ਸ਼ਹਾਦਤਾਂ ਦੀ ਸ਼ਤਾਬਦੀ ਦੇ ਸੰਦਰਭ 'ਚ
ਬੱਬਰ ਅਕਾਲੀ ਲਹਿਰ ਦੇ ਅਮੁੱਲੜੇ ਪੱਖ
-ਅਮੋਲਕ ਸਿੰਘ
ਬੱਬਰ ਅਕਾਲੀ ਲਹਿਰ , ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ 'ਚ ਗ਼ਦਰ ਲਹਿਰ ਦਾ ਅਗਲਾ ਮਾਣ- ਮੱਤਾ ਵਰਕਾ ਹੈ। ਬੱਬਰ ਅਕਾਲੀ ਲਹਿਰ ਦੀ ਆਧਾਰਸ਼ਿਲਾ 1921- 22 ਵਿੱਚ ਆਜ਼ਾਦੀ ਲਈ ਬਲ਼ਦੀ ਸ਼ਮ੍ਹਾਂ ਦੇ ਪਰਵਾਨੇ ਵੰਨ- ਸੁਵੰਨੇ ਚੱਕਰਵਰਤੀ ਜਥਿਆਂ ਦੇ ਜੋੜ ਮੇਲ ਨਾਲ ਰੱਖੀ ਗਈ।
ਇਸ ਲਹਿਰ ਅੰਦਰ 27 ਫਰਵਰੀ 1926 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਖੇ 6 ਬੱਬਰਾਂ ਨੂੰ ਫਾਂਸੀ ਲਾਏ ਜਾਣ ਦੀ ਇਤਿਹਾਸਿਕ ਘਟਨਾ ਕਾਰਨ ਇਹ ਵਰ੍ਹਾ (2026), ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਦਾ ਵਰ੍ਹਾ ਹੈ। 27 ਫਰਵਰੀ 1926 ਨੂੰ ਬੱਬਰ ਅਕਾਲੀ ਲਹਿਰ ਦੇ ਛੇ ਦੇਸ਼ ਭਗਤਾਂ ਨੂੰ ਇੱਕੋ ਵੇਲੇ ਕੇਂਦਰੀ ਜੇਲ੍ਹ ਲਾਹੌਰ ਵਿੱਚ ਫਾਂਸੀ ਲਗਾਇਆ ਗਿਆ। ਇਹ ਛੇ ਬੱਬਰ ਸਨ, ਕਿਸ਼ਨ ਸਿੰਘ ਗੜਗੱਜ ਪਿੰਡ ਬਿਣਗਾਂ ( ਨੇੜੇ ਜਲੰਧਰ ਛਾਉਣੀ), ਨੰਦ ਸਿੰਘ ਘੁੜਿਆਲ (ਹੁਸ਼ਿਆਰਪੁਰ ), ਸੰਤਾ ਸਿੰਘ ਹਰਿਓਂ ਖੁਰਦ (ਲੁਧਿਆਣਾ), ਦਲੀਪ ਸਿੰਘ ਧਾਮੀਆ (ਹੁਸ਼ਿਆਰਪੁਰ), ਧਰਮ ਸਿੰਘ ਹਿਆਤਪੁਰ ਰੁੜਕੀ (ਹੁਸ਼ਿਆਰਪੁਰ), ਕਰਮ ਸਿੰਘ ਮਾਣਕੋ (ਜਲੰਧਰ)। ਇਹਨਾਂ ਬੱਬਰਾਂ ਦੀਆਂ ਮ੍ਰਿਤਕ ਦੇਹਾਂ ਪਹਿਲਾਂ ਲਾਹੌਰ ਕੇਂਦਰੀ ਜੇਲ੍ਹ ਗੇਟ ਤੇ ਵਾਰਸਾਂ ਹਵਾਲੇ ਕਰਨ ਲਈ ਬਰਤਾਨਵੀ ਹਕੂਮਤ ਨੂੰ ਮਜ਼ਬੂਰ ਹੋਣਾ ਪਿਆ ਜਦ ਕਿ ਪਹਿਲਾਂ ਵਾਰਸਾਂ ਨੂੰ ਲਾਸ਼ਾਂ ਨਾ ਦੇਣ ਦੇ ਯਤਨ ਵੀ ਚੱਲਦੇ ਰਹੇ। ਅਖ਼ੀਰ ਲਾਹੌਰ ਤੋਂ 7 ਕਿਲੋਮੀਟਰ ਦੇ ਕਰੀਬ ਦੂਰ ਰਾਵੀ ਦੇ ਕੰਢੇ 'ਤੇ ਸਥਿਤ ਰਾਮੂ ਦੇ ਬਾਗ਼ ਵਿਚਲੇ ਸ਼ਮਸ਼ਾਨ ਘਾਟ ਵਿੱਚ ਇਕੋ ਅੰਗੀਠੇ 'ਚ ਰੱਖ ਕੇ ਛੇਆਂ ਦਾ ਸਸਕਾਰ ਕੀਤਾ ਗਿਆ।
ਅਗਲੇ ਵਰ੍ਹੇ ਇਸੇ ਹੀ ਦਿਨ 27 ਫਰਵਰੀ 1927 ਨੂੰ ਲਾਹੌਰ ਕੇਂਦਰੀ ਜੇਲ੍ਹ ਦੇ ਅੰਦਰ ਹੀ ਤਿੰਨ ਤਿੰਨ ਬੱਬਰਾਂ ਦੇ ਦੋ ਜੁੱਟ ਬਣਾ ਕੇ ਛੇ ਹੋਰ ਬੱਬਰਾਂ ਨੂੰ ਫਾਂਸੀ ਤੇ ਲਟਕਾਇਆ ਗਿਆ। ਇਹਨਾਂ ਵਿੱਚ ਨਿੱਕਾ ਸਿੰਘ ਪਿੰਡ ਗਿੱਲ (ਲੁਧਿਆਣਾ), ਮੁਕੰਦ ਸਿੰਘ ਜਵੱਦੀ ਕਲਾਂ (ਲੁਧਿਆਣਾ), ਬੰਤਾ ਸਿੰਘ (ਲੁਧਿਆਣਾ), ਸੁੰਦਰ ਸਿੰਘ ਲਹੁਕਾ (ਅੰਮ੍ਰਿਤਸਰ), ਗੁੱਜਰ ਸਿੰਘ ਢੈਪਈ (ਲੁਧਿਆਣਾ) ਅਤੇ ਨਿੱਕਾ ਸਿੰਘ ਆਲੂਵਾਲ (ਅੰਮ੍ਰਿਤਸਰ) ਸ਼ਾਮਿਲ ਸਨ। ਇਹਨਾਂ ਛੇ ਬੱਬਰਾਂ ਦਾ ਸਸਕਾਰ ਵੀ ਲਾਹੌਰ ਤੋਂ ਸੱਤ ਕਿਲੋਮੀਟਰ ਦੂਰ ਰਾਵੀ ਕੰਢੇ ਸਥਿਤ ਉਸੇ ਰਾਮੂੰਵਾਲਾ ਬਾਗ ਵਿਚਲੇ ਸ਼ਮਸ਼ਾਨ ਘਾਟ ਵਿੱਚ ਲੋਕਾਂ ਅਤੇ ਪਰਿਵਾਰਾਂ ਨੇ ਇੱਕੋ ਅੰਗੀਠੇ 'ਤੇ ਸਜਾ ਕੇ ਕੀਤਾ, ਜਿੱਥੇ ਇੱਕ ਸਾਲ ਪਹਿਲਾਂ ਛੇ ਬੱਬਰਾਂ ਦਾ ਸਸਕਾਰ ਕੀਤਾ ਸੀ।
ਸ਼ਹਾਦਤਾਂ ਦੀ ਸ਼ਤਾਬਦੀ ਦਾ ਵਰ੍ਹਾ, ਬੱਬਰ ਅਕਾਲੀ ਲਹਿਰ ਦੀ ਇਤਿਹਾਸਿਕ ਪ੍ਰਸੰਗਿਕਤਾ ਜਾਨਣ ਸਮਝਣ ਲਈ ਇਸ ਦੇ ਅਮੁੱਲੜੇ ਸਬਕ ਪ੍ਰੇਰਨਾ ਦਾਇਕ ਹਨ। ਬੱਬਰ ਅਕਾਲੀ ਲਹਿਰ 1921 ਤੋਂ 1930 ਅਤੇ 1931 ਤੋਂ 1944 ਦੇ ਵੰਨ- ਸੁਵੰਨੇ ਪੜਾਵਾਂ ਵਿੱਚੀਂ ਗੁਜ਼ਰਦਾ ਲਾਸਾਨੀ ਕੁਰਬਾਨੀਆਂ ਭਰਿਆ ਇਤਿਹਾਸ ਹੈ।
ਇਸ ਲਹਿਰ ਦੀ ਪਿੱਠ ਭੂਮੀ 'ਚ ਗ਼ਦਰ ਲਹਿਰ ਹੈ ਅਤੇ ਇਸਦਾ ਅਗਲਾ ਲੜ ਕਿਰਤੀ ਕਿਸਾਨ ਲਹਿਰ ਨਾਲ਼ ਜੁੜਿਆ ਹੈ। ਪੰਜਾਬ ਅੰਦਰ ਵਾਪਰੇ ਨਨਕਾਣਾ ਸਾਹਿਬ ਦੇ ਸਾਕੇ, ਬਰਤਾਨਵੀ ਹਕੂਮਤ ਵਿਰੁੱਧ ਲੱਗੇ ਮੋਰਚੇ ਅਤੇ ਆਜ਼ਾਦੀ ਸੰਗਰਾਮ ਦੀਆਂ ਹੋਰ ਲਹਿਰਾਂ ਦੀ ਖੁਸ਼ਬੋ ਵੀ ਇਸ ਲਹਿਰ ਵਿੱਚ ਸਮੋਈ ਹੋਈ ਹੈ । ਇਸ ਲਹਿਰ ਦੀ ਇਤਿਹਾਸਿਕ ਸਮੀਖਿਆ ਟੁਕੜੀਆਂ 'ਚ ਕਰਨ ਦੀ ਬਜਾਏ ਆਜ਼ਾਦੀ ਸੰਗਰਾਮ ਦੇ ਟੇਢੇ ਮੇਢੇ ਵੰਨ- ਸੁਵੰਨੇ ਸਫ਼ਰ ਦੀਆਂ ਅੰਤਰ- ਸਬੰਧਤ ਕੜੀਆਂ ਨਿਰਖਦੇ ਹੋਏ ਅਸੀਂ ਹੋਰ ਵੀ ਸਾਰਥਕ ਅਤੇ ਸਾਵੇਂ ਇਤਿਹਾਸਕ ਨਤੀਜੇ ਹਾਸਲ ਕਰ ਸਕਦੇ ਹਾਂ।
1913-15 ਦੇ ਦੌਰ ਵਿੱਚ ਜਦੋਂ ਗ਼ਦਰ ਲਹਿਰ ਉੱਪਰ ਚੌਤਰਫ਼ਾ ਹੱਲਾ ਬੋਲ ਕੇ ਉਸ ਨੂੰ ਬਰਤਾਨਵੀ ਹਕੂਮਤ ਅਤੇ ਉਸਦੇ ਹਿੱਤਾਂ ਦੀ ਪੂਰਤੀ 'ਚ ਲੱਗੀਆਂ ਦੇਸੀ ਤਾਕਤਾਂ ਨੇ ਸੱਟ ਮਾਰਨ ਲਈ ਫਾਂਸੀਆਂ, ਜਾਨਲੇਵਾ ਸਜ਼ਾਵਾਂ, ਜ਼ੁਬਾਨਬੰਦੀ ਕਰਨ ਅਤੇ ਇੱਕ ਤੋਂ ਬਾਅਦ ਦੂਜੇ ਕਾਲ਼ੇ ਕਾਨੂੰਨ ਮੜ੍ਹਨ ਦੇ ਹੱਲੇ ਬੋਲੇ ਤਾਂ ਅਖ਼ੀਰ ਨੂੰ ਇਹ ਸਭ ਕੁਝ ਬਰਤਾਨਵੀ ਹਕੂਮਤ ਨੂੰ ਮਹਿੰਗਾ ਪਿਆ। ਲੋਕਾਂ ਅੰਦਰ ਬੇਚੈਨੀ ਅਤੇ ਰੋਹ ਦਾ ਵਧਾਰਾ ਹੋਇਆ। ਇਸ ਰੋਹ ਦੇ ਮਿੱਟੀ ਵਿੱਚ ਸਮੋਏ ਬੀਜ਼ ਸਮਾਂ ਪੈਣ 'ਤੇ ਜੋ ਪਹਿਲਾਂ ਅੰਕੁਰ ਰੂਪ ਵਿੱਚ ਸਨ ਫਿਰ ਤਿੱਖੇ ਰੋਹ- ਫੁਟਾਰੇ ਬਣ ਕੇ ਬੱਬਰ ਅਕਾਲੀ ਲਹਿਰ ਦੇ ਰੂਪ ਵਿੱਚ ਸਾਹਮਣੇ ਆਏ।
ਬੱਬਰ ਅਕਾਲੀ ਲਹਿਰ ਦੇ ਪੂਰਵ ਕਾਲ ਸਮੇਂ ਪੰਜਾਬ ਦੀ ਮਿੱਟੀ ਦੇ ਸੀਨੇ ਅੰਦਰ ਚਿਰਾਂ ਤੋਂ ਸੁਲਘ ਰਹੇ ਅਜਿਹੇ ਛੋਟੇ ਵੱਡੇ ਜਵਾਲਾਮੁਖੀਆਂ ਨੇ ਵਿਸਫੋਟਕ ਰੂਪ ਧਾਰਨ ਕੀਤਾ। ਬੱਬਰ ਅਕਾਲੀ ਲਹਿਰ ਦੇ ਸੂਰਮੇ ਕਈ ਥਾਈਂ ਸਿੱਧੀਆਂ ਟੱਕਰਾਂ 'ਤੇ ਉੱਤਰ ਆਏ। ਲੋਕ ਰੋਹ ਦੇ ਜਵਾਰਭਾਟਿਆਂ ਵਿੱਚੋਂ ਜਨਮੀ ਬੱਬਰ ਅਕਾਲੀ ਲਹਿਰ ਨੂੰ ਲੋਕਾਂ ਨਾਲ਼ ਘਿਓ ਖਿਚੜੀ ਹੋਣ ਤੋਂ ਰੋਕਣ ਅਤੇ ਨਿਖੇੜਨ ਲਈ ਹਕੂਮਤ ਨੇ ਕੂੜ ਪ੍ਰਚਾਰ ਦੀ ਹਨੇਰੀ ਝੁਲਾ ਦਿੱਤੀ।
ਗ਼ਦਰੀ ਦੇਸ ਭਗਤਾਂ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦੇਣ, ਅੰਡੇਮਾਨ ਨਿਕੋਬਾਰ ਵਰਗੇ ਕਾਲੇ ਪਾਣੀ ਦੇ ਖੇਤਰਾਂ ਦੀਆਂ ਜੇਲ੍ਹਾਂ ਅੰਦਰ ਉਮਰ ਭਰ ਸੜਨ ਮਰਨ ਲਈ ਡੱਕ ਦੇਣ ਦੀਆਂ ਹਿਰਦੇਵੇਦਕ ਘਟਨਾਵਾਂ ਦੇ ਸੀਨੇ ਵਿੱਚੋਂ ਫੁੱਟੀ ਬੱਬਰ ਅਕਾਲੀ ਲਹਿਰ ਨੇ ਵਿਦਰੋਹੀ ਪ੍ਰਗਟਾਵੇ ਦਾ ਆਪਣੀ ਕਿਸਮ ਦਾ ਹੀ ਰੂਪ ਅਖ਼ਤਿਆਰ ਕੀਤਾ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਮੁਲਕ ਦੀ ਆਜ਼ਾਦੀ, ਕਾਲ਼ੇ ਕਾਨੂੰਨ ਰੱਦ ਕਰਨ, ਹੱਕੀ ਜੱਦੋਜਹਿਦ ਦਾ ਹੱਕ ਲੈਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਬਰਤਾਨਵੀ ਨੀਤੀਆਂ ਖ਼ਿਲਾਫ਼ ਸਰਗਰਮੀਆਂ ਦੀਆਂ ਧੁਖ਼ਦੀਆਂ ਚਿੰਗਾੜੀਆਂ ਦਾ ਜਾਰੀ ਰੂਪ ਹੈ ਬੱਬਰ ਅਕਾਲੀ ਲਹਿਰ। ਲੋਕਾਂ ਦੀਆਂ ਸੋਚਾਂ ਦੇ ਧੁਰ ਅੰਦਰ ਨਾਬਰੀ ਅਤੇ ਪ੍ਰਤੀਰੋਧ ਦੇ ਤਿੱਖੇ ਵਿਸਫੋਟਕ ਪ੍ਰਗਟਾਵੇ ਦੇ ਰੂਪ ਵਿੱਚ ਸਾਹਮਣੇ ਆਈ ਬੱਬਰ ਅਕਾਲੀ ਲਹਿਰ।
1919 ਦੇ ਪੰਜਾਬ ਅੰਦਰ ਵਾਪਰੀਆਂ ਘਟਨਾਵਾਂ ਵਿੱਚੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਰਤਾਨਵੀ ਹਕੂਮਤ ਖ਼ਿਲਾਫ਼ ਕਿਤੇ ਨਾ ਕਿਤੇ ਹਰ ਰੋਜ਼ ਲੋਕਾਂ ਦੀ ਪ੍ਰਤੀਕਿਰਿਆ ਸੜਕਾਂ 'ਤੇ ਦਿਖਾਈ ਦਿੰਦੀ ਹੈ। ਲੋਕ ਮਨਾਂ ਅੰਦਰ ਚਿਰਾਂ ਦੀ ਉੱਸਲਵੱਟੇ ਲੈਂਦੀ ਬੇਚੈਨੀ, ਰੋਸ ਅਤੇ ਨਾਬਰੀ ਦੀਆਂ ਭਾਵਨਾਵਾਂ ਨਾਲ਼ ਨੱਕੋ ਨੱਕ ਭਰਿਆ ਜਨ ਸੈਲਾਬ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ। ਜਲ੍ਹਿਆਂਵਾਲਾ ਬਾਗ ਅੰਦਰ ਕੀਤੀ ਗੋਲੀਆਂ ਦੀ ਵਰਖਾ ਨੇ ਬਲ਼ਦੀ 'ਤੇ ਤੇਲ ਦਾ ਕੰਮ ਕੀਤਾ।
ਗ਼ਦਰ ਲਹਿਰ ਦੀ ਕਹਾਣੀ ਅੱਗੇ ਤੁਰਦੀ ਗਈ। ਜਲ੍ਹਿਆਂਵਾਲਾ ਬਾਗ ਦੀ ਹਿਰਦੇ ਛਲਣੀ ਕਰਨ ਵਾਲ਼ੀ ਕਹਾਣੀ ਦੀਆਂ ਨਵੇਂ ਰੂਪਾਂ ਵਿੱਚ ਲਹੂ ਰੱਤੀ ਮਿੱਟੀ ਵਿਚੋਂ ਕਰੂੰਬਲਾਂ ਫੁੱਟਣ ਲੱਗੀਆਂ। ਬਰਤਾਨਵੀ ਹਕੂਮਤ ਦੇ ਪੱਖੀਆਂ ਅਤੇ ਉਸਤੋਂ ਆਜ਼ਾਦੀ ਪਾਉਣ ਲਈ ਜੂਝਦੇ ਲੋਕਾਂ ਵਿੱਚ ਨਿਖੇੜੇ ਦੀ ਲੀਕ ਹੋਰ ਗੂਹੜੀ ਹੋਣ ਲੱਗੀ।
ਬਰਤਾਨਵੀ ਹੁਕਮਰਾਨਾਂ ਦੇ ਥਾਪੜਿਆਂ ਨਾਲ ਸਾਜੇ ਨਿਵਾਜ਼ੇ ਧਾਰਮਿਕ ਸਥਾਨਾਂ ਅਤੇ ਰਾਜਨੀਤਿਕ ਥੜ੍ਹਿਆਂ ਦੇ ਆਗੂਆਂ ਨੇ ਜਲ੍ਹਿਆਂਵਾਲਾ ਵਾਲਾ ਬਾਗ ਦੀ ਖ਼ੂਨੀ ਵਿਸਾਖੀ ਦੇ ਮੁਜ਼ਰਿਮਾਂ ਨੂੰ ਅਰੂੜ ਸਿੰਘ ਵਰਗਿਆਂ ਨੇ ਅਕਾਲ ਤਖ਼ਤ 'ਤੇ ਬੁਲਾ ਕੇ ਸਰੋਪੇ ਭੇਂਟ ਕੀਤੇ ਅਤੇ ਸੁੰਦਰ ਸਿੰਘ ਮਜੀਠੀਆ ਵਰਗਿਆਂ ਨੇ ਪ੍ਰੀਤੀ ਭੋਜਨ ਪਰੋਸਿਆ। ਲੋਕ ਪਹਿਲਾਂ ਹੀ ਗੁੱਸੇ ਨਾਲ਼ ਭਰੇ ਪੀਤੇ ਸਨ। ਬਰਤਾਨਵੀ ਸਾਮਰਾਜਵਾਦ ਦੇ ਤਖ਼ਤ ਦੇ ਪਾਵੇ ਮਜ਼ਬੂਤ ਕਰਨ ਵਾਲੀਆਂ ਭਾਂਤ ਸੁਭਾਤੀਆਂ ਤਾਕਤਾਂ ਖ਼ਿਲਾਫ਼ ਜੂਝਣ ਵਾਲੀ ਬੱਬਰ ਅਕਾਲੀ ਲਹਿਰ ਦੇ ਅਮੁੱਲੜੇ ਇਤਿਹਾਸਕ ਵਰਕਿਆਂ ਨੂੰ ਗੌਰ ਨਾਲ਼ ਅਧਿਐਨ ਕਰਨ ਦੀ ਲੋੜ ਹੈ। ਜਾਤ ਪਾਤੀ ਅਤੇ ਫ਼ਿਰਕੇ-ਦਰਾਨਾ ਸਭਨਾਂ ਲੋਕ-ਦੋਖੀ ਵੰਡੀਆਂ ਤੋਂ ਉੱਪਰ ਉੱਠ ਕੇ ਧਰਮ- ਨਿਰਪੱਖਤਾ, ਸਾਂਝੀਵਾਲਤਾ ਅਤੇ ਜਮਹੂਰੀਅਤ ਦੀਆਂ ਨੀਹਾਂ ਤੇ ਅੱਗੇ ਤੋਰਨ ਦੀ ਲੋੜ ਹੈ। ਬੱਬਰ ਅਕਾਲੀ ਲਹਿਰ ਵਿੱਚ ਕਿੰਨੇ ਹੀ ਅਮਰੀਕਾ, ਕਨੇਡਾ ਤੋਂ ਪਰਤੇ ਹੋਏ ਸਨ। ਉਹ ਕਿਸੇ ਨਾ ਕਿਸੇ ਰੂਪ ਵਿੱਚ ਗ਼ਦਰ ਲਹਿਰ ਤੋਂ ਪ੍ਰਭਾਵਿਤ ਸਨ। ਕਿੰਨੇ ਹੀ ਬਰਤਾਨਵੀ ਫੌਜ ਵਿੱਚੋਂ ਫ਼ਰਾਰ ਹੋ ਕੇ ਇਸ ਲਹਿਰ ਦੇ ਸੰਗੀ ਸਾਥੀ ਬਣੇ ਸਨ।
ਜ਼ਿਕਰਯੋਗ ਹੈ ਕਿ ਅੱਜ ਜਦੋਂ ਖਾਲਸਾ ਦੀਵਾਨ ਸੋਸਾਇਟੀ, ਐਬਟਸਫੋਰਡ (ਕਨੇਡਾ) ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਲੋਕਾਂ ਨੂੰ ਬਾਬਾ ਨਾਨਕ ਦੇ ਸਾਂਝੀਵਾਲਤਾ ਦੇ ਮਾਰਗ ਨਾਲ਼ ਜੋੜਨ ਲਈ ਯਤਨਸ਼ੀਲ ਹੈ। ਇਸ ਪਿੱਛੇ ਇੱਕ ਸ਼ਾਨਦਾਰ ਇਤਿਹਾਸ ਦੀ ਊਰਜਾ ਪ੍ਰੇਰਨਾ ਦਾ ਸੋਮਾ ਹੈ, ਕਰਮ ਸਿੰਘ ਦੌਲਤਪੁਰ ਵਰਗੇ ਮਹਾਨ ਦੇਸ਼ ਭਗਤਾਂ ਦੀ ਅਮਿੱਟ ਕੁਰਬਾਨੀ ਅਤੇ ਦੂਰਦ੍ਰਿਸ਼ਟੀ ਹੈ। ਕਰਮ ਸਿੰਘ ਦੌਲਤਪੁਰ ਨੇ ਕੋਈ ਪੌਣੇ ਚਾਰ ਏਕੜ ਜ਼ਮੀਨ ਆਪਣੇ ਵਤਨ ਦੀ ਆਜ਼ਾਦੀ ਲਹਿਰ ਵਿੱਚ ਤਨ-ਮਨ-ਧਨ ਸਭ ਕੁਝ ਨਿਛਾਵਰ ਕਰਨ ਦਾ ਫ਼ੈਸਲਾ ਕਰਨ ਵੇਲੇ ਇਹ ਕਹਿ ਕੇ ਦਿੱਤੀ ਕਿ ਜੇਕਰ ਅਸੀਂ ਆਪਣੀ ਜਿੰਦ ਲੇਖੇ ਲਾ ਦਿੱਤੀ ਤਾਂ ਇਹ ਭੋਇੰ ਲੋਕਾਂ ਦੇ ਸਾਂਝੇ ਕਾਜ਼ ਲਈ ਵਰਤ ਲੈਣੀ। ਇਹ ਕਿੰਨੇ ਵਿਸ਼ਾਲ ਇਰਾਦੇ ਦੇ ਮਾਲਕ ਸਨ। ਅੱਜ ਵੀ ਇਸ ਥਾਂ ਤੋਂ ਅਮੀਰ ਮਾਨਵੀ ਮੁੱਲਾਂ ਦੇ ਕਦਰਦਾਨ ਕਰਮ ਸਿੰਘ ਦੌਲਤਪੁਰ ਵਰਗਿਆਂ ਦੀ ਸੋਚ ਦਾ ਚਿਰਾਗ਼ ਬਲ਼ਦਾ ਰੱਖ ਰਹੇ ਹਨ। ਧਾਰਮਿਕ,ਜਾਤ-ਪਾਤੀ ਵੰਡ ਵਖਰੇਵਿਆਂ ਤੋਂ ਉੱਪਰ ਉੱਠਕੇ, ਬੱਚਿਆਂ ਅਤੇ ਔਰਤਾਂ ਦੇ ਹੱਕਾਂ ਦਾ ਅਦਬ ਕਰਦੇ ਹੋਏ ਉਸ ਵਿਰਾਸਤ ਦੀ ਰੌਸ਼ਨੀ ਵੰਡਣ ਦਾ ਯਤਨ ਜਾਰੀ ਰੱਖ ਰਹੇ ਲੋਕਾਂ ਨੂੰ ਇਤਿਹਾਸ ਸਲਾਮ ਕਰਦਾ ਹੈ। ਇਉਂ ਲੜੀ ਅੱਗੇ ਤੁਰਦੀ ਰਹਿੰਦੀ ਹੈ।
ਗ਼ਦਰੀ ਦੇਸ਼ ਭਗਤਾਂ ਵੱਲੋਂ ਬਣਾਈ 'ਦੇਸ਼ ਭਗਤ ਪਰਿਵਾਰ ਸਹਾਇਤਾ ਕਮੇਟੀ' ਨੇ ਸਿਰਫ਼ ਗ਼ਦਰੀ ਹੀ ਨਹੀਂ ਸਗੋਂ ਬੱਬਰ ਅਕਾਲੀ ਲਹਿਰ ਦੀਆਂ ਲੋੜਾਂ ਸਹਾਇਤਾ ਅਤੇ ਮੁੜ ਵਸੇਬੇ ਵਰਗੇ ਕਾਰਜ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ ਜੋ ਇਤਿਹਾਸ ਦੀਆਂ ਲੜੀਆਂ ਦਾ ਜੋੜ ਸਾਡੇ ਸਨਮੁੱਖ ਕਰਦੀ ਹੈ। ਇਸ ਉਪਰੰਤ 'ਦੇਸ਼ ਭਗਤ ਪਰਿਵਾਰ ਸਹਾਇਤਾ ਕਮੇਟੀ' ਦਾ ਹੀ ਜਾਰੀ ਰੂਪ ਹੈ ਅਜੋਕੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ । ਇਸ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮਨਾਈ ਜਾ ਰਹੀ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ।
ਅੱਜ ਠੋਸ ਇਤਿਹਾਸਕ ਹਕੀਕਤਾਂ ਖਾਸ ਕਰਕੇ ਬੱਬਰ ਅਕਾਲੀ ਲਹਿਰ ਦੇ ਹਕੀਕੀ ਉਦੇਸ਼ਾਂ ਨੂੰ ਉਘਾੜਨ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਲੋਕਾਂ ਦੇ ਰੂਬਰੂ ਕਰਨ ਦਾ ਮਹੱਤਵਪੂਰਨ ਕਾਰਜ ਦਰਪੇਸ਼ ਹੈ। ਬੱਬਰ ਅਕਾਲੀ ਲਹਿਰ ਦੀ ਪ੍ਰਸੰਗਿਕਤਾ ਉਘਾੜਨ ਵਿੱਚ ਇਸ ਲਹਿਰ ਦਾ ਇੱਕ ਹੋਰ ਵਿਸ਼ੇਸ਼ ਪੱਖ ਇਹ ਵੀ ਦਰਸਾਉਂਦਾ ਹੈ ਕਿ ਕਾਲ਼ੇ ਪਾਣੀਆਂ ਦੀਆਂ ਜੇਲ੍ਹਾਂ ਨੂੰ ਅਜੇ ਤੱਕ ਆਮ ਕਰਕੇ ਗ਼ਦਰ ਲਹਿਰ ਦੇ ਕੈਦੀਆਂ ਦੇ ਇਤਿਹਾਸ ਅਤੇ ਜ਼ੁਲਮ ਦੀ ਇੰਤਹਾ ਨਾਲ ਜੁੜੀਆਂ ਜੇਲ੍ਹਾਂ ਵਜੋਂ ਹੀ ਦੇਖਿਆ ਜਾਂਦਾ ਹੈ ਜਦੋਂ ਕਿ ਇਤਿਹਾਸ ਬੋਲਦਾ ਹੈ ਕਿ ਬੱਬਰ ਅਕਾਲੀ ਲਹਿਰ ਦੇ ਸੂਰਬੀਰਾਂ ਨੂੰ ਵੀ ਕਾਲ਼ੇ ਪਾਣੀ ਦੀਆਂ ਜੇਲ੍ਹਾਂ 'ਚ ਰੱਖਿਆ ਗਿਆ ਅਤੇ ਜ਼ੁਲਮ ਢਾਹੇ ਗਏ। ਮੁਸ਼ੱਕਤਾਂ ਕਰਵਾਈਆਂ, ਡੰਡਾ ਬੇੜੀਆਂ ਤੇ ਟਾਟ ਵਰਦੀਆਂ ਵਿੱਚ ਜਕੜਿਆ ਗਿਆ। ਬੱਬਰ ਅਕਾਲੀ ਦੇਸ਼ ਭਗਤਾਂ ਨੇ ਜੇਲ੍ਹ ਅੰਦਰ ਲੰਮੀਆਂ ਭੁੱਖ ਹੜਤਾਲਾਂ ਕਰਕੇ ਆਪਣੇ ਸਿਰੜ ਨਾਲ਼ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਗੂੰਜਣ ਲਾਈਆਂ ।
ਕਈ ਵਾਰ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ ਦੀ ਜਾਣ- ਪਹਿਚਾਣ ਜਾਣੇ-ਅਣਜਾਣੇ ਪਿਸਤੌਲਾਂ, ਬੰਬ ਧਮਾਕੇ, ਤਲਵਾਰਾਂ ਵਾਲੀਆਂ ਸੰਸਥਾਵਾਂ ਦੇ ਰੂਪ ਵਿੱਚ ਹੀ ਕਰਵਾਈ ਜਾਂਦੀ ਹੈ ਜਦੋਂ ਕਿ ਇਹਨਾਂ ਲਹਿਰਾਂ ਅੰਦਰ ਸਾਹਿਤ ਵਿਸ਼ੇਸ਼ ਕਰਕੇ ਕਾਵਿ-ਸਿਰਜਣਾ ਨੇ ਮਹੱਤਵਪੂਰਨ ਯੋਗਦਾਨ ਪਾਇਆ। ਇਸ ਦੇ ਦੀਦਾਰ 'ਗ਼ਦਰ' ਅਖਬਾਰ, 'ਗ਼ਦਰੀ ਗੂੰਜਾਂ' ਅਤੇ ਬੱਬਰ ਅਕਾਲੀ ਲਹਿਰ ਨਾਲ ਸੰਬੰਧਿਤ ਕਵਿਤਾਵਾਂ, ਅਖ਼ਬਾਰਾਂ ਵਿੱਚੀਂ ਵਿਚਰਦਿਆਂ ਕੀਤੇ ਜਾ ਸਕਦੇ ਹਨ ਕਿ ਬੌਧਿਕ ਚਿੰਤਨ ਅਤੇ ਰਾਜਨੀਤਿਕ ਚੇਤਨਾ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਲਹਿਰ ਅੰਦਰ ਢੁਕਵੀਂ ਥਾਂ ਦਿੱਤੀ ਜਾਂਦੀ ਸੀ।
ਬੱਬਰ ਅਕਾਲੀ ਲਹਿਰ ਨੂੰ ਚੜ੍ਹਦੀ ਉਮਰ ਦਾ ਇਨਕਲਾਬੀ ਨੌਜਵਾਨ ਭਗਤ ਸਿੰਘ ਕਿੰਨਾ ਉੱਚਾ ਰੁਤਬਾ ਦਿੰਦਾ ਹੈ ਇਸਦਾ ਇਤਿਹਾਸ ਗਵਾਹ ਹੈ। ਜਦੋਂ ਭਗਤ ਸਿੰਘ ਘਰੋਂ ਦੌੜ ਕੇ ਕਾਨ੍ਹਪੁਰ ਗਏ ਤਾਂ ਦੇਸ਼ ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਦੀ ਨਿਗਰਾਨੀ 'ਚ ਛਪਦੇ ਹਫ਼ਤਾਵਾਰ ਅਖ਼ਬਾਰ 'ਪ੍ਰਤਾਪ' ਦੇ ਸੰਪਾਦਕੀ ਮੰਡਲ ਵਿੱਚ ਉਹਨਾਂ ਕੰਮ ਕੀਤਾ। ਉਸ ਵੇਲੇ ਉਹਨਾਂ ਨੇ 'ਪ੍ਰਤਾਪ' ਅਖ਼ਬਾਰ ਦੇ 15 ਮਾਰਚ 1926 ਦੇ ਅੰਕ 'ਚ 'ਪੰਜਾਬੀ ਯੁਵਕ' ਦੇ ਨਾਂ ਹੇਠ'ਹੋਲੀ ਵਾਲੇ ਦਿਨ ਖ਼ੂਨ ਦੇ ਛਿੱਟੇ' ਲੇਖ ਰਾਹੀਂ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਅਤੇ ਉਸ ਵੇਲੇ ਦੀ ਲੋਕ ਮਨੋਦਸ਼ਾ ਦਾ ਗੰਭੀਰ ਚਿਤਰਣ ਕੀਤਾ ਹੈ।
ਇਸ ਲਹਿਰ ਅੰਦਰ ਸਾਹਿਤ ਸਿਰਜਣਾ ਅਤੇ ਪੱਤਰਕਾਰਤਾ ਦੀ ਅਹਿਮ ਭੂਮਿਕਾ ਹੈ। ਬੱਬਰ ਅਕਾਲੀ ਲਹਿਰ ਦੀਆਂ ਸਰਗਰਮੀਆਂ ਲੋਕਾਂ ਤੱਕ ਪੁੱਜਦੀਆਂ ਕਰਨ ਲਈ ਉਡਾਰੂ ਪ੍ਰੈਸ ਲਾਉਣਾ, ਬੱਬਰ ਅਕਾਲੀ ਦੋਆਬਾ ਵਰਗੇ ਅਖ਼ਬਾਰਾਂ ਦੀ ਪ੍ਰਕਾਸ਼ਨਾ ਕਰਨਾ ਇਸਦਾ ਮੂੰਹ ਬੋਲਦਾ ਸਬੂਤ ਹੈ। ਇਹਨਾਂ ਅਖ਼ਬਾਰਾਂ ਉੱਪਰ ਕਬੀਰ ਦੇ ਸਲੋਕ
'ਸੂਰਾ ਸੋ ਪਹਿਚਾਨੀਐ,
ਜੋ ਲਰੈ ਦੀਨ ਕੇ ਹੇਤੁ
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨਾ ਛਾਡੈ ਖੇਤ'
ਲਿਖਿਆ ਜਾਂਦਾ ਸੀ ਜੋ ਕਿ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ਼ ਜੁੜਕੇ ਸਮੇਂ ਦੇ ਹਾਣੀ ਰਾਹ ਸਿਰਜਣ ਲਈ ਪ੍ਰੇਰਦਾ ਹੈ। ਸਮੇਂ ਸਮੇਂ ਲੋਕ- ਦੋਖੀ ਸਥਾਪਤੀ ਦਾ ਯਤਨ ਰਹਿੰਦਾ ਹੈ ਕਿ ਲਹਿਰ ਦੀ ਲੋਕਾਂ ਵਿੱਚ ਡੂੰਘੀ ਜੜ੍ਹ ਨਾ ਲੱਗਣ ਦਿੱਤੀ ਜਾਏ। ਸਥਾਪਤੀ ਅਜਿਹਾ ਵਾਤਾਵਰਣ ਸਿਰਜਦੀ ਹੈ ਕਿ ਲਹਿਰਾਂ ਵਿੱਚ ਸੂਰਮਗਤੀ ਨੂੰ ਹੀ ਫੈਸਲਾਕੁੰਨ ਹਥਿਆਰ ਮੰਨ ਕੇ ਸੰਤੁਸ਼ਟੀ ਪ੍ਰਗਟ ਕੀਤੀ ਜਾਂਦੀ ਹੈ। ਸਮੇਂ ਦੇ ਹਾਕਮ ਬਹੁਤ ਸ਼ੈਤਾਨ ਹੁੰਦੇ ਹਨ, ਉਹ ਅਜਿਹੇ ਐਕਸ਼ਨਾਂ ਵੱਲ ਲਹਿਰ ਨੂੰ ਧੱਕ ਕੇ ਲੋਕ ਸ਼ਮੂਲੀਅਤ ਅਤੇ ਲੋਕ ਲਹਿਰ ਬਣਨ ਦੇ ਮਾਰਗ ਤੋਂ ਭਟਕਾ ਦਿੰਦੀਆਂ ਹਨ। ਬੱਬਰ ਅਕਾਲੀ ਲਹਿਰ ਦੇ ਇਤਿਹਾਸ ਦੀਆਂ ਪੈੜਾਂ ਵਿੱਚ ਅਜਿਹੇ ਅਧਿਆਇ ਵੀ ਮਿਲ਼ਦੇ ਹਨ ਜੋ ਉਹਨਾਂ ਦੇ ਵਾਰਸਾਂ ਲਈ ਗਹਿਰੇ ਸਬਕ ਗ੍ਰਹਿਣ ਕਰਨ ਦਾ ਵੀ ਕੰਮ ਕਰਦੇ ਹਨ। ਅੱਜ ਵੀ ਇਹ ਸੁਆਲ ਗੰਭੀਰਤਾ ਨਾਲ਼ ਵਿਚਾਰਨ ਦੀ ਮੰਗ ਕਰਦਾ ਹੈ ਕਿ ਲੋਕਾਂ ਨੂੰ ਹਰ ਕਿਸਮ ਦੀ ਆਜ਼ਾਦੀ ਹਾਸਲ ਕਰਨ ਲਈ ਇਸ ਸੰਗਰਾਮ ਵਿੱਚ ਸਰਗਰਮ ਸ਼ਮੂਲੀਅਤ ਕਰਨ,ਲੋਕ ਤਾਕਤ ਦਾ ਮਜ਼ਬੂਤ ਕਿਲ੍ਹਾ ਉਸਾਰਦੇ ਹੋਏ ਰਾਜ ਅਤੇ ਸਮਾਜ ਮੂਲੋਂ ਬਦਲ ਕੇ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੇ ਨਿਸ਼ਾਨੇ ਨੂੰ ਪਰਨਾਈ ਲਹਿਰ ਉਸਾਰਨ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਲਈ ਕੰਮ ਕਰਨਾ ਬੇਹੱਦ ਜ਼ਰੂਰੀ ਕਾਰਜ ਹੈ।ਇਸ ਉਦੇਸ਼ ਤੋਂ ਬਿਨਾਂ ਬੱਬਰ ਅਕਾਲੀ ਲਹਿਰ ਅਤੇ ਉਸਦੇ ਸ਼ਹੀਦਾਂ ਨੂੰ ਯਾਦ ਕਰਨਾ ਰਸਮੀ ਅਤੇ ਰਵਾਇਤੀ ਬਣ ਕੇ ਰਹਿ ਜਾਏਗਾ। ਅਕਾਲੀ ਲਹਿਰ ਕਿਸੇ ਇੱਕ ਧਰਮ ਤੱਕ ਸੀਮਤ ਨਹੀਂ ਸਗੋਂ ਕਿਰਤੀ ਕਿਸਾਨਾਂ ਨਾਲ਼ ਜੁੜੀ ਲਹਿਰ ਸੀ। ਅਮਰੀਕਾ ਕਨੇਡਾ ਤੋਂ ਪਰਤੇ ਗ਼ਦਰੀਆਂ ਦੀ ਸੂਝ ਬੂਝ ਇਸ ਵਿੱਚ ਖਰੀ ਦੇਸ਼ ਭਗਤੀ, ਨਿਰੰਤਰਤਾ ਅਤੇ ਮਾਰਗ ਸੇਧ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਗ਼ਦਰ ਲਹਿਰ ਸਾਮਰਾਜ, ਉਸਦੇ ਹਿੱਤ ਪਾਲਕਾਂ ਅਤੇ ਲੋਕ-ਦੋਖੀ ਦੇਸੀ ਤਾਕਤਾਂ ਦੇ ਮਨਸੂਬਿਆਂ ਨੂੰ ਸਮਝਣ ਵਾਲਾ ਖ਼ਾਸਾ ਹੋਣ ਕਾਰਨ ਅਜੋਕੇ ਸਮਿਆਂ ਅੰਦਰ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਗ਼ਦਰ ਲਹਿਰ ਧਰਮ ਨਿਰਪੱਖ, ਜਮਹੂਰੀ, ਜਾਤ-ਪਾਤੀ ਵਿਤਕਰੇ ਤੋਂ ਉੱਪਰ ਉੱਠੀ ਸਾਂਝੀਵਾਲਤਾ ਦੇ ਮਾਰਗ ਨੂੰ ਪ੍ਰਣਾਈ ਲਹਿਰ ਸੀ ਜਿਸਦਾ ਗੂੜ੍ਹਾ ਪ੍ਰਭਾਵ ਬੱਬਰ ਅਕਾਲੀ ਲਹਿਰ 'ਤੇ ਪਿਆ। ਊਧੋ ਪੰਡਿਤ, ਮੁਸਲਮਾਨ ਭਾਈਚਾਰੇ 'ਚੋਂ ਫਕੀਰੀਆ, ਸਵਾਮੀ ਪੂਰਨ ਨੰਦ ਅਤੇ ਜੀਵਾ ਘੁਮਿਆਰ ਵਰਗਿਆਂ ਦੀ ਇਸ ਲਹਿਰ ਅੰਦਰ ਸ਼ਾਨਦਾਰ ਭੂਮਿਕਾ ਦਰਸਾਉਂਦੀ ਹੈ ਕਿ ਇਸ ਦੀ ਬੁੱਕਲ ਕਿੰਨੀ ਵਿਸ਼ਾਲ ਅਤੇ ਦੂਰ ਦ੍ਰਿਸ਼ਟੀ ਨਾਲ਼ ਭਰਭੂਰ ਸੀ। ਅੱਜ ਜਦੋਂ ਸਾਮਰਾਜੀ, ਆਰਥਿਕ ਅਤੇ ਫਿਰਕੂ ਫਾਸ਼ੀ ਚੌਤਰਫ਼ੇ ਹੱਲੇ ਕਾਰਨ ਲੋਕਾਂ ਵਿੱਚ ਬੇਚੈਨੀ ਹੈ ਤਾਂ ਇਸ ਗੂੜ੍ਹੇ ਹਨੇਰੇ ਵਿੱਚ ਬੱਬਰ ਅਕਾਲੀ ਲਹਿਰ, ਸਮਾਜ ਅੰਦਰ ਸੁੰਨ ਮਾਨਸਿਕਤਾ ਨੂੰ ਝੰਜੋੜਨ ਲਈ ਉਮੀਦ ਦੀ ਕਿਰਨ ਹੈ।
ਬੱਬਰ ਅਕਾਲੀ ਲਹਿਰ ਦਾ ਨਾਅਰਾ ਸੀ ਇਹ ਖੇਤ ਸਾਡੇ ਨੇ, ਇਹ ਬਾਗ਼ ਸਾਡੇ ਨੇ ਅੱਜ ਜਦੋਂ ਸਾਡੇ ਜੰਗਲ, ਜਲ, ਜ਼ਮੀਨ, ਕੁਦਰਤੀ ਅਨਮੋਲ ਖਜ਼ਾਨੇ, ਸਾਡੀ ਕਿਰਤ, ਸਾਡੀ ਸਿੱਖਿਆ,ਸਿਹਤ, ਰੁਜ਼ਗਾਰ, ਬੋਲੀ, ਇਤਿਹਾਸ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਸਾਮਰਾਜ,ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਵੱਲੋਂ ਕਬਜ਼ਾ ਕਰਨ ਲਈ ਧਾਵਾ ਬੋਲ ਦਿੱਤਾ ਹੈ ਤਾਂ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਦੇ ਅਮੁੱਲੜੇ ਪੱਖਾਂ ਨੂੰ ਲੋਕਾਂ ਕੋਲ ਲਿਜਾਣਾ ਲਾਜ਼ਮੀ ਹੋ ਗਿਆ ਹੈ। ਲੋਕਾਂ ਦੇ ਕਲਿਆਣ ਦੇ ਹਕੀਕੀ ਮਾਰਗ ਤੋਂ ਧਿਆਨ ਲਾਂਭੇ ਕਰਨ ਲਈ ਲੋਕਾਂ ਨੂੰ ਇੱਕ ਦੂਜੇ ਦੇ ਵੈਰੀ ਬਣਾ ਧਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਭਵਿੱਖ਼ ਵਿੱਚ ਇਹਨਾਂ ਸਭਨਾਂ ਕੁਰਾਹੇ ਪਾਊ ਚਾਲਾਂ ਨੂੰ ਨਾਕਾਮ ਕਰਦੇ ਹੋਏ ਬੱਬਰ ਅਕਾਲੀ, ਗ਼ਦਰ ਲਹਿਰ , ਕੂਕਾ ਲਹਿਰ, ਨੌਜਵਾਨ ਭਾਰਤ ਸਭਾ ਲਹਿਰ ਵਰਗੀਆਂ ਸਭਨਾਂ ਲਹਿਰਾਂ ਦੀ ਲੋਕ ਮੁਕਤੀ ਦੀ ਦਿਸ਼ਾ ਵੱਲ ਦੇਣ ਨੂੰ ਸੰਭਾਲਦੇ ਹੋਏ ਅੱਗੇ ਵਧਣ ਦੀ ਲੋੜ ਹੈ। ਸਮਾਜ ਨੂੰ ਹਰ ਵੰਨਗੀ ਦੇ ਦਾਬੇ ਤੋਂ ਮੁਕਤ ਕਰਾਉਣ ਅਤੇ ਲੋਕ-ਪੱਖੀ, ਸਿਹਤਮੰਦ, ਨਵਾਂ ਨਰੋਆ ਸਮਾਜ ਸਿਰਜਣ ਵੱਲ ਜਾਂਦੇ ਮਾਰਗ ਇਉਂ ਹੀ ਹੋਰ ਰੌਸ਼ਨ ਹੁੰਦੇ ਹਨ।
ਇਸ ਸਬੰਧੀ 27 ਫਰਵਰੀ 2026 ਤੋਂ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਮੁਹਿੰਮ ਦਾ ਦੇਸ਼ ਭਗਤ ਯਾਦਗਾਰ ਹਾਲ ਤੋਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵਰ੍ਹੇ ਭਰ ਦੀ ਮੁਹਿੰਮ ਦਾ ਆਗਾਜ਼ ਕੀਤਾ ਜਾਣਾ ਅਤੇ ਇਸਨੂੰ ਪਹਿਲੀ ਨਵੰਬਰ 2026 ਮੇਲਾ ਗ਼ਦਰੀ ਬਾਬਿਆਂ ਦਾ ਮੌਕੇ ਹੋਰ ਵੀ ਫੋਕਸ ਵਿੱਚ ਲਿਆਉਣ ਦਾ ਕਾਰਜ ਹੱਥ ਲੈਣਾ ਇਤਿਹਾਸਕ ਮਹੱਤਤਾ ਰੱਖਦਾ ਹੈ। ਇਹ ਉੱਦਮ ਸਭਨਾਂ ਲੋਕ ਹਿਤੈਸ਼ੀ ਤਾਕਤਾਂ ਲਈ ਅੱਗੇ ਆਉਣ ਅਤੇ ਬੱਬਰ ਅਕਾਲੀ ਲਹਿਰ ਦੇ ਅਮਿੱਟ ਇਤਿਹਾਸ ਤੋਂ ਬਹੁਤ ਹੀ ਅਣਮੁੱਲੇ ਸਬਕ ਗ੍ਰਹਿਣ ਕਰਨ ਲਈ ਪ੍ਰੇਰਨਾਦਾਇਕ ਹੈ।
--0–
No comments:
Post a Comment