ਕੌਮਾਂਤਰੀ ਔਰਤ ਦਿਹਾੜੇ 'ਤੇ
ਕਾ. ਲੈਨਿਨ ਦਾ ਅਹਿਸਾਸ !
“ਬਦਕਿਸਮਤੀ ਨੂੰ ਅਸੀਂ ਅਜੇ ਵੀ ਬਹੁਤ ਸਾਰੇ ਆਪਣੇ ਕਾਮਰੇਡਾਂ ਬਾਰੇ ਇਹ ਕਹਿ ਸਕਦੇ ਹਾਂ ਕਿ 'ਕਮਿਊਨਿਸਟ ਨੂੰ ਖੁਰਚੋ ਤੇ ਵਿਚੋਂ ਸਿੱਧੜ ਪੈਟੀਬੁਰਜੂਆ ਨਿਕਲ ਆਉਂਦਾ ਹੈ| ਪੱਕਾ ਪਤਾ ਕਰਨ ਲਈ ਉਸ ਦੀ ਦੁਖਦੀ ਰਗ ਨੂੰ ਖੁਰਚਣਾ ਪੈਂਦਾ ਹੈ—ਜਿਵੇਂ ਕਿ ਔਰਤ ਸੰਬੰਧੀ ਉਸਦੀ ਮਾਨਸਕਤਾ । ਕੀ ਇਸ ਆਮ ਦ੍ਰਿਸ਼ ਤੋਂ ਕੋਈ ਹੋਰ ਵੱਧ ਪ੍ਰਤੱਖ ਸਬੂਤ ਮਿਲ ਸਕਦਾ ਹੈ ਜਿਸ ਵਿਚ ਇਕ ਆਦਮੀ ਇਕ ਇਸਤਰੀ ਨੂੰ ਆਪਣੇ ਘਰ ਦੇ ਕੰਮ-ਧੰਦੇ ਵਰਗੇ ਘਟੀਆ, ਉਕਤਾਊ ਅਤੇ ਸਮਾਂ ਤੇ ਸ਼ਕਤੀ ਨੂੰ ਖਪਾਉਣ ਵਾਲੇ ਕੰਮ ਵਿਚ ਤਿਲ-ਤਿਲ ਕਰਕੇ ਮੁਕਦੀ ਜਾਂਦੀ ਨੂੰ ਮੌਜ ਨਾਲ ਦੇਖਦਾ ਰਹਿੰਦਾ ਹੈ । ਉਸ ਦੀ ਆਤਮਾ ਨੂੰ ਸੁੰਗੜਦਿਆ, ਉਹਦੇ ਦਿਮਾਗ਼ ਨੂੰ ਬੁੱਜ ਹੁੰਦਿਆਂ, ਦਿਲ ਦੀ ਧੜਕਣ ਨੂੰ ਮੱਧਮ ਪੈਂਦਿਆਂ ਅਤੇ ਉਸ ਦੇ ਮਨੋਬਲ ਨੂੰ ਡਿੱਗਦਿਆਂ ਅਰਾਮ ਨਾਲ ਦੇਖਦਾ ਰਹਿੰਦਾ ਹੈ।…
… ਸਮੇਤ ਪਰੋਲਤਾਰੀ ਪਤੀਆਂ ਦੇ ਬਹੁਤ ਘੱਟ ਪਤੀ ਇਹ ਸੋਚਦੇ ਹਨ ਕਿ, ਜੇ ਉਹ ਇਸ 'ਤੀਵੀਆਂ ਵਾਲੇ ਕੰਮ' ਵਿਚ ਆਪਣੀਆਂ ਪਤਨੀਆਂ ਦਾ ਹੱਥ ਵਟਾ ਦੇਣ ਤਾਂ ਉਹਨਾਂ ਦੇ ਸੰਸੇ-ਝੋਰਿਆਂ ਅਤੇ ਬੋਝਾਂ ਨੂੰ ਕਿੰਨਾ ਕੁ ਹਲਕਾ ਕਰ ਸਕਦੇ ਹਨ ਜਾ ਇਹਨਾਂ ਤੋਂ ਮੁਕਤ ਹੀ ਕਰ ਸਕਦੇ ਹਨ । ਪਰ ਨਹੀਂ ! ਇਹ ਗੱਲ ਤਾਂ 'ਪਤੀ-ਦੇਵ ਦੀ ਸ਼ਾਨ ਅਤੇ ਉਚੇਚੀ ਸਹੂਲਤ-ਪ੍ਰਾਪਤ ਪਦਵੀ ਦੇ ਖਿਲਾਫ਼ ਜਾਵੇਗੀ। ਉਹ ਮੰਗ ਕਰਦਾ ਹੈ ਕਿ ਉਸ ਨੂੰ ਸੁਖ-ਅਰਾਮ ਮਿਲਣਾ ਚਾਹੀਦਾ ਹੈ । ਇਕ ਔਰਤ ਦਾ ਘਰੇਲੂ ਜੀਵਨ, ਹਜ਼ਾਰਾਂ ਨਿਗੂਣੀਆਂ-ਨਿੱਕੀਆਂ ਗੱਲਾਂ ਲਈ ਨਿੱਤ-ਦਿਹਾੜੀ ਦਿੱਤੀ ਜਾਣ ਵਾਲੀ, ਆਪੇ ਦੀ ਕੁਰਬਾਨੀ ਹੈ । ਉਸ ਦੇ ਪਤੀ, ਮਾਲਕ ਅਤੇ ਸਿਰ ਦੇ ਸਾਈਂ ਦੇ ਪੁਰਾਤਨ ਅਧਿਕਾਰ ਸਹਿਜ-ਸੁਭਾਅ ਹੀ ਮੌਜੂਦ ਰਹਿ ਰਹੇ ਹਨ । ਪਤੀ ਦਾ ਇਹ ਗ਼ੁਲਾਮ, ਬਾਹਰਮੁਖੀ ਤੌਰ 'ਤੇ ਆਪਣਾ ਬਦਲਾ ਲੈਂਦਾ ਹੈ। ਇਹ ਬਦਲਾ ਵੀ ਗੁੱਝੇ ਰੂਪ 'ਚ ਲਿਆ ਜਾਂਦਾ ਹੈ । ਪਤਨੀ ਦਾ ਪਛੜੇਵਾਂ ਅਤੇ ਪਤੀ ਦੇ ਇਨਕਲਾਬੀ ਆਦਰਸ਼ਾਂ ਬਾਰੇ ਸਮਝ ਦੀ ਘਾਟ, ਪਤੀ ਦੇ ਲੜਾਕੂ ਜੋਸ਼ ਤੇ ਦ੍ਰਿੜ੍ਹਤਾ ਨੂੰ ਖੋਰਾ ਪਾਉਂਦੀ ਹੈ । ਪਤਨੀ ਦਾ ਇਹ ਪਛੜੇਵਾਂ ਤੇ ਸਮਝ ਦੀ ਘਾਟ ਬਰੀਕ ਸਿਓਂਕ ਵਰਗੇ ਹੁੰਦੇ ਹਨ ਜਿਹੜੇ ਹੌਲੀ ਹੌਲੀ, ਪਰ ਪੱਕ ਨਾਲ ਹੀ ਪਤੀਆਂ ਦੇ ਜੋਸ਼ ਅਤੇ ਦ੍ਰਿੜਤਾ ਨੂੰ ਅੰਦਰੇ-ਅੰਦਰ ਕੁਤਰਦੇ ਤੇ ਕਮਜ਼ੋਰ ਕਰਦੇ ਰਹਿੰਦੇ ਹਨ ।"
- ਕਲਾਰਾ ਜੈਟਕਿਨ ਦੀ ਕਿਤਾਬ, "ਲੈਨਿਨ ਬਾਰੇ ਮੇਰੀਆਂ ਯਾਦਾਂ” 'ਚੋਂ
No comments:
Post a Comment