ਅਮਰੀਕਨ ਸਾਮਰਾਜ ਵੱਲੋਂ ਕਿਊਬਾ ਦੀ ਸਖ਼ਤ ਘੇਰਾਬੰਦੀ
ਮੁਲਕ 'ਚ ਗੰਭੀਰ ਸੰਕਟਾਂ ਦੀ ਹਾਲਤ
-ਜਸਵਿੰਦਰ
ਸਾਮਰਾਜਵਾਦ ਅਤੇ ਜੰਗ ਕਿਵੇਂ ਅਨਿੱਖੜਵੇਂ ਰੂਪ 'ਚ ਜੁੜੇ ਹੋਏ ਹਨ, ਕਿਵੇਂ ਸਾਮਰਾਜਵਾਦ ਜੰਗਾਂ ਤੋਂ ਬਿਨਾਂ ਸਾਰ ਨਹੀਂ ਸਕਦਾ, ਅਮਰੀਕਨ ਸਾਮਰਾਜਵਾਦ ਦਾ ਤਾਜ਼ਾ ਅਮਲ ਇਸਦੀ ਉੱਘੜਵੀਂ ਉਦਾਹਰਨ ਹੈ। ਲੱਗਭੱਗ ਦੋ ਸਾਲ ਤੱਕ ਇਜ਼ਰਾਇਲੀ ਯਹੂਦੀ ਜੰਗਬਾਜ਼ਾਂ ਨਾਲ ਰਲਕੇ ਗਾਜ਼ਾ ਉੱਪਰ ਨਿਰੰਤਰ ਲੱਖਾਂ ਟਨ ਬਾਰੂਦ ਦੀ ਵਾਛੜ ਕਰਕੇ, ਲੱਖ ਤੋਂ ਵੱਧ ਲੋਕਾਂ ਨੂੰ ਮਾਰ ਕੇ, ਗਾਜ਼ਾ 'ਚ ਜਾਨ ਤੇ ਜਾਇਦਾਦ ਪੂਰੀ ਤਰ੍ਹਾਂ ਤਹਿਸ-ਨਹਿਸ ਕਰਕੇ ਪੂਰੇ ਗਾਜ਼ਾ ਨੂੰ ਵਿਰਾਟ ਖੰਡਰਾਂ 'ਚ ਬਦਲਣ ਦੇ ਮੁਜ਼ਰਮ ਇਸ ਜੰਗਬਾਜ਼ ਟੋਲੇ ਨੇ ਹੁਣ ਇਰਾਨ ਉੱਪਰ ਭਿਆਨਕ ਜੰਗ ਲੱਦ ਦਿੱਤੀ ਹੈ। ਵਿਚਦੀ ਬਿਨਾਂ ਦਮ ਮਾਰੇ ਅਮਰੀਕਨ ਸਾਮਰਾਜੀਆਂ ਨੇ ਵੈਨਜ਼ੂਏਲਾ 'ਤੇ ਹਥਿਆਰਬੰਦ ਲਸ਼ਕਰ ਚਾੜ੍ਹ ਕੇ ਉੱਥੇ ਹਕੂਮਤੀ ਰਾਜ ਪਲਟਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਮੁਸ਼ਕਾਂ ਦੇ ਕੇ ਚੱਕ ਲਿਆਂਦਾ ਤੇ ਜੇਲ੍ਹ 'ਚ ਤੁੰਨ ਦਿੱਤਾ ਹੈ। ਅਮਰੀਕਨ ਸਾਮਰਾਜ ਵੱਲੋਂ ਗਰੀਨਲੈਂਡ 'ਤੇ ਕਬਜ਼ੇ ਦੀਆਂ ਧਮਕੀਆਂ ਨਾਲ ਉਸਦੇ ਅਤੇ ਯੂਰਪੀਅਨ ਦੇਸ਼ਾਂ ਦੇ ਸਾਹ ਸੂਤੀ ਰੱਖਣ ਦੇ ਦੌਰਾਨ, ਮੱਧ-ਪੂਰਬ 'ਚ ਇਰਾਨ ਨਾਲ ਭਖਾਏ ਜੰਗੀ ਮਾਹੌਲ ਕਰਕੇ, ਇੱਕ ਵਾਰ ਗਰੀਨਲੈਂਡ ਦੀ ਸੰਘੀ ਨੂੰ ਪਾਇਆ ਹੱਥ ਢਿੱਲਾ ਹੋ ਗਿਆ ਹੈ। ਅਮਰੀਕਨ ਸਾਮਰਾਜੀ ਹਮਲਾਵਰਾਂ ਅਤੇ ਉਸਦੇ ਲਫਟੈਣ ਇਜ਼ਰਾਈਲ ਵੱਲੋਂ ਇਰਾਨ ਉੱਪਰ ਮੜ੍ਹੀ ਇਸ ਨਿਹੱਕੀ ਜੰਗ ਦਾ ਐਲਾਨੀਆ ਮਕਸਦ ਇਰਾਨ ਦੀ ਮੌਜੂਦਾ ਇਸਲਾਮਕ ਸਰਕਾਰ ਨੂੰ ਉਲਟਾਕੇ ਉੱਥੇ ਅਮਰੀਕਨ ਸਾਮਰਾਜ ਦੀ ਕੱਠਪੁਤਲੀ ਸਰਕਾਰ ਕਾਇਮ ਕਰਨਾ ਅਤੇ ਇਰਾਨ ਦੇ ਤੇਲ-ਭੰਡਾਰਾਂ ਨੂੰ ਹਥਿਆਉਣਾ ਹੈ।
ਭਿਆਨਕ ਬੰਬਾਂ, ਮਿਜ਼ਾਇਲਾਂ ਤੇ ਹੋਰ ਅਨੇਕ ਕਿਸਮ ਦੇ ਅਤਿ-ਆਧੁਨਿਕ ਹਥਿਆਰਾਂ ਨਾਲ ਲੜੀ ਜਾ ਰਹੀ ਇਸ ਤਬਾਹਕੁੰਨ ਜੰਗ ਦੇ ਸ਼ੋਰ-ਸ਼ਰਾਬੇ 'ਚ ਇਸ ਜੰਗ ਦੇ ਨਾਲੋ-ਨਾਲ ਅਮਰੀਕਨ ਸਾਮਰਾਜੀਆਂ ਵੱਲੋਂ ਅਛੋਪਲੇ ਹੀ “ਨਿਜ਼ਾਮ ਬਦਲੀ” ਦੀ ਇੱਕ ਹੋਰ ਜੰਗ ਵੀ ਕਾਫ਼ੀ ਤੀਬਰਤਾ ਨਾਲ ਅੱਗੇ ਵਧਾਈ ਜਾ ਰਹੀ ਹੈ। ਇਸ ਸਾਮਰਾਜੀ ਜੰਗ ਦਾ ਨਿਸ਼ਾਨਾ ਕਿਊਬਾ ਦੀ ਸਰਕਾਰ ਬਣੀ ਹੋਈ ਹੈ। ਜੁਝਾਰੂ ਇਰਾਦੇ ਵਾਲੀ ਇਹ ਸਰਕਾਰ ਪਿਛਲੇ 66 ਸਾਲਾਂ ਤੋਂ ਹੀ ਅਮਰੀਕੀ ਸਾਮਰਾਜ ਦੀਆਂ ਅੱਖਾਂ 'ਚ ਰੋੜ ਵਾਂਗ ਰੜਕਦੀ ਆ ਰਹੀ ਹੈ। ਉਦੋਂ ਤੋਂ ਹੀ ਅਨੇਕ ਅਮਰੀਕਨ ਪਾਬੰਦੀਆਂ ਅਤੇ ਸਾਜਿਸ਼ਾਂ ਦਾ ਸ਼ਿਕਾਰ ਬਣੀ ਆਪਣੀ ਪ੍ਰਭੂਸੱਤਾ, ਵਜੂਦ ਅਤੇ ਸਵੈਮਾਨ ਬਚਾ ਕੇ ਰੱਖਣ ਲਈ ਜੂਝਦੀ ਆ ਰਹੀ ਹੈ। ਮੌਜੂਦਾ ਸਮੇਂ ਕਿਊਬਾ 'ਚ ਇਹ ਨਿਜ਼ਾਮ ਬਦਲੀ ਜ਼ਾਹਰਾ ਹਥਿਆਰਬੰਦ ਹਮਲੇ ਰਾਹੀਂ ਨਹੀਂ ਕੀਤੀ ਜਾ ਰਹੀ ਬਲਕਿ ਜਾਨ-ਲੇਵਾ ਨਾਕਾਬੰਦੀ ਰਾਹੀਂ ਹਥਿਆਰ ਸੁੱਟਣ ਤੇ ਸਾਮਰਾਜੀ ਈਨ ਮੰਨਾਉਣ ਲਈ ਮਜ਼ਬੂਰ ਕਰਨ ਰਾਹੀਂ ਕੀਤੀ ਜਾ ਰਹੀ ਹੈ। ਤਾਕਤ ਦੇ ਜ਼ੋਰ ਨਿਜ਼ਾਮ-ਬਦਲੀ ਵੀ ਰੱਦ ਨਹੀਂ ਕੀਤੀ ਜਾ ਸਕਦੀ।
ਨਿੱਕਚੂ ਤੇ ਨਿਤਾਣੇ ਕਿਊਬਾ ਦੀ ਜਰਵਾਣੇ ਅਮਰੀਕਨ ਸਾਮਰਾਜੀਆਂ ਵੱਲੋਂ ਕੀਤੀ ਨਾਕੇਬੰਦੀ ਪੂਰੀ ਤਰ੍ਹਾਂ ਕੌਮਾਂਤਰੀ ਅਸੂਲਾਂ ਦੀ ਘੋਰ ਉਲੰਘਣਾ ਅਤੇ ਧੌਂਸਬਾਜ਼ ਕਾਰਵਾਈ ਹੈ। ਸਾਲ 1959 'ਚ ਫੀਡਲ ਕਾਸਤਰੋ ਦੀ ਅਗਵਾਈ 'ਚ ਜਦ ਉੱਥੋਂ ਦੀ ਅਮਰੀਕਨ ਪਿੱਠੂ ਸਰਕਾਰ ਨੂੰ ਉਲਟਾ ਕੇ ਉੱਥੇ ਇਨਕਲਾਬੀ ਕੌਮੀ ਜਮਹੂਰੀ ਸਰਕਾਰ ਕਾਇਮ ਹੋਈ ਸੀ ਅਤੇ ਉਸਨੇ ਫਿਰ ਕਿਊਬਾ ਅੰਦਰ ਸਮਾਜਵਾਦ ਦੀ ਉਸਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਇਹ ਘਟਨਾ-ਵਿਕਾਸ ਕਦੇ ਵੀ ਅਮਰੀਕਨ ਸਾਮਰਾਜ ਦੇ ਸੰਘੋਂ ਹੇਠਾਂ ਨਹੀਂ ਉੱਤਰਿਆ। ਉਹਨਾਂ ਨੇ ਸਿਆਸੀ ਆਰਥਿਕ, ਵਪਾਰਕ, ਫ਼ੌਜੀ, ਹਰ ਕਿਸਮ ਦੀਆਂ ਪਾਬੰਦੀਆਂ ਲਾਈਆਂ ਅਤੇ ਲਗਾਤਾਰ ਕਰੜੀਆਂ ਕੀਤੀਆਂ। ਫੀਦਲ ਕਾਸਤਰੋ ਨੂੰ ਖਤਮ ਕਰਨ ਲਈ ਕੀਤੇ ਕਈ ਯਤਨਾਂ ਸਮੇਤ ਹਿੰਸਕ ਸਾਜ਼ਿਸ਼ਾਂ ਜਾਰੀ ਰੱਖੀਆਂ। ਸਾਲ 1992 ਤੋਂ ਅੱਜ ਤੱਕ ਲਗਾਤਾਰ 33-34 ਸਾਲਾਂ ਤੋਂ ਯੂ.ਐਨ. ਜਨਰਲ ਅਸੈਂਬਲੀ ਕਿਊਬਾ ਦੀ ਅਮਰੀਕਾ ਵੱਲੋਂ ਕੀਤੀ ਨਾਕਾਬੰਦੀ ਨੂੰ ਬਹੁਤ ਭਾਰੀ ਬਹੁਸੰਮਤੀ ਨਾਲ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਦੱਸ ਕੇ ਖਤਮ ਕਰਨ ਦੀ ਮੰਗ ਕਰਦੀ ਆ ਰਹੀ ਹੈ। ਪਰ ਸਾਮਰਾਜੀ ਅਮਰੀਕਾ ਸੰਸਾਰ-ਭਾਈਚਾਰੇ ਦੀ ਇਸ ਜ਼ੋਰਦਾਰ ਆਵਾਜ਼ ਨੂੰ ਸੁਣਨ-ਮੰਨਣ ਤੋਂ ਇਨਕਾਰੀ ਤੁਰਿਆ ਆ ਰਿਹਾ ਹੈ। ਇਸ ਵਿਰੁੱਧ ਲਗਾਤਾਰ ਦੁਸ਼ਮਣੀ-ਭਰਪੂਰ ਵਤੀਰਾ ਜਾਰੀ ਰੱਖਦਾ ਆ ਰਿਹਾ ਹੈ।
ਕਿਊਬਾ ਵਿਰੁੱਧ ਅਮਰੀਕਨ ਜੰਗ 'ਚ ਆਈ ਮੌਜੂਦਾ ਤਿੱਖ ਦੀ ਵਜ੍ਹਾ ਅਮਰੀਕਾ ਵੱਲੋਂ ਕਿਊਬਾ 'ਚ ਪੈਟਰੋਲੀਅਮ ਪਦਾਰਥਾਂ (ਤੇਲ) ਦੀ ਦਰਾਮਦ 'ਤੇ ਲਾਈ ਮੁਕੰਮਲ ਪਾਬੰਦੀ ਹੈ। ਕਿਊਬਾ ਆਪਣੀਆਂ ਊਰਜਾ ਲੋੜਾਂ ਲਈ 80 ਫੀਸਦੀ ਦਰਾਮਦਾਂ ਉੱਪਰ ਨਿਰਭਰ ਹੈ। ਪਹਿਲਾਂ ਇਹ ਦਰਾਮਦੀ ਲੋੜਾਂ ਦੀ ਪੂਰਤੀ ਵੈਨਜ਼ੁਏਲਾ ਤੇ ਮੈਕਸੀਕੋ ਕਰਦੇ ਸਨ। ਦਸੰਬਰ 2025 'ਚ ਅਮਰੀਕਾ ਵੱਲੋਂ ਵੈਲਜ਼ੁਏਲਾ ਦੀ ਕੀਤੀ ਸਮੁੰਦਰੀ ਨਾਕਾਬੰਦੀ ਦੌਰਾਨ ਵੈਨਜ਼ੁਏਲਾ ਤੋਂ ਕਿਊਬਾ ਨੂੰ ਤੇਲ ਸਪਲਾਈ ਰੋਕ ਦਿੱਤੀ ਸੀ। ਵੈਲਜ਼ੁਏਲਾ 'ਚ ਜਿਸ ਮੌਜ ਨਾਲ ਅਮਰੀਕਾ ਰਾਜ ਪਲਟਾ ਕਰਨ 'ਚ ਸਫ਼ਲ ਰਿਹਾ ਉਸ ਨਾਲ ਉਸਦੀਆਂ ਚੜ੍ਹ ਮੱਚੀਆਂ। ਉਹਨਾਂ ਨੇ ਲੱਗਦੇ ਹੱਥ ਹੀ ਕਿਊਬਾ ਸਰਕਾਰ ਦੀ ਚੂੜੀ ਹੋਰ ਕਸਣੀ ਸ਼ੁਰੂ ਕਰ ਦਿੱਤੀ ਤਾਂ ਜੋ ਉਸ ਲਈ ਬੇਹੱਦ ਸੰਕਟ ਭਰੀ ਹਾਲਤ ਪੈਦਾ ਕਰਕੇ ਉਸਨੂੰ ਲਿਫਾਇਆ-ਭੰਨਿਆ ਜਾ ਸਕੇ। 29 ਜਨਵਰੀ 2026 ਨੂੰ ਰਾਸ਼ਟਰਪਤੀ ਟਰੰਪ ਨੇ ਇੱਕ ਸਰਕਾਰੀ ਆਦੇਸ਼ ਜਾਰੀ ਕਰ ਦਿੱਤਾ ਜਿਸ ਵਿੱਚ ਕਿਊਬਨ ਸਰਕਾਰ ਨੂੰ ਅਮਰੀਕਾ ਲਈ “ਇੱਕ ਅਲੋਕਾਰੀ ਅਤੇ ਅਸਧਾਰਨ ਖਤਰਾ” ਕਰਾਰ ਦੇ ਦਿੱਤਾ ਅਤੇ ਕਿਊਬਾ ਦੇ ਮਾਮਲੇ 'ਚ “ਕੌਮੀ ਐਮਰਜੈਂਸੀ” ਵਾਲੀ ਹਾਲਤ ਐਲਾਨ ਦਿੱਤੀ। ਇਸ ਨਾਲ ਯੂ.ਐਸ. ਸਰਕਾਰ ਨੂੰ “ਇੰਟਰਨੈਸ਼ਨਲ ਐਂਮਰਜੈਂਸੀ ਇਕਨਾਮਿਕ ਪਾਵਰਜ਼ ਐਕਟ” ਤਹਿਤ ਵਸੀਹ ਤਾਕਤਾਂ ਮਿਲ ਗਈਆਂ। ਇਹਨਾਂ ਤਾਕਤਾਂ ਤਹਿਤ ਜੋ ਵੀ ਦੇਸ਼ ਕਿਊਬਾ ਨੂੰ ਤੇਲ ਸਪਲਾਈ ਕਰੇਗਾ, ਉਸ ਉੱਪਰ ਅਮਰੀਕਾ ਤੇਲ-ਜ਼ਬਤੀ ਤੋਂ ਇਲਾਵਾ ਟੈਰਿਫ਼ ਲਾਉਣ ਦਾ ਕਦਮ ਚੱਕਣ ਦਾ ਹੱਕਦਾਰ ਬਣ ਗਿਆ। ਵੈਨਜ਼ੁਏਲਾ ਤੋਂ ਤੇਲ ਸਪਲਾਈ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ, ਹੁਣ ਅਮਰੀਕੀ ਦਬਾਅ/ਧਮਕੀ ਤਹਿਤ ਮੈਕਸੀਕੋ ਤੋਂ ਵੀ ਤੇਲ ਸਪਲਾਈ ਰੁਕ ਗਈ। ਕਿਊਬਾ ਤੇਲ ਪੱਖੋਂ ਪੂਰੀ ਤਰ੍ਹਾਂ ਵਾਂਝਾਂ ਹੋ ਗਿਆ।
ਇਹ ਕਿੱਡੀ ਬੇਥਵ੍ਹੀ ਤੇ ਹਾਸੋਹੀਣੀ ਗੱਲ ਹੈ ਕਿ ਹਥਿਆਰਾਂ ਤੋਂ ਲਗਭਗ ਸੱਖਣਾ, ਦਹਾਕਿਆਂ ਤੋਂ ਬੰਦਿਸ਼ਾਂ ਤੇ ਸਖਤ ਨਾਕੇਬੰਦੀ ਦਾ ਸ਼ਿਕਾਰ, ਵੱਡੀ ਹੱਦ ਤੱਕ ਬੁਨਿਆਦੀ ਲੋੜਾਂ ਲਈ ਦਰਾਮਦਾਂ 'ਤੇ ਨਿਰਭਰ, ਚਿੜੀ ਦੇ ਪੌਂਚੇ ਜਿੱਡਾ ਕਿਊਬਾ ਅਮਰੀਕਨ ਸਾਮਰਾਜੀ ਮਹਾਂਸ਼ਕਤੀ ਲਈ ਕੋਈ “ਅਲੋਕਾਰੀ ਤੇ ਅਸਧਾਰਨ ਖਤਰਾ” ਖੜ੍ਹਾ ਕਰ ਸਕਦਾ ਹੈ, ਇਹ ਲੇਲੇ ਵੱਲੋਂ ਬਘਿਆੜ ਲਈ ਖਤਰਾ ਬਨਣ ਵਰਗੀ ਬੇਤੁਕੀ ਤੇ ਮਨਘੜ੍ਹਤ ਇਲਜ਼ਾਮਤਰਾਸ਼ੀ ਹੈ। ਪਰ ਜ਼ੋਰਾਵਰਾਂ ਨੂੰ ਕਿਹੜਾ ਟੋਕੇ ਰੋਕੇ? ਉਹਨਾਂ ਦਾ ਤਾਂ ਹਮੇਸ਼ਾਂ ਸੱਤੀਂ ਵੀਂਹੀ ਸੌ ਹੁੰਦਾ ਹੈ।
ਪਹਿਲਾਂ ਹੀ ਅਨੇਕਾਂ ਬੰਦਿਸ਼ਾਂ ਨਾਲ ਨਿਤਾਣੇ ਹੋਏ ਕਿਊਬਾ ਲਈ ਤੇਲ ਸਪਲਾਈ ਬੰਦ ਹੋਣ ਨਾਲ ਮੁਸਬੀਤਾਂ ਦਾ ਹੜ੍ਹ ਆ ਗਿਆ ਹੈ। ਤੇਲ ਨਾ ਮਿਲਣ ਕਾਰਨ ਤੇਲ ਦੀ ਰਾਸ਼ਨਿੰਗ ਆਰੰਭ ਹੋ ਗਈ ਹੈ। ਚੁੱਲ੍ਹੇ ਮੱਘਦੇ ਰੱਖਣੇ ਅਸੰਭਵ ਬਣਨ ਲੱਗੇ ਹਨ। ਬਿਜਲੀ ਪੈਦਾਵਾਰ ਤੇ ਸਪਲਾਈ ਲੜਖੜਾਉਂਣੀ ਆਰੰਭ ਹੋ ਗਈ, ਕਈ ਥਾਂਈ ਪੂਰਨ ਬਲੈਕ-ਆਊਟ ਤੋਂ ਲੈ ਕੇ 20 ਘੰਟਿਆਂ ਤੱਕ ਕੱਟ ਲੱਗਣ ਲੱਗੇ ਹਨ। ਰੈਫਰਿਜ਼ਰੇਟਰ ਨਾ ਚੱਲਣ ਕਾਰਨ ਖੁਰਾਕ ਤੇ ਦਵਾਈਆਂ ਨਸ਼ਟ ਹੋਣ ਲੱਗੀਆਂ ਹਨ। ਖੇਤੀ ਤੇ ਇੰਡਸਟਰੀ ਲੜਖੜਾਉਣ ਲੱਗ ਪਈ ਹੈ। ਟਰਾਂਸਪੋਰਟ ਠੱਪ ਹੋ ਗਈ ਹੈ ਤੇ ਪੈਟਰੋਲ ਪੰਪਾਂ ਤੇ ਰਾਸ਼ਨਿੰਗ ਤੇ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਜਹਾਜ਼ੀ ਤੇਲ ਮੁੱਕ ਜਾਣ ਕਾਰਨ ਸਾਰੀਆਂ ਹਵਾਈ ਸੇਵਾਵਾਂ ਠੱਪ ਹੋ ਗਈਆਂ ਅਤੇ ਦੁਨੀਆਂ ਨਾਲੋਂ ਹਵਾਈ ਸੰਪਰਕ ਕੱਟਿਆ ਗਿਆ ਹੈ। ਕਿਊਬਾ ਵਿੱਚ ਖਾਧ ਪਦਾਰਥਾਂ, ਜ਼ਰੂਰੀ ਦਵਾਈਆਂ, ਮੈਡੀਕਲ ਉਪਕਰਨਾਂ ਤੇ ਹੋਰ ਅਣਸਰਦੀਆਂ ਜ਼ਰੂਰਤਾਂ ਦਾ ਕਾਲ ਪੈ ਗਿਆ ਹੈ। ਗੰਭੀਰ ਰੋਗਾਂ ਦੀ ਰੋਕਥਾਮ ਤੇ ਇਲਾਜ ਲਈ ਉਹ ਦੇਸ਼ ਬਿਲਕੁਲ ਨਿਹੱਥਾ ਹੋ ਗਿਆ ਜੋ ਦੁਨੀਆਂ ਭਰ 'ਚ ਕੋਵਿਡ ਮਹਾਂਮਾਰੀ, ਹੜ੍ਹਾਂ, ਭੂਚਾਲਾਂ, ਜੰਗਾਂ ਵਰਗੀਆਂ ਆਫ਼ਤਾਂ ਮੌਕੇ ਬੇਗਰਜ਼ ਤੇ ਵਲੰਟੀਅਰ ਸੇਵਾਵਾਂ ਮੁਹੱਈਆ ਕਰਨ ਲਈ ਦੁਨੀਆਂ ਭਰ 'ਚ ਪ੍ਰਸੰਸਾ ਦਾ ਪਾਤਰ ਰਿਹਾ ਹੈ।
ਤੇਲ ਸਪਲਾਈ ਠੱਪ ਹੋਣ ਨਾਲ ਟੂਰਜ਼ਿਮ ਇੰਡਸਟਰੀ, ਜੋ ਕਿਊਬਾ 'ਚ ਕਮਾਈ ਦਾ ਅਹਿਮ ਸਾਧਨ ਸੀ, ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਹਵਾਈ ਉਡਾਣਾਂ ਠੱਪ ਹੋ ਜਾਣ ਨਾਲ ਟੂਰਜ਼ਿਮ ਕਾਰੋਬਾਰ ਠੱਪ ਹੋ ਗਿਆ ਹੈ। ਬਿਜਲੀ ਸਪਲਾਈ 'ਤੇ ਵੱਡੇ ਕੱਟ ਲੱਗਣ ਕਾਰਨ ਕਾਰੋਬਾਰ ਲੰਗੇ ਡੰਗ ਚੱਲ ਰਹੇ ਹਨ ਜਾਂ ਬੰਦ ਹੋ ਗਏ ਹਨ। ਸਕੂਲ ਬੰਦ ਹੋ ਗਏ ਹਨ। ਖੇਤੀ ਪੈਦਾਵਾਰ, ਮੁੱਖ ਤੌਰ 'ਤੇ ਗੰਨੇ ਦੀ ਫ਼ਸਲ 40 ਫੀਸਦੀ ਘੱਟ ਗਈ ਹੈ। ਦਰਾਮਦਾਂ ਠੱਪ ਹੋਣ ਨਾਲ ਖਾਧ-ਪਦਾਰਥਾਂ ਦੀ ਕਿੱਲਤ ਹੋ ਗਈ ਹੈ, ਭੁੱਖਮਰੀ ਨਾਲ ਮੌਤਾਂ ਵਧਣੀਆਂ ਹਨ। ਬੇਰੁਜ਼ਗਾਰੀ ਹੋਰ ਗੰਭੀਰ ਹੋ ਰਹੀ ਹੈ। ਵਿੱਤੀ, ਵਪਾਰਕ, ਆਰਥਿਕ ਤੇ ਸਨਅਤੀ-ਤਕਨੀਕੀ ਦਰਾਮਦਾਂ ਤੇ ਲੰਮੇ ਸਮੇਂ ਤੋਂ ਰੋਕਾਂ ਕਾਰਨ ਪੈਦਾਵਾਰ ਖੜ੍ਹੋਤ 'ਚ ਹੈ। ਇਹਨਾਂ ਕਰਕੇ ਪਿਛਲੇ 4-5 ਸਾਲਾਂ 'ਚ ਲਗਭਗ 10 ਲੱਖ ਤੋਂ ਵੱਧ ਨੌਜਵਾਨ ਕਿਊਬਾ 'ਚੋਂ ਪਲਾਇਨ ਕਰ ਚੁੱਕੇ ਹਨ। ਹੋਰਨਾਂ ਵੱਡੇ ਛੋਟੇ ਹੋਰ ਕਈ ਕਾਰਨਾਂ ਦੇ ਨਾਲੋ ਨਾਲ ਸਾਮਰਾਜੀ ਨਾਕਾਬੰਦੀ ਦੀ ਇਸ ਕਰੜੀ ਤੇ ਲਮਕਵੀਂ ਨਪੀੜ ਨੇ ਕਿਊਬਾ ਨੂੰ ਅਜਿਹੀ ਮੰਦੀ ਹਾਲਤ 'ਚ ਲਿਆ ਸੁੱਟਣ 'ਚ ਅਹਿਮ ਰੋਲ ਪਾਇਆ ਹੈ।
ਕਿਊਬਾ 'ਚ ਹੁਣ ਨਿਜ਼ਾਮ-ਬਦਲੀ ਲਈ ਟਰੰਪ ਪ੍ਰਸ਼ਾਸਨ ਦੀ “ਵੱਧ ਤੋਂ ਵੱਧ ਦਬਾਅ” ਦੀ ਨੀਤੀ ਤਹਿਤ ਕਿਊਬਾ ਦੀ ਧੌਣ ਦੁਆਲੇ ਕਸੀ ਜਾ ਰਹੀ ਫਾਹੀ 'ਚ ਮੌਜੂਦਾ ਸੰਸਾਰ 'ਚ ਬਦਲੀਆਂ ਭੂ-ਰਾਜਨੀਤਿਕ ਹਾਲਤਾਂ ਅਤੇ ਅਮਰੀਕਨ ਸਾਮਰਾਜ ਦੇ ਇਸਨੂੰ ਹੁੰਗਾਰੇ ਦਾ ਵੀ ਅਹਿਮ ਦਖ਼ਲ ਹੈ। ਠੰਡੀ ਜੰਗ ਦੇ ਖਾਤਮੇ ਤੋਂ ਬਾਅਦ ਇੱਕੋ ਇੱਕ ਹਰਕਤਸ਼ੀਲ ਦਿਓ ਤਾਕਤ ਦੇ ਰੂਪ 'ਚ ਵਿਚਰਨ ਤੋਂ ਬਾਅਦ ਹੁਣ ਅਮਰੀਕਾ ਇੱਕ ਸੰਕਟਗ੍ਰਸਤ ਤੇ ਪਤਨਸ਼ੀਲ ਦਿਓ ਤਾਕਤ ਹੈ। ਰੂਸ-ਯੂਕਰੇਨ ਜੰਗ ਜੋ ਕਿ ਰੂਸ ਅਤੇ ਅਮਰੀਕੀ ਅਗਵਾਈ ਹੇਠ ਨਾਟੋ ਵਿਚਕਾਰ ਜੰਗ ਸੀ, ਨੇ ਦਿਖਾਇਆ ਹੈ ਕਿ ਰੂਸ ਮੁੜ ਇੱਕ ਜਬਰਦਸਤ ਫ਼ੌਜੀ ਸ਼ਕਤੀ ਵਜੋਂ ਉੱਭਰ ਰਿਹਾ ਹੈ। ਚੀਨ ਇੱਕ ਵੱਡੀ ਤੇ ਗੰਭੀਰ ਚੌਤਰਫ਼ਾ ਚੁਣੌਤੀ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਅਮਰੀਕਨ ਸਾਮਰਾਜ ਦੀ ਸੰਸਾਰ-ਚੌਧਰ ਨੂੰ ਚੁਣੌਤੀ ਦੇਣ ਲਈ ਨਵੇਂ ਨਵੇਂ ਪਿੜ ਬੱਝ ਰਹੇ ਹਨ। ਡਾਲਰ ਦੀ ਚਮਕ ਮੱਧਮ ਪੈ ਰਹੀ ਹੈ। ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਟਰੰਪ ਪ੍ਰਸ਼ਾਸ਼ਨ ਦੇ ਹੋਕਰੇ ਇਸੇ ਹਕੀਕਤ ਦਾ ਇਕਬਾਲ ਹਨ। ਟਰੰਪ ਪ੍ਰਸ਼ਾਸ਼ਨ ਵੱਲੋਂ ਉਲੀਕੀ ਨਵੀਂ ਸੁਰੱਖਿਆ ਸਟਰੈਟੇਜੀ ਅਮਰੀਕਨ ਸਾਮਰਾਜ ਦੀ ਇਸੇ ਬੁਖਲਾਹਟ ਦੀ ਸੂਚਕ ਹੈ। ਅਮਰੀਕਾ ਦੀ ਚਰਚਿਤ ਮੋਨਰੋ ਡੌਕਟ੍ਰਾਈਨ ਦਾ ਡੋਨਾਲਡ ਟਰੰਪ ਵੱਲੋਂ ਅਪਣਾਇਆ ਸੰਸਕਰਨ ਹੁਣ “ਡੋਨਰੋ ਡੌਕਟਰਾਈਨ” ਦੇ ਨਾਂ ਨਾਲ ਸੱਦਿਆ ਜਾਣ ਲੱਗਾ ਹੈ।
ਇਸ ਨਵੀਂ ਸੁਰੱਖਿਆ ਨੀਤੀ ਅਨੁਸਾਰ ਟਰੰਪ ਪ੍ਰਸ਼ਾਸ਼ਨ ਪੱਛਮੀ ਅਰਧ ਗੋਲੇ ਖਾਸ ਕਰਕੇ ਉੱਤਰੀ ਅਤੇ ਲਾਤੀਨੀ ਮਹਾਂਦੀਪ ਨੂੰ ਆਪਣਾ ਪਛਵਾੜਾ ਮੰਨਦਿਆਂ ਇਸਨੂੰ ਆਪਣੀ ਚੁਣੌਤੀ ਰਹਿਤ ਚੌਧਰ ਵਾਲੇ ਖੇਤਰ ਵਜੋਂ ਬਰਕਰਾਰ ਰੱਖਣਾ ਯਕੀਨੀ ਬਣਾਏਗਾ। ਇਸ ਵਿੱਚ ਕਿਸੇ ਵੀ ਸ਼ਰੀਕ ਧਿਰ ਦੀ ਘੁਸਪੈਂਠ ਜਾਂ ਪ੍ਰਭਾਵ ਖੇਤਰ ਸਹਿਣਯੋਗ ਨਹੀਂ ਹੋਵੇਗਾ। ਅਮਰੀਕੀ ਚੌਧਰ ਮੰਨਣ ਤੋਂ ਨਾਬਰ ਵੈਨਜ਼ੁਏਲਾ, ਕਿਊਬਾ, ਕੋਲੰਬੀਆ ਆਦਿਕ ਰਾਜਾਂ 'ਚ ਨਿਜ਼ਾਮ-ਬਦਲੀ ਦੀਆਂ ਕੋਸ਼ਿਸ਼ਾਂ ਉਪਰੋਕਤ ਡੋਨਰੋ ਡੌਕਟ੍ਰਾਈਨ ਦੀ ਅਮਲਦਾਰੀ ਦੀ ਦਿਸ਼ਾ 'ਚ ਚੁੱਕੇ ਜਾਣ ਵਾਲੇ ਵੱਡੇ ਕਦਮ ਹਨ। ਗਰੀਨਲੈਂਡ 'ਤੇ ਕਬਜ਼ਾ, ਪਨਾਮਾ ਨਹਿਰ ਉੱਪਰ ਅਮਰੀਕੀ ਕੰਟਰੋਲ ਅਤੇ ਕੈਨੇਡਾ ਤੇ ਮੈਕਸੀਕੋ ਆਦਿਕ ਜਿਹੀਆਂ ਸਰਕਾਰਾਂ ਨੂੰ ਵੱਟੋ-ਵੱਟ ਤੋਰਨ ਦੇ ਟਰੰਪ ਦੇ ਹੋਕਰੇ ਇਹਨਾਂ ਉੱਪਰ ਅਮਰੀਕਾ ਦੀ ਕਿੰਤੂ ਰਹਿਤ ਸਰਦਾਰੀ ਥੋਪਣ ਦੇ ਸੂਚਕ ਹਨ। ਅਮਰੀਕਨ ਸਾਮਰਾਜੀਏ ਆਪਣੀ ਸੰਸਾਰ ਚੌਧਰ ਬਰਕਰਾਰ ਰੱਖਣ ਦੇ ਰਾਹ 'ਚ ਚੀਨ ਨੂੰ ਵੱਡੀ ਭਾਵੀ ਚੁਣੌਤੀ ਮੰਨ ਰਹੇ ਹਨ। ਇਸ ਭਾਵੀ ਚੁਣੌਤੀ ਨਾਲ ਮੜਿੱਕਣ ਲਈ ਉਹ ਸੰਸਾਰ ਪੱਧਰ 'ਤੇ ਅਹਿਮ ਕੁਦਰਤੀ ਸਾਧਨਾਂ- ਊਰਜਾ ਸਾਧਨਾਂ, ਖਣਿਜ ਪਦਾਰਥਾਂ, ਆਵਾਜਾਈ ਲਾਂਘਿਆਂ, ਮੰਡੀਆਂ, ਪ੍ਰਭਾਵ ਖੇਤਰਾਂ ਆਦਿਕ ਨੂੰ ਹਥਿਆਉਣ ਦੀ ਦੌੜ 'ਚ ਲੱਗੇ ਹੋਏ ਹਨ।
ਅਮਰੀਕਾ 'ਚ ਘੋਰ ਸੱਜੇ ਪੱਖੀ ਹਲਕਿਆਂ ਵੱਲੋਂ ਕਿਊਬਾ 'ਚ ਅਮਰੀਕੀ ਸਾਮਰਾਜ-ਵਿਰੋਧੀ ਸਰਕਾਰ ਦੀ ਸਥਾਪਨਾ ਨਾਲ ਕਦੇ ਵੀ ਸੁਲਾਹ ਪ੍ਰਵਾਨ ਨਹੀਂ ਕੀਤੀ ਗਈ ਸੀ। ਉਹਨਾਂ ਲਈ ਅਜਿਹੀ ਸਰਕਾਰ ਨੂੰ ਚੱਲਦੇ ਕਰਨ ਦਾ ਕਦਮ ਬੇਲੋੜਾ ਲਟਕਿਆ ਹੋਇਆ ਹੈ। ਇਹ ਹਲਕੇ ਹੁਣ ਇਸ ਅਮਲ ਨੂੰ ਸਿਰੇ ਲਾਉਣ ਦਾ ਗਨੀਮਤ ਮੌਕਾ ਸਮਝ ਰਹੇ ਹਨ। ਇਸੇ ਲਈ “ਵੱਧ ਤੋਂ ਵੱਧ ਮਰੋੜੀ ਚਾੜ੍ਹਣ” ਦੀ ਪਹੁੰਚ ਟਰੰਪ ਪ੍ਰਸ਼ਾਸ਼ਨ ਵੱਲੋਂ ਅਪਣਾਈ ਗਈ ਹੈ। ਇਸਦੇ ਨਾਲ-ਨਾਲ ਪੜਾਅਵਾਰ ਤਬਦੀਲੀ ਦਾ ਚੋਗਾ ਪਾਇਆ ਜਾ ਰਿਹਾ ਹੈ ਜਿਸਨੂੰ ਟਰੰਪ “ਦੋਸਤਾਨਾ ਹੱਲ” ਹੋਣ ਦੀਆਂ ਸੰਭਾਵਨਾਵਾਂ ਦੱਸ ਰਿਹਾ ਹੈ। ਅਮਰੀਕਾ-ਇਰਾਨ ਜੰਗ ਦਾ ਸਿੱਟਾ ਅਤੇ ਸੰਸਾਰ ਰਾਜਨੀਤਿਕ ਦ੍ਰਿਸ਼ 'ਤੇ ਪੈਣ ਵਾਲੇ ਇਸਦੇ ਅਸਰ ਵੀ ਕਿਊਬਾ ਦੀ ਹੋਣੀ 'ਤੇ ਗਹਿਰਾ ਅਸਰ ਪਾ ਸਕਦੇ ਹਨ।
ਕਿਊਬਾ ਹੁਣ ਤੱਕ ਅਮਰੀਕਨ ਸਾਮਰਾਜੀ ਸਾਜ਼ਿਸ਼ਾਂ ਅਤੇ ਧੌਂਸ ਦਾ ਸਫ਼ਲਤਾ ਨਾਲ ਸਾਹਮਣਾ ਕਰਦਾ ਆਇਆ ਹੈ। ਅਮਰੀਕਾ ਵੱਲੋਂ ਉਲੀਕੀ ਨਵੀਂ ਸੁਰੱਖਿਆ ਯੁੱਧਨੀਤੀ ਦੇ ਪ੍ਰਸੰਗ 'ਚ ਕੀ ਕਿਊਬਾ ਟਿਕ ਸਕੇਗਾ ਜਾਂ ਨਹੀਂ, ਇਹ ਉੱਥੋਂ ਦੀ ਮੌਜੂਦਾ ਸਰਕਾਰ ਦੀ ਸੂਝ-ਸਿਆਣਪ ਅਤੇ ਦ੍ਰਿੜ ਇਰਾਦੇ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਅਤੇ ਕਿਊਬਾ ਦੇ ਅਵਾਮ ਨੂੰ ਇਸ ਚੁਣੌਤੀ ਨਾਲ ਮੜਿੱਕਣ ਲਈ ਕਿਵੇਂ ਤਿਆਰ ਕਰਦੀ ਹੈ। ਮੌਜੂਦਾ ਕੌਮਾਂਤਰੀ ਹਾਲਤਾਂ ਅਤੇ ਤਾਕਤਾਂ ਦਾ ਤੋਲ ਹਾਂ-ਪੱਖੀ ਸ਼ਕਤੀਆਂ ਦੇ ਹੱਕ 'ਚ ਨਹੀਂ। ਇਸ ਲਈ ਕਿਊਬਾਈ ਸਰਕਾਰ ਅਤੇ ਅਵਾਮ ਲਈ ਚੁਣੌਤੀ ਬਹੁਤ ਹੀ ਗੰਭੀਰ ਹੈ। ਪਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਲੋਕ ਅਸੰਭਵ ਹਾਲਤਾਂ 'ਚ ਵੀ ਰਾਹ ਕੱਢ ਲੈਂਦੇ ਹਨ। ਜੇ ਕਿਊਬਾ ਸਿਦਕਦਿਲੀ ਤੇ ਸਫ਼ਲਤਾ ਨਾਲ ਇਸ ਚੁਣੌਤੀ ਨਾਲ ਮੜਿੱਕਦਾ ਹੈ ਤਾਂ ਇਹ ਦੁਨੀਆਂ ਭਰ 'ਚ ਹਾਂ-ਪੱਖੀ ਸ਼ਕਤੀਆਂ ਨੂੰ ਉਤਸ਼ਾਹ ਤੇ ਹੁਲਾਰਾ ਦੇਵੇਗਾ। ਜੇ ਅਮਰੀਕਨ ਸਾਮਰਾਜੀਏ ਸਸਤੇ-ਭਾਅ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਦੁਨੀਆਂ ਭਰ ਦੀਆਂ ਇਨਸਾਫ਼-ਪਸੰਦ ਅਤੇ ਇਨਕਲਾਬੀ ਸ਼ਕਤੀਆਂ ਲਈ ਇੱਕ ਹੋਰ ਮੰਦਭਾਗੀ ਪਛਾੜ ਹੋਵੇਗੀ।
--0--
No comments:
Post a Comment