ਸਾਥੀ ਰਣਜੀਤ ਲਹਿਰਾ ਨੂੰ ਸੂਹੀ ਸਲਾਮ!
ਅਦਾਰਾ ਸੁਰਖ਼ ਲੀਹ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਉੱਘੀ ਸਖ਼ਸ਼ੀਅਤ ਕਾਮਰੇਡ ਰਣਜੀਤ ਲਹਿਰਾ ਦੇ ਸਦੀਵੀ ਵਿਛੋੜੇ 'ਤੇ ਗਹਿਰਾ ਦੁੱਖ ਪ੍ਰਗਟ ਕਰਦਾ ਹੈ ਅਤੇ ਲੋਕ ਹਿਤਾਂ ਲਈ ਉਸਦੀ ਅਣਥੱਕ ਅਤੇ ਫ਼ਖਰਯੋਗ ਇਨਕਲਾਬੀ ਜੀਵਨ ਘਾਲਣਾ ਨੂੰ ਸੂਹੀ ਸਲਾਮ ਭੇਂਟ ਕਰਦਾ ਹੈ।
ਸਾਥੀ ਰਣਜੀਤ ਨੇ ਦਿਲ ਦੀ ਜਮਾਂਦਰੂ ਗੰਭੀਰ ਬਿਮਾਰੀ ਖਿਲਾਫ਼ ਜੂਝਦਿਆਂ ਇਨਕਲਾਬੀ ਚੜ੍ਹਦੀ ਕਲਾ ਅਤੇ ਜ਼ਿੰਦਾਦਿਲੀ ਨਾਲ ਜੂਝਦਿਆਂ ਇਨਕਲਾਬੀ ਸਰਗਰਮੀ ਜਾਰੀ ਰੱਖੀ। ਦਹਾਕਿਆਂ ਲੰਮੇ ਇਨਕਲਾਬੀ ਜੀਵਨ ਦੌਰਾਨ ਉਸਨੇ ਉੱਤਮ ਇਨਕਲਾਬੀ ਭਾਵਨਾ,ਨਿਹਚਾ ਅਤੇ ਦ੍ਰਿੜ੍ਹਤਾ ਦੀ ਮਿਸਾਲ ਪੇਸ਼ ਕੀਤੀ।
ਨਕਸਲਬਾੜੀ ਲਹਿਰ ਅਤੇ ਮਾਓ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਸਾਥੀ ਰਣਜੀਤ ਨੇ ਆਪਣਾ ਜੀਵਨ ਕਮਿਊਨਿਸਟ ਇਨਕਲਾਬੀ ਲਹਿਰ ਦੇ ਪਸਾਰੇ ਲਈ ਗੰਭੀਰ ਯਤਨਾਂ ਦੇ ਲੇਖੇ ਲਾਇਆ। ਉਸਨੇ ਇਨਕਲਾਬੀ ਕਲਮਕਾਰ,ਪੱਤਰਕਾਰ, ਅਨੁਵਾਦਕ ਅਤੇ ਪ੍ਰਕਾਸ਼ਕ ਵਜੋਂ ਇਨਕਲਾਬੀ ਵਿਚਾਰਾਂ ਦਾ ਚਾਨਣ ਵੰਡਣ ਲਈ ਗੰਭੀਰ ਘਾਲਣਾ ਘਾਲੀ। ਉਹ ਸਮੇਂ ਸਮੇਂ ਪ੍ਰਚੰਡ,ਜੈਕਾਰਾ ਅਤੇ ਲਾਲ ਪ੍ਰਚਮ ਵਰਗੇ ਕਮਿਊਨਿਸਟ ਇਨਕਲਾਬੀ ਪਰਚਿਆਂ ਦੀਆਂ ਪ੍ਰਬੰਧਕੀ/ਸੰਪਾਦਕੀ ਜੁੰਮੇਵਾਰੀਆਂ 'ਚ ਸ਼ਰੀਕ ਰਿਹਾ।
ਇਨਕਲਾਬੀ ਜਨਤਕ ਅਮਲ ਦੇ ਖੇਤਰ 'ਚ ਉਸਨੇ ਜਨਤਕ ਜਮਹੂਰੀ ਲਹਿਰ ਦੀਆਂ ਨਰੋਈਆਂ ਇਨਕਲਾਬੀ ਪਿਰਤਾਂ ਦੀ ਪਾਲਣਾ ਕੀਤੀ। ਸੱਤਰਵਿਆਂ ਦੇ ਅਖੀਰ 'ਚ ਰੰਧਾਵਾ ਘੋਲ ਦੌਰਾਨ ਉਹ ਜੁਝਾਰ ਭਾਵਨਾ ਨਾਲ ਫਾਸ਼ੀ ਜਬਰ ਦੇ ਜਨਤਕ ਟਾਕਰੇ ਦੀ ਵਿਰੋਧ ਲਹਿਰ 'ਚ ਕੁੱਦਿਆ ਅਤੇ ਜੇਲ੍ਹਬੰਦੀ ਦਾ ਸਾਹਮਣਾ ਕੀਤਾ। ਉਸਨੇ ਇਤਿਹਾਸਕ ਬੱਸ ਕਿਰਾਇਆ ਘੋਲ 'ਚ ਗਰਮਜੋਸ਼ੀ ਨਾਲ ਹਿੱਸਾ ਲਿਆ। ਇਸ ਵਿਸ਼ਾਲ,ਸਾਂਝੇ,ਲੰਮੇ ਅਤੇ ਖਾੜਕੂ ਘੋਲ ਦੌਰਾਨ ਮੌਕਾਪ੍ਰਸਤ ਅਤੇ ਸੋਧਵਾਦੀ ਪਾਰਟੀਆਂ ਦੇ ਮੁਕਾਬਲੇ ਇਨਕਲਾਬੀ ਜਨਤਕ ਜਥੇਬੰਦੀਆਂ ਦਾ ਸਾਂਝਾ ਪੋਲ ਉੱਭਰਿਆ। ਸਾਥੀ ਰਣਜੀਤ ਨੇ ਹਾਕਮ ਜਮਾਤੀ ਪਾਰਟੀਆਂ ਦੀ ਘੋਲ ਨਾਲ ਗ਼ਦਾਰੀ ਨੂੰ ਬੇਨਕਾਬ ਕਰਨ ਅਤੇ ਇਨਕਲਾਬੀ ਜਮਾਤੀ ਘੋਲ ਦੀ ਚਿਣਗ ਮਘਦੀ ਰੱਖਣ ਵਾਲੀਆਂ ਸਫ਼ਾਂ 'ਚ ਜੂਝਣ ਦਾ ਮਾਣ ਹਾਸਲ ਕੀਤਾ।
ਅੱਸੀਂਵਿਆਂ 'ਚ ਪੰਜਾਬ ਦੇ ਲੋਕਾਂ 'ਤੇ ਦੋ -ਮੂੰਹੀਂ ਪਿਛਾਖੜੀ ਦਹਿਸ਼ਤਗਰਦੀ ਦੇ ਹੱਲੇ ਦੌਰਾਨ ਸਾਥੀ ਰਣਜੀਤ ਨੇ ਖਾਲਸਤਾਨੀ ਅਤੇ ਹਕੂਮਤੀ ਦਹਿਸ਼ਗਰਦੀ ਦੋਹਾਂ ਦਾ ਲੋਕਾਂ ਦੇ ਦੁਸ਼ਮਣਾਂ ਵਜੋਂ ਵਿਰੋਧ ਕੀਤਾ। ਇਨ੍ਹਾਂ 'ਚੋਂ ਕਿਸੇ ਦੇ ਵੀ ਕਾਰਿਆਂ ਅਤੇ ਜਨੂੰਨੀ ਵਿਚਾਰਧਾਰਾ ਵੱਲ ਨਰਮ ਗੋਸ਼ੇ ਨੂੰ ਪ੍ਰਵਾਨ ਨਾ ਕੀਤਾ।
ਮਾਓ ਵਿਚਾਰਧਾਰਾ ਅਤੇ ਮਾਰਕਸਵਾਦ ਨੂੰ ਛੱਡ ਚੁੱਕੇ ਆਪਣੇ ਪੁਰਾਣੇ ਇਨਕਲਾਬੀ ਸਾਥੀਆਂ ਨਾਲੋਂ ਸਿਆਸੀ ਤੋੜ ਵਿਛੋੜਾ ਕਰਕੇ ਸਾਥੀ ਰਣਜੀਤ ਨੇ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ 'ਚ ਆਪਣੇ ਅਡੋਲ ਭਰੋਸੇ ਦੀ ਗਵਾਹੀ ਦਿੱਤੀ। ਮਾਓ ਵਿਚਾਰਧਾਰਾ ਅਤੇ ਨਕਸਲਬੜੀ ਲਹਿਰ ਦੇ ਸੰਦੇਸ਼ ਨਾਲ ਆਪਣੀ ਇਕਜੁੱਟਤਾ ਸਾਥੀ ਰਣਜੀਤ ਨੇ ਭਾਰਤ ਅੰਦਰ ਨਵ ਜਮਹੂਰੀ ਇਨਕਲਾਬ ਲਈ ਸਮਰਪਣ ਰਾਹੀਂ ਪ੍ਰਗਟ ਕੀਤੀ।
ਸਾਮਰਾਜੀ ਸੰਸਾਰੀਕਰਨ ਦੇ ਹੱਲੇ ਖਿਲਾਫ਼ ਜੂਝਦਿਆਂ ਉਸਨੇ ਕਾਮਰੇਡ ਲੈਨਿਨ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਿੱਤਾ ਅਤੇ ਸਾਮਰਾਜਵਾਦ -ਮੁਰਦਾਬਾਦ ਦਾ ਹੋਕਾ ਦਿੱਤਾ।
ਆਪਣੇ ਨਿੱਜੀ ਵਿਹਾਰ ਅੰਦਰ ਸਾਥੀ ਰਣਜੀਤ ਨੇ ਕਮਿਊਨਿਸਟ ਇਨਕਲਾਬੀਆਂ ਦੀ ਆਦਰਸ਼ ਦੀ ਸਾਂਝ ਨੂੰ ਉੱਚਾ ਵਿਚਾਰਕ ਅਤੇ ਜਜ਼ਬਾਤੀ ਰੁਤਬਾ ਦਿੱਤਾ ਅਤੇ ਆਪਸੀ ਸਤਿਕਾਰ,ਨਿੱਘ ਅਤੇ ਅਪਣੱਤ ਦੀਆਂ ਕਦਰਾਂ ਕੀਮਤਾਂ 'ਤੇ ਪਹਿਰਾ ਦਿੱਤਾ।
ਪਰਿਵਾਰਕ ਜੀਵਨ ਅੰਦਰ ਵੀ ਸਾਥੀ ਰਣਜੀਤ ਨੇ ਬਰਾਬਰੀ,ਆਜ਼ਾਦੀ ਅਤੇ ਸਮੂਹਕ ਭਾਵਨਾ 'ਤੇ ਅਧਾਰਤ ਸਦਾਚਾਰ ਆਪਣਾਇਆ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਪਾਲਣ ਕੀਤਾ।
ਅਸੀਂ ਸਾਥੀ ਰਣਜੀਤ ਦੇ ਬੇਵਕਤ ਘਾਟੇ ਦੇ ਸਦਮੇ ਅਤੇ ਉਸਦੀਆਂ ਫ਼ਖਰਯੋਗ ਯਾਦਾਂ ਦੇ ਅਹਿਸਾਸ ਦੀਆਂ ਘੜੀਆਂ 'ਚ ਅਦਾਰਾ ਲਾਲ ਪ੍ਰਚਮ,ਇਨਕਲਾਬੀ ਕੇਂਦਰ ਪੰਜਾਬ ਅਤੇ ਕਾਮਰੇਡ ਰਣਜੀਤ ਦੇ ਪਰਿਵਾਰ ਦੇ ਅੰਗ ਸੰਗ ਮਹਿਸੂਸ ਕਰਦੇ ਹਾਂ।
ਆਓ,ਗ਼ਮ ਨੂੰ ਸ਼ਕਤੀ 'ਚ ਢਾਲ ਕੇ ਸਾਥੀ ਰਣਜੀਤ ਦੀ ਕਰਨੀ ਦੀ ਸੂਹੀ ਲੋਅ ਉੱਚੀ ਕਰੀਏ!
ਅਦਾਰਾ ਸੁਰਖ਼ ਲੀਹ
No comments:
Post a Comment