿ ਏਸੇ ਦੌਰ ’ਚ ਹੀ ਮੁਸਲਿਮ ਲੀਗ ਵੀ ਮੁਸਲਿਮ ਧਰਮ ਦੇ ਵੱਡੇ ਸਰਮਾਏਦਾਰਾਂ ਦੀ ਪਾਰਟੀ
ਵਜੋਂ ਉੱਭਰੀ ਸੀ।
ਇਹਨਾਂ
ਸੰਸਥਾਵਾਂ ਦੀ ਲੀਡਰਸ਼ਿਪ ਨੇ ਕੁੱਝ ਅਰਸੇ ’ਚ ਹੀ ਜਦੋਂ
ਰਾਜਸੀ ਖੇਤਰ ’ਚ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਸ਼ੁਰੂ
ਕੀਤਾ ਤਾਂ ਅਕਾਲੀ ਦਲ ਇੱਕ ਨਵੇਂ ਦੌਰ ’ਚ ਦਾਖਲ ਹੋ
ਗਿਆ। ਇਹ ਅੰਗਰੇਜ਼ ਬਸਤੀਵਾਦੀ ਰਾਜ ਦੇ ਦੌਰਾਨ ਹੀ ਹੋ ਗਿਆ ਕਿ ਇਸ ਲੀਡਰਸ਼ਿਪ ਨੇ ਫਿਰਕੂ ਅਧਾਰ ’ਤੇ ਸਿਆਸਤ ਦੀ ਉਸੇ ਲੀਹ ’ਚ ਪੈਰ
ਧਰਿਆ ਜਿਸ ਲੀਹ ਨੂੰ ਉਸ ਵੇਲੇ ਅੰਗਰੇਜ਼ ਬਸਤੀਵਾਦੀਆਂ ਵੱਲੋਂ ਪੱਕੀ ਕੀਤਾ ਜਾ ਰਿਹਾ ਸੀ। ਚਾਹੇ ਇੱਕ
ਮੁੱਢਲੇ ਦੌਰ ’ਚ ਅਕਾਲੀ ਦਲ ਨੇ ਸਿਆਸੀ ਤੌਰ ’ਤੇ ਅੰਗਰੇਜ਼
ਬਸਤੀਵਾਦੀ ਰਾਜ ਖ਼ਿਲਾਫ਼ ਰੋਲ ਨਿਭਾਇਆ ਪਰ ਨਾਲ ਹੀ ਧਰਮ ਅਧਾਰਿਤ ’ਤੇ ਸਿਆਸਤ ਦੀ ਗਲਤ ਨੀਂਹ ਪੱਕੀ ਹੋਣੀ ਸ਼ੁਰੂ ਹੋਈ ਜਿਹੜੀ ਅੰਗਰੇਜ਼ਾਂ ਦੀ
‘ਪਾੜੋ ਤੇ ਰਾਜ ਕਰੋ ਦੀ ਨੀਤੀ’
ਦੀ ਮਾਰ ’ਚ ਆ ਕੇ,
ਫਿਰਕੂ ਸਿਆਸਤ ’ਚ ਵਟਣਾ
ਸ਼ੁਰੂ ਹੋ ਗਈ। ਲੋਕਾਂ ਦੀਆਂ ਧਾਰਮਿਕ ਅਧਾਰ ’ਤੇ ਸਿਆਸੀ
ਲਾਮਬੰਦੀਆਂ ਧਰਮ ਨਿਰਲੇਪ ਜਮਹੂਰੀ ਤੇ ਜਮਾਤੀ ਲੀਹਾਂ ’ਤੇ ਹੋਣ
ਵਾਲੀਆਂ ਜਮਾਤੀ ਲਾਮਬੰਦੀਆਂ ਦੇ ਰੁਝਾਨ ਦੇ ਉਲਟ ਭੁਗਤੀਆਂ। 1940ਵਿਆਂ ਦੇ ਦਹਾਕੇ ’ਚ ਆ ਕੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਫਿਰਕੂ ਸਿਆਸਤ ਦੀ ਪਟੜੀ ਫੜ ਲਈ
ਤੇ ਕਾਂਗਰਸ ਤੇ ਮੁਸਲਿਮ ਲੀਗ ਵਾਂਗ ਹੀ ਅੰਗਰੇਜ਼ਾਂ ਨਾਲ ਜੋੜਾਂ-ਤੋੜਾਂ ਦੀ ਕਸਰਤ ’ਚ ਜੁਟ ਗਏ ਜਿਸ ਵਿੱਚ ਆਮ ਧਾਰਮਿਕ ਸਿੱਖ ਜਨਤਾ ਦੇ ਜਮਹੂਰੀ ਸਰੋਕਾਰਾਂ
ਦੀ ਬਜਾਏ ਸਿੱਖ ਜਗੀਰਦਾਰਾਂ ਤੇ ਸਾਧਨ ਸੰਪੰਨ ਤਬਕੇ ਦੇ ਹਿੱਤਾਂ ਦੀ ਤਰਜੀਹ ਸੀ। ਨਵੇਂ ਬਣ ਰਹੇ
ਰਾਜ ’ਚ ਸਿੱਖ ਧਰਮ ਨਾਲ ਸੰਬੰਧਤ ਇਹਨਾਂ ਜਮਾਤਾਂ
ਦੀ ਸਥਾਨਬੰਦੀ ਦੇ ਸਰੋਕਾਰਾਂ ਦੀ ਤਰਜੀਹ ਸੀ। ਇਸ ਦੌਰ ਤੋਂ ਹੀ ਇਸਦੀ ਲੀਡਰਸ਼ਿਪ ਦਾ ਜਮਾਤੀ ਖਾਸਾ
ਵੀ ਤਬਦੀਲ ਹੋਣਾ ਸ਼ੁਰੂ ਹੋ ਗਿਆ ਤੇ ਇਹ ਲੀਡਰਸ਼ਿਪ ਪੰਜਾਬ ਦੀ ਸਰਦੀ ਪੁੱਜਦੀ ਧਨਾਢ ਜਮਾਤ ਦੇ ਹੱਥਾਂ
’ਚ ਜਾਣੀ ਸ਼ੁਰੂ ਹੋ ਗਈ ਜਾਂ ਅਸਿੱਧੇ ਢੰਗ ਨਾਲ ਉਹਦੇ ਹਿੱਤਾਂ ਦੀ
ਰਖਵਾਲੀ ਦੇ ਰਾਹ ਤੁਰ ਪਈ। 1947 ਦੀ ਸੱਤਾ ਬਦਲੀ ਅਤੇ ਦੇਸ਼ ਦੀ ਵੰਡ ਦੌਰਾਨ ਵੀ ਅਕਾਲੀ ਦਲ ਦੀ
ਲੀਡਰਸ਼ਿਪ ਨੇ ਸਿੱਖ ਧਾਰਮਿਕ ਜਨਤਾ ਦੇ ਜਮਹੂਰੀ ਸਰੋਕਾਰਾਂ ਦੀ ਥਾਂ ਆਪਣੀਆਂ ਹੋਰਨਾਂ ਜਮਾਤੀ ਸਿਆਸੀ
ਗਿਣਤੀਆਂ ਨੂੰ ਅਧਾਰ ਬਣਾਇਆ ਜਦਕਿ ਦਾਅਵਾ ਆਮ ਸਿੱਖਾਂ ਦੇ ਹਿੱਤਾਂ ਦੀ ਨੁਮਾਇੰਦਗੀ ਦਾ ਕੀਤਾ। ਉਸ
ਦੌਰ ’ਚ ਅੰਗਰੇਜ਼ਾਂ ਵੱਲੋਂ ਮੁਲਕ ਦੀ ਫਿਰਕੂ ਲੀਹਾਂ
’ਤੇ ਵੰਡ ਦੀ ਨੀਤੀ ਨਾਲ ਜੋ ਫਿਰਕੂ ਪਾਟਕ ਵਧੇ ਅਤੇ ਫਿਰਕਾਪ੍ਰਸਤੀ ਦਾ
ਜ਼ਹਿਰ ਫੈਲਿਆ, ਉਸ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ
ਹਿੱਸਾ ਪਾਇਆ। ਚਾਹੇ ਅਕਾਲੀ ਦਲ ਦੀ ਸ਼ੁਰੂਆਤੀ ਪੁਜ਼ੀਸ਼ਨ ਪੰਜਾਬ ਦੀ ਵੰਡ ਦੇ ਖ਼ਿਲਾਫ਼ ਸੀ, ਪਰ ਮਗਰੋਂ ਵੰਡ ਦੇ ਮਹੌਲ ’ਚ ਮੁਸਲਿਮ
ਲੀਗ ਦੇ ਆਗੂਆਂ ਨਾਲ ਫਿਰਕੂ ਬਿਆਨਬਾਜੀ ’ਚ ਅਕਾਲੀ ਲੀਡਰਸ਼ਿਪ
ਵੀ ਪਿੱਛੇ ਨਹੀਂ ਰਹੀ। ਜਿਵੇ ਕਿ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਦੀ ਫਿਰਕੂ ਬਿਆਨਬਾਜੀ ਨੇ
ਸਿੱਖਾਂ ਤੇ ਮੁਸਲਮਾਨਾਂ ’ਚ ਪਾਟਕ
ਵਧਾਉਣ ’ਚ ਰੋਲ ਅਦਾ ਕੀਤਾ ਤੇ ਮਗਰੋਂ ਪੰਜਾਬ ਨੇ
ਫਿਰਕੂ ਕਤਲੇਆਮ ਦਾ ਜੋ ਕਹਿਰ ਝੱਲਿਆ, ਉਹਦੀ ਚੀਸ
ਤਾਂ ਅਜੇ ਤੱਕ ਵੀ ਲੋਕ ਮਨਾਂ ’ਚ ਰਿਸਦੀ
ਹੈ।
ਇਸ ਦੌਰ ਤੋਂ ਹੀ
ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੀਆਂ ਜਗੀਰਦਾਰ ਤੇ ਧਨਾਢ ਜਮਾਤਾਂ ਦੀ ਸਿਆਸੀ ਨੁਮਾਇੰਦਾ ਸੀ ਜਦਕਿ
ਇਸਦਾ ਸਮਾਜਿਕ ਅਧਾਰ ਜੱਟ ਸਿੱਖ ਕਿਸਾਨੀ ’ਚ ਸੀ। ਜੱਟ
ਸਿੱਖ ਕਿਸਾਨੀ ’ਚ ਜਮਾਤੀ ਤੌਰ ’ਤੇ ਵੱਡੀ ਗਿਣਤੀ ਗਰੀਬ ਕਿਸਾਨੀ ਦੀ ਸੀ। ਚਾਹੇ ਸ਼ੁਰੂਆਤੀ ਦੌਰ ’ਚ ਇਸਦੀ ਲੀਡਰਸ਼ਿਪ ’ਚੋਂ
ਹੇਠਲੀਆਂ ਜਮਾਤੀ ਪਰਤਾਂ ਦੇ ਵਿਅਕਤੀ ਵੀ ਉੱਭਰ ਕੇ ਆਏ ਪਰ ਮੌਜੂਦਾ ਦੌਰ ਤੱਕ ਆਉਂਦਿਆਂ-ਆਉਂਦਿਆਂ
ਇਸਦੀ ਲੀਡਰਸ਼ਿਪ ਯੋਗਤਾ ਵਜੋਂ ਉਚੇਰੀ ਜਮਾਤੀ ਹੈਸੀਅਤ ਪ੍ਰਮੁੱਖ ਹੋ ਗਈ।
1947 ਦੀ
ਸੱਤਾ ਬਦਲੀ ਮਗਰੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਦੇ ਜਗੀਰਦਾਰਾਂ ਤੇ ਧਨਾਢ ਸਿੱਖਾਂ ਦੇ
ਹਿੱਤਾਂ ਦਾ ਝੰਡਾ ਬਕਾਇਦਾ ਸੰਭਾਲ ਲਿਆ ਤੇ ਇਸ ਖਾਤਰ ਆਮ ਧਾਰਮਿਕ ਸਿੱਖ ਜਨਤਾ ਦੀਆਂ ਧਾਰਮਿਕ ਭਾਵਨਾਵਾਂ
ਦੀ ਵਰਤੋਂ ਕੀਤੀ। ਇਹਨਾਂ ਜਜ਼ਬਾਤਾਂ ਅਤੇ ਸਿੱਖ ਧਾਰਮਿਕ ਸੰਸਥਾਵਾਂ ’ਚ ਪੁੱਗਤ ਦੇ ਜ਼ੋਰ ’ਤੇ ਭਾਰਤੀ
ਰਾਜ ’ਚ ਹਿੱਸਾ ਪੱਤੀ ਦੀ ਸੌਦੇਬਾਜ਼ੀ ਦਾ ਲੰਮਾ
ਸਿਲਸ਼ਿਲਾ ਸ਼ੁਰੂ ਹੋਇਆ। 1950ਵਿਆਂ ’ਚ ਪੰਜਾਬੀ
ਸੂਬੇ ਦੀ ਮੰਗ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਵੀ ਰਾਜ ਗੱਦੀ ’ਚ
ਹਿੱਸੇਦਾਰੀ ਦੀਆਂ ਗਿਣਤੀਆਂ ਤੋਂ ਪ੍ਰੇਰਿਤ ਸੀ। ਅਕਾਲੀਆਂ ਲਈ ਇਹ ਪੰਜਾਬੀ ਭਾਸ਼ਾ ਤੇ ਸੱਭਿਆਚਾਰ
ਨੂੰ ਪ੍ਰਫੁੱਲਤ ਕਰਨ ਦੇ ਜਮਹੂਰੀ ਨਜ਼ਰੀਏ ਤੇ ਲੋੜ ਤੋਂ ਨਿੱਕਲੀ ਮੰਗ ਨਹੀਂ ਸੀ, ਸਗੋਂ ਸਿੱਖ ਹਾਕਮ ਜਮਾਤ ਦੀਆਂ ਸਿਆਸੀ ਜਮਾਤੀ ਹਿੱਤਾਂ ਦੀ ਸੇਵਾ ਲਈ
ਸੀ। ਚਾਹੇ ਇਹ ਭਾਸ਼ਾ ਦੇ ਅਧਾਰ ’ਤੇ ਸੂਬਾ
ਬਣਾਉਣ ਦੀ ਪੰਜਾਬੀ ਲੋਕਾਂ ਦੀ ਜਮਹੂਰੀ ਮੰਗ ਨੂੰ ਹੁੰਗਾਰਾ ਸੀ ਪਰ ਨਾਲ ਹੀ ਇਹ ਹੁੰਗਾਰਾ ਫਿਰਕੂ
ਰਲਾਅ ਵਾਲਾ ਸੀ ਤੇ ਅਕਾਲੀਆਂ ਦੀ ਇਹ ਗਿਣਤੀ ਸ਼ਾਮਲ ਸੀ ਕਿ ਅਜਿਹੇ ਸੂਬੇ ’ਚ ਹੀ ਉਹਨਾਂ ਦਾ ਸੱਤਾ ਨੂੰ ਹੱਥ ਪੈ ਸਕਦਾ ਹੈ ਜਿੱਥੇ ਸਿੱਖ
ਬਹੁ-ਗਿਣਤੀ ’ਚ ਹੋਣਗੇ। ਇਸ ਲਈ ਪੰਜਾਬੀ ਸੂਬਾ ਬਣਨ ਵੇਲੇ
ਵੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਪਹੁੰਚ ਪੰਜਾਬੀ ਭਾਸ਼ਾ ਦੇ ਜਮਹੂਰੀ ਅਧਾਰ ’ਤੇ ਸੂਬਾ ਬਣਾਉਣ ਦੀ ਥਾਂ ਰਾਜਿਆਂ ਦੇ ਦੌਰ ਵਾਂਗ ਜ਼ਮੀਨੀ ਖੇਤਰਫਲ
ਸੋਮਿਆਂ ਸਾਧਨਾਂ ’ਤੇ ਕਬਜ਼ਾ ਤੇ ਹੋਰਨਾਂ ਤਰਜੀਹਾਂ ਦੇ ਅਧਾਰ ’ਤੇ ਸੀ, ਜਿਵੇਂ ਕਿ
ਪੰਜਾਬੀ ਬੋਲਦੇ ਇਲਾਕਿਆਂ ਦੀ ਕੀਮਤ ’ਤੇ
ਚੰਡੀਗੜ੍ਹ ਸ਼ਹਿਰ ਨੂੰ ਹਾਸਲ ਕਰਨ ਦੀ ਪਹੁੰਚ ਜ਼ਾਹਰ ਹੋਈ ਸੀ। ਉਹਨਾਂ ਵੱਲੋਂ ਪੰਜਾਬੀ ਸੂਬਾ ਬਣਨ
ਮਗਰੋਂ ਵੀ ਚੰਡੀਗੜ੍ਹ ਜਾਂ ਹੋਰਨਾਂ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ’ਤੇ ਸੂਬੇ ਦੀ ਹੁਕਮਰਾਨ ਜਗੀਰਦਾਰ ਜਮਾਤ ਦੀਆਂ ਲੋੜਾਂ ਦੇ ਹਿਸਾਬ ਹੀ
ਸੋਚਿਆ ਜਾਂਦਾ ਰਿਹਾ ਹੈ। ਇਸ ਮਸਲੇ ਦੇ ਪੰਜਾਬੀ ਬੋਲੀ ਬੋਲਦੇ ਲੋਕਾਂ ਦੀ ਜਮਹੂਰੀ ਲੋੜ ਅਨੁਸਾਰ
ਜਮਹੂਰੀ ਲੀਹਾਂ ’ਤੇ ਨਿਪਟਾਰੇ ਦੀ ਥਾਂ ਸਥਾਨਕ ਹੁਕਮਰਾਨਾਂ
ਵਜੋਂ ਕੇਂਦਰੀ ਹਕੂਮਤ ਨਾਲ ਸੌਦੇਬਾਜ਼ੀ ਦੀ ਅਜਿਹੀ ਪਹੁੰਚ ਲਈ ਜਾਂਦੀ ਰਹੀ ਹੈ ਜਿਸ ਵਿੱਚ ਪੰਜਾਬੀ
ਬੋਲਦੇ ਲੋਕਾਂ ਦੀਆਂ ਪੰਜਾਬ ਦਾ ਹਿੱਸਾ ਹੋਣ ਦੀਆਂ ਜਮਹੂਰੀ ਉਮੰਗਾਂ ਨੂੰ ਦਰਕਿਨਾਰ ਕਰਕੇ, ਆਪਣੇ ਸੌੜੇ ਸਿਆਸੀ ਹੁਕਮਰਾਨ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਰਹੀ
ਹੈ ਤੇ ਇਸ ਸੌਦੇਬਾਜ਼ੀ ’ਚ ਪੰਜਾਬੀ
ਬੋਲਦੇ ਇਲਾਕੇ ਛੱਡ ਦੇਣ ਤੱਕ ਬਾਰੇ ਵੀ ਸੋਚਿਆ ਜਾਂਦਾ ਰਿਹਾ ਹੈ। ਏਸੇ ਫਿਰਕੂ ਗਿਣਤੀ-ਮਿਣਤੀ ਤਹਿਤ
ਹੀ ਹਿੰਦੂ ਵਸੋਂ ਵਾਲੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਦਾ ਹਿੱਸਾ ਬਨਾਉਣ ਦੀ ਰੁਚੀ ਜ਼ਾਹਰ
ਨਹੀਂ ਸੀ ਹੁੰਦੀ। ਚਾਹੇ ਉਪਰੋਂ ਨਾਅਰਾ ਪੰਜਾਬੀ ਸੂਬਾ ਬਣਾਉਣ ਦਾ ਸੀ ਪਰ ਅੰਦਰੋਂ ਮਨਸ਼ਾ ਸਿੱਖ
ਧਾਰਮਿਕ ਜਨਤਾ ਦੀਆਂ ਵੋਟਾਂ ਹਾਸਲ ਕਰਕੇ ਗੱਦੀ ਤੱਕ ਪਹੁੰਚਣ ਦਾ ਰਾਹ ਪੱਧਰਾ ਕਰਨ ਦਾ ਸੀ। ਇਹ ਦੇਸ਼
ਅੰਦਰ ਭਾਸ਼ਾ ਅਧਾਰਿਤ ਸੂਬੇ ਬਣਾਉਣ ਦੀ ਲੋਕਾਂ ਦੀ ਜਮਹੂਰੀ ਰਜ਼ਾ ਦੀ ਅਧਿਕਾਰ ਜਤਾਈ ਸੀ ਜਿਹੜੀ ਦੇਸ਼
ਦੇ ਵੱਖ ਵੱਖ ਖੇਤਰਾਂ ’ਚ ਭਾਸ਼ਾ
ਅਧਾਰਿਤ ਸੂਬੇ ਬਣਾਉਣ ਲਈ ਫੁੱਟੀਆਂ ਜਦੋਜਹਿਦਾਂ ਦੇ ਰੂਪ ’ਚ ਪ੍ਰਗਟ
ਹੋ ਰਹੀ ਸੀ। ਜਿਵੇਂ ਹੋਰਨਾਂ ਸੂਬਿਆਂ ’ਚ ਵੀ ਆਮ
ਕਰਕੇ ਇਹਨਾਂ ਸੰਘਰਸ਼ਾਂ ਦੀ ਅਗਵਾਈ ਸਥਾਨਕ ਹਾਕਮ ਜਮਾਤੀ ਸ਼ਕਤੀਆਂ ਹੱਥ ਰਹੀ ਸੀ ਉਵੇਂ ਹੀ ਪੰਜਾਬ
ਅੰਦਰ ਅਕਾਲੀ ਦਲ ਮੋਹਰੀ ਸ਼ਕਤੀ ਵਜੋਂ ਪੇਸ਼ ਹੋਇਆ ਸੀ।
ਪੰਜਾਬੀ
ਸੂਬਾ ਬਣਨ ਮਗਰੋਂ ਸੂਬੇ ਦੀ ਹਕੂਮਤੀ ਕੁਰਸੀ ’ਤੇ ਪੱਕੇ
ਤੌਰ ’ਤੇ ਕਾਬਜ਼ ਹੋਣ ਦੀ ਅਕਾਲੀ ਦਲ ਦੀ ਚਾਹਤ ਜਦੋਂ
ਪੂਰੀ ਨਾ ਹੁੰਦੀ ਜਾਪੀ ਅਤੇ 6-7 ਸਾਲਾਂ ਦੇ ਅਰਸੇ ’ਚ ਸਰਕਾਰਾਂ
ਬਣਨ ਤੇ ਟੁੱਟਣ ਦਾ ਅਮਲ ਚੱਲਿਆ ਤੇ ਅਕਾਲੀ ਆਪਣੀ ਪੱਕੀ ਸਰਕਾਰ ਦੀ ਚਾਹਤ ਪੂਰੀ ਨਾ ਕਰ ਸਕੇ ਤਾਂ
ਫਿਰ ਆਨੰਦਪੁਰ ਦਾ ਮਤਾ ਲਿਆ ਕੇ ਭਾਰਤੀ ਰਾਜ ਅੰਦਰ ਸਿੱਖਾਂ ਦੇ ਬੋਲ ਬਾਲੇ ਵਾਲਾ ਖਿੱਤਾ ਉਸਾਰਨ
ਦੀਆਂ ਮੰਗਾਂ ਪੇਸ਼ ਕੀਤੀਆਂ। ਇਹਨਾਂ ਮੰਗਾਂ ਦਾ ਸਾਰ ਤੱਤ ਭਾਰਤੀ ਰਾਜ ਦੇ ਅੰਦਰ, ਉਸਦੀ ਸਰਪ੍ਰਸਤੀ ਹੇਠ ਹੀ ਇੱਕ ਅਜਿਹਾ ਧਰਮ ਅਧਾਰਿਤ ਰਾਜ ਕਾਇਮ ਕਰਨਾ
ਹੈ, ਜਿਸ ਵਿੱਚ ਸਿੱਖ ਸੰਗਤ ਦੇ ਨਾਂ ਹੇਠ ਸਿੱਖ
ਜਗੀਰਦਾਰਾਂ ਤੇ ਕਾਰਪੋਰੇਟਾਂ ਦੀ ਚੌਧਰ ਹੋਵੇਗੀ। ਰਾਜ ਅੰਦਰ ਪੁੱਗਤ ਦੇ ਜ਼ੋਰ ਇਹ ਜਮਾਤਾਂ ਹੋਰਨਾਂ
ਦੇ ਮੁਕਾਬਲੇ ਕਾਰੋਬਾਰਾਂ ’ਚ ਵਿਸ਼ੇਸ਼
ਸਹੂਲਤਾਂ/ਰਿਆਇਤਾਂ ਮਾਣ ਸਕਣਗੀਆਂ। ਇਹਨਾਂ ਫ਼ਿਰਕੂ ਮੰਗਾਂ ਲਈ ਮੋਰਚਿਆਂ ਦੀ ਰਾਜਨੀਤੀ ਦਾ ਨਵਾਂ
ਦੌਰ ਸ਼ੁਰੂ ਕੀਤਾ ਗਿਆ। ਸੱਤਰਵਿਆਂ ਤੋਂ ਸ਼ੁਰੂ ਹੋਇਆ ਇਹ ਦੌਰ 80ਵਿਆਂ ਦੇ ਸ਼ੁਰੂ ’ਚ ਪੰਜਾਬ ਲਈ ਵੱਡਾ ਸੰਤਾਪ ਬਣ ਗਿਆ ਜਿਸਦੇ ਜਿੰਮੇਵਾਰ ਅਕਾਲੀ ਆਗੂ, ਕਾਂਗਰਸੀ ਹੁਕਮਰਾਨ ਤੇ ਅਕਾਲੀ ਦਲ ਦਾ ਬਦਲ ਬਣਾਉਣ ਲਈ ਉਭਾਰੇ ਗਏ ਸਿੱਖ
ਬੁਨਿਆਦਪ੍ਰਸਤ ਹਿੱਸੇ ਸਨ। ਇੰਦਰਾ ਹਕੂਮਤ ਨੇ ਪੰਜਾਬ ਅੰਦਰ ਅਕਾਲੀ ਦਲ ਨਾਲ ਸੱਤਾ ’ਤੇ ਕਬਜ਼ੇ ਦੇ ਸ਼ਰੀਕਾ ਭੇੜ ’ਚ ਸਿੱਖ
ਧਰਮ ਅੰਦਰਲੇ ਫਿਰਕੂ ਜਨੂੰਨੀ ਤੱਤਾਂ ਨੂੰ ਸ਼ਹਿ ਦੇ ਕੇ ਉਭਾਰਿਆ ਤੇ ਜਿਸਦਾ ਸਿੱਟਾ ਦਰਬਾਰ ਸਾਹਿਬ ’ਤੇ ਹਮਲੇ, ਇੰਦਰਾ
ਗਾਂਧੀ ਦੇ ਕਤਲ ਤੇ ਦਿੱਲੀ ਸਿੱਖ ਕਤਲੇਆਮ ਵਰਗੀਆਂ ਹਿੰਸਕ ਘਟਨਾਵਾਂ ’ਚ ਨਿੱਕਲਿਆ ਤੇ ਪੰਜਾਬ ਡੇਢ ਦਹਾਕੇ ਲਈ ਦੋ ਮੂੰਹੀਂ ਦਹਿਸ਼ਤਗਰਦੀ
(ਹਕੂਮਤੀ ਤੇ ਖਾਲਿਸਤਾਨੀ ਦਹਿਸ਼ਤਗਰਦੀ) ਦੇ ਪੁੜਾਂ ’ਚ ਪਿਸਦਾ
ਰਿਹਾ। ਧਰਮ ਯੁੱਧ ਮੋਰਚੇ ਦੀ ਸਿਆਸਤ ਤੇ ਕਾਂਗਰਸੀ ਹੁਕਮਰਾਨਾਂ ਵੱਲੋਂ ਫ਼ਿਰਕੂ ਸਿਆਸਤ ਨੂੰ ਹਵਾ
ਦੇਣ ਦੇ ਨਤੀਜੇ ਦੀ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਕੀਮਤ ’ਤਾਰਨੀ ਪਈ। ਉਸ ਦੌਰ ’ਚ ਅਕਾਲੀ
ਦਲ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਤੇ ਦਰਿਆਈ ਪਾਣੀਆਂ ਦੀ ਵੰਡ ਵਰਗੇ ਪੰਜਾਬ ਦੇ ਜਿਹੜੇ ਮੁੱਦੇ
ਉਭਾਰੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਉਹਨਾਂ ਨੂੰ ਵੀ ਹਾਕਮ ਜਮਾਤਾਂ ਦੇ ਹਿੱਤਾਂ ਅਨੁਸਾਰ ਸੌੜੇ
ਇਲਾਕਾਈ ਚੌਖਟੇ ’ਚ ਤੇ ਫਿਰਕੂ ਰੰਗਤ ਦੇ ਕੇ ਉਭਾਰਿਆ ਗਿਆ। ਇਸ
ਸੌੜੀ ਇਲਾਕਾਈ ਤੇ ਫ਼ਿਰਕੂ ਪਹੁੰਚ ਨੇ ਗੁਆਂਢੀ ਸੂਬੇ ਦੇ ਲੋਕਾਂ ਨਾਲ ਪਾਟਕ ਪਾਉਣ ਦਾ ਰੋਲ ਨਿਭਾਇਆ
ਅਤੇ ਇਹਨਾਂ ਮਸਲਿਆਂ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਦਿੱਤਾ। ਉਸ ਤੋਂ ਮਗਰੋਂ ਇਹ ਮੁੱਦੇ ਹਾਕਮ
ਜਮਾਤੀ ਸਿਆਸੀ ਸ਼ਤਰੰਜ ਦੀਆਂ ਚਾਲਾਂ ’ਚ ਵਾਰ-ਵਾਰ
ਵਰਤੇ ਜਾਂਦੇ ਰਹੇ ਅਤੇ ਸਭਨਾਂ ਹਾਕਮ ਜਮਾਤੀ ਧੜਿਆਂ ਦੇ ਪਸੰਦੀਦਾ ਮੁੱਦੇ ਬਣ ਗਏ। ਇਹਨਾਂ ਮੁੱਦਿਆਂ
ਨੂੰ ਹੁਣ ਤੱਕ ਲੋਕਾਂ ਦੀਆਂ ਜਮਾਤੀ ਤਬਕਾਤੀ ਲਾਮਬੰਦੀਆਂ ਦੀ ਕਾਟ ਲਈ ਹਾਕਮ ਜਮਾਤੀ ਸਿਆਸਤਦਾਨਾਂ
ਵੱਲੋਂ ਵਰਤਿਆ ਜਾਂਦਾ ਹੈ। 80ਵਿਆਂ ਦੇ ਇਸ ਕਾਲੇ ਦੌਰ ਦੇ ਮੁਜ਼ਰਮ ਜਿੱਥੇ ਕਾਂਗਰਸੀ ਹੁਕਮਰਾਨ ਤੇ
ਖਾਲਿਸਤਾਨੀ ਦਹਿਸ਼ਤਗਰਦ ਸਨ, ਉੱਥੇ
ਅਕਾਲੀ ਦਲ ਦੀ ਲੀਡਰਸ਼ਿਪ ਵੀ ਇਹਦੇ ’ਚ
ਹਿੱਸੇਦਾਰ ਸੀ ਜਿਸਨੇ ਫ਼ਿਰਕੂ ਸਿਆਸਤ ਦੀ ਜ਼ਮੀਨ ਵਿਛਾਉਣ ’ਚ ਭੂਮਿਕਾ
ਅਦਾ ਕੀਤੀ ਅਤੇ ਨਾਲ ਹੀ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੀਤੀ ਜਾਂਦੀ ਕਤਲੋਗਾਰਦ ਦੇ ਸਿਰ ’ਤੇ ਕੇਂਦਰੀ ਕਾਂਗਰਸੀ ਹੁਕਮਰਾਨਾਂ ਨਾਲ ਸੌਦੇਬਾਜ਼ੀਆਂ ਕਰਨ ’ਚ ਜੁਟੇ ਰਹੇ। ਰਾਜੀਵ ਲੌਂਗੋਵਾਲ ਸਮਝੌਤਾ ਅਜਿਹੀ ਹੀ ਇੱਕ ਸੌਦੇਬਾਜੀ
ਦਾ ਨਮੂਨਾ ਹੈ ਜਿਹੜੀ ਪੰਜਾਬ ਦੀ ਹਕੂਮਤੀ ਕੁਰਸੀ ਹਾਸਲ ਕਰਨ ਲਈ ਕੀਤੀ ਗਈ ਸੀ ਜਿਸਨੂੰ ਪੇਸ਼ ਪੰਜਾਬ
ਲਈ ਅਮਨ ਦੇ ਯਤਨਾਂ ਵਜੋਂ ਕੀਤਾ ਜਾਂਦਾ ਹੈ। ਇਹ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਮੋਰਚਿਆਂ ਦੀ
ਸਿਆਸਤ ਸੀ ਜਿਸਨੇ 80ਵਿਆਂ ਦੇ ਸ਼ੁਰੂਆਤੀ ਦੌਰ ਅੰਦਰ ਜਮਾਤੀ ਸੰਘਰਸ਼ਾਂ ਦਾ ਮੂੰਹਾਂ ਤਲਾਸ਼ ਰਹੀ
ਕਿਸਾਨ ਬੈਚੈਨੀ ਨੂੰ ਫ਼ਿਰਕੂ ਲੀਹਾਂ ’ਤੇ ਵਗਾਉਣ
ਦੀ ਪਿਛਾਖੜੀ ਭੂਮਿਕਾ ਅਦਾ ਕੀਤੀ। ਅਕਾਲੀ ਦਲ ਵੱਲੋਂ ਭਟਕਾਊ ਫ਼ਿਰਕੂ ਮੁੱਦਿਆਂ ਦੁਆਲੇ ਕੀਤੀ ਜਾਂਦੀ
ਲਾਮਬੰਦੀ ਨੇ ਜਮਾਤੀ ਤਬਕਾਤੀ ਮੁੱਦਿਆਂ ਦੁਆਲੇ ਹੁਕਮਰਾਨਾਂ ਖ਼ਿਲਾਫ਼ ਉੱਠ ਰਹੀ ਪੰਜਾਬ ਦੀ ਕਿਸਾਨੀ
ਨੂੰ ਪਾਟਕਪਾਊ ਲੀਹਾਂ ’ਤੇ
ਤਿਲ੍ਹਕਾਉਣ ਦਾ ਰੋਲ ਅਦਾ ਕੀਤਾ। ਇਹ ਅਕਾਲੀ ਦਲ ਵੱਲੋਂ ਕੇਂਦਰੀ ਕਾਂਗਰਸੀ ਹੁਕਮਰਾਨਾ ਨਾਲ ਕੁਰਸੀ
ਭੇੜ ਦੌਰਾਨ ਪੰਜਾਬ ਦੀ ਕਿਸਾਨ ਲਹਿਰ ਨੂੰ ਮਾਰੀ ਗਈ ਬੇਹੱਦ ਘਾਤਕ ਫੇਟ ਸੀ ਜਿਸ ਨੇ ਉੱਠ ਰਹੀ
ਕਿਸਾਨ ਲਹਿਰ ਨੂੰ ਡੇਢ ਦਹਾਕਾ ਪਿੱਛੇ ਪਾ ਦਿੱਤਾ। ਜਿਸਨੇ 90ਵਿਆਂ ਦੇ ਅਖ਼ੀਰ ’ਚ ਆ ਕੇ ਮੁੜ ਜ਼ੋਰ ਫੜਿਆ।
47 ਦੀ ਸੱਤਾ ਬਦਲੀ
ਤੋਂ ਮਗਰੋਂ ਅਤੇ ਵਿਸ਼ੇਸ਼ ਕਰਕੇ 60ਵਿਆਂ ਤੋਂ ਲੈ ਕੇ 80ਵਿਆਂ ਦੇ ਦਹਾਕੇ ਤੱਕ ਦੇ ਜਿਸ ਦੌਰ ਬਾਰੇ
ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਦੇ ਚੈਂਪੀਅਨ ਹੋਣ ਦਾ ਦਾਅਵਾ
ਕੀਤਾ ਜਾਂਦਾ ਹੈ ਤੇ ਜਿਸ ਬਾਰੇ ਕੁੱਝ ਜਮਹੂਰੀ ਤੇ ਲੋਕ ਹਿੱਤੂ ਹਿੱਸੇ ਵੀ ਭਰਮ ’ਚ ਆਉਂਦੇ ਹਨ, ਉਹ ਦੌਰ
ਮੁੱਖ ਤੌਰ ’ਤੇ ਅਕਾਲੀ ਲੀਡਰਸ਼ਿਪ ਵੱਲੋਂ ਸੂਬਿਆਂ ਦੇ
ਹਿੱਤਾਂ ਦੇ ਨਾਂ ’ਤੇ ਕੇਂਦਰੀ ਹਕੂਮਤ ਨਾਲ ਸੱਤਾ ’ਚ ਹਿੱਸੇਦਾਰੀ ਲਈ ਖੇਡੀ ਜਾਂਦੀ ਰਹੀ ਸੌਦੇਬਾਜ਼ੀ ਦੀ ਖੇਡ ਹੈ। ਸੂਬਿਆਂ
ਦੇ ਵੱਧ ਅਧਿਕਾਰਾਂ ਦੇ ਨਾਂ ’ਤੇ ਪੰਜਾਬ
ਦੀ ਹੁਕਮਰਾਨ ਜਗੀਰਦਾਰ ਜਮਾਤ ਲਈ ਹੋਰ ਗੱਫੇ ਲਗਾ ਸਕਣ ਦੀਆਂ ਸ਼ਕਤੀਆਂ ਹਾਸਲ ਕਰਨ ਦੀ ਸੌਦੇਬਾਜ਼ੀ
ਕੀਤੀ ਜਾਂਦੀ ਰਹੀ ਹੈ ਤੇ ਆਮ ਸਿੱਖ ਧਾਰਮਿਕ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਦੀ ਵਰਤੋਂ ਕੀਤੀ
ਜਾਂਦੀ ਰਹੀ ਹੈ। ਹਾਸਲ ਕੀਤੇ ਗਏ ‘ਵੱਧ
ਅਧਿਕਾਰ’ ਵੀ ਸਾਮਰਾਜੀ ਕੰਪਨੀਆਂ ਨਾਲ ਸਿੱਧੀਆਂ
ਸੌਦੇਬਾਜ਼ੀਆਂ ਕਰਨ ਲਈ ਹੀ ਵਰਤੇ ਜਾਂਦੇ ਰਹੇ ਹਨ। ਪੰਥ ਦੇ ਰਖਵਾਲੇ ਹੋਣ ਦੇ ਦਾਅਵਿਆਂ ਦੇ ਓਹਲੇ ’ਚ ਪੰਜਾਬ ਦੀ ਜਗੀਰਦਾਰ ਤੇ ਧਨਾਢ ਜਮਾਤ ਦੇ ਹਿੱਤਾਂ ਦੀ ਰਖਵਾਲੀ ਕੀਤੀ
ਜਾਂਦੀ ਰਹੀ ਤੇ ਉਹਨਾਂ ਦੇ ਵਪਾਰ/ਕਾਰੋਬਾਰ ਵੱਡੇ ਕੀਤੇ ਜਾਂਦੇ ਰਹੇ ਹਨ। ਇਸ ਦੌਰ ’ਚ ਅਕਾਲੀ ਦਲ ਦੇ ਵੋਟ ਬੈਂਕ ਜੱਟ ਸਿੱਖ ਕਿਸਾਨੀ ਦੀ ਇੱਕ ਛੋਟੀ ਪਰਤ, ਹਰੇ ਇਨਕਲਾਬ ਦੇ ਲਾਹੇ ਨਾਲ ਸਰਦੀ ਪੁੱਜਦੀ ਜਮਾਤ ’ਚ ਹਾਸਲ ਹੋਈ ਤੇ ਉਹ ਅਕਾਲੀ ਦਲ ਦੀਆਂ ਲੀਡਰਸ਼ਿਪਾਂ ਦੀਆਂ ਪਰਤਾਂ ਵਜੋਂ
ਉੱਭਰ ਕੇ ਆਈ, ਜਦਕਿ ਬਹੁ-ਗਿਣਤੀ ’ਚ ਗਰੀਬ ਜੱਟ ਸਿੱਖ ਕਿਸਾਨੀ ਵੋਟ ਵਜੋਂ ਅਕਾਲੀ ਦਲ ਦਾ ਵੋਟ ਬੈਂਕ ਬਣੀ
ਰਹੀ। ਇਹ ਧਰਮ ਅਧਾਰਿਤ ਸਿਆਸਤ ਸੀ ਜਿਸਨੇ ਗਰੀਬ ਤੇ ਬੇ-ਜ਼ਮੀਨੇ ਕਿਸਾਨਾਂ ਨੂੰ ਸਿੱਖ ਪਛਾਣ ਵਜੋਂ
ਜਗੀਰਦਾਰਾਂ ਤੇ ਕਾਰੋਬਾਰੀ ਧਨਾਢ ਸਿੱਖਾਂ ਦੇ ਵੋਟ ਬੈਂਕ ਵਜੋਂ ਕਾਇਮ ਰੱਖਿਆ। ਇਸੇ ਦੌਰ ’ਚ ਹੀ ਐਮਰਜੈਂਸੀ ਦੇ ਕੀਤੇ ਗਏ ਵਿਰੋਧ ਨੂੰ ਵੀ ਅਕਾਲੀ ਦਲ ਦੇ ਵੱਡੇ
ਜਮਹੂਰੀ ਅੰਦੋਲਨ ਵਜੋਂ ਪੇਸ਼ ਕੀਤਾ ਜਾਂਦਾ ਹੈ ਜਦਕਿ ਵਿਰੋਧ ਦਾ ਇਹ ਪੈਂਤੜਾ ਅਕਾਲੀ ਦਲ ਦੀ ਖੇਤਰੀ
ਸਿਆਸਤ ਦੀਆਂ ਲੋੜਾਂ ’ਚੋਂ ਹੀ
ਨਿੱਕਲਦਾ ਸੀ ਜਿਵੇਂ ਹੋਰਨਾਂ ਖੇਤਰੀ ਹਾਕਮ ਜਮਾਤੀ ਪਾਰਟੀਆਂ ਨੇ ਵੀ ਇੰਦਰਾ ਹਕੂਮਤ ਵੱਲੋਂ ਲਾਈ ਗਈ
ਐਮਰਜੈਂਸੀ ਦਾ ਵਿਰੋਧ ਕੀਤਾ ਸੀ। ਇਹ ਵਿਰੋਧ ਤਾਂ ਜਨ ਸੰਘ (ਮੌਜੂਦਾ ਭਾਜਪਾ) ਵੱਲੋਂ ਵੀ ਕੀਤਾ ਗਿਆ
ਸੀ। ਅਕਾਲੀ ਦਲ ਦਾ ਇਹ ਵਿਰੋਧ ਹੋਰਨਾਂ ਹਾਕਮ ਜਮਾਤੀ ਪਾਰਟੀਆਂ ਵਾਂਗ ਹਾਕਮ ਜਮਾਤੀ ਪੈਂਤੜੇ ਤੋਂ
ਹੀ ਸੀ, ਇਹਦੇ ’ਚ ਲੋਕਾਂ
ਦੀਆਂ ਕਿਰਤੀ ਜਮਾਤਾਂ ਦੇ ਹਿੱਤ ਤੇ ਬੁਨਿਆਦੀ ਸਰੋਕਾਰ ਨਹੀਂ ਸਨ। ਇਹ ਤਾਂ ਅਕਾਲੀ ਦਲ ਦੀ ਕੇਂਦਰੀ
ਹਕੂਮਤ ਨਾਲ ਸੌਦੇਬਾਜ਼ੀ ਲਈ ਕੀਤੀ ਜਾਂਦੀ ਮੋਰਚਿਆਂ ਦੀ ਸਿਆਸਤ ਸੀ ਅਤੇ ਅਜਿਹਾ ਵਿਰੋਧ ਕੀਤਾ ਜਾਣਾ
ਉਸ ਸਿਆਸਤ ਦੀਆਂ ਹੀ ਜ਼ਰੂਰਤਾਂ ਸਨ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਐਮਰਜੈਂਸੀ ਦੀਆਂ ਜੇਲ੍ਹਾਂ
ਦੌਰਾਨ ਮਿਲੀਆਂ ਸੁੱਖ ਸਹੂਲਤਾਂ ਵੀ ਦੱਸਦੀਆਂ ਸਨ ਕਿ ਇਹ ਕਿਸੇ ਲੋਕ-ਪੱਖੀ ਸ਼ਕਤੀ ਨਾਲ ਹਾਕਮਾਂ ਦਾ
ਸਲੂਕ ਨਹੀਂ, ਸਗੋਂ ਉਹਨਾਂ ਦੇ ਆਪਣੇ ਹੀ ਇੱਕ ਹਿੱਸੇ
ਪ੍ਰਤੀ ਅਪਣਾਇਆ ਗਿਆ ਰਵੱਈਆ ਸੀ। ਐਮਰਜੈਂਸੀ ਦਾ ਵਿਰੋਧ ਕਰਦੀਆਂ ਖਰੀਆਂ ਲੋਕ ਪੱਖੀ ਸ਼ਕਤੀਆਂ (ਲੋਕ
ਜਥੇਬੰਦੀਆਂ ਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਆਗੂਆਂ,
ਕਾਰਕੁੰਨਾਂ) ਪ੍ਰਤੀ ਸੱਤਾ ਦਾ ਰਵੱਈਆ ਇਹ ਸੀ ਕਿ ਉਹਨਾਂ ਦੇ ਆਗੂਆਂ ਨੂੰ ਇੰਟੈਰੋਗੇਸ਼ਨ
ਸੈਂਟਰਾਂ ’ਚ ਪੁੱਠੇ ਲਟਕਾਇਆ ਗਿਆ ਸੀ ਜਦਕਿ ਅਕਾਲੀ
ਲੀਡਰਾਂ ਨੂੰ ਜਨ ਸੰਘੀਆਂ ਤੇ ਹੋਰਨਾਂ ਹਾਕਮ ਜਮਾਤੀ ਸਿਆਸਤਦਾਨਾਂ ਵਾਂਗ ਜੇਲ੍ਹਾਂ ਅੰਦਰ ਵੀ
ਪਹਿਲਾਂ ਵਾਲੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ। ਇਹ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਦੇ ਜਮਾਤੀ
ਖਾਸੇ ਦਾ ਇੱਕ ਸਬੂਤ ਵੀ ਸੀ ਜਿਸਦੀ ਸਿੱਕੇਬੰਦ ਗਵਾਹੀ ਉਹ ਪਹਿਲੀ ਵਾਰ ਸੂਬੇ ’ਚ ਸੱਤਾ ਸੰਭਾਲਣ ਦੌਰਾਨ ਦੇ ਚੁੱਕੀ ਸੀ। ਐਮਰਜੈਂਸੀ ਤੋਂ 5-6 ਵਰ੍ਹੇ
ਪਹਿਲਾਂ ਅਕਾਲੀ ਵਜ਼ਾਰਤ ਨਕਸਲਬਾੜੀ ਲਹਿਰ ਦੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਭਾਰਤੀ
ਰਾਜ ਨੂੰ ਆਪਣੀ ਮੁਕੰਮਲ ਸੇਵਾਦਾਰੀ ਵਾਲੀ ਭਾਵਨਾ ਤੇ ਨਿਹਚਾ ਦਰਸਾ ਚੁੱਕੀ ਸੀ। ਜਮਹੂਰੀ ਹੱਕਾਂ ਦੇ
ਚੈਂਪੀਅਨ ਹੋਣ ਦੀ ਇਹ ਜਾਅਲੀ ਕਲਗ਼ੀ ਦੇ ਹੇਠਾਂ ਪੰਜਾਬ ਦੇ ਨੌਜਵਾਨਾਂ ਦਾ ਲਹੂ ਸੂਝਵਾਨ ਲੋਕ ਉਦੋਂ
ਵੀ ਦੇਖ ਰਹੇ ਸਨ।
80ਵਿਆਂ ਦੇ
ਇਸ ਦੌਰ ’ਚ ਹੀ ਅਕਾਲੀ ਸਿਆਸਤ ਅੰਦਰ ਵੱਖ ਵੱਖ ਧੜਿਆਂ
ਦੀ ਟੁੱਟ ਭੱਜ ਦਾ ਅਮਲ ਵੀ ਚੱਲਿਆ। ਚੱਕਵੀਂ ਫਿਰਕੂ ਸੁਰ ਵਾਲੇ ਰੁਝਾਨ ਵੀ ਉੱਭਰਦੇ ਰਹੇ ਤੇ ਕਈ
ਧੜੇ ਟੁੱਟਦੇ ਜੁੜਦੇ ਵੀ ਰਹੇ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਮਗਰੋਂ 90ਵਿਆਂ ਦੇ
ਅੱਧ ਦੌਰਾਨ ਬਾਦਲ ਧੜਾ ਬਾਕੀਆਂ ਨਾਲੋਂ ਮਜ਼ਬੂਤ ਹੋ ਕੇ ਉੱਭਰਿਆ ਤੇ 1997 ’ਚ ਭਾਜਪਾ ਨਾਲ ਰਲਕੇ ਪੰਜਾਬ ਦੀ ਕੁਰਸੀ ’ਤੇ ਬੈਠਾ। ਬਾਦਲ ਧੜੇ ਨੇ ਫ਼ਿਰਕਾਪ੍ਰਸਤੀ ਤੇ ਦਹਿਸ਼ਤਗਰਦੀ ਦਾ ਦੌਰ ਹੰਢਾ
ਕੇ ਹਟੇ ਤੇ ਫਿਰਕੂ ਕਤਲੋਗਾਰਦ ਤੋਂ ਸਤੇ ਹੋਏ ਪੰਜਾਬੀਆਂ ਦੀ ਨਬਜ਼ ਨੂੰ ਫੜਦਿਆਂ ਫ਼ਿਰਕੂ ਸੁਰ ਨੂੰ
ਮੱਧਮ ਕੀਤਾ ਤੇ ਭਾਜਪਾ ਨਾਲ ਕੀਤੇ ਗਏ ਸਿਰੇ ਦੇ ਮੌਕਾਪ੍ਰਸਤ ਗੱਠਜੋੜ ਨੂੰ ਪੰਜਾਬ ਅੰਦਰ ਅਮਨ ਦੀ
ਗਾਰੰਟੀ ਦੇ ਜ਼ਰੀਏ ਵਜੋਂ ਪੇਸ਼ ਕੀਤਾ। ਸ਼ਰੋਮਣੀ ਕਮੇਟੀ ’ਤੇ ਕਾਬਜ਼
ਹੋਣ ਨਾਲ ਸਿੱਖ ਸੰਸਥਾਵਾਂ ਦੀ ਵਰਤੋਂ ਆਪਣੇ ਲੋਕ-ਦੋਖੀ ਰਾਜਕੀ ਮੰਤਵਾਂ ਲਈ ਬੇ-ਪ੍ਰਵਾਹ ਹੋ ਕੇ
ਕੀਤੀ। ਅਕਾਲੀ ਦਲ (ਬਾਦਲ) ਹੀ ਸਿੱਖ ਧਾਰਮਿਕ ਜਨਤਾ ’ਚ ਰਵਾਇਤੀ
ਅਕਾਲੀ ਦਲ ਵਜੋਂ ਉੱਭਰਿਆ ਅਤੇ ਬਾਕੀ ਅਕਾਲੀ ਧੜੇ ਨਵੀਆਂ ਆਰਥਿਕ ਨੀਤੀਆਂ ਦੇ ਦੌਰ ’ਚ ਹਾਕਮ ਜਮਾਤੀ ਸਿਆਸਤ ਦੇ ਪੁਰਾਣੇ ਪੈਂਤੜਿਆਂ ਨਾਲ ਗੈਰ-ਪ੍ਰਸੰਗਿਕ ਹੋ
ਗਏ। ਖਾਸ ਕਰਕੇ ਫ਼ਿਰਕੂ ਸਿਆਸਤ ਨੂੰ ਹੁੰਗਾਰਾ ਨਾ ਹੋਣ ਕਾਰਨ ਚੱਕਵੀਂ ਫਿਰਕੂ ਸੁਰ ਵਾਲੇ ਹਿੱਸੇ
ਤਾਂ ਹਾਕਮ ਜਮਾਤੀ ਸਿਆਸਤ ਦੇ ਹਾਸ਼ੀਏ ’ਤੇ ਹੀ
ਧੱਕੇ ਗਏ। ਇਸ ਦੌਰ ’ਚ ਵੀ
ਅਕਾਲੀ ਦਲ ਬਾਦਲ ਨੂੰ ਸਿਰਫ਼ ਸਿੱਖ ਵੋਟਾਂ ਰਾਹੀਂ ਸੱਤਾ ’ਚ ਬਣੇ
ਰਹਿਣ ਦੀਆਂ ਕਠਿਨਾਈਆਂ ਦਾ ਅਹਿਸਾਸ ਸੀ। ਇਸ ਲਈ ਬਾਦਲ ਨੇ ਅਕਾਲੀ ਦਲ ਦੀ ਸਿੱਖ ਫ਼ਿਰਕੂ ਸੁਰ ਨੂੰ
ਮੱਧਮ ਰੱਖਦਿਆਂ ਇਸਨੂੰ ਪੰਜਾਬੀਆਂ ਦੀ ਪਾਰਟੀ ਵਜੋਂ ਪੇਸ਼ ਕਰਨ ਦਾ ਯਤਨ ਕੀਤਾ। ਇਸ ਪੇਸ਼ਕਾਰੀ ਦੀਆਂ
ਜ਼ਰੂਰਤਾਂ ਹੋਰਨਾਂ ਹਿੱਸਿਆਂ ’ਚ ਵੀ ਵੋਟ
ਬੈਂਕ ਦਾ ਪਸਾਰਾ ਕਰਨ ਦੀਆਂ ਸਨ। ਇਸ ਵੋਟ ਸਿਆਸਤ ’ਚ ਇੱਕ ਹੱਥ
ਤਾਂ ਬਾਦਲ ਨੇ ਸ਼ਰੋਮਣੀ ਕਮੇਟੀ ’ਤੇ ਕਬਜ਼ਾ
ਕਾਇਮ ਰੱਖਣਾ ਸੀ ਤੇ ਜੱਟ ਸਿੱਖ ਵੋਟ ਅਧਾਰ ਨੂੰ ਕਾਇਮ ਰੱਖਣਾ ਸੀ, ਜਦਕਿ ਦੂਜੇ ਪਾਸੇ ਭਾਜਪਾ ਨਾਲ ਮੌਕਾਪ੍ਰਸਤ ਗੱਠਜੋੜ ਕਾਇਮ ਰੱਖਣਾ ਸੀ
ਤੇ ਹੋਰਨਾਂ ਤਬਕਿਆਂ/ਜਮਾਤਾਂ ’ਚ ਵੋਟ
ਬੈਂਕ ਬਣਾਉਣਾ ਸੀ। ਇਸ ’ਚ ਇੱਕ
ਅਹਿਮ ਟੇਕ ਡੇਰਿਆਂ ’ਤੇ ਸੀ ਜੋ
ਟਕਸਾਲੀ ਸਿੱਖ ਧਾਰਮਿਕ ਸੰਸਥਾਵਾਂ ’ਚ ਸਮੋਣੇ
ਕਠਿਨ ਸਨ, ਕਿਉਂਕਿ ਜਾਤਪਾਤੀ ਵਿਤਕਰੇ ਡੇਰਿਆਂ ਦੇ ਉਭਾਰ
’ਚ ਇੱਕ ਅਹਿਮ ਕਾਰਨ ਸਨ। ਡੇਰਿਆਂ ਨੂੰ ਬਾਦਲ ਸਰਕਾਰ ਦੀ ਦਿੱਤੀ ਗਈ
ਸਰਪ੍ਰਸਤੀ ਨੂੰ ਗੈਰ-ਪ੍ਰਸੰਗਿਕ ਹੋ ਚੁੱਕੇ ਤਿੱਖੀ ਫ਼ਿਰਕੂ ਸੁਰ ਵਾਲੇ ਅਕਾਲੀ ਧੜਿਆਂ ਨੇ ਮੁੱਦਾ
ਬਣਾਉਣ ਲਈ ਵਰਤਿਆ ਤੇ ਬਾਦਲ ਨੂੰ ਸਿੱਖ ਦੋਖੀ ਆਗੂ ਵਜੋਂ ਨਸ਼ਰ ਕਰਨਾ ਸ਼ੁਰੂ ਕਰ ਦਿੱਤਾ। ਡੇਰਾ
ਸਿਰਸਾ ਨੂੰ ਦਿੱਤੀ ਗਈ ਸਰਪ੍ਰਸਤੀ ਵਿਸ਼ੇਸ਼ ਕਰਕੇ ਚਮਕ ਆਈ ਅਤੇ ਬਾਦਲ ਪਰਿਵਾਰ ਤੇ ਅਕਾਲੀ ਦਲ ਉਸਦੇ
ਸਰਪ੍ਰਸਤ ਵਜੋਂ ਪਛਾਣਿਆ ਜਾਣ ਲੱਗਾ। ਜਿਸਦਾ ਸਿਖ਼ਰ ਬੇ-ਅਦਬੀ ਦੀਆਂ ਘਟਨਾਵਾਂ ਵੇਲੇ ਸੀ ਜਦੋਂ ਬਾਦਲ
ਹਕੂਮਤ ਵੱਲੋਂ ਲੋਕਾਂ ’ਤੇ ਕੀਤੇ
ਜਬਰ ਨੇ ਉਸਨੂੰ ਸਿੱਖ-ਦੋਖੀ ਹਕੂਮਤ ਵਜੋਂ ਲੋਕ ਮਨਾਂ ’ਚ ਸਥਾਪਿਤ
ਕਰ ਦਿੱਤਾ। ਇਸ ਫ਼ਿਰਕੂ ਸਿਆਸਤ ਦਰਮਿਆਨ ਹੀ ਬਾਦਲ ਨੇ ਨਵ-ਉਦਾਰਵਾਦੀ ਨੀਤੀਆਂ ਨੂੰ ਪੂਰੇ ਧੜੱਲੇ
ਨਾਲ ਲਾਗੂ ਕੀਤਾ, ਜਿਸ ਵਿੱਚ ਸੂਬੇ ਅੰਦਰ ਨਿੱਜੀ ਪੂੰਜੀ ਵੱਲੋਂ
ਲੋਕਾਂ ਤੇ ਸੂਬੇ ਦੇ ਸੋਮਿਆਂ ਦੀ ਲੁੱਟ ਦਾ ਅਮਲ ਬਹੁਤ ਤਿੱਖਾ ਹੋ ਗਿਆ। ਜਿਹੜਾ ਅਕਾਲੀ ਦਲ ਕਦੇ
ਅੰਗਰੇਜ਼ ਸਾਮਰਾਜੀਆਂ ਖ਼ਿਲਾਫ਼ ਲੜਿਆ ਸੀ, ਉਸਦੀ
ਵਿਰਾਸਤ ਦੇ ਦਾਅਵੇਦਾਰ ਸਭਨਾਂ ਸਾਮਰਾਜੀ ਕੰਪਨੀਆਂ ਨੂੰ ਪੰਜਾਬ ਸੱਦ ਕੇ ਲੁਟਾਉਣ ਨੂੰ ਵਿਕਾਸ ਕਹਿਣ
ਲੱਗ ਗਏ ਤੇ ਇਉਂ ਸਾਮਰਾਜੀਆਂ ਨਾਲ ਸੰਘਰਸ਼ ਦੀ ਵਿਰਾਸਤ ਦੇ ਦਾਅਵਿਆਂ ਦੇ ਓਹਲੇ ’ਚ ਉਹਨਾਂ ਦੀ ਸੇਵਾ ’ਚ ਜੁਟੇ
ਰਹੇ।
ਅਕਾਲੀ ਦਲ
ਬਾਦਲ ਦਾ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਜਾਣ ਦਾ ਇਹ ਹਸ਼ਰ ਸੁਖਬੀਰ ਬਾਦਲ ਦੀ ਕਮਜ਼ੋਰ ਲੀਡਰਸ਼ਿਪ
ਕਾਰਨ ਨਹੀਂ ਹੈ, ਉਹਦਾ ਤਾਂ ਹੁਣ ਨਾਂ ਹੀ ਲੱਗ ਰਿਹਾ ਹੈ, ਸਗੋਂ ਇਹ ਇੱਕ ਅਜਿਹੀ
ਹਾਕਮ ਜਮਾਤੀ ਪਾਰਟੀ ਦੇ ਨਿਘਾਰ ਤੇ ਪਤਨ ਦਾ ਅਮਲ ਹੈ ਜਿਸਨੇ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਧਰਮ, ਸਿਆਸਤ ਤੇ
ਕਾਰੋਬਾਰ ਦੇ ਗੱਠਜੋੜ ਦੀ ਥੋਕ ਵਰਤੋਂ ਕੀਤੀ ਹੈ ਤੇ ਇਸ ਗੱਠਜੋੜ ਨਾਲ ਇਹਦੀ ਲੀਡਰਸ਼ਿਪ ਕਾਰੋਬਾਰੀ
ਸਿਆਸਤਦਾਨਾਂ ਤੇ ਧਰਮ-ਦੋਖੀਆਂ ਵਜੋਂ ਲੋਕਾਂ ’ਚ ਆਖ਼ਰ ਨਸ਼ਰ
ਹੋ ਗਈ ਹੈ। ਇਹ ਹਸ਼ਰ ਬਾਦਲ ਵਰਗੇ ਘਾਗ ਸਿਆਸਤਦਾਨ ਦੇ ਹੁੰਦਿਆਂ ਸ਼ੁਰੂ ਹੋਇਆ ਹੈ ਤੇ ਉਸਦੇ ‘ਕਰ ਕਮਲਾਂ’ ਨਾਲ ਹੀ
ਹੋਇਆ ਹੈ। ਅਕਾਲੀ ਦਲ ਦਾ ਇਹ ਸੰਕਟ ਸਾਮਰਾਜੀ ਮੁਲਕਾਂ ਵੱਲੋਂ ਲੁੱਟ ਤੇਜ਼ ਕਰਨ ਲਈ ਲਿਆਂਦੀਆਂ ਗਈਆਂ
ਨਵ-ਉਦਾਰਵਾਦੀ ਨੀਤੀਆਂ ਲਾਗੂ ਕਰ ਰਹੀਆਂ ਹਾਕਮ ਜਮਾਤੀ ਪਾਰਟੀਆਂ ਦੇ ਸੰਕਟ ਦਾ ਇੱਕ ਨਮੂਨਾ ਹੈ। ਇਸ
ਦੌਰ ’ਚ ਲੋਕਾਂ ਨੂੰ ਰਿਆਇਤਾਂ ਦੇ ਕੇ
ਵਰਾਉਣ-ਵਰਚਾਉਣ ਤੇ ਵੋਟ ਬੈਂਕ ਵੱਲੋਂ ਪਾਲਣਾ- ਪੋਸ਼ਣਾ ਕਰੀ ਰੱਖਣ ਲਈ ਤਾਂ ਬਹੁਤ ਕੁੱਝ ਨਹੀਂ ਹੈ
ਤਾਂ ਇੱਕ ਅਰਸੇ ਬਾਅਦ ਲੋਕਾਂ ਦੇ ਹਕੀਕੀ ਜਮਾਤੀ ਮੁੱਦਿਆਂ ਦਾ ਜ਼ੋਰ ਉੱਘੜ ਆਉਂਦਾ ਹੈ ਤੇ
ਭਰਮਾਊ-ਭਟਕਾਊ ਮੁੱਦਿਆਂ ਦਾ ਹੂੰਝਾ ਕਮਜ਼ੋਰ ਪੈ ਜਾਂਦਾ ਹੈ। ਮੌਜੂਦਾ ਲੋਕ ਸਭਾ ਚੋਣਾਂ ’ਚ ਭਾਜਪਾ ਦੀਆਂ ਸੀਟਾਂ ਦਾ ਘਟਣਾ ਵੀ ਏਸੇ ਅਮਲ ਦੇ ਅੱਗੇ ਵਧਣ ਦੇ
ਸੰਕੇਤ ਹਨ ਜਿਸ ਵਿੱਚ ਭਾਜਪਾ ਦੇ ਫਿਰਕੂ ਨਾਅਰਿਆਂ ਮੁਕਾਬਲੇ ਲੋਕਾਂ ਦੇ ਹਕੀਕੀ ਮੁੱਦਿਆਂ ਦਾ ਜ਼ੋਰ
ਪ੍ਰਗਟ ਹੋਇਆ ਹੈ। ਧਰਮ ਦੀ ਰਾਖੀ ਦੇ ਨਾਅਰਿਆਂ ਦੀ ਹੂੰਝਾ-ਫੇਰੂ ਧੂਹ ਕਮਜ਼ੋਰ ਪਈ ਹੈ ਅਤੇ ਭਾਜਪਾ
ਦੀ ਅਡਾਨੀ-ਅੰਬਾਨੀ ਨਾਲ ਯਾਰੀ ਦੀ ਹਕੀਕਤ ਨੇ ਕੁੱਝ ਕੁ ਰੰਗ ਦਿਖਾਇਆ ਹੈ। ਅਕਾਲੀ ਦਲ ਬਾਦਲ ਏਸੇ ਹਾਲਤ
ਨੂੰ ਹੰਢਾ ਚੁੱਕਿਆ ਕਿਹਾ ਜਾ ਸਕਦਾ ਹੈ।
ਅਕਾਲੀ ਦਲ
ਦੇ ਖੁਰਦੇ ਜਨਤਕ ਅਧਾਰ ਤੇ ਵੋਟ ਸਿਆਸਤ ’ਚ ਪਛੜ ਜਾਣ
ਨੇ, ਇਸਦੇ ਅੰਦਰਲੀਆਂ ਧੜੇਬੰਦੀਆਂ ਨੂੰ ਡੂੰਘਾ ਕਰ
ਦਿੱਤਾ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਲਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜੇ
ਕਹਿਣਾ ਹੋਵੇ ਕਿ ਸੁਖਬੀਰ ਬਾਦਲ ਤਾਂ ਰਾਜੇ ਦਾ ਅਜਿਹਾ ਸ਼ਹਿਜ਼ਾਦਾ ਹੈ ਜੋ ਆਪਣੀਆਂ ਸਭ ਅਯੋਗਤਾਵਾਂ
ਦੇ ਬਾਵਜੂਦ ਰਾਜ ਗੱਦੀ ’ਤੇ ਬੈਠਣ
ਦੀ ਯੋਗਤਾ ਬਣਾਉਣ ਦੀ ਜ਼ਿੱਦ ਕਰ ਰਿਹਾ ਹੈ। ਪਰ ਹੁਣ ਮੁਲਕ ਦੀਆਂ ਹਾਕਮ ਜਮਾਤਾਂ ਆਪਣੇ ’ਚੋਂ ਜ਼ਿਆਦਾ ਬਿਹਤਰ ਸੇਵਾਦਾਰ ਤਲਾਸ਼ਣ ਲਈ ‘ਲੋਕਤੰਤਰਿਕ ਪ੍ਰਕਿਰਿਆਵਾਂ’
ਦਾ ਸਹਾਰਾ ਲੈਂਦੀਆਂ ਹਨ ਤੇ ਹਾਕਮ ਜਮਾਤਾਂ ਦਾ ਸਭ ਤੋਂ ਢੁੱਕਵਾਂ ਸੇਵਾਦਾਰ ਸਾਬਤ ਹੋਣ ਲਈ ਲੋਕਾਂ
ਨੂੰ ਸਿਆਸੀ ਤੌਰ ’ਤੇ ਭਰਮਾਉਣ ਦੀ ਯੋਗਤਾ-ਸਮਰੱਥਾ ਸਾਬਤ ਕਰਨੀ
ਪੈਂਦੀ ਹੈ। ਇਸ ਦੌਰ ’ਚ ਅਜਿਹੀ
ਸਮਰੱਥਾ ਤਾਂ ਵੱਡੇ ਬਾਦਲ ਸਾਹਿਬ ਲਈ ਦਰਸਾਉਣੀ ਔਖੀ ਹੋ ਗਈ ਸੀ, ਸੁਖਬੀਰ ਦੀ ਲੀਡਰਸ਼ਿਪ ਤਾਂ ਅਜੇ ਦੂਰ ਦੀ ਕੌਡੀ ਹੈ। ਪ੍ਰਕਾਸ਼ ਸਿੰਘ
ਬਾਦਲ ਦੇ ਆਖਰੀ ਦੌਰ ਦਾ ਹਸ਼ਰ ਹਾਕਮ ਜਮਾਤੀ ਸਿਆਸਤ ’ਚ ਕੱਦਾਵਰ
ਸਖਸ਼ੀਅਤਾਂ ਨੂੰ ਬੌਣੇ ਹੋ ਜਾਣ ਦੇ ਮਿਲੇ ਸਰਾਪ ਦਾ ਸਿੱਟਾ ਹੈ,
ਜਿਹੜਾ ਸਰਾਪ ਸੰਕਟਾਂ ਦੇ ਇਸ ਦੌਰ ’ਚ ਨਵੀਆਂ
ਆਰਥਿਕ ਨੀਤੀਆਂ ਦਾ ਹੱਲਾ ਨਾਲ ਲੈ ਕੇ ਆਇਆ ਹੈ।
ਅਕਾਲੀ ਦਲ ਦੀ ਲੀਡਰਸ਼ਿਪ ਬਦਲੀ ਰਾਹੀਂ ਇਸਤੋਂ ਲੋਕਾਂ ਦੇ
ਹਿੱਤ ’ਚ ਕੁੱਝ ਕਰ ਗੁਜ਼ਰਨ ਦੀਆਂ ਉਮੀਦਾਂ ਰੱਖਦੇ
ਲੋਕ ਹਿੱਤੂ ਹਲਕਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਸੰਕਟਾਂ ਦਾ ਹੱਲ ਫ਼ਿਰਕੂ ਤੇ
ਇਲਾਕਾਈ ਸ਼ਾਵਨਵਾਦੀ ਹਥਿਆਰਾਂ ਨੂੰ ਵਰਤ ਕੇ ਹਾਕਮ ਜਮਾਤਾਂ ਦੀ ਸੇਵਾ ਕਰਦੀ ਆ ਰਹੀ ਕਿਸੇ ਹਾਕਮ
ਜਮਾਤੀ ਪਾਰਟੀ ਦੀ ਅਗਵਾਈ ’ਚ ਨਹੀਂ ਹੈ, ਸਗੋਂ ਪੰਜਾਬ ਦੇ ਮਿਹਨਤਕਸ਼ ਲੋਕਾਂ ਵੱਲੋਂ ਮੁਲਕ ਭਰ ਦੀਆਂ ਕਿਰਤੀ
ਜਮਾਤਾਂ ਨਾਲ ਰਲਕੇ ਖਰਾ ਲੋਕ-ਪੱਖੀ ਇਨਕਲਾਬੀ ਸਿਆਸੀ ਬਦਲ ਉਸਾਰਨ ’ਚ ਹੈ। ਜਿਸ ਬਦਲ ਦਾ ਤੱਤ ਸਾਮਰਾਜਵਾਦ ਵਿਰੋਧੀ ਤੇ ਜਗੀਰਦਾਰੀ ਵਿਰੋਧੀ
ਹੋਣਾ ਹੈ। ਇਸ ਬਦਲ ਦੀ ਉਸਾਰੀ ਮੁੱਖ ਤੌਰ ’ਤੇ ਭਾਰਤੀ
ਹਾਕਮ ਜਮਾਤਾਂ ਦੀਆਂ ਪਾਰਲੀਮਾਨੀ ਸੰਸਥਾਵਾਂ ਤੋਂ ਬਾਹਰ ਹੋਣੀ ਹੈ। ਇਸ ਬਦਲ ਨਾਲ ਹੀ ਪੰਜਾਬੀ
ਕੌਮੀਅਤ ਦੇ ਵਿਕਾਸ ਦੇ ਬੂਹੇ ਖੁੱਲ੍ਹ ਸਕਦੇ ਹਨ ਤੇ ਹਰ ਤਰ੍ਹਾਂ ਦੀਆਂ ਧਾਰਮਿਕ ਆਜ਼ਾਦੀਆਂ ਦੀ ਵੀ
ਗਾਰੰਟੀ ਹੋ ਸਕਦੀ ਹੈ। ਇਸ ਬਦਲ ਦੀ ਉਸਾਰੀ ਲਈ ਲੋਕਾਂ ਨੂੰ ਆਪਣੀ ਖਰੀ ਕਮਿਊਨਿਸਟ ਇਨਕਲਾਬੀ ਸਿਆਸੀ
ਪਾਰਟੀ ਦੀ ਲੋੜ ਹੈ। ਲੋਕਾਂ ਲਈ ਕਿਸੇ ਸਾਰਥਿਕ ਜਮਹੂਰੀ ਬਦਲ ਉਸਾਰਨਾ ਲੋਚਦੇ ਹਿੱਸਿਆਂ ਨੂੰ ਅਕਾਲੀ
ਦਲ ਦੀ ਪੁਨਰ ਸੁਰਜੀਤੀ ਤੋਂ ਉਮੀਦਾਂ ਲਾਹ ਕੇ, ਲੋਕਾਂ ਦੀ
ਹਕੀਕੀ ਜਮਹੂਰੀ ਜਥੇਬੰਦ ਤਾਕਤ ਦੀ ਉਸਾਰੀ ਲਈ ਸੋਚਣਾ ਚਾਹੀਦਾ ਹੈ। ਹਾਕਮ ਜਮਾਤਾਂ ਵੱਲੋਂ ਜੁੰਮੇ
ਲੱਗੀ ਸੇਵਾ ਅਕਾਲੀ ਦਲ ਨਿਭਾ ਚੁੱਕਾ ਹੈ ਤੇ ਹੁਣ ਉਹਨਾਂ ਕੋਲ ਨਵੇਂ ਦੌਰ ਲਈ ਹੋਰ ਬਥੇਰੇ ਨਵੇਂ
ਸੇਵਾਦਾਰ ਹਾਜ਼ਰ ਹਨ ਜੋ ਇਸ ‘ਸੇਵਾ
ਭਾਵਨਾ’ ਨਾਲ ਤਖਤ ਮੱਲਣ ਲਈ ਕਤਾਰ ਬੰਨ੍ਹੀ ਖਲੋਤੇ ਹਨ
ਤੇ ਸਿੱਖ ਧਾਰਮਿਕ ਜਨਤਾ ਦੀਆਂ ਭਾਵਨਾਵਾਂ ਦੀ ਵਰਤੋਂ ਰਾਹੀਂ ਸੱਤਾ ਤੱਕ ਪੁੱਜਣ ਲਈ ਪਰ ਤੋਲ ਰਹੇ
ਹਨ। ਇਹਨਾਂ ਦਿਨਾਂ ’ਚ ਪਰ ਤੋਲਣ
ਦੀਆਂ ਇਹ ਕਸਰਤਾਂ ਕਾਫ਼ੀ ਤੇਜ਼ ਹੋ ਚੁੱਕੀਆਂ ਹਨ। ‘ਪੰਥਕ ਵੋਟ’ ਲਈ ਓਟ ਬਣਨ ਦੇ ਦਾਅਵਿਆਂ ਨਾਲ ਸਿਆਸੀ ਮੈਦਾਨ ’ਚ ਉੱਤਰਿਆ ਜਾ ਰਿਹਾ ਹੈ ਤੇ ਅਕਾਲੀ ਦਲ ਦੀ ਫ਼ਿਰਕੂ ਸਿਆਸਤ ਦੇ ਵਾਰਿਸ
ਸਾਬਤ ਹੋਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਇਹ ਕਸਰਤਾਂ ਪੰਜਾਬ ਦੀ ਆਬੋ ਹਵਾ ’ਚ ਫ਼ਿਰਕੂ ਜ਼ਹਿਰ ਘੋਲਣ ਦਾ ਕਾਰਨ ਬਣਨੀਆਂ ਹਨ। ਇਹਨਾਂ ਪਿਛਾਖੜੀ
ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਅਕਾਲੀ ਦਲ ਦੀ ਮਜ਼ਬੂਤੀ ਨਹੀਂ,
ਸਗੋਂ ਧਰਮ ਨਿਰਪੱਖ ਲੀਹਾਂ ’ਤੇ ਉਸਰਨ
ਵਾਲੀ ਤੇ ਜਮਾਤੀ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੀ ਲੋਕਾਂ ਦੀ ਆਪਣੀ ਖਰੀ ਸਿਆਸੀ ਸ਼ਕਤੀ ਦੀ ਲੋੜ ਹੈ।
ਇਹ ਕਾਰਜ ਮੁਲਕ ਪੱਧਰ ’ਤੇ ਜਥੇਬੰਦ
ਹੋਈ ਮਜ਼ਦੂਰ ਜਮਾਤ ਦੀ ਪਾਰਟੀ ਹੀ ਕਰ ਸਕਦੀ ਹੈ ਜਿਹੜੀ ਹੁਣ ਤੱਕ ਦੇ ਸਾਮਰਾਜ ਵਿਰੋਧੀ ਤੇ ਜਗੀਰਦਾਰ
ਵਿਰੋਧੀ ਘੋਲਾਂ ਦੇ ਸਮੁੱਚੇ ਤਜ਼ਰਬੇ ਦੇ ਨਿਚੋੜ ਰਾਹੀਂ ਲੋਕ ਇਨਕਲਾਬ ਨੂੰ ਅੱਗੇ ਵਧਾ ਸਕਦੀ ਹੈ। ਇਹ
ਲੋਕ ਇਨਕਲਾਬ ਹੀ ਹੈ ਜਿਹੜਾ ਪੰਜਾਬ ਦੇ ਸੰਕਟਾਂ ਦਾ ਹੱਲ ਕਰੇਗਾ।
(ਇਸ ਲਿਖਤ
ਦਾ ਕੁੱਝ ਸੰਖੇਪ ਰੂਪ ਨਵਾਂ ਜ਼ਮਾਨਾ ’ਚ
ਪ੍ਰਕਾਸ਼ਿਤ ਹੋਇਆ ਹੈ।)
(ਜੁਲਾਈ, 2024)
No comments:
Post a Comment