Sunday, March 22, 2026

ਸੱਭਿਆਚਾਰਕ ਮੋਰਚੇ 'ਤੇ ਇਨਕਲਾਬੀ ਕੰਮ ਅਤੇ ਪਾਸ਼ ਦਾ ਸਰੋਕਾਰ

 ਸੱਭਿਆਚਾਰਕ ਮੋਰਚੇ 'ਤੇ ਇਨਕਲਾਬੀ ਕੰਮ ਅਤੇ ਪਾਸ਼ ਦਾ ਸਰੋਕਾਰ


 

    ਹੇਠਾਂ  ਪਾਸ਼ ਦੇ ਖਤ ਦਾ ਇੱਕ ਹਿੱਸਾ ਹੈ।  ਇਹ  ਸੱਭਿਆਚਾਰਕ ਮੋਰਚੇ 'ਤੇ ਇਨਕਲਾਬੀ ਕੰਮ ਦੀਆਂ ਚੁਣੌਤੀਆਂ ਬਾਰੇ ਉਸਦੀ ਗਤੀਸ਼ੀਲ ਸੋਚ ਦੀ ਝਲਕ ਦਿੰਦਾ ਹੋਣ ਕਰਕੇ ਮਹੱਤਵਪੂਰਨ ਹੈ।   ਪਾਸ਼ ਦੀ ਇਹ ਟਿੱਪਣੀ ਜਸਪਾਲ ਜੱਸੀ ਵੱਲੋਂ ਸੰਪਾਦਤ ਮਾਸਕ “ਜ਼ਫ਼ਰਨਾਮਾ”'ਚ ਛਪੀ ਇੱਕ ਦਸਤਾਵੇਜ਼ ਬਾਰੇ ਸੀ।  1977 'ਚ ਜਾਰੀ ਹੋਈ ਇਸ ਦਸਤਾਵੇਜ਼ ਨਾਲ ਸਾਡੀ  ਸਹਿਮਤੀ ਹੋਣ ਕਰਕੇ ਅਸੀਂ  ਇਸਨੂੰ “ਜ਼ਫ਼ਰਨਾਮਾ” ਦੇ ਜੂਨ 1982 ਦੇ ਅੰਕ 'ਚ  ਪ੍ਰਕਾਸ਼ਤ ਕੀਤਾ ਸੀ। ਸਤੰਬਰ 1982 'ਚ ਇਸ ਲਿਖਤ ਬਾਰੇ ਪਾਸ਼ ਅਤੇ ਸਾਥੀਆਂ ਦਾ ਸਾਂਝਾ ਖਤ  ਪ੍ਰਕਾਸ਼ਤ ਹੋਇਆ।    ਇਸ ਖਤ ਦਾ ਸਬੰਧਤ ਹਿੱਸਾ ਇਓਂ ਸੀ :

    “ਬੜੀ ਮੁਸ਼ਕਲ ਨਾਲ ਜ਼ਫਰਨਾਮਾ - 2 ਪ੍ਰਾਪਤ ਕਰ ਸਕੇ ਹਾਂ। ਪੰਜਾਬ ਵਿਚ ਅਨੇਕਾਂ ਅਗਾਂਗਵਧੂ ਪਰਚੇ ਛਪਦੇ ਹੋਣ ਦੇ ਬਾਵਜੂਦ ਇਸ ਪਰਚੇ ਦੀ ਆਪਣੀ ਨਿਵੇਕਲੀ ਦਿੱਖ ਅਤੇ ਲੋੜ ਦਾ ਅਹਿਸਾਸ ਮੈਨੂੰ ਜੂਨ ਦਾ ਅੰਕ ਪੜ੍ਹਕੇ ਹੋਇਆ ਹੈ। ਮੇਰੇ ਲਈ ਜਫ਼ਰਨਾਮੇ ਦੇ ਸਮੁੱਚੇ ਮੈਟਰ ਤੇ ਇਸਦੀ ਰੌਸ਼ਨੀ ਦੀ ਗੰਭੀਰ ਮਹੱਤਤਾ ਤਾਂ ਹੈ ਈ ਪਰ ਸੱਭਿਆਚਾਰਕ ਫਰੰਟ ਬਾਰੇ ਦਸਤਾਵੇਜ਼ ਬਹੁਤ ਹੀ ਮਹੱਤਵਪੂਰਨ ਹੈ। ਮੈਂ ਤੇ ਇਲਾਕੇ ਦੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਇਸ ਦਸਤਾਵੇਜ਼ ਵਿਚਲੇ ਵਿਸ਼ਲੇਸ਼ਣ ਨੂੰ ਭਾਂਤ-ਸੁਭਾਂਤੀ ਨਜ਼ਰ ਨਾਲ ਪੜਤਾਲਿਆ ਹੈ। ਕਿਸੇ ਨੂੰ ਵੀ ਇਸ ਵਿਚ ਸ਼ੱਕ ਨਹੀਂ ਸੀ ਕਿ ਏਨਾ ਵਿਸ਼ਾਲ ਅਤੇ ਬਹੁਪਰਤੀ ਵਿਸ਼ਲੇਸ਼ਣ ਕ੍ਰਾਂਤੀਮੁਖੀ ਸੱਭਿਆਚਾਰ (ਖਾਸ ਕਰ ਸਾਹਿਤ) ਦਾ ਅਜੇ ਤੱਕ ਹੋਇਆ ਹੀ ਨਹੀਂ। ਮੈਂ ਨਿੱਜੀ ਤੌਰ 'ਤੇ ਇਕ ਲਿਖਾਰੀ ਵਜੋਂ ਆਪਣੀ ਮਾਨਸਿਕਤਾ ਦੇ ਇਤਿਹਾਸ ਉੱਤੇ ਨਜ਼ਰ ਮਾਰਦਿਆਂ ਇਸ ਵਿਸ਼ਲੇਸ਼ਣ ਨੂੰ ਪੂਰਾ ਸੂਰਾ ਸਹੀ ਸਵੀਕਾਰ ਕਰਦਾ ਹਾਂ। …. ਇਹ ਦਸਤਾਵੇਜ਼ ਜਿਸ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਦਿਮਾਗ਼ ਵਲੋਂ ਤਿਆਰ ਕੀਤੀ ਗਈ ਹੈ,ਮੈਂ ਉਸ ਨੂੰ ਪ੍ਰਨਾਮ ਕਰਦਾ ਹਾਂ।”

  ਇਹ ਟਿੱਪਣੀ ਜ਼ਿਕਰ ਅਧੀਨ ਦਸਤਾਵੇਜ਼ ਬਾਰੇ ਪਾਸ਼ ਦੀ ਡੂੰਘੀ ਸੋਚ ਵਿਚਾਰ ਅਤੇ ਮੁਲੰਕਣ ਦਾ ਨਿਚੋੜ ਹੈ ਅਤੇ  ਵਿਚਾਰਾਂ ਦੀ ਸਾਂਝ ਨੂੰ ਪ੍ਰਗਟ ਕਰਦੀ ਹੈ।   ਸ਼ਹਾਦਤ ਤੋਂ ਛੇ ਸਾਲ ਪਹਿਲਾਂ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਦੀਆਂ ਸਮੱਸਿਆਵਾਂ ਬਾਰੇ ਪਾਸ਼ ਦੇ ਵਿਚਾਰ -ਪਰਵਾਹ ਦੇ ਰਿਕਾਰਡ ਵਜੋਂ ਇਸ  ਸੰਵਾਦ ਦੀ ਇਤਿਹਾਸਕ ਅਹਿਮੀਅਤ ਹੈ।   ਇਸ ਵਜ੍ਹਾ ਕਰਕੇ  ਅਸੀਂ ਉਹ ਦਸਤਾਵੇਜ਼  ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।    

ਲੋੜੀਂਦੀ ਜਾਣਕਾਰੀ ਦੀ ਘਾਟ ਜਾਂ ਅਜਿਹੀ ਜਾਣਕਾਰੀ 'ਚ ਦਿਲਚਸਪੀ ਨਾ ਹੋਣ ਕਰਕੇ ਅਕਸਰ ਹੀ ਪਾਸ਼ ਨੂੰ ਵਿਚਾਰਧਾਰਾ ਅਤੇ ਜਥੇਬੰਦੀ ਤੋਂ “ਸਾਹਿਤਕਾਰ ਦੀ ਆਜ਼ਾਦੀ” ਦੇ ਝੰਡਾ- ਬਰਦਾਰ ਵਜੋਂ ਪੇਸ਼ ਕਰ ਦਿੱਤਾ ਜਾਂਦਾ ਹੈ।   ਦਸਤਾਵੇਜ਼ ਸਬੰਧੀ ਪਾਸ਼ ਦਾ ਇਹ ਸੰਵਾਦ ਉਸਦੇ ਵਿਚਾਰਾਂ ਬਾਰੇ ਸਮਤੋਲ ਜਾਇਜ਼ਾ ਬਣਾਉਣ 'ਚ ਮੱਦਦਗਾਰ ਹੈ।  ਇਹ ਦਰਸਾਉਂਦਾ ਹੈ ਕਿ ਸਾਹਿਤ ਅਤੇ ਸੱਭਿਆਚਾਰ ਦੇ ਮਸਲਿਆਂ ਬਾਰੇ ਇਨਕਲਾਬੀ ਸਿਆਸੀ ਨਜ਼ਰੀਏ ਨੂੰ ਪਾਸ਼ ਕਿਹੋ ਜਿਹਾ ਮਹੱਤਵ ਦੇ ਰਿਹਾ ਸੀ। 

  ਇਸ ਲਿਖਤ 'ਚ ਸਾਹਿਤਕ ਲਹਿਰ ਅਤੇ ਇਨਕਲਾਬੀ ਸਿਆਸੀ ਲਹਿਰ ਦੋਹਾਂ ਦੀ ਹੀ ਸਥਿਤੀ ਬਾਰੇ ਸੰਕੋਚ ਰਹਿਤ  ਟਿੱਪਣੀਆਂ  ਇਸ ਗਲਤ ਪ੍ਰਭਾਵ ਨੂੰ ਵੀ ਕੱਟਦੀਆਂ ਹਨ ਕਿ ਅਸੀਂ ਸਥਾਪਤ ਸਾਹਿਤਕਾਰਾਂ ਦੀ ਨਾਰਾਜ਼ਗੀ ਦਾ ਦਬਾਅ ਮੰਨਕੇ ਉਨ੍ਹਾਂ ਦੀ ਬਣਦੀ ਆਲੋਚਨਾ ਤੋਂ ਪ੍ਰਹੇਜ਼ ਕਰਦੇ ਹਾਂ।    

ਇਨਕਲਾਬੀ ਸਾਹਿਤਕ ਲਹਿਰ ਅਤੇ ਇਨਕਲਾਬੀ ਸਿਆਸੀ ਲਹਿਰ ਦੇ ਰੋਲ ਅਤੇ ਰਿਸ਼ਤੇ ਦੀਆਂ ਸਮੱਸਿਆਵਾਂ ਬਾਰੇ ਪਾਸ਼ ਦੇ ਵਿਚਾਰਾਂ ਦੀ ਇਹੋ ਤੰਦ ਸੁਖਵਿੰਦਰ ਰੰਧਾਵਾ ਨਾਲ ਪਾਸ਼ ਦੀ ਇੰਟਰਵਿਊ 'ਚ ਵੀ ਮੌਜੂਦ ਹੈ। 

 ਪਾਸ਼ ਦਾ ਖਤ ਇੱਕ ਹੋਰ ਪੱਖੋਂ ਵੀ ਅਹਿਮ ਹੈ।  ਇਹ ਵਿਅਕਤੀਵਾਦ ਤੋਂ ਉੱਚੇ ਸਵੈ-ਮੁਲੰਕਣ ਦੇ ਰਵੱਈਏ ਅਤੇ ਸਮਰੱਥਾ ਨੂੰ ਜ਼ਾਹਰ ਕਰਦਾ ਹੈ।  

ਪਾਸ਼ ਦੇ  ਖਤ ਦਾ  ਇਥੇ ਅਣਛਪਿਆ  ਹਿੱਸਾ  ਇਨਕਲਾਬੀ ਸਿਆਸਤ ਦੇ ਪਾਠਕ ਅਤੇ ਕਾਰਕੁਨ ਵਜੋਂ ਪਾਸ਼ ਦੇ ਸਰੋਕਾਰਾਂ ਅਤੇ ਸੋਚ ਨੂੰ ਪ੍ਰਗਟ ਕਰਦਾ ਹੈ।   ਕਿਸੇ ਅਗਲੀ ਲਿਖਤ 'ਚ, ਸਮਰਪਿਤ ਇਨਕਲਾਬੀ ਸਿਆਸੀ ਕਾਰਕੁਨ ਵਜੋਂ,ਪਾਸ਼ ਦੀ ਸਖਸ਼ੀਅਤ ਦੀ ਚਰਚਾ ਦੇ ਅੰਗ ਵਜੋਂ ਇਸ ਹਿੱਸੇ ਦੀ ਵੀ ਗੱਲ ਕਰਾਂਗੇ-ਸੰਪਾਦਕ 

ਸਭਿਆਚਾਰਕ ਫ਼ਰੰਟ ਬਾਰੇ  

ਸੱਭਿਆਚਾਰਕ ਖੇਤਰ ਸਾਡੀ ਇਨਕਲਾਬੀ ਸਰਗਰਮੀ ਦਾ ਇਕ ਅਹਿਮ ਖੇਤਰ ਹੈ।  ਸੱਭਿਆਚਾਰਕ ਖੇਤਰ ਅੰਦਰ ਇਨਕਲਾਬੀ ਜੱਦੋਜਹਿਦ, ਇਕ ਸਹਾਈ ਅੰਗ ਵਜੋਂ ਸਾਡੀ ਸਮੁੱਚੀ ਇਨਕਲਾਬੀ ਲਹਿਰ ਦੇ ਵਧਣ ਤੇ ਜਿੱਤਣ ਦਾ ਰਾਹ  ਪੱਧਰਾ ਕਰਦੀ ਹੈ ਜਿਸ ਦੀ ਮੁੱਖ ਧਾਰ ਸਿਆਸੀ ਖੇਤਰ ਅੰਦਰ ਵਗਦੀ ਹੈ।  ਇਨਕਲਾਬ ਕਰ ਸਕਣ ਲਈ, ਲੋਕਾਂ ਅੰਦਰ ਇਨਕਲਾਬੀ ਸੋਝੀ ਪੈਦਾ ਹੋਣੀ ਜ਼ਰੂਰੀ ਹੈ। ਲੋਕ, ਜਮਾਤੀ ਘੋਲ ਦੇ ਅਮਲ 'ਚੋਂ ਅਤੇ ਇਨਕਲਾਬੀ ਸਿਆਸਤ ਦੇ ਪ੍ਰਚਾਰ ਰਾਹੀਂ ਇਨਕਲਾਬੀ ਸੋਝੀ ਗ੍ਰਹਿਣ ਕਰਦੇ ਹਨ। ਇਨਕਲਾਬੀ ਕਲਾ ਅਤੇ ਸਾਹਿਤ ਰਚਨਾਵਾਂ, ਆਪਣੇ ਸੂਖ਼ਮ ਰੂਪ ਸਦਕਾ, ਲੋਕ ਮਨ ਦੀਆਂ ਅਜਿਹੀਆਂ ਡੂੰਘੀਆਂ ਤੈਹਾਂ ਵਿਚ ਰਮਕੇ ਇਨਕਲਾਬੀ ਛਾਪ ਲਾਉਂਦੀਆਂ ਹਨ ਜਿਹੜੀਆਂ ਇਨਕਲਾਬੀ ਸਿਆਸੀ ਚਰਚਾ ਤੋਂ ਅਭਿੱਜ ਰਹਿ ਜਾਂਦੀਆਂ ਹਨ।  ਇਸ ਤਰ੍ਹਾਂ ਇਨਕਲਾਬੀ ਕਲਾ ਤੇ ਸਾਹਿਤ ਰਚਨਾਵਾਂ ਇਨਕਲਾਬੀ ਚਰਚਾ ਦੇ ਪ੍ਰਭਾਵ ਨੂੰ ਪੂਰਦੀਆਂ ਹਨ ਅਤੇ ਗੂੜ੍ਹਾ ਕਰਦੀਆਂ ਹਨ।  ਪਰ ਇਹ ਉਸਦਾ ਬਦਲ ਨਹੀਂ ਬਣ ਸਕਦੀਆਂ।  ਸਭ ਜੇਤੂ ਇਨਕਲਾਬੀ ਲਹਿਰਾਂ ਨੇ,ਇਨਕਲਾਬੀ ਸੋਝੀ ਜਗਾਉਣ ਤੇ ਗੂੜ੍ਹੀ ਕਰਨ ਦੇ ਕਾਰਜ ਅੰਦਰ, ਇਨਕਲਾਬੀ ਕਲਾ ਤੇ ਸਾਹਿਤ ਰਚਨਾਵਾਂ ਦੇ ਅਸਰਦਾਰ ਸਾਧਨ ਦੀ ਭਰਪੂਰ ਵਰਤੋਂ ਕੀਤੀ ਹੈ।  ਸਾਡੇ ਲਈ ਵੀ ਇਉਂ ਕਰਨਾ ਜ਼ਰੂਰੀ ਬਣਦਾ ਹੈ। 

ਇਸ ਖੇਤਰ ਅੰਦਰ ਅਸੀਂ ਕੋਈ ਖਾਸ ਪ੍ਰਾਪਤੀ ਨਹੀਂ ਕਰ ਸਕੇ ਹਾਂ।  ਇਸ ਸੰਬੰਧ ਵਿਚ ਕੁੱਝ ਕੁ ਸਮੱਸਿਆਵਾਂ ਇਹ ਹਨ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। 

1) ਬਾਕੀ ਜਨਤਕ ਕੰਮ ਨਾਲੋਂ ਵੱਖਰਾ ਸੱਭਿਆਚਾਰਕ ਖੇਤਰ ਦਾ ਕੰਮ ਵਿਸ਼ੇਸ਼ ਕਿਸਮ ਦਾ ਹੈ ਅਤੇ ਵਿਸ਼ੇਸ਼ ਸੰਭਾਲ ਮੰਗਣ ਵਾਲਾ ਹੈ। ਜਨਤਕ ਕੰਮ ਦੇ ਹੋਰਨਾਂ ਖੇਤਰਾਂ ਅੰਦਰ ਜੇ ਲੋੜੀਂਦੇ ਕਰਿੰਦੇ ਹਾਸਲ ਨਾ ਹੋਣ ਤਾਂ ਕੁਝ ਖੇਚਲ ਕਰਕੇ ਨਵੇਂ ਕਰਿੰਦੇ ਪੈਦਾ ਕੀਤੇ ਜਾ ਸਕਦੇ ਹਨ।  ਪਰ ਉਹੋ ਜਿਹੀ ਖੇਚਲ ਨਾਲ ਲੋੜੀਂਦੇ ਸਾਹਿਤਕਾਰ ਤੇ ਕਲਾਕਾਰ ਪੈਦਾ ਕਰਨੇ ਔਖੇ ਹਨ। ਭਾਵੇਂ ਵਿਸ਼ਾਲ ਲੋਕਾਈ ਅੰਦਰ ਬੇਸ਼ੁਮਾਰ ਅਣਖਿੜੇ ਹੋਣਹਾਰ ਗੁਣੀ ਮੌਜੂਦ ਹੁੰਦੇ ਹਨ ਪਰ ਉਨ੍ਹਾਂ ਨੂੰ ਛੇੜਨ, ਘੜਨ, ਤਰਾਸ਼ਣ ਤੇ ਲਿਸ਼ਕਾਉਣ ਵਾਲੀ ਲੋਕ ਸਾਹਿਤਕ ਲਹਿਰ ਉਸਾਰਨ ਵਾਸਤੇ ਕੁਝ ਪ੍ਰਭਾਵਸ਼ਾਲੀ ਇਨਕਲਾਬੀ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਲੋੜ ਹੁੰਦੀ ਹੈ।  ਇਸ ਲਈ ਪਹਿਲੇ ਪੜਾਅ ਵਜੋਂ ਇਨਕਲਾਬੀ ਸਿਆਸੀ ਜਥੇਬੰਦੀ ਖਾਤਰ ਮੌਜੂਦਾ ਸਾਹਿਤਕਾਰਾਂ ਤੇ ਕਲਾਕਾਰਾਂ ਵਿਚੋਂ ਆਮ ਰੂਪ 'ਚ ਲੋਕ ਪੱਖੀ ਝੁਕਾਅ ਰੱਖਣ ਵਾਲਿਆਂ ਨੂੰ ਇਨਕਲਾਬ ਦੇ ਪੱਖ ਵਿਚ ਜਿੱਤਣ ਦਾ ਕੰਮ ਖੜ੍ਹਾ ਹੈ। ਸਿਆਸੀ ਸੋਝੀ ਵਾਲੇ ਅਜਿਹੇ ਸਾਹਿਤਕਾਰ ਤੇ ਕਲਾਕਾਰ ਹੀ ਇਨਕਲਾਬੀ ਸਿਆਸੀ ਜਥੇਬੰਦੀ ਦੀ ਅਗਵਾਈ ਵਿਚ ਸੱਭਿਆਚਾਰਕ ਫਰੰਟ ਉੱਤੇ ਕੰਮ ਤੋਰਨ ਲਈ ਅਸਰਦਾਰ ਕਰਿੰਦੇ ਬਣ ਸਕਦੇ ਹਨ। 

2) ਮੌਜੂਦ ਸਾਹਿਤਕਾਰਾਂ ਤੇ ਕਲਾਕਾਰਾਂ ਵਿਚੋਂ ਆਮ ਰੂਪ 'ਚ ਲੋਕ-ਪੱਖੀ ਝੁਕਾਅ ਰੱਖਣ ਵਾਲਿਆਂ ਨੂੰ ਇਨਕਲਾਬ ਤੇ ਇਨਕਲਾਬੀ ਜਥੇਬੰਦੀ ਦੇ ਪੱਖ ਵਿੱਚ ਜਿੱਤਣ ਦਾ ਕੰਮ, ਬੁਨਿਆਦੀ ਤੌਰ 'ਤੇ, ਇਨਕਲਾਬੀ ਲਹਿਰ ਦੇ ਵਿਕਾਸ ਅਤੇ ਚੜ੍ਹਾਅ ਨਾਲ ਜੁੜਿਆ ਹੋਇਆ ਹੈ। ਆਮ ਹਾਲਤਾਂ ਅੰਦਰ ਇਕ ਮਾਣ ਤਾਣ ਪ੍ਰਾਪਤ ਤੇ ਅਗਾਂਹਵਧੂ ਸਾਹਿਤਕਾਰ ਜਾਂ ਕਲਾਕਾਰ ਨੂੰ ਇਨਕਲਾਬੀ ਸਿਆਸੀ ਜਥੇਬੰਦੀ ਨਾਲ ਆਪਣਾ ਰਿਸ਼ਤਾ ਸਮਝਣ ਤੇ ਮਿਥਣ ਦੀ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਇਕ ਬੁੱਧੀਮਾਨ ਦੀ ਵਿਅਕਤੀਵਾਦੀ ਬਿਰਤੀ ਅਤੇ ਇਨਕਲਾਬੀ ਸਿਆਸੀ ਜਥੇਬੰਦੀ ਦੀ ਅਗਵਾਈ ਦੇ ਬੰਧੇਜ ਵਿਚਲੀ ਆਮ ਵਿਰੋਧਤਾਈ ਦਾ ਹੀ ਇਕ ਰੂਪ ਹੈ। ਇਨਕਲਾਬੀ ਲਹਿਰ ਦੇ ਵਿਕਾਸ ਤੇ ਚੜ੍ਹਾਅ ਸਦਕਾ ਅਤੇ ਇਸ ਨੂੰ ਅਗਵਾਈ ਦੇ ਰਹੀ ਇਨਕਲਾਬੀ ਸਿਆਸੀ ਜਥੇਬੰਦੀ ਦੀ ਉੱਭਰੀ ਪੜਤ ਸਦਕਾ, ਇਸ ਵਿਰੋਧਤਾਈ ਦੇ ਠੀਕ ਰੁਖ ਹੱਲ ਹੋਣ ਦੀ ਵੱਧ ਮਾਫ਼ਕ ਹਾਲਤ ਬਣ ਜਾਂਦੀ ਹੈ।  ਕਮਜ਼ੋਰ ਜਾਂ ਵਿਕਾਸ ਦੇ ਮੁੱਢਲੇ ਪੜਾਅ ਵਿਚਲੀ ਇਨਕਲਾਬੀ ਲਹਿਰ ਤੇ ਇਨਕਲਾਬੀ ਸਿਆਸੀ ਜਥੇਬੰਦੀ ਹੋਣ ਦੀ ਸੂਰਤ ਵਿਚ ਇਹ ਕੰਮ ਉਲਝਿਆ ਰਹਿੰਦਾ ਹੈ। 

3) ਪੰਜਾਬ ਅੰਦਰ ਕਮਿਊਨਿਸਟ ਇਨਕਲਾਬੀ ਲਹਿਰ ਦੇ ਮੁੱਢਲੇ ਉਠਾਅ ਵੇਲੇ ਦੀਆਂ ਹਾਲਤਾਂ ਨੇ, ਅਗਾਂਹਵਧੂ ਬੁੱਧੀਮਾਨ ਅਤੇ ਇਨਕਲਾਬੀ ਸਿਆਸੀ ਜਥੇਬੰਦੀ ਦੇ ਰਿਸ਼ਤੇ ਦੇ ਸੰਕਲਪ ਨੂੰ ਹੋਰ ਵੀ ਵਿੰਗਾ-ਤੜਿੰਗਾ ਕਰਨ ਵਿਚ ਹਿੱਸਾ ਪਾਇਆ।  ਘੁਟੇ ਦੱਬੇ ਮਹਿਸੂਸ ਕਰਦੇ ਅਤੇ ਸਮਾਜਕ ਆਰਥਿਕ ਹਾਲਤਾਂ ਤੇ ਸਿਆਸੀ ਪਾਰਟੀਆਂ ਤੋਂ ਉਚਾਟ ਹੋਏ ਨੌਜੁਆਨਾਂ ਅਤੇ ਬੁੱਧੀਮਾਨਾਂ ਲਈ ਖਾਸ ਕਰਕੇ ਕਮਿਊਨਿਸਟ ਇਨਕਲਾਬੀ ਲਹਿਰ ਆਸਾਂ ਉਮੰਗਾਂ ਦਾ ਇਕ ਬੇ-ਨੁਹਾਰ ਹੋਕਰਾ ਸੀ।  ਉਨ੍ਹਾਂ ਦਾ ਵਾਹ ਠੋਸ ਰੂਪ ਵਿਚ ਕਮਿਊਨਿਸਟ ਇਨਕਲਾਬੀ ਲਹਿਰ ਦੀ "ਖੱਬੂ" ਮਾਅਰਕੇਬਾਜ਼ ਸ਼ਕਲ ਨਾਲ ਪਿਆ ਅਤੇ ਆਪਣੀ ਜਮਾਤੀ ਮਾਨਸਕ ਬਣਤਰ ਨਾਲ ਇਸ ਦੀ ਸੁਰਮੇਲ ਹੋਣ ਕਰਕੇ, ਉਨ੍ਹਾਂ ਨੇ ਇਸ ਦਾ ਕਿਲਕਾਰਵਾਂ ਹੁੰਗਾਰਾ ਭਰਿਆ। "ਖੱਬੂ' ਮਾਅਰਕੇਬਾਜ਼ ਲੀਹ ਦੀ ਚੌਧਰ ਵਾਲੀ ਕਮਿਊਨਿਸਟ ਇਨਕਲਾਬੀ ਲਹਿਰ, ਇਨਕਲਾਬੀ ਸਿਆਸਤ ਦੀ ਪ੍ਰਚਾਰਕ ਹੋਣ ਨਾਲੋਂ ਵੱਧ ਖਾੜਕੂਪੁਣੇ ਦੀ ਸਿਆਸਤ ਦਾ ਇਸ਼ਤਿਹਾਰ ਬਣੀ ਸੀ, ਅਤੇ ਨਤੀਜੇ ਵਜੋਂ, ਨੌਜੁਆਨਾਂ ਦੇ ਤਕੜੇ ਹਿੱਸੇ ਵਿਚ ਉੱਠੇ ਜਜ਼ਬਾਤੀ ਉਬਾਲੇ ਦੇ ਨਾਲ ਨਾਲ ਉਹਨਾਂ ਅੰਦਰ ਇਨਕਲਾਬੀ ਸਿਆਸਤ ਨੂੰ ਜਾਨਣ ਸਮਝਣ ਦੀ ਜਾਗੀ ਤਾਂਘ ਨੂੰ ਫ਼ਲ ਨਹੀਂ ਪੈਂਦਾ ਸੀ।  ਲੋੜੀਂਦੇ ਜਥੇਬੰਦਕ ਤਾਣੇਬਾਣੇ ਤੋਂ ਹੀਣੀ, ਰੂਪੋਸ਼ ਸਿਆਸੀ ਜਥੇਬੰਦੀ ਲੋਕ ਸੰਪਰਕ ਪੱਖੋਂ ਉਖੜੀ ਹੋਈ ਸੀ ਅਤੇ ਆਪਣੇ ਹਮਾਇਤੀ ਘੇਰੇ ਨਾਲ ਉਸਦੀ ਕੋਈ ਅਰਥ ਭਰਪੂਰ ਵਾਰਤਾਲਾਪ ਨਹੀਂ ਬਣਦੀ ਸੀ।  ਇਸ ਹਾਲਤ ਵਿਚ 'ਖਾੜਕੂ'ਸਾਹਿਤਕਾਰਾਂ ਵੱਲੋਂ ਸਾਹਿਤਕ ਸਮਾਗਮਾਂ ਤੇ ਸਾਹਿਤਕ ਪਰਚਿਆਂ ਰਾਹੀਂ ਲੋੜ-ਵੰਦ ਨੌਜਵਾਨ ਸਰੋਤਿਆਂ ਤੇ ਪਾਠਕਾਂ ਲਈ ਕੱਚ-ਘਰੜ 'ਇਨਕਲਾਬੀ' ਸਿਆਸਤ ਵਰਤਾਈ ਜਾਣ ਲੱਗੀ।  ਇਸ ਤਰ੍ਹਾਂ ਕੁੱਝ ਅਰਸੇ ਲਈ ਬਹੁਤੇ ਲਹਿਰ ਪੱਖੀ ਸਾਹਿਤਕਾਰਾਂ ਨੇ ਬੜੀ ਤਸੱਲੀ ਦੇ ਰੌਂਅ 'ਚ ਕਮਿ: ਇਨਕਲਾਬੀ ਲਹਿਰ ਅਤੇ ਮਾਰਕਸਵਾਦ-ਲੈਨਿਨਵਾਦ ਦੇ 'ਟੀਕਾਕਾਰਾਂ' ਦਾ ਰੋਲ ਸੰਭਾਲ ਲਿਆ ਅਤੇ ਲੋਕ-ਪੱਖੀ ਸਾਹਿਤਕਾਰਾਂ ਨਾਲੋਂ ਵੱਧ ਇਨਕਲਾਬੀ ਲਹਿਰ ਦੇ ਜਨਤਕ-ਸਿਆਸੀ ਬੁਲਾਰਿਆਂ ਵਜੋਂ ਨੌਜਵਾਨ ਪਾਠਕਾਂ ਤੇ ਸਰੋਤਿਆਂ ਦੀ ਮਹਿਮਾਂ ਖੱਟੀ। ਕੁਝ ਨੇ ਤਾਂ 'ਇਨਕਲਾਬੀ' ਵਿਆਖਿਆਕਾਰੀ ਤੋਂ ਟੱਪ ਕੇ ਅਮਲੀ ਜੱਦੋਜਹਿਦ ਦੀ ਰਾਹ ਦਰਸਾਈ ਕਰਨ ਦਾ ਭਾਰ ਵੀ ਆਪਣੇ ਸਾਹਿਤਕ ਮੋਢਿਆਂ ਉੱਤੇ ਲੈ ਲਿਆ ! ਮਹਾਨ ਮੋਗਾ ਘੋਲ ਦੇ ਆਖ਼ਰੀ ਦੌਰ ਅੰਦਰ ਇਕ ਗ੍ਰਿਫ਼ਤਾਰ ਲੇਖਕ ਨੂੰ ਇਹ ਸੰਸਾ ਵੱਢ ਵੱਢ ਖਾਂਦਾ ਰਿਹਾ ਕਿ ਜੱਦੋਜਹਿਦ ਚਲਾ ਰਹੀ ਵਿਦਿਆਰਥੀ ਲੀਡਰਸ਼ਿੱਪ ਲਈ ਔਖੇ ਮੋੜਾਂ ਘੋੜਾਂ ਉੱਤੇ  ਹੁਣ ਕੌਣ ਰਾਹ-ਦਰਸਾਈ ਕਰੇਗਾ।  ਇਹ ਬੁੱਧੀਮਾਨ ਅੰਦਰ ਪਹਿਲਾਂ ਹੀ ਮੌਜੂਦ ਵਿਅਕਤੀਵਾਦੀ ਬਿਰਤੀ ਦੇ ਚੜ੍ਹ-ਮੱਚਣ ਦਾ ਮਾਮਲਾ ਹੈ।  ਇਸ ਬਿਰਤੀ ਦੇ ਵਿਅਕਤੀਵਾਦੀ ਗੁਮਾਨ ਵਿਚ ਢਲਣ ਦਾ ਸੂਚਕ ਹੈ ਅਤੇ ਇਨਕਲਾਬੀ ਸਿਆਸੀ ਜਥੇਬੰਦੀ ਦੇ ਰੋਲ ਅਤੇ ਅਹਿਮੀਅਤ ਨੂੰ ਨਕਾਰਨ ਦੀ ਪਹੁੰਚ ਦਾ ਇਜ਼ਹਾਰ ਹੈ।  ਇਸ ਪਿਛੋਕੜ ਨੇ ਸਾਹਿਤਕਾਰ ਤੇ ਕਲਾਕਾਰ ਬੁੱਧੀਮਾਨਾਂ ਅਤੇ ਇਨਕਲਾਬੀ ਸਿਆਸੀ ਜਥੇਬੰਦੀ ਦੇ ਰਿਸ਼ਤੇ ਦੇ ਸੰਕਲਪ ਨੂੰ ਵਿਗਾੜਨ ਵਿਚ ਹਿੱਸਾ ਪਾਇਆ ਹੈ ਅਤੇ ਇਹਨਾਂ ਦਾ ਸਹੀ ਰਿਸ਼ਤਾ ਕਾਇਮ ਹੋਣ ਵਿਚ ਅੜਿੱਕਾ ਡਾਹਿਆ ਹੈ। (ਇਹ ਟਿੱਪਣੀ ਪਾਸ਼ ਬਾਰੇ ਨਹੀਂ ਹੈ-ਸੰਪਾਦਕ) ਦੂਜੇ ਬੰਨੇ "ਖੱਬੂ" ਮਾਅਰਕੇਬਾਜ਼ ਲੀਹ ਦੇ ਮਾੜੇ ਪ੍ਰਭਾਵ ਹੇਠ ਲਹਿਰ ਦੇ ਹਮਦਰਦਾਂ ਤੇ ਦੂਰੋਂ-ਨੇੜਿਓਂ ਲਹਿਰ ਨਾਲ ਜੁੜੇ ਹੋਏ  ਨੌਜਵਾਨਾਂ ਦਾ ਵੱਡਾ ਹਿੱਸਾ ਸਿਆਸੀ ਤੰਗਨਜ਼ਰੀ ਦਾ ਸ਼ਿਕਾਰ ਸੀ ਜਿਸ ਦਾ ਪਰਛਾਵਾਂ ਸਾਹਿਤ ਤੇ ਕਲਾ ਅਤੇ ਸਾਹਿਤਕਾਰਾਂ ਕਲਾਕਾਰਾਂ ਵੰਨੀ ਉਹਨਾਂ ਦੀ ਪਹੁੰਚ ਉੱਤੇ ਪਿਆ ਹੋਇਆ ਸੀ। ਉਹ, ਸਾਹਿਤਕਾਰਾਂ ਤੇ ਕਲਾਕਾਰਾਂ ਦੀ ਰਚਨਾ ਅਤੇ ਰੋਲ ਨੂੰ ਆਪਣੇ 'ਚੱਕਵੇਂ' ਰੌਂਅ ਮੁਤਾਬਕ ਤੇ ਆਪਣੀ ਪਸੰਦ ਦੇ ਸੀਮਤ ਚੌਖਟੇ ਅੰਦਰ ਢਾਲਣ ਖਾਤਰ, ਉਹਨਾਂ ਉੱਤੇ ਸਿੱਧਾ-ਅਸਿੱਧਾ ਦਬਾਅ ਬਣਦੇ ਸਨ, ਅਕਸਰ ਇਸ ਖੁਸ਼ਫਹਿਮੀ ਵਿਚ ਕਿ ਉਹ ਆਪਣੇ ਨਿਕ-ਬੁਰਜੂਆ ਭੜਕਵੇਂ-ਖੜਕਵੇਂ ਰੌਂਅ ਤੇ ਪਸੰਦਗੀ ਰਾਹੀਂ ਵਿਸ਼ਾਲ ਲੋਕਾਂ ਦੇ ਰੌਂਅ ਤੇ ਪਸੰਦਗੀ ਦੀ ਤਰਜਮਾਨੀ ਕਰਦੇ ਹਨ। ਇਹ ਤੰਗਨਜ਼ਰ ਰਵੱਈਆ ਸਾਹਿਤਕਾਰਾਂ-ਕਲਾਕਾਰਾਂ ਦੇ ਰਚਨਾਕਾਰੀ ਵਿਕਾਸ ਉੱਤੇ ਮਾੜਾ ਪ੍ਰਭਾਵ ਪਾਉਂਦਾ ਸੀ ਅਤੇ ਉਹਨਾਂ ਵਿਚੋਂ ਬਹੁਤੇ ਇਸ ਦਬਾਅ ਥੱਲੇ ਚੇਤੰਨ ਰੂਪ 'ਚ ਜਾਂ ਸੁਤੇਸਿਧ ਆਪਣੀਆਂ ਰਚਨਾਵਾਂ ਦੀ 'ਇਨਕਲਾਬੀ' ਭੰਨ-ਘੜ ਕਰਨ ਵੱਲ ਢਲਕ ਜਾਂਦੇ ਸਨ ਅਤੇ ਕੁਝ ਹੋਰ ਇਉਂ ਨਾ ਕਰਨ ਵਾਲੇ, ਉਲਾਰ ਨੁਕਤਾਚੀਨੀ ਤੇ ਨਿਖੇੜੇ ਦੀ ਮਾਰ ਹੇਠ ਮਾਨਸਕ ਕਸ਼ਟ ਉਠਾਉਂਦੇ ਸਨ।  ਕਿਉਂਕਿ ਨੌਜਵਾਨਾਂ, ਪਾਠਕਾਂ ਤੇ ਨੁਕਤਾ-ਚੀਨਾਂ ਦਾ ਵੱਡਾ ਹਿੱਸਾ ਕਿਸੇ ਨਾ ਕਿਸੇ ਰੂਪ ਵਿੱਚ ਇਨਕਲਾਬੀ ਲਹਿਰ ਅਤੇ ਇਨਕਲਾਬੀ ਸਿਆਸੀ ਜਥੇਬੰਦੀ ਨਾਲ ਸਬੰਧਤ ਹੁੰਦਾ ਸੀ, ਇਸ ਲਈ ਉਹਨਾਂ ਵੱਲੋਂ ਤੰਗਨਜ਼ਰ ਵਤੀਰੇ ਨਾਲ ਧੱਕਿਆ ਸਹਿਤਕਾਰ-ਕਲਾਕਾਰ, ਇਸ ਨੂੰ ਸਿਆਸੀ ਜਥੇਬੰਦੀ ਦੀ ਪਹੁੰਚ ਤੇ ਵਤੀਰੇ ਨਾਲ ਰਲਗੱਡ ਕਰ ਸਕਦਾ ਸੀ ਅਤੇ ਸਮੁੱਚੀ ਸਿਆਸੀ ਜਥੇਬੰਦੀ ਬਾਰੇ ਤੇ ਇਸ ਨਾਲ ਆਪਣੇ ਰਿਸ਼ਤੇ ਬਾਰੇ ਗਲਤ ਨਤੀਜੇ ਕੱਢ ਸਕਦਾ ਸੀ। ਇਹ ਗੱਲ ਵੀ ਕੁਝ ਹੱਦ ਤੱਕ ਸਾਹਿਤਕਾਰ-ਕਲਾਕਾਰ ਬੁੱਧੀਮਾਨਾਂ ਅੰਦਰ ਸਿਆਸੀ ਜਥੇਬੰਦੀ ਤੋਂ 'ਆਜ਼ਾਦ' ਰਹਿਣ ਦੀ ਰੁਚੀ ਨੂੰ ਤਕੜਾ ਕਰਨ ਦਾ ਕਾਰਨ ਬਣੀ।

4) ਲੋਕਾਂ ਦਾ ਕੋਈ ਜਬਰਦਸਤ ਇਨਕਲਾਬੀ ਉਭਾਰ ਜਾਂ ਇਨਕਲਾਬੀ ਸੰਗਰਾਮ, ਇਨਕਲਾਬੀ ਸਾਹਿਤਕਾਰ ਜਾਂ ਕਲਾ ਸਿਰਜਨਾ ਅੰਦਰ ਵਿਕਾਸ-ਹੁਲਾਰਾ ਆਉਣ ਲਈ ਪ੍ਰੇਰਨਾ ਸਰੋਤ ਬਣਦਾ ਹੈ।  ਸਾਹਿਤਕਾਰ ਜਾਂ ਕਲਾਕਾਰ ਦੇ ਅਨੁਭਵੀ ਮਨ ਨੂੰ ਅਜਿਹੇ ਉਭਾਰ ਦੀ ਨਾ ਸਿਰਫ਼ ਵੇਲੇ ਦੀ ਸ਼ਾਨ-ਸ਼ਕਤੀ ਹੀ ਹਲੂਣਾ ਦਿੰਦੀ ਹੈ, ਸਗੋਂ ਇਸ ਤੋਂ ਵੀ ਵੱਧ ਅਜਿਹੇ ਉਭਾਰ ਸਮੇਂ ਲੋਕ ਸਮੂਹ ਦੀ ਮਹਾਨ ਸ਼ਕਤੀ, ਸੂਝ ਸਿਆਣਪ ਅਤੇ ਸੂਰਮਗਤੀ ਦੇ ਉਸ ਭੰਡਾਰ ਦਾ ਦੀਦਾਰ ਹੁੰਦਾ ਹੈ, ਜਿਹੜਾ ਆਮ ਕਰਕੇ ਉਨ੍ਹਾਂ ਦੀ ਸਧਾਰਨਤਾ ਦੇ ਘੁੰਡ ਹੇਠ ਲੁਕਿਆ ਰਹਿੰਦਾ ਹੈ। ਇਉਂ ਲੋਕ ਆਤਮਾ ਦੇ ਵਿਰਾਟ ਰੂਪ ਦਾ ਦਰਸ਼ਨ ਹੋ ਜਾਣ ਮਗਰੋਂ ਸਾਹਿਤਕਾਰ ਜਾਂ ਕਲਾਕਾਰ ਦੀ ਡੂੰਘੀ ਹੋਈ ਨੀਝ, ਆਮ ਲੋਕ ਜੀਵਨ ਵਿਚੋਂ ਦੀ ਉਸ ਮਹਾਨਤਾ ਦੀਆਂ ਝਲਕਾਂ ਸਿਆਨਣ ਲੱਗਦੀ ਹੈ ਅਤੇ ਇਸ ਡੂੰਘੇ ਸਰੋਤ 'ਚੋਂ ਨਿੱਤ ਨਵੀਂ ਪ੍ਰੇਰਨਾ, ਵਿਸ਼ਵਾਸ਼ ਤੇ ਕਰਾਰ ਹਾਸਲ ਕਰਦੀ ਹੈ। ਇਸ ਤਰ੍ਹਾਂ ਸਾਹਿਤਕਾਰਾਂ ਜਾਂ ਕਲਾਕਾਰਾਂ ਦੇ ਮਨ ਉੱਤੇ ਇਨਕਲਾਬੀ ਲੋਕ ਉਭਾਰਾਂ ਦੀ ਪੱਕੀ ਛਾਪ ਲੱਗਦੀ ਹੈ, ਪਰ ਪੰਜਾਬ ਦੇ ਸਾਹਿਤਕਾਰਾਂ ਤੇ ਹੋਰ ਨੌਜੁਆਨਾਂ ਦੇ ਮਨਾਂ ਅੰਦਰ "ਖੱਬੂ" ਮਾਅਰਕੇਬਾਜ਼ "ਕਾਰਵਾਈਆਂ` ਦੌਰਾਨ ਅਤੇ ਪੁਲਸੀ ਜਬਰ ਤੇ ਮੌਤ ਦਾ ਸਾਹਮਣਾ ਕਰਦਿਆਂ ਕਮਿ: ਇਨਕਲਾਬੀਆਂ ਵਲੋਂ ਵਿਅਕਤੀਗਤ ਸੂਰਮਤਾਈ ਤੇ ਕੁਰਬਾਨੀ ਦੇ ਜੌਹਰ ਦੇਖਕੇ ਆਏ ਜਜ਼ਬਾਤੀ ਹੁਲਾਰੇ ਦੀ ਤੀਬਰਤਾ ਥੋੜ੍ਹ-ਮਿਆਦੀ ਸੀ।  ਇਸ ਹੁਲਾਰੇ ਨੂੰ ਕਾਇਮ ਰੱਖਣ ਵਾਲੇ ਸਿਰਲੱਥ ਕਾਰਨਾਮੇ ਬਹੁਤਾ ਚਿਰ ਜਾਰੀ ਨਹੀਂ ਸਨ ਰੱਖੇ ਜਾ ਸਕਦੇ ਅਤੇ ਇਸਨੂੰ ਹੰਢਣਸਾਰਤਾ ਬਖਸ਼ਣ ਵਾਲਾ ਸੋਮਾ ਲੋਕ ਸ਼ਕਤੀ ਦੀ ਮਹਾਨਤਾ ਦਾ ਅਨੁਭਵ ਉਹਨਾਂ ਨੂੰ (ਸਾਹਿਤਕਾਰ ਤੇ ਹੋਰ ਨੌਜੁਆਨਾਂ ਨੂੰ) ਨਸੀਬ ਨਹੀਂ ਸੀ ਹੋਇਆ, ਸਗੋਂ ਕਈਆਂ ਨੂੰ ਤਾਂ ਆਪਣੇ ਨਿੱਕ-ਬੁਰਜੂਆ ਉਤਾਵਲੇ ਨਜ਼ਰੀਏ ਤੋਂ ਕਮਿਊਨਿਸਟ ਇਨਕਲਾਬੀਆਂ ਦੇ ਜਾਨ-ਹੂਲਵੇਂ ਧੜੱਲੇ ਤੇ ਸਿਰੜ ਦੇ ਮੁਕਾਬਲੇ ਲੋਕਾਂ ਦਾ ਮੱਠਾਪਣ ਤੇ ਜੋਸ਼ਹੀਣਤਾ ਰੜਕਣ ਲੱਗ ਪਏ। ਇਸ ਲਈ ਇਹ ਕੋਈ ਅਲੋਕਾਰੀ ਗੱਲ ਨਹੀਂ ਕਿ ਇਸ ਦੌਰ ਦਾ ਸਾਹਿਤ ਪ੍ਰਧਾਨ-ਸੁਰ ਪੱਖੋਂ ਵਿਸ਼ਾਲ ਲੋਕਾਈ ਦੀ ਜੁਝਾਰੂ ਭਾਵਨਾ, ਬੇਚੈਨ ਭਟਕਣ, ਰੋਹ ਫੁਟਾਰਿਆਂ, ਮੁਸੀਬਤਾਂ ਤੇ ਸੱਲਾਂ ਨੂੰ ਜਰਨ ਦੇ ਅਥਾਹ ਮਾਜਨੇ ਅਤੇ ਤਰਥੱਲ-ਸ਼ਕਤੀ ਦੀ ਜਸ-ਗਾਥਾ ਨਹੀਂ ਹੈ।  ਬਲਕਿ ਇਹ ਹਲੂਣੇ ਹੋਏ ਉਸਾਰੂ ਨਿੱਕ-ਬੁਰਜੂਆ ਮਨ ਦਾ ਆਪਾ-ਚਿਤਰਨ ਹੈ।  ਜਾਬਰ ਪ੍ਰਤੀ ਰੋਹ ਅਤੇ ਮਜ਼ਲੂਮਾਂ ਪ੍ਰਤੀ ਦਰਦ ਦੇ ਡੰਗੇ ਹੋਏ,ਵਿਅਕਤੀ-ਮਨ ਦੀ ਕੁੱਝ ਕਰ ਗੁਜਰਨ ਦੀ ਤਾਂਘ ਦੀ ਸ਼ੋਰੀਲੀ ਹੇਕ ਹੈ।  ਮਗਰਲੇ ਵਰ੍ਹਿਆਂ ਦੀਆਂ ਬਦਲੀਆਂ ਹਾਲਤਾਂ ਅੰਦਰ ਇਨਕਲਾਬੀ ਯੋਧਿਆਂ ਦੀ ਨਿਕ-ਬੁਰਜੂਆ ਸੂਰਮਤਾਈ ਤੇ ਰੂਹ-ਟੁੰਬਵੀਂ ਕੁਰਬਾਨੀ ਦੇ ਕਾਰਨਾਮਿਆਂ ਦੀ ਅਣਹੋਂਦ ਵਿਚ ਇਹ ਹੇਕ ਨਾ ਸਿਰਫ ਧੀਮੀ ਹੋਣ ਲੱਗ ਪਈ, ਸਗੋਂ ਹਕੀਕੀ ਕਾਰਨਾਮਿਆਂ ਦੀ ਨਰੋਈ ਗੂੰਜ ਤੋਂ ਸਖਣੀ ਹੁੰਦੀ ਗਈ ਅਤੇ ਬਹੁਤੇ ਸਾਹਿਤਕਾਰਾਂ ਤੇ ਨੌਜੁਆਨ ਸਹਿਤ-ਰਸੀਆਂ ਵਾਸਤੇ, ਗੁਆਚੇ ਹੁਲਾਰੇ ਦੇ ਖਿਲਾਅ ਵਿਚ ਉਮੜਨ ਲੱਗੇ ਢਾਹੂ-ਰੌ'ਅ ਦਾ ਸਾਹਮਣਾ ਕਰਨ ਲਈ ਗੂੰਜਦੇ ਬੋਲਾਂ ਦਾ ਧਰਵਾਸ ਬਣਕੇ ਰਹਿ ਗਈ। ਇਸ ਤਰ੍ਹਾਂ 'ਹੁਲਾਰਵੇ' ਕਾਰਨਾਮਿਆਂ ਦੇ ਆਦੀ ਸਾਹਿਤਕਾਰਾਂ ਲਈ ਰਚਨਾ ਦਾ ਅਤੇ ਹੁਲਾਰਵੇਂ ਸਾਹਿਤ ਦੇ ਆਦੀ ਪਾਠਕਾਂ ਲਈ ਤ੍ਰਿਪਤੀ ਦਾ ਸੰਕਟ ਪੈਦਾ ਹੋ ਗਿਆ। 

ਕਮਿਊਨਿਸਟ ਇਨਕਲਾਬੀ ਲਹਿਰ ਦਾ ਰੁਖ ਗੰਭੀਰ ਜਨਤਕ ਕੰਮ ਵੱਲ ਮੁੜਣ ਮਗਰੋਂ ਇਸਦੀ ਅਗਵਾਈ ਵਿਚ ਹੋ ਰਹੀ ਜਨਤਕ ਸਰਗਰਮੀ ਅੰਦਰ ਸਮੂਹਕ ਉੱਦਮ ਤੇ ਲੋਕ ਸ਼ਕਤੀ ਦੇ ਮੁੱਢਲੇ ਝਲਕਾਰੇ ਦੇਖਣ ਨੂੰ ਮਿਲਣ ਲੱਗ ਪਏ ਸਨ। ਅਜਿਹੇ ਝਲਕਾਰੇ ਕਿਸੇ ਲੋਕ-ਪੱਖੀ ਸਾਹਿਤਕਾਰ ਦੀ ਰੂਹ ਨੂੰ ਉਤਸ਼ਾਹੀ-ਉਗਾਸਾ ਦੇਣ ਵਾਲੀ ਸਮੱਗਰੀ ਸਨ।  ਪਰ ਇਉਂ ਘੱਟ ਹੀ ਹੋ ਰਿਹਾ ਸੀ ਕਿਉਂਕਿ ਬਹੁਤੀਆਂ ਕਲਮਾਂ ਨੂੰ 'ਜਜ਼ਬਾਤੀ ਝਰਨਾਹਟ' ਦਾ ਅਮਲ ਲੱਗ ਚੁੱਕਿਆ ਸੀ, ਜਿਹੜੀ ਹੁਣ ਜਨਤਕ ਜੱਦੋਜਹਿਦਾਂ ਦੇ ਹੇਠਲੇ ਪੜਾਵਾਂ ਉੱਤੇ ਵਿਰਲੇ ਟਾਵੇਂ ਮੌਕਿਆਂ ਉੱਤੇ ਹੀ ਹਾਸਲ ਹੋ ਸਕਦੀ ਸੀ।  ਇੱਥੋਂ ਤੱਕ ਕਿ ਮਹਾਨ ਮੋਗਾ ਘੋਲ ਜਿਹੀ ਸ਼ਾਨਦਾਰ ਜੱਦੋਜਹਿਦ ਵੇਲੇ ਵੀ, ਜਿਸ ਵਰਗੀ ਤੀਬਰਤਾ ਤੇ ਵਿਸ਼ਾਲ ਲਪੇਟ ਇਸ ਅਰਸੇ ਦੀਆਂ ਜਨਤਕ ਜਦੋਜਹਿਦਾਂ ਦਾ ਆਮ ਲੱਛਣ ਨਹੀਂ ਸੀ, ਅਗਾਂਹਵਧੂ ਸਾਹਿਤਕਾਰਾਂ ਤੇ ਨੌਜਵਾਨਾਂ ਨੇ ਇਸ ਦੀ ਵਡੱਤਣ ਦੀ ਧਮਕ ਤਾਂ ਮਹਿਸੂਸ ਕੀਤੀ ਅਤੇ ਸਿੱਧਾ ਪ੍ਰਭਾਵ ਕਬੂਲ ਕੀਤਾ ਪਰ ਉਹਨਾਂ ਦੇ ਜਜ਼ਬਿਆਂ ਦੇ ਵੇਗ ਦਾ ਸਾਹਿਤਕ ਇਜ਼ਹਾਰ ਜਾਬਰ ਦੇ ਜ਼ੁਲਮ ਅਤੇ ਨੌਜਵਾਨਾਂ ਦੀ ਸ਼ਹਾਦਤ ਉੱਤੇ ਹੀ ਇਕਾਗਰ ਹੋਇਆ, ਇਸ ਜੱਦੋਜਹਿਦ ਦੌਰਾਨ ਪ੍ਰਤੱਖ ਹੋਏ ਜਨ ਸਮੂਹ ਦੇ ਜੋਸ਼, ਪਹਿਲ ਕਦਮੀ, ਜਾਨ-ਨਿਛਾਵਰੀ ਵਾਲੀ ਭੇੜ-ਭਾਵਨਾ ਅਤੇ ਤੂਫ਼ਾਨੀ-ਫੇਟ ਦੇ ਜਲਵੇ, ਸਾਹਿਤ ਦਾ ਸ਼ਿੰਗਾਰ ਨਹੀਂ ਬਣੇ।  ਇਹ ਗੱਲ ਸਾਡੇ ਅਗਾਂਹ-ਵਧੂ ਸਾਹਿਤ ਦੀ ਸੀਮਤ ਨੀਝ ਨੂੰ ਹੀ ਦਰਸਾਉਂਦੀ ਹੈ।  ਸਾਡੇ ਉੱਭਰਦੇ ਇਨਕਲਾਬੀ ਸਾਹਿਤਕਾਰ ਅਤੇ ਉਹਨਾਂ ਦਾ ਰਚਨਾਕਾਰੀ ਅਨੁਭਵ ਇਨਕਲਾਬੀ ਜਜ਼ਬੇ ਦੀਆਂ ਕਿਨਾਰੇ ਦੀਆਂ ਛੱਲਾਂ ਦੀ ਝੱਗ ਵਿਚ ਹੀ ਚੱਕਰ-ਤਾਰੀ ਲਾਉਂਦੇ ਰਹੇ ਹਨ। ਇਹ ਜਜ਼ਬਾਤੀ ਖੋਰੇ ਨੂੰ ਟੱਪਕੇ ਇਨਕਲਾਬੀ ਜਜ਼ਬੇ ਦੇ ਡੂੰਘੇ-ਭਰੇ ਪਾਣੀਆਂ ਵਿਚ ਨਹੀਂ ਉਤਰ ਰਹੇ।  ਮੁੱਢਲੇ ਚੱਕਵੇਂ ਦੌਰ ਦੇ ਸਾਹਿਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਪਾਠਕਾਂ ਦਾ ਬਣਾਇਆ ਉਲਾਰ ਸੁਹਜ-ਸੁਆਦ (ਇਹਨਾਂ ਰਚਨਾਵਾਂ ਦੇ ਸੁਹਜਕਾਰੀ ਪੱਖ ਦੀ ਚਰਚਾ ਮੌਜੂਦਾ ਪਰਸੰਗ ਵਿਚ ਨਹੀਂ ਆਉਂਦੀ) ਜਿਸ ਨੂੰ ਪਾਠਕਾਂ ਦੀ ਵੱਡੀ ਗਿਣਤੀ ਆਪਣੇ ਨਿੱਕ-ਬੁਰਜੂਆ ਸੁਭਾਅ ਕਰਕੇ ਕਬੂਲਣਹਾਰ ਸੀ, ਮਗਰੋਂ ਜਾ ਕੇ ਮੋੜਵੇਂ ਰੂਪ 'ਚ, ਇਨਕਲਾਬੀ ਸਾਹਿਤਕਾਰਾਂ ਦੀ ਵਿਕਾਸ-ਸੰਭਾਵਨਾ ਵਾਸਤੇ ਤੰਗ-ਵਲਾਵਾਂ ਬਣਿਆ ਹੈ।  ਪਾਠਕਾਂ ਦੇ ਇਸ ਘੇਰੇ ਦੀ ਕੀਲ ਨੂੰ ਤੋੜੇ ਬਿਨਾਂ ਇਨਕਲਾਬੀ ਸਾਹਿਤਕਾਰ ਸਹੀ ਅਰਥਾਂ ਵਿਚ ਇਨਕਲਾਬੀ ਲੋਕ ਸਾਹਿਤ ਰਚਨ ਵੱਲ ਲੰਮੀ ਡਿੰਘ ਨਹੀਂ ਭਰ ਸਕਣਗੇ।  ਇਨਕਲਾਬੀ ਜਨਤਕ ਸਰਗਰਮੀ ਦੇ ਪਸਾਰੇ ਤੇ ਵਿਕਾਸ ਨਾਲ ਇਸ ਜਨਤਕ ਸਰਗਰਮੀ ਦਾ ਅੰਗ ਬਣੇ ਹੋਏ ਜਾਂ ਕਿਸੇ ਰੂਪ 'ਚ ਇਸ ਨਾਲ ਜੁੜੇ ਹੋਏ ਪਾਠਕਾਂ ਦੇ ਉੱਭਰਦੇ ਪੂਰ ਇਨਕਲਾਬੀ ਸਾਹਿਤਕਾਰਾਂ ਦੇ ਇਸ ਠੀਕ-ਰੁਖ ਉੱਦਮ ਦੀ ਟੇਕ ਬਣਨੇ ਹਨ।  ਪਰ ਇਹ ਪਾਠਕ ਉਨ੍ਹਾਂ ਇਨਕਲਾਬੀ ਸਾਹਿਤਕਾਰਾਂ ਦੀ ਟੇਕ ਬਣਨੇ ਹਨ ਜਿਹੜੇ ਉਨ੍ਹਾਂ ਦੀਆਂ ਲੋੜਾਂ ਨੂੰ ਬੁੱਝ ਅਤੇ ਪ੍ਰਗਟਾਅ ਸਕਣਗੇ, ਵਿਸ਼ਾਲ ਲੋਕਾਂ ਦੀ ਜ਼ਿੰਦਗੀ ਅਤੇ ਇਨਕਲਾਬੀ ਸਰਗਰਮੀ ਨਾਲ ਨੇੜਲਾ ਸੰਪਰਕ ਬਣਾਉਂਦਿਆਂ ਉਹਨਾਂ ਦੀਆਂ ਆਸਾਂ ਉਮੰਗਾਂ, ਦੁੱਖਾਂ-ਸੰਸਿਆਂ ਅਤੇ ਦਿਲ-ਦਲੀਲੀ ਨਾਲ ਇਕ ਸੁਰ ਹੋ ਸਕਣਗੇ ਅਤੇ ਇਸ ਤਰ੍ਹਾਂ ਆਪਣੀਆਂ ਰਚਨਾਵਾਂ 'ਚ ਇਹਨਾਂ ਨੂੰ ਪਰਤਾਅ ਸਕਣਗੇ।  ਨਿੱਕ-ਬੁਰਜੂਆ ਇਨਕਲਾਬੀ ਸਾਹਿਤਕਾਰਾਂ ਅੰਦਰ ਇਹ ਮੁਹਾਣ ਅਜੇ ਕਮਜ਼ੋਰ ਹੈ ਅਤੇ ਜੁਝਾਰੂ ਜਮਾਤਾਂ ਦੀ ਕੁੱਖ 'ਚੋਂ ਉਗ ਰਹੇ ਸਾਹਿਤਕ-ਗੁਣੀਆਂ ਨੇ ਅਜੇ ਸੁਹਜ ਕਲਾ ਦੇ ਰੰਦੇ ਤੇ ਲਿਸ਼ਕਾਈ ਦੇ ਅਮਲ ਵਿਚੋਂ ਲੰਘਣਾ ਹੈ। 

5) ਸਮੁੱਚੇ, ਇਨਕਲਾਬੀ ਬੁੱਧੀਮਾਨੀ ਪਿੜ ਵਾਂਗ ਇਨਕਲਾਬੀ ਸੱਭਿਆਚਾਰਕ ਲਹਿਰ ਅੰਦਰ ਵੀ ਪ੍ਰਤਿਭਾ (talent) ਦਾ ਸੰਕਟ ਹੀ ਨਹੀਂ ਕਿਰਦਾਰੀ ਸਾਲਮੀਅਤ (integrity) ਦਾ ਵੀ ਸੰਕਟ ਬਣਿਆ ਹੋਇਆ ਹੈ। ਅਗਾਂਹ-ਵਧੂ ਸਾਹਿਤਕਾਰ ਜਾਂ ਕਲਾਕਾਰ ਬਹੁਤਾ ਕਰਕੇ ਆਪਦੀਆਂ ਮਾਨਤਾਵਾਂ (values) ਪ੍ਰਤੀ ਪੱਕੇ ਨਿਹਚਾਵਾਨ ਨਹੀਂ ਹਨ।  ਸਮਾਜਕ ਵਿਕਾਸ ਤੋਂ ਬੇਮੁਖ ਹੋਈਆਂ ਮਰਨਊ ਹਾਕਮ ਜਮਾਤਾਂ ਦੇ ਨਿੱਘਰੇ ਸੱਭਿਆਚਾਰ-ਸਦਾਚਾਰ ਦੀ ਪ੍ਰਧਾਨਤਾਂ ਵਾਲੇ ਨਿਜ਼ਾਮ ਅੰਦਰ ਨਰੋਈਆਂ ਜਮਾਤਾਂ ਦੇ ਬੁੱਧੀਮਾਨਾਂ ਦੇ ਜ਼ਿਹਨ ਵੀ ਇਸ ਨਿੱਘਰੇ ਸੱਭਿਆਚਾਰ ਦੇ ਲਗਾਤਾਰ ਹੱਲੇ ਹੇਠ ਰਹਿੰਦੇ ਹਨ ਅਤੇ ਉਹਨਾਂ ਦੇ ਨਰੋਏ-ਤੱਤ ਨੂੰ ਖੋਰਾ ਪੈਂਦਾ ਰਹਿੰਦਾ ਹੈ।  ਇਹ ਅਮਲ ਭਾਵੇਂ ਨਰੋਏ ਜ਼ਿਹਨ ਵਾਲੇ ਬੁੱਧੀਮਾਨਾਂ ਦੇ ਇਸ ਨਿੱਘਰੇ ਸੱਭਿਆਚਾਰ ਵੱਲ ਬੇਮਲੂਮ ਢਿਲਕਾਅ ਦੀ ਸ਼ਕਲ ਵਿਚ ਚਲਦਾ ਹੋਵੇ ਜਾਂ ਉਹਨਾਂ ਵੱਲੋਂ ਥਿੱਵ-ਟੁੱਟ ਕੇ ਇਸ ਦੀ ਝੋਲੀ ਵਿਚ ਡਿੱਗਣ ਦੀ ਸ਼ਕਲ ਅਖਤਿਆਰ ਕਰ ਲਵੇ।  ਇਸ ਅਮਲ ਦੇ ਵਧਾਰੇ ਲਈ, ਇਕ ਪੂਰਵ ਸ਼ਰਤ ਵਜੋਂ ਅਗਾਂਹ-ਵਧੂ ਬੁੱਧੀਮਾਨਾਂ ਦੀ ਲੋਕਾਂ ਤੇ ਇਨਕਲਾਬ ਪ੍ਰਤੀ ਨਿਹਚਾ ਡੋਲਣੀ ਜਾਂ ਟੁੱਟਣੀ ਜ਼ਰੂਰੀ ਹੈ।  ਦੂਜੇ ਬੰਨੇ, ਇਨਕਲਾਬੀ ਲਹਿਰ ਦੇ ਵਿਕਾਸ ਅਤੇ ਚੜ੍ਹਤ ਨਾਲ ਅਜਿਹੇ ਬੁੱਧੀਮਾਨਾਂ ਦੀ ਨਿਹਚਾ ਨੂੰ ਬਲ ਮਿਲਦਾ ਹੈ।  ਇਨਕਲਾਬੀ ਲਹਿਰ ਦੀ ਲੰਮੇ ਚਿਰ ਦੀ ਖੜੋਤ ਟੁੱਟਣ ਨਾਲ ਉਹਨਾਂ ਦੀ ਲੋਕਾਂ ਤੇ ਇਨਕਲਾਬ ਪ੍ਰਤੀ ਨਿਹਚਾ ਨੇ ਤਕੜਾਈ ਫੜੀ ਸੀ।  ਪਰ ਇਹ, ਬਾਹਲਾ ਕਰਕੇ "ਖੱਬੂ" ਮਾਅਰਕੇਬਾਜ਼ੀ ਦੀ ਗੜਗੱਜ-ਕਦਮੀ ਨਾਲ ਜਾਗੀ ਗੈਰ-ਹਕੀਕੀ ਆਸਵੰਦੀ ਉੱਤੇ ਟਿਕੀ ਹੋਣ ਕਰਕੇ ਪਾਏਦਾਰ ਨਹੀਂ ਸੀ।  ਬਾਅਦ ਦੇ ਅਰਸੇ ਅੰਦਰ ਇਨਕਲਾਬੀ ਲਹਿਰ ਅਜੇ ਮੁੱਢਲੀ ਉਠਾਣ ਵਿਚ ਹੋਣ ਅਤੇ ਪੂਰੇ ਭਖਾਅ ਵਿਚ ਨਾ ਆਈ ਹੋਣ ਕਰਕੇ ਅਤੇ ਇਸ ਨਾਲ ਜੁੜਵੇਂ ਰੂਪ 'ਚ ਇਨਕਲਾਬੀ ਸਿਆਸੀ ਜਥੇਬੰਦੀ ਦੀ ਤਾਕਤਵਰੀ ਤੇ ਮਾਨਤਾ ਪੂਰੀ  ਤਰ੍ਹਾਂ ਸਥਾਪਤ ਨਾ ਹੋਈ ਹੋਣ ਕਰਕੇ, ਅਗਾਂਹਵਧੂ ਸਾਹਿਤਕਾਰਾਂ ਦੀ ਨਿਹਚਾ ਵਿਚ ਟਿਕਾਅ ਤੇ ਪਕਿਆਈ ਮੌਜੂਦ ਨਹੀਂ ਹੈ। ਸਿੱਟੇ ਵਜੋਂ ਉਹ ਹਰਕਤ ਵਿਚ ਆ ਰਹੇ ਲੋਕ-ਸਮੂਹਾਂ ਨਾਲ ਜੁੜਨ, ਇਹਨਾਂ ਨੂੰ ਸਮਝਣ ਅਤੇ ਇਹਨਾਂ ਦੀ ਸੇਵਾ ਵਿਚ ਸਾਹਿਤ ਸਿਰਜਨਾ ਕਰਨ ਖਾਤਰ ਲੋੜੀਂਦੀ ਘਾਲਣਾ ਨਹੀਂ ਘਾਲ ਰਹੇ ਅਤੇ ਬਿਨਾਂ ਕੋਈ ਵਿਸ਼ੇਸ਼ ਲਾਗਤ ਲਾਇਆਂ ਰਸਮੀ ਤੇ ਸਤਹੀ ਰਚਨਾਵਾਂ ਨਾਲ ਬੁਤਾ ਸਾਰ ਰਹੇ ਹਨ।  ਇਨਕਲਾਬੀ ਸੱਭਿਆਚਾਰਕ ਲਹਿਰ ਦੇ ਵੱਡੇ ਕਾਰਜ ਨੂੰ ਨਜਿੱਠਣ ਵਿਚ ਹਿੱਸਾ ਪਾਉਣ ਅਤੇ ਰਾਹ ਵਿਚ ਮੌਜੂਦ ਸਮੱਸਿਆਵਾਂ ਦੇ ਸਾਹਮਣੇ ਅਡੋਲ ਡਟਣ ਖਾਤਰ ਨਿਹਚਾ ਦੇ ਸੰਕਟ ਤੋਂ ਮੁਕਤ ਇਨਕਲਾਬੀ ਸਾਹਿਤਕ ਕਰਿੰਦਿਆਂ ਦੀ ਲੋੜ ਹੈ, ਜਿਨ੍ਹਾਂ ਦੀ ਭਾਰੀ ਥੁੜੋਂ ਹੈ।

--0--  


No comments:

Post a Comment