Sunday, March 22, 2026

ਇਰਾਨ 'ਤੇ ਹਮਲੇ ਖਿਲਾਫ਼ ਸੰਸਾਰ ਦੇ ਲੋਕਾਂ ਦੀ ਰੋਸ ਆਵਾਜ਼

 ਇਰਾਨ 'ਤੇ ਹਮਲੇ ਖਿਲਾਫ਼ ਸੰਸਾਰ ਦੇ ਲੋਕਾਂ ਦੀ ਰੋਸ ਆਵਾਜ਼



ਜਿੱਥੇ ਅਮਰੀਕਾ ਤੇ ਇਜ਼ਰਾਈਲ ਵਲੋਂ ਇਰਾਨ 'ਤੇ ਕੀਤੇ ਹਮਲੇ ਖਿਲਾਫ਼ ਦੁਨੀਆਂ ਦੀਆਂ ਸਾਮਰਾਜ ਦੀਆਂ ਪਿੱਠੂ ਹਕੂਮਤਾਂ ਨੇ ਬੇਸ਼ਰਮੀ ਭਰੀ ਚੁੱਪ ਧਾਰਨ ਕਰਨ, ਦਬਵੀਂ ਜ਼ੁਬਾਨ ਨਾਲ ਜੰਗ ਦੀ ਨਿੰਦਾ ਕਰਨ ਜਾਂ ਆਨੇ ਬਹਾਨੇ ਹਮਲੇ ਦਾ ਪੱਖ ਪੂਰਨ ਦਾ ਰਾਹ ਅਖਤਿਆਰ ਕੀਤਾ ਹੈ ਉਥੇ ਦੁਨੀਆਂ ਭਰ ਦੇ ਇਨਸਾਫ਼ਪਸੰਦ ਤੇ ਅਮਨਪਸੰਦ ਲੋਕਾਂ ਨੇ ਇਸ ਧੱਕੜ ਹਮਲੇ ਤੇ ਅਮਰੀਕੀ-ਇਜ਼ਰਾਈਲੀ ਗਠਜੋੜ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ। ਨਾ ਸਿਰਫ ਤੀਜੀ ਦੁਨੀਆਂ ਦੇ ਪੱਛੜੇ ਮੁਲਕਾਂ ਸਗੋਂ ਅਮਰੀਕਾ, ਇਜ਼ਰਾਈਲ ਦੇ ਅੰਦਰੋਂ ਵੀ ਲੋਕਾਂ ਨੇ ਜੰਗ ਵਿਰੋਧੀ ਨਾਅਰੇ ਬੁਲੰਦ ਕੀਤੇ ਹਨ। ਸਭ ਤੋਂ ਵੱਡੇ ਮੁਜ਼ਾਹਰੇ ਇਰਾਨ ਅੰਦਰ ਹੋਏ ਹਨ ਜਿੱਥੇ ਸੁਪਰੀਮ ਲੀਡਰ ਖੁਮੈਨੀ ਦੀ ਮੌਤ ਤੋਂ ਮਗਰੋਂ ਲੱਖਾਂ ਲੋਕ ਇਸ ਸਾਮਰਾਜੀ ਹਮਲੇ ਖਿਲਾਫ਼ ਸੜਕਾਂ 'ਤੇ ਨਿੱਤਰੇ। ਪਰ ਇਸਦੇ ਨਾਲ ਹੀ ਖੁਮੈਨੀ ਦੀ ਮੌਤ ਦੀ ਖ਼ਬਰ ਫੈਲਦਿਆਂ ਵੀ ਹਮਲਾਵਰ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਅੰਦਰ ਹੀ ਜੰਗ ਵਿਰੋਧੀ ਵਿਖਾਵਿਆਂ ਦਾ ਹੜ੍ਹ ਦੇਖਣ ਨੂੰ ਮਿਲਿਆ। ਹਜ਼ਾਰਾਂ ਲੋਕਾਂ ਨੇ ਵ੍ਹਾਈਟ ਹਾਊਸ ਦੇ ਨੇੜੇ ਵਾਸ਼ਿੰਗਟਨ ਡੀ ਸੀ ਤੇ ਟਾਈਮਜ਼ ਸੁਕੈਅਰ ਵਿਖੇ ਜੰਗ ਵਿਰੋਧੀ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਜਿਵੇਂ ਕਿ ਐਟਲਾਂਟਾ, ਬਾਲਟੀਮੋਰ, ਬੋਸਟਨ, ਸ਼ਿਕਾਗੋ, ਡੇਨਵਰ, ਲਾਸ ਵੇਗਾਸ, ਲਾਸ ਏਂਜਲਸ, ਮਿਆਮੀ, ਸਨਫਰਾਂਸਿਸਕੋ ਤੇ ਫਿਲਾਡੇਲਫੀਆ ਵਿਚ ਖੱਬੇ ਪੱਖੀ ਸੰਗਠਨਾਂ ਦੀ ਅਗਵਾਈ 'ਚ ਹਜ਼ਾਰਾਂ ਲੋਕਾਂ ਨੇ ਜੰਗ ਖਿਲਾਫ਼ ਪ੍ਰਦਰਸ਼ਨ ਕੀਤੇ। ਇਹਨਾਂ ਮੁਜ਼ਾਹਰਿਆਂ ਨੂੰ ਜਥੇਬੰਦ ਕਰਨ ਵਾਲਿਆਂ 'ਚ A.N.S.W.E.R. (Act Now to Stop War and Racism), ਜਥੇਬੰਦੀ, ਫ਼ਲਸਤੀਨ ਲਈ ਅਮਰੀਕੀ ਮੁਸਲਿਮ, ਪੀਪਲਜ਼ ਫੋਰਮ ਆਫ ਫ਼ਲਸਤੀਨ, ਫ਼ਲਸਤੀਨ ਯੂਥ ਮੂਵਮੈਂਟ, ਕੋਡ ਪਿੰਕ, ਬਲੈਕ ਅਲਾਇੰਸ ਫਾਰ ਪੀਸ ਤੇ ਡੈਮੋਕ੍ਰੇਟਿਕ ਸੋਸ਼ਲਿਸਟ ਫਾਰ ਅਮਰੀਕਾ ਆਦਿ ਜਥੇਬੰਦੀਆਂ ਸ਼ਾਮਿਲ ਸਨ। 

ਇਸਤੋਂ ਬਿਨਾਂ ਦੁਨੀਆਂ ਭਰ 'ਚ ਹੋਏ ਮੁਜਾਹਰਿਆਂ 'ਤੇ ਇੱਕ ਸੰਖੇਪ ਝਾਤ-

* ਸਭ ਤੋਂ ਵੱਡੇ ਤੇ ਜ਼ੋਰਦਾਰ ਮੁਜ਼ਾਹਰੇ ਪਾਕਿਸਤਾਨ ਅੰਦਰ ਹੋਏ। ਕਰਾਚੀ ਅੰਦਰ ਅਮਰੀਕੀ ਸਫ਼ਾਰਤਖਾਨੇ ਦੇ ਬਾਹਰ ਪ੍ਰਦਰਸ਼ਨ 'ਤੇ ਗੋਲੀ ਚਲਾਈ ਜਾਣ ਕਾਰਨ ਤਿੰਨ ਦਰਜਨ ਦੇ ਕਰੀਬ ਲੋਕ ਮਾਰੇ ਗਏ। ਇਸਤੋਂ ਬਿਨਾਂ ਲਾਹੌਰ, ਇਸਲਾਮਾਬਾਦ, ਫੈਸਲਾਬਾਦ, ਗਿਲਗਿਤ ਬਲਿਤਸਤਾਨ ਆਦਿ ਵਿਖੇ ਵੀ ਹਜ਼ਾਰਾਂ ਲੋਕਾਂ ਨੇ "ਅਮਰੀਕਾ ਦੀ ਮੌਤ" ਤੇ " ਇਜ਼ਰਾਈਲ ਦੀ ਮੌਤ" ਦੇ ਬੈਨਰ ਚੁੱਕ ਕੇ ਪ੍ਰਦਰਸ਼ਨ ਕੀਤੇ।

* ਇਸਦੇ ਨਾਲ ਹੀ ਇੰਗਲੈਂਡ ਵਿਚ ਵੀ 28 ਫਰਵਰੀ ਨੂੰ ਹਮਲੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਹੋਏ। 7, ਮਾਰਚ ਨੂੰ 50000 ਤੋਂ ਵੱਧ ਲੋਕਾਂ ਨੇ ਨਿਊਕਲੀਅਰ ਹਥਿਆਰਾਂ ਵਿਰੋਧੀ ਮੁਹਿੰਮ, ਜੰਗ ਰੋਕੋ ਫਰੰਟ, ਫ਼ਲਸਤੀਨ ਹਿਮਾਇਤੀ ਫਰੰਟ ਤੇ ਮੁਸਲਿਮ ਐਸੋਸੀਏਸਨ ਆਫ਼ ਇੰਗਲੈਂਡ ਦੇ ਸੱਦੇ 'ਤੇ ਲੰਡਨ ਵਿਚ ਪ੍ਰਦਰਸ਼ਨ ਕੀਤਾ। ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਇੰਗਲੈਂਡ ਸਰਕਾਰ ਨੇ 15 ਮਾਰਚ ਨੂੰ ਫ਼ਲਸਤੀਨ ਪੱਖੀ ਦਿਨ ਮਨਾਏ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ।

* ਗ੍ਰੀਸ ਦੀ ਕਮਿਊਨਿਸਟ ਪਾਰਟੀ ਦੇ ਸੱਦੇ 'ਤੇ 1300 ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਏਥਨਜ਼ ਵਿੱਚ "ਇਰਾਨ ਤੋਂ ਹੱਥ ਪਰ੍ਹਾਂ ਰੱਖੋ" ਦੇ ਬੈਨਰ ਚੁੱਕ ਕੇ ਪ੍ਰਦਰਸ਼ਨ ਕੀਤਾ।

* ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਅਮਰੀਕੀ ਸਫ਼ਾਰਤਖਾਨੇ ਅੱਗੇ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਇੰਡੋਨੇਸ਼ੀਆ ਹਕੂਮਤ ਅਮਰੀਕਾ ਵੱਲੋਂ ਸਥਾਪਿਤ ਕੀਤੇ ਸ਼ਾਂਤੀ ਫੋਰਮ ਤੋਂ ਬਾਹਰ ਆਵੇ।

* ਇਰਾਕ ਅੰਦਰ ਹਜ਼ਾਰਾਂ ਲੋਕਾਂ ਨੇ ਅਮਰੀਕੀ ਸਫ਼ਾਰਤਖਾਨੇ ਅੱਗੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਦੀਆਂ ਪੁਲਿਸ ਨਾਲ ਝੜਪਾਂ  ਵੀ ਹੋਈਆਂ।

* 8 ਮਾਰਚ ਨੂੰ ਮੈਕਸੀਕੋ ਸਿਟੀ 'ਚ ਅਮਰੀਕੀ ਸਫ਼ਾਰਤਖਾਨੇ  ਦੇ ਬਾਹਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਪੁਤਲਾ ਬਣਾਕੇ ਉਸਦੇ ਛਿੱਤਰ ਮਾਰੇ ।

* ਸਪੇਨ ਦੇ ਸ਼ਹਿਰ ਮੈਡਰਿਡ 'ਚ ਹਜ਼ਾਰਾਂ ਲੋਕਾਂ ਨੇ 28 ਫਰਵਰੀ ਨੂੰ " ਇਰਾਨ ਖਿਲਾਫ਼ ਜੰਗ ਨਹੀਂ" ਦੇ ਬੈਨਰ ਹੇਠ ਰੋਸ ਮੁਜਾਹਰਾ ਕੀਤਾ।

* ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ 1 ਮਾਰਚ ਨੂੰ ਵੱਡਾ ਰੋਸ ਪ੍ਰਦਰਸ਼ਨ ਹੋਇਆ।

* ਤੁਰਕੀ ਅੰਦਰ 28 ਫਰਵਰੀ ਨੂੰ ਹੀ ਇਜਮਿਰ ਸ਼ਹਿਰ ਅੰਦਰ ਵਿਸ਼ਾਲ ਜੰਗ ਵਿਰੋਧੀ ਰੋਸ ਪ੍ਰਦਰਸ਼ਨ ਕੀਤਾ ਗਿਆ।

No comments:

Post a Comment