ਰਣਜੀਤ ਲਹਿਰਾ ਦੇ ਮਿਸਾਲੀ ਕਮਿਊਨਿਸਟ ਗੁਣ
ਹੋਰਨਾਂ ਜੁਝਾਰਾਂ ਲਈ ਪ੍ਰੇਰਨਾ ਬਣਨਗੇ(ਸ਼ਰਧਾਂਜਲੀ ਸਮਾਗਮ 'ਤੇ ਜਸਪਾਲ ਜੱਸੀ ਦੀ ਤਕਰੀਰ)
ਵੀਰੋ, ਭੈਣੋ ਤੇ ਸਾਥੀਓ! ਸਾਥੀ ਰਣਜੀਤ ਲਹਿਰਾ ਦੀ ਯਾਦ 'ਚ ਅੱਜ ਬਲਦੇਵ ਮੰਡੇਰ ਦਾ ਗੀਤ ਪੇਸ਼ ਹੋਇਆ। ਮੈਨੂੰ ਇਹ ਸੀ ਕਿ ਉਹਦੀ ਪਹਿਲੀ ਸਤਰ ਹੀ ਸਭ ਕੁੱਝ ਕਹਿ ਜਾਂਦੀ ਹੈ, “ਤੇਰਾ ਕੀ-ਕੀ ਨਾਮ ਲਵਾਂ, ਤੂੰ ਫੁੱਲਾਂ ਦੀ ਖੁਸ਼ਬੋ ਵਰਗਾ।” ਕਮਿਊਨਿਸਟ ਹੋਣਾ ਆਪਣੇ ਆਪ 'ਚ ਹੀ ਬਹੁਤ ਮਾਣ ਵਾਲੀ ਗੱਲ ਹੈ। ਪਰ ਸਾਥੀ ਰਣਜੀਤ 'ਚ ਮਿਸਾਲੀ ਕਮਿਊਨਿਸਟਾਂ ਵਾਲੇ ਗੁਣ ਸੀ। ਉਹਦੇ ਦਿਲ 'ਚ ਜਨਮ ਤੋਂ ਛੇਕ ਸੀ। ਪਰ ਉਹਦੀ ਸੋਚ 'ਚ ਕਦੇ ਕੋਈ ਛੇਕ ਨਹੀਂ ਹੋਇਆ। ਉਹਦੇ ਜਜ਼ਬਾਤਾਂ 'ਚ ਕੋਈ ਛੇਕ ਨਹੀਂ ਸੀ। ਉਹਦੇ ਇਰਾਦੇ 'ਚ ਕੋਈ ਛੇਕ ਨਹੀਂ ਸੀ। ਉਹਦੇ ਸਿਦਕ 'ਚ, ਉਹਦੇ ਹੌਂਸਲੇ 'ਚ, ਉਹਦੀ ਘਾਲਣਾ 'ਚ, ਉਹਦੇ ਸਮਰਪਣ 'ਚ ਕੋਈ ਛੇਕ ਨਹੀਂ ਸੀ। ਇੱਕ ਸਾਬਤ ਸਬੂਤੀ ਆਤਮਾ ਦੇ ਸਿਰ 'ਤੇ, ਇੱਕ ਸਾਬਤ ਸਬੂਤ ਜਿਗਰੇ ਦੇ ਸਿਰ 'ਤੇ, ਜਿੱਥੇ ਡਾਕਟਰਾਂ ਦਾ ਯੋਗਦਾਨ ਸੀ ਇਸ ਗੱਲ 'ਚ, ਵਿਗਿਆਨ ਦਾ ਰੋਲ ਸੀ। ਪਰ ਆਪਣੇ ਸਾਬਤ ਸਬੂਤ ਇਰਾਦੇ ਦੇ ਸਿਰ 'ਤੇ ਉਹਨੇ ਦਿਲ ਦੇ ਛੇਕ ਨੂੰ ਦਹਾਕਿਆਂ ਤੱਕ ਬੇਅਸਰ ਕਰੀ ਰੱਖਿਆ। ਇਹ ਆਪਣੇ ਆਪ 'ਚ ਇੱਕ ਮਿਸਾਲ ਹੈ। ਜਿਹੜੀ ਮਿਸਾਲ ਹੋਰਨਾਂ ਜੁਝਾਰਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੂੰਗੀ।
ਰਣਜੀਤ ਦੇ ਰੋਲ ਬਾਰੇ ਬਹੁਤ ਗੱਲਾਂ ਹੁੰਦੀਆਂ ਰਹਿਣਗੀਆਂ, ਇਹ ਅੱਜ ਦੇ ਸਮਾਗਮ ਨਾਲ ਖਤਮ ਹੋਣ ਵਾਲੀਆਂ ਨਹੀਂ। ਨਾ ਹੀ ਇੱਕ ਸਮਾਗਮ ਸਾਰੇ ਕੁੱਝ ਨੂੰ ਕਵਰ ਕਰ ਸਕਦਾ। ਤਾਂ ਵੀ ਕੁੱਝ ਦੋ-ਤਿੰਨ ਅਹਿਮ ਗੱਲਾਂ ਹੀ ਮੈਂ ਕਰੂੰਗਾਂ। ਉਹ ਇਨਕਲਾਬੀ ਲਹਿਰ ਦੀ ਬੁੱਕਲ 'ਚ ਆਏ, ਇੱਕ ਦੌਰ ਦਾ ਸਮੁੱਚੀ ਦੁਨੀਆਂ ਦੀ ਕਮਿਊਨਿਸਟ ਲਹਿਰ ਨੂੰ ਸਾਹਮਣਾ ਹੋਇਆ। ਚੀਨ ਦਾ ਇਨਕਲਾਬ ਜਿਹੜਾ ਭਾਰਤ ਦੇ ਇਨਕਲਾਬੀਆਂ ਨੂੰ ਝੰਜੋੜਦਾ ਸੀ, ਪ੍ਰੇਰਨਾ ਦਿੰਦਾ ਸੀ, ਇੱਕ ਚਾਨਣ-ਮੁਨਾਰਾ ਸੀ। ਉਹ ਚੀਨ ਦਾ ਇਨਕਲਾਬ ਉਲਟ ਗਿਆ। ਇੱਕ ਨਿਰਾਸ਼ਾ ਨੇ ਸਿਰ ਚੁੱਕਿਆ। ਇੱਕ ਖ਼ਤਰਾ ਪੈਦਾ ਹੋਇਆ। ਹੁਣ ਵਿਸ਼ਵਾਸ਼ ਕਾਇਮ ਰਹਿਣਗੇ ਜਾਂ ਕਾਇਮ ਨਹੀਂ ਰਹਿਣਗੇ। ਸਾਥੀ ਰਣਜੀਤ ਚੰਗੇ ਵਾਤਾਵਰਣ 'ਚ ਉਦੋਂ ਨਹੀਂ ਸੀ। ਉਦੋਂ ਉਹ ਵਾਤਾਵਰਣ ਸੀ ਜਿੱਥੇ ਨਿਰਾਸ਼ਾ ਦੇ ਪਰਛਾਵੇਂ ਸੀ। ਜਿੱਥੇ ਇਹ ਸੋਚਿਆ ਜਾ ਰਿਹਾ ਸੀ ਕਿ ਉਹ ਵਿਗਿਆਨਕ ਵਿਚਾਰ ਜਿੰਨ੍ਹਾਂ ਨੇ ਕਦੇ ਦੁਨੀਆਂ ਨੂੰ ਰੌਸ਼ਨੀ ਦਿਖਾਈ ਸੀ, ਉਹ ਬੇਅਰਥ ਹੋ ਚੁੱਕੇ ਨੇ। ਲਾਲ ਝੰਡਾ, ਲਾਲ ਪਰਚਮ, ਦਾਤੀ ਹਥੌੜਾ, ਮਾਰਕਸਵਾਦੀ ਵਿਚਾਰਧਾਰਾ ਇਹ ਸਾਰੇ ਕੁੱਝ ਨੂੰ ਗੈਰ-ਪ੍ਰਸੰਗਿਕ ਹੋਇਆ ਸਮਝ ਕੇ ਲਾਂਭੇ ਸੁੱਟਣ ਦਾ ਇੱਕ ਰੁਝਾਨ, ਇੱਕ ਮਾਹੌਲ ਬਣਿਆ ਹੋਇਆ ਸੀ ਸਾਥੀ ਰਣਜੀਤ ਦੇ ਆਲੇ-ਦੁਆਲੇ! ਉਹ ਇਸ ਮਾਹੌਲ 'ਚੋਂ ਉੱਭਰ ਕੇ ਆਇਆ। ਉਹਨੇ ਵਿਗਿਆਨਕ ਵਿਚਾਰਧਾਰਾ ਨੂੰ ਆਪਣੀ ਨਿਹਚਾ, ਆਪਣੀ ਵਫ਼ਾਦਾਰੀ ਦਾ ਐਲਾਨ ਕੀਤਾ। ਇਸੇ ਕਰਕੇ ਅਸੀਂ ਮਾਣ ਨਾਲ ਕਹਿਦੇ ਹਾਂ ਕਿ ਉਸ ਪਰਚੇ ਦੇ ਸੰਪਾਦਕੀ ਮੰਡਲ 'ਚ ਸੀ ਉਹ ਜਿਸਦਾ ਨਾਮ ਲਾਲ ਪਰਚਮ ਹੈ। ਅਖ਼ੀਰ ਤੱਕ ਲਾਲ ਪਰਚਮ ਨੂੰ ਹੱਥਾਂ 'ਚ ਰੱਖਣਾ ਇਹ ਇੱਕ ਬਹੁਤ ਮਹੱਤਵਪੂਰਨ ਗੱਲ ਸੀ। ਦੂਜੀ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਸਫ਼ਾਂ 'ਚ ਸੀ। ਜਦੋਂ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਖ਼ਿਲਾਫ਼ ਘੋਲ ਲੜਿਆ ਜਾ ਰਿਹਾ ਸੀ। ਉਹ ਮਿਸਾਲੀ ਪਿਰਤਾਂ ਵਾਲਾ ਘੋਲ ਸੀ। ਆਪਣੇ ਜੁਝਾਰਪੁਣੇ ਪੱਖੋਂ ਵੀ, ਇਨਕਲਾਬੀ ਟਾਕਰੇ ਦੀਆਂ ਨਵੀਆਂ ਪਿਰਤਾਂ ਪਾਉਣ ਪੱਖੋਂ ਵੀ ਤੇ ਇਸ ਪੱਖੋਂ ਵੀ ਕਿ ਪੰਜਾਬ ਦੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਸਾਰੇ ਲੋਕ, ਇਨਕਲਾਬੀ ਜਮਹੂਰੀ ਲਹਿਰ ਇੱਕ ਲੜੀ 'ਚ ਜੁੜ ਕੇ ਉਸ ਸੰਗਰਾਮ 'ਚ ਹਿੱਸਾ ਪਾ ਰਹੀ ਸੀ। ਇਸ ਸੰਗਰਾਮ ਦੀ ਦੂਜੀ ਝਲਕ ਬੱਸ ਕਿਰਾਇਆ ਘੋਲ ਦੌਰਾਨ ਆਈ। ਜੀਹਦੇ ਜੁਝਾਰਾਂ 'ਚ ਸਾਥੀ ਰਣਜੀਤ ਦਾ ਅਹਿਮ ਰੋਲ ਸੀ। ਉਹ ਘੋਲ ਵੀ ਵਿਲੱਖਣ ਸੀ, ਸਾਨੂੰ ਆਪਣਾ ਇਤਿਹਾਸ ਯਾਦ ਕਰਨਾ ਚਾਹੀਦੈ ਜਦੋਂ ਆਪਣੇ ਸਾਥੀਆਂ ਦੀ ਘਾਲਣਾ ਨੂੰ ਵੇਖਦੇ ਹਾਂ। ਇਹ ਗੱਲ ਪੰਜਾਬ 'ਚ ਵਾਪਰੀ। ਬੱਸ ਕਿਰਾਇਆਂ ਦਾ ਵਾਰ ਹੋਇਆ। ਇਸ ਵਾਰ ਦੇ ਖ਼ਿਲਾਫ਼ ਇਨਕਲਾਬੀ ਜਮਹੂਰੀ ਜਨਤਕ ਲਹਿਰ ਵਿਸ਼ਾਲ ਪੈਮਾਨੇ 'ਤੇ ਇੱਕਜੁਟ ਹੋਈ। ਸਾਰੀਆਂ ਪੰਜਾਬ ਸਟੂਡੈਂਟਸ ਯੂਨੀਅਨਾਂ, ਨੌਜਵਾਨ ਭਾਰਤ ਸਭਾਵਾਂ ਤੇ ਹੋਰ ਕਿਸਾਨਾਂ ਦੀਆਂ ਜਥੇਬੰਦੀਆਂ ਇੱਕ ਵੱਡੀ ਵਿਸ਼ਾਲ ਏਕਤਾ ਉੱਭਰ ਕੇ ਆਈ ਤੇ ਉਹ ਵਿਸ਼ਾਲ ਏਕਤਾ ਇੱਕ ਰਾਹ ਦਰਸਾਵਾ ਬਣੀ, ਸਿਆਸੀ ਪਾਰਟੀ ਦੇ ਮੁਕਾਬਲੇ 'ਤੇ। ਬੱਸ ਕਿਰਾਇਆ ਘੋਲ ਯਾਦ ਆਉਂਦਾ। ਉਹਦੀ ਅਹਿਮੀਅਤ ਵੀ ਯਾਦ ਆਉਂਦੀ ਹੈ। ਬੱਸ ਕਿਰਾਇਆ ਘੋਲ ਨਾਲ ਰਾਜਨੀਤਿਕ ਪਾਰਟੀਆਂ ਵੱਲੋਂ ਗ਼ਦਾਰੀ ਹੋਈ। ਤੇ ਉਸ ਗ਼ਦਾਰੀ ਦੀ ਕਿਉਂਕਿ ਜਨਤਾ ਇੱਕ ਇਰਾਦੇ ਨਾਲ ਜੁੜੀ ਸੀ। ਉਹ ਸਮਝੌਤਾ ਹੋਇਆ, ਸ਼ਰਮਨਾਕ ਸਮਝੌਤਾ ਹੋਇਆ। ਉਹ ਸਮਝੌਤਾ ਰੱਦ ਕੀਤਾ ਗਿਆ। ਸੰਘਰਸ਼ ਦਾ ਝੰਡਾ ਲੰਬਾ ਚਿਰ ਬੁਲੰਦ ਕੀਤਾ ਗਿਆ। ਇਸ ਕਿਸਮ ਦਾ ਬੇਕਨਾਬ ਹੋਣ ਦਾ ਇੱਕ ਰਾਜਨੀਤਿਕ ਪਾਰਟੀਆਂ ਦਾ ਇੱਕ ਪਹਿਲਾ ਤਜ਼ਰਬਾ ਸੀ। ਜੀਹਦੇ ਵਿੱਚ ਅਕਾਲੀ ਦਲ ਸੀ, ਹੋਰ ਪਾਰਟੀਆਂ ਸੀ। ਇੱਕ ਪਾਸੇ ਉਹ ਸੀ। ਦੂਜੇ ਪਾਸੇ ਜਨਤਾ ਦੀ ਅਸਲ ਅਰਥਾਂ 'ਚ ਲੋਕਾਂ ਨੂੰ ਸਮਰਪਿਤ ਲਹਿਰ ਸੀ। ਜੀਹਦੇ ਲੜ ਲੱਗ ਕੇ ਲੋਕਾਂ ਨੂੰ ਇੱਕ ਅਗਲਾ ਰਸਤਾ ਦਿਖਾਈ ਦਿੰਦਾ ਸੀ। ਫਿਰ ਦੌਰ ਆਉਂਦਾ ਫ਼ਿਰਕਾਪ੍ਰਸਤੀ ਦਾ, ਹਕੂਮਤੀ ਦਹਿਸ਼ਤਗਰਦੀ ਦਾ ਤੇ ਖਾਲਿਸਤਾਨੀ ਦਹਿਸ਼ਤਗਰਦੀ ਦਾ। ਇਸ ਦੌਰ 'ਚ ਵੀ ਪਰਖਾਂ ਹੋਈਆਂ ਨੇ। ਕੁੱਝ ਲੋਕਾਂ ਨੇ ਖਾਲਿਸਤਾਨੀ ਲਹਿਰ ਦੀ ਝੋਲੀ ਵੀ ਚੁੱਕੀ। ਕੁੱਝ ਲੋਕਾਂ ਨੇ ਹਕੂਮਤੀ ਦਹਿਸ਼ਤਗਰਦੀ ਦੀ ਝੋਲੀ ਵੀ ਚੁੱਕੀ। ਕੁੱਝ ਲੋਕਾਂ ਨੇ ਹਕੂਮਤੀ ਦਹਿਸ਼ਤਗਰਦੀ ਵੱਲ ਨਰਮੀ ਦਿਖਾਈ। ਕੁੱਝ ਲੋਕਾਂ ਨੇ ਖਾਲਿਸਤਾਨੀ ਦਹਿਸ਼ਤਗਰਦੀ ਵੱਲ ਨਰਮੀ ਦਿਖਾਈ। ਪਰ ਇਹ ਉਹ ਦੌਰ ਸੀ ਜਿਹਨਾਂ 'ਚ, ਉਹਨਾਂ ਸਮਿਆਂ 'ਚ ਮੇਰਾ ਨੇੜਲਾ ਵਾਹ ਸਾਥੀ ਰਣਜੀਤ ਨਾਲ ਪਿਆ। ਜਦੋਂ ਸਾਂਝੀਆਂ ਵਿਚਾਰ ਚਰਚਾਵਾਂ ਚੱਲਦੀਆਂ ਸੀ। ਦੋਹਾਂ ਦਹਿਸ਼ਤਗਰਦੀਆਂ ਤੇ ਦੋਨੇ ਕਿਸਮ ਦੀ ਜਾਨੂੰਨੀ ਵਿਚਾਰਧਾਰਾ ਚਾਹੇ ਉਹ ਏਕਤਾ ਅਖੰਡਤਾ ਦੇ ਨਾਅਰੇ ਥੱਲੇ ਲੱਗ ਰਹੀ ਕੌਮੀ ਸ਼ਾਵਨਵਾਦੀ ਜਾਨੂੰਨ ਦੀ ਵਿਚਾਰਧਾਰਾ, ਚਾਹੇ ਉਹ ਫਿਰਕੂ ਜਾਨੂੰਨ ਦੀ ਵਿਚਾਰਧਾਰਾ, ਜਿਹੜੀ ਖਾਲਿਸਤਾਨੀ ਲਹਿਰ ਨਾਲ ਜੁੜ ਕੇ ਆਉਂਦੀ ਸੀ। ਇਹ ਦੋਹਾਂ ਕਿਸਮ ਦੀਆਂ ਵਿਚਾਰਧਰਾਵਾਂ ਦੇ ਖ਼ਿਲਾਫ ਪੰਜਾਬ ਦੁਖਾਂਤ ਦੇ ਸਭਨਾਂ ਮੁਜ਼ਰਮਾਂ ਦੇ ਖ਼ਿਲਾਫ਼ ਭਾਵੇਂ ਉਹ ਅਕਾਲੀ ਦਲ, ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਖਾਲਿਸਤਾਨੀ ਦਹਿਸ਼ਤਗਰਦ ਨੇ। ਭਾਵੇਂ ਉਹ ਹਿੰਦੂ ਖਾੜਕੂਪੁਣੇ ਦੇ ਨਾਂ ਥੱਲੇ ਸਿਰ ਚੁੱਕ ਰਹੇ ਰੁਝਾਨ ਨੇ। ਉਹਨਾਂ ਦੇ ਖ਼ਿਲਾਫ਼ ਇੱਕ ਸਾਂਝੀ ਜਮਹੂਰੀ, ਸਹੀ ਜਮਹੂਰੀ ਲੀਹਾਂ 'ਤੇ ਲੋਕਾਂ ਦੀ ਲਹਿਰ ਦਾ ਝੰਡਾ ਤੇ ਉਹਨਾਂ ਸਮਿਆਂ ਦੌਰਾਨ ਜਦੋਂ ਅਸੀਂ ਦੋਨੇ ਪਾਸਿਆਂ ਤੋਂ, ਦੋਨੇ ਖਤਰਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਸੀ। ਤਾਂ ਸਾਥੀ ਰਣਜੀਤ ਉਹਨਾਂ ਸਫ਼ਾਂ ਸੀ, ਉਹਨਾਂ ਬਹਿਸ ਕਰਨ ਵਾਲਿਆਂ 'ਚ ਸੀ। ਠੀਕ ਪੁਜ਼ੀਸ਼ਨਾਂ ਨੂੰ ਸਥਾਪਤ ਕਰਨ ਵਾਲਿਆਂ 'ਚ ਸੀ, ਜਿਹੜੇ ਇਨਕਲਾਬੀ ਲਹਿਰ ਨੂੰ ਠੀਕ ਲੀਹਾਂ 'ਤੇ ਅੱਗੇ ਤੋਰਨ ਦਾ ਦਮ ਭਰੇ ਰਹੇ ਸੀ। ਸੋ ਉਹ ਵਿਸ਼ਵਾਸ ਨਾਲ ਜਿਉਂਇਆ। ਅਖੀਰ ਤੱਕ ਆਪਣੀ ਊਰਜਾ, ਆਪਣੀ ਸ਼ਕਤੀ ਦਾ ਕਣ-ਕਣ ਲੋਕਾਂ ਨੂੰ ਸਮਰਪਿਤ ਕਰਨਾ ਤੇ ਨਵੇਂ ਸਮਾਜ ਵੱਲ ਇਸ ਧਰਤੀ ਦੇ ਲੋਕਾਂ ਨੂੰ ਨਵੇਂ ਸਮਾਜ ਤੱਕ ਲੈ ਕੇ ਜਾਣਾ। ਇਹਦੇ ਦੌਰਾਨ ਇਹ ਜਿਹੜਾ ਸਾਥੀ ਰਣਜੀਤ ਦਾ ਵਿਸ਼ਵਾਸ ਹੈ, ਭਰੋਸਾ ਹੈ ਕਿ ਕਿਸੇ ਹੋਰ ਕੋਲ ਵਿਗਿਆਨਕ ਵਿਚਾਰਧਾਰਾ ਤੋਂ ਜਿਹੜੀ ਵਿਚਾਰਧਾਰਾ ਨੇ ਰੂਸ ਦੀ ਧਰਤੀ 'ਤੇ, ਸੋਵੀਅਤ ਯੂਨੀਅਨ ਦੀ ਧਰਤੀ 'ਤੇ ਲੋਕਾਂ ਦੀ ਹੋਣੀ ਬਦਲੀ ਸੀ। ਜਿਹੜੀ ਵਿਚਾਰਧਾਰਾ ਨੇ ਚੀਨ ਦੀ ਧਰਤੀ 'ਤੇ ਲੋਕਾਂ ਦੀ ਹੋਣੀ ਬਦਲੀ ਸੀ, ਉਹੀ ਵਿਚਾਰਧਾਰਾ ਜਿਹੜੀ ਹੁਣ ਵੀ ਹਿੰਦੁਸਤਾਨ ਦੇ ਲੋਕਾਂ ਦੀ ਹੋਣੀ ਬਦਲੂਗੀ। ਬਾਕੀ ਵਿਸ਼ਵਾਸ਼ ਥਿੜਕ ਸਕਦੇ ਨੇ। ਇਨਕਲਾਬੀ ਲਹਿਰ ਦੀਆਂ ਸਫ਼ਾਂ 'ਚੋਂ ਇੱਧਰ ਉਧਰ ਹੋਰਾਂ ਥਾਵਾਂ 'ਤੇ ਮੁਕਤੀ ਭਾਲਣ ਦੇ ਰੁਝਾਨ ਆਏ ਨੇ। ਉਹ ਰੁਝਾਨ ਅੰਤ ਨੂੰ ਉਹ ਰੁਝਾਨ ਪਰਖੇ ਜਾਣਗੇ। ਅੰਤ ਨੂੰ ਉਸੇ ਗੱਲ ਨੇ ਉੱਭਰ ਕੇ ਅੱਗੇ ਆਉਣਾ ਜਿਹਨਾਂ ਵਿਚਾਰਾਂ ਨੇ ਸਾਥੀ ਰਣਜੀਤ....ਉਹ ਅਖੀਰ ਤੱਕ ਇਹਦੇ ਵਿਸ਼ਵਾਸ਼ ਨਾਲ ਜਿਉਂਇਆਂ। ਇਸ ਕਰਕੇ ਅੱਜ ਸਾਥੀ ਰਣਜੀਤ ਦੇ ਵਿਸ਼ਵਾਸ਼ ਨੂੰ ਸਲਾਮ ਕਰੀਏ। ਉਹ ਅੰਧ ਵਿਸ਼ਵਾਸੀ ਨਹੀਂ ਸੀ। ਉਹ ਵਿਗਿਆਨਕ ਵਿਸ਼ਵਾਸ਼ੀ ਸੀ। ਉਸ ਵਿਸ਼ਵਾਸ਼ ਦਾ ਪੱਲਾ ਫੜ੍ਹੀਏ। ਜ਼ਰੂਰਤ ਵੱਧ ਰਹੀ ਹੈ ਕਿ ਟਰੰਪ ਨੂੰ ਪਤਾ ਮੈਂ ਇੱਥੇ ਕੀ ਕਰਨਾ ਹੈ। ਅਸੀਂ ਵੀ ਦੇਖ ਰਹੇ ਹਾਂ। ਇੱਕ ਸਾਥੀ ਨੇ ਕਿਹਾ ਕਿ ਅਸੀਂ ਅੱਡ-ਅੱਡ ਕਿਉਂ ਤੁਰੇ ਫਿਰਦੇ ਹਾਂ। ਬਹੁਤ ਠੀਕ ਗੱਲ ਹੈ, ਸਹੀ ਗੱਲ ਹੈ। ਮੈਂ ਤਾਂ ਕਈ ਵਾਰੀ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਟਰੰਪ ਹੋਰਾਂ ਦਾ ਵੀ, ਸਾਨੂੰ ਦੱਸ ਰਹੇ ਨੇ ਸਾਮਰਾਜ ਦੀ ਮੰਡੀ ਦੇ ਹੁੰਦੇ ਹੋਏ ਲੋਥਾਂ ਦੀ ਮੰਡੀ ਨਹੀਂ ਹੋਣ ਦੇਣੀ।...... ਮੰਡੀ ਹੋਣ ਜਾ ਰਿਹਾ ਹੈ। ਤੇ ਸਾਨੂੰ ਦੱਸ ਰਿਹਾ ਬਈ ਤੁਸੀਂ ਦੇਖ ਲਓ ਵੀ ਤੁਸੀਂ ਕੀ ਕਰਨਾ। ਅਸੀਂ ਤਾਂ ਆਹ ਕੁੱਝ ਕਰ ਰਹੇ ਹਾਂ। ਸੋ ਸਾਮਰਾਜੀ ਵਿਰੋਧੀ ਏਕਤਾ ਦਾ ਝੰਡਾ ਹੋਰ ਉੱਚਾ ਕਰਨ ਦੀ ਲੋੜ ਹੈ। ਅਗਲੇ ਸਮੇਂ 'ਚ ਹੋਰ ਦ੍ਰਿੜਤਾ ਨਾਲ, ਜੋਸ਼-ਖਰੋਸ਼ ਨਾਲ ਅੱਗੇ ਆਉਣ ਦੀ ਲੋੜ ਹੈ। ਇਹੋ ਸਾਡੀ ਸਾਥੀ ਰਣਜੀਤ ਲਹਿਰਾ ਨੂੰ ਤੇ ਸਾਡੇ ਹੋਰ ਵਿਛੜ ਗਏ ਇਨਕਲਾਬੀ ਸਾਥੀਆਂ ਨੂੰ ਸ਼ਰਧਾਂਜ਼ਲੀ ਹੋਊਗੀ। ਜੈ ਜਨਤਾ! ਜੈ ਸੰਘਰਸ਼!
No comments:
Post a Comment