Sunday, March 22, 2026

ਅਮਰੀਕੀ ਸਾਮਰਾਜੀ ਹਮਲਾ ਤੇ ਇਰਾਨੀ ਕੌਮੀ ਟਾਕਰਾ


ਅਮਰੀਕੀ ਸਾਮਰਾਜੀ ਹਮਲਾ ਤੇ ਇਰਾਨੀ ਕੌਮੀ ਟਾਕਰਾ



 ਇਰਾਨ 'ਤੇ ਅਮਰੀਕੀ ਇਜ਼ਰਾਇਲੀ ਹਮਲੇ ਨੂੰ 12 ਦਿਨ ਹੋ ਚੁੱਕੇ ਹਨ। ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ 'ਤੇ ਕੀਤੀ ਜਾ ਰਹੀ ਭਾਰੀ ਬੰਬਾਰੀ 'ਚ 1348 ਇਰਾਨੀ ਲੋਕ ਮਾਰੇ ਗਏ ਹਨ ਤੇ 17000 ਤੋਂ ਉੱਪਰ ਜਖ਼ਮੀ ਹੋਏ ਹਨ। ਇੱਕ ਸਕੂਲ 'ਤੇ ਅਮਰੀਕੀ ਹਮਲੇ 'ਚ 175 ਦੇ ਲਗਪਗ ਲੜਕੀਆਂ ਦੇ ਮਾਰੇ ਜਾਣ ਨੇ ਦੁਨੀਆਂ ਭਰ 'ਚ ਲੋਕਾਂ ਅੰਦਰ ਸੋਗ ਫੈਲਾਇਆ ਹੈ। ਇਰਾਨ ਵੱਲੋਂ ਮੋੜਵੇਂ ਜਵਾਬ 'ਚ ਆਲੇ-ਦੁਆਲੇ ਦੇ ਗੁਆਂਢੀ ਮੁਲਕਾਂ 'ਚ ਅਮਰੀਕੀ ਫੌਜੀ ਅੱਡਿਆਂ 'ਤੇ ਡਰੋਨ ਅਤੇ ਮਿਜ਼ਾਇਲਾਂ ਸੁੱਟੀਆਂ ਜਾ ਰਹੀਆਂ ਹਨ ਤੇ ਇਜ਼ਰਾਇਲ ਅੰਦਰ ਵੀ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਅਮਰੀਕੀ ਹਮਲਿਆਂ ਨਾਲ ਇਰਾਨ ਅੰਦਰ ਲੱਖਾਂ ਲੋਕਾਂ ਦਾ ਉਜਾੜਾ ਹੋਇਆ ਹੈ। ਲਿਬਨਾਨ 'ਚ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਨਾਲ ਉੱਥੇ 10 ਲੱਖ ਲੋਕਾਂ ਦਾ ਉਜਾੜਾ ਹੋਇਆ ਹੈ। 28 ਫਰਵਰੀ ਨੂੰ ਇਰਾਨ 'ਤੇ ਅਮਰੀਕਾ ਵੱਲੋਂ ਸ਼ੁਰੂ ਕੀਤੀ ਹਵਾਈ ਬੰਬਾਰੀ ਹੁਣ ਮੱਧ ਪੂਰਬ ਖੇਤਰ 'ਚ ਜੰਗ ਵਰਗੀ ਹਾਲਤ 'ਚ ਬਦਲ ਚੁੱਕੀ ਹੈ। ਇਰਾਨ ਵੱਲੋਂ ਜਵਾਬੀ ਕਾਰਵਾਈ ਵਜੋਂ ਸਮੁੰਦਰੀ ਲਾਂਘੇ ਸਟਰੇਟ ਆਫ ਹਾਰਮੂਜ਼ ਨੂੰ ਬੰਦ ਕਰਨ ਨਾਲ ਏਸ਼ੀਆ ਦੇ ਮੁਲਕਾਂ ਨੂੰ ਤੇਲ ਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਿਸਦਾ ਅਸਰ ਸਮੁੱਚੀ ਸੰਸਾਰ ਆਰਥਿਕਤਾ 'ਤੇ ਆਉਣਾ ਸ਼ੁਰੂ ਹੋ ਰਿਹਾ ਹੈ। ਇਸ ਹਾਲਤ 'ਚ ਸਮੁੱਚੇ ਸੰਸਾਰ ਅੰਦਰ ਇਸ ਜੰਗ ਦੇ ਅਸਰ ਦਿਖਾਈ ਦੇ ਰਹੇ ਹਨ। 

ਇਰਾਨ 'ਤੇ ਹਮਲੇ ਦਾ ਬਹਾਨਾ

ਅਮਰੀਕੀ-ਇਜ਼ਰਾਇਲੀ ਹਮਲਾਵਰਾਂ ਵੱਲੋਂ  ਪਿਛਲੇ ਕਈ ਮਹੀਨਿਆਂ ਤੋਂ ਇਰਾਨ 'ਤੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਸੀ।। ਫਿਰ ਇਰਾਨ ਨਾਲ ਗੱਲਬਾਤ ਦਾ ਅਮਲ ਚਲਾਇਆ ਗਿਆ ਤੇ ਇਸਦੇ ਤਿੰਨ ਦੌਰ ਚੱਲੇ ਸਨ। ਹੁਣ ਤੀਜੇ ਦੌਰ ਦੀ ਗੱਲਬਾਤ ਚੱਲ ਰਹੀ ਸੀ। ਗੱਲਬਾਤ ਦੀ ਵਿਚੋਲਗੀ ਕਰ ਰਹੇ ਓਮਾਨ ਵੱਲੋਂ ਕਿਹਾ ਗਿਆ ਹੈ ਕਿ ਗੱਲਬਾਤ ਤਹਿਤ ਸਮਝੌਤਾ ਨੇੜੇ ਲੱਗਣ ਵਾਲਾ ਸੀ ਪ੍ਰੰਤੂ ਵਿਚਕਾਰ ਹੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ ਉੱਤੇ ਹੱਲਾ ਬੋਲ ਦਿੱਤਾ ਗਿਆ ਜਿਸਦਾ ਇਰਾਨ ਨੇ ਠੋਕਵਾਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ। 

ਪਿਛਲੇ ਕੁੱਝ ਮਹੀਨਿਆਂ ਤੋਂ ਅਮਰੀਕਾ ਵੱਲੋਂ ਇਰਾਨ ਦੀ ਫੌਜੀ ਘੇਰਾਬੰਦੀ ਕੀਤੀ ਜਾ ਰਹੀ ਸੀ। ਉਸਦੇ ਨੇੜੇ ਸਮੁੰਦਰ 'ਚ ਅਮਰੀਕਾ ਦਾ ਵੱਡਾ ਜੰਗੀ ਬੇੜਾ ਇਬਰਾਹਿਮ ਲਿੰਕਨ ਤਾਇਨਾਤ ਕਰ ਦਿੱਤਾ ਗਿਆ ਸੀ ਤੇ ਮਗਰੋਂ ਇੱਕ ਹੋਰ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਵਾਲਾ ਬੇੜਾ ਵੀ ਨੇੜੇ ਲਿਆਂਦਾ ਗਿਆ। ਗੁਆਂਢੀ ਮੁਲਕਾਂ ਦੇ ਅਮਰੀਕੀ ਫੌਜੀ ਅੱਡਿਆਂ 'ਤੇ ਵੀ ਨਫ਼ਰੀ ਵਧਾ ਕੇ, ਹਰਕਤਸ਼ੀਲਤਾ ਵਧਾਈ ਗਈ ਸੀ ਤੇ ਇਰਾਨ 'ਤੇ ਗੱਲਬਾਤ ਲਈ ਦਬਾਅ ਬਣਾ ਕੇ, ਆਪਣੀਆਂ ਸ਼ਰਤਾਂ ਮਨਵਾਉਣ ਦੀ ਵਿਉਂਤ ਸੀ। ਅਮਰੀਕਾ ਮੰਗ ਕਰ ਰਿਹਾ ਸੀ ਕਿ ਇਰਾਨ ਆਪਣਾ ਪ੍ਰਮਾਣੂ ਬੰਬ ਬਣਾਉਣ ਦਾ ਪ੍ਰੋਗਰਾਮ ਤਿਆਗੇ, ਪ੍ਰਮਾਣੂ ਪ੍ਰੋਗਰਾਮ ਨੂੰ ਉਸਦੀ ਨਿਗਰਾਨੀ 'ਚ ਲਿਆਂਦਾ ਜਾਵੇ ਤੇ ਯੂਰੇਨੀਅਮ ਸੋਧਣਾ ਬੰਦ ਕੀਤਾ ਜਾਵੇ। ਬੈਲਸੈਟਿਕ ਮਿਜ਼ਾਇਲਾਂ ਦਾ ਪ੍ਰੋਗਰਾਮ ਬੰਦ ਕੀਤਾ ਜਾਵੇ ਅਤੇ ਇਰਾਨ ਵੱਲੋਂ ਹਿਜ਼ਬੁੱਲਾ,ਹਮਾਸ ਤੇ ਹਾਓਤੀ ਵਿਦਰੋਹੀਆਂ ਵਰਗੀਆਂ ਅਮਰੀਕੀ ਸਾਮਰਾਜ, ਵਿਰੋਧੀ ਟਾਕਰਾ ਸ਼ਕਤੀਆਂ ਦੀ ਮੱਦਦ ਕਰਨੀ ਬੰਦ ਕੀਤੀ ਜਾਵੇ। ਇਰਾਨ ਪ੍ਰਮਾਣੂ ਊਰਜਾ ਪ੍ਰੋਗਰਾਮ ਬਾਰੇ ਗੱਲਬਾਤ ਕਰਨ ਲਈ ਸਹਿਮਤ ਹੋ ਗਿਆ ਸੀ। ਪਰ ਬਾਕੀ ਮੁੱਦਿਆਂ 'ਤੇ ਗੱਲਬਾਤ ਨੂੰ ਰੱਦ ਕਰਦਾ ਸੀ। ਇਜ਼ਰਾਇਲ ਤਾਂ ਇਸ ਤੋਂ ਵੀ ਅੱਗੇ ਇਰਾਨ ਨੂੰ ਪੂਰੀ ਤਰ੍ਹਾਂ ਹਥਿਆਰ ਰਹਿਤ ਕਰਨ ਦੀ ਮੰਗ ਰੱਖ ਰਿਹਾ ਸੀ। ਇਰਾਨ ਨੇ ਪ੍ਰਮਾਣੂ ਬੰਬ ਬਣਾਉਣ ਦੇ ਅਮਰੀਕੀ ਦਾਅਵਿਆਂ ਨੂੰ ਹਮੇਸ਼ਾਂ ਰੱਦ ਕੀਤਾ ਹੈ ਤੇ ਉਸਨੇ ਆਪਣੇ ਯੂਰੇਨੀਅਮ ਸੋਧਣ ਦੇ ਮਕਸਦ ਨੂੰ ਊਰਜਾ ਲੋੜਾਂ ਦਾ ਪ੍ਰੋਗਰਾਮ ਦੱਸਿਆ ਹੈ। ਉਂਝ ਵੀ ਪ੍ਰਮਾਣੂ ਬੰਬ ਬਣਾਉਣ ਲਈ ਇਰਾਨ ਨੂੰ ਯੂਰੇਨੀਅਮ 90% ਸੋਧਣਾ ਪੈਂਦਾ ਹੈ ਜਦਕਿ ਇਰਾਨ ਕੋਲ ਅਜੇ ਤੱਕ 60% ਤੱਕ ਸੋਧਿਆ ਹੋਇਆ ਯੂਰੇਨੀਅਮ ਹੈ। ਓਮਾਨ ਦੇ ਵਿਦੇਸ਼ ਮੰਤਰੀ ਹਾਮਦ-ਅਲ-ਬੁਸਾਇਦੀ ਅਨੁਸਾਰ ਇਸ ਗੱਲਬਾਤ ਦੌਰਾਨ ਵੀ ਇਰਾਨ ਪ੍ਰਮਾਣੂ ਬੰਬ ਨਾ ਬਣਾਉਣ ਤੇ ਨਿਊਕਲੀਅਰ ਸਮੱਗਰੀ ਇਕੱਠੀ ਨਾ ਕਰਨ ਲਈ ਸਹਿਮਤ ਸੀ। ਉਸਨੇ ਕਿਹਾ ਕਿ ''ਜੇਕਰ ਏਨੀ ਹੀ ਮਨਸ਼ਾ ਸੀ ਤਾਂ ਅਸੀਂ ਇਸਨੂੰ ਹੱਲ ਕਰਨ ਦੇ ਨੇੜੇ ਪਹੁੰਚ ਚੁੱਕੇ ਹਾਂ।'' ਉਸਦੇ ਅਜਿਹਾ ਕਹਿਣ ਦੇ ਕੁੱਝ ਘੰਟਿਆਂ ਬਾਅਦ ਇਰਾਨ 'ਤੇ ਹਵਾਈ ਹਮਲੇ ਵਿੱਢ ਦਿੱਤੇ ਗਏ। ਜਿਸ ਵਿੱਚ ਮੁਲਕ ਦੀ ਚੋਟੀ ਸਿਆਸੀ ਤੇ ਫੌਜੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ ਇਰਾਨ ਦਾ ਸੁਪਰੀਮ ਲੀਡਰ ਖੇਮਨੇਈ ਤੇ ਹੋਰ ਉੱਚ ਪੱਧਰੀ ਫੌਜੀ ਲੀਡਰਸ਼ਿਪ ਮਾਰੀ ਗਈ। 

ਉਂਝ ਇਹ ਹਕੀਕਤ ਵੀ ਦਿਲਚਸਪ ਹੈ ਕਿ ਇਰਾਨ ਨਾਲ 2015 'ਚ ਓਬਾਮਾ ਪ੍ਰਸਾਸ਼ਨ ਵੱਲੋਂ ਕੀਤੇ ਪ੍ਰਮਾਣੂ ਸਮਝੌਤੇ ਨੂੰ ਟਰੰਪ ਵੱਲੋਂ ਆਪਣੀ ਪਿਛਲੀ ਵਾਰੀ 'ਚ ਭਾਵ ਕਿ 2018 'ਚ ਇੱਕਪਾਸੜ ਢੰਗ ਨਾਲ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ 2015 ਵਾਲੇ ਸਮਝੌਤੇ 'ਚ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਸੀਮਤ ਕੀਤਾ ਗਿਆ ਸੀ ਤੇ ਇਸ ਬਦਲੇ ਉਸ ਤੋਂ ਕੁੱਝ ਆਰਥਿਕ ਬੰਦਿਸ਼ਾਂ ਹਟਾਈਆਂ ਗਈਆਂ ਸਨ। ਇਰਾਨ ਇਸ ਸਮਝੌਤੇ ਦਾ ਪਾਲਣ ਕਰਦਾ ਆ ਰਿਹਾ ਸੀ। ਇਸ ਪਾਲਣਾ ਬਾਰੇ ਸੰਯੁਕਤ ਰਾਸ਼ਟਰ ਨੇ ਵੀ ਤਸੱਲੀ ਜ਼ਾਹਰ ਕੀਤੀ ਸੀ। ਟਰੰਪ ਵੱਲੋਂ ਅਮਰੀਕਾ ਨੂੰ ਇੱਕਪਾਸੜ ਤੌਰ 'ਤੇ ਇਸ ਸਮਝੌਤੇ 'ਚੋਂ ਬਾਹਰ ਕੱਢ ਲਿਆ ਗਿਆ ਤੇ ਮੁੜ ਇਰਾਨ 'ਤੇ ਸਖਤ ਆਰਥਿਕ ਬੰਦਿਸ਼ਾਂ ਮੜ੍ਹ ਦਿੱਤੀਆਂ। ਇਸਦਾ ਕਾਰਨ ਵੀ ਇਰਾਨ 'ਤੇ ਹਮਲੇ ਲਈ ਉਸਦੀ ਘੇਰਾਬੰਦੀ ਲਈ ਬਹਾਨਾ ਘੜਨਾ ਸੀ। ਸਮਝੌਤੇ ਦੇ ਰਹਿੰਦਿਆਂ ਇਹ ਬਹਾਨਾ ਔਖਾ ਸੀ। ਉਸ ਤੋਂ ਮਗਰੋਂ ਇਰਾਨ ਨੇ ਮੁੜ ਯੂਰੇਨੀਅਮ ਸੋਧਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੀ ਇਜ਼ਰਾਇਲ ਨੇ ਇਰਾਨ ਅੰਦਰ ਕਈ ਜਾਸੂਸੀ ਅਪ੍ਰੇਸ਼ਨ ਕੀਤੇ ਤੇ ਇਰਾਨ ਦੇ ਕਈ ਨਿਊਕਲੀਅਰ ਵਿਗਿਆਨੀਆਂ ਦੇ ਕਤਲ ਕੀਤੇ ਗਏ। ਇਸ ਸਾਰੇ ਅਮਲ ਨੇ ਦਰਸਾਇਆ ਕਿ ਅਮਰੀਕਾ ਤੇ ਇਜ਼ਰਾਇਲ ਦੇ ਹਮਲੇ ਲਈ ਪ੍ਰਮਾਣੂ ਹਥਿਆਰਾਂ ਦਾ ਤਾਂ ਬਹਾਨਾ ਹੈ ਜਦਕਿ ਅਸਲ ਮਕਸਦ ਤਾਂ ਇਰਾਨ 'ਚ ਰਾਜ ਪਲਟਾ ਕਰਨਾ ਹੈ। 

ਅਸਲ ਮਕਸਦ 

ਇਰਾਨ 'ਤੇ ਬੋਲੇ ਗਏ ਹਮਲੇ ਦਾ ਅਸਲ ਮੰਤਵ ਉੱਥੋਂ ਦੇ ਮੌਜੂਦਾ ਰਾਜ ਨੂੰ ਉਲਟਾ ਕੇ ਆਪਣੀ ਕਠਪੁਤਲੀ ਹਕੂਮਤ ਕਾਇਮ ਕਰਨਾ ਹੈ ਤਾਂ ਕਿ ਪੱਛਮੀ ਏਸ਼ੀਆ ਦੇ ਇਸ ਖਿੱਤੇ ਅੰਦਰ ਅਮਰੀਕੀ ਸਾਮਰਾਜੀ ਚੌਧਰ ਨੂੰ ਕੋਈ ਚੁਣੌਤੀ ਨਾ ਦੇ ਸਕੇ ਅਤੇ ਉਸਦੇ ਲੁਟੇਰੇ ਸਾਮਰਾਜੀ ਹਿਤ ਸਲਾਮਤ ਰੱਖੇ ਜਾ ਸਕਣ। ਇਸ ਖਿੱਤੇ ਅੰਦਰ ਤੇਲ ਤੇ ਕੁਦਰਤੀ ਗੈਸ ਦੀ ਊਰਜਾ ਦੇ ਵੱਡੇ ਭੰਡਾਰ ਹਨ ਤੇ ਅਮਰੀਕਾ ਇਹਨਾਂ ਭੰਡਾਰਾਂ ਦੇ ਕੰਟਰੋਲ ਦੇ ਸਿਰ 'ਤੇ ਦੁਨੀਆਂ 'ਚ ਸਾਮਰਾਜੀ ਮਹਾਂਸਕਤੀ ਵਜੋਂ ਆਪਣੀ ਸਿਖਰਲੀ ਆਰਥਿਕ ਹੈਸੀਅਤ ਕਾਇਮ ਰੱਖ ਰਿਹਾ ਹੈ। ਬਾਕੀ ਦੇ ਅਰਬ ਮੁਲਕਾਂ ਦੀਆਂ ਹਕੂਮਤਾਂ ਆਮ ਕਰਕੇ ਅਮਰੀਕੀ ਪਿੱਠੂ ਹਕੂਮਤਾਂ ਹਨ ਤੇ ਤੇਲ ਦੀ ਲੁੱਟ 'ਚ ਆਪਣਾ ਹਿੱਸਾ ਲੈ ਕੇ, ਅਮਰੀਕੀ ਸੇਵਾ ਕਮਾਉਂਦੀਆਂ ਹਨ। ਇਹ ਰਾਜ ਬਹੁਤ ਪੱਖਾਂ ਤੋਂ ਅਮਰੀਕੀ ਮਿਹਰ 'ਤੇ ਨਿਰਭਰ ਹਨ ਜਦਕਿ ਇਹਨਾਂ ਮੁਲਕਾਂ 'ਚ ਅਮਰੀਕਾ ਲੁਟੇਰੀ ਸਾਮਰਾਜੀ ਤਾਕਤ ਵਜੋਂ ਘੋਰ ਬਦਨਾਮ ਮੁਲਕ ਹੈ। ਇਸ ਖਿੱਤੇ ਦੇ ਅਜਿਹੇ ਵਿਸ਼ੇਸ਼ ਮਹੱਤਵ ਕਰਕੇ ਹੀ ਦੂਜੀ ਸੰਸਾਰ ਜੰਗ ਤੋਂ ਮਗਰੋਂ ਇੱਥੇ ਯਹੂਦੀਆਂ ਦਾ ਇਜ਼ਰਾਇਲ ਮੁਲਕ ਵਸਾਇਆ ਗਿਆ ਸੀ। ਅਮਰੀਕੀ ਤੇ ਬਰਤਾਨਵੀ ਸਾਮਰਾਜੀਆਂ ਨੇ ਆਪਣੀਆਂ ਲੰਮੇ ਦਾਅ ਦੀਆਂ ਯੁੱਧਨੀਤਿਕ ਸਾਮਰਾਜੀ ਵਿਉਂਤਾਂ ਤਹਿਤ ਹੀ, ਯਹੂਦੀਆਂ ਪ੍ਰਤੀ ਸੰਸਾਰ 'ਚ ਉੱਠੀ ਹੋਈ ਹਮਦਰਦੀ ਦੀ ਲਹਿਰ ਦਾ ਲਾਹਾ ਲੈ ਕੇ, ਇੱਥੇ ਫਲਸਤੀਨ ਦੀ ਧਰਤੀ 'ਤੇ ਇਜ਼ਰਾਇਲ ਨਾਂ ਦਾ ਮੁਲਕ ਵਸਾ ਦਿੱਤਾ ਤੇ ਫ਼ਲਸਤੀਨੀਆਂ ਨੂੰ ਬੇ-ਵਤਨੇ ਕਰਕੇ ਉਜਾੜੇ ਦਾ ਸਰਾਪ ਗਲ ਪਾ ਦਿੱਤਾ। ਇਜ਼ਰਾਇਲੀ ਰਾਜ ਘੋਰ ਪਿਛਾਖੜੀ ਰਾਜ ਹੈ ਤੇ ਅਮਰੀਕਾ 'ਤੇ ਸਿੱਧੀ ਤਰ੍ਹਾਂ ਨਿਰਭਰ ਹੈ। ਦੂਜੀ ਸੰਸਾਰ ਜੰਗ ਮਗਰੋਂ ਸਾਮਰਾਜੀ ਤਾਕਤ ਵਜੋਂ ਬਰਤਾਨੀਆ ਦੇ ਕਾਫੀ ਕਮਜ਼ੋਰ ਹੋ ਜਾਣ ਤੇ ਅਮਰੀਕਾ ਦੇ ਵੱਡੇ ਸਾਮਰਾਜੀ ਸ਼ਕਤੀ ਵਜੋਂ  ਉਭਾਰ ਮਗਰੋਂ , ਇਸਦੀ ਵਾਗਡੋਰ ਅਮਰੀਕਾ ਨੂੰ ਮਿਲ ਗਈ। ਉਦੋਂ ਤੋਂ ਅਰਬ ਜਗਤ ਅੰਦਰ ਇਜ਼ਰਾਇਲ ਅਮਰੀਕੀ ਫੌਜੀ ਅੱਡੇ ਵਜੋਂ ਕੰਮ ਕਰਦਾ ਹੈ ਤੇ ਅਰਬ ਮੁਲਕਾਂ ਨੂੰ ਦਬਾਉਣ ਦਾ ਅਮਰੀਕੀ ਹੱਥਾ ਬਣਿਆ ਆ ਰਿਹਾ ਹੈ। ਫ਼ਲਸਤੀਨੀ ਕੋਮੀ ਮੁਕਤੀ ਸੰਗਰਾਮ ਉਦੋਂ  ਤੋਂ ਹੀ ਜਾਰੀ ਹੈ ਤੇ ਅਰਬ 'ਚ ਵੱਖ-ਵੱਖ ਟਾਕਰਾ ਸ਼ਕਤੀਆਂ ਇਸ ਜੱਦੋਜਹਿਦ ਦੀ ਹਮਾਇਤ ਕਰਦੀਆਂ ਹਨ। ਇਰਾਨੀ ਰਾਜ ਵੀ ਇਸ ਜੱਦੋਜਹਿਦ ਦੀ ਹਮਾਇਤ ਕਰਦਾ ਹੈ ਤੇ ਫ਼ਲਸਤੀਨੀ ਕੌਮੀ ਟਾਕਰਾ ਸ਼ਕਤੀਆਂ ਨੂੰ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਇਸ ਸਮੁੱਚੇ ਖਿੱਤੇ 'ਚ ਹੁਣ ਇਰਾਨ ਹੀ ਅਜਿਹਾ ਰਾਜ ਬਚਿਆ ਸੀ ਜੋ ਅਮਰੀਕੀ ਸਾਮਰਾਜੀ ਧੌਂਸ ਤੋ ਨਾਬਰ ਤੁਰਿਆ ਆ ਰਿਹਾ ਸੀ। ਪਹਿਲਾਂ ਸੀਰੀਆ ਵੀ ਅਮਰੀਕੀ ਸਾਮਰਾਜੀ ਵਿਉਂਤ 'ਚ ਫਿੱਟ ਨਹੀਂ ਬੈਠ ਰਿਹਾ ਸੀ ਪਰ ਅਸਦ ਦੀ ਹਕੂਮਤ ਉਲਟ ਜਾਣ ਮਗਰੋਂ ਇੱਕ ਵਾਰ ਵੱਡੇ ਰਾਜ ਵਜੋਂ ਅਮਰੀਕਾ ਲਈ ਫੌਰੀ ਚੁਣੌਤੀ ਇਰਾਨ ਹੀ ਬਣਿਆ ਹੋਇਆ ਹੈ। ਇਸ ਤੋਂ ਬਿਨਾਂ ਇਰਾਨ ਕੋਲ ਆਪਣੇ ਵੀ ਤੇਲ ਦੇ ਵੱਡੇ ਭੰਡਾਰ ਹਨ ਤੇ ਇਹ ਅਮਰੀਕੀ ਕੰਟਰੋਲ ਤੋਂ ਬਾਹਰ ਹਨ। ਇਰਾਨ ਆਪਣੇ ਤੇਲ ਦਾ ਵਪਾਰ ਡਾਲਰਾਂ 'ਚ ਕਰਨ ਤੋਂ ਇਨਕਾਰੀ ਹੈ। ਤੇਲ ਦਾ ਵਪਾਰ ਡਾਲਰ 'ਚ ਕੀਤੇ ਜਾਣ ਕਾਰਨ, ਡਾਲਰ ਦੀ ਦੁਨੀਆਂ 'ਚ ਮੰਗ ਜ਼ਿਆਦਾ ਹੈ ਤੇ ਇਉਂ ਮਜ਼ਬੂਤ ਕਰੰਸੀ ਬਣੀ ਹੋਈ ਹੈ। ਬਾਕੀ ਅਰਬ ਮੁਲਕ ਇਹ ਵਪਾਰ ਡਾਲਰ 'ਚ ਕਰ ਰਹੇ ਹਨ ਜਦਕਿ ਇਰਾਨ ਅਜਿਹਾ ਨਹੀਂ ਕਰ ਰਿਹਾ ਤੇ ਡਾਲਰ ਤੋਂ ਬਿਨਾਂ ਵਪਾਰ ਕਰਨ ਵਾਲੇ ਮੁਲਕਾਂ 'ਚ ਮੋਹਰੀ ਹੈ ਅਤੇ ਇਸ ਰੁਝਾਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾ ਕਰ ਰਿਹਾ ਹੈ। ਇਹ ਵੀ ਅਮਰੀਕਾ ਨੂੰ ਵਾਰਾ ਨਹੀਂ ਖਾਂਦਾ। 

ਇਸ ਪ੍ਰਸੰਗ 'ਚ ਹੀ ਇਰਾਨ ਇਜ਼ਰਾਇਲ ਟਕਰਾਅ 1979 ਵੇਲੇ ਤੋਂ ਹੀ ਤੁਰਿਆ ਆ ਰਿਹਾ ਹੈ ਜਦੋਂ ਇਰਾਨ ਅੰਦਰ ਅਮਰੀਕੀ ਪਿੱਠੂ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਉਲਟਾ ਕੇ 'ਇਸਲਾਮਕ ਇਨਕਲਾਬ' ਦੇ ਨਾਂ ਹੇਠ ਨਵਾਂ ਰਾਜ ਕਾਇਮ ਹੋਇਆ ਸੀ। ਇਸ 'ਇਸਲਾਮਕ ਇਨਕਲਾਬ' 'ਚ ਲੋਕਾਂ ਦੀਆਂ ਅਮਰੀਕੀ ਸਾਮਰਾਜ ਵਿਰੋਧੀ ਜ਼ੋਰਦਾਰ ਭਾਵਨਾਵਾਂ ਸਨ ਤੇ ਸ਼ਾਹ ਦੀ ਪਿੱਠੂ ਹਕੂਮਤ ਅਤੇ ਅਮਰੀਕੀ ਸਾਮਰਾਜ ਲੁੱਟ ਤੇ ਦਾਬੇ ਖ਼ਿਲਾਫ਼ ਤਿੱਖਾ ਰੋਸ ਸੀ। ਇਸ ਹਾਲਤ 'ਚ ਹੀ ਸ਼ਾਹ ਦਾ ਤਖਤਾ ਪਲਟ ਕੇ ਇਹ ਮੌਜੂਦਾ ਰਾਜ ਬਣਿਆ ਸੀ ਤੇ ਇਹ ਉਦੋਂ ਤੋਂ ਹੀ ਇਜ਼ਰਾਇਲ ਤੇ ਅਮਰੀਕੀ ਸਾਮਰਾਜੀਆਂ ਲਈ ਚੁਣੌਤੀ ਬਣਿਆ ਹੋਇਆ ਸੀ। ਇਹਨਾਂ ਦੋਹਾਂ ਮੁਲਕਾਂ ਵੱਲੋਂ ਇੱਥੇ ਰਾਜ ਪਲਟੇ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪੰਜ ਵਰ੍ਹੇ ਪਹਿਲਾਂ ਇਰਾਨ ਦੇ ਜਰਨਲ ਕਾਸਿਮ ਸੁਲੇਮਾਨੀ ਦਾ ਵੀ ਅਮਰੀਕਾ ਵੱਲੋਂ ਮਿਜ਼ਾਇਲ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇਰਾਕ 'ਚ ਸੀ। ਇਸ ਜਰਨਲ ਦਾ ਇਰਾਨ ਦੇ ਇਸ ਖਿੱਤੇ ਅੰਦਰ ਵਧ ਰਹੇ ਫੌਜੀ ਪ੍ਰਭਾਵ 'ਚ ਮੋਹਰੀ ਰੋਲ ਸੀ ਤੇ ਉਹ ਅਮਰੀਕੀ ਵਿਰੋਧੀ ਟਾਕਰਾ ਸ਼ਕਤੀਆਂ ਨਾਲ ਇਰਾਨ ਦੇ ਅਸਰਦਾਰ ਤਾਲਮੇਲ ਦੀ ਅਹਿਮ ਕੜੀ ਸੀ। ਇਰਾਨ ਅੰਦਰ ਅਮਰੀਕੀ ਖੁਫ਼ੀਆ ਏਜੰਸੀ ਸੀ.ਆਈ.ਏ. ਤੇ ਇਜ਼ਰਾਇਲੀ ਖੁਫ਼ੀਆ ਏਜੰਸੀ ਮੌਸਾਦ ਦਾ ਕਾਫੀ ਵਿਆਪਕ ਤਾਣਾ ਬਾਣਾ ਕੰਮ ਕਰਦਾ ਹੈ ਤੇ ਕਿੰਨੇ ਹੀ ਮੌਕਿਆਂ 'ਤੇ ਇਹਨਾਂ ਨੇ ਇਰਾਨੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਆਪਣੇ ਏਜੰਟਾਂ ਰਾਹੀਂ ਸਰਕਾਰ ਉਲਟਾ ਕੇ, ਆਪਣੀ ਕਠਪੁਤਲੀ ਸਰਕਾਰ ਬਣਾਉਣ ਦੀਆਂ ਮੁਹਿੰਮਾਂ ਜਥੇਬੰਦ ਕਰਨ ਦੇ ਯਤਨ ਕੀਤੇ ਹਨ ਪਰ ਇਹ ਯਤਨ ਨਾਕਾਮ ਹੁੰਦੇ ਆਏ ਹਨ। ਇਸ ਚੜ੍ਹਦੇ ਸਾਲ ਹੀ ਇਰਾਨ ਅੰਦਰ ਸੱਤਾ ਵਿਰੋਧੀ ਪ੍ਰਦਰਸ਼ਨਾਂ ਦਾ ਇੱਕ ਉਭਾਰ ਉੱਠਿਆ ਸੀ ਜਿਸ ਵਿੱਚ ਅਮਰੀਕੀ ਤੇ ਇਜ਼ਰਾਇਲੀ ਏਜੰਸੀਆਂ ਦੀ ਭੂਮਿਕਾ ਵੀ ਗਿਣੀ ਜਾ ਰਹੀ ਸੀ। ਇਹਨਾਂ ਵੱਡੇ ਰੋਸ ਪ੍ਰਦਰਸ਼ਨਾਂ ਦਾ ਬੁਨਿਆਦੀ ਕਾਰਨ ਤਾਂ ਇਰਾਨੀ ਲੋਕਾਂ ਦੇ ਮਸਲੇ ਸਨ ਜਿਹੜੇ ਵਧ ਰਹੀ ਮਹਿੰਗਾਈ ਕਾਰਨ ਤਿੱਖੇ ਹੋ ਗਏ ਸਨ। ਇਰਾਨੀ ਰਾਜ ਨੇ ਕਿਹਾ ਸੀ ਕਿ ਵਧ ਰਹੀ ਮਹਿੰਗਾਈ ਦਾ ਵੱਡਾ ਕਾਰਨ ਅਮਰੀਕੀ ਆਰਥਿਕ ਬੰਦਿਸ਼ਾਂ ਹਨ। ਇਰਾਨੀ ਰਾਜ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਤਾਕਤ ਨਾਲ ਕੁਚਲ ਦਿੱਤਾ ਸੀ। 

ਹੁਣ ਵੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਚਾਹੇ ਬਹਾਨਾ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਦਾ ਲਗਾਇਆ ਗਿਆ ਹੈ ਜਦਕਿ ਮਕਸਦ ਸਪੱਸ਼ਟ ਹੀ ਐਲਾਨਿਆ ਜਾ ਰਿਹਾ ਹੈ। ਹਵਾਈ ਬੰਬਾਰੀ ਨਾਲ ਪ੍ਰਮੁੱਖ ਲੀਡਰਸ਼ਿਪ ਖਤਮ ਕਰਕੇ, ਰਾਜ ਪਲਟਾ ਕਰਨ ਦੀ ਵਿਉਂਤ ਬਣਾਈ ਗਈ ਸੀ। ਅਮਰੀਕਾ ਇੱਥੇ ਅਜਿਹੀ ਹਕੂਮਤ ਚਾਹੁੰਦਾ ਹੈ ਜਿਸ ਰਾਹੀਂ ਉਹ ਨਾ ਸਿਰਫ ਇਰਾਨ ਦੇ ਤੇਲ ਦੀ ਮਨਚਾਹੀ ਲੁੱਟ ਕਰ ਸਕੇ ਸਗੋਂ ਇੱਕ ਹੋਰ ਕਠਪੁਤਲੀ ਹਕੂਮਤ ਰਾਹੀਂ ਮੱਧ ਪੂਰਬ ਦੀ ਆਪਣੀ ਯੁੱਧਨੀਤਿਕ ਵਿਉਂਤ ਲਾਗੂ ਕਰ ਸਕੇ ਭਾਵ ਇਜ਼ਰਾਇਲ ਲਈ ਪਸਾਰੇ 'ਚ ਚੁਣੌਤੀ ਖਤਮ ਕਰ ਸਕੇ ਤੇ ਅਰਬ ਜਗਤ ਅੰਦਰਲੀਆਂ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਮਿਲਦੀ ਸਹਾਇਤਾ ਸਮਾਪਤ ਕਰ ਸਕੇ। ਮੱਧ ਪੂਰਬ 'ਤੇ ਮੁਕੰਮਲ ਕੰਟਰੋਲ ਕਰ ਸਕੇ। 2023 'ਚ ਹਮਾਸ ਦੇ ਹਮਲੇ ਤੇ ਫਿਰ ਢਾਈ ਸਾਲ ਦੇ ਇਜ਼ਰਾਇਲੀ ਬਾਰੂਦੀ ਕਹਿਰ ਨੇ ਇਸ ਖਿੱਤੇ ਅੰਦਰ ਫ਼ਲਸਤੀਨ ਦੇ ਮਸਲੇ ਨੂੰ ਮੁੜ ਕੇਂਦਰੀ ਦ੍ਰਿਸ਼ 'ਤੇ ਲਿਆਂਦਾ। ਇਸ ਵੇਲੇ ਇਰਾਨ ਤੇ ਇਜ਼ਰਾਇਲ ਦੇ ਵਿਰੋਧਾਂ 'ਚ ਹੋਰ ਤਿੱਖ ਆ ਗਈ ਕਿਉਂਕਿ ਫ਼ਲਸਤੀਨੀ ਲੋਕ ਟਾਕਰੇ ਤੇ ਹੋਰਨਾਂ ਸ਼ਕਤੀਆਂ ਦੀ ਸਹਾਇਤਾ ਕਾਰਨ ਇਰਾਨ ਇਜ਼ਰਾਇਲ ਦੇ ਹੋਰ ਜ਼ਿਆਦਾ ਨਿਸ਼ਾਨੇ 'ਤੇ ਆ ਗਿਆ। 

ਇਰਾਨ ਨੂੰ ਪ੍ਰਮਾਣੂ ਬੰਬ ਨਾ ਬਣਾਉਣ ਦੇਣ ਦੀ ਅਮਰੀਕੀ ਧੌਂਸ ਨੰਗੀ ਚਿੱਟੀ ਗੁੰਡਾਗਰਦੀ ਦੀ ਨੀਤੀ 'ਤੇ ਟਿਕੀ ਹੋਈ ਹੈ। ਉਹ ਖੁਦ ਤੇ ਹੋਰ ਸਾਮਰਾਜੀ ਮੁਲਕ ਤਾਂ ਪ੍ਰਮਾਣੂ ਬੰਬ ਬਣਾ ਸਕਦੇ ਹਨ ਪਰ ਹੋਰਨਾਂ ਮੁਲਕਾਂ ਨੂੰ ਉਹ ਇਹ ਹੱਕ ਦੇਣ ਤੋਂ ਇਨਕਾਰੀ ਹੁੰਦੇ ਹਨ। ਉਹਨਾਂ ਮੁਲਕਾਂ 'ਤੇ ਪਾਬੰਦੀਆਂ ਲੱਗਦੀਆਂ ਹਨ। ਜੇਕਰ ਸਾਮਰਾਜੀ ਮੁਲਕ ਪ੍ਰਮਾਣੂ ਬੰਬ ਰੱਖ ਸਕਦੇ ਹਨ ਤਾਂ ਦੂਸਰੇ ਕਿਉਂ ਨਹੀਂ, ਇਹ ਬਹੁਤ ਵਾਜਬ ਤੇ ਹੱਕੀ ਗੱਲ ਹੈ ਪ੍ਰੰਤੂ ਅਮਰੀਕਾ ਦਾ ਤਕੜੇ ਦਾ ਸੱਤੀਂ ਵੀਹੀ ਸੌ ਦਾ ਧੱਕੜ ਵਿਹਾਰ ਹੈ। ਇਹ ਵਿਹਾਰ ਉਸਦੀਆਂ ਲੁਟੇਰੀਆਂ ਸਾਮਰਾਜੀ ਵਿਉਂਤਾਂ/ਮਕਸਦਾਂ 'ਚੋਂ ਤੈਅ ਹੁੰਦਾ ਹੈ।  ਇਰਾਕ 'ਤੇ ਹਮਲੇ ਵੇਲੇ ਵੀ ਇਹੀ ਤਰਕ ਸੀ। ਹਾਲਾਂਕਿ ਇਰਾਕ 'ਚ ਖਤਰਨਾਕ ਹਥਿਆਰਾਂ ਦੀ ਹੋਂਦ ਬਾਰੇ ਉਸਦੇ ਝੂਠ ਦਾ ਦੁਨੀਆਂ ਭਰ 'ਚ ਜਲੂਸ ਨਿਕਲ ਚੁੱਕਾ ਹੈ।

ਮੌਜੂਦਾ ਹਮਲਾ ਤੇ ਇਰਾਨੀ ਟਾਕਰਾ

ਅਮਰੀਕੀ ਸਾਮਰਾਜੀਆਂ ਨੇ ਇਸ ਖਿੱਤੇ ਅੰਦਰ ਪਹਿਲਾਂ ਹੀ ਕਿੰਨੇ ਹਮਲੇ ਕੀਤੇ ਹਨ, ਕਈ ਰਾਜ ਪਲਟੇ ਕਰਵਾਏ ਹਨ ਤੇ ਇਰਾਕ ਅਫ਼ਗਾਨਿਸਤਾਨ ਵਰਗੇ ਮੁਲਕਾਂ ਅੰਦਰ ਵੱਡੀਆਂ ਜੰਗੀ ਮੁਹਿੰਮਾਂ ਚਲਾਈਆਂ ਹਨ। 'ਅਰਬ ਬਹਾਰ' ਵੇਲੇ ਵੀ ਅਮਰੀਕੀ ਸਾਮਰਾਜੀਆਂ ਨੇ ਮਿਸਰ, ਟੁਨੀਸ਼ੀਆ ਤੇ ਲਿਬੀਆ ਵਰਗੇ ਮੁਲਕਾਂ ਅੰਦਰ ਲੋਕਾਂ ਦੇ ਉਭਾਰ ਦੀ ਵਰਤੋਂ ਕਰਕੇ ਆਪਣੀਆਂ ਹੀ ਸੇਵਾਦਾਰ ਰਹੀਆਂ ਪਰ ਗੈਰ-ਪ੍ਰਸੰਗਿਕ ਹੋ ਰਹੀਆਂ ਹਕੂਮਤਾਂ ਨੂੰ ਪਾਸੇ ਕਰਕੇ, ਆਪਣੀਆਂ ਬਦਲਵੀਆਂ ਕਠਪੁਤਲੀ ਹਕੂਮਤਾਂ ਕਾਇਮ ਕੀਤੀਆਂ ਸਨ। ਅਮਰੀਕਾ ਵੱਲੋਂ 2001 'ਚ ਅਫ਼ਗਾਨਿਸਤਾਨ 'ਤੇ ਕੀਤੇ ਹਮਲੇ ਵੇਲੇ ਨਾਲੋਂ ਹੁਣ ਹਾਲਤ ਬਦਲ ਚੁੱਕੀ ਹੈ। ਉਦੋਂ ਜਿਵੇਂ ਸਮੁੱਚਾ ਨਾਟੋ ਕੈਂਪ ਅਮਰੀਕੀ ਸਾਮਰਾਜ ਨਾਲ ਖੜ੍ਹਾ ਸੀ ਤੇ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਵੀ ਇੱਕ ਕਮਜ਼ੋਰ ਹਕੂਮਤ ਸੀ। ਉਦੋਂ  ਹਮਲਾ ਕਰਨ ਵੇਲੇ ਅਮਰੀਕਾ ਅੰਦਰ 9/11 ਦੇ ਹੋਏ ਹਮਲਿਆਂ ਦੇ ਦੋਸ਼ੀਆਂ ਨੂੰ ਫੜ੍ਹਨ ਦਾ ਬਹਾਨਾ ਬਣਾਇਆ ਗਿਆ ਸੀ ਤੇ ਦੁਨੀਆਂ 'ਚ ਇਹਦੇ ਲਈ ਜਜ਼ਬਾਤੀ ਵਜਾਹਤ ਜੁਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਹਮਲਾ ਯੂ.ਐਨ.ਦੀ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਢੋਈ ਲੈ ਕੇ ਕੀਤਾ ਗਿਆ ਸੀ। ਇਸਨੂੰ ਓਸਾਮਾ ਬਿਨ ਲਾਦੇਨ ਨੂੰ ਫੜ੍ਹਨ ਦੀ ਮੁਹਿੰਮ ਵਜੋਂ ਪੇਸ਼ ਕੀਤਾ ਗਿਆ ਸੀ ਤੇ ਇਸਨੂੰ ਅਮਰੀਕਾ ਲਈ ਸਵੈ-ਰੱਖਿਆ ਦੇ ਹਮਲੇ ਵਜੋਂ ਪੇਸ਼ ਕੀਤਾ ਗਿਆ ਸੀ। ਉਦੋਂ ਅਮਰੀਕੀ ਅਗਵਾਈ 'ਚ ਕੌਮਾਂਤਰੀ ਸੁਰੱਖਿਆ ਸਹਾਇਤਾ ਫੋਰਸ ਬਣਾਈ ਗਈ ਸੀ।  ਇਹ ਵੱਖਰਾ ਮਸਲਾ ਹੈ ਕਿ ਉਂਝ 20 ਸਾਲ ਮਗਰੋਂ ਜਦੋਂ ਅਮਰੀਕੀ ਹਾਰ ਕੇ ਨਿਕਲੇ ਤਾਂ ਉਹੀ ਤਾਲਿਬਾਨ ਮੁੜ ਸੱਤਾ 'ਤੇ ਆ ਗਿਆ। 2001 ਦੀ ਉਸ ਹਾਲਤ 'ਚ ਅਮਰੀਕੀ ਸਾਮਰਾਜੀਆਂ ਨੂੰ ਦੁਨੀਆਂ 'ਚੋਂ ਨਿਖੇੜੇ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। 2003 'ਚ ਸੱਦਾਮ ਹਕੂਮਤ ਵੇਲੇ ਇਰਾਕ 'ਤੇ ਹਮਲਾ ਕੀਤਾ ਗਿਆ ਸੀ ਤਾਂ ਉਦੋਂ ਨਾਟੋ  ਸਾਮਰਾਜੀ ਕੈਂਪ 'ਚ ਤਰੇੜਾਂ ਦਿਖਾਈ ਦਿੱਤੀਆਂ ਸਨ। ਪਰ ਹੁਣ ਉਦੋਂ ਨਾਲੋਂ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਹੈਸੀਅਤ ਨੂੰ ਖੋਰਾ ਪੈ ਚੁੱਕਿਆ ਹੈ। ਨਾਟੋਂ ਕੈਂਪ ਨਾਲ ਬਣੇ ਰਹੇ ਟਕਰਾਅ ਜੱਗ-ਜ਼ਾਹਿਰ ਹੋ ਰਹੇ ਹਨ। ਪਹਿਲਾਂ ਯੂਕੇਰਨ ਤੇ ਫਿਰ ਗਰੀਨਲੈਂਡ ਮਸਲੇ 'ਤੇ ਯੂਰਪੀ ਸਾਮਰਾਜੀ ਤਾਕਤਾਂ ਦਾ ਅਮਰੀਕਾ ਨਾਲ ਰੱਟਾ ਸਾਹਮਣੇ ਆ ਚੁੱਕਿਆ ਹੈ। ਸਾਮਰਾਜੀ ਅੰਤਰ ਵਿਰੋਧਾਂ ਦੀ ਹਾਲਤ ਉਸ ਸਮੇਂ ਨਾਲੋਂ ਕਾਫੀ ਅੱਗੇ ਵਧ ਚੁੱਕੀ ਹੈ। ਰੂਸ ਨਾਲ ਤਾਂ ਮਸਲਾ ਹੀ ਵੱਖ ਹੈ, ਇਹ ਟਕਰਾਅ ਤਾਂ ਅਮਰੀਕੀ ਅਗਵਾਈ ਵਾਲੇ ਨਾਟੋ ਗੱਠਜੋੜ 'ਚ ਵੀ ਜ਼ਾਹਰ ਹੋ ਰਹੇ ਹਨ। ਹੁਣ ਇਰਾਨ ਹਮਲੇ ਵੇਲੇ ਇੰਗਲੈਂਡ ਨੇ ਪਹਿਲਾਂ ਆਪਣਾ ਏਅਰਬੇਸ ਵਰਤਣ ਤੋਂ ਇਨਕਾਰ ਹੀ ਕਰ ਦਿੱਤਾ ਸੀ ਜਿਸ 'ਤੈ ਟਰੰਪ ਕਾਫੀ ਤਿਲਮਿਲਾਇਆ ਸੀ ਤੇ ਇੰਗਲੈਂਡ ਦੇ ਹੁਕਮਰਾਨਾਂ ਨੂੰ ਮੰਦਾ ਚੰਗਾ ਬੋਲਿਆ ਸੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਸੀ ਉਹਨਾਂ ਇਰਾਕ ਦੇ ਹਮਲੇ ਤੋਂ ਸਬਕ ਸਿੱਖੇ ਹਨ ਤੇ ਉਹ ਅਮਰੀਕੀ ਹਮਲੇ 'ਚ ਸ਼ਾਮਿਲ ਨਹੀਂ ਹੋ ਰਹੇ। ਉਹਨਾਂ ਨੇ ਟਿੱਪਣੀ ਕੀਤੀ ਕਿ 'ਉਹ ਅਸਮਾਨਾਂ ਤੋਂ ਰਾਜ ਬਦਲਣ 'ਚ ਯਕੀਨ ਨਹੀਂ ਰੱਖਦੇ'। ਇਸ ਵਾਰ ਇਗਲੈਂਡ, ਜਰਮਨੀ ਤੇ ਫਰਾਂਸ ਵਰਗੇ ਮੁਲਕ ਹਮਲੇ ਦੇ ਪ੍ਰੋਜੈਕਟ 'ਚ ਸ਼ਾਮਲ ਨਹੀਂ ਹਨ। ਹਾਲਾਂਕਿ ਉਹਨਾਂ ਦੇ ਸਾਮਰਾਜੀ ਹਿੱਤ ਵੀ ਇਰਾਨ ਨਾਲ ਤਾਂ ਟਕਰਾਅ 'ਚ ਹਨ ਪਰ ਅਮਰੀਕਾ ਨਾਲ ਸਾਂਝੀ ਸਹਿਮਤੀ ਨਹੀਂ ਬਣ ਪਾ ਰਹੀ ਹੈ। ਟਰੰਪ ਹੁਣ ਨਾਟੋ ਨੂੰ ਸਟਰੀਟ ਆਫ਼ ਹਾਰਮੂਜ਼ ਖੁਲ੍ਹਵਾਉਣ ਲਈ ਨਾਲ ਆਉਣ ਦੇ ਵਾਸਤੇ ਪਾ ਰਿਹਾ ਹੈ। ਇੱਕ ਪਾਸੇ ਆਪਣੇ ਸੰਗੀਆਂ ਤੇ ਸ਼ਰੀਕਾਂ  'ਚ ਅਮਰੀਕਾ ਦੀ ਇਹ ਸਥਿਤੀ ਹੈ ਤੇ ਨਾਲ ਹੀ ਦੁਨੀਆਂ ਭਰ ਦੇ ਲੋਕਾਂ  'ਚ ਵੀ ਉਸਦਾ ਨਿਖੇੜਾ ਹੋਰ ਵਧਿਆ ਹੈ। ਟਰੰਪ ਦੇ ਪਿਛਲੇ ਸਾਲ ਦੇ ਵਿਸ਼ੇਸ਼ ਕਰਕੇ ਹੈਂਕੜਬਾਜ਼ ਰਵੱਈਏ ਨੇ ਸੰਸਾਰ ਭਰ 'ਚ ਅਮਰੀਕੀ ਸਾਮਰਾਜ ਦੇ ਧੱਕੜ ਵਿਹਾਰ ਨੂੰ ਨਸ਼ਰ ਕੀਤਾ ਹੈ। ਫਲਸਤੀਨੀ ਲੋਕਾਂ ਦੇ ਕਤਲੇਆਮ 'ਚ ਇਜ਼ਰਾਇਲ ਦੀ ਪਿੱਠ 'ਤੇ ਖੜ੍ਹਾ ਅਮਰੀਕੀ ਸਾਮਰਾਜ ਹੁਣੇ-ਹੁਣੇ ਹੀ ਸਾਰੇ ਜਹਾਨ ਨੇ ਦੇਖਿਆ ਹੈ ਤੇ ਹਜ਼ਾਰਾਂ ਬੱਚਿਆਂ ਦੇ ਕਾਤਲ ਵਜੋਂ ਖੂਨ ਨਾਲ ਅਮਰੀਕੀ ਸਾਮਰਾਜੀਆਂ ਦਾ ਲਿਬੜਿਆ ਮੂੰਹ ਦੁਨੀਆਂ ਨੂੰ ਦਿਖਾਈ ਦੇ ਰਿਹਾ ਹੈ। ਇਸ ਹਾਲਤ 'ਚ ਇਰਾਨ 'ਤੇ ਹਮਲੇ ਲਈ ਅਮਰੀਕੀ ਸਾਮਰਾਜੀਆਂ ਨੂੰ ਸੰਸਾਰ 'ਚੋਂ ਕਿਸੇ ਤਰ੍ਹਾਂ ਦੀ ਹਮਾਇਤ ਨਹੀਂ ਹੈ, ਤੇ ਉਸਦੇ ਇਸ ਨਿਖੇੜੇ ਦਾ ਹੀ ਅਸਰ ਹੈ ਕਿ ਪੱਛਮੀ ਯੂਰਪੀ  ਸਾਮਰਾਜੀ ਮੁਲਕ ਵੀ ਉਸ ਨਾਲ ਖੁੱਲ੍ਹ ਕੇ ਆਉਣ ਤੋਂ ਪ੍ਰਹੇਜ਼ ਕਰ ਰਹੇ ਹਨ। ਉਹਨਾਂ 'ਤੇ ਇੱਕ ਬੇ-ਪ੍ਰਤੀਤੇ ਸੰਗੀ ਵਜੋਂ ਵੀ ਅਮਰੀਕੀ ਸਾਮਰਾਜੀਆਂ ਦੀ ਪੜਤ ਦਾ ਅਸਰ ਪੈ ਚੁੱਕਿਆ ਹੈ। ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ  ਉਹਨਾਂ ਨੂੰ ਕਈ ਮੌਕਿਆਂ 'ਤੇ ਇਕੱਲਿਆਂ ਛੱਡ ਕੇ ਅਮਰੀਕੀ ਸਾਮਰਾਜ ਆਪਣੀ ਖੱਲ ਬਚਾਉਣ ਤੁਰ ਪੈਂਦਾ ਰਿਹਾ ਹੈ। ਯੂਕੇਰਨ 'ਚ ਜੰਗ ਖਤਮ ਕਰਨ ਤੇ ਰੂਸ ਨੂੰ ਛੋਟਾਂ ਦੇਣ ਨੂੰ ਲੈ ਕੇ ਪੈਦਾ ਹੋਏ ਮੱਤਭੇਦ ਵੀ ਅਜਿਹੇ ਹੀ ਹਨ। ਰੂਸ ਦੇ ਮਾਮਲੇ  'ਚ ਟਰੰਪ ਦਾ ਨਰਮ ਗੋਸ਼ਾ ਯੂਰਪੀ ਤਾਕਤਾਂ ਨੂੰ ਚੁਭ ਰਿਹਾ ਹੈ।

ਪਿਛਲੇ ਸਾਲ ਜੂਨ 'ਚ ਅਮਰੀਕੀ ਤੇ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ 'ਤੇ ਬੰਬਾਰੀ ਕਰਕੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦੇਣ ਦੇ ਦਮਗਜ਼ੇ ਮਾਰੇ ਸਨ ਪਰ ਉਦੋਂ ਵੀ ਨਾ ਤਾਂ ਇਰਾਨ ਨੂੰ ਕੋਈ ਵੱਡਾ ਨੁਕਸਾਨ ਪਹੁੰਚਾਇਆ ਜਾ ਸਕਿਆ ਸੀ ਤੇ ਨਾ ਹੀ ਇਰਾਨ ਨੂੰ ਅਮਰੀਕਾ ਵਿਰੋਧੀ ਟਾਕਰਾ ਸ਼ਕਤੀਆਂ ਦੀ ਸਹਾਇਤਾ ਕਰਨੋ ਰੋਕਿਆ ਜਾ ਸਕਿਆ ਸੀ। ਉਲਟਾ ਇਰਾਨ ਵੱਲੋਂ ਇਜ਼ਰਾਇਲ ਅੰਦਰ ਸਿੱਟੀਆਂ ਮਿਜ਼ਾਇਲਾਂ ਨੇ ਜ਼ਰੂਰ ਇਜ਼ਰਾਇਲੀ ਹਾਕਮਾਂ ਨੂੰ ਝਟਕੇ ਦੇ ਦਿੱਤੇ ਸਨ ਤੇ ਇਜ਼ਰਾਇਲੀ ਤੜ੍ਹ ਭੰਨ ਦਿੱਤੀ ਸੀ। ਟਰੰਪ ਨੇ ਮੁੜ ਕੇ ਫਿਰ ਉਸੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਦੇ ਐਲਾਨ ਕੀਤੇ ਜਿਸਨੂੰ ਉਹ ਆਪਣੇ B-2 ਜਹਾਜ਼ਾਂ ਨਾਲ ਤਬਾਹ ਕਰਨ ਦੇ ਦਾਅਵੇ ਕਰ ਚੁੱਕਿਆ ਸੀ। 

ਹੁਣ ਵੀ ਇਰਾਨ ਗੱਲਬਾਤ ਦੌਰਾਨ ਸੰਭਾਵੀ ਅਮਰੀਕੀ ਹਮਲੇ ਦੀ ਤਿਆਰੀ ਕਰਦਾ ਰਿਹਾ ਸੀ। ਇਰਾਨ ਨੇ ਆਪਣੇ ਮੁਲਕ ਦੀ ਪ੍ਰਭੂਸੱਤਾ ਦੀ ਰਾਖੀ ਲਈ ਇਸ ਧੱਕੜ ਹਮਲੇ ਦਾ ਮੋੜਵਾਂ ਜਵਾਬ ਦਿੱਤਾ ਹੈ। ਉਸਨੇ ਇਸ ਖੇਤਰ 'ਚ ਅਰਬ ਮੁਲਕਾਂ ਅੰਦਰ ਮੌਜੂਦ ਅਮਰੀਕੀ ਫੌਜੀ ਅੱਡਿਆਂ ਵੱਲ ਮਿਜ਼ਾਇਲਾਂ ਦਾਗ ਕੇ ਅਮਰੀਕੀ ਸਾਮਰਾਜੀ ਚੌਧਰ ਨੂੰ ਐਲਾਨੀਆ ਚੁਣੌਤੀ ਦਿੱਤੀ ਹੈ। ਇਹਨਾਂ ਨਾਲ ਅਮਰੀਕੀ ਫੌਜੀ ਵੀ ਮਰੇ ਹਨ ਤੇ ਤਕਨੀਕੀ ਜੰਗੀ ਸਾਜੋ ਸਮਾਨ ਦਾ ਨੁਕਸਾਨ ਵੀ ਹੋਇਆ ਹੈ। ਇਰਾਨ ਦੀਆਂ ਬੈਲਸੈਟਿਕ ਮਿਜ਼ਾਇਲਾਂ ਤੇ ਆਵਾਜ਼ ਦੀ ਸਪੀਡ ਤੋਂ ਵੀ ਤੇਜ਼ ਜਾਣ ਵਾਲੀਆਂ ਸੁਪਰਸੋਨਿਕ ਮਿਜ਼ਾਇਲਾਂ ਨੇ ਇਜ਼ਰਾਇਲ ਤੇ ਅਮਰੀਕੀ ਟਿਕਾਣਿਆਂ ਦੀ ਤਬਾਹੀ ਕੀਤੀ ਹੈ। ਚਾਹੇ ਇਹਨਾਂ ਵੱਲੋਂ ਨੁਕਸਾਨ ਨੂੰ ਕਾਫ਼ੀ ਘਟਾ ਕੇ ਦੱਸਿਆ ਜਾ ਰਿਹਾ ਹੈ। ਇਰਾਨੀ ਮਿਜ਼ਾਇਲਾਂ ਤੇ ਡਰੋਨਾਂ ਦੇ ਡਰੋਂ ਅਮਰੀਕਾ ਆਪਣਾ ਜੰਗੀ ਬੇੜਾ ਲਿੰਕਨ ਪਿੱਛੇ ਸਮੁੰਦਰਾਂ 'ਚ ਲੈ ਗਿਆ ਹੈ। 

ਹਮਲੇ ਤੋਂ ਪਹਿਲਾਂ ਇਰਾਨ ਨੇ ਕਿਹਾ ਸੀ ਕਿ ਉਹ ਹਮਲੇ ਦੇ ਵਿਰੋਧ 'ਚ ਹੌਰਮੂਜ਼ ਸਮੁੰਦਰੀ ਲਾਂਘੇ ਨੂੰ ਬੰਦ ਕਰੇਗਾ ਜਿੱਥੋਂ ਦੁਨੀਆਂ ਦੇ 25 ਤੋਂ 30% ਤੇਲ ਤੇ ਗੈਸ ਦੀ ਸਪਲਾਈ ਹੁੰਦੀ ਹੈ। ਇਰਾਨ ਨੇ ਇੱਥੋਂ ਜਹਾਜ਼ਾਂ ਦੇ ਲੰਘਣ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਦੁਨੀਆਂ ਭਰ 'ਚ ਇਸਦੇ ਅਸਰ ਦਿਖਣੇ ਸ਼ੁਰੂ ਹੋ ਗਏ ਹਨ। ਅਮਰੀਕੀ ਸਾਮਰਾਜੀਏ ਇਸ ਰਾਹ ਤੋਂ ਆਪਣੇ ਪਿੱਠੂ ਮੁਲਕਾਂ ਦੇ ਤੇਲ ਟੈਕਰਾਂ ਨੂੰ ਸੁਰੱਖਿਆ ਦੇਣ ਤੋਂ ਮੁਨਕਰ ਹੋ ਗਏ ਹਨ। ਕਿਉਂਕਿ ਇਰਾਨੀ ਮਿਜ਼ਾਇਲਾਂ ਮੂਹਰੇ ਇਹ ਕਾਰਜ ਤਬਾਹੀ ਨੂੰ ਸੱਦਾ ਦਿੰਦਾ ਹੈ। ਅਮਰੀਕੀ ਸਾਮਰਾਜੀਆਂ ਵੱਲੋਂ ਹਵਾਈ ਬੰਬਾਰੀ ਜ਼ਰੀਏ ਲੀਡਰਸ਼ਿਪ ਦਾ ਕਤਲ ਕਰਕੇ ਆਪਣੇ ਏਜੰਟਾਂ ਰਾਹੀਂ ਰਾਜ ਪਲਟਾ ਕਰਵਾਉਣ ਦੀ ਵਿਉਂਤ ਇੱਕ ਵਾਰ ਤਾਂ ਫੇਲ੍ਹ ਹੋ ਗਈ ਹੈ। ਰਾਇਟਰਜ਼ ਏਜੰਸੀ ਅਨੁਸਾਰ ਅਮਰੀਕੀ ਤੇ ਇਜ਼ਰਾਇਲੀ ਸਥਾਪਤੀ ਦੇ ਪ੍ਰਮੁੱਖ ਹਲਕੇ ਹੁਣ ਇਸਨੂੰ ਜਲਦੀ ਹੋਣ ਵਾਲਾ ਕਾਰਜ ਨਹੀਂ ਸਮਝਦੇ।  ਇਰਾਨ ਦੀ ਬਦਲਵੀਂ ਲੀਡਰਸ਼ਿਪ ਨੇ ਟਾਕਰਾ ਜਾਰੀ ਰੱਖਿਆ ਹੈ। ਇਰਾਨ ਅੰਦਰ ਕੌਮੀ ਮਾਣ ਤੇ ਰਾਖੀ ਦਾ ਸਵਾਲ ਉੱਭਰ ਆਇਆ ਹੈ। ਲੱਖਾਂ ਇਰਾਨੀ ਲੋਕ ਬੰਬ ਵਰ੍ਹਾਉਂਦੇ ਅਮਰੀਕੀ ਇਜ਼ਰਾਇਲੀ ਜਹਾਜ਼ਾਂ ਹੇਠ ਵੀ ਬੇ-ਖੌਫ਼ ਸੜਕਾਂ 'ਤੇ ਨਿਕਲ ਰਹੇ ਹਨ ਤੇ ਅਮਰੀਕੀ-ਇਜ਼ਰਾਇਲੀ ਹਾਕਮਾਂ ਨੂੰ ਲਲਕਾਰ ਰਹੇ ਹਨ। ਜਦਕਿ ਇਜ਼ਰਾਇਲ ਬੰਕਰਾਂ 'ਚ ਵੜ੍ਹਿਆ ਹੋਇਆ ਹੈ। ਇਰਾਨ ਦੇ ਨਵੇਂ ਸੁਪਰੀਮ ਆਗੂ ਬਣੇ ਖੇਮਨੇਈ ਦੇ ਪੁੱਤਰ ਨੇ ਅਮਰੀਕਾ ਨੂੰ ਇਹਨਾਂ ਸ਼ਰਤਾਂ ਤਹਿਤ ਹਮਲੇ ਰੋਕਣ ਬਾਰੇ ਕਿਹਾ ਹੈ ਕਿ ਇਰਾਨ 'ਤੇ ਹਮਲੇ ਫੌਰੀ ਬੰਦ ਕੀਤੇ ਜਾਣ । ਇਰਾਨ ਦੇ ਕੀਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਅੱਗੋਂ ਤੋਂ ਸੁਰੱਖਿਆ ਦੀ ਗਾਰੰਟੀ ਕੀਤੀ ਜਾਵੇ। ਅਜਿਹਾ ਨਾ ਕਰਨ ਦੀ ਸੂਰਤ 'ਚ ਅਮਰੀਕੀ ਫੌਜੀ ਅੱਡਿਆਂ ਅਤੇ ਇਜ਼ਰਾਇਲ 'ਤੇ ਹਮਲੇ ਕਰਦੇ ਰਹਿਣ ਦਾ ਐਲਾਨ ਕੀਤਾ ਹੈ ਤੇ ਇਹ ਹਮਲੇ ਉਦੋਂ ਤੱਕ ਜਾਰੀ ਰੱਖਣ ਬਾਰੇ ਕਿਹਾ ਹੈ ਜਦੋਂ ਤੱਕ ਇਹ ਅੱਡੇ ਤਬਾਹ ਨਹੀਂ ਕਰ ਦਿੱਤੇ ਜਾਂਦੇ। ਇਰਾਨ ਦੇ ਲੋਕਾਂ ਨੂੰ ਇਸ ਰਾਜ ਤੋਂ ਮੁਕਤੀ ਦਿਵਾਉਣ ਦੇ ਐਲਾਨ ਕਰਕੇ ਬੰਬਾਰੀ ਕਰਨ ਆਇਆ ਅਮਰੀਕਾ ਸਾਮਰਾਜ ਹੁਣ ਹੋਰ ਅੱਗੇ ਜੰਗ 'ਚ ਉਲਝਣ ਤੋਂ ਘਬਰਾ ਰਿਹਾ ਹੈ। ਅਮਰੀਕਾ ਅੰਦਰੋਂ ਹੋਇਆ ਵਿਰੋਧ, ਜੰਗ ਦੇ ਭਾਰੀ ਬੱਜਟ 'ਤੇ ਮਿਥਿਆ ਨਿਸ਼ਾਨਾ ਹਾਸਿਲ ਨਾ ਹੁੰਦਾ ਦੇਖ ਕੇ ਹੁਣ ਟਰੰਪ ਰੋਜ਼ ਬਿਆਨ ਬਦਲ ਰਿਹਾ ਹੈ। ਪਹਿਲੇ ਦਿਨ ਉਸਨੇ ਇਰਾਨੀ ਰਾਜ ਨੂੰ ਬਦਲਣਾ ਆਪਣਾ ਮਕਸਦ ਐਲਾਨਿਆ ਸੀ, ਫਿਰ ਪੰਜਵੇਂ ਦਿਨ ਉਸਨੇ ਨਵਾਂ ਇਰਾਨੀ ਲੀਡਰ ਚੁਣਨ 'ਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟ ਕੀਤੀ ਤੇ ਫਿਰ 11ਵੇਂ ਦਿਨ ਉਸਨੇ ਐਲਾਨ ਕਰ ਦਿੱਤਾ ਕਿ ਅਮਰੀਕਾ ਜਿੱਤ ਚੁੱਕਿਆ ਹੈ ਤੇ ਜੰਗ ਜਲਦੀ ਹੀ ਮੁੱਕ ਜਾਵੇਗੀ। ਹਾਲਾਂਕਿ ਇਰਾਨੀ ਮਿਜ਼ਾਇਲਾਂ ਤੇ ਡਰੋਨ ਅਮਰੀਕੀ ਅੱਡਿਆਂ 'ਤੇ, ਇਜ਼ਰਾਇਲ 'ਤੇ ਵਰ੍ਹ ਰਹੇ ਸਨ। ਸੰਸਾਰ ਦੀ ਇਹ ਵੱਡੀ ਫੌਜੀ ਸ਼ਕਤੀ ਇਰਾਨੀ ਟਾਕਰੇ ਮੂਹਰੇ  ਮਨਚਾਹੇ ਨਤੀਜੇ ਹਾਸਿਲ ਕਰਨ ਪੱਖੋਂ ਬੇਵੱਸ ਦਿਖਾਈ ਦੇ ਰਹੀ ਹੈ। ਅਮਰੀਕੀ ਜੰਗੀ ਮਿਸ਼ਨ ਫੌਰੀ ਨਤੀਜੇ ਹਾਸਿਲ ਕਰਨ ਪੱਖੋਂ ਤਾਂ ਇੱਕ ਵਾਰ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। 

ਇਰਾਨ ਦੇ ਇਉਂ ਡਟੇ ਰਹਿਣ ਦੀ ਸੂਰਤ 'ਚ ਅਮਰੀਕਾ ਲਈ ਹਾਲਤ ਬਹੁਤ ਕਸੂਤੀ ਬਣ ਗਈ ਹੈ। ਅਮਰੀਕੀ ਸਾਮਰਾਜੀਆਂ ਦੀ ਚੌਧਰ ਪਸਾਰੇ ਦੀ ਲੋੜ ਉਲਟੀ ਪੈਂਦੀ ਜਾਪ ਰਹੀ ਹੈ ਭਾਵ ਕਿ ਉਸਦੀ ਪਹਿਲੀ ਚੌਧਰ ਨੂੰ ਖੋਰਾ ਪੈਣ ਦੀ ਹਾਲਤ ਦਿਖਾਈ  ਦੇ ਰਹੀ ਹੈ। ਸਭ ਤੋਂ ਵੱਡੀ ਸੱਟ ਇਹ ਹੈ ਕਿ ਇਹ ਹਕੀਕਤ ਸਥਾਪਤ ਹੋ ਗਈ ਹੈ ਕਿ ਮੱਧ-ਪੂਰਬ ਦੇ ਉਸਦੇ ਫੌਜੀ ਅੱਡੇ ਸੁਰੱਖਿਅਤ ਨਹੀਂ ਹਨ। ਇਹਨਾਂ ਦੇ ਅਸਰੁੱਖਿਅਤ ਹੋਣ ਦੀ ਪੱਕੀ ਨਿਸ਼ਾਨਦੇਹੀ ਹੋ ਗਈ ਹੈ, ਇਰਾਨ ਦੀ ਜੰਗ ਦਾ ਨਤੀਜਾ ਚਾਹੇ ਕੋਈ ਵੀ ਹੋਵੇ। ਇਹਨਾਂ ਅੱਡਿਆਂ ਦੀ ਧਾਂਕ ਕਾਇਮ ਨਹੀਂ ਰਹਿ ਸਕੀ ਤੇ ਇਸਦੀਆਂ ਮੱਧ-ਪੂਰਬ ਅੰਦਰ ਅਗਲੇ ਘਟਨਾ ਵਿਕਾਸ ਲਈ ਮਹੱਤਵਪੂਰਨ ਅਰਥ ਸੰਭਾਵਨਾਵਾਂ ਬਣਨੀਆਂ ਹਨ। ਇਸਨੇ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਹੌਂਸਲਾ ਦੇਣਾ ਹੈ। ਫ਼ਲਸਤੀਨੀ ਟਾਕਰਾ ਸ਼ਕਤੀਆਂ ਦੇ ਜੂਝਣ ਜਜ਼ਬੇ ਨੂੰ ਤਾਕਤ ਮਿਲਣੀ ਹੈ। ਇਸ ਖਿੱਤੇ ਅੰਦਰ ਇਜ਼ਰਾਇਲ ਦੀ ਫੌਜੀ ਉਤਮੱਤਾ ਦੀ ਧਾਂਕ 'ਤੇ ਵੀ ਸੱਟ ਪੈ ਗਈ ਹੈ। ਇਜ਼ਰਾਇਲ 'ਤੇ ਡਿੱਗੀਆਂ ਮਿਜ਼ਾਇਲਾਂ ਨੇ ਉਸਦੀ ਉੱਤਮ ਹਵਾਈ ਰੱਖਿਆ ਪ੍ਰਣਾਲੀ ਦੀ ਉੱਤਮਤਾ ਦੀ ਮਿੱਥ ਨੂੰ ਤੋੜ ਦਿੱਤਾ ਹੈ ਤੇ ਹਮਲੇ ਅਧੀਨ ਹੋਣ ਦੀ ਹਕੀਕਤ ਨੂੰ ਨਸ਼ਰ ਕਰ ਦਿੱਤਾ ਹੈ। ਅਜੇਤੂ ਫੌਜੀ ਤਕਨੀਕੀ ਸਮਰੱਥਾ ਦੇ ਦਾਅਵੇ  ਝਟਕੇ ਹੇਠ ਆ ਗਏ ਹਨ। ਅਮਰੀਕੀ ਜੰਗੀ ਮਸ਼ੀਨਰੀ ਦੇ ਮੁਕਾਬਲੇ ਕਿਤੇ ਸਸਤੇ ਇਰਾਨੀ ਡਰੋਨ ਅਮਰੀਕਾ ਦਾ ਅਰਬਾਂ ਦਾ ਨੁਕਸਾਨ ਕਰ ਰਹੇ ਹਨ। ਇਸ ਦੌਰਾਨ ਸਖ਼ਤ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਇਰਾਨ ਵੱਲੋਂ ਵਿਕਸਿਤ ਕੀਤੇ ਟਾਕਰਾ ਹਥਿਆਰਾਂ ਦੀ ਸਮਰੱਥਾ ਦੀ ਤਸਵੀਰ ਵੀ ਉੱਘੜੀ ਹੈ। ਇਹਦੇ 'ਚ ਰੂਸ ਤੇ ਚੀਨ ਤੋਂ ਖਰੀਦੇ ਏਅਰ ਡਿਫੈਂਸ ਸਿਸਟਮ ਵੀ ਸ਼ਾਮਿਲ ਹਨ। ਜਦਕਿ ਇਰਾਨੀ ਡਰੋਨਾਂ ਦੀ ਵਰਤੋਂ ਰੂਸ ਵੱਲੋਂ ਯੂਕਰੇਨ ਯੁੱਧ 'ਚ ਕੀਤੀ ਜਾ ਰਹੀ ਹੈ। ਇਸ ਵੇਲੇ ਇਰਾਨ ਦੀ ਨੀਤੀ ਇਜ਼ਰਾਇਲ ਤੇ ਅਮਰੀਕੀ ਫ਼ੌਜੀ ਅੱਡਿਆਂ ਦਾ ਵੱਧ ਤੋਂ ਵੱਧ ਨੁਕਸਾਨ  ਕਰਨ ਦੀ ਹੈ। ਇਹਨਾਂ ਦੀ ਫ਼ੌਜੀ ਮੁਹਿੰਮ ਵਿਕੇਂਦਰਿਤ ਮੁਹਿੰਮ ਹੈ। ਇਸਦਾ ਭਾਵ ਹੈ ਸਭਨਾਂ ਸੂਬਿਆਂ 'ਚ ਫ਼ੌਜੀ ਯੂਨਿਟ ਆਪੋ ਆਪਣੇ ਤੌਰ 'ਤੇ ਅਪ੍ਰੇਸ਼ਨ 'ਚ ਹਨ ਤੇ ਆਪਣੇ ਨਿਸ਼ਾਨੇ ਮਿੱਥ ਕੇ ਹਮਲੇ ਕਰ ਰਹੇ ਹਨ। ਕੇਂਦਰੀ ਕਮਾਂਡ ਗ਼ੈਰ ਹਾਜ਼ਰ ਹੋ ਜਾਣ ਦੀ ਹਾਲਤ 'ਚ ਵੀ ਇਹ  ਹਮਲੇ ਜਾਰੀ ਰਹਿੰਦੇ ਹਨ ਤੇ ਅਮਰੀਕਾ ਇਜ਼ਰਾਇਲ ਲਈ ਸੰਭਾਵੀ ਨਿਸ਼ਾਨਿਆਂ ਦਾ ਕਿਆਸ ਲਾਉਣਾ ਔਖਾ ਹੋ ਰਿਹਾ ਹੈ। ਮੱਧ ਪੂਰਬ ਅੰਦਰ ਅਮਰੀਕੀ ਫ਼ੌਜੀ ਅੱਡਿਆਂ ਨੂੰ ਅਜਿਹੇ ਹਮਲਿਆਂ ਦੀ ਚਣੌਤੀ ਪਹਿਲਾਂ ਕਦੇ ਨਹੀਂ ਸੀ ਮਿਲੀ ਤੇ ਮੌਜੂਦਾ ਹਮਲਿਆਂ ਦੀ ਇਸ ਚਣੌਤੀ ਦੀਆਂ ਫੌਰੀ ਨਤੀਜਿਆਂ ਤੋਂ ਪਾਰ ਵੱਡੀਆਂ ਅਰਥ-ਸੰਭਾਵਨਾਵਾਂ ਬਣਦੀਆਂ ਹਨ।

ਅਮਰੀਕੀ ਪਿੱਠੂ ਅਰਬ ਹਕੂਮਤਾਂ ਵੀ ਫਸੀਆਂ ਦਿਖਾਈ ਦਿੱਤੀਆਂ ਹਨ। ਇੱਕ ਪਾਸੇ ਇਹਨਾਂ ਮੁਲਕਾਂ ਦੇ ਲੋਕਾਂ 'ਚ ਅਮਰੀਕੀ ਸਾਮਰਾਜ ਖ਼ਿਲਾਫ਼ ਤਿੱਖਾ ਰੋਸ ਤੇ ਬੇਚੈਨੀ ਮੌਜੂਦ ਹੈ ਜਦਕਿ ਇਹਨਾਂ ਮੁਲਕਾਂ ਦੇ ਹਾਕਮ ਅਮਰੀਕੀ ਸਾਮਰਾਜ ਦੇ ਪਿੱਠੂ ਹਨ ਤੇ ਆਪਣੇ ਮੁਲਕ 'ਚ ਅਮਰੀਕੀ ਫੌਜੀ ਅੱਡੇ ਬਣਾਉਣ ਦਿੱਤੇ ਹੋਏ ਹਨ। ਇਰਾਨ ਵੱਲੋਂ ਇਹਨਾਂ ਫੌਜੀ ਅੱਡਿਆਂ 'ਤੇ ਕੀਤੇ ਹਮਲੇ ਇਹਨਾਂ ਅਰਬ ਮੁਲਕਾਂ ਦੇ ਹਾਕਮਾਂ ਨੂੰ ਹਜ਼ਮ ਕਰਨੇ ਪਏ ਹਨ। ਇਹ ਅਮਰੀਕੀ ਸੇਵਾਦਾਰ ਹਨ ਪਰ ਨਾਲ ਇਰਾਨ 'ਤੇ ਮੋੜਵੇਂ ਜਵਾਬੀ ਹਮਲੇ ਕਰਨ ਤੋਂ ਵੀ ਟਲੇ ਹਨ। ਇਹਨਾਂ 'ਚੋਂ ਬਹੁਤਿਆਂ ਦੀ ਤਾਂ ਅਜਿਹੀ ਫੌਜੀ ਸਮਰੱਥਾ ਹੀ ਨਹੀਂ ਹੈ ਜਦਕਿ ਬਾਕੀਆਂ ਨੇ ਵੀ ਲੋਕਾਂ ਦੇ ਦਬਾਅ ਕਾਰਨ ਕਿਸੇ ਮੋੜਵੀਂ ਕਾਰਵਾਈ ਦੀ ਜੁਅਰਤ ਨਹੀਂ ਕੀਤੀ ਬਸ ਜ਼ੁਬਾਨੀ ਕਲਾਮੀ ਨਿੰਦਾ ਹੀ ਕੀਤੀ ਹੈ। ਅਮਰੀਕੀ ਫੌਜੀ ਕਾਰਵਾਈਆਂ ਲਈ ਆਪਣੇ ਹਵਾਈ ਅੱਡੇ ਵਰਤਣ ਦੇਣ 'ਚ ਹਿਚਕਚਹਾਟ ਦਿਖਾਈ ਦਿੱਤੀ ਹੈ। ਆਪਣੇ ਮੁਲਕਾਂ 'ਚੋਂ ਬੁਰੀ ਤਰ੍ਹਾਂ ਨਿੱਖੜੀਆਂ ਹੋਈਆਂ ਇਹ ਹਕੂਮਤਾਂ ਇਰਾਨ ਖ਼ਿਲਾਫ਼ ਐਲਾਨੀਆ ਹਮਲਾਵਰ ਪੈਂਤੜੇ ਤੋਂ ਚੱਲਣ 'ਚ ਪ੍ਰਹੇਜ਼ ਕਰਦੀਆਂ ਦਿਖਾਈ ਦਿੱਤੀਆਂ ਹਨ। ਬਹਿਰੀਨ 'ਚ ਅਮਰੀਕੀ ਫੌਜੀ ਅੱਡੇ 'ਤੇ ਇਰਾਨੀ ਹਮਲੇ ਦੀ ਬਹਿਰੀਨ ਲੋਕਾਂ ਵੱਲੋਂ ਖੁਸ਼ੀ ਮਨਾਈ ਗਈ ਤੇ ਸੜਕਾਂ 'ਤੇ ਆ ਕੇ ਅਮਰੀਕਾ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਹੈ। 

ਬੁਖਲਾਹਟ ਭਰਿਆ ਅਮਰੀਕੀ ਸਾਮਰਾਜੀ ਹਮਲਾਵਰ ਰੁਖ 

ਦੁਨੀਆਂ ਦਾ ਜੰਗਬਾਜ਼ ਅਮਰੀਕੀ ਸਾਮਰਾਜ ਇਸ ਵੇਲੇ ਬੁਰੀ ਤਰ੍ਹਾਂ ਸੰਕਟਾਂ 'ਚ ਘਿਰਿਆ ਹੋਇਆ ਹੈ। ਇਸਦੀ ਸਾਮਰਾਜੀ ਮਹਾਂਸ਼ਕਤੀ ਵਾਲੀ ਹੈਸੀਅਤ ਨੂੰ ਤਿੱਖਾ ਖੋਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ। ਇਹਨਾਂ ਸੰਕਟਾਂ 'ਚੋਂ ਨਿਕਲਣ ਲਈ ਉਹ ਹੋਰ ਤੋਂ ਹੋਰ ਮੰਡੀਆਂ 'ਤੇ ਕੰਟਰੋਲ ਕਰਨ, ਦੁਨੀਆਂ ਦੇ ਸੋਮਿਆਂ 'ਤੇ ਕਬਜ਼ਾ ਕਰਨ ਦੀ ਬੁਖਲਾਹਟ ਭਰੀ ਜੰਗੀ ਮੁਹਿੰਮ 'ਤੇ ਹੈ। ਸ਼ਰੀਕ ਸਾਮਰਾਜੀ ਮੁਲਕਾਂ ਨਾਲ ਇਸਦੇ ਲੁਟੇਰੇ ਹਿਤਾਂ ਦਾ ਟਕਰਾਅ ਵੀ ਤਿੱਖਾ ਹੋ ਰਿਹਾ ਹੈ। ਦੁਨੀਆਂ 'ਚ ਡਾਲਰ 'ਚ ਹੀ ਵਪਾਰ ਹੋਣ ਦੇ ਬਦਲ ਤਲਾਸ਼ੇ ਜਾ ਰਹੇ ਹਨ ਤੇ ਬਰਿਕਸ ਵਰਗੇ ਗੱਠਜੋੜ ਬਦਲਵੀਂ ਕਰੰਸੀ ਦੇ ਯਤਨ ਕਰ ਰਹੇ ਹਨ। ਡਾਲਰ ਦੀ ਸਰਦਾਰੀ ਨੂੰ ਬਦਲਵੇਂ ਵਪਾਰਕ ਢੰਗਾਂ ਰਾਹੀਂ ਚੁਣੌਤੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਸਾਮਰਾਜੀ ਸ਼ਕਤੀ ਵਜੋਂ ਰੂਸ ਦਾ ਉਭਾਰ ਤੇ ਚੀਨ ਦਾ ਵਧਿਆ ਪ੍ਰਭਾਵ ਅਮਰੀਕੀ ਸਾਮਰਾਜੀਆਂ ਦੀਆਂ ਸੰਸਾਰ ਵਿਉਂਤਾਂ 'ਚ ਅੜਿੱਕੇ ਖੜ੍ਹੇ ਕਰ ਰਿਹਾ ਹੈ। ਯੂਕੇਰਨ ਜੰਗ ਦੌਰਾਨ ਵੀ ਅਮਰੀਕਾ ਵੱਲੋਂ ਰੂਸ 'ਤੇ ਲਾਈਆਂ ਪਾਬੰਦੀਆਂ ਉਸਨੂੰ ਡੱਕਕੇ ਨਹੀਂ ਰੱਖ ਸਕੀਆਂ ਤੇ ਯੂਕੇਰਨ ਜੰਗ 'ਚ ਉਸਦਾ ਹੱਥ ਉੱਪਰ ਦੀ ਹੈ। ਅਮਰੀਕਾ ਉਸ ਨਾਲ ਟਕਰਾਅ ਟਾਲਣਾ ਚਾਹੁੰਦਾ ਹੈ ਤੇ  ਯੂਕੇਰਨ ਦੀ ਕੀਮਤ 'ਤੇ ਰੂਸ ਨਾਲ ਨਿਬੇੜਾ ਕਰਨ ਦੇ ਰੌਅ 'ਚ ਹੈ। 

ਅਮਰੀਕੀ ਸਾਮਰਾਜ ਦੇ ਨਵੇਂ ਨੁਮਾਇੰਦੇ ਵਜੋਂ ਟਰੰਪ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਦਾਅਵਿਆਂ ਨਾਲ ਅਗਲੀਆਂ ਜੰਗੀ ਮੁਹਿੰਮਾਂ 'ਤੇ ਸਵਾਰ ਹੈ। ਹਾਲਾਂਕਿ ਉਸਦਾ ਚੋਣ ਨਾਅਰਾ ਅਮਰੀਕਾ ਨੂੰ ਦੁਨੀਆਂ ਭਰ 'ਚ ਫਸਾਏ ਹੋਏ ਜੰਗੀ ਪੰਗਿਆਂ ਤੋਂ ਬਾਹਰ ਕੱਢਣਾ ਸੀ ਪਰ ਇੱਕ ਸਾਲ ਦੇ ਅੰਦਰ ਅੰਦਰ ਹੀ ਉਹ ਸੱਤ ਦੇਸ਼ਾਂ 'ਤੇ ਹਮਲੇ ਕਰ ਚੁੱਕਿਆ ਹੈ। ਇਹਨਾਂ ਹਮਲਿਆਂ ਤੋਂ ਬਿਨਾਂ ਉਸਦਾ ਗੁਜ਼ਾਰਾ ਨਹੀਂ ਹੈ। ਉਸਦੀ ਸਾਮਰਾਜੀ ਆਰਥਿਕਤਾ ਦਾ ਸੰਕਟ ਉਸਨੂੰ ਇਹਨਾਂ ਹਮਲਿਆਂ ਦੇ ਰਾਹ ਹੀ ਤੋਰ ਸਕਦਾ ਹੈ। ਚਾਹੇ ਉਸਦਾ ਜੰਗਾਂ ਰੁਕਵਾਉਣ ਤੇ ਨੋਬਲ ਸ਼ਾਂਤੀ ਪੁਰਸਕਾਰ ਹਾਸਿਲ ਕਰਨ ਦਾ ਦਾਅਵਾ ਸੀ ਪਰ ਇਹ ਸਭ ਪ੍ਰਚਾਰ ਹੀ ਸਾਬਿਤ ਹੋਣਾ ਸੀ। ਟਰੰਪ ਆਪਣੇ ਵਿਸ਼ੇਸ਼ ਤਰੀਕੇ ਨਾਲ ਦੁਨੀਆਂ 'ਚ ਅਮਰੀਕੀ ਸਾਮਰਾਜੀ ਧਾਂਕ ਜਮਾਉਣ ਤੁਰਿਆ ਹੈ। ਉਸਨੇ ਪਹਿਲਾਂ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ, ਉੱਥੋਂ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਿਆ ਹੈ। ਅੱਜਕੱਲ੍ਹ ਕਿਊਬਾ ਨੂੰ ਦਬਾਉਣ ਲਈ ਉਸ 'ਤੇ ਸਖਤ ਆਰਥਿਕ ਪਾਬੰਦੀਆਂ ਮੜ੍ਹ ਰੱਖੀਆਂ ਹਨ। ਆਪਣੇ ਮੂਹਰੇ ਨਾ ਝੁਕਣ ਵਾਲੇ ਹਾਕਮਾਂ ਨੂੰ ਰਾਜ ਪਲਟੇ ਕਰਨ ਤੇ ਹਮਲੇ ਕਰਨ ਰਾਹੀਂ ਦਬਾਉਣ ਦੇ ਢੰਗ ਵਰਤ ਰਿਹਾ ਹੈ ਜਦਕਿ ਆਪਣੀਆਂ ਸੇਵਾਦਾਰ ਹੁਕਮਰਾਨ ਜੁੰਡਲੀਆਂ ਨੂੰ ਸਿਰੇ ਦੀ ਹੱਦ ਤੱਕ ਝੁਕਾ ਕੇ ਤਰ੍ਹਾਂ-ਤਰ੍ਹਾਂ ਦੇ ਵਪਾਰ ਸਮਝੌਤੇ ਮੜ੍ਹ ਰਿਹਾ ਹੈ। ਅਮਰੀਕੀ ਮਾਰਕੀਟ ਤੱਕ ਰਸਾਈ ਰੋਕਣ ਲਈ ਟੈਰਿਫਾਂ ਦੇ ਦਬਾਅ ਪਾ ਕੇ, ਆਪਣੀ ਈਨ ਮੰਨਣ ਲਈ ਮਜ਼ਬੂਰ ਕਰ ਰਿਹਾ ਹੈ। ਤੇਲ ਵਪਾਰ 'ਤੇ ਮੁਕੰਮਲ ਕੰਟਰੋਲ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ। ਟਰੰਪ ਹਕੂਮਤ ਨੂੰ ਮੁਲਕ ਅੰਦਰੋਂ ਵੀ ਤਿੱਖੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਦਾ ਘੋਰ ਸੱਜੇ ਪੱਖੀ ਪਿਛਾਖੜੀ ਸਿਆਸੀ ਪੈਂਤੜਾ ਅਮਰੀਕੀ ਸਮਾਜ ਅੰਦਰ ਤਿੱਖੀ ਪਾਲਾਬੰਦੀ ਕਰ ਰਿਹਾ ਹੈ। ਇੱਕ ਪਾਸੇ ਸੱਜ ਪਿਛਾਖੜੀ ਤਾਕਤਾਂ ਲਾਮਬੰਦ ਹੋ ਕੇ, ਟਰੰਪ ਦੇ ਅਧਾਰ ਵਜੋਂ ਪਸਾਰਾ ਕਰ ਰਹੀਆਂ ਹਨ ਤੇ ਦੂਜੇ ਪਾਸੇ ਉਸਦੇ ਪ੍ਰਵਾਸੀ ਵਿਰੋਧੀ ਪੈਂਤੜੇ ਦਾ ਤੇ ਇਹਨਾਂ 'ਤੇ ਜਬਰ ਦਾ ਤਿੱਖਾ ਵਿਰੋਧ ਵੀ ਹੋ ਰਿਹਾ ਹੈ। ਹੁਣ ਉਹ ਐਪਸਟੀਨ ਫਾਇਲਾਂ ਦੇ ਜੁਰਮਾਂ ਦੇ ਸਬੂਤਾਂ 'ਚ ਵੀ ਘਿਰ ਰਿਹਾ ਹੈ। ਉਸਦੇ ਇਹ ਹਾਲਾਤ ਇਰਾਨ ਅੰਦਰ ਲੰਮਾ ਜੰਗੀ ਉਲਝਾਅ ਕਾਇਮ ਰੱਖਣ ਦੀ ਇਜਾਜ਼ਤ ਨਹੀਂ ਦੇਣ ਵਾਲੇ। ਅਮਰੀਕੀ ਸਾਮਰਾਜੀਆਂ ਦੀ ਹਾਲਤ ਅਜਿਹੀ ਹੈ ਕਿ ਹੋਰ ਤੋਂ ਹੋਰ ਕਬਜ਼ਿਆਂ ਲਈ ਉਹ ਜੰਗਾਂ ਰਾਹੀਂ ਆਪਣੀ ਆਰਥਿਕਤਾ ਦੀ ਚੜ੍ਹਤ ਕਾਇਮ ਕਰਨਾ ਚਾਹੁੰਦੇ ਹਨ ਤੇ ਇਹੀ ਜੰਗੀ ਉਲਝਾਅ ਮੋੜਵੇਂ ਤੌਰ 'ਤੇ ਆਰਥਿਕਤਾ ਦਾ ਦੀਵਾਲਾ ਕੱਢਣ ਦਾ ਜਰੀਆ ਬਣ ਜਾਂਦੇ ਹਨ। ਇਸ ਜੰਗ ਦੇ ਪਹਿਲੇ 6 ਦਿਨ ਅਮਰੀਕਾ ਨੂੰ 11.3 ਬਿਲੀਅਨ ਡਾਲਰ 'ਚ ਪਏ ਹਨ। ਇਹ ਅਮਰੀਕੀ ਸਾਮਰਾਜੀਆਂ ਦੀ ਸੰਕਟਾਂ ਮੂੰਹ ਆਈ ਸੰਸਾਰ ਚੌਧਰ ਦੀ ਸਥਿਤੀ ਹੈ ਜਿਹੜੀ ਇਰਾਨ ਜੰਗ ਨੇ ਹੋਰ ਨਸ਼ਰ ਕਰ ਦਿੱਤੀ ਹੈ। ਇਹ ਹਮਲਾਵਰ ਹੈ ਕਿਉਂਕਿ ਡੁੱਬ ਰਿਹਾ ਹੈ। ਇਹ ਇਸਦੀ ਚੜ੍ਹਤ ਨਹੀਂ, ਇਸਦੀ ਲਹਿਤ ਦੇ ਸੰਕਟ ਦਾ ਇਜ਼ਹਾਰ ਹੈ ਤੇ ਇਰਾਨ 'ਤੇ ਹਮਲਾ ਇਹਦਾ ਇੱਕ ਹੋਰ ਪ੍ਰਗਟਾਵਾ ਹੋ ਨਿਬੜਨਾ ਹੈ। ਇਰਾਨੀ ਟਾਕਰਾ ਅਮਰੀਕੀ ਸਾਮਰਾਜੀਆਂ ਲਈ ਵੀ ਅਣਕਿਆਸਿਆ ਸਾਬਿਤ ਹੋਇਆ ਹੈ।  ਇਸ ਵੇਲੇ ਹਾਲਤ ਨਾਜ਼ੁਕ ਮੋੜ  'ਤੇ ਹੈ। ਇਰਾਨ 'ਚ ਰਾਜ ਪਲਟਾ ਹੋ ਕੇ, ਅਮਰੀਕੀ ਪਿੱਠੂ ਹਕੂਮਤ ਹੋਣ ਨਾਲ ਇੱਕ ਵਾਰ ਆਰਜ਼ੀ ਤੌਰ  'ਤੇ ਮੱਧ ਪੂਰਬ 'ਚ ਅਮਰੀਕੀ ਗਲਬਾ ਤੇ ਚੌਧਰ ਮਜ਼ਬੂਤ ਹੋ ਸਕਦੀ ਹੈ ਚਾਹੇ ਇਹ ਵੀ ਅੰਤਿਮ ਜਿੱਤ ਨਹੀਂ ਬਣਨ ਲੱਗੀ। ਲੋਕ ਟਾਕਰਾ ਵੱਖ-ਵੱਖ ਸ਼ਕਲਾਂ 'ਚ ਤਾਂ ਵੀ ਜਾਰੀ ਰਹਿਣਾ ਹੈ। ਪਰ ਇਰਾਨੀ ਨਾਬਰੀ ਕਾਇਮ ਰਹਿਣ ਤੇ ਅਮਰੀਕੀ ਜੰਗੀ ਮੁਹਿੰਮ ਦੇ ਮਨਚਾਹੇ ਸਿੱਟੇ ਹਾਸਲ ਨਾ ਹੋਣ ਦੀਆਂ ਅਮਰੀਕਾ ਲਈ ਘਾਤਕ ਅਰਥਸੰਭਾਵਨਾਵਾਂ ਬਣਨੀਆਂ ਹਨ ਤੇ ਅਮਰੀਕਾ ਖ਼ਿਲਾਫ਼ ਜੂਝ ਰਹੀਆਂ ਅਰਬ ਜਗਤ ਦੀਆਂ ਟਾਕਰਾ ਸ਼ਕਤੀਆਂ ਲਈ ਇਹ ਵਡੇਰੀ ਜਿੱਤ ਵਰਗੇ ਅਰਥ ਬਣਨੇ ਹਨ। 

ਅਮਰੀਕੀ ਸਾਮਰਾਜੀ ਹੱਲੇ ਤੇ ਇਰਾਨੀ ਟਾਕਰੇ 'ਚੋਂ ਇਸ ਵੇਲੇ ਇਹੀ ਨਿਤਾਰਾ ਹੋਣਾ ਹੈ।

(13 ਮਾਰਚ, 2026) 

ਇਹ ਅਮਰੀਕੀ ਸਾਮਰਾਜੀਆਂ ਦੇ ਦੰਭ ਦੀ ਇੰਤਹਾ ਹੈ ਕਿ ਉਹ ਦਹਾਕਿਆਂ ਤੋਂ ਇਸ ਖਿੱਤੇ ਅੰਦਰ ਆਜ਼ਾਦੀ, ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਦੇ ਰਾਜ ਦੇ ਨਾਂ ਹੇਠ ਦਖਲ਼ਅੰਦਾਜ਼ੀ ਕਰਦੇ ਆ ਰਹੇ ਹਨ, ਇਸ ਨਾਂ 'ਤੇ ਪੂਰੇ ਦੇ ਪੂਰੇ ਮੁਲਕ ਉਜਾੜ ਕੇ ਤਬਾਹ ਕੀਤੇ ਹਨ, ਰਾਜ ਪਲਟੇ ਕੀਤੇ ਹਨ ਤੇ ਲੱਖਾਂ ਲੋਕ ਉਜਾੜੇ ਹਨ, ਕਤਲ ਕੀਤੇ ਹਨ। ਪਰ ਇੱਥੇ ਕਦੇ ਵੀ ਕਾਨੂੰਨ ਦਾ ਰਾਜ ਸਥਾਪਤ ਨਹੀਂ ਹੋਣ ਦਿੱਤਾ। ਖੁਦ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਇਸ ਖਿੱਤੇ ਨੂੰ ਜੰਗਾਂ ਤੇ ਉਜਾੜੇ ਵੱਸ ਪਾਇਆ ਹੈ। ਇਹ ਖਿੱਤਾ ਦਹਾਕਿਆਂ ਤੋਂ ਅਮਰੀਕੀ ਸਾਮਰਾਜੀ ਜੰਗਬਾਜ਼ਾਂ ਦਾ ਕਹਿਰ ਹੰਢਾ ਰਿਹਾ ਹੈ। 

No comments:

Post a Comment