23 ਮਾਰਚ ਦਾ ਸੁਨੇਹਾ:
ਸਾਮਰਾਜੀ ਫਰਮਾਨਸ਼ਾਹੀ ਖਿਲਾਫ਼ ਕੌਮੀ ਅਣਖ਼ ਦਾ ਝੰਡਾ ਉੱਚਾ ਕਰੋ
-ਜਸਪਾਲ ਜੱਸੀ
23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦਾ ਦਿਹਾੜਾ ਹੈ। 5 ਸਾਲਾਂ ਤੱਕ ਇਹ ਸ਼ਹਾਦਤ ਆਪਣੀ ਸ਼ਤਾਬਦੀ ਪੂਰੀ ਕਰ ਲਵੇਗੀ। ਤਾਂ ਵੀ ਅੱਜ ਦਾ ਭਾਰਤ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਹੈ। ਸ਼ਹੀਦਾਂ ਨੇ ਵਿਦੇਸ਼ੀ ਸਾਮਰਾਜੀਆਂ ਅਤੇ ਮੁਲਕ ਦੇ ਮੁੱਠੀ ਭਰ ਲੁਟੇਰਿਆਂ ਦੀ ਲੁੱਟ ਅਤੇ ਦਾਬੇ ਦੀ ਸਮਾਪਤੀ ਤੱਕ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਇਸ ਨਿਸ਼ਾਨੇ ਦੀਆਂ ਵਾਟਾਂ ਲੰਮੀਆਂ ਸਾਬਤ ਹੋਈਆਂ ਹਨ।
ਸ਼ਹੀਦ ਭਗਤ ਸਿੰਘ ਨੇ ਸਪਸ਼ਟ ਕੀਤਾ ਸੀ ਕਿ ਉਹਨਾਂ ਲਈ “ਕੌਮ” ਕਾਂਗਰਸ ਦੇ ਲਾਊਡ ਸਪੀਕਰ ਨਹੀਂ ਹਨ। ਇਸ ਦਾ ਅਰਥ ਮੁਲਕ 'ਚ ਵਸਦੇ “95 ਫੀਸਦੀ ਲੋਕਾਂ” ਤੋਂ ਹੈ। ਇਹ “95 ਫੀਸਦੀ ਲੋਕ” ਅੱਜ ਵੀ ਵਿਦੇਸ਼ੀ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਜੋਟੀਦਾਰਾਂ ਦੀ ਲੁੱਟ ਅਤੇ ਦਾਬਾ ਹੰਢਾ ਰਹੇ ਹਨ। ਆਜ਼ਾਦੀ ਦੇ ਐਲਾਨਾਂ ਨੂੰ 80 ਸਾਲ ਹੋਣ ਵਾਲੇ ਹਨ। ਹੁਣ ਵੀ ਵੱਡੀਆਂ ਸਾਮਰਾਜੀ ਤਾਕਤਾਂ ਦਾ ਮੁਲਕ 'ਤੇ ਸਰਬਪੱਖੀ ਦਾਬਾ ਕਾਇਮ ਹੈ। ਅੱਜ ਵੀ ਇਹ ਸਾਮਰਾਜੀਏ ਭਾਰਤੀ ਅਰਥਚਾਰੇ ਦੀਆਂ ਮੁਹਾਰਾਂ ਖਿੱਚ ਰਹੇ ਹਨ। ਤਾਜ਼ਾ ਹਿੰਦ ਅਮਰੀਕਾ ਵਪਾਰ ਸਮਝੌਤਾ ਕੌਮੀ ਅਧੀਨਗੀ ਅਤੇ ਸਾਮਰਾਜੀ ਦਾਬੇ ਦਾ ਹੀ ਇਸ਼ਤਿਹਾਰ ਹੈ ।
23 ਮਾਰਚ ਦੇ ਸ਼ਹੀਦਾਂ ਲਈ ਗਾਂਧੀ ਨੇ “ਕਾਤਲ” ਸ਼ਬਦ ਦੀ ਵਰਤੋਂ ਕੀਤੀ ਸੀ। ਉਹ ਅਸੰਬਲੀ ਧਮਾਕੇ ਬਾਰੇ ਟਿੱਪਣੀ ਕਰ ਰਿਹਾ ਸੀ। ਸਾਰੀ ਦੁਨੀਆਂ ਜਾਣਦੀ ਹੈ ਕਿ ਇਹ ਧਮਾਕਾ ਕਿਸੇ ਦੀ ਜਾਨ ਲੈਣ ਲਈ ਨਹੀਂ ਸੀ ਕੀਤਾ ਗਿਆ। 'ਮਹਾਤਮਾ' ਵੀ ਇਸ ਸਚਾਈ ਨੂੰ ਜਾਣਦਾ ਸੀ, ਤਾਂ ਵੀ ਉਸ ਨੇ “ਕਾਤਲ” ਸ਼ਬਦ ਦੀ ਵਰਤੋਂ ਕੀਤੀ। ਇਹ ਸਿਰਫ਼ ਜ਼ੁਬਾਨ ਦਾ ਗੋਤਾ ਨਹੀਂ ਸੀ।ਇਨ੍ਹਾਂ ਸ਼ਹੀਦਾਂ ਨਾਲ ਗਾਂਧੀਵਾਦੀ ਲੀਡਰਸ਼ਿੱਪ ਦੇ ਅਸਲ ਰਿਸ਼ਤੇ ਦਾ ਇਜ਼ਹਾਰ ਸੀ।
ਗਾਂਧੀ ਨੇ ਇਹਨਾਂ ਸ਼ਹੀਦਾਂ ਦੀ ਫਾਂਸੀ ਰੱਦ ਕਰਨ ਦੇ ਮਸਲੇ ਨੂੰ ਬਰਤਾਨਵੀ ਸਾਮਰਾਜੀਆਂ ਨਾਲ ਗਾਂਧੀ-ਇਰਵਿਨ ਗੱਲਬਾਤ ਲਈ ਸ਼ਰਤ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੇ ਫਾਂਸੀ ਦੇਣ ਦੇ ਬਰਤਾਨਵੀ ਹਾਕਮਾਂ ਦੇ ਅਟੱਲ ਕਦਮ ਨੂੰ ਭਾਣੇ ਵਜੋਂ ਸਵੀਕਾਰ ਕਰ ਲਿਆ ਸੀ। ਉਸਦਾ ਫਿਕਰ ਇਹ ਸੀ ਕਿ ਫਾਂਸੀ ਦੇਣ ਦਾ ਸਮਾਂ ਕਾਂਗਰਸ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਚੁਣਿਆ ਜਾਵੇ। ਉਸ ਨੇ ਮਸ਼ਵਰਾ ਦਿੱਤਾ ਕਿ ਜੇ ਫਾਂਸੀ ਦੇਣੀ ਹੀ ਹੈ ਤਾਂ ਇਸ ਨੂੰ ਕਾਂਗਰਸ ਦੇ ਕਰਾਚੀ ਸੈਸ਼ਨ ਤੋਂ ਪਹਿਲਾਂ ਪਹਿਲਾਂ ਲਾਗੂ ਕਰ ਦਿੱਤਾ ਜਾਵੇ।
ਕੌਮ ਦੇ ਇਹਨਾਂ “ਹੀਰਿਆਂ” ਨੇ ਤਹੱਮਲ ਦਾ ਪੱਲਾ ਨਾ ਛੱਡਦਿਆਂ ਗਾਂਧੀ ਦੇ ਫਤਵੇ ਦਾ ਠੋਸ ਦਲੀਲਾਂ ਨਾਲ ਖੰਡਨ ਕੀਤਾ ਸੀ । ਉਹਨਾਂ ਨੇ ਸਦਾ ਸਲਾਮਤ ਰਹਿਣ ਵਾਲੀ ਨਿਰਾਲੀ ਧਜ ਅਤੇ ਸਹਿਜ ਨਾਲ ਫਾਂਸੀ ਦਾ ਰੱਸਾ ਚੁੰਮਿਆ ਅਤੇ ਖਲਕਤ ਦੇ ਲਬਾਂ ਤੇ ਥਰਕਦੀਆਂ ਘੋੜੀਆਂ 'ਚ ਸਮਾ ਗਏ। ਸੁਰਜੀਤ ਪਾਤਰ ਦੇ ਸ਼ਬਦਾਂ ਚ “ਰੁੱਖਾਂ, ਪੌਣਾਂ ਅਤੇ ਦਰਿਆਵਾਂ ਨੇ ਉਹਨਾਂ ਨੂੰ ਕੌਮੀ ਸ਼ਹੀਦਾਂ ਵਜੋਂ ਗਲ ਨਾਲ ਲਾ ਲਿਆ।” ਗਾਂਧੀ ਨੂੰ ਆਪਣੇ ਰਵੱਈਏ ਅਤੇ ਰੋਲ ਬਦਲੇ ਵੱਡੇ ਜਨਤਕ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਕਰਾਚੀ 'ਚ ਲੱਖਾਂ ਲੋਕਾਂ ਦੇ ਜਨਤਕ ਕਟਹਿਰੇ 'ਚ ਆਪਣੇ ਮੱਥੇ 'ਤੇ ਲੱਗੇ “ਕਲੰਕ ਦੇ ਟਿੱਕੇ” ਦਾ ਇਕਬਾਲ ਕਰਨਾ ਪਿਆ।
ਇਹਨਾਂ ਕੌਮੀ ਸ਼ਹੀਦਾਂ ਬਾਰੇ “ਅੱਤਵਾਦੀ” ਤੇ “ਕਾਤਲ” ਹੋਣ ਦੇ ਬਰਤਾਨਵੀ ਸਾਮਰਾਜੀਆਂ ਤੇ ਗਾਂਧੀ ਦੇ ਸਾਂਝੇ ਫਤਵੇ ਅੱਜ ਕੱਲ੍ਹ ਸਿਮਰਨਜੀਤ ਸਿੰਘ ਮਾਨ ਵਰਗੇ ਕੌਮ-ਦੁਸ਼ਮਣ, ਸਾਮਰਾਜੀ ਚਾਕਰਾਂ ਵੱਲੋਂ ਦੁਹਰਾਏ ਜਾ ਰਹੇ ਹਨ। ਇਉਂ 23 ਮਾਰਚ ਦਾ ਦਿਹਾੜਾ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਨਾ ਸਿਰਫ਼ ਬਰਤਾਨਵੀ ਸਾਮਰਾਜੀਆਂ ਨਾਲ ਸਗੋਂ ਗਾਂਧੀਵਾਦੀ ਲੀਡਰਸ਼ਿਪ ਅਤੇ ਸਮਰਾਜ ਦੀਆਂ ਚਾਕਰ ਹੋਰਨਾ ਸਿਆਸੀ ਧਿਰਾਂ ਨਾਲ ਵੀ ਅਸਲ ਰਿਸ਼ਤੇ ਦੀ ਗਵਾਹੀ ਭਰਦਾ ਹੈ।
ਗਾਂਧੀਵਾਦੀ ਲੀਡਰਸ਼ਿਪ ਅਤੇ ਭਗਤ ਸਿੰਘ ਦੇ ਮੱਤਭੇਦ ਸਿਰਫ਼ ਆਜ਼ਾਦੀ ਹਾਸਲ ਕਰਨ ਦੇ ਢੰਗ ਤਰੀਕਿਆਂ ਬਾਰੇ ਮੱਤਭੇਦ ਨਹੀਂ ਸਨ। ਇਹ ਮੱਤਭੇਦ ਹਿੰਸਾ ਅਤੇ ਅਹਿੰਸਾ ਦੇ ਮੁੱਦੇ ਤੱਕ ਸੀਮਤ ਨਹੀਂ ਸਨ। ਇੱਕ ਪਾਸੇ ਉਹ ਸਨ ਜਿਹੜੇ ਸਾਮਰਾਜੀ ਲੁੱਟ ਅਤੇ ਦਾਬੇ 'ਚੋਂ ਯਕੀਨੀ ਹਿੱਸਾਪੱਤੀ ਚਾਹੁੰਦੇ ਸਨ । ਇਸ ਲੁੱਟ ਅਤੇ ਦਾਬੇ ਨੂੰ ਯੂਨੀਅਨ ਜੈਕ ਦੀ ਥਾਂ ਬਦਲਵੇਂ 'ਦੇਸੀ' ਝੰਡਿਆਂ ਹੇਠ ਜਾਰੀ ਰੱਖਣਾ ਚਾਹੁੰਦੇ ਸਨ। ਇਹ ਤਿਰੰਗਾ ਝੰਡਾ ਹੋਵੇ, ਮੁਸਲਿਮ ਲੀਗ ਦਾ ਝੰਡਾ ਜਾਂ ਕੋਈ ਹੋਰ ਝੰਡਾ। ਦੂਜੇ ਪਾਸੇ ਉਹ ਇਨਕਲਾਬੀ ਸਨ ਜਿਹੜੇ ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਜੋਟੀਦਾਰਾਂ ਦੀ ਲੁੱਟ ਅਤੇ ਦਾਬੇ ਦੀ ਸਮਾਪਤੀ ਚਾਹੁੰਦੇ ਸਨ। ਭਗਤ ਸਿੰਘ ਅਤੇ ਸਾਥੀਆਂ ਨੇ ਬਹੁਤ ਪਹਿਲਾਂ ਅਖੌਤੀ ਕੌਮੀ ਲੀਡਰਸ਼ਿਪ ਨਾਲ ਆਪਣੇ ਅਸਲ ਰਿਸ਼ਤੇ ਦਾ ਤੱਤ ਬਿਆਨ ਕਰ ਦਿੱਤਾ ਸੀ:
“ਵੀਹਵੀਂ ਸਦੀ ਦੇ ਮੁੱਢ ਤੋਂ ਅੰਗਰੇਜ਼ ਨੌਕਰਸ਼ਾਹੀ ਭਾਰਤ ਲਈ ਇੱਕ ਬਿਲਕੁਲ ਨਵੀਂ ਨੀਤੀ ਅਪਣਾ ਰਹੀ ਹੈ। ਵੱਡੇ ਸਰਮਾਏਦਾਰ ਤਬਕੇ ਨੂੰ ਰਿਆਇਤਾਂ ਦੇ ਕੇ ਉਹ ਇਹਨਾਂ ਨੂੰ ਆਪਣੀਆਂ ਸਫਾਂ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਦੇ ਹਿਤ ਸਾਂਝੇ ਬਣਾਏ ਜਾ ਰਹੇ ਹਨ। ਦੇਸ਼ ਵਿੱਚ ਅੰਗਰੇਜੀ ਸਰਮਾਇਆ ਵਧਣ ਨਾਲ ਭਾਰਤ ਦੀ ਅਜਿਹੀ ਗਿਰਾਵਟ ਅਟੱਲ ਹੋ ਜਾਵੇਗੀ। ਭਵਿੱਖ ਵਿੱਚ, ਬਹੁਤ ਛੇਤੀ ਹੀ ਅਸੀਂ ਇਸ ਤਬਕੇ ਅਤੇ ਇਸ ਦੇ ਉੱਘੇ ਨੇਤਾਵਾਂ ਨੂੰ ਵਿਦੇਸ਼ੀ ਹਾਕਮਾਂ ਨਾਲ ਗਲਵੱਕੜੀ ਪਾਈ ਹੋਈ ਤੱਕਾਂਗੇ। ਕਿਸੇ ਗੋਲਮੇਜ਼ ਕਾਨਫਰੰਸ ਜਾਂ ਅਜਿਹੇ ਹੋਰ ਢੰਗਾਂ ਰਾਹੀਂ ਇਹਨਾਂ ਵਿਚਾਲੇ ਸੌਦੇਬਾਜ਼ੀ ਹੋ ਜਾਵੇਗੀ...” (ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ; 6 ਅਪ੍ਰੈਲ, 1928) ਗਾਂਧੀਵਾਦੀ ਲਹਿਰ ਬਾਰੇ ਲੋਕਾਂ ਦੇ ਭਰਮ ਦੂਰ ਕਰਨ ਲਈ ਇਹਨਾਂ ਦੂਰ-ਅੰਦੇਸ਼ ਇਨਕਲਾਬੀਆਂ ਨੇ ਸੁਣਾਉਣੀ ਕੀਤੀ:
“ਕਾਂਗਰਸ ਲਹਿਰ ਦੀਆਂ ਸੰਭਾਵਨਾਵਾਂ, ਹਾਰਾਂ ਅਤੇ ਪ੍ਰਾਪਤੀਆਂ ਬਾਰੇ ਕਿਸੇ ਕਿਸਮ ਦਾ ਭਰਮ ਨਹੀਂ ਹੋਣਾ ਚਾਹੀਦਾ। ਇਸ ਲਹਿਰ ਨੂੰ, ਜੋ ਅੱਜ ਹੈ, ਗਾਂਧੀਵਾਦੀ ਕਹਿਣਾ ਹੀ ਠੀਕ ਹੈ। ਇਹ ਦਾਅਵੇ ਨਾਲ ਆਜ਼ਾਦੀ ਲਈ ਨਹੀਂ ਖੜ੍ਹਦੀ, ਬਲਕਿ ਹਿੱਸੇਦਾਰੀ ਦੇ ਹੱਕ ਵਿੱਚ ਹੈ।” (“ਸਾਡੇ ਲਈ ਸੁਨਹਿਰੀ ਮੌਕਾ” ਲਿਖਤ 'ਚੋਂ)
“ਸਮਝੌਤਾ ਅਤੇ ਸੁਧਾਰਾਂ ਦੀ ਇੱਕ ਕਿਸ਼ਤ…ਇਹੀ ਪ੍ਰਾਪਤ ਕਰਨ ਲਈ ਗਾਂਧੀਵਾਦ ਜ਼ੋਰ ਲਗਾ ਰਿਹਾ ਹੈ।ਉਹ ਚਾਹੁੰਦਾ ਹੈ ਕਿ ਦਿੱਲੀ ਦਾ ਰਾਜ ਗੋਰਿਆਂ ਦੇ ਹੱਥੋਂ ਭੂਰਿਆਂ ਦੇ ਹੱਥ ਆ ਜਾਵੇ।ਇਹ ਲੋਕਾਂ ਦੇ ਜੀਵਨ ਤੋਂ ਇਕਲਵਾਂਝੇ ਹੈ ਅਤੇ ਜਿਵੇਂ ਹੀ ਰਾਜ ਗੱਦੀ 'ਤੇ ਬੈਠੇ ਤਾਂ ਜ਼ਾਲਮ ਬਣ ਜਾਣ ਦੀ ਬਹੁਤ ਸੰਭਾਵਨਾ ਹੈ ।”(ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖ਼ਤਾਂ)
ਇਤਿਹਾਸ ਨੇ ਇਹਨਾਂ ਸ਼ਹੀਦਾਂ ਦੀ ਭਵਿੱਖਬਾਣੀ ਨੂੰ ਸਹੀ ਸਾਬਤ ਕੀਤਾ। ਭਾਰਤੀ ਰਾਜ ਨੇ ਆਜ਼ਾਦੀ ਦੇ ਐਲਾਨਾਂ ਮਗਰੋਂ ਤਲਿੰਗਾਨਾ ਦੀ ਧਰਤੀ ਨੂੰ ਲਹੂ 'ਚ ਰੰਗਕੇ ਆਪਣੀ ਅੱਤਿਆਚਾਰੀ ਤਬੀਅਤ ਦੀ ਨੁਮਾਇਸ਼ ਲਾਈ। ਨਵੇਂ ਹਾਕਮਾਂ ਨੇ ਗੱਦੀ ਬਹਿੰਦਿਆਂ ਹੀ ਸਾਮਰਾਜੀਆਂ ਤੋਂ ਵਿਰਸੇ 'ਚ ਲਏ ਜਾਬਰ ਕਾਲੇ ਕਾਨੂੰਨਾਂ ਦੀ ਧਾਰ ਤੇਜ਼ ਕਰਨ ਦਾ ਸਿਲਸਿਲਾ ਵਿੱਢ ਲਿਆ। ਅੱਜ ਇਹ ਸਿਲਸਿਲਾ ਨਵੀਆਂ ਸਿਖਰਾਂ ਛੋਹ ਰਿਹਾ ਹੈ। ਐਮਰਜੈਂਸੀ ਵਰਗੇ ਕਾਲੇ ਦੌਰ ਹੰਢਾ ਚੁੱਕੇ ਲੋਕਾਂ ਦਾ ਮੱਥਾ ਅੱਜ ਫੇਰ ਨਵੇਂ ਫਾਸ਼ੀਆਨਾ ਵਾਰਾਂ ਦੀ ਉੱਭਰਦੀ ਚੁਣੌਤੀ ਨਾਲ ਲੱਗ ਰਿਹਾ ਹੈ । 1947 'ਚ ਠੋਸੀ ਹੋਈ ਫਿਰਕੂ ਵੰਡ ਅਤੇ ਕਤਲੇਆਮ ਦਾ ਸੰਤਾਪ ਹੰਢਾਉਣ ਪਿੱਛੋਂ ਲੋਕ ਵਾਰ ਵਾਰ, ਜਥੇਬੰਦ ਕੀਤੀ ਫਿਰਕੂ ਹਿੰਸਾ ਅਤੇ ਕਤਲੇਆਮ ਭੋਗਦੇ ਆ ਰਹੇ ਹਨ ।
ਸਾਮਰਾਜੀ ਸਰਮਾਏ ਦੀ ਘੁਸਪੈਠ ਦੇ ਸਿੱਟੇ ਵਜੋਂ ਭਾਰਤ ਦੀ ਜਿਸ “ਅਟੱਲ ਗਿਰਾਵਟ” ਦਾ ਸੰਕੇਤ ਭਗਤ ਸਿੰਘ ਨੇ ਦਿੱਤਾ ਸੀ,ਅੱਜ ਲੋਕ ਉਸ “ਗਿਰਾਵਟ” ਦੇ ਨਤੀਜੇ ਭੁਗਤ ਰਹੇ ਹਨ। 1947 'ਚ ਹੋਈ ਬਸਤੀਵਾਦੀ ਰਾਜ ਦੀ ਰੂਪ ਬਦਲੀ ਸਦਕਾ ਰਾਜਭਾਗ ਦੀ ਵਾਗਡੋਰ ਗਾਂਧੀਵਾਦੀ ਲੀਡਰਸ਼ਿੱਪ ਅਤੇ ਮੁਸਲਿਮ ਲੀਗ ਦੀ ਲੀਡਰਸ਼ਿੱਪ ਨੇ ਵੰਡ ਕੇ ਸਾਂਭ ਲਈ ।ਇਨ੍ਹਾਂ ਬਦਲਵੇਂ ਹੱਥਾਂ 'ਚ ਸਾਮਰਾਜੀ ਲੁੱਟ ਅਤੇ ਦਾਬੇ ਦਾ ਦਸਤੂਰ ਮੁਲਕ ਦੇ ਦੋਹਾਂ ਟੋਟਿਆਂ (ਭਾਰਤ ਅਤੇ ਪਾਕਿਸਤਾਨ) 'ਚ ਜਾਰੀ ਰਿਹਾ ਹੈ। ਬਸਤੀਵਾਦੀ ਰਾਜ ਦੇ ਵਾਰਸਾਂ ਵਜੋਂ ਵੱਖ ਵੱਖ ਧਿਰਾਂ ਦੀਆਂ ਹਕੂਮਤਾਂ ਆਉਂਦੀਆਂ ਜਾਂਦੀਆਂ ਰਹੀਆਂ ਹਨ, ਪਰ ਸਾਮਰਾਜੀ ਕੌਮੀ ਦਾਬੇ ਅਤੇ ਜਮਾਤੀ ਦਾਬੇ ਦੀ ਜਕੜ ਕਾਇਮ ਹੈ।
ਮੁਲਕ ਦੇ ਮੌਜੂਦਾ ਹਾਕਮਾਂ ਦੀ ਸਾਕਾਚਾਰੀ ਫਿਰਕੂ ਸਿਆਸੀ ਮੰਤਵਾਂ ਲਈ ਗਾਂਧੀ ਦਾ ਕਤਲ ਕਰਨ ਵਾਲੀਆਂ ਕਾਲੀਆਂ ਤਾਕਤਾਂ ਨਾਲ ਹੈ। ਅੰਗਰੇਜ਼ੀ ਰਾਜ ਦੌਰਾਨ ਆਰ ਐੱਸ ਐੱਸ ਦੇ ਫੱਟੇ ਹੇਠ ਜਥੇਬੰਦ ਇਹ ਤਾਕਤਾਂ ਬਰਤਾਨਵੀ ਸਾਮਰਾਜੀਆਂ ਦੇ ਕਿਸੇ ਰਸਮੀ ਵਿਰੋਧ ਤੋਂ ਵੀ ਦੂਰ ਰਹੀਆਂ ਸਨ।
ਅੱਜ ਵੀ ਆਰ ਐੱਸ ਐੱਸ - ਬੀ ਜੇ ਪੀ ਲਾਣਾ ਸਾਮਰਾਜੀ ਚਾਕਰੀ ਦੇ ਮਾਮਲੇ 'ਚ ਆਪਣੀ ਸ਼ਰੀਕ ਗਾਂਧੀਵਾਦੀ ਧਿਰ ਨਾਲੋਂ ਅੱਗੇ ਜਾ ਰਿਹਾ ਹੈ ।
ਇਸ ਲਾਣੇ ਨੇ ਬਰਤਾਨਵੀ ਰਾਜ ਦੌਰਾਨ ਕੌਮੀ ਆਜ਼ਾਦੀ ਲਈ ਲੜਾਈ ਦਾ ਤਾਂ ਕਦੇ ਵੀ ਦਾਅਵਾ ਨਹੀਂ ਸੀ ਕੀਤਾ ਪਰ ਆਜ਼ਾਦੀ ਦੇ ਐਲਾਨਾਂ ਸਮੇਂ ਭਾਰਤੀ ਸੰਵਿਧਾਨ ਨੂੰ ਮਨੂੰ-ਸਿਮਰਤੀ ਦੇ ਰੰਗ 'ਚ ਰੰਗਣ ਦੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਸਨ। ਹੁਣ ਵੀ ਇਸ ਵੱਲੋਂ ਹਕੂਮਤੀ ਕੁਰਸੀ ਦਾ ਲਾਹਾ ਲੈ ਕੇ ਮੁਲਕ ਦੀ ਸਮਾਜਿਕ ਜ਼ਿੰਦਗੀ 'ਤੇ ਮਨੂੰ ਸਿਮਰਤੀ ਦਾ ਪਰਛਾਵਾਂ ਗੂੜ੍ਹਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮੁਲਕ ਨੂੰ ਬਸਤੀਵਾਦ ਦੀ ਵਿਰਾਸਤ ਤੋਂ ਮੁਕਤ ਕਰਾਉਣ ਦੇ ਪਾਖੰਡੀ ਦਾਅਵਿਆਂ 'ਚ ਲਪੇਟ ਕੇ ਭਗਵੇਂਕਰਨ ਦਾ ਝੰਡਾ ਲਹਿਰਾਇਆ ਜਾ ਰਿਹਾ ਹੈ।
ਸਾਮਰਾਜੀ ਫਰਮਾਨਸ਼ਾਹੀ ਨੂੰ ਜਿਸਦੇ ਪੈਰਾਂ 'ਚ ਮੋਦੀ ਹਕੂਮਤ ਢੀਠਤਾਈ ਨਾਲ ਲਿਟ ਰਹੀ ਹੈ,ਇਸ ਝੰਡੇ ਨਾਲ ਕੋਈ ਸਮੱਸਿਆ ਨਹੀਂ ਹੈ। ਕਿਉਂਕਿ ਇਹ ਝੰਡਾ ਸਾਮਰਾਜੀ ਦਾਬੇ ਹੇਠ ਜਿਉਂ ਰਹੇ ਭਾਰਤੀ ਲੋਕਾਂ ਨੂੰ ਪਾੜਕੇ ਕੁਚਲਣ ਦਾ ਹਥਿਆਰ ਹੈ। ਇਹ ਵਫ਼ਾਦਾਰ ਭਾਰਤੀ ਰਾਜ ਵੱਲੋਂ ਪਾੜੀ,ਭਟਕਾਈ ਅਤੇ ਦਬਕਾਈ ਹੋਈ ਜਨਤਾ 'ਤੇ ਸਾਮਰਾਜੀ ਫਰਮਾਨਸ਼ਾਹੀ ਠੋਸਣ ਦਾ ਕੰਮ ਸਹਿਲ ਕਰਦਾ ਹੈ।
ਪਰ ਸਾਮਰਾਜ ਦੀ ਚਾਕਰੀ ਕਰਨ ਵਾਲੀਆਂ ਹੋਰਨਾਂ ਸਿਆਸੀ ਧਿਰਾਂ ਵਾਂਗ ਭਗਵਿਆਂ ਦਾ ਇਹ ਕੌਮ ਧ੍ਰੋਹੀ ਲਾਣਾ ਵੀ ਆਪਣੇ ਲੋਕ ਦੁਸ਼ਮਣ ਹਿੱਤਾਂ ਲਈ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੀ ਨਕਲੀ ਉਸਤਤ ਕਰਨ ਤੋਂ ਨਹੀਂ ਉੱਕਦਾ।
ਖੈਰ!ਭਗਤ ਸਿੰਘ ਦੀ ਬਸੰਤੀ ਪੱਗ ਨੂੰ ਭਗਤ ਸਿੰਘ ਖਿਲਾਫ਼ ਵਰਤਣ ਲਈ ਸਿਰ 'ਤੇ ਸਜਾਉਣ ਵਾਲਿਆਂ ਦਾ ਤੋੜਾ ਨਹੀਂ ਹੈ । ਇਹ “ਬਸੰਤੀ ਪੱਗ” ਪੰਜਾਬ ਦੀ ਹਕੂਮਤ ਨੇ ਵੀ ਆਪਣੇ ਸਿਰ 'ਤੇ ਸਜਾਈ ਹੋਈ ਹੈ ਜਿਸਦੀਆਂ ਲਾਠੀਆਂ ਮੁੜ ਮੁੜ ਭਗਤ ਸਿੰਘ ਦੇ ਵਾਰਸਾਂ 'ਤੇ ਵਰ੍ਹ ਰਹੀਆਂ ਹਨ!
ਸ਼ਹੀਦਾਂ ਦੇ ਖਰੇ ਵਾਰਸਾਂ ਨੂੰ 23 ਮਾਰਚ ਦੇ ਦਿਹਾੜੇ ਨੂੰ ਨਕਲੀ ਬਸੰਤੀ ਪੱਗਾਂ ਵਾਲੇ ਸਭਨਾਂ ਕੌਮ ਧ੍ਰੋਹੀ ਸਿਆਸੀ ਧੜਿਆਂ ਨੂੰ ਬੇਨਕਾਬ ਕਰਨ ਦਾ ਦਿਹਾੜਾ ਬਣਾਉਣਾ ਚਾਹੀਦਾ ਹੈ। ਸਾਮਰਾਜਵਾਦ ਅਤੇ ਫਿਰਕਾਪ੍ਰਸਤੀ ਖਿਲਾਫ਼ ਕੌਮੀ ਅਣਖ਼ ਅਤੇ ਜਮਾਤੀ ਏਕਤਾ ਦਾ ਝੰਡਾ ਉੱਚਾ ਕਰਨ ਦਾ ਦਿਹਾੜਾ ਬਣਾਉਣਾ ਚਾਹੀਦਾ ਹੈ ।
ਭਗਤ ਸਿੰਘ ਅਤੇ ਪਾਸ਼ ਦਾ ਅੰਤਮ ਉਦੇਸ਼
23 ਮਾਰਚ ਦੇ ਸ਼ਹੀਦਾਂ ਦਾ ਆਦਰਸ਼ ਭਾਰਤ ਦੀ ਧਰਤੀ ਤੱਕ ਹੀ ਮਹਿਦੂਦ ਨਹੀਂ ਸੀ ।ਉਨ੍ਹਾਂ ਦੀ ਦ੍ਰਿਸ਼ਟੀ ਕੌਮਾਂਤਰੀ ਸੀ । ਸਾਰੀ ਧਰਤੀ ਤੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਦੀ ਸਮਾਪਤੀ ਉਨ੍ਹਾਂ ਦਾ ਟੀਚਾ ਸੀ। ਸਮੁੱਚੀ ਮਨੁੱਖਤਾ ਨੂੰ ਸੰਸਾਰ ਭਾਈਚਾਰੇ ਦੀ ਲੜੀ 'ਚ ਪਰੋਣ ਦਾ ਟੀਚਾ ਸੀ ।ਮਗਰੋਂ 23 ਮਾਰਚ ਦੇ ਸ਼ਹੀਦਾਂ ਦੀ ਕਤਾਰ 'ਚ ਰਲੇ ਕਵੀ ਪਾਸ਼ ਨੇ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਦੀ ਤਸਵੀਰ ਇਓਂ ਖਿੱਚੀ ਹੈ :
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ
ਮਜ਼੍ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ
ਦੁਨੀਆਂ 'ਤੇ ਇੱਕੋ ਹੀ ਜਮਾਤ ਹੋਏਗੀ
ਰੋਜ਼ ਹੀ ਦੀਵਾਲੀ ਵਾਲੀ ਰਾਤ ਹੋਏਗੀ”
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆਂ
ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ
No comments:
Post a Comment