Sunday, March 22, 2026

ਫ਼ਿਰਕੂ ਨਫ਼ਰਤ, ਪਾਟਕ ਤੇ ਧੌਂਸ ਵਿਰੁੱਧ ਅੜਦੇ-ਭਿੜ੍ਹਦੇ ਲੋਕ

ਫ਼ਿਰਕੂ ਨਫ਼ਰਤ, ਪਾਟਕ ਤੇ ਧੌਂਸ ਵਿਰੁੱਧ ਅੜਦੇ-ਭਿੜ੍ਹਦੇ ਲੋਕ
 ਸ਼ਾਲਾ ! ਇਹ ਵਰਤਾਰਾ ਜਨਤਕ ਲਹਿਰ 'ਚ ਵਟੇ



ਪਿਛਲੇ ਲੰਮੇ ਸਮੇਂ ਤੋਂ ਸੰਘ ਪਰਿਵਾਰ ਨਾਲ ਜੁੜੀਆਂ ਵੰਨ-ਸੁਵੰਨੀ ਦੀਆਂ ਹਿੰਦੂਤਵੀ ਜਥੇਬੰਦੀਆਂ ਨੇ ਅੱਤ ਚੱਕੀ ਹੋਈ ਹੈ। ਉੱਚ-ਪੱਧਰੀ ਧਾਰਮਿਕ ਅਤੇ ਸਿਆਸੀ ਲੀਡਰਾਂ ਦੀ ਸ਼ਹਿ ਅਤੇ ਉਕਸਾਵੇ ਨਾਲ ਬੇਲਗ਼ਾਮ ਕੀਤੇ ਸ਼ੂਕਰੇ ਹਿੰਦੂਤਵੀ ਟੋਲਿਆਂ ਵੱਲੋਂ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ, ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ, ਦਲਿਤਾਂ, ਨਾਸਤਿਕਾਂ ਅਤੇ ਅਗਾਂਹਵਧੂ ਸ਼ਕਤੀਆਂ ਵਿਰੁੱਧ ਜ਼ਹਿਰੀਲੀਆਂ ਨਫ਼ਰਤੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਦਹਿਸ਼ਤ ਪਾਈ ਜਾ ਰਹੀ ਹੈ, ਧੌਂਸ ਜਮਾਈ ਜਾ ਰਹੀ ਹੈ। ਭਾਜਪਾ ਸਰਕਾਰਾਂ ਸ਼ਰ੍ਹੇਆਮ ਇਹਨਾਂ ਬੁਰਛਾਗਰਦ ਫ਼ਿਰਕੂ ਟੋਲਿਆਂ ਨੂੰ ਸ਼ਹਿ ਅਤੇ ਹਿਫ਼ਾਜਤੀ ਛੱਤਰੀ ਦੇ ਰਹੀਆਂ ਹਨ। ਇਹਨਾਂ ਫ਼ਿਰਕੂ ਟੋਲਿਆਂ ਨੂੰ ਨੱਥ ਪਾਉਣ ਦੀ ਥਾਂ ਮਜ਼ਲੂਮ ਧਿਰਾਂ ਉੱਪਰ ਹੀ ਹਕੂਮਤੀ ਕਹਿਰ ਵਰ੍ਹਦਾ ਹੈ। ਉਹਨਾਂ ਨੂੰ ਹੀ ਜ਼ੇਲ੍ਹਾਂ 'ਚ ਡੱਕਿਆ ਜਾਂਦਾ ਹੈ, ਬੁਲਡੋਜ਼ਰ ਚਲਾ ਕੇ ਘਰ-ਬਾਰ ਢਾਹੇ ਜਾਂਦੇ ਹਨ। ਲੋਕਾਂ, ਖਾਸ ਕਰਕੇ ਮਿਹਨਤਕਸ਼ ਹਿੱਸਿਆਂ ਦੇ ਬਹੁਤਾ ਕਰਕੇ ਗੈਰ-ਜਥੇਬੰਦ ਹੋਣ ਅਤੇ ਇਨਕਲਾਬੀ ਤੇ ਲੋਕ-ਪੱਖੀ ਸਿਆਸੀ ਸ਼ਕਤੀਆਂ ਦੇ ਕਮਜ਼ੋਰ ਹੋਣ ਕਾਰਨ, ਸੁਚੱਜੀ ਅਗਵਾਈ ਦੀ ਘਾਟ ਕਾਰਨ, ਬੇਵੱਸ ਅਤੇ ਬੇਸਹਾਰਾ ਮਹਿਸੂਸ ਕਰਦੇ ਲੋਕ, ਇਹਨਾਂ ਫਿਰਕੂ-ਫਾਸ਼ੀ ਤਾਕਤਾਂ ਦੀ ਮਾਰ ਹੰਢਾਉਣ ਲਈ ਮਜ਼ਬੂਰ ਹਨ। ਭਾਵੇਂ ਦਹਿਸ਼ਤ, ਧੌਂਸ ਦਾ ਇਹ ਪੱਖ ਵੱਧ ਉਭਰਵਾਂ ਤੇ ਭਾਰੂ ਮਾਲੂਮ ਹੁੰਦਾ ਹੈ, ਫਿਰ ਵੀ ਟੁੱਟਵੇਂ-ਖਿੰਡਵੇਂ ਪੱਧਰ ਉੱਤੇ ਲੋਕ ਆਪ-ਮੁਹਾਰੇ ਤੌਰ 'ਤੇ ਜਾਂ ਸਥਾਨਕ ਸਮੂਹਕ ਰੂਪਾਂ 'ਚ, ਇਹਨਾਂ ਕਾਲੀਆਂ ਤਾਕਤਾਂ ਨਾਲ ਭਿੜ ਵੀ ਰਹੇ ਹਨ। ਇਸ ਲਿਖਤ 'ਚ ਅੱਗੇ ਵਰਣਨ ਕੀਤੀਆਂ ਕੁੱਝ ਕੁ ਘਟਨਾਵਾਂ ਹਿੰਦੂਤਵੀ ਫਾਸ਼ੀ ਸ਼ਕਤੀਆਂ ਵੱਲੋਂ ਫੈਲਾਈ ਜਾ ਰਹੀ ਫ਼ਿਰਕੂ ਨਫ਼ਰਤ, ਦਹਿਸ਼ਤ ਅਤੇ ਪਾਟਕ ਦੇ ਧੁੰਦਲਕੇ ਨੂੰ ਲਿਸ਼ਕੋਰਦੇ ਉਹਨਾਂ ਰੌਸ਼ਨ ਚਿਰਾਗਾਂ ਦੀਆਂ ਸੂਚਕ ਹਨ ਜਿਹਨਾਂ ਨੂੰ ਅੱਗੇ ਹੋਰ ਵਧਾਉਣ ਫੈਲਾਉਣ ਦੀ ਜ਼ਰੂਰਤ ਹੈ। ਲੋਕਾਂ ਅੰਦਰ ਬਦੀ ਵਿਰੁੱਧ ਟਾਕਰੇ ਦੀ ਇਸ ਲੁਪਤ ਅਥਾਹ ਸ਼ਕਤੀ ਨੂੰ ਝੰਜੋੜਣ ਜਮਾਉਣ ਦੀ ਲੋੜ ਹੈ। ਅਜਿਹੀਆਂ ਸਕਾਰਾਤਮਕ ਸਰਗਰਮੀਆਂ ਨਿਰਸੰਦੇਹ ਹੀ ਲੋਕਾਂ ਨੂੰ ਪ੍ਰੇਰਤ ਤੇ ਉਤਸ਼ਾਹਤ ਕਰ ਸਕਦੀਆਂ ਹਨ। 

ਕੋਟਦਵਾਰ:- 26 ਜਨਵਰੀ 2026 ਨੂੰ ਗਣਤੰਤਰ ਦਿਹਾੜੇ ਉੱਤੇ ਉਤਰਾਖੰਡ ਦੇ ਇਸ ਸ਼ਹਿਰ ਦੇ ਝੰਡਾ ਚੌਂਕ 'ਚ ਸਪੀਕਰ ਤੋਂ ਦੇਸ਼ ਭਗਤੀ ਦੇ ਗੀਤ ਵੱਜ ਰਹੇ ਸਨ, ਜਦ ਅਚਾਨਕ ਇਸ ਚੌਕ 'ਚ ਸਥਿਤ “ਬਾਬਾ ਸਕੂਲ ਡਰੈੱਸ” ਨਾਂ ਦੀ ਇੱਕ ਦੁਕਾਨ 'ਤੇ ਹੰਗਾਮਾ ਸ਼ੁਰੂ ਹੋ ਗਿਆ। ਇਹ ਦੁਕਾਨ ਵਕੀਲ ਅਹਿਮਦ ਨਾਂ ਦੇ ਇੱਕ 71 ਸਾਲ ਮੁਸਲਮਾਨ ਬਜ਼ੁਰਗ ਦੀ ਸੀ ਜੋ ਪਿਛਲੇ 30 ਸਾਲਾਂ ਤੋਂ ਇਹ ਦੁਕਾਨ ਚਲਾਉਂਦਾ ਆ ਰਿਹਾ ਸੀ। ਹਿੰਦੂਤਵੀ ਛੋਕਰਿਆਂ ਦੀ ਇੱਕ ਟੋਲੀ ਨੇ ਆ ਕੇ ਵਕੀਲ ਅਹਿਮਦ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਦੁਕਾਨ ਦੇ ਨਾਂ 'ਚ ਉਸਨੇ ਬਾਬਾ ਸ਼ਬਦ ਵਰਤਣ ਦੀ ਹਿਮਾਕਤ ਕਿਵੇਂ ਕੀਤੀ ਹੈ। ਉਹਨਾਂ ਦਾ ਕਹਿਣਾ ਸੀ ਕਿ  ਇਹ ਬਾਬਾ “ਸਿੱਧ ਬਲੀ” ਦਾ ਸ਼ਹਿਰ ਹੈ ਅਤੇ ਇੱਥੇ ਕੋਈ ਵੀ ਮੁਸਲਮਾਨ ਬਾਬਾ ਸ਼ਬਦ ਵਰਤਣ ਦਾ ਅਧਿਕਾਰੀ ਨਹੀਂ। ਭੀੜ ਜੁੜਣੀ ਸ਼ੁਰੂ ਹੋ ਗਈ। ਰੌਲਾ-ਰੱਪਾ ਪੈ ਰਿਹਾ ਵੇਖ ਕੁੱਝ ਦੂਰ ਦੀਪਕ ਕੁਮਾਰ ਦੇ ਨਾਂ ਦੇ ਇੱਕ ਜਿੰਮ ਚਾਲਕ ਨੇ ਇੱਕ ਬੇਵਸ ਤੇ ਡਰੇ-ਠਠੰਬਰੇ ਬਜ਼ੁਰਗ ਨੂੰ ਭੀੜ 'ਚ ਘਿਰੇ ਹੋਏ ਵੇਖਿਆ। ਉਹ ਝੱਟ ਉੱਥੇ ਆ ਗਿਆ। ਗੱਲ ਦੀ ਥਾਹ ਪਾਉਣ ਤੋਂ ਬਾਅਦ ਦੀਪਕ ਭਖਵੇਂ ਅੰਦਾਜ਼ 'ਚ ਬੋਲ ਰਹੇ ਨੌਜਵਾਨਾਂ ਨਾਲ ਬਹਿਸ ਕਰਨ ਲੱਗਾ ਕਿ ਆਪਣੀ ਦੁਕਾਨ ਦਾ ਨਾਂ ਰੱਖਣਾ ਦੁਕਾਨ ਮਾਲਕ ਦਾ ਅਧਿਕਾਰ ਹੈ, ਤੁਸੀਂ ਕਾਹਤੋਂ ਹੰਗਾਮਾ ਕਰ ਰਹੇ ਹੋ ਅਤੇ ਧਮਕਾ ਰਹੇ ਹੋ। ਨੇੜੇ ਖੜ੍ਹੇ ਪੁਲਸੀਏ ਚੁੱਪ-ਚਾਪ ਖੜ੍ਹੇ ਤਮਾਸ਼ਾ ਵੇਖਦੇ ਰਹੇ। ਦੀਪਕ ਦੀ ਜੁਰਅਤ ਵੇਖ ਢੈਲੇ ਪਏ ਨੌਜਵਾਨ ਉਸ ਨਾਲ ਉਲਝਣ ਤੋਂ ਰਿਤ ਗਏ। ਉਹਨਾਂ ਨੇ ਦੀਪਕ ਨੂੰ ਪੁੱਛਿਆ ਕਿ ਉਹ ਕੌਣ ਹੈ? ਉਸਦਾ ਨਾਂ ਕੀ ਹੈ? ਦੀਪਕ ਨੇ ਜਾਣਬੁੱਝ ਕੇ ਕਿਹਾ ਕੇ ਉਹਦਾ ਨਾਂ “ਮੁਹੰਮਦ ਦੀਪਕ” ਹੈ। ਚਾਰ-ਚੁਫ਼ੇਰੇ ਵੀਡਿਓਜ਼ ਵਾਇਰਲ ਹੋਣ ਲੱਗੀਆਂ। ਝੱਟ ਹਿੰਦੂਤਵੀ ਜਥੇਬੰਦੀਆਂ ਪਹੁੰਚ ਗਈਆਂ। ਉਹਨਾਂ ਦੀ ਸ਼ਿਕਾਇਤ ਉੱਤੇ “ਦੀਪਕ” ਵਿਰੁੱਧ ਐਫ.ਆਈ.ਆਰ. ਦਰਜ ਕਰ ਲਈ ਗਈ। ਮਜ਼ਬੂਰੀ ਵੱਸ ਪੁਲਿਸ ਨੂੰ ਦੂਸਰੀ ਧਿਰ ਉੱਤੇ ਵੀ ਐਫ.ਆਈ.ਆਰ. ਦਰਜ ਕਰਨੀ ਪਈ ਪਰ ਹੰਗਾਮਾ ਕਰਨ ਵਾਲਿਆਂ ਦੀ ਸ਼ਨਾਖਤ ਜਣੇ-ਖਣੇ ਨੂੰ ਪਤਾ ਹੋਣ ਦੇ ਬਾਵਜੂਦ ਇਹ “ਅਣਪਛਾਤਿਆਂ” ਦੇ ਖ਼ਿਲਾਫ਼ ਦਰਜ ਕੀਤੀ ਗਈ। ਨਫ਼ਰਤੀ ਵੀਡਿਓ ਘੁੰਮਣ ਲੱਗੀਆਂ। ਹਿੰਦੂਤਵੀ ਜਥੇਬੰਦੀਆਂ ਲਾਮਬੰਦੀ ਕਰਨ 'ਚ ਸਰਗਰਮ ਹੋ ਗਈਆਂ। ਦੀਪਕ ਦੀ ਜਿੰਮ ਦੀ ਮੈਂਬਰਸ਼ਿਪ ਇੱਕ ਦੋ ਦਿਨਾਂ 'ਚ ਹੀ 150 ਤੋਂ ਡਿੱਗ ਕੇ ਮਹਿਜ 15 ਰਹਿ ਗਈ। ਹਿੰਦੂਤਵੀ ਅਨਸਰਾਂ ਨੇ ਉਸਨੂੰ ਗੰਦੀਆਂ ਗਾਲ੍ਹਾਂ ਤੇ ਧਮਕੀਆਂ ਦੀ ਝੜੀ ਲਾ ਦਿੱਤੀ, ਉਸਦੇ ਘਰ ਅੱਗੇ ਜਮ੍ਹਾਂ ਹੋਈ ਹਿੰਦੂਤਵੀ ਫ਼ਿਰਕੂ ਭੀੜ ਨੇ ਉਸਨੂੰ ਧਮਕੀਆਂ ਦਿੱਤੀਆਂ, ਉਸ ਵਿਰੁੱਧ ਨਾਅਰੇ ਲਾਏ ਤੇ ਭੜਾਸ ਕੱਢੀ। ਉਸਨੂੰ ਪੁਲਿਸ ਸੁਰੱਖਿਆ ਲੈਣੀ ਪਈ। 

ਪਰ ਅਚਾਨਕ ਹਾਲਤ ਨੇ ਇੱਕ ਸੁਖਾਂਵੀ ਕਰਵਟ ਲਈ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਸੀ.ਪੀ.ਆਈ.(ਐਮ) ਦੇ ਮੈਂਬਰ ਪਾਰਲੀਮੈਂਟ ਜੌਹਨ ਬਰਿੱਦਾਸ ਨੇ ਉਸ ਨਾਲ ਇੱਕਜੁੱਟਤਾ ਪ੍ਰਗਟਾਉਂਦਿਆਂ ਜਨਤਕ ਤੌਰ ਉੱਤੇ ਉਸਦੇ ਜਿੰਮ ਦੀ ਸਾਲ ਭਰ ਦੀ ਮੈਂਬਰਸ਼ਿਪ ਖਰੀਦ ਲਈ। ਬੱਸ ਫਿਰ ਕੀ ਸੀ? ਵੇਂਹਦਿਆਂ ਹੀ ਵੇਂਹਦਿਆਂ, ਸੁਪਰੀਮ ਕੋਰਟ ਦੇ 15 ਸੀਨੀਅਰ ਵਕੀਲਾਂ ਨੇ, ਹਰ ਇੱਕ ਨੇ 10000 ਰੁਪਏ ਭਰ ਕੇ, ਜਿੰਮ ਮੈਂਬਰਸ਼ਿਪ ਖਰੀਦ ਲਈ ਕਿਉਂਕ ਦੀਪਕ ਨੇ ਮੁਫ਼ਤ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਵੀਹ ਦੇ ਕਰੀਬ ਵਕੀਲਾਂ ਨੇ ਉਸਦਾ ਕੇਸ ਮੁਫ਼ਤ ਲੜਨ ਦਾ ਐਲਾਨ ਕਰ ਦਿੱਤਾ। ਅਨੇਕਾਂ ਨਾਮੀ ਹਸਤੀਆਂ-ਜਰਨਲਿਸਟ ਕੌਸ਼ਿਕ ਰਾਜ, ਰਾਜੂ ਪਾਰੁਲੇਕਰ, ਇਤਿਹਾਸਕਾਰ ਰਾਮਚੰਦਰ ਗੁਹਾ, ਐਕਟਰੈਸ ਸਵਾਰਾ ਭਾਸਕਰ ਅਤੇ ਸਮਾਜਕ ਕਾਰਕੁੰਨ ਤੀਸਤਾ ਸੀਤਲਵਾਦ ਆਦਿਕ ਨੇ ਹਮਾਇਤ ਲਈ ਅਪੀਲ ਕੀਤੀ। ਰਾਹੁਲ ਗਾਂਧੀ ਖੁਦ ਦੀਪਕ ਨੂੰ ਮਿਲਣ ਆਇਆ। ਇਉਂ ਦੀਪਕ ਕੁਮਾਰ ਆਪਣੀ ਇਨਸਾਫ਼ ਪਸੰਦੀ ਅਤੇ ਜੁਅਰਤ ਕਾਰਨ ਇੱਕ ਗੁੰਮਨਾਮ ਵਿਅਕਤੀ ਤੋਂ ਦੇਸ਼-ਵਿਆਪੀ ਚਰਚਾ ਤੇ ਪ੍ਰਸੰਸਾ ਦਾ ਪਾਤਰ ਹੋ ਨਿਬੜਿਆ। ਉਸਨੇ “ਇਨਸਾਨੀਅਤ ਯਾਤਰਾ” ਕੱਢਣ ਦਾ ਐਲਾਨ ਕਰ ਦਿੱਤਾ ਅਤੇ ਫ਼ਿਰਕੂ ਧੌਂਸ ਦੀ ਇੱਕ ਸਥਾਨਕ ਘਟਨਾ ਨੂੰ ਇੱਕ ਫਿਰਕੇਦਾਰਾਨਾ ਸਦਭਾਵਨਾ ਤੇ ਸਹਿਹੋਂਦ ਦੀ ਮੁਹਿੰਮ 'ਚ ਬਦਲ ਦਿੱਤਾ। ਬਜਰੰਗ ਦਲ ਦੀ ਚਾਲ ਕੁੱਟੀ ਗਈ। 

ਨੈਨੀਤਾਲ:- ਅਪ੍ਰੈਲ 2025 'ਚ ਇੱਕ 72 ਸਾਲਾ ਵਿਅਕਤੀ ਨੂੰ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਨੂੰ ਲੈ ਕੇ ਗੁੱਸਾ ਭੜਕ ਉੱਠਿਆ। ਭਾਵੇਂ ਪੁਲਿਸ ਨੇ ਮੁਲਜ਼ਮ ਨੂੰ ਛੇਤੀ ਦਬੋਚ ਲਿਆ ਸੀ ਪਰ ਕੁੱਝ ਹਿੰਦੂਤਵੀ ਜਥੇਬੰਦੀਆਂ ਦੇ ਚੰਦਰੇ ਮਨੋਰਥਾਂ ਤਹਿਤ ਜਾਰੀ ਉਕਸਾਵੇ ਕਾਰਨ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਜਾਇਦਾਦਾਂ ਦੀ ਭੰਨਤੋੜ ਕੀਤੀ ਜਾ ਰਹੀ ਸੀ। ਉੱਥੋਂ ਦੇ ਇੱਕ ਵਪਾਰੀ ਆਗੂ ਦੀ ਧੀ ਜਿਸਦਾ ਨਾਂ ਸ਼ੈਲਾ ਨੇਗੀ ਸੀ, ਵਿਆਪਕ ਕੁੱਟਮਾਰ ਅਤੇ ਮੁਸਲਮ ਦੁਕਾਨਾਂ-ਮਕਾਨਾਂ ਦੀ ਭੰਨਤੋੜ ਕਰ ਰਹੀ ਭੀੜ ਵਿਰੁੱਧ ਡਟ ਗਈ ਅਤੇ ਉਸਨੇ ਚੀਕ-ਚੀਕ ਕਿ ਪੁੱਛਿਆ ਕੇ ਬੇਵਜ੍ਹਾ ਜਣੇ-ਖਣੇ ਨੂੰ ਕਾਹਤੋਂ ਕੁੱਟਿਆ ਅਤੇ ਢਾਹ-ਢੁਹਾਈ ਕੀਤੀ ਜਾ ਰਹੀ ਹੈ? ਉਸਨੇ ਹਿੰਦੂਤਵੀ ਜਥੇਬੰਦੀਆਂ ਵੱਲੋਂ ਦੁਕਾਨਾਂ ਬੰਦ ਕਰਨ ਦੇ ਸੱਦੇ ਵਿਰੁੱਧ ਡਟਦਿਆਂ ਆਪਣੀ ਦੁਕਾਨ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ। ਉਸਦੀ ਇਸ ਜੁਰਅਤ ਅਤੇ ਨਾਬਰੀ ਨੂੰ ਹਿੰਦੂਤਵੀ ਟਰੋਲ ਸੈਨਾ ਨੇ ਗੰਦੀਆਂ ਗਾਲ੍ਹਾਂ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਨਾਲ ਨਿਵਾਜਿਆ ਪਰ ਅਨੇਕਾਂ ਹੋਰਾਂ ਨੂੰ ਹੌਂਸਲਾ ਵੀ ਮਿਲਿਆ। ਹਿੰਦੂਤਵੀਆਂ ਦੀ ਮੁਹਿੰਮ ਨੂੰ ਸੰਨ੍ਹ ਲੱਗ ਗਈ। 

ਪਰੋਲਾ:- ਉਤਰਾਖੰਡ 'ਚ ਪੈਂਦੇ ਇਸ ਸ਼ਹਿਰ 'ਚ ਸਾਲ 2023 ਦੀਆਂ ਗਰਮੀਆਂ 'ਚ ਦੋ ਵੱਖੋ-ਵੱਖਰੇ ਧਰਮਾਂ ਨਾਲ ਸੰਬੰਧਤ ਨੌਜਵਾਨ ਮੁੰਡੇ ਅਤੇ ਕੁੜੀ 'ਚ ਆਪਸੀ ਪਿਆਰ ਸੰਬੰਧਾਂ ਕਰਕੇ “ਲਵ-ਜਿਹਾਦ” ਦੇ ਦੋਸ਼ਾਂ 'ਚ ਦਿੱਤੇ ਬਾਈਕਾਟ ਦੇ ਸੱਦੇ ਅਤੇ ਧਮਕੀਆਂ ਦੀ ਮੁਹਿੰਮ ਭਖ ਉੱਠੀ। ਇਹੋ ਜਿਹੇ ਮਸਲਿਆਂ 'ਚ ਅਕਸਰ ਘੱਟ-ਗਿਣਤੀ ਮੁਸਲਮ ਭਾਈਚਾਰਾ ਹੀ ਹਮਲੇ ਦਾ ਨਿਸ਼ਾਨਾ ਬਣਦਾ ਹੈ। ਫਿਰਕੂ-ਫਾਸ਼ੀ ਹਿੰਦੂ ਟੋਲਿਆਂ ਨੇ ਮੁਸਲਮਾਨਾਂ ਦੇ ਘਰਾਂ ਦੀ ਨਿਸ਼ਾਨਬੰਦੀ ਆਰੰਭ ਕਰ ਦਿੱਤੀ। ਬਜ਼ਰੰਗ ਦਲ ਨੇ ਪੋਸਟਰ ਜਾਰੀ ਕਰਕੇ ਮੁਸਲਮ ਕਿਰਾਏਦਾਰਾਂ ਨੂੰ ਘਰ ਖਾਲੀ ਕਰਨ ਦੇ ਫੁਰਮਾਨ ਜਾਰੀ ਕਰ ਦਿੱਤੇ ਤੇ ਮਕਾਨ ਮਾਲਕਾਂ ਨੂੰ ਮੁਸਲਮਾਨ ਕਿਰਾਏਦਾਰਾਂ ਨੂੰ ਘਰੋਂ ਕੱਢ ਦੇਣ ਦਾ ਹੁਕਮ ਸੁਣਾ ਦਿੱਤਾ। ਇਹ ਸਰਾਸਰ ਫ਼ਿਰੂਕ-ਫਾਸ਼ੀ ਫੁਰਮਾਨ ਸੀ। ਪਹਿਲੀ ਗੱਲ, ਇਹ ਫੁਰਮਾਨ ਗੈਰ-ਕਾਨੂੰਨੀ ਸੀ, ਬਾਲਗ ਪ੍ਰੇਮੀ ਜੋੜੇ ਦੇ ਅਧਿਕਾਰਾਂ ਦਾ ਘਾਣ ਕਰਦਾ ਸੀ। ਦੂਜਾ ਪੱਖਪਾਤੀ ਤੇ ਫ਼ਿਰਕੂ ਸੀ ਕਿਉਂਕਿ ਇਹ ਇੱਕ ਧਿਰ ਵਿਰੁੱਧ ਹੀ ਸੇਧਤ ਸੀ। ਤੀਜੇ, ਇਹ ਇੱਕ ਜੋੜੇ ਦੀ ਕਥਿਤ ਕਾਰਵਾਈ ਲਈ ਸਮੁੱਚੇ ਭਾਈਚਾਰੇ ਨੂੰ ਸਜ਼ਾ ਦੇਣ ਦੇ ਤੁੱਲ ਸੀ। ਇਹਨਾਂ ਹਿੰਦੂਤਵੀ ਧਮਕੀਆਂ ਨਾਲ ਦਹਿਸ਼ਤਜ਼ਦਾ ਹੋਏ ਕਈ ਮੁਸਲਿਮ ਪਰਿਵਾਰ ਘਰ ਅਤੇ ਸ਼ਹਿਰ ਛੱਡ ਕੇ ਚਲੇ ਵੀ ਗਏ ਸਨ। ਇਹੋ ਜਿਹੀ ਹਾਲਤ 'ਚ ਧਰਮ ਸਿੰਘ ਨੇਗੀ ਨਾਂ ਦੇ ਇੱਕ 83 ਸਾਲਾ ਵਕੀਲ ਨੇ ਬੁਰਛਾਗਰਦਾਂ ਨੂੰ ਸਾਹਮਣਿਓਂ ਟੱਕਰਨ ਦਾ ਤਹੱਈਆ ਕਰ ਲਿਆ। ਉਸਨੇ ਧਮਕੀਆਂ ਅਤੇ ਘਰ ਉੱਪਰ ਲਾਏ ਪੋਸਟਰਾਂ ਤੋਂ ਬੇਖੌਫ਼ ਆਪਣੇ ਮੁਸਲਮ ਕਿਰਾਏਦਾਰਾਂ ਨੂੰ ਘਰੋਂ ਨਾ ਜਾਣ ਦੇਣ ਦਾ ਫ਼ੈਸਲਾ ਕਰ ਲਿਆ। ਉਸਦੀ ਅਜਿਹੀ ਜੁਅਰਤ ਅਤੇ ਨਾਬਰੀ ਤੋਂ ਬਲ ਲੈਂਦਿਆਂ ਕਈ ਹੋਰ ਮਕਾਨ ਮਾਲਕ ਵੀ ਡਟ ਗਏ। ਛਿੱਥੇ ਪਏ ਫ਼ਿਰਕੂ ਅਨਸਰਾਂ ਨੂੰ ਪਿੱਛੇ ਹਟਣਾ ਪਿਆ। ਸੋਸ਼ਲ ਮੀਡੀਆ 'ਤੇ ਵਾਇਰਲ ਨਾ ਕੀਤੀ ਜਾਣ ਕਾਰਨ ਭਾਵੇਂ ਇਸ ਉਤਸ਼ਾਹੀ ਘਟਨਾ ਦੀ ਚਰਚਾ ਮੁਲਕ ਪੱਧਰ 'ਤੇ ਨਾ ਹੋ ਸਕੀ ਪਰ ਇਸਨੇ ਸਥਾਨਕ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਤੇ ਹਿੰਦੂਤਵੀ ਜਹਾਦੀਆਂ ਦੇ ਹੌਂਸਲੇ ਪਸਤ ਕਰ ਦਿੱਤੇ। 

ਜੈਪੁਰ (ਰਾਜਸਥਾਨ):- ਗੱਲ 14 ਫਰਵਰੀ 2026 ਜੈਪੁਰ ਦੇ ਇੱਕ ਜਨਤਕ ਪਾਰਕ ਦੀ ਹੈ। ਉਸ ਦਿਨ ਵੈਲੇਨਟਾਈਨ ਡੇਅ (ਪ੍ਰੇਮੀ ਜੋੜਿਆਂ ਦਾ ਦਿਨ) ਮਨਾਇਆ ਜਾ ਰਿਹਾ ਸੀ। ਗਲਾਂ 'ਚ ਭਗਵੇਂ ਪਰਨੇ ਪਾਈ ਤੇ ਹੱਥਾਂ 'ਚ ਡੰਡੇ-ਰਾਡਾਂ ਫੜ੍ਹੀ ਬਜ਼ਰੰਗ ਦਲ ਦੇ ਕਾਰਕੁੰਨਾਂ ਦੀ ਇੱਕ ਟੋਲੀ ਪਾਰਕ 'ਚ ਦਾਖ਼ਲ ਹੁੰਦੀ ਹੈ ਤੇ ਪ੍ਰੇਮੀ ਜੋੜਿਆਂ ਨੂੰ ਘੇਰ-ਘੇਰ ਉਹਨਾਂ ਦੀ ਸ਼ਨਾਖਤ ਚੈੱਕ ਕਰਨ ਲੱਗ ਜਾਂਦੀ ਹੈ। ਉਹਨਾਂ ਦੇ ਰਿਸ਼ਤਿਆਂ ਦੀ ਵਾਜਬੀਅਤ ਬਾਰੇ ਸੁਆਲ ਖੜ੍ਹੇ ਕਰਦੀ ਹੈ। ਦੇਸੀ (ਕੌਮੀ) ਕਲਚਰ ਦੇ ਇਹਨਾਂ ਆਪੂੰ ਸਜੇ ਠੇਕੇਦਾਰਾਂ ਦੇ ਮੁਲਕ ਭਰ ਅੰਦਰ ਸਦਾਚਾਰਕ ਪਹਿਰੇਦਾਰੀ ਵਾਲੇ ਅਜਿਹੇ ਕਾਰਨਾਮਿਆਂ ਤੇ ਇਹਨਾਂ ਉੱਪਰ ਸਰਕਾਰੀ ਓਟ-ਛੱਤਰੀ ਦੀਆਂ ਰਿਪੋਰਟਾਂ ਅਕਸਰ ਹੀ ਅਖ਼ਬਾਰੀ ਖ਼ਬਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਪਰ ਇਹਨਾਂ ਧੌਂਸਬਾਜ਼ਾਂ ਨੂੰ ਇੱਥੇ ਬਾਜ਼ੀ ਪੁੱਠੀ ਪੈ ਗਈ। ਪਰਿਵਾਰਕ ਅਤੇ ਪ੍ਰੇਮੀ ਜੋੜਿਆਂ ਅਤੇ ਆਮ ਦਰਸ਼ਕਾਂ ਨੇ ਉਹਨਾਂ ਤੋਂ ਡਰਨ, ਰਿਤਣ ਜਾਂ ਉਹਨਾਂ ਦਾ ਹੁਕਮ ਮੰਨਣ ਦੀ ਥਾਂ ਉਹਨਾਂ ਨੂੰ ਆਪਣੇ ਸ਼ਨਾਖਤੀ ਕਾਰਡ ਦਿਖਾਉਣ ਅਤੇ ਅਜਿਹੀ ਚੈਕਿੰਗ ਕਰਨ ਦੇ ਉਹਨਾਂ ਦੇ ਅਧਿਕਾਰ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਕਈਆਂ ਨੇ ਉਹਨਾਂ ਨੂੰ ਕੋਰਟ-ਕਚਹਿਰੀਆਂ 'ਚ ਘੜੀਸਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਨਾਲ ਉਹਨਾਂ ਦਾ ਸਾਰਾ ਪ੍ਰੋਜੈਕਟ, ਸਾਰੀ ਚੜ੍ਹਤ, ਸਾਰਾ ਰੌਂਅ ਫੁੱਸ ਹੋ ਕੇ ਰਹਿ ਗਿਆ। ਉਹਨਾਂ ਨੇ ਖਹਿੜਾ ਛੁਡਾ ਖਿਸਕਣਾ ਹੀ ਬਿਹਤਰ ਸਮਝਿਆ। ਅਜਿਹੇ ਪ੍ਰੋਜੈਕਟ ਤਾਂ ਹੀ ਕਾਮਯਾਬ ਹੁੰਦੇ ਹਨ ਜੇ ਨਿਸ਼ਾਨਾ ਬਣੇ ਲੋਕ ਨਿੰਮੋਝੂਣੇ ਹੋ ਜਾਣ, ਘਿਰੇ ਅਤੇ ਡਰੇ ਮਹਿਸੂਸ ਕਰਨ ਲੱਗ ਜਾਣ। ਇਹ ਘਟਨਾ ਦਰਸਾਉਂਦੀ ਹੈ ਕਿ ਕਈ ਵਾਰ ਇੱਕ-ਦੁੱਕਾ ਜਣਿਆਂ ਦੇ ਵੀ ਸ਼ੁਰੂਆਤ 'ਚ ਡਟਣ ਨਾਲ, ਅਨੇਕਾਂ ਹੋਰ ਦੇਖਾ-ਦੇਖੀ ਨਿੱਤਰ ਆਉਂਦੇ ਹਨ, ਵਿਰੋਧ ਦਾ ਪਿੜ੍ਹ ਬੱਝ ਜਾਂਦਾ ਹੈ ਤੇ ਹਾਲਤ ਦਾ ਪਾਸਾ ਹੀ ਪਲਟ ਜਾਂਦਾ ਹੈ। 

-ਇੱਕ ਹੋਰ ਘਟਨਾ ਲਖਨਊ ਯੂਨੀਵਰਸਿਟੀ ਦੀ ਹੈ। ਇਸ ਦੇ ਕੈਂਪਸ ਅੰਦਰ ਲਾਲ ਬਾਰਾਂਦਰੀ ਮਸਜਿਦ ਬਣੀ ਹੋਈ ਹੈ। ਜਿੱਥੇ ਯੂਨੀਵਰਸਿਟੀ 'ਚ ਰਹਿਣ ਵਾਲੇ ਮੁਸਲਮ ਬਸ਼ਿੰਦੇ ਨਮਾਜ਼ ਅਦਾ ਕਰਦੇ ਸਨ। ਕਿਉਂਕਿ ਇਸਦੇ ਕਾਫ਼ੀ ਪੁਰਾਣੇ ਹੋ ਜਾਣ ਕਰਕੇ ਤੇ ਹਾਲਤ ਖਸਤਾ ਹੋ ਜਾਣ ਕਰਕੇ, ਇਸਨੂੰ ਜਿੰਦਰਾ ਮਾਰ ਦਿੱਤਾ ਗਿਆ ਸੀ। ਹੁਣ ਯੂਨੀਵਰਸਿਟੀ 'ਚ ਰਹਿੰਦੇ ਨਮਾਜ਼ੀ ਇਸ ਮਸਜਿਦ ਦੇ ਬਾਹਰ ਹੀ ਨਮਾਜ਼ ਅਦਾ ਕਰਨ ਲੱਗ ਪਏ ਸਨ। ਮੌਜੂਦਾ ਰਮਜ਼ਾਨ ਦੇ ਮਹੀਨੇ 'ਚ ਜਦ ਮਸਜਿਦ ਦੇ ਬਾਹਰ ਨਮਾਜ਼ ਲਈ ਲੋਕ ਆਏ ਤਾਂ ਕੁੱਝ ਸੱਜੇ-ਪੱਖੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਖੁਸ਼ੀ ਅਤੇ ਤਸੱਲੀ ਦੀ ਗੱਲ ਇਹ ਹੋਈ ਕਿ ਜਦ ਧਰਮ ਨਿਰਪੱਖ ਅਤੇ ਅਗਾਂਹਵਧੂ ਜਥੇਬੰਦੀਆਂ ਨੂੰ ਇਸਦੀ ਭਿਣਕ ਲੱਗੀ ਤਾਂ ਉਹਨਾਂ ਨੇ ਫਟਾਫਟ ਆ ਕੇ ਨਮਾਜ਼ ਲਈ ਸੁਰੱਖਿਆ ਦਿੱਤੀ ਤੇ ਨਮਾਜ਼ ਨਿਰਵਿਘਨ ਪੂਰੀ ਕੀਤੀ ਗਈ। ਸੱਜੇ-ਪੱਖੀ ਫ਼ਿਰਕੂ ਦੁਫੇੜਬਾਜ਼ਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਸੀ। 

ਤੇਲੰਗਾਨਾ:- 15 ਫਰਵਰੀ ਨੂੰ ਤੇਲੰਗਾਨਾ ਦੇ ਯਾਦਗਾਰੀ ਭੁਵਨਗਿਰੀ ਜ਼ਿਲ੍ਹੇ ਦੇ ਜਲਾਲਪੁਰ ਨਾਮਕ ਪਿੰਡ 'ਚ ਕੁੱਝ ਅਣਪਛਾਤੇ ਲੋਕਾਂ ਨੇ ਉੱਥੋਂ ਦੀ ਜਾਮਾ ਮਸਜਿਦ 'ਚ ਰਾਤ ਵੇਲੇ ਵੜ ਕੇ ਭੰਨਤੋੜ ਕੀਤੀ, ਦਰਵਾਜ਼ੇ ਤੋੜ ਦਿੱਤੇ ਅਤੇ ਮਾਈਕਰੋਫੋਨ ਸਿਸਟਮ ਨਸ਼ਟ ਕਰ ਦਿੱਤਾ। ਪਵਿੱਤਰ ਕੁਰਾਨ ਦੀਆਂ ਵੀ ਕਈ ਕਾਪੀਆਂ ਇੱਧਰ-ਉੱਧਰ ਸਿੱਟ ਦਿੱਤੀਆਂ। ਇਸਦਾ ਪਤਾ ਅਗਲੇ ਦਿਨ ਸਵੇਰੇ ਲੱਗਿਆ। ਖ਼ਬਰ ਸੁਣਦਿਆਂ ਹੀ ਕਈ ਹਿੰਦੂ ਵਪਾਰੀ ਮਸਜਿਦ ਵਿੱਚ ਪਹੁੰਚੇ, ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਆਪਣੇ ਵੱਲੋਂ ਖਰਚਾ ਕਰਕੇ ਮਸਜਿਦ ਦੀ ਲੋੜੀਂਦੀ ਮੁਰੰਮਤ ਕਰਾਕੇ ਦੇਣ ਦਾ ਜਿੰਮਾ ਓਟਿਆ। ਇਉਂ ਸੂਝਬੂਝ ਦਿਖਾਉਂਦਿਆਂ ਹਾਲਤ ਨੂੰ ਵਿਗੜਣ ਤੋਂ ਵੇਲੇ ਸਿਰ ਰੋਕਿਆ ਅਤੇ ਫ਼ਿਰਕੂ ਸਦਭਾਵਨਾ ਤੇ ਭਾਈਚਾਰਕ ਏਕਾ ਸਲਮਾਤ ਰੱਖਿਆ ਗਿਆ। ਫ਼ਿਰਕੂ ਅਨਸਰਾਂ ਦੇ ਮਨਸੂਬੇ ਧਰੇ-ਧਰਾਏ ਰਹਿ ਗਏ। 

ਟੌਂਕ(ਰਾਜਸਥਾਨ):- ਇਹ ਘਟਨਾ ਰਾਜਸਥਾਨ ਦੇ ਟੌਂਕ ਜ਼ਿਲ੍ਹੇ 'ਚ ਪੈਂਦੇ ਪਿੰਡ ਕੁਰੇਦਾ ਦੀ ਹੈ ਜਿੱਥੇ ਭਾਜਪਾ ਦੇ ਇੱਕ ਸਾਬਕਾ ਐਮ.ਪੀ. ਵੱਲੋਂ ਕੰਬਲ ਵੰਡ ਸਮਾਰੋਹ ਕੀਤਾ ਜਾ ਰਿਹਾ ਸੀ। ਕੰਬਲ ਵੰਡਦਿਆਂ ਉਸਨੇ ਕੰਬਲ ਹਾਸਲ ਕਰ ਰਹੀ ਇੱਕ ਔਰਤ ਤੋਂ ਉਸਦਾ ਨਾਂ ਪੁੱਛ ਲਿਆ। ਨਾਂ ਤੋਂ ਜਦ ਉਸਨੂੰ ਔਰਤ ਦੇ ਮੁਸਲਮਾਨ ਹੋਣ ਦਾ ਪਤਾ ਲੱਗਿਆ ਤਾਂ ਉਸਨੇ ਇਹ ਕਹਿ ਕੇ ਕੰਬਲ ਵਾਪਸ ਲੈ ਲਿਆ ਕਿ “ਅਸੀਂ ਉਹਨਾਂ ਲੋਕਾਂ ਨੂੰ ਕੰਬਲ ਨਹੀਂ ਦਿੰਦੇ ਜੋ ਮੋਦੀ ਜੀ ਨੂੰ ਬੁਰਾ ਭਲਾ ਕਹਿੰਦੇ ਹਨ।” ਇਹ ਸੁਣਦਿਆਂ ਹੀ ਗੈਰਤਮੰਦ ਤਿੰਨ ਹੋਰ ਔਰਤਾਂ ਨੇ ਆਪਣੇ ਕੰਬਲ ਮੋੜ ਦਿੱਤੇ। ਇਸ ਘਟਨਾ ਤੋਂ ਨਰਾਜ਼ ਹੋਏ ਸਥਾਨਕ ਲੋਕਾਂ ਨੇ ਨਾ ਸਿਰਫ਼ ਭਾਜਪਾ ਦੇ ਫ਼ਿਰਕੂ ਅਤੇ ਹੈਂਕੜਬਾਜ਼ ਰਵੱਈਏ ਦੀ ਨਿਖੇਧੀ ਹੀ ਕੀਤੀ ਸਗੋਂ ਕੰਬਲ ਮੋੜਣ ਵਾਲੀਆਂ ਔਰਤਾਂ ਨੂੰ ਨਵੇਂ ਕੰਬਲ ਲਿਆ ਕੇ ਵੀ ਦਿੱਤੇ। 

ਉਪਰੋਕਤ ਵਰਣਨ ਕੀਤੀਆਂ ਘਟਨਾਵਾਂ ਜਿਹੀਆਂ ਹੋਰ ਵੀ ਅਨੇਕ ਘਟਨਾਵਾਂ ਮੁਲਕ 'ਚ ਵਾਪਰਦੀਆਂ ਰਹਿੰਦੀਆਂ ਹਨ ਪਰ ਚੇਤੰਨ ਯਤਨਾਂ ਦੀ ਘਾਟ ਕਾਰਨ ਉਹ ਜਨ-ਮਾਨਸ ਦੇ ਧਿਆਨ 'ਚ ਨਹੀਂ ਆਉਂਦੀਆਂ। ਨਫ਼ਰਤੀ  ਪ੍ਰਚਾਰ, ਧੌਂਸ ਅਤੇ ਜਬਰ ਦੀਆਂ ਘਟਨਾਵਾਂ ਕਿਉਂਕਿ ਚੰਦਰੇ ਮਨੋਰਥਾਂ ਦੀ ਪੂਰਤੀ ਹਿੱਤ, ਗਿਣਮਿਥ ਕੇ ਕੀਤੀਆਂ ਅਤੇ ਪ੍ਰਚਾਰੀਆਂ ਤੇ ਫੈਲਾਈਆਂ ਜਾਂਦੀਆਂ ਹਨ, ਇਸ ਲਈ ਇਹਨਾਂ ਦਾ ਉਭਰਵਾਂ ਪ੍ਰਭਾਵ ਪੈਂਦਾ ਹੈ। ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਮਾਹੌਲ ਕਾਇਮ ਕਰਨ ਤੇ ਬਣਾਈ ਰੱਖਣ ਲਈ ਇਹ ਨਿਹਾਇਤ ਜ਼ਰੂਰੀ ਹੈ ਕਿ ਉੱਪਰ ਜ਼ਿਕਰ ਕੀਤੀਆਂ ਸਕਾਰਾਤਮਕ ਸਰਗਰਮੀਆਂ ਜਿਹੀਆਂ ਸਭਨਾਂ ਸਰਗਰਮੀਆਂ ਨੂੰ ਉਭਾਰਿਆ-ਪ੍ਰਚਾਰਿਆ ਜਾਵੇ ਅਤੇ ਲੋਕਾਂ ਨੂੰ ਫ਼ਿਰਕੂ ਨਫ਼ਰਤ, ਪਾਟਕ ਤੇ ਧੌਂਸ ਵਿਰੁੱਧ ਡਟਣ ਲਈ ਉਤਸ਼ਾਹਤ ਕੀਤਾ ਜਾਵੇ। ਚੇਤੰਨ ਹੋਏ ਤੇ ਸਮੂਹਕ ਟਾਕਰੇ ਦੇ ਰਾਹ ਪਏ ਲੋਕ ਹੀ ਇਹਨਾਂ ਨਫ਼ਰਤੀ ਤੇ ਹਿੰਸਕ ਪਾਲਾਬੰਦੀਆਂ ਦਾ ਮੂੰਹ ਤੋੜ ਸਕਦੇ ਹਨ। --0–


No comments:

Post a Comment