Thursday, March 19, 2026

ਲੋਕ ਮੋਰਚਾ ਪੰਜਾਬ ਵੱਲੋਂ ਰਣਜੀਤ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ

 ਲੋਕ ਮੋਰਚਾ ਪੰਜਾਬ ਵੱਲੋਂ ਰਣਜੀਤ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ

ਲੋਕ ਮੋਰਚਾ ਪੰਜਾਬ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਆਦੀਆਂ ਪਿੰਡ ਦੇ ਨੌਜਵਾਨ ਰਣਜੀਤ ਸਿੰਘ ਦੇ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਉੱਚ ਪੱਧਰੀ ਨਿਰਪੱਖ ਜਾਂਚ, ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਅਤੇ ਲੋਕਾਂ ਖਿਲਾਫ਼ ਪੰਜਾਬ ਪੁਲਿਸ ਨੂੰ ਦਿੱਤੇ ਅੰਨ੍ਹੇ ਜਾਬਰ ਅਧਿਕਾਰ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ ਹੈ।

     ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਸਮੇਂ ਅੰਦਰ ਪੁਲਿਸ ਮੁਕਾਬਲਿਆਂ ਦੀਆਂ ਘਟਨਾਵਾਂ ਵਿੱਚ ਬੇਹੱਦ ਤੇਜੀ ਆਈ ਹੈ ਅਤੇ ਬੀਤੇ ਸਾਲ ਵਿੱਚ ਪੰਜਾਬ ਪੁਲਿਸ ਵੱਲੋਂ ਹਰ ਦੋ ਦਿਨਾਂ ਵਿੱਚ ਇੱਕ ਇਨਕਾਊਂਟਰ ਕੀਤਾ ਗਿਆ ਹੈ। ਨਵੰਬਰ 25 ਤੋਂ ਜਨਵਰੀ 26 ਦੇ ਤਿੰਨ ਮਹੀਨਿਆਂ ਦੌਰਾਨ ਹੀ ਪੰਜਾਬ ਪੁਲਿਸ ਵੱਲੋਂ 34 ਇਨਕਾਊਂਟਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੰਜ ਮੌਤਾਂ ਹੋਈਆਂ ਹਨ ਅਤੇ 45 ਵਿਅਕਤੀ ਜ਼ਖਮੀ ਹੋਏ ਹਨ। ਜੁਰਮਾਂ ਨਾਲ ਨਜਿੱਠਣ ਦੀ ਇਹ ਪਹੁੰਚ ਬੇਹੱਦ ਖਤਰਨਾਕ, ਗੈਰ ਕਾਨੂੰਨੀ ਅਤੇ ਗੈਰ ਜਮਹੂਰੀ ਹੈ।

      ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਆਪਣੇ ਹੀ ਕਾਨੂੰਨਾਂ ਨੂੰ ਉਲੰਘ ਕੇ ਆਪ ਮਤੇ ਢੰਗ ਨਾਲ ਸਜਾਵਾਂ ਦੇਣ ਦੀ ਪਹੁੰਚ ਹੈ। ਭਗਵੰਤ ਮਾਨ ਸਰਕਾਰ ਅਜਿਹੇ ਮੁਕਾਬਲੇ ਬਣਾਉਣ ਵਿੱਚ ਪਹਿਲੀਆਂ ਸਰਕਾਰਾਂ ਨੂੰ ਮਾਤ ਦੇ ਰਹੀ ਹੈ।ਇਹ ਖਤਰਨਾਕ ਰੁਝਾਨ, ਇਨਸਾਫ਼ ਦੇ ਸਾਰੇ ਤਕਾਜਿਆਂ ਨੂੰ ਰੱਦ ਕਰਕੇ ਜਬਰ ਢਾਹੁਣ ਦਾ ਲੋਕ ਦੋਖੀ ਰੁਝਾਨ ਹੈ।ਪੁਲਸ ਨੂੰ ਦਿੱਤੇ ਜਾ ਰਹੇ ਅੰਨ੍ਹੇ ਜਾਬਰ ਅਧਿਕਾਰ ਲੋਕਾਂ ਦੇ ਜਮਹੂਰੀ ਤੇ ਮਨੁੱਖੀ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ। ਇਹਨਾਂ ਅਧਿਕਾਰਾਂ ਨੂੰ ਸਰਕਾਰਾਂ ਵੱਲੋਂ ਤਿੱਖੇ ਤੇ ਤੇਜ਼ ਕੀਤੇ ਜਾ ਰਹੇ ਲੋਕ ਦੋਖੀ ਨੀਤੀਆਂ ਦੇ ਹੱਲੇ ਨੂੰ ਰੋਕਣ ਲਈ ਜੂਝਣ ਵਾਲੇ ਲੋਕਾਂ ਅਤੇ ਜਥੇਬੰਦੀਆਂ ਖਿਲਾਫ ਸਭ ਤੋਂ ਵੱਧ ਵਰਤਿਆ ਜਾਣਾ ਹੈ। (2 ਮਾਰਚ 2026) (ਸੰਖੇਪ)


No comments:

Post a Comment