Sunday, March 22, 2026

ਕਾ. ਲੈਨਿਨ ਦੇ ਜਨਮ ਦਿਹਾੜੇ 'ਤੇ

 ਕਾ. ਲੈਨਿਨ ਦੇ ਜਨਮ ਦਿਹਾੜੇ 'ਤੇ

ਲੈਨਿਨਵਾਦ ਦੀ ਰਾਖੀ ਅਤੇ ਪ੍ਰਸੰਗਕਤਾ ਬਾਰੇ ਟਿੱਪਣੀਆਂ



1) ਲੈਨਿਨਵਾਦ ਦਾ ਝੰਡਾ ਬੁਲੰਦ ਰੱਖੋ

22 ਅਪ੍ਰੈਲ 1870 ਕਾਮਰੇਡ ਲੈਨਿਨ ਦਾ ਜਨਮ ਦਿਹਾੜਾ ਹੈ। ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਬਾਨੀ, ਧਰਤੀ ਦੇ ਛੇਵੇਂ ਹਿੱਸੇ ਤੋਂ ਪੂੰਜੀ ਦੀ ਸਲਤਨਤ ਨੂੰ ਭੁੰਜੇ ਪਟਕਾ ਕੇ ਉਸਾਰੇ ਪ੍ਰੋਲਤਾਰੀ ਦੇ ਪਹਿਲੇ ਮਹਾਨ ਕਿਲ੍ਹੇ ਦੇ ਜਰਨੈਲ, ਸੰਸਾਰ ਪ੍ਰੋਲਤਾਰੀ ਦੇ ਮਹਾਨ ਆਗੂ ਲੈਨਿਨ ਨੇ ਫਲ਼ਸਫ਼ੇ, ਰਾਜਨੀਤਕ ਆਰਥਕਤਾ ਅਤੇ ਵਿਗਿਆਨਕ ਸਮਾਜਵਾਦ ਦੇ ਸਿਧਾਂਤ ਦੇ ਖੇਤਰ 'ਚ ਮਾਰਕਸਵਾਦ ਨੂੰ ਵਿਕਸਤ ਕਰਕੇ ਨਵੇਂ ਪੜਾਅ, ਲੈਨਿਨਵਾਦ ਦੇ ਪੜਾਅ 'ਤੇ ਪਹੁੰਚਾਇਆ।

ਅਕਤੂਬਰ ਇਨਕਲਾਬ ਰਾਹੀਂ ਲੈਨਿਨ ਦੇ ਬੋਲ ਸੰਸਾਰ ਦੇ ਹਰ ਕੋਨੇ 'ਚ ਗੂੰਜ ਉੱਠੇ। ਉਦੋਂ ਤੋਂ ਲੈਕੇ ਸੰਸਾਰ ਪ੍ਰੋਲੇਤਾਰੀ ਅਤੇ ਦੱਬੇ ਕੁਚਲੇ ਲੋਕਾਂ ਤੇ ਕੌਮਾਂ ਨੇ ਲੈਨਿਨਵਾਦ ਤੋਂ ਰੌਸ਼ਨੀ ਲੈ ਕੇ ਮਹਾਨ ਮੱਲਾਂ ਮਾਰੀਆਂ ਹਨ । ਵਰ੍ਹਿਆਂ ਬੱਧੀ ਮਜ਼ਦੂਰ ਜਮਾਤ ਦਾ ਸੂਹਾ ਝੰਡਾ ਪੂਰੀ ਸ਼ਾਨ ਨਾਲ ਦੁਨੀਆਂ ਦੇ ਇੱਕ ਤਿਹਾਈ ਹਿੱਸੇ 'ਤੇ ਝੂਲਦਾ ਰਿਹਾ ਹੈ ।

ਪਰ ਅੱਜ ਜਦੋਂ ਸੰਸਾਰ ਸਮਾਜਵਾਦੀ ਪ੍ਰਬੰਧ ਵਕਤੀ ਤੌਰ 'ਤੇ ਖਿੰਡ ਗਿਆ ਹੈ ਅਤੇ ਸਾਬਕਾ ਸਮਾਜਵਾਦੀ ਮੁਲਕ ਇੱਕ ਵਾਰ ਫਿਰ ਸਰਮਾਏਦਾਰੀ ਪ੍ਰਬੰਧ ਦੇ ਜੂਲੇ ਹੇਠ ਆ ਗਏ ਹਨ ਤਾਂ ਇਹ ਸੁਆਲ ਫਿਰ ਤੋਂ ਉੱਭਰ ਰਿਹਾ ਹੈ ਕਿ ਕੀ ਹੁਣ ਵੀ ਲੈਨਿਨਵਾਦ ਦੇ ਸੱਚ ਅਤੇ ਇਸਦੀ ਸ਼ਕਤੀ 'ਤੇ ਯਕੀਨ ਕੀਤਾ ਜਾ ਸਕਦਾ ਹੈ? 1871 'ਚ ਜਦੋਂ ਪੈਰਿਸ ਕਮਿਊਨ ਉਲਟ ਇਨਕਲਾਬੀ ਹੱਲੇ ਦੇ ਸਿੱਟੇ ਵਜੋਂ ਹਾਰ ਦੇ ਕਿਨਾਰੇ 'ਤੇ ਸੀ ਤਾਂ ਮਾਰਕਸ ਨੇ ਕਿਹਾ ਸੀ: "ਜੇ ਕਮਿਊਨ ਤਬਾਹ ਹੋ ਜਾਂਦਾ ਹੈ ਤਾਂ ਸੰਘਰਸ਼ ਸਿਰਫ਼ ਅੱਗੇ ਹੀ ਪਵੇਗਾ। ਕਮਿਊਨ ਦੇ ਅਸੂਲ ਸਦੀਵੀ ਅਤੇ ਅਮਿੱਟ ਹਨ; ਉਹ ਉਦੋਂ ਤੱਕ ਆਪਣੇ ਆਪ ਨੂੰ ਅੱਗੇ ਲਿਆਉਂਦੇ ਰਹਿਣਗੇ ਜਦੋਂ ਤੱਕ ਮਜ਼ਦੂਰ ਜਮਾਤ ਆਜ਼ਾਦ ਨਹੀਂ ਹੋ ਜਾਂਦੀ"

1917 ਦੇ ਰੂਸੀ ਇਨਕਲਾਬ ਅਤੇ ਫਿਰ ਚੀਨ ਤੇ ਪੂਰਬੀ ਯੂਰਪ ਦੇ ਇਨਕਲਾਬਾਂ ਨੇ ਮਾਰਕਸ ਦੇ ਇਹਨਾਂ ਬੋਲਾਂ ਨੂੰ ਪੂਰੀ ਤਰ੍ਹਾਂ ਸੱਚ ਸਾਬਤ ਕਰ ਵਿਖਾਇਆ। ਪੈਰਿਸ ਦੀ ਧਰਤੀ 'ਤੇ ਹੋਈ ਮਜ਼ਦੂਰ ਜਮਾਤ ਦੀ ਹਾਰ ਮਾਰਕਸਵਾਦ ਦੀ ਰੌਸ਼ਨੀ ਨੂੰ ਦੁਨੀਆਂ ਦੀ ਹਰ ਨੁੱਕਰ 'ਚ ਕਿਤੇ ਵੱਧ ਸ਼ਾਨ ਨਾਲ ਜਗਮਗਾਉਣੋਂ ਨਾ ਰੋਕ ਸਕੀ । ਸੰਸਾਰ ਪ੍ਰੋਲਤਾਰੀ ਜਮਾਤ ਦੀਆਂ ਮੌਜੂਦਾ ਹਾਰਾਂ ਦੇ ਬੱਦਲ ਵੀ ਲੈਨਿਨਵਾਦ ਦੇ ਸੂਰਜ ਦੀ ਚਮਕ ਨਾਲ ਧਰਤੀ ਦੇ ਹਰ ਚੱਪੇ ਨੂੰ ਨੂਰੋ ਨੂਰ ਹੋਣੋਂ ਨਹੀਂ ਰੋਕ ਸਕਦੇ । ਲੈਨਿਨ ਦੇ ਬੋਲ ਸ਼ਕਤੀਸ਼ਾਲੀ ਹਨ, ਕਿਉਂਕਿ ਇਹ ਦਰੁਸਤ ਹਨ, ਸਮਾਜਿਕ ਵਿਕਾਸ ਦੇ ਨਿਯਮਾਂ ਅਤੇ ਭਵਿੱਖ ਦੀ ਮਾਲਕ ਜਮਾਤ, ਮਜ਼ਦੂਰ ਜਮਾਤ ਦੇ ਹਿਤਾਂ ਦੀ ਤਰਜਮਾਨੀ ਕਰਦੇ ਹਨ । ਲੈਨਿਨਵਾਦ, ਸਾਮਰਾਜਵਾਦ ਅਤੇ ਪਰੋਲਤਾਰੀ ਇਨਕਲਾਬਾਂ ਦੇ ਯੁੱਗ ਦਾ ਮਾਰਕਸਵਾਦ ਹੈ । ਜਦੋਂ ਤੱਕ ਇਹ ਯੁੱਗ ਕਾਇਮ ਹੈ ਲੈਨਿਨਵਾਦ ਦੇ ਸਾਰੇ ਬੁਨਿਆਦੀ ਸਿਧਾਂਤ, ਸੰਕਲਪ ਤੇ ਅਸੂਲ ਅਤੇ ਇਨਕਲਾਬੀ ਦਾਅਪੇਚ ਲਾਗੂ ਰਹਿਣੇ ਹਨ ਤੇ ਆਪਣੀ ਬੰਦਖਲਾਸੀ ਲਈ ਜੂਝਦੇ ਦੁਨੀਆਂ ਭਰ ਦੇ ਮਜ਼ਦੂਰਾਂ ਤੇ ਦੱਬੇ ਕੁਚਲੇ ਲੋਕਾਂ ਦਾ ਰਾਹ ਰੁਸ਼ਨਾਉਂਦੇ ਰਹਿਣਗੇ ।

ਅੱਜ ਜਦੋਂ ਚੌਪਾਸੜ ਸੰਕਟਾਂ ਦੀ ਮਾਰ ਹੇਠ ਆਏ ਸਾਮਰਾਜੀ ਪ੍ਰਬੰਧ ਦੇ ਸਾਰੇ ਬੁਨਿਆਦੀ ਵਿਰੋਧ ਬੇਹੱਦ ਤਿੱਖੇ ਹੋ ਗਏ ਹਨ ਤਾਂ ਸਾਮਰਾਜੀ ਪ੍ਰਬੰਧ ਦੀ ਮੌਤ ਦੇ ਚਿੰਨ੍ਹ ਕਿਤੇ ਵੱਧ ਉੱਘੜਵੇਂ ਰੂਪ 'ਚ ਸਾਹਮਣੇ ਆ ਰਹੇ ਹਨ। …… ਸਮਾਜਿਕ ਵਿਕਾਸ ਦੀਆਂ ਤਰਜਮਾਨ ਇਨਕਲਾਬੀ ਤਾਕਤਾਂ ਯਾਨੀ ਦੁਨੀਆਂ ਭਰਦੇ ਮਜ਼ਦੂਰਾਂ, ਮਿਹਨਤਕਸ਼ ਲੋਕਾਂ ਤੇ ਦੱਬੀਆਂ ਕੁਚਲੀਆਂ ਕੌਮਾਂ ਅਤੇ ਇਹਨਾਂ ਦੀ ਅਗਵਾਈ ਕਰਦੀਆਂ ਇਨਕਲਾਬੀ ਸ਼ਕਤੀਆਂ ਖਾਤਰ ਨਿਰਾਸ਼ਾ ਲਈ ਕੋਈ ਥਾਂ ਨਹੀਂ । ਲੈਨਿਨ ਦਾ ਜਨਮ ਦਿਹਾੜਾ ਉਹਨਾਂ ਲਈ ਲੈਨਿਨਵਾਦ ਦੀ ਸਦਾ ਜੇਤੂ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ, ਇਸਦੇ ਝੰਡੇ ਨੂੰ ਮਜ਼ਬੂਤੀ ਨਾਲ ਉੱਚਾ ਚੁੱਕਣ ਅਤੇ ਸੰਸਾਰ ਪ੍ਰੋਲਤਾਰੀ ਇਨਕਲਾਬ ਦੇ ਰਾਹ 'ਤੇ ਅੱਗੇ ਵਧਣ ਲਈ ਦ੍ਰਿੜ ਤਹੱਈਆ ਕਰਨ ਦਾ ਦਿਹਾੜਾ ਹੈ ।

ਪਰ ਲੈਨਿਨਵਾਦ ਦੇ ਅਸੂਲਾਂ 'ਤੇ ਦ੍ਰਿੜਤਾ ਨਾਲ ਪਹਿਰਾ ਦਿੱਤੇ ਬਿਨਾਂ, ਹਰ ਕਿਸਮ ਦੇ ਦੁਸ਼ਮਣਾ ਤੋਂ ਇਸਦੇ ਅਸੂਲਾਂ ਦੀ ਰਾਖੀ ਕੀਤੇ ਬਿਨਾਂ ਲੈਨਿਨਵਾਦ ਦੇ ਝੰਡੇ ਨੂੰ ਬੁਲੰਦ ਕਰਨ ਦੀ ਗੱਲ ਨਿਰਾ ਪਾਖੰਡ ਬਣਕੇ ਰਹਿ ਜਾਂਦੀ ਹੈ । ਅੱਜ ਵੱਖ-2 ਕਿਸਮ ਦੇ ਮੌਕਾਪ੍ਰਸਤਾਂ ਵੱਲੋਂ ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਤੇ ਵਿਆਪਕ ਹੱਲਾ ਬੋਲਿਆ ਹੋਇਆ ਹੈ। …… 

ਅਕਤੂਬਰ ਇਨਕਲਾਬ ਤੋਂ ਲੈ ਕੇ ਕੌਮਾਂਤਰੀ ਕਮਿਊਨਿਸਟ ਲਹਿਰ ਨੇ, ਲੈਨਿਨਵਾਦ ਦੀ ਓਟ ਲੈ ਕੇ ਇਸਦੀ ਇਨਕਲਾਬੀ ਧਾਰ ਨੂੰ ਖੁੰਢਾ ਕਰਨ ਲਈ ਉੱਠੀਆਂ ਮੌਕਾਪ੍ਰਸਤ ਧਾਰਾਵਾਂ ਨੂੰ ਕਰਾਰੀ ਭਾਜ ਦੇਂਦਿਆਂ ਲੈਨਿਨਵਾਦ ਦੇ ਅਸੂਲਾਂ ਦੀ ਸ਼ਾਨਦਾਰ ਰਾਖੀ ਕੀਤੀ ਹੈ । ਕਾ. ਸਟਾਲਿਨ ਦੀ ਅਗਵਾਈ 'ਚ ਤੀਜੀ ਕੌਮਾਂਤਰੀ ਵੱਲੋਂ ਟਰਾਟਸਕੀਵਾਦੀ ਸੋਧਵਾਦ ਨੂੰ ਦਿੱਤੀ ਸਫ਼ਲ ਪਛਾੜ ਅਤੇ ਫਿਰ ਕਾ: ਮਾਓ ਜੇ ਤੁੰਗ ਦੀ ਅਗਵਾਈ 'ਚ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਟੀਟੋ ਮਾਰਕਾ ਅਤੇ ਖਰੁਸ਼ਚੋਵ ਮਾਰਕਾ ਸੋਧਵਾਦ ਨੂੰ ਬੇਨਕਾਬ ਕਰਨ ਤੇ ਖਰੀਆਂ ਮਾਰਕਸੀ-ਲੈਨਿਨੀ ਸਫ਼ਾਂ 'ਚੋਂ ਖਦੇੜਣ ਦੀਆਂ ਪ੍ਰਾਪਤੀਆਂ ਕਮਿਊਨਿਸਟ ਲਹਿਰ ਦੇ ਇਤਿਹਾਸ 'ਚ ਸ਼ਾਨਦਾਰ ਕਾਂਡ ਹੋ ਨਿੱਬੜੀਆਂ ਹਨ ।

ਅੱਜ ਵੀ ਕੌਮਾਂਤਰੀ ਕਮਿਊਨਿਸਟ ਲਹਿਰ ਵੱਖ-2 ਕਿਸਮ ਦੀ ਮੌਕਾਪ੍ਰਸਤੀ ਦੇ ਹੱਲਿਆਂ ਖਾਸ ਕਰਕੇ ਪਿਛਲੇ ਸਮੇਂ 'ਚ ਨਵੀਆਂ ਉੱਭਰੀਆਂ ਮੌਕਾਪ੍ਰਸਤ ਧਾਰਾਵਾਂ ਵਿਰੁੱਧ ਟੱਕਰ ਲੈਂਦਿਆਂ ਅੱਗੇ ਵਧ ਰਹੀ ਹੈ। ਵੱਖ-2 ਰੰਗਾਂ ਦੀਆਂ ਇਨ੍ਹਾਂ ਨਵੀਆਂ ਮੌਕਾਪ੍ਰਸਤ ਧਾਰਵਾਂ ਦੇ ਹੱਲੇ ਵੀ ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਵੱਲ ਸੇਧੇ ਹੋਏ ਹਨ। (ਲਿਖਤ ਅੰਦਰ ਇਹਨਾਂ ਨਵੀਆਂ ਮੌਕਾਪ੍ਰਸਤ ਧਾਰਾਵਾਂ ਦੀ ਵੰਨਗੀ ਵਜੋਂ ਚੀਨ ਦੇ ਤੈਂਗ ਹੁਆ ਸੋਧਵਾਦ, ਅਲਬਾਨੀਆ ਦੇ ਹੋਜ਼ਾ ਮਾਰਕਾ ਸੋਧਵਾਦ ਅਤੇ ਬੌਬ ਅਵੇਕੀਅਨ ਦੇ "ਖੱਬੇ" ਸੋਧਵਾਦ ਆਦਿਕ ਧਾਰਾਵਾਂ ਦਾ ਜ਼ਿਕਰ ਹੈ। - ਸੰਪਾਦਕ)

…. ਮੌਕਾਪ੍ਰਸਤੀ ਦੇ ਇਨ੍ਹਾਂ ਹੱਲਿਆਂ ਦੇ ਸਨਮੁੱਖ ਲੈਨਿਨਵਾਦ ਦੀ ਰਾਖੀ ਲਈ ਜੂਝ ਰਹੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੇ ਹੱਥਾਂ 'ਚ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਮਾਓ ਵਿਚਾਰਧਾਰਾ ਹੈ। ਚੀਨ ਦੇ ਲੋਕ ਜਮਹੂਰੀ ਇਨਕਲਾਬ, ਮਹਾਨ ਬਹਿਸ ਅਤੇ ਸਮਾਜਵਾਦੀ ਉਸਾਰੀ ਦੇ ਅਮਲ ਦੌਰਾਨ ਕਾ: ਮਾਓ-ਜੇ-ਤੁੰਗ ਨੇ ਹਰ ਕਿਸਮ ਦੇ ਮੌਕਾਪ੍ਰਸਤ ਹੱਲਿਆਂ ਵਿਰੁੱਧ ਭਿੜਦਿਆਂ ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਦੀ ਰਾਖੀ ਕੀਤੀ ਹੈ ਅਤੇ ਲੈਨਿਨਵਾਦ ਦੇ ਵਿਗਿਆਨ 'ਚ ਬੇਹੱਦ ਅਹਿਮ ਵਾਧੇ ਕੀਤੇ ਹਨ। ਜਿੰਨ੍ਹਾਂ ਸਦਕਾ ਮਾਓ ਵਿਚਾਰਧਾਰਾ ਮਾਰਕਸਵਾਦ-ਲੈਨਿਨਵਾਦ ਦੀ ਵਿਕਸਤ ਇਨਕਲਾਬੀ ਧਾਰ ਬਣਕੇ ਉਭਰੀ ਹੈ। ਇਸ ਕਰਕੇ ਅੱਜ ਲੈਨਿਨਵਾਦ ਦੀ ਰਾਖੀ ਲਈ ਮਾਓ ਵਿਚਾਰਧਾਰਾ 'ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਲਾਜ਼ਮੀ ਹੈ।……

(ਜਫ਼ਰਨਾਮਾ ਮਈ 1983 'ਚੋਂ ਸੰਖੇਪ )

2)ਮਹਾਨ ਬਹਿਸ ਦੇ ਨਿਰਣੇ - ਲੈਨਿਨਵਾਦ ਨਾਲ ਵਫ਼ਾਦਾਰੀ ਦੀ ਪਰਖ ਕਸਵੱਟੀ

ਉੱਪਰ ਦਿੱਤੀ “ਲੈਨਿਨਵਾਦ ਦਾ ਝੰਡਾ ਬੁਲੰਦ ਰੱਖੋ” ਟਿੱਪਣੀ 'ਚ ਠੀਕ ਹੀ ਲੈਨਿਨਵਾਦ ਨੂੰ ਅੱਜ ਦੇ ਯੁੱਗ ਦੇ ਮਾਰਕਸਵਾਦ ਵਜੋਂ ਉਚਿਆਇਆ ਗਿਆ ਹੈ। ਲੈਨਿਨਵਾਦ ਦੀ ਇਹ ਪਰਿਭਾਸ਼ਾ ਸਾਥੀ ਸਟਾਲਿਨ ਦੀ ਦੇਣ ਹੈ। “ਲੈਨਿਨਵਾਦ ਦੀਆਂ ਨੀਹਾਂ” 'ਚ ਸਾਥੀ ਸਟਾਲਿਨ ਨੇ ਲੈਨਿਨਵਾਦ ਨੂੰ ਸਾਮਰਾਜਵਾਦ ਅਤੇ ਪ੍ਰੋਲਤਾਰੀ ਇਨਕਲਾਬਾਂ ਦੇ ਯੁੱਗ ਦਾ ਮਾਰਕਸਵਾਦ ਕਿਹਾ ਹੈ।

ਲੈਨਿਨਵਾਦ ਦੇ ਸਿਧਾਂਤ ਅਤੇ ਨਿਰਣੇ ਸਾਮਰਾਜਵਾਦ ਦੇ ਖਾਸੇ ਅਤੇ ਯੁੱਗ  ਦੀ ਵਿਸ਼ੇਸ਼ ਪਹਿਚਾਣ 'ਤੇ ਟਿਕੇ ਹੋਏ ਹਨ | ਸਾਮਰਾਜਵਾਦ ਦਾ ਇਹ ਯੁੱਗ ਉਨ੍ਹੀਵੀਂ ਸਦੀ ਦੇ ਮੁੱਕਣ ਨਾਲ ਸ਼ੁਰੂ ਹੋਇਆ। ਲੈਨਿਨ ਨੇ ਮਾਰਕਸਵਾਦ ਦੇ ਵਿਗਿਆਨ ਨੂੰ  ਇਸ ਯੁੱਗ ਦੀਆਂ ਹਾਲਤਾਂ ਅਤੇ ਲੋੜਾਂ ਮੁਤਾਬਕ ਵਿਕਸਤ ਕੀਤਾ। ਇਉਂ ਉਸਨੇ ਸੰਸਾਰ ਪ੍ਰੋਲਤਾਰੀ ਇਨਕਲਾਬ ਨੂੰ ਅੱਗੇ ਵਧਾਉਣ ਦਾ ਅਤੇ ਸਾਮਰਾਜਵਾਦ ਦਾ ਕੀਰਤਨ ਸੋਹਲਾ ਪੜ੍ਹਨ ਦਾ ਰਾਹ ਵਿਖਾਇਆ। ਉਸਨੇ ਵਿਆਖਿਆ ਕੀਤੀ ਕਿ ਸਾਮਰਾਜਵਾਦ ਦੇ ਪੜਾਅ ਤੋਂ ਪਹਿਲਾਂ ਦਾ ਦੌਰ ਸਰਮਾਏਦਾਰੀ ਦੇ ਅੰਗੜਾਈ ਭਰਨ ਅਤੇ ਜੁਆਨੀ ਚੜ੍ਹਨ ਦਾ ਦੌਰ ਸੀ,ਜਦੋਂ ਅਜੇ ਸਰਮਾਏਦਾਰੀ ਆਜ਼ਾਦ ਪੂੰਜੀਵਾਦੀ ਮੁਕਾਬਲੇ ਰਾਹੀਂ ਸਮਾਜਿਕ ਤਰੱਕੀ ਨੂੰ ਅੱਗੇ ਵਧਾ ਰਹੀ ਸੀ। ਯੂਰਪ ਅਤੇ ਉੱਤਰੀ ਅਮਰੀਕਾ ਸਰਮਾਏਦਾਰੀ ਦੇ ਇਸ ਤਰੱਕੀ ਮੁਖੀ  ਕੂਚ ਦਾ ਵਿਸ਼ੇਸ਼ ਅਖਾੜਾ ਬਣੇ ਹੋਏ ਸਨ।

ਮਾਰਕਸਵਾਦੀ ਸਾਇੰਸ ਦੀ ਰੌਸ਼ਨੀ 'ਚ, ਸਾਮਰਾਜਵਾਦ ਦਾ ਡੂੰਘਾ ਮੁਤਾਲਿਆ ਕਰਦਿਆਂ ਸਾਥੀ ਲੈਨਿਨ ਨੇ ਸਿੱਟਾ ਕੱਢਿਆ ਕਿ ਸਾਮਰਾਜਵਾਦ ਦੇ ਪੜਾਅ 'ਤੇ ਸਰਮਾਏਦਾਰੀ ਦੇ  ਬੁਨਿਆਦੀ ਅਗਾਂਹਵਧੂ ਲੱਛਣ ਪਲਟੀ ਮਾਰਕੇ  ਪਿਛਾਂਹਖਿੱਚੂ ਲੱਛਣਾਂ 'ਚ ਤਬਦੀਲ ਹੋ ਗਏ ਹਨ। ਅਜਾਰੇਦਾਰੀਆਂ ਨੇ  ਆਜ਼ਾਦ ਮੁਕਾਬਲੇ ਦੀ ਥਾਂ ਹੜੱਪ ਲਈ ਹੈ। ਬੈਂਕਾਂ ਦੇ ਅਤੇ ਸਨਅਤੀ ਸਰਮਾਏ ਨੇ ਘਿਓ ਖਿਚੜੀ ਹੋ ਕੇ ਮਾਲੀ ਸਰਮਾਏ ਦਾ ਰੂਪ ਧਾਰ ਲਿਆ ਹੈ। ਇਹ ਪਰਜੀਵੀ ਚਿੱਚੜ ਸਰਮਾਇਆ ਬਿਨਾਂ ਹਿੰਗ ਫਟਕੜੀ ਲਾਏ ਪੂੰਜੀਵਾਦੀ ਲੁੱਟ ਦੇ ਮੁਨਾਫ਼ਿਆਂ ਦੇ ਬਹੁਤ  ਵੱਡੇ ਹਿੱਸੇ ਨੂੰ ਚਾਘੀ ਲਾਉਣ ਦੇ ਸਮਰੱਥ ਹੈ।  ਸਾਮਰਾਜੀ ਮੁਲਕਾਂ ਦੇ ਅਰਥਚਾਰਿਆਂ 'ਤੇ ਫੰਡਰ ਨਿਵੇਸ਼ਕਾਰਾਂ ਅਤੇ ਮਾਲੀ ਜੁੰਡੀ ਰਾਜਾਂ ਦੀ ਚੌਧਰ ਸਥਾਪਤ ਹੋ ਗਈ ਹੈ। ਸਰਮਾਏ ਦੀ ਬਰਾਮਦ ਨੇ ਜਿਣਸਾਂ ਦੀ ਬਰਾਮਦ ਦੀ ਥਾਂ ਲੈ ਲਈ ਹੈ। ਸਰਮਾਏ ਦੀ ਇਹ ਬਰਾਮਦ “ਪੂਰੇ ਦੇ ਪੂਰੇ ਮੁਲਕ ਨੂੰ ਪਰਜੀਵੀਪੁਣੇ ਨਾਲ ਸੀਲ ਕਰ ਦਿੰਦੀ ਹੈ ਜਿਹੜਾ ਕਿੰਨੇ ਹੀ ਸਮੁੰਦਰ ਪਾਰਲੇ ਮੁਲਕਾਂ ਅਤੇ ਬਸਤੀਆਂ ਦੀ ਲੁੱਟ 'ਤੇ ਜਿਉਂਦਾ ਹੈ”। ਨਤੀਜੇ ਵਜੋਂ ਪਛੜੇ ਮੁਲਕਾਂ ਦੀ ਸਸਤੀ ਮਜ਼ਦੂਰੀ, ਕੱਚੇ ਮਾਲ ਅਤੇ ਕੁਦਰਤੀ ਸਰੋਤਾਂ ਦੇ ਸੋਮਿਆਂ ਨੂੰ ਹਥਿਆਉਣ ਲਈ ਸਾਮਰਾਜੀ ਮੁਲਕਾਂ ਦਰਮਿਆਨ ਖੋਹ ਖਿੰਝ ਤੇਜ ਹੋ ਰਹੀ ਹੈ।

ਲੈਨਿਨ ਨੇ ਚਾਨਣਾ ਪਾਇਆ ਕਿ ਸਾਮਰਾਜੀ ਸਰਮਾਏ ਦੇ ਧੜਵੈਲ ਕੌਮਾਂਤਰੀ ਅਜਾਰੇਦਾਰ ਗਰੁੱਪਾਂ ਦਰਮਿਆਨ ਸੰਸਾਰ ਦੀ ਵੰਡ ਮੁਕੰਮਲ ਹੋ ਗਈ ਹੈ। ਪਰ ਪੂੰਜੀਵਾਦ ਅਣਸਾਵੇਂ ਵਿਕਾਸ ਦੇ ਨਿਯਮ ਤੋਂ ਖਹਿੜਾ ਨਹੀਂ ਛੁਡਾ ਸਕਦਾ। ਸੰਸਾਰ ਦੀ ਮੁੜ ਵੰਡ ਲਈ ਸਾਮਰਾਜੀ ਜੰਗਾਂ ਇਸ ਨਿਯਮ ਦਾ ਲਾਜ਼ਮੀ ਨਤੀਜਾ ਹਨ | ਇਸ ਕਰਕੇ ਸਮਰਾਜਵਾਦ ਦੇ ਖਾਤਮੇ ਬਿਨਾ ਜੰਗਾਂ ਦਾ ਖ਼ਾਤਮਾ ਨਹੀਂ ਹੋ ਸਕਦਾ।

ਇਓਂ ਸਾਥੀ ਲੈਨਿਨ ਦੇ ਵਿਸ਼ਲੇਸ਼ਣ ਅਨੁਸਾਰ ਸਾਮਰਾਜੀ ਸਰਮਾਏਦਾਰੀ ਸਮਾਜਿਕ ਤਰੱਕੀ ਨੂੰ ਜੂੜ ਪਾਉਂਦੀ ਹੈ। ਇਹ  ਸਰਮਾਏਦਾਰੀ ਵੇਲਾ ਵਿਹਾ ਚੁੱਕੀ ਹੈ,ਪਰਜੀਵੀ ਹੋ ਚੁੱਕੀ ਹੈ ਅਤੇ ਗਲ ਸੜ ਰਹੀ ਹੈ।

ਸੰਸਾਰ ਇਨਕਲਾਬ ਨੂੰ ਅੱਗੇ ਵਧਾਉਣ ਲਈ ਸਮਰਾਜ ਦੇ ਯੁੱਗ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ 'ਤੇ ਸਾਥੀ ਲੈਨਿਨ ਨੇ ਵਾਰ ਵਾਰ ਜ਼ੋਰ ਪਾਇਆ। ਉਸਨੇ ਬਸਤੀਵਾਦੀ ਨੀਤੀ ਦੇ ਮਾਲੀ ਸਰਮਾਏ ਨਾਲ ਸਬੰਧ ਦੀ ਵਿਸ਼ੇਸ਼ਤਾ ਨੂੰ ਉਭਾਰਦਿਆਂ ਕਿਹਾ ਕਿ ਮਨੁੱਖਤਾ “ਸੰਸਾਰ ਬਸਤੀਵਾਦੀ ਨੀਤੀ ਦੇ ਨਿਆਰੇ ਯੁੱਗ 'ਚੋਂ ਗੁਜ਼ਰ ਰਿਹਾ ਹੈ, ਜਿਹੜਾ ਸਰਮਾਏਦਾਰੀ ਦੀ ਆਖਰੀ ਸਟੇਜ ਯਾਨੀ ਸਮਰਾਜਵਾਦ ਦੀ ਸਟੇਜ ਨਾਲ ਗੂੜ੍ਹੀ ਤਰ੍ਹਾਂ ਜੁੜਿਆ ਹੋਇਆ ਹੈ।” ਇਸ ਵਿਸ਼ੇਸ਼ਤਾ ਨੂੰ ਲਕੀਰਦਿਆਂ ਲੈਨਿਨ ਨੇ ਕਿਹਾ: “ਇਥੋਂ ਤੱਕ ਕਿ ਪੂੰਜੀਵਾਦ ਦੀਆਂ ਪਹਿਲੀਆਂ ਸਟੇਜਾਂ ਦੀ ਪੂੰਜੀਵਾਦੀ ਬਸਤੀਵਾਦੀ ਨੀਤੀ ਵੀ ਮਾਲੀ ਸਰਮਾਏ ਦੀ ਬਸਤੀਵਾਦੀ ਨੀਤੀ ਨਾਲੋਂ ਬੁਨਿਆਦੀ ਤੌਰ 'ਤੇ ਵੱਖਰੀ ਹੈ।”(ਜ਼ੋਰ ਲੈਨਿਨ ਦਾ)

ਸਾਮਰਾਜੀ ਯੁੱਗ ਦਾ ਲੈਨਿਨਵਾਦੀ ਵਿਸ਼ਲੇਸ਼ਣ ਇਸ ਨਿਰਖ ਨੂੰ ਵੀ ਕਲਾਵੇ 'ਚ ਲੈਂਦਾ ਹੈ ਕਿ ਸਾਮਰਾਜੀ ਹੋਈ ਸਰਮਾਏਦਾਰੀ ਨੇ  ਕੌਮਾਂ ਦੀ ਆਜ਼ਾਦੀ ਅਤੇ ਇੱਕਜੁੱਟ ਕੌਮੀ ਰਾਜਾਂ ਦੀ ਸਥਾਪਨਾ ਦਾ ਅਗਾਂਹਵਧੂ ਝੰਡਾ ਵਗਾਹ ਮਾਰਿਆ ਹੈ। ਸਾਮਰਾਜਵਾਦ ਕੌਮਾਂ ਨੂੰ ਦਬਾਉਂਦਾ ਹੈ, ਇਨ੍ਹਾਂ ਦੀ ਆਜ਼ਾਦੀ ਦਾ ਵੈਰੀ ਹੈ ਅਤੇ ਹਰ ਥਾਂ ਪਿਛਾਖੜ ਦੀ ਸਰਪ੍ਰਸਤੀ ਅਤੇ ਰਾਖੀ ਕਰਦਾ  ਹੈ।

ਸਾਥੀ ਲੈਨਿਨ ਨੇ ਸਾਮਰਾਜਵਾਦ ਦੇ ਯੁੱਗ ਦੀ ਇਸ ਸਚਾਈ ਨੂੰ ਵਿਸ਼ੇਸ਼ ਮਹੱਤਵ ਦਿੱਤਾ ਕਿ ਸੰਸਾਰ ਮੁੱਠੀ ਭਰ ਸ਼ਾਹੂਕਾਰ ਮੁਲਕਾਂ ਅਤੇ ਬਹੁਗਿਣਤੀ ਕਰਜ਼ਈ ਮੁਲਕਾਂ 'ਚ ਵੰਡਿਆ ਗਿਆ ਹੈ, ਕਿ ਬਸਤੀਵਾਦੀ ਗ਼ੁਲਾਮੀ ਭੋਗ ਰਹੇ ਅਤੇ ਨਿਰਭਰ ਮੁਲਕਾਂ ਦੇ ਲੋਕ  ਸਾਮਰਾਜੀ ਮੁਲਕਾਂ ਦੇ ਦਾਬੇ  ਅਤੇ ਲੁੱਟ ਦੇ ਜੂਲੇ ਹੇਠ ਹਨ। ਇਨ੍ਹਾਂ ਮੁਲਕਾਂ ਦੇ ਲੋਕਾਂ ਸਾਹਮਣੇ ਇਨਕਲਾਬਾਂ ਰਾਹੀਂ ਇਸ ਦਾਬੇ ਅਤੇ ਲੁੱਟ ਤੋਂ ਮੁਕਤੀ ਦਾ ਕਾਰਜ ਹੈ।

ਲੈਨਿਨ ਦੇ ਦਰੁਸਤ ਨਿਰਣੇ  ਇਸ ਯੁੱਗ ਅੰਦਰ ਸੰਸਾਰ ਪ੍ਰੋਲੇਤਾਰੀ ਇਨਕਲਾਬ ਅਤੇ ਵੱਖ-ਵੱਖ ਮੁਲਕਾਂ ਦੇ ਇਨਕਲਾਬਾਂ ਲਈ ਆਮ ਸੇਧ ਤਹਿ ਕਰਨ ਦਾ ਆਧਾਰ ਬਣੇ। ਇਹਨਾਂ ਦੀ ਰੌਸ਼ਨੀ 'ਚ ਘੜੇ ਪ੍ਰੋਗਰਾਮਾਂ ,ਯੁੱਧਨੀਤੀ ਅਤੇ ਦਾਅਪੇਚਾਂ ਦੇ ਪੂਰਾਂ ਸਦਕਾ ਹੀ  ਵੱਖ ਵੱਖ ਮੁਲਕਾਂ 'ਚ ਪਰੋਲੇਤਾਰੀ ਦੀ ਅਗਵਾਈ 'ਚ ਇਨਕਲਾਬਾਂ  ਨੇ ਜਿੱਤਾਂ ਪ੍ਰਾਪਤ ਕੀਤੀਆਂ। 

ਸਮਾਜਵਾਦੀ ਕੈਂਪ ਦੇ ਵਕਤੀ ਤੌਰ 'ਤੇ ਮਾਤ ਖਾ ਜਾਣ ਦੇ ਬਾਵਜੂਦ ਸੰਸਾਰ ਇਨਕਲਾਬ ਦੇ ਰਾਹ 'ਤੇ ਮਜ਼ਦੂਰ ਜਮਾਤ ਅਤੇ ਇਸ ਦੇ ਸੰਗੀਆਂ ਦਾ ਸਫ਼ਰ ਜਾਰੀ ਹੈ। ਇਸ ਮਹਾਨ ਸੰਗਰਾਮ ਦੇ ਰਾਹ 'ਤੇ ਅੱਗੇ ਵਧਣ ਲਈ ਲੈਨਿਨਵਾਦ ਦੀ ਵਿਗਿਆਨਕ ਰੌਸ਼ਨੀ ਅੱਜ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਸਾਬਕਾ ਸਮਾਜਵਾਦੀ ਮੁਲਕਾਂ 'ਚ ਪੂੰਜੀਵਾਦ ਦੀ ਮੁੜ ਬਹਾਲੀ ਸੋਧਵਾਦ ਰਾਹੀਂ ਹੋਈ ਹੈ। ਸਮਾਜਵਾਦ ਨੂੰ ਢਹਿਢੇਰੀ ਕਰਨ 'ਚ ਪੁੱਠ ਪੈਰੀ ਅਗਵਾਈ ਦਾ ਰੋਲ  ਲੈਨਿਨਵਾਦ ਅਤੇ ਮਾਓ ਵਿਚਾਰਧਾਰਾ ਤੋਂ ਬੇਮੁਖ ਹੋਈਆਂ ਸੋਧਵਾਦੀ ਲੀਡਰਸ਼ਿਪਾਂ ਨੇ ਅਦਾ ਕੀਤਾ ਹੈ। ਇਹ ਤਜਰਬਾ ਲੈਨਿਨਵਾਦ ਦੀ ਥਾਹ ਪਾਉਣ ਅਤੇ ਇਸਦੀ ਰਾਖੀ ਕਰਨ ਦਾ ਮਹੱਤਵ ਉਭਾਰਦਾ ਹੈ |

ਮਹਾਨ ਬਹਿਸ ਦੇ ਦੌਰ 'ਚ ਸਾਥੀ ਮਾਓ-ਜ਼ੇ-ਤੁੰਗ ਦੀ ਅਗਵਾਈ 'ਚ ਖਰੁਸ਼ਚੋਵ ਮਾਰਕਾ ਸੋਧਵਾਦ ਖਿਲਾਫ਼ ਲੈਨਿਨਵਾਦ ਦੇ ਅਸੂਲਾਂ ਦੀ ਰਾਖੀ ਲਈ ਵਿਚਾਰਧਾਰਕ ਲੜਾਈ ਲੜੀ ਗਈ ਸੀ। ਇਸ ਦੌਰਾਨ ਮਾਓ ਵਿਚਾਰਧਾਰਾ ਮਾਰਕਸਵਾਦ-ਲੈਨਿਨਵਾਦ ਦੀ ਤਿੱਖੀ ਧਾਰ ਵਜੋਂ ਹੋਰ ਵਿਕਸਤ ਹੋਈ। ਮਾਰਕਸਵਾਦ-ਲੈਨਿਨਵਾਦ ਦੇ ਅਹਿਮ ਬੁਨਿਆਦੀ ਅਸੂਲਾਂ ਨੂੰ ਨਿਤਾਰਕੇ ਅਤੇ ਨਿਖਾਰਕੇ ਪੇਸ਼ ਕੀਤਾ ਗਿਆ। ਇਹ ਢੁਕਵਾਂ ਮੂਲ ਸਵਾਲ ਜ਼ੋਰ ਨਾਲ ਉਭਾਰਿਆ ਗਿਆ: “ਕੀ ਸਾਮਰਾਜਵਾਦ ਅਤੇ ਪਰੋਲੇਤਾਰੀ ਇਨਕਲਾਬਾਂ ਦੇ ਯੁੱਗ ਨਾਲ ਸਬੰਧਤ ਲੈਨਿਨਵਾਦੀ  ਨਿਰਣੇ ਅਤੇ ਅਸੂਲ ਅੱਜ ਵੀ ਪ੍ਰਸੰਗਕ ਨਹੀਂ ਹਨ?” ਇਹ ਸਵਾਲ ਉਦੋਂ ਉਭਾਰਿਆ ਗਿਆ ਜਦੋਂ ਖਰੁਸ਼ਚੋਵਵਾਦੀ ਸੋਧਵਾਦੀ ਜੁੰਡਲੀ ਬਦਲੀਆਂ ਸੰਸਾਰ ਹਾਲਤਾਂ ਦੇ ਨਾਂ ਹੇਠ ਲੈਨਿਨਵਾਦ ਦੇ ਅਸੂਲਾਂ ਨੂੰ ਗੈਰ-ਪ੍ਰਸੰਗਕ ਸਾਬਤ ਕਰਨ ਅਤੇ ਸੋਧਣ 'ਚ ਰੁੱਝੀ ਹੋਈ ਸੀ। ਇਹ ਸਾਮਰਾਜਵਾਦ ਦੇ ਖਾਸੇ ਬਾਰੇ ਸਾਥੀ ਲੈਨਿਨ ਦੇ ਨਿਰਣਿਆਂ 'ਤੇ ਪਰਦਾ ਪਾਉਂਦੀ ਸੀ। ਇਸ ਦਰੁਸਤ ਧਾਰਨਾ ਨੂੰ ਰੱਦ ਕਰਦੀ ਸੀ ਕਿ ਸਾਮਰਾਜਵਾਦ ਆਪਣੀ ਖਸਲਤ ਕਰਕੇ ਹੀ ਚੌਧਰਵਾਦੀ,  ਜੰਗਬਾਜ਼ ਅਤੇ ਕੌਮਾਂ ਦੀ ਆਜ਼ਾਦੀ ਦਾ ਵੈਰੀ ਹੈ।

ਕਾਟਸਕੀ ਨੇ ਸਾਮਰਾਜਵਾਦ ਦੀ ਨਿਰੋਲ ਸਿਆਸੀ ਪਰਿਭਾਸ਼ਾ ਦੇਣ ਅਤੇ ਇਸ ਨੂੰ ਮਹਿਜ਼ ਸਨਅਤੀ ਮੁਲਕਾਂ ਵੱਲੋਂ ਜ਼ਰਈ ਮੁਲਕਾਂ ਨੂੰ ਅਧੀਨ ਕਰਨ ਦੀ ਸਿਆਸੀ ਨੀਤੀ ਤੱਕ ਸੁੰਗੇੜਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਕਿ ਲੈਨਿਨ ਨੇ ਮਾਲੀ ਸਰਮਾਏ ਦੀ ਆਰਥਿਕ ਸਰਦਾਰੀ ਅਤੇ ਸਾਮਰਾਜੀ ਬਸਤੀਵਾਦ ਦੀ ਸਿਆਸੀ ਚੌਧਰ ਦੇ ਤਨ-ਗੁੰਦਵੇਂ ਰਿਸ਼ਤੇ ਨੂੰ ਦਰਸਾਇਆ।ਖਰੁਸ਼ਚੋਵ ਨੇ ਸਾਮਰਾਜੀ ਗਲਬੇ ਦੇ ਸਿਆਸੀ ਅਤੇ ਫੌਜੀ ਪੱਖਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਾਮਰਾਜੀ ਦਾਬੇ ਨੂੰ ਪਛੜੇ ਮੁਲਕਾਂ ਦੀ ਮਹਿਜ਼ ਆਰਥਿਕ ਅਧੀਨਗੀ ਤੱਕ ਸੁੰਗੇੜਨ ਦੀ ਕੋਸ਼ਿਸ਼ ਕੀਤੀ ਅਤੇ ਸਮਰਾਜ ਵਿਰੋਧੀ ਇਨਕਲਾਬਾਂ ਦੀ ਲੋੜ ਨੂੰ ਨਕਾਰਿਆ। ਉਸਨੇ ਦਾਅਵਾ ਕੀਤਾ ਕਿ ਸਾਮਰਾਜੀ ਆਰਥਕ ਦਾਬੇ ਨੂੰ ਸਮਾਜਵਾਦੀ ਮੁਲਕਾਂ ਵਲੋਂ ਪੁਰ-ਅਮਨ ਆਰਥਿਕ ਮੁਕਾਬਲੇ ਰਾਹੀਂ ਦੂਰ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਮੁਲਕਾਂ 'ਚ “ਕੌਮੀ ਜਮਹੂਰੀਅਤ” ਸਥਾਪਤ ਕੀਤੀ ਜਾ ਸਕਦੀ ਹੈ। 

ਮਹਾਨ ਬਹਿਸ ਦੌਰਾਨ ਮਾਓ-ਵਿਚਾਰਧਾਰਾ ਦੇ ਕੈਂਪ ਵਲੋਂ ਉਭਾਰਿਆ ਬਹੁਤ ਹੀ ਅਹਿਮ ਸਵਾਲ ਜਾਰੀ ਰਹਿ ਰਹੇ ਸਾਮਰਾਜੀ ਯੁੱਗ ਅੰਦਰ ਸਾਮਰਾਜੀ ਬਸਤੀਵਾਦ ਖਿਲਾਫ਼ ਸੰਘਰਸ਼ ਦੀ ਅਹਿਮੀਅਤ ਅਤੇ ਪ੍ਰਸੰਗਕਤਾ ਦਾ ਸਵਾਲ ਸੀ। ਖਰੁਸ਼ਚੋਵ ਲਾਣੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਸਤੀਵਾਦ ਦੀ ਕੇਵਲ ਰਹਿੰਦ ਖੂੰਹਦ ਹੀ ਬਚੀ ਹੈ ਅਤੇ ਇਸ ਦੇ ਖਾਤਮੇ ਦਾ ਅਮਲ ਪਹਿਲਾਂ ਹੀ ਆਪਣੇ “ਆਖਰੀ ਦੌਰ” 'ਚ ਪਹੁੰਚ ਚੁੱਕਿਆ ਹੈ। ਚੀਨੀ ਕਮਿਊਨਿਸਟ ਪਾਰਟੀ ਨੇ ਸਵਾਲ ਕੀਤਾ: “ਕੀ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਮੁਲਕਾਂ ਨੇ ਸਾਮਰਾਜਵਾਦ, ਬਸਤੀਵਾਦ ਅਤੇ ਉਹਨਾਂ ਦੇ ਏਜੰਟਾਂ ਨੂੰ ਮਾਤ ਦੇਣ ਦਾ ਕਾਰਜ ਪੂਰਾ ਕਰ ਲਿਆ ਹੈ। ਸਾਡਾ ਜਵਾਬ ਹੈ, ਨਹੀਂ, ਇਹ ਕਾਰਜ ਪੂਰਾ ਹੋਣ ਤੋਂ ਬਹੁਤ ਦੂਰ ਹੈ।…… ਏਸ਼ੀਆ ਅਤੇ ਅਫ਼ਰੀਕਾ ਦੇ ਲੋਕ ਬੁਰੀ ਤਰ੍ਹਾਂ ਨਵ-ਬਸਤੀਵਾਦੀ ਸ਼ਿਕਾਰ-ਪੰਜੇ ਦੀ ਆਫ਼ਤ ਦਾ ਸਾਹਮਣਾ ਕਰ ਰਹੇ ਹਨ ਜਿਸਦੀ ਨੁਮਾਇੰਦਗੀ ਅਮਰੀਕੀ ਸਾਮਰਾਜ ਕਰਦਾ ਹੈ।” ਇਸ ਤੋਂ ਅੱਗੇ ਚੀਨੀ ਪਾਰਟੀ ਨੇ ਦੂਜੇ ਹਵਾਨਾ ਐਲਾਨਨਾਮੇ ਦਾ ਹਵਾਲਾ ਦਿੱਤਾ , “ਅੱਜ ਲਾਤੀਨੀ ਅਮਰੀਕਾ ਸਪੇਨੀ ਬਸਤੀਵਾਦੀ ਸਲਤਨਤ ਨਾਲੋਂ ਵੱਧ ਖੂੰਖਾਰ, ਵੱਧ ਸ਼ਕਤੀਸ਼ਾਲੀ ਅਤੇ ਵੱਧ ਬੇਦਰੇਗ ਸਾਮਰਾਜ ਅਧੀਨ ਹੈ।”  ਮਾਓ ਵਿਚਾਰਧਾਰਾ ਦੀ ਅਗਵਾਈ 'ਚ ਚੀਨੀ ਕਮਿਊਨਿਸਟ ਪਾਰਟੀ ਨੇ ਵਿਆਖਿਆ ਕੀਤੀ ਕਿ “ਨਿਸ਼ਚਿਤ ਤੌਰ 'ਤੇ ਹੀ ਦੂਜੀ ਸੰਸਾਰ ਜੰਗ ਪਿੱਛੋਂ ਸਾਮਰਾਜੀਆਂ ਨੇ ਬਸਤੀਵਾਦ ਦਾ ਤਿਆਗ ਨਹੀਂ ਕੀਤਾ, ਸਿਰਫ਼ ਇੱਕ ਨਵੀਂ ਸ਼ਕਲ, ਨਵ-ਬਸਤੀਵਾਦ ਦੀ ਸ਼ਕਲ ਅਪਣਾ ਲਈ ਹੈ।” ਇਸ ਨਿਰਖ ਦੀ ਵਕਾਲਤ ਤੱਥਾਂ ਸਹਿਤ ਕੀਤੀ ਗਈ ਅਤੇ ਇਹ ਨਿਰਣਾ ਉਭਾਰਿਆ ਗਿਆ ਕਿ “ਇਹ ਨਵ-ਬਸਤੀਵਾਦ, ਬਸਤੀਵਾਦ ਦੀ ਵਧੇਰੇ ਮਾਰੂ ਅਤੇ ਘਿਨਾਉਣੀ ਸ਼ਕਲ ਹੈ” (ਜ਼ੋਰ ਪਾਇਆ); ਕਿ ਸੰਸਾਰ ਅੱਜ ਵੀ ਦੋ ਕਿਸਮ ਦੇ ਮੁਲਕਾਂ 'ਚ ਵੰਡਿਆ ਹੋਇਆ ਹੈ। ਸਾਮਰਾਜੀ ਮੁਲਕਾਂ ਅਤੇ ਉਹਨਾਂ ਦੀਆਂ ਅਰਧ-ਬਸਤੀਆਂ ਤੇ ਨਵ-ਬਸਤੀਆਂ 'ਚ ਵੰਡਿਆ ਹੋਇਆ ਹੈ।

ਸਾਮਰਾਜ ਦੇ ਬਸਤੀਵਾਦੀ ਦੌਰ ਅਤੇ ਨਵ-ਬਸਤੀਵਾਦੀ ਦੌਰ ਦੇ ਸਾਂਵੇ ਤੱਤ ਨੂੰ ਉਘਾੜਨ ਲਈ ਚੀਨੀ ਕਮਿਊਨਿਸਟ ਪਾਰਟੀ ਨੇ ਲੈਨਿਨ ਦੇ ਹੇਠ ਲਿਖੇ ਕਥਨ ਦਾ ਹਵਾਲਾ ਦਿੱਤਾ: “ਏਸ਼ੀਆ ਵਿੱਚ ਮਹਾਨ ਸੰਸਾਰ ਤੂਫਾਨਾਂ ਦਾ ਇੱਕ ਨਵਾਂ ਸੋਮਾ ਫੁੱਟ ਪਿਆ ਹੈ...  ਇਹ ਇਹਨਾਂ ਤੂਫਾਨਾਂ ਅਤੇ ਯੂਰਪ ਉੱਤੇ ਇਹਨਾਂ ਦੇ ਅਸਰਾਂ ਦਾ ਯੁੱਗ ਹੈ ਜਿਸ ਵਿੱਚ ਅਸੀਂ ਹੁਣ ਰਹਿ ਰਹੇ ਹਾਂ।”

ਇਸ ਹਵਾਲੇ ਨਾਲ ਜੋੜ ਕੇ ਮਹਾਨ ਬਹਿਸ ਦੇ ਦੌਰ ਦੀ ਹਕੀਕਤ ਬਾਰੇ ਇਹ ਨਿਰਖਾਂ ਪੇਸ਼ ਕੀਤੀਆਂ: “ਲੈਨਿਨ ਨੇ ਠੋਸ ਰੂਪ 'ਚ ਇਹ ਨਿਸ਼ਾਨਦੇਹੀ ਕੀਤੀ ਸੀ ਕਿ ਏਸ਼ੀਆ ਸੰਸਾਰ ਤੂਫ਼ਾਨਾ ਦਾ ਨਵਾਂ ਸੋਮਾ ਹੈ -- ਹੁਣ, ਸੰਸਾਰ ਤੂਫ਼ਾਨਾ ਦੇ ਨਵੇਂ ਸੋਮੇ ਸਿਰਫ਼ ਏਸ਼ੀਆ ਵਿੱਚ ਹੀ ਨਹੀਂ, ਸਗੋਂ ਅਫ਼ਰੀਕਾ ਅਤੇ ਲਾਤੀਨੀ ਅਮਰੀਕਾ 'ਚ ਵੀ ਫੁੱਟ ਪਏ ਹਨ।”

“ਅਜੋਕਾ ਇਨਕਲਾਬ ਬੁਨਿਆਦੀ ਤੌਰ 'ਤੇ ਪਛੜੀਆਂ ਕੌਮਾਂ ਅਤੇ ਸਾਮਰਾਜੀ ਮੁਲਕਾਂ ਦੇ ਕਿਰਤੀ ਲੋਕਾਂ 'ਤੇ, ਸਾਮਰਾਜੀ ਹਮਲਿਆਂ, ਦਾਬੇ ਅਤੇ ਲੁੱਟ 'ਚੋਂ ਫੁੱਟ ਰਿਹਾ ਹੈ।” 

14 ਜੂਨ, 1963 ਦੀ ਆਪਣੀ ਚਿੱਠੀ 'ਚ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਕਿਹਾ ਗਿਆ ਸੀ :

“ਅੱਜ ਦੇ ਸੰਸਾਰ ਦੀਆਂ ਵੱਖ-ਵੱਖ ਵੰਨਗੀ ਦੀਆਂ ਵਿਰੋਧਤਾਈਆਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਵਿਸ਼ਾਲ ਖੇਤਰਾਂ 'ਚ ਕੇਂਦਰਤ ਹਨ।”

“ਇਹਨਾਂ ਖੇਤਰਾਂ ਦੀ ਕੌਮੀ-ਜਮਹੂਰੀ ਇਨਕਲਾਬੀ ਲਹਿਰ ਅਤੇ ਕੌਮਾਂਤਰੀ ਸਮਾਜਵਾਦੀ ਲਹਿਰ ਸਾਡੇ ਸਮਿਆਂ ਦੀਆਂ ਦੋ ਮਹਾਨ ਇਤਿਹਾਸਕ ਧਾਰਾਵਾਂ ਹਨ।”

ਇਹਨਾਂ ਮੁਲਕਾਂ ਦੇ ਸਾਮਰਾਜ ਵਿਰੋਧੀ ਸੰਘਰਸ਼ “ਸਾਮਰਾਜਵਾਦ ਅਤੇ ਪੁਰਾਣੇ ਤੇ ਨਵੇਂ ਬਸਤੀਵਾਦ ਦੀਆਂ ਜੜ੍ਹਾਂ ਹਿਲਾ ਰਹੇ ਹਨ ਅਤੇ ਸੰਸਾਰ ਅਮਨ ਦੀ ਰਾਖੀ ਲਈ ਸ਼ਕਤੀਸ਼ਾਲੀ ਤਾਕਤ ਹਨ।”

ਇਹਨਾਂ ਮੁਲਕਾਂ 'ਚ ਕੌਮੀ ਜਮਹੂਰੀ ਇਨਕਲਾਬ, ਅਜੋਕੇ ਸੰਸਾਰ ਪ੍ਰੋਲਤਾਰੀ ਇਨਕਲਾਬ ਦਾ ਅਹਿਮ ਅੰਗ ਹੈ। “ਇੱਕ ਤਰ੍ਹਾਂ ਨਾਲ, ਸੰਸਾਰ ਪ੍ਰੋਲਤਾਰੀ ਇਨਕਲਾਬ ਦਾ ਸਮੁੱਚਾ ਮਿਸ਼ਨ ਇਨ੍ਹਾਂ ਮੁਲਕਾਂ ਦੇ ਇਨਕਲਾਬੀ ਸੰਘਰਸ਼ਾਂ ਦੇ ਨਤੀਜਿਆਂ 'ਤੇ ਨਿਰਭਰ ਹੈ ਜਿਹੜੇ ਸੰਸਾਰ ਆਬਾਦੀ ਦੀ ਭਾਰੀ ਬਹੁ-ਗਿਣਤੀ ਹਨ।”

“ਇਸ ਕਰਕੇ, ਇੱਕ ਤਰ੍ਹਾਂ ਨਾਲ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਸਾਮਰਾਜ ਵਿਰੋਧੀ ਇਨਕਲਾਬੀ ਸੰਘਰਸ਼ਾਂ ਦੀ ਅਹਿਮੀਅਤ ਇਹਨਾਂ ਖੇਤਰਾਂ ਤੱਕ ਹੀ ਮਹਿਦੂਦ ਨਹੀਂ ਹੈ, ਸਗੋਂ ਸੰਸਾਰ ਪ੍ਰੋਲਤਾਰੀ ਇਨਕਲਾਬ ਦੇ ਕੁੱਲ ਕਾਜ ਲਈ ਸਮੁੱਚੇ ਤੌਰ 'ਤੇ ਮਹੱਤਵਪੂਰਨ ਹੈ।”

ਇਓਂ ਮਾਓ ਵਿਚਾਰਧਾਰਾ ਦੀ ਅਗਵਾਈ 'ਚ ਹੋਏ ਇਸ ਵਿਚਾਰਧਾਰਕ ਸੰਘਰਸ਼ ਨੇ ਸਥਾਪਤ ਕੀਤਾ ਕਿ ਨਵ-ਬਸਤੀਵਾਦ ਦੀ ਹਕੀਕਤ ਨੂੰ ਪ੍ਰਵਾਨ ਕਰਨ ਜਾਂ ਨਕਾਰਨ ਦਾ ਸਵਾਲ ਲੈਨਿਨਵਾਦ ਨਾਲ ਵਫ਼ਾਦਾਰੀ ਦੀ ਬੇਹੱਦ ਅਹਿਮ ਕਸਵੱਟੀ ਹੈ। ਇਹ ਕਿੰਨੇ ਹੀ ਸਵਾਲਾਂ 'ਤੇ ਸੰਸਾਰ ਕਮਿਊਨਿਸਟ ਲਹਿਰ ਦੀ ਲੈਨਿਨਵਾਦੀ ਆਮ ਲੀਹ ਦੇ ਸੋਧਵਾਦੀ ਲੀਹ ਨਾਲੋਂ ਨਿਖੇੜੇ ਦੀ ਚੂਲ ਹੈ।

ਮਹਾਨ ਬਹਿਸ ਦੇ ਦੌਰ ਮਗਰੋਂ ਸੰਸਾਰ ਕਮਿਊਨਿਸਟ ਲਹਿਰ ਨੂੰ ਤੈਂਗ ਮਾਰਕਾ ਚੀਨੀ ਸੋਧਵਾਦ ਅਤੇ ਹੌਜ਼ਾ ਮਾਰਕਾ ਅਲਬਾਨੀਅਨ ਸੋਧਵਾਦ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਹ ਹਮਲੇ ਅਜੋਕੇ ਯੁੱਗ ਬਾਰੇ ਲੈਨਿਨਵਾਦੀ ਨਿਰਣਿਆਂ ਅਤੇ ਮਹਾਨ ਬਹਿਸ ਦੌਰਾਨ ਮਾਓ ਵਿਚਾਰਧਾਰਾ ਦੀ ਅਗਵਾਈ 'ਚ ਸਥਾਪਤ ਹੋਈ ਸੰਸਾਰ ਕਮਿਊਨਿਸਟ ਲਹਿਰ ਦੀ ਆਮ ਲੀਹ ਨੂੰ ਨਕਾਰਦੇ ਸਨ। ਬੌਬ ਅਵੇਕੀਅਨ ਦੀ ਅਗਵਾਈ ਹੇਠਲੇ ਲੁਕਵੇਂ ਸੋਧਵਾਦੀਆਂ ਵੱਲੋਂ ਵੀ ਸੰਸਾਰ ਕਮਿਊਨਿਸਟ ਲਹਿਰ ਦੀਆਂ ਪਛਾੜਾਂ ਤੋਂ ਸਬਕ ਲੈਣ ਦੇ ਨਾਂ ਹੇਠ ਲੈਨਿਨਵਾਦ ਦੇ ਅਸੂਲਾਂ ਅਤੇ ਮਾਓ ਵਿਚਾਰਧਾਰਾ ਨੂੰ ਨਕਾਰਨ ਦਾ ਝੰਡਾ ਚੁੱਕਿਆ ਗਿਆ। ਮੌਕਾਪ੍ਰਸਤੀ ਦੀਆਂ ਇਹਨਾਂ ਨਵੀਆਂ ਧਾਰਾਵਾਂ ਨੇ ਇੱਕ ਜਾਂ ਦੂਜੇ ਢੰਗ ਨਾਲ ਨਵ-ਬਸਤੀਵਾਦ ਦੇ ਦੌਰ ਅੰਦਰ ਸੰਸਾਰ ਇਨਕਲਾਬ ਨੂੰ ਅੱਗੇ ਵਧਾਉਣ ਦੀ ਦਰੁਸਤ ਸੇਧ ਨੂੰ ਸੰਨ੍ਹ ਲਾਉਣ ਲਾਇਆ । (ਇਨ੍ਹਾਂ ਧਾਰਾਵਾਂ ਬਾਰੇ ਚਰਚਾ ਕਿਸੇ ਵੱਖਰੀ ਲਿਖਤ 'ਚ ਕੀਤੀ ਜਾਵੇਗੀ)।

ਇਹ ਵੀ ਦਿਲਚਸਪ ਹੈ, ਕਿ ਚੀਨ ਅੰਦਰ ਭਗੌੜੇ ਲਿਨ-ਪਿਆਓ ਨੇ ਵੀ ਸਮਰਾਜਵਾਦ ਦੇ ਯੁੱਗ ਨੂੰ ਬੀਤੇ ਦੀ ਗੱਲ ਬਣਾਉਣ ਦਾ ਝੰਡਾ ਚੁੱਕਿਆ ਸੀ। ਚੀਨੀ ਕਮਿਊਨਿਸਟ ਪਾਰਟੀ ਦੀ ਨੌਵੀਂ ਕਾਂਗਰਸ ਦੀ ਰਿਪੋਰਟ 'ਚ ਉਸਨੇ ਅਜੋਕੇ ਯੁੱਗ ਨੂੰ “ਸਾਮਰਾਜਵਾਦ ਦੇ ਮੁਕੰਮਲ ਖਾਤਮੇ ਦਾ ਯੁੱਗ” ਕਰਾਰ ਦਿੰਦੀ ਗੁਰਬੰਦੀ ਘਸੋੜ ਦਿੱਤੀ ਸੀ। ਚੀਨੀ ਕਮਿਊਨਿਸਟ ਪਾਰਟੀ ਦੀ ਦਸਵੀਂ ਕਾਂਗਰਸ ਨੇ ਇਸ ਗੁਰਬੰਦੀ ਨੂੰ ਰੱਦ ਕਰਕੇ ਅੱਜ ਦੇ ਯੁੱਗ ਬਾਰੇ  ਸਟਾਲਿਨ ਦੇ ਦਰੁਸਤ ਨਿਰਣੇ ਨੂੰ ਮੁੜ ਬੁਲੰਦ ਕੀਤਾ ਸੀ ।

ਆਓ, ਲੈਨਿਨਵਾਦ ਦੇ ਝੰਡੇ ਨੂੰ ਉੱਚਾ ਰੱਖਣ ਲਈ ਇਸ ਦੀ ਵਿਕਸਤ ਧਾਰ ਮਾਓ ਵਿਚਾਰਧਾਰਾ ਦੇ ਕੌਮਾਂਤਰੀ ਮਹੱਤਵ ਨੂੰ ਬੁਲੰਦ ਕਰੀਏ। ਵਿਸ਼ੇਸ਼ ਕਰਕੇ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਆਮ ਲੀਹ ਬਾਰੇ ਮਹਾਨ ਬਹਿਸ ਵੇਲੇ ਦੇ ਲੈਨਿਨਵਾਦੀ ਨਿਰਣਿਆਂ ਨੂੰ ਬੁਲੰਦ ਕਰੀਏ। ਇਨ੍ਹਾਂ ਨਿਰਣਿਆਂ ਨੂੰ ਮਹਿਜ਼ ਇੱਕ ਪਾਰਟੀ ਦੇ ਵਿਚਾਰਾਂ ਵਜੋਂ ਨਜ਼ਰਅੰਦਾਜ਼ ਕਰਨ ਦੀ ਪ੍ਰਵਿਰਤੀ ਮਾਓ ਵਿਚਾਰਧਾਰਾ ਅਤੇ ਲੈਨਿਨਵਾਦ ਤੋਂ ਬੇਮੁਖ ਹੋਣ ਦੇ ਰਾਹ  ਜਾਂਦੀ ਹੈ।ਸੰਸਾਰ ਕਮਿਊਨਿਸਟ ਇਨਕਲਾਬੀ ਲਹਿਰ ਦੀ ਵਿਰਾਸਤ ਤੋਂ ਬੇਮੁਖ ਹੋਣ ਵੱਲ ਜਾਂਦੀ ਹੈ |

      --0--

No comments:

Post a Comment