Sunday, March 22, 2026

ਅਹਿੰਸਾ ਦਾ ਸਵਾਲ ਅਤੇ ਸ਼ਹੀਦਾਂ ਦੀ ਨੈਤਿਕਤਾ

 ਅਹਿੰਸਾ ਦਾ ਸਵਾਲ ਅਤੇ  ਸ਼ਹੀਦਾਂ ਦੀ ਨੈਤਿਕਤਾ 

-ਜਸਪਾਲ ਜੱਸੀ



ਬਰਤਾਨਵੀ ਸਾਮਰਾਜੀਆਂ ਖ਼ਿਲਾਫ਼ ਭਾਰਤੀ ਲੋਕਾਂ ਦੇ ਸੰਘਰਸ਼ ਦੇ ਇਤਿਹਾਸ ਨੂੰ ਬਹੁਤ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਗਾਂਧੀਵਾਦੀ ਲੀਡਰਸ਼ਿਪ ਅਤੇ ਸ਼ਹੀਦ ਭਗਤ ਸਿੰਘ ਦਾ ਮਕਸਦ ਸਾਂਝਾ ਸੀ। ਦੋਵੇਂ ਮੁਲਕ ਦੀ ਆਜ਼ਾਦੀ ਲਈ ਲੜ ਰਹੇ ਸਨ । ਵਖਰੇਵਾਂ ਸਿਰਫ਼ ਇਹ ਸੀ ਕਿ ਗਾਂਧੀਵਾਦੀ ਲੀਡਰਸ਼ਿਪ ਅਹਿੰਸਾ ਦੇ ਨੈਤਿਕ ਅਸੂਲ ਨੂੰ ਪ੍ਰਣਾਈ ਹੋਈ ਸੀ, ਜਦੋਂ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀ ਹਿੰਸਕ ਬਗ਼ਾਵਤ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਪੈਰੋਕਾਰ ਸਨ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਇਸ ਪੇਸ਼ਕਾਰੀ ਦਾ ਖੰਡਨ ਹਨ। 

  ਵਿਦੇਸ਼ੀ ਸਾਮਰਾਜੀਆਂ, ਵੱਡੇ ਪੂੰਜੀਪਤੀਆਂ ਅਤੇ ਵੱਡੇ ਭੋਂਇੰ-ਮਾਲਕਾਂ ਦੇ ਗਲਬੇ ਦੇ ਖਾਤਮੇ ਅਤੇ ਮਜ਼ਦੂਰਾਂ ਕਿਸਾਨਾਂ ਦੀ ਸਰਦਾਰੀ ਵਾਲੇ ਸਮਾਜ ਦੀ ਸਥਾਪਨਾ  ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਨਿਸ਼ਾਨਾ ਸੀ|    ਇਹ ਗਾਂਧੀ ਦਾ ਮਕਸਦ ਨਹੀਂ ਸੀ | ਭਗਤ ਸਿੰਘ ਦੇ ਵਿਚਾਰਾਂ ਅਨੁਸਾਰ ਗਾਂਧੀ ਸਾਮਰਾਜੀ ਪ੍ਰਬੰਧ ਨੂੰ ਸਲਾਮਤ ਰੱਖਦਿਆਂ ਦੇਸੀ ਪੂੰਜੀਪਤੀਆਂ ਲਈ  ਸਾਮਰਾਜੀਆਂ ਤੋਂ ਹਿੱਸੇਦਾਰੀ ਚਾਹੁੰਦਾ ਸੀ|    ਇਨ੍ਹਾਂ ਦੋ ਟਕਰਾਵੇਂ ਨਿਸ਼ਾਨਿਆਂ ਵਿੱਚ ਕੁਝ ਵੀ ਸਾਂਝਾ ਨਹੀਂ ਸੀ। 

ਅਹਿੰਸਾ ਅਤੇ ਹਿੰਸਾ ਦੇ ਸਵਾਲ 'ਤੇ 23 ਮਾਰਚ ਦੇ ਸ਼ਹੀਦ ਮਜ਼ਬੂਤ ਅਤੇ ਖਰੀਆਂ ਨੈਤਿਕ ਨੀਹਾਂ 'ਤੇ ਖੜ੍ਹੇ ਸਨ |ਉਹਨਾਂ ਦਾ “ਸਾਮਰਾਜਵਾਦ ਮੁਰਦਾਬਾਦ” ਦਾ ਨਾਅਰਾ ਹਿੰਸਕ ਅਤੇ ਇਨਸਾਫ਼ ਹੀਣੇ ਪ੍ਰਬੰਧ ਦੀ ਸਮਾਪਤੀ ਦਾ ਨਾਅਰਾ ਸੀ| ਇਸ ਨਿਸ਼ਾਨੇ ਲਈ ਹਿੰਸਕ ਇਨਕਲਾਬ ਦਾ ਰਾਹ ਉਨ੍ਹਾਂ ਦਾ ਸ਼ੌਕ ਨਹੀਂ ਸੀ| ਅੱਤਿਆਚਾਰੀ ਪ੍ਰਬੰਧ ਦੀਆਂ ਹਾਲਤਾਂ ਦਾ ਠੋਸਿਆ ਰਾਹ ਸੀ |ਇਨ੍ਹਾਂ ਹਾਲਤਾਂ ਕਰਕੇ ਮਾਨਵੀ ਸਮਾਜ ਦੀ ਸਿਰਜਣਾ ਲਈ ਇਹ  ਚੋਣ ਜ਼ਰੂਰੀ ਬਣ ਗਈ ਸੀ |

ਅਸੰਬਲੀ ਬੰਬ ਕੇਸ 'ਚ ਆਪਣੇ ਅਦਾਲਤੀ ਬਿਆਨ 'ਚ ਇਨ੍ਹਾਂ ਸ਼ਹੀਦਾਂ ਨੇ ਸਪਸ਼ਟ ਕੀਤਾ ਸੀ :

  “ਅਸੀਂ ਸਾਮਰਾਜੀ ਫੌਜਾਂ ਦੇ ਭਾੜੇ ਦੇ ਸਿਪਾਹੀਆਂ ਵਾਂਗ ਨਹੀਂ ਹਾਂ,ਜਿਨ੍ਹਾਂ ਨੂੰ ਬਿਨਾ ਪਛਤਾਵੇ ਦੇ ਕਤਲ ਕਰਨ ਦੀ ਜਾਚ ਸਿਖਾਈ ਜਾਂਦੀ ਹੈ |ਅਸੀਂ ਮਨੁੱਖੀ ਜੀਵਨ ਦਾ ਸਤਿਕਾਰ ਕਰਦੇ ਹਾਂ ਅਤੇ ਜਿੱਥੋਂ ਤੱਕ ਹੋ ਸਕੇ ਇਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ |”

ਅਸੰਬਲੀ 'ਚ ਧਮਾਕਾ ਕਰਨ ਸਮੇੰ ਵੰਡੇ ਹੱਥ ਪਰਚੇ 'ਚ ਇਹਨਾਂ ਸੰਗਰਾਮੀਆਂ ਨੇ ਸਪਸ਼ਟ ਕੀਤਾ ਸੀ:

“ਅਸੀ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸਦੇ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ  ਜਦੋਂ ਮਨੁੱਖ ਪੂਰਨ ਸ਼ਾਂਤੀ ਤੇ ਆਜ਼ਾਦੀ ਵਿੱਚ ਵਿਚਰੇਗਾ। ਸਾਨੂੰ ਇਹ ਪ੍ਰਵਾਨ ਕਰਦਿਆਂ ਦੁੱਖ ਹੁੰਦਾ ਹੈ ਕਿ ਅਸੀਂ ਇਨਸਾਨੀ ਖੂਨ ਡੋਲ੍ਹਣ 'ਤੇ ਮਜਬੂਰ ਕੀਤੇ ਗਏ ਹਾਂ।”

“ਪਰ ਸਭਨਾਂ ਲਈ ਆਜ਼ਾਦੀ ਲਿਆਉਣ ਵਾਲੇ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਖਤਮ ਕਰਨ ਵਾਲੇ ਮਹਾਨ ਇਨਕਲਾਬ ਦੀ ਬੇਦੀ ਤੇ ਕੁਝ ਵਿਅਕਤੀਆਂ ਦੀ ਬਲੀ ਅਟੱਲ ਹੈ।” 

ਦੂਜੇ ਪਾਸੇ ਗਾਂਧੀ ਲਈ ਅਹਿੰਸਾ ਕਦੇ ਵੀ "ਪਰਮੋ-ਧਰਮ" ਨਹੀਂ ਸੀ। ਬਰਤਾਨਵੀ ਸਾਮਰਾਜੀਆਂ ਅਤੇ ਉਨ੍ਹਾਂ ਦੇ ਭਾਰਤੀ ਦਲਾਲਾਂ ਦੇ ਸਾਂਝੇ ਹਿਤ ਗਾਂਧੀ ਲਈ ਸਭ ਤੋਂ ਉੱਪਰ ਸਨ | ਇਹੋ ਗਾਂਧੀ ਦਾ ਅਸਲੀ “ਪਰਮੋ-ਧਰਮ” ਸੀ ਜਿਸਦੇ ਸ਼ੀਸ਼ੇ 'ਚ ਸਾਮਰਾਜੀ ਖੂਨੀ ਜੰਗਾਂ  ਪਵਿੱਤਰ ਹੋ ਜਾਂਦੀਆਂ ਸਨ।

ਪਹਿਲੀ ਸੰਸਾਰ ਜੰਗ ਵੇਲੇ ਜਦੋਂ ਗ਼ਦਰੀ ਸੂਰਬੀਰਾਂ ਨੇ ਬਰਤਾਨਵੀ ਸਾਮਰਾਜੀਆਂ ਨੂੰ ਚੁਣੌਤੀ ਦੇਣ ਲਈ ਮੁਲਕ ਵੱਲ ਵਹੀਰਾਂ ਘੱਤੀਆਂ ਤਾਂ ਗਾਂਧੀ ਨੇ ਸਾਮਰਾਜੀ ਖੂਨੀ ਜੰਗ ਵਿੱਚ ਅੰਗਰੇਜ਼ ਸਾਮਰਾਜੀਆਂ ਦਾ ਸਾਥ ਦਿੱਤਾ। ਗਦਰੀ ਸੂਰਬੀਰ ਸਾਮਰਾਜੀ ਜੰਗਬਾਜ਼ਾਂ ਨੂੰ ਇਨਕਲਾਬੀ ਹਿੰਸਾ ਨਾਲ ਵੰਗਾਰਨ ਲਈ ਮੁਲਕ ਵਾਪਸ ਆਏ ਅਤੇ ਹੱਕੀ ਕੌਮੀ ਜੰਗ ਦੇ ਸਿਪਾਹੀਆਂ ਵਜੋਂ ਫਾਂਸੀਆਂ 'ਤੇ ਝੂਲੇ |

ਗਾਂਧੀ ਇਨਕਲਾਬੀਆਂ ਦੀ ਜਾਇਜ਼ ਹਿੰਸਾ ਨੂੰ ਨਫਰਤ ਕਰਦਾ ਸੀ,ਪਰ ਸਾਮਰਾਜੀਆਂ ਦੀ ਨਹੱਕੀ ਧਾੜਵੀ ਜੰਗ ਵਿੱਚ ਬਰਤਾਨਵੀ ਸਮਰਾਜੀਆਂ ਨੂੰ ਜੇਤੂ ਹੋਏ ਦੇਖਣਾ ਚਾਹੁੰਦਾ ਸੀ | ਭਾਰਤ ਦੇ ਧੀਆਂ-ਪੁੱਤਾਂ ਨੂੰ  “ਬਿਨਾ ਪਛਤਾਵੇ ਦੇ ਕਤਲਾਂ” ਲਈ ਸਾਮਰਾਜੀ ਫੋਜਾਂ ਦੇ “ਭਾੜੇ  ਦੇ ਸਿਪਾਹੀਆਂ” ਵਜੋਂ ਝੋਕਣ 'ਚ ਗਾਂਧੀ ਨੂੰ ਕੋਈ ਨੈਤਿਕ ਪ੍ਰੇਸ਼ਾਨੀ ਨਹੀਂ ਸੀ | ਉਸਦਾ ਦਾਅਵਾ ਤਾਂ ਇਹ ਸੀ ਕਿ ਅਹਿੰਸਾ ਦੁਸ਼ਮਣਾਂ ਨੂੰ  ਪਿਆਰ ਕਰਨਾ ਸਿਖਾਉਂਦੀ ਹੈ,ਪਰ ਉਸਨੇ ਮੁਲਕ ਦੀ ਜੁਆਨੀ ਨੂੰ ਬਗੈਰ ਕਿਸੇ ਦੁਸ਼ਮਣੀਂ ਦੇ ਦੂਸਰੇ ਮੁਲਕਾਂ ਦੇ ਸਿਪਾਹੀਆਂ 'ਤੇ ਗੋਲੀਆਂ ਦਾਗਣ ਲਈ ਅੰਗਰੇਜ਼ ਫੋਜਾਂ 'ਚ ਭਰਤੀ ਕਰਾਇਆ | ਇਸ ਹਿੰਸਕ ਅਤੇ ਮਾਨਵਤਾ ਵਿਰੋਧੀ ਕੁਕਰਮ ਦੇ ਇਵਜ਼ਾਨੇ 'ਚ ਉਹ ਸਾਮਰਾਜ ਦੇ ਭਾਰਤੀ ਦਲਾਲਾਂ ਲਈ ਹਿੱਸੇਦਾਰੀ ਯਕੀਨੀ ਕਰਨ ਦੇ ਸੁਪਨੇ ਵੇਖਦਾ ਸੀ | 

ਇੰਨਾਂ ਹੀ ਨਹੀਂ ਗਾਂਧੀ ਭਾਰਤੀ ਲੋਕਾਂ ਖਿਲਾਫ ਹਿੰਸਾ ਤੋਂ ਇਨਕਾਰ ਕਰਨ ਵਾਲੇ ਭਾਰਤੀ ਸਿਪਾਹੀਆਂ ਖਿਲਾਫ ਬਰਤਾਨਵੀ ਰਾਜ ਦੇ ਜਬਰ ਨੂੰ ਹਿੰਸਾ ਮੰਨਣ ਤੋਂ ਇਨਕਾਰੀ ਸੀ | ਸਗੋਂ ਲੋਕਾਂ ਖਿਲਾਫ ਹਿੰਸਾ ਤੋਂ ਇਨਕਾਰ ਬਦਲੇ ਉਨ੍ਹਾਂ ਲਈ ਸਜ਼ਾਵਾਂ ਦਾ ਸਮਰਥਕ ਸੀ|

  ਇਓਂ ਗਾਂਧੀ ਦੀਆਂ ਅਹਿੰਸਾ ਦੀਆਂ ਨਸੀਹਤਾਂ ਸਿਰਫ ਬਰਤਾਨਵੀ ਸਾਮਰਾਜੀਆਂ ਦੀ ਗੁਲਾਮੀ ਦੇ ਜੂਲੇ ਖ਼ਿਲਾਫ਼ ਜੂਝ ਰਹੇ ਭਾਰਤੀ ਲੋਕਾਂ ਲਈ ਰਾਖਵੀਆਂ  ਸਨ । 

ਭਗਤ ਸਿੰਘ ਅਤੇ ਸਾਥੀਆਂ ਵੱਲੋਂ ਬੁਲੰਦ ਕੀਤੇ “ਸਾਮਰਾਜਵਾਦ ਮੁਰਦਾਬਾਦ” ਅਤੇ “ਯੂਨੀਅਨ ਜੈਕ ਮੁਰਦਾਬਾਦ” ਵਰਗੇ ਨਾਅਰੇ ਹੱਕੀ ਸੰਸਾਰ ਅਮਨ ਦੇ ਆਦਰਸ਼ ਨੂੰ ਸਮਰਪਤ ਨਾਅਰੇ ਸਨ | ਪਰ ਗਾਂਧੀ ਨੂੰ ਇਨ੍ਹਾਂ ਨਾਅਰਿਆਂ 'ਚੋਂ “ਹਿੰਸਾ ਦੀ ਗੰਧ” ਆਉਂਦੀ ਸੀ|

      ਹੇਠਾਂ ਦਿੱਤੇ ਜਾ ਰਹੇ ਗਾਂਧੀ ਦੇ ਆਪਣੇ ਕਥਨ ਸਾਬਤ ਕਰਦੇ ਹਨ ਕਿ ਗਾਂਧੀ ਲੋਕਾਂ ਖਿਲਾਫ਼ ਨਹੱਕੀ ਸਾਮਰਾਜੀ ਹਿੰਸਾ ਅਤੇ ਯੁੱਧਾਂ ਦਾ ਸਮਰਥਕ ਸੀ |ਅਹਿੰਸਾ ਦੇ ਨੈਤਿਕ ਪਾਠ ਦੀ ਵਰਤੋਂ ਉਹ ਸਿਰਫ ਲੋਕਾਂ ਦੇ ਸੰਘਰਸ਼ਾਂ ਖਿਲਾਫ ਕਰਦਾ ਸੀ| ਇੱਥੋਂ ਤੱਕ ਕਿ ਪੁਰਅਮਨ ਸੰਘਰਸ਼ਾਂ ਖਿਲਾਫ਼ ਵੀ ਕਰਦਾ ਸੀ।

  23 ਮਾਰਚ ਦੇ ਸ਼ਹੀਦਾਂ ਅਤੇ ਗਾਂਧੀ ਦਾ ਹਿੰਸਾ-ਅਹਿੰਸਾ ਪ੍ਰਤੀ ਅਮਲੀ ਰੁਖ ਆਪੋ ਆਪਣੀਂ ਜਮਾਤੀ ਵਫ਼ਾਦਾਰੀ 'ਚੋਂ ਤਹਿ ਹੁੰਦਾ ਸੀ |  ਸ਼ਹੀਦ ਇਸ ਸਵਾਲ ਤੇ ਖਰੀ ਅਤੇ ਇੱਕਤਾਰ ਨੈਤਿਕਤਾ 'ਤੇ ਖੜ੍ਹੇ ਸਨ|ਇਹ ਖੋਟ ਰਹਿਤ ਨੈਤਿਕਤਾ ਸੀ| ਗਾਂਧੀ ਦੀ ਨੈਤਿਕਤਾ ਦੰਭੀ,ਮੌਕਾਪ੍ਰਸਤ ਅਤੇ ਲੋਟ ਬਹਿੰਦੀ ਨੈਤਿਕਤਾ ਸੀ | 

  ਲੁੱਟ,ਜਬਰ ਅਤੇ ਹਿੰਸਾ ਰਹਿਤ ਸਮਾਜ ਦੀ ਸਿਰਜਣਾ ਲਈ ਜੂਝ ਰਹੀ ਜੁਆਨੀ ਨੂੰ ਸਾਮਰਾਜੀ ਲੁੱਟ ਦੇ ਹਰ ਕਿਸਮ ਦੇ ਹਿੱਸੇਦਾਰਾਂ ਨਾਲੋਂ ਨਿਖੇੜੇ ਦਾ ਸ਼ਹੀਦਾਂ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ |ਇਸਦੇ ਨਾਲ ਹੀ ਹਿੰਸਾ ਅਤੇ ਅਹਿੰਸਾ ਦੇ ਸਵਾਲ 'ਤੇ ਖਰੀ ਅਤੇ ਖੋਟ ਰਹਿਤ ਇਨਕਲਾਬੀ ਨੈਤਿਕਤਾ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ |

ਗਾਂਧੀ ਦਾ ਸ਼ੀਸ਼ਾ 
 ਗਾਂਧੀ ਦਾ ਚਿਹਰਾ 
 

“ਤੁਹਾਨੂੰ ਉਨ੍ਹਾਂ ਨੌਜਵਾਨਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੀਦਾ ਜੋ ਹੱਤਿਆਵਾਂ ਅਤੇ ਡਕੈਤੀਆਂ ਦੀ ਸ਼ਰਨ ਲੈਂਦੇ ਰਹੇ ਹਨ । ਉਹ ਨੌਜਵਾਨ ਗੁੰਮਰਾਹ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਦੁਸ਼ਮਣ ਮੰਨਿਆ ਜਾਣਾ ਚਾਹੀਦਾ ਹੈ। ਜੇ ਇਨ੍ਹਾਂ ਨੌਜਵਾਨਾਂ ਨੇ ਦੇਸ਼ ਨੂੰ ਆਤੰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਨ੍ਹਾਂ ਖ਼ਿਲਾਫ਼ ਉੱਠ ਖੜ੍ਹੇ ਹੋਣਾ ਪਵੇਗਾ। "(13 ਮਾਰਚ 1915,  ਕਲਕੱਤੇ ਦੀ ਆਮ ਸਭਾ ਵਿੱਚ ਭਾਸ਼ਣ)  

"ਮੇਰੇ ਵਾਂਗ ਹਰ ਭਾਰਤੀ ਨੂੰ ਇਸ ਹਿੰਸਾ 'ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।" (ਗਾਂਧੀ, ਜਨਰਲ ਡਾਇਰ ਦੀ ਹੱਤਿਆ ਬਾਰੇ ਟਿੱਪਣੀ)

"ਬਰਤਾਨਵੀ ਸਰਕਾਰ ਵਾਂਗ ਸਾਡੇ ਮੰਤਰੀਆਂ ਨੂੰ ਵੀ ਹਿੰਸਾ ਦਾ ਸਹਾਰਾ ਲੈਣਾ ਪਿਆ ਹੈ। ਸ਼ਾਇਦ ਇਹ ਜ਼ਰੂਰੀ ਸੀ ”।(1937-38 ਦੌਰਾਨ ਸੂਬਾਈ ਕਾਂਗਰਸੀ ਸਰਕਾਰਾਂ ਵੱਲੋਂ ਲੋਕਾਂ 'ਤੇ ਤਸ਼ੱਦਦ ਬਾਰੇ ਟਿੱਪਣੀ)

"ਮੇਰੀ ਜ਼ਿੰਦਗੀ ਇਸ ਰੋਗ (ਇਨਕਲਾਬੀ ਹਿੰਸਾ) ਅਤੇ ਜਿੱਥੋਂ ਤੱਕ ਉਸ ਨੇ ਆਪਣਾ ਆਧਾਰ ਬਣਾ ਲਿਆ ਹੈ, ਉਸ ਨੂੰ ਉਖਾੜ ਸੁੱਟਣ ਲਈ ਸਮਰਪਿਤ ਹੈ।"

(7 ਜੁਲਾਈ 1917, ਗਾਂਧੀ ਵੱਲੋਂ ਵਾਇਸਰਾਏ ਦੇ ਨਿੱਜੀ ਸਕੱਤਰ ਨਾਲ ਗੱਲਬਾਤ)

“ਅਹਿੰਸਾ ਦੁਸ਼ਮਣਾਂ ਨਾਲ ਪਿਆਰ ਕਰਨਾ ਸਿਖਾਉਂਦੀ ਹੈ ।"

(ਸੰਪੂਰਨ ਗਾਂਧੀ ਸੰਗ੍ਰਹਿ)

“ਅਹਿੰਸਾਤਮਕ ਨਾ-ਮਿਲਵਰਤਨ ਦੇ ਦ੍ਰਿਸ਼ਟੀਕੋਣ ਤੋਂ ਬਰਤਾਨਵੀ ਵਸਤਾਂ ਦੇ ਬਾਈਕਾਟ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਇਹ ਸਿੱਧਾ ਬਦਲੇ ਦੀ ਕਾਰਵਾਈ ਨਾਲ ਉਠਾਇਆ ਗਿਆ ਕਦਮ ਹੈ ਇਸ ਵਿੱਚ ਸਜ਼ਾ ਦੇਣ ਦੀ ਭਾਵਨਾ ਛੁਪੀ ਹੋਈ ਹੈ|

(ਸੰਪੂਰਨ ਗਾਂਧੀ ਸੰਗ੍ਰਹਿ )

"ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਯੂਨੀਅਨ ਜੈਕ ਮੁਰਦਾਬਾਦ (ਯਾਨੀ ਬਰਤਾਨਵੀ ਝੰਡਾ ਮੁਰਦਾਬਾਦ) ਦੇ ਨਾਅਰੇ ਵਿੱਚ ਹਿੰਸਾ ਦੀ ਗੰਧ ਹੈ।”

(ਸੰਪੂਰਨ ਗਾਂਧੀ ਸੰਗ੍ਰਹਿ)

“ਹੜਤਾਲਾਂ ਵਰਗੇ ਮਕਸਦ ਲਈ ਜੇ ਕੋਈ ਕਰਮਚਾਰੀ ਛੁੱਟੀ ਲੈਂਦੇ ਹਨ ਤਾਂ ਇਹ ਹਿੰਸਾ ਦੀ ਵਰਤੋਂ ਹੈ ਕਿਉਂਕਿ ਇਉਂ ਕਰਕੇ ਉਹ ਆਪਣੀ ਨੌਕਰੀ ਲਈ ਕੀਤੇ ਗਏ ਅਨੁਬੰਧ (ਇਕਰਾਰ) ਨੂੰ ਤੋੜਨ ਦਾ ਅਪਰਾਧ ਕਰਦੇ ਹਨ। ਜੇ ਉਹ ਆਪਣੇ ਮਾਲਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਪਰ ਸਾਰੇ ਕਰਮਚਾਰੀਆਂ ਨੂੰ ਮਿਲ ਕੇ ਇਉਂਵੀ ਨਹੀਂ ਕਰਨਾ ਚਾਹੀਦਾ।"

(ਗਾਂਧੀ, ਸੋਮਾ ਨਹਿਰੂ ਦੀਆਂ ਚੋਣਵੀਆਂ ਲਿਖਤਾਂ)

"ਮੈਂ ਅੰਗਰੇਜ਼ੀ ਰਾਜ ਨੂੰ ਸੰਸਾਰ ਦਾ ਕਲਿਆਣ ਕਰਨ ਵਾਲਾ ਮੰਨਦਾ ਹਾਂ। ਉਨ੍ਹਾਂ ਦੇ ਰਾਜ ਬਾਰੇ ਦਿਲੀ ਵਫਾਦਾਰੀ ਕਰਕੇ ਮੈਂ ਉਨ੍ਹਾਂ ਦਾ ਬੁਰਾ ਸੋਚ ਤੱਕ ਨਹੀਂ ਸੀ ਸਕਦਾ। ਇਸ ਕਰਕੇ ਵਿਦਰੋਹੀਆਂ ਦੇ ਠੀਕ ਦੇਸ਼ ਦਾ ਮੇਰੇ ਫੈਸਲੇ 'ਤੇ ਕੋਈ ਅਸਰ ਨਹੀਂ ਪਿਆ।

(ਦੱਖਣੀ ਅਫ਼ਰੀਕਾ 'ਚ ਅੰਗਰੇਜ਼ ਸਰਕਾਰ ਵੱਲੋਂ ਟੈਕਸਾਂ ਖਿਲਾਫ਼ ਸੰਘਰਸ਼ ਕਰਦੇ ਜ਼ੁਲੂ ਕਬੀਲੇ ਦੇ ਹਜ਼ਾਰਾਂ ਲੋਕਾਂ ਦੇ ਕਤਲੇਆਮ ਬਾਰੇ ਆਪਣੀ ਸਵੈ ਜੀਵਨੀ ਵਿਚ ਗਾਂਧੀ ਦੀ ਟਿੱਪਣੀ। ਗਾਂਧੀ, ਉਦੋਂ ਖੁਦ ਦੱਖਣੀ ਅਫਰੀਕਾ ਵਿਚ ਸਾਰਜੈਂਟ ਮੇਜਰ ਸੀ)

"ਬ੍ਰਿਟਿਸ਼ ਇੰਡੀਅਨ ਆਰਮੀ ਲਈ ਸੈਨਿਕਾਂ ਦੀ ਭਰਤੀ ਦੇ ਮਤੇ ਦੇ ਸਮਰਥਕਾਂ ਵਿੱਚ ਆਪਣਾ ਨਾਂ ਦੇਖ ਕੇ ਮੈਂ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਇਸ ਦੇ ਮਹੱਤਵ ਦਾ ਅਹਿਸਾਸ ਹੈ ਅਤੇ ਮੈਂ ਦਿਲੀ ਤੌਰ 'ਤੇ ਇਸ ਦਾ ਸਮਰਥਨ ਕਰਦਾ ਹਾਂ।"

(ਅੰਗਰੇਜ਼ ਵਾਇਸਰਾਏ ਵੱਲੋਂ ਸੱਦੀ ਯੁੱਧ ਕਾਨਫ਼ਰੰਸ ਵਿੱਚ 28 ਅਪ੍ਰੈਲ 1929 ਨੂੰ ਗਾਂਧੀ ਦੇ ਸ਼ਬਦ)

"ਜੇ ਤੁਸੀਂ ਮੈਨੂੰ ਆਪਣਾ ਮੁੱਖ ਭਰਤੀ ਅਫਸਰ ਬਣਾਓ ਤਾਂ ਮੈਂ ਭਰਤੀ ਹੋਣ ਵਾਲਿਆਂ ਦਾ ਮੀਂਹ ਵਰ੍ਹਾ ਦਿਆਂਗਾ।"

(ਵਾਇਸਰਾਏ ਦੇ ਨਿੱਜੀ ਸਕੱਤਰ ਨੂੰ ਖਤ, 30 ਅਪਰੈਲ 1918)

"ਜੇ ਤੁਸੀਂ ਚਾਹੁੰਦੀਆਂ ਹੋ ਕਿ ਉਹ ਸੱਚੇ ਮਨੁੱਖ ਬਣਨ ਤਾਂ ਉਨ੍ਹਾਂ ਨੂੰ (ਆਪਣੇ ਬੱਚਿਆਂ ਨੂੰ) ਆਪਣਾ ਆਸ਼ੀਰਵਾਦ ਦੇ ਕੇ ਸੈਨਾ ਵਿੱਚ ਭੇਜੋ। ਬਰਤਾਨਵੀ ਸਾਮਰਾਜ ਲਈ ਇਸ ਮੌਕੇ ਕੀਤਾ ਗਿਆ ਤਿਆਗ ਸਵਰਾਜ ਲਈ ਬਲੀਦਾਨ ਮੰਨਿਆ ਜਾਵੇਗਾ।..."

1918 ਵਿਚ ਗਾਂਧੀ ਵੱਲੋਂ ਫੌਜ 'ਚ ਭਰਤੀ ਲਈ ਔਰਤਾਂ ਨੂੰ ਭਾਸ਼ਣ)

( “ਸਾਨੂੰ ਸਦਾ ਹੀ ਯੁੱਧ ਕਰਨਾ ਪੈਂਦਾ ਹੈ। ਪੂਰੇ ਮਨੁੱਖੀ ਸੁਭਾਅ ਦੇ ਬਦਲੇ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇੱਕ ਗਲਤ ਕੰਮ ਕਰਨ ਵਾਲੇ ਨੂੰ ਮਾਰ ਕੇ ਮੈਂ ਜੋ ਆਪਣੇ ਬੀਵੀ ਬੱਚਿਆਂ ਦੀ ਰੱਖਿਆ ਕਰਦਾ ਹਾਂ ਤਾਂ ਇਹੀ ਅਸਲ ਅਹਿੰਸਾ ਹੈ।"

(ਇੰਗਲੈਂਡ ਦੇ ਸਮਰਾਟ ਐਂਡਰਿਊ ਨੂੰ ਸਾਮਰਾਜੀ ਜੰਗ ਦੀ ਹਮਾਇਤ 'ਚ ਗਾਂਧੀ , 1918)

“ ਗੜ੍ਹਵਾਲੀ ਸਿਪਾਹੀਆਂ ਨੇ ਜਾਣ ਬੁੱਝ ਕੇ ਹੁਕਮ ਦਾ ਪਾਲਣ ਨਹੀਂ ਕੀਤਾ। ਇਉਂ ਕਰ ਕੇ ਉਨ੍ਹਾਂ ਨੇ ਭਿਅੰਕਰ ਰੂਪ ਵਿਚ ਜ਼ਬਤ ਤੋੜਨ ਦਾ ਅਪਰਾਧ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਅਫਸਰਾਂ ਦੇ ਹੁਕਮਾਂ ਦੇ ਆਦੇਸ਼ਾਂ ਦਾ ਪਾਲਣ ਕਰਨ ਦੀ ਸਹੁੰ ਖਾਧੀ ਹੋਈ ਸੀ। ਮੈਂ ਉਨ੍ਹਾਂ ਦੀ ਰਿਹਾਈ ਲਈ ਸਰਕਾਰ ਨੂੰ ਨਹੀਂ ਕਹਿ ਸਕਦਾ।"

(ਅਕਤੂਬਰ 1931, ਪਿਸ਼ਾਵਰ 'ਚ ਨਿਹੱਥੇ ਮੁਜ਼ਾਹਰਾਕਾਰੀਆਂ 'ਤੇ ਗੋਲੀ ਚਲਾਉਣ ਤੋਂ ਇਨਕਾਰ ਕਰਨ ਵਾਲੇ ਸਿਪਾਹੀਆਂ ਬਾਰੇ ਬਿਆਨ)

“ਹੁਕਮਾਂ ਦਾ ਪਾਲਣ ਨਾ ਕਰਨ ਦੇ ਅਪਰਾਧ ਵਿੱਚ ਫੜੇ ਗਏ ਸੈਨਿਕਾਂ ਤੇ ਸਿਪਾਹੀਆਂ ਨੂੰ ਆਮ ਮੁਆਫੀ ਨਹੀਂ ਦਿੱਤੀ ਜਾਵੇਗੀ।"

(ਗਾਂਧੀ ਇਰਵਿਨ ਸਮਝੌਤਾ, ਇਹ ਉਹਨਾਂ ਹੀ ਸੈਨਿਕਾਂ-ਸਿਪਾਹੀਆਂ ਵੱਲ ਇਸ਼ਾਰਾ ਹੈ ਜਿਨ੍ਹਾਂ ਨੇ ਨਿਹੱਥੇ ਲੋਕਾਂ ਖਿਲਾਫ਼ ਹਿੰਸਾ ਤੋਂ ਇਨਕਾਰ ਕੀਤਾ)

"ਜੇ ਕਾਂਗਰਸ ਨੇ ਮੇਰਾ ਦ੍ਰਿਸ਼ਟੀਕੋਣ ਸਮਝਿਆ ਹੁੰਦਾ ਤਾਂ ਕਾਂਗਰਸ ਦੀ ਹਮਾਇਤ ਬਿਨਾਂ-ਸ਼ਰਤ ਹੁੰਦੀ। ਯਾਨੀ ਕਾਂਗਰਸ ਬਰਤਾਨੀਆ ਨੂੰ ਯੁੱਧ ਦੇ ਮਕਸਦਾਂ ਦੀ ਵਿਆਖਿਆ ਕਰਨ ਲਈ ਵੀ ਨਾ ਕਹਿੰਦੀ ।"

(ਦੂਜੇ ਸੰਸਾਰ ਯੁੱਧ ਦੀ ਹਮਾਇਤ ਬਾਰੇ ਗਾਂਧੀ ਦੀ ਟਿੱਪਣੀ)

"ਮੇਰਾ ਮਕਸਦ ਮਿੱਤਰ ਦੇਸ਼ਾਂ ਦੀਆਂ ਯੁੱਧ ਕਾਰਵਾਈਆਂ ਦਾ ਸਮਰਥਨ ਕਰਨਾ ਹੈ, ਇਨ੍ਹਾਂ ਵਿੱਚ ਰੁਕਾਵਟ ਪਾਉਣਾ ਨਹੀਂ ਹੈ।"

(ਦੂਜੇ ਸੰਸਾਰ ਯੁੱਧ ਬਾਰੇ ਲੰਡਨ ਵਿਚ ਨਿਊਜ਼ ਕਰੋਨੀਕਲ ਦੇ ਪੱਤਰਕਾਰਾਂ ਨਾਲ ਗੱਲਬਾਤ )

"ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਕਾਤਲਾਂ ਨੂੰ ਆਪਣੇ ਗੁਨਾਹਾਂ ਬਦਲੇ ਵੱਡੀ ਤੋਂ ਵੱਡੀ ਸਜ਼ਾ ਭੁਗਤਣੀ ਪਵੇਗੀ।”

(ਅਸੈਂਬਲੀ ਧਮਾਕੇ ਪਿੱਛੋਂ ਗਾਂਧੀ ਦੀ ਟਿੱਪਣੀ)

*

No comments:

Post a Comment