ਮਾਣ ਨਾਲ ਜ਼ਿੰਦਗੀ ਜਿਉਂ ਕੇ ਗਏ ਨੇ ਮੇਰੇ ਪਾਪਾ
(ਰਣਜੀਤ ਲਹਿਰਾ ਦੀ ਧੀ ਅਰਸ਼ਦੀਪ ਦਾ ਸੰਬੋਧਨ)
ਮੈਂ ਜਦ ਯੂਨੀਵਰਸਿਟੀ 'ਚ ਸੀ ਮੈਂ ਕਿਸੇ ਕਵੀ ਦੀ ਇੰਟਰਵਿਊ ਪੜ੍ਹੀ ਸੀ। ਜੀਹਦੇ 'ਚ ਉਹ ਕਹਿੰਦਾ ਕਿ ਸੱਤਾ ਹਮੇਸ਼ਾ ਇਹ ਚਾਹੁੰਦੀ ਹੈ ਕਿ ਤੁਸੀਂ ਰੋਵੋ, ਤੁਸੀਂ ਕੁਰਲਾਵੋ, ਤੁਸੀਂ ਢੇਰੀ ਢਾਹੋ। ਪਰ ਅਸੀਂ ਜੇ ਵਿਰੋਧ ਵੀ ਦਰਜ ਕਰਾਉਣਾ ਤਾਂ ਅਸੀਂ ਉਹ ਨੱਚ ਟੱਪ ਕੇ, ਅਸੀਂ ਜ਼ਿੰਦਗੀ ਜਿਉਂ ਕੇ ਕਿਉਂ ਨਹੀਂ ਕਰ ਸਕਦੇ? ਜੀਹਦੀ ਮਿਸਾਲ ਕਿਸਾਨ ਅੰਦੋਲਨ ਦਿੱਲੀ ਬਾਰਡਰਾਂ ਉੱਤੇ ਕਿ ਜਿੱਥੇ ਉਹਨਾਂ ਨੂੰ ਇਉਂ ਲੱਗਦਾ ਸੀ ਕਿ ਕੁੱਝ ਦਿਨ ਬੈਠ ਕੇ ਮੁੜ ਜਾਣਗੇ। ਭੁੱਖੇ ਮਰ ਜਾਣਗੇ। ਪਰ ਅਸੀਂ ਇੱਕ ਸੈਲੀਬਰੇਸ਼ਨ ਦੀ ਤਰ੍ਹਾਂ ਲਿਆ ਤੇ ਮੇਰੇ ਪਾਪਾ ਵੀ ਉਸੇ ਤਰੀਕੇ ਦੀ ਜ਼ਿੰਦਗੀ ਜਿਉਂ ਕੇ ਗਏ ਨੇ। ਉਸੇ ਤਰੀਕੇ ਦੀ ਸੈਲੀਬਰੇਸ਼ਨ ਦੀ ਤਰ੍ਹਾਂ ਉਸਨੂੰ ਜਿਉਂ ਕੇ ਗਏ ਨੇ। ਇੱਕ ਵਾਰੀ ਮੈਨੂੰ ਗੱਲ ਦੱਸੀ। ਕਾਫ਼ੀ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਗ੍ਰੈਜੂਏਸ਼ਨ 'ਚ ਸੀ। ਉਸ ਵੇਲੇ ਦੱਸਿਆ ਕਿ ਇੱਕ ਵਾਰੀ ਪਟਿਆਲੇ ਤੋਂ ਆਉਂਦੇ ਹੋਏ ਜਿਹੜੀ ਬੱਸ ਸੀ ਉਹ ਭਾਖੜਾ ਨਹਿਰ ਦੀ ਰੇਲਿੰਗ ਵਿੱਚ ਫਸ ਕੇ ਹੇਠਾਂ ਲਟਕ ਗਈ ਤੇ ਉਸ ਦਿਨ ਮੈਂ ਮਰ ਜਾਂਦਾ ਤਾਂ ਮਰ ਜਾਂਦਾ। ਉਸ ਤੋਂ ਬਾਅਦ ਮੇਰਾ ਡਰ ਨਿਕਲ ਗਿਆ। ਮਤਲਬ ਕੇ ਮਰਨ ਵਾਲਾ ਡਰ ਨਿਕਲ ਗਿਆ। ਤੇ ਇਹ ਇੱਦਾਂ ਦੀਆਂ ਗੱਲਾਂ ਅਸੀਂ ਕਰਦੇ ਸੀ। ਜਦੋਂ ਮੈਂ ਸਕੂਲ 'ਚ ਸੀ ਉਦੋਂ ਤੋਂ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕਦੇ ਵੀ ਕੁੱਝ ਵੀ ਹੋ ਸਕਦਾ। ਬਹੁਤ ਵਾਰੀ ਇਹ ਹਾਲਤ ਹੋਈ ਕਿ ਸਾਨੂੰ ਲੱਗਦਾ ਸੀ ਕਿ ਇਸ ਵਾਰੀ ਪਟਿਆਲੇ ਹਸਪਤਾਲ 'ਚੋਂ ਵਾਪਸ ਨਹੀਂ ਆਉਂਦੇ। ਪਰ ਅਸੀਂ ਅਕਸਰ ਆਪਸ ਦੇ ਵਿੱਚ ਮਖੌਲਾਂ ਹੀ ਕਰਦੇ। ਗੱਲਾਂ ਹੀ ਕਰਦੇ। ਡਾਕਟਰ ਗਾਂਧੀ ਬੈਠੇ ਨੇ। ਆਈ.ਸੀ.ਯੂ. ਦੇ ਵਿੱਚ ਪਾਪਾ ਨਰਸਾਂ ਨੂੰ ਮਖੌਲ ਕਰਦੇ। ਜਿੱਥੇ ਬਾਕੀ ਮਰੀਜ਼ਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਅਸੀਂ ਪਤਾ ਨਹੀਂ ਇੱਥੋਂ ਵਾਪਸ ਜਾਵਾਂਗੇ ਕਿ ਨਹੀਂ। ਉਹ ਸ਼ਾਇਦ ਸੋਚਦੇ ਹੋਣਗੇ ਕਿ ਬੰਦਾ ਬੜਾ ਕਮਲਾ, ਉਹ ਤਾਂ ਉੱਥੇ ਵੀ ਮਖੌਲ ਕਰਦੇ ਹੁੰਦੇ ਸੀ। ਤਾਂ ਉਸ ਕਿਸਮ ਦੀ ਜ਼ਿੰਦਗੀ ਪਾਪਾ ਜਿਉਂ ਕੇ ਗਏ ਨੇ। ਅਸੀਂ ਤਾਂ ਇਹ ਵੀ, ਇੱਥੋਂ ਤੱਕ ਵੀ ਮਖੌਲ ਕਰਦੇ ਹੁੰਦੇ ਸੀ ਕਿ ਫਿਰ ਤੁਹਾਡਾ ਅੰਤਿਮ ਸੰਸਕਾਰ ਕਰਨਾ ਜਾਂ ਫਿਰ ਗੁਰਸ਼ਰਨ ਭਾਅ ਜੀ ਵਾਂਗੂ ਕਰਨਾ ਜਾਂ ਫਿਰ ਤੁਹਾਡੀ ਬੌਡੀ ਡੋਨੇਟ ਕਰਨੀ ਜਾਂ ਤੁਹਾਡਾ ਜਿਹੜਾ ਸ਼ਰਧਾਂਜਲੀ ਸਮਾਗਮ ਉਹ ਕਿਵੇਂ ਦਾ ਕਰਨਾ। ਕਿਹਨੂੰ ਕਿਹਨੂੰ ਬੁਲਾਉਣਾ। ਤਾਂ ਅਸੀਂ ਇਹ ਸਾਰੀਆਂ ਗੱਲਾਂ ਇਸ ਤਰੀਕੇ ਨਾਲ ਕਰਦੇ ਸੀ ਤੇ ਉਹ ਹੁਣ ਵੀ ਜਦੋਂ ਸਾਡੇ ਵਿੱਚੋਂ ਗਏ ਨੇ ਤਾਂ ਕਦੇ ਉਹਨਾਂ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਮੇਰੇ ਦਰਦ ਹੁੰਦਾ, ਮੇਰਾ ਕੁੱਝ ਦੁੱਖਦਾ ਜਾਂ ਮੈ ਬਹੁਤ ਤੰਗ ਆਂ। ਉਸ ਅੰਤ ਸਮੇਂ ਤੱਕ ਵੀ ਇਹ ਗੱਲ ਉਹਨਾਂ ਦੀ ਜ਼ੁਬਾਨ 'ਤੇ ਨਹੀਂ ਆਈ ਤੇ ਸ਼ਾਇਦ ਉਹੀ ਚੀਜ਼ਾਂ ਮੇਰੇ 'ਚ ਉੱਥੋਂ ਹੀ ਆਈਆਂ ਨੇ। ਇੱਕ ਹੋਰ ਗੱਲ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਲੱਗਦਾ ਬਹੁਤ ਅਹਿਮ ਹੈ। ਜੋ ਪਾਪਾ ਦੇ ਦੋਸਤਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਮੇਰੇ ਨਾਲ ਇਹਦੇ ਬਾਰੇ ਗੱਲਬਾਤ ਕੀਤੀ ਕਿ ਆਮ ਕਰਕੇ ਖੱਬੇ ਪੱਖੀ ਜਾਂ ਅਸੀਂ ਕਹੀਏ ਕਿ ਪ੍ਰੋਗਰੈਸਿਵ ਲੋਕ ਜਿਹੜੇ ਹੁੰਦੇ ਨੇ ਉਹ ਬਾਹਰ ਬਹੁਤ ਪ੍ਰੋਗਰੈਸਿਵ ਹੁੰਦੇ ਨੇ ਪਰ ਆਪਣੇ ਘਰ ਦੇ ਵਿੱਚ ਉਨੇ ਪ੍ਰੋਗਰੈਸਿਵ ਨਹੀਂ ਹੁੰਦੇ। ਲੇਕਿਨ ਸਾਡੇ ਵਿੱਚ ਉਹ ਗੱਲ ਕਰਨ ਦੀ, ਉਹ ਵਿਚਾਰ ਕਰਨ ਦੀ, ਆਪਣੀ ਗੱਲ ਕਹਿਣ ਦੀ, ਗੱਲ ਮਨਵਾਉਣ ਦੀ ਇਹ ਸਪੇਸ ਹਮੇਸ਼ਾਂ ਰਹੀ ਹੈ। ਉਹ ਜਿੱਥੇ ਤੱਕ ਮੈਂ ਹਾਂ ਉਹ ਇਸੇ ਸਪੇਸ ਕਰਕੇ ਹੈ ਕਿ ਸਾਡੇ ਘਰ ਦੇ ਵਿੱਚ ਜੋ ਉਹ ਖੁੱਲ੍ਹ ਸੀ ਕਿ ਅਸੀਂ ਗੱਲ ਕਰ ਸਕਦੇ ਸੀ ਆਪਸ ਵਿੱਚ ਤੇ ਜਿਹੜੀ ਗੱਲ ਠੀਕ ਹੈ ਉਹ ਮੰਨੀ ਜਾਊਗੀ। ਇਸ ਕਿਸਮ ਦਾ ਮਾਹੌਲ ਸੀ ਸਾਡੇ ਘਰ ਵਿੱਚ ਤੇ ਜ਼ਿੰਦਗੀ ਦੇ ਵਿੱਚ ਮੈਂ ਕੋਈ ਵੀ ਫ਼ੈਸਲਾ ਲੈਣਾ ਹੋਵੇ, ਉਹਦੀ ਮੈਨੂੰ ਖੁੱਲ੍ਹ ਸੀ ਤੇ ਪਿੱਛੋਂ ਇਹ ਮੇਰੇ ਮੰਮੀ ਪਾਪਾ ਦੋਵੇਂ ਮੇਰੇ ਨਾਲ ਇਸ ਤਰੀਕੇ ਨਾਲ ਖੜ੍ਹੇ ਰਹੇ ਆ ਕੇ ਹਾਂ ਰੋਟੀ ਤਾਂ ਮਿਲ ਹੀ ਜਾਊਗੀ, ਕਿ ਜ਼ਿੰਦਗੀ ਵਿੱਚ ਜੋ ਵੀ ਕਰਨ ਦੀ ਇੱਛਾ ਹੈ ਉਹ ਕਰ, ਰੋਟੀ ਤਾਂ ਮਿਲ ਹੀ ਜਾਊਗੀ। ਜਾਂ ਮੈਨੂੰ ਇਹ ਤਸੱਲੀ ਸੀ ਕਿ ਮੇਰੇ ਪਿੱਛੇ ਦੋਵੇਂ ਖੜ੍ਹੇ ਨੇ ਤੇ ਹੋਰ ਕਿਸੇ ਦੀ ਮੈਨੂੰ ਕੋਈ ਪ੍ਰਵਾਹ ਕਦੇ ਨਹੀਂ ਰਹੀ। ਉਹ ਸ਼ਾਇਦ ਅੱਗੇ ਵੀ ਸਾਨੂੰ ਨਹੀਂ ਰਹੂਗੀ। ਤੇ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਜਿਸ ਕਿਸਮ ਦੀ ਜ਼ਿੰਦਗੀ ਉਹ ਜਿਉਂ ਕੇ ਗਏ ਨੇ। ਮੈਨੂੰ ਐਨੇ ਜੋਗਾ ਕਰਕੇ ਗਏ ਨੇ ਕਿ ਮੈਂ ਇੱਕ ਚੰਗੀ ਜ਼ਿੰਦਗੀ ਜਿਉਂ ਸਕਦੀ ਹਾਂ। ਜਿਸ ਤਰੀਕੇ ਦੀ ਜ਼ਿੰਦਗੀ ਪਾਪਾ ਜਿਉਂ ਕੇ ਗਏ ਉਸ ਤਰੀਕੇ ਦੀ ਜ਼ਿੰਦਗੀ ਜਿਉਂ ਸਕਦੀ ਹਾਂ ਤੇ ਇਹ ਵੀ ਵਾਅਦਾ ਕਰਦੀ ਹਾਂ, ਆਪਣੀ ਮਾਂ ਵੱਲੋਂ ਵੀ ਜਿੱਥੇ-ਜਿੱਥੇ ਵੀ ਪਾਪਾ ਖੜ੍ਹਦੇ ਰਹੇ ਨੇ ਉੱਥੇ ਪਹਿਲਾਂ ਵੀ ਖੜ੍ਹੇ ਆਂ, ਉੱਥੇ ਅੱਗੇ ਵੀ ਖੜ੍ਹਾਂਗੇ। ਜ਼ਿੰਦਗੀ ਜਿਵੇਂ ਪਾਪਾ ਮਾਣ ਨਾਲ ਜਿਉਂ ਕੇ ਗਏ ਨੇ। ਅਸੀਂ ਉਵੇਂ ਹੀ ਜ਼ਿੰਦਗੀ ਪਹਿਲਾਂ ਵੀ ਮਾਣ ਨਾਲ ਜਿਉਂਈ ਤੇ ਹੁਣ ਵੀ ਮਾਣ ਦੇ ਨਾਲ ਜਿਉਵਾਂਗੇ। ਜਿੰਨੀਆਂ ਵੀ ਧਿਰਾਂ ਆਈਆਂ ਨੇ, ਜਿੰਨੇ ਵੀ ਬਹੁਤ ਸਾਰੇ ਉਹ ਲੋਕ ਆਏ ਨੇ। ਜਿੰਨਾਂ ਨੂੰ ਸ਼ਾਇਦ ਅਸੀਂ ਨਹੀਂ ਜਾਣਦੇ। ਉਹਨਾਂ ਦਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਹਾਂ। ਕਾਮਰੇਡ ਰਣਜੀਤ ਨੂੰ ਲਾਲ ਸਲਾਮ!
No comments:
Post a Comment