ਇਰਾਨ ਖਿਲਾਫ਼ ਜੰਗ-
ਅਮਰੀਕੀ ਇਜ਼ਰਾਇਲੀ ਹਾਕਮਾਂ ਨਾਲ ਖੜ੍ਹੀ ਮੋਦੀ ਸਰਕਾਰ
ਇਰਾਨ 'ਤੇ ਅਮਰੀਕੀ ਇਜ਼ਰਾਇਲੀ ਹਮਲੇ ਬਾਰੇ ਭਾਰਤ ਦੀ ਮੋਦੀ ਸਰਕਾਰ ਦਾ ਵਿਹਾਰ ਪੂਰੀ ਤਰ੍ਹਾਂ ਸਾਮਰਾਜੀ ਚਾਕਰੀ ਭਰਿਆ ਹੈ ਤੇ ਦੇਸ਼ ਦੇ ਲੋਕਾਂ ਦੇ ਹਿਤਾਂ ਅਨੁਸਾਰੀ ਹੋਣ ਦੀ ਥਾਂ ਅਮਰੀਕੀ ਸਾਮਰਾਜੀਆਂ ਦੇ ਸੇਵਾਦਾਰਾਂ ਵਾਲਾ ਹੈ। ਇਹ ਮਜ਼ਲੂਮ ਤੇ ਪੀੜਤ ਮੁਲਕ ਨਾਲ ਖੜ੍ਹਨ ਦੀ ਥਾਂ ਜੰਗਬਾਜ਼ਾਂ ਨਾਲ ਖੜ੍ਹਨ ਵਾਲਾ ਹੈ। ਮੋਦੀ ਸਰਕਾਰ ਨੇ ਇਰਾਨ 'ਤੇ ਨਿਹੱਕੇ ਹਮਲੇ ਦੀ ਨਿੰਦਾ ਤਾਂ ਕੀ ਕਰਨੀ ਸੀ, ਉਸਨੇ ਇਰਾਨ ਦੇ ਸੁਪਰੀਮ ਆਗੂ ਖੇਮਨੇਈ ਦੇ ਕਤਲ ਦੀ ਨਿੰਦਾ ਤੱਕ ਨਹੀਂ ਕੀਤੀ ਅਤੇ ਮੁਲਕ ਅੰਦਰਲੇ ਇਰਾਨੀ ਸਫ਼ਾਰਤਖਾਨੇ ਕੋਲ ਜਾ ਕੇ ਰਸਮੀ ਅਫ਼ਸੋਸ ਕਰਨ ਲਈ ਵੀ ਪੰਜ ਦਿਨ ਲਗਾਏ ਜਿਵੇਂ ਅਮਰੀਕੀ ਤੇ ਇਜ਼ਰਾਇਲੀ ਹਾਕਮਾਂ ਤੋਂ ਪ੍ਰਵਾਨਗੀ ਉਡੀਕੀ ਜਾ ਰਹੀ ਹੋਵੇ। ਇਰਾਨ 'ਤੇ ਹਮਲੇ ਦੌਰਾਨ ਅਮਰੀਕਾ ਨੇ ਭਾਰਤ ਤੇ ਸ਼੍ਰੀ ਲੰਕਾ ਦੇ ਪਾਣੀਆਂ ਨੇੜੇ ਇੱਕ ਇਰਾਨੀ ਸਮੁੰਦਰੀ ਫੌਜੀ ਜਹਾਜ਼ ਡੋਬ ਕੇ, ਇਰਾਨ ਦੇ ਦਰਜਨਾਂ ਸੈਨਿਕ ਮਾਰ ਦਿੱਤੇ ਤਾਂ ਭਾਰਤੀ ਹਾਕਮ ਇਸਦੀ ਜ਼ੁਬਾਨੀ-ਕਲਾਮੀ ਨਿੰਦਾ ਵੀ ਨਾ ਕਰ ਸਕੇ। ਹਾਲਾਂਕਿ ਇਹ ਜਹਾਜ਼ ਵਿਸ਼ਾਖਾਪਟਨਮ 'ਚ ਹੋਏ ਸਾਂਝੇ ਅਭਿਆਸ ਤੋਂ ਵਾਪਿਸ ਇਰਾਨ ਜਾ ਰਿਹਾ ਸੀ। ਭਾਰਤ ਤੋਂ ਵਾਪਿਸ ਜਾ ਰਿਹਾ ਹੋਣ ਕਰਕੇ ਇਸ 'ਤੇ ਸਖ਼ਤ ਪ੍ਰਤੀਕਿਰਿਆ ਦੇਣੀ ਭਾਰਤ ਦਾ ਫਰਜ਼ ਸੀ ਪਰ ਅਮਰੀਕੀ ਸਾਮਰਾਜੀ ਚਾਕਰੀ 'ਚ ਡੁੱਬੇ ਭਾਰਤੀ ਹਾਕਮ ਚੁੱਪ ਵੱਟ ਗਏ। ਮੋਦੀ ਸਰਕਾਰ ਨੇ ਇਰਾਨ ਵੱਲੋਂ ਜਵਾਬ 'ਚ ਗੁਆਂਢੀ ਅਰਬ ਮੁਲਕਾਂ ਵਿਚਲੇ ਅਮਰੀਕੀ ਫੌਜੀ ਅੱਡਿਆਂ 'ਤੇ ਕੀਤੇ ਹਮਲਿਆਂ ਦੀ ਝੱਟ-ਪੱਟ ਨਿੰਦਾ ਕਰ ਦਿੱਤੀ। ਮੋਦੀ ਸਰਕਾਰ ਦੀ ਇਹ ਪੁਜੀਸ਼ਨ ਭਾਰਤੀ ਹਾਕਮਾਂ ਦੀਆਂ ਪੁਰਾਣੀਆਂ ਰਸਮੀ ਪੁਜੀਸ਼ਨਾਂ ਤੋਂ ਵੀ ਪਾਸੇ ਹਟ ਕੇ ਲਈ ਗਈ ਪੁਜੀਸ਼ਨ ਹੈ। ਇਹ ਅਮਰੀਕੀ ਇਜ਼ਰਾਇਲੀ ਗੁੱਟ ਦੇ ਨੇੜੇ ਹੋਣ ਦੀ ਅਖਤਿਆਰ ਕੀਤੀ ਹੋਈ ਪਹੁੰਚ ਅਨੁਸਾਰ ਹੈ।
ਮੋਦੀ ਨੇ ਇਰਾਨ ਦੇ ਹਮਲੇ ਤੋਂ ਐਨ ਪਹਿਲਾਂ ਇਜ਼ਰਾਇਲ ਦਾ ਦੌਰਾ ਕੀਤਾ ਤੇ ਅਗਲੇ ਹੀ ਦਿਨ ਇਰਾਨ 'ਤੇ ਹਵਾਈ ਹਮਲੇ ਸ਼ੁਰੂ ਹੋ ਗਏ। ਇਉਂ ਮੋਦੀ ਇਜ਼ਰਾਇਲ 'ਚ ਨੇਤਨਯਾਹੂ ਨਾਲ ਓਦੋਂ ਜੱਫੀਆਂ ਪਾ ਰਿਹਾ ਸੀ ਜਦੋਂ ਇਰਾਨ ਦੀ ਘੇਰਾਬੰਦੀ ਕੀਤੀ ਜਾ ਰਹੀ ਸੀ ਤੇ ਇਹ ਤੈਅ ਹੀ ਸੀ ਕਿ ਇਰਾਨ 'ਤੇ ਹਮਲਾ ਕੀਤਾ ਜਾਣਾ ਹੈ। ਅਜਿਹੇ ਵੇਲੇ ਮੋਦੀ ਦੇ ਦੌਰੇ ਨੇ ਇੱਕ ਤਰ੍ਹਾਂ ਇਜ਼ਰਾਇਲ ਦੇ ਹਮਲਾਵਰ ਰੁਖ 'ਚ ਭਾਰਤ ਦੀ ਹਾਮੀ ਬਣਾਈ ਹੈ ਤੇ ਸਰਪ੍ਰਸਤੀ ਦਿੱਤੀ ਹੈ। ਇਜ਼ਰਾਇਲ ਦਾ ਇਹ ਦੌਰਾ ਕਿਸੇ ਮੁਲਕ ਦੇ ਆਮ ਰਸਮੀ ਦੌਰੇ ਵਰਗਾ ਨਹੀਂ ਸੀ ਸਗੋਂ ਫ਼ਲਸਤੀਨੀ ਲੋਕਾਂ ਦੇ ਢਾਈ ਸਾਲਾਂ ਦੇ ਰੋਜ਼ਾਨਾ ਕਤਲੇਆਮ ਮਗਰੋਂ ਇਹ ਦੌਰਾ ਇਜ਼ਰਾਇਲ ਦੇ ਜ਼ੁਲਮਾਂ ਲਈ ਉਸਦੀ ਪਿੱਠ ਥਾਪੜਨ ਵਾਲਾ ਸੀ। ਜਦੋਂ ਇਜ਼ਰਾਇਲ ਦੁਨੀਆਂ ਭਰ 'ਚ ਨਿਖੇੜੇ ਦਾ ਸਾਹਮਣਾ ਕਰ ਰਿਹਾ ਹੈ ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਅੰਤਰ ਰਾਸ਼ਟਰੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਹੋਇਆ, ਉਸਦੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹੋਏ ਹਨ ਤੇ ਕਈ ਮੁਲਕਾਂ ਨੇ ਉਸਨੂੰ ਆਪਣੇ ਦੇਸ਼ਾਂ 'ਚ ਆਉਣ 'ਤੇ ਪਾਬੰਦੀਆਂ ਲਗਾਈਆਂ ਹਨ ਤਾਂ ਅਜਿਹੇ ਮੌਕੇ ਮੋਦੀ ਨੇ ਇਜ਼ਰਾਇਲੀ ਰਾਜ ਤੇ ਨੇਤਨਯਾਹੂ ਦੇ ਨਿਖੇੜੇ ਦੀ ਕਾਟ ਕਰਨ ਦਾ ਯਤਨ ਕੀਤਾ ਹੈ। ਤੇ ਉਸ ਨਾਲ ਅਪਣੱਤ ਜ਼ਾਹਰ ਕਰਕੇ ਉਸਨੂੰ ਕੌਮਾਂਤਰੀ ਢੋਈ ਦੇਣ ਦੀ ਕੇਸ਼ਿਸ਼ ਕੀਤੀ ਹੈ। ਇਉਂ ਮੋਦੀ ਸਿੱਧੇ ਤੌਰ 'ਤੇ ਇਸ ਹਮਲੇ 'ਚ ਅਮਰੀਕੀ-ਇਜ਼ਰਾਇਲੀ ਜੰਗਬਾਜ਼ਾਂ ਨਾਲ ਖੜ੍ਹਾ ਦਿਖਾਈ ਦਿੱਤਾ ਹੈ।
ਇਰਾਨ 'ਤੇ ਹਮਲੇ ਦਾ ਵਿਰੋਧ ਕਰਨਾ ਨਾ ਸਿਰਫ਼ ਇਸ ਕਰਕੇ ਬਣਦਾ ਹੈ ਕਿ ਇਹ ਅਮਰੀਕੀ ਸਾਮਰਾਜੀ ਲੁੱਟ ਤੇ ਦਾਬੇ ਦੀਆਂ ਲੋੜਾਂ 'ਚੋਂ ਕੀਤਾ ਗਿਆ ਨਿਹੱਕਾ ਹਮਲਾ ਹੈ, ਉਸਦੇ ਰਾਜ ਨੂੰ ਉਲਟਾਉਣ ਦੀਆਂ ਵਿਉਂਤਾਂ ਤਹਿਤ ਕੀਤਾ ਗਿਆ ਹੈ। ਇਹ ਇਸ ਕਰਕੇ ਵੀ ਬਣਦਾ ਹੈ ਕਿਉਂਕਿ ਇਸ ਖਿੱਤੇ 'ਚ 80 ਲੱਖ ਦੇ ਲਗਭਗ ਭਾਰਤੀ ਕਾਮੇ ਹਨ। ਖਾੜੀ ਮੁਲਕਾਂ 'ਚ ਹੋ ਰਹੇ ਜੰਗੀ ਹਮਲਿਆਂ ਕਾਰਨ ਇਹ ਜ਼ਿੰਦਗੀਆਂ ਖਤਰੇ ਹੇਠ ਹਨ ਤੇ ਉਜਾੜੇ ਦੀ ਮਾਰ ਹੇਠ ਹਨ। ਇਹ ਇਸ ਕਰਕੇ ਵੀ ਬਣਦਾ ਹੈ ਕਿ ਇਰਾਨ 'ਤੇ ਹਮਲੇ ਦਾ ਅਰਥ ਭਾਰਤ ਦੀ ਤੇਲ ਤੇ ਗੈਸ ਸਪਲਾਈ ਨੇ ਵੀ ਪ੍ਰਭਾਵਿਤ ਹੋਣਾ ਹੈ। ਸਟਰੇਟ ਆਫ ਹਾਰਮੂਜ਼ ਰਾਹੀਂ ਭਾਰਤ ਦੇ ਤੇਲ ਤੇ ਗੈਸ ਦਾ ਕਾਫੀ ਹਿੱਸਾ ਆਉਂਦਾ ਹੈ ਤੇ ਉਸਨੂੰ ਬੰਦ ਕਰ ਦੇਣ ਰਾਹੀਂ ਇਸ ਸਪਲਾਈ 'ਚ ਵਿਘਨ ਪੈਣਾ ਸ਼ੁਰੂ ਹੋ ਚੁੱਕਿਆ ਹੈ। ਦੁਨੀਆਂ ਭਰ 'ਚ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ ਤੇ ਦੇਸ਼ ਅੰਦਰ ਤਾਂ ਰਸੋਈ ਗੈਸ ਦੀ ਕਿੱਲਤ ਦਾ ਸੰਕਟ ਵੀ ਸ਼ੁਰੂ ਹੋ ਗਿਆ ਹੈ। ਇਸਨੇ ਲੋਕਾਂ ਨੂੰ ਮਹਿੰਗਾਈ ਸਮੇਤ ਨਵੀਆਂ ਦੁਸ਼ਵਾਰੀਆਂ ਦੇ ਮੂੰਹ ਧੱਕਣਾ ਹੈ। ਇਰਾਨ ਭਾਰਤ ਦਾ ਪੁਰਾਣਾ ਤੇ ਰਵਾਇਤੀ ਵਪਾਰਕ ਸਾਂਝ ਵਾਲਾ ਨੇੜਲਾ ਗੁਆਂਢੀ ਮੁਲਕ ਹੈ। ਇਸ ਖਿੱਤੇ 'ਚ ਇਹ ਊਰਜਾ ਲੋੜਾਂ, ਵਪਾਰ ਤੇ ਹੋਰ ਕਈ ਤਰ੍ਹਾਂ ਨਾਲ ਜੁੜ੍ਹਿਆ ਹੋਇਆ ਹੈ। ਪਰ ਇਸ ਨਾਲ ਪਿਛਲੇ ਸਾਲਾਂ ਤੋਂ ਰਲਕੇ ਵਿਕਸਿਤ ਕੀਤੀ ਜਾ ਰਹੀ ਚਾਬਹਾਰ ਬੰਦਰਗਾਹ ਵੀ ਭਾਰਤ ਨੇ ਅਮਰੀਕੀ ਘੁਰਕੀ ਕਾਰਨ ਰੋਕ ਲਈ ਹੈ ਜਦਕਿ ਭਾਰਤ ਲਈ ਵਪਾਰ ਦੇ ਨਜ਼ਰੀਏ ਤੋਂ ਇਹ ਅਹਿਮ ਪ੍ਰੋਜੈਕਟ ਬਣਦਾ ਸੀ। ਇਉਂ ਹੀ ਭਾਰਤ ਨੇ 2019 'ਚ ਅਮਰੀਕਾ ਦੀਆਂ ਹਦਾਇਤਾਂ 'ਤੇ ਇਰਾਨ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਸੀ। ਇਸ ਤੇਲ ਦਾ ਭੁਗਤਾਨ ਡਾਲਰਾਂ 'ਚ ਵੀ ਕਰਨ ਦੀ ਜ਼ਰੂਰਤ ਨਹੀਂ ਸੀ ਪਰ ਮੋਦੀ ਸਰਕਾਰ ਨੇ ਉਦੋਂ ਵੀ ਕੌਮੀ ਹਿਤਾਂ ਦੀ ਬਜਾਏ ਅਮਰੀਕੀ ਸਾਮਰਾਜੀ ਲੋੜਾਂ ਦੀ ਤਾਬਿਆ 'ਚ ਰਹਿਣਾ ਜ਼ਰੂਰੀ ਸਮਝਿਆ ਸੀ।
ਭਾਰਤੀ ਹਾਕਮਾਂ ਨੇ ਪਿਛਲੇ ਸਮੇਂ ਤੋਂ ਅਮਰੀਕੀ ਇਜ਼ਰਾਇਲੀ ਜੁੰਡਲੀ ਨਾਲ ਟੋਚਨ ਹੋਣ ਦਾ ਰਾਹ ਫੜ੍ਹਿਆ ਹੋਇਆ ਹੈ। ਬਦਨਾਮ ਤੇ ਦਹਿਸ਼ਤਗਰਦ ਇਜ਼ਰਾਇਲੀ ਰਾਜ ਨਾਲ ਵਿਸ਼ੇਸ਼ ਕਰਕੇ ਨੇੜਤਾ ਉਸਾਰੀ ਗਈ ਹੈ। ਮੋਦੀ ਰਾਜ ਇਸ ਮਾਮਲੇ 'ਚ ਹੋਰ ਵੀ ਚੱਕਵਾਂ ਚੱਲਿਆ ਹੈ। ਆਰ.ਐਸ.ਐਸ. ਵੀ ਜਿਉਨਵਾਦੀ ਰਾਜ ਦੀ ਧਾਰਨਾ ਤੋਂ ਪ੍ਰੇਰਨਾ ਲੈ ਕੇ ਮੁਲਕ 'ਚ ਹਿੰਦੂ ਰਾਜ ਬਣਾਉਣ ਦਾ ਸੱਦਾ ਦਿੰਦੀ ਰਹੀ ਹੈ। ਏਸੇ ਵਿਰਾਸਤ 'ਤੇ ਪਹਿਰਾ ਦਿੰਦਿਆਂ ਮੋਦੀ ਸਰਕਾਰ ਇਜ਼ਰਾਇਲੀ ਰਾਜ ਨਾਲ ਆਰਥਿਕ ਤੇ ਫੌਜੀ ਖੇਤਰਾਂ 'ਚ ਨੇੜਲੇ ਸੰਬੰਧ ਵਿਕਸਿਤ ਕਰ ਰਹੀ ਹੈ। ਮੋਦੀ ਸਰਕਾਰ ਇਸ ਰਾਜ ਤੋਂ ਲੋਕਾਂ ਦੀ ਜਾਸੂਸੀ ਦੇ ਢੰਗ ਤੇ ਤਕਨੀਕ ਹਾਸਿਲ ਕਰ ਰਹੀ ਹੈ। ਬਦਨਾਮ ਇਜ਼ਰਾਇਲੀ ਸੂਹੀਆ ਏਜੰਸੀ ਮੌਸਾਦ ਤੋਂ ਭਾਰਤੀ ਪੁਲਿਸ ਤੇ ਹੋਰ ਅਧਿਕਾਰੀਆਂ ਨੂੰ ਟ੍ਰੇਨਿੰਗ ਕਰਵਾਈ ਜਾਂਦੀ ਹੈ। ਭਾਰਤੀ ਦਲਾਲ ਸਰਮਾਏਦਾਰ ਤੇ ਮੋਦੀ ਦੇ ਖਾਸਮ-ਖਾਸ ਅਡਾਨੀ ਵੱਲੋਂ ਇਜ਼ਰਾਇਲ ਨੂੰ ਡਰੋਨ ਬਣਾ ਕੇ ਦਿੱਤੇ ਜਾ ਰਹੇ ਹਨ। ਇਹ ਅਡਾਨੀ ਤੇ ਇਜ਼ਰਾਇਲੀ ਕੰਪਨੀ ਦਾ ਸਾਂਝਾ ਕਾਰੋਬਾਰ ਹੈ। ਇਉਂ ਗਾਜ਼ਾ ਦੇ ਬੱਚਿਆਂ ਦੇ ਲਹੂ 'ਚ ਅਡਾਨੀ ਤੇ ਮੋਦੀ ਦੇ ਹੱਥ ਵੀ ਰੰਗੇ ਹੋਏ ਹਨ। ਅਕਤੂਬਰ 2023 ਦੇ ਹਮਾਸ ਹਮਲੇ ਤੋਂ ਮਗਰੋਂ ਅਤੇ ਫਿਰ ਇਜ਼ਰਾਇਲ ਦੇ ਗਾਜ਼ਾ 'ਤੇ ਵਰਸਾਏ ਕਹਿਰ ਦਰਮਿਆਨ ਭਾਰਤੀ ਹਾਕਮ ਇਜ਼ਰਾਇਲ ਅੰਦਰ ਮਜ਼ਦੂਰਾਂ ਦੀ ਕਮੀ ਪੂਰਤੀ ਲਈ ਇੱਥੋਂ ਮਜ਼ਦੂਰ ਭੇਜਣ ਲਈ ਮੂਹਰੇ ਆਏ ਹਨ। ਪਹਿਲਾਂ ਇਜ਼ਰਾਇਲ ਦੀ ਸਥਾਪਨਾ ਦੇ ਦਹਾਕਿਆਂ ਮਗਰੋਂ ਵੀ ਭਾਰਤੀ ਰਾਜ ਨੇ ਇਜ਼ਰਾਇਲ ਨੂੰ ਮਾਨਤਾ ਨਹੀਂ ਸੀ ਦਿੱਤੀ ਹੋਈ। 90ਵਿਆਂ ਤੋਂ ਇਜ਼ਰਾਇਲ ਨਾਲ ਸੰਬੰਧਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਇਸ ਸਦੀ 'ਚ ਤੇਜ਼ੀ ਨਾਲ ਅੱਗੇ ਵਧਿਆ ਹੈ। ਇਸੇ ਕਰਕੇ ਹੁਣ ਭਾਰਤੀ ਹਾਕਮ ਫ਼ਲਸਤੀਨੀ ਕਾਜ਼ ਦੀ ਹਮਾਇਤ ਦੇ ਰਸਮੀ ਪੈਂਤੜੇ ਨੂੰ ਵੀ ਛੱਡ ਚੁੱਕੇ ਹਨ।
ਭਾਰਤੀ ਰਾਜ ਇਸ ਸਦੀ ਦੇ ਸ਼ੁਰੂ ਤੋਂ ਅਮਰੀਕੀ ਸਾਮਰਾਜ ਦੀਆਂ ਯੁੱਧਨੀਤਿਕ ਵਿਉਂਤਾਂ ਨਾਲ ਟੋਚਨ ਹੋ ਕੇ ਚੱਲਣ ਦੇ ਰਾਹ ਪਿਆ ਹੋਇਆ ਹੈ। ਉਸਦੀਆਂ ਸੰਸਾਰ ਯੁੱਧਨੀਤਿਕ ਲੋੜਾਂ ਦੀ ਪੂਰਤੀ ਲਈ ਹਰ ਤਰ੍ਹਾਂ ਪੇਸ਼ ਹੋ ਰਿਹਾ ਹੈ ਤੇ ਉਸ ਤੋਂ ਭਾਰਤੀ ਉਪ ਮਹਾਂਦੀਪ ਦੇ ਖਿੱਤੇ 'ਚ ਥਾਣੇਦਾਰੀ ਵਾਲੀ ਹੈਸੀਅਤ ਹਾਸਿਲ ਕਰਨ ਦੀ ਤਵੱਕੋਂ ਕਰਦਾ ਹੈ। ਇਹ ਹੈਸੀਅਤ ਅਮਰੀਕੀ ਸਾਮਰਾਜੀ ਸਰਪ੍ਰਸਤੀ 'ਚ ਬਣ ਸਕਦੀ ਹੈ। ਇਹ ਵੱਖਰਾ ਮਾਮਲਾ ਹੈ ਕਿ ਇਉਂ ਟੋਚਨ ਹੋ ਕੇ ਚੱਲਣ ਦਾ ਸਿੱਟਾ ਹੁਣ ਟਰੰਪ ਵੱਲੋਂ ਕਈ ਮਾਮਲਿਆਂ 'ਚ ਭਾਰਤੀ ਹਾਕਮਾਂ ਦੀ ਬਾਂਹ ਮਰੋੜਨ ਦੀ ਸਹੂਲਤ ਵਜੋਂ ਵੀ ਸਾਹਮਣੇ ਆ ਰਿਹਾ ਹੈ। ਰੂਸ ਤੋਂ ਤੇਲ ਨਾ ਖਰੀਦਣ ਤੇ ਭਾਰਤ 'ਤੇ ਇੱਕਪਾਸੜ ਵਪਾਰ ਸਮਝੌਤਾ ਮੜ੍ਹਨ ਦੀ ਨਿਸ਼ੰਗ ਧੱਕੜ ਕਾਰਵਾਈ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ। ਅਮਰੀਕੀ ਸਾਮਰਾਜ ਦੀ ਚਾਕਰੀ ਵਧਾਉਂਦੇ ਜਾਣ ਦੀ ਭਾਰਤੀ ਹਾਕਮਾਂ ਦੀ ਇਹ ਨੀਤੀ ਭਾਰਤੀ ਹਾਕਮ ਜਮਾਤਾਂ ਵੱਲੋਂ ਆਜ਼ਾਦਾਨਾ ਵਿਦੇਸ਼ ਨੀਤੀ ਦੇ ਪੁਰਾਣੇ ਦਾਅਵਿਆਂ ਨੂੰ ਰਸਮੀ ਤੌਰ 'ਤੇ ਤਿਆਗਣ ਵਰਗੀ ਹੈ। ਇਹ ਨੀਤੀ ਮੱਧ ਪੂਰਬ ਦੀ ਅਮਰੀਕੀ ਫ਼ੌਜੀ ਚੌਂਕੀ ਇਜ਼ਰਾਇਲ ਨਾਲ ਵੀ ਨੇੜਤਾ ਦੀ ਵਜ੍ਹਾ ਹੈ।
ਅਮਰੀਕੀ ਇਜ਼ਰਾਇਲੀ ਜੰਗਬਾਜ਼ ਗੁੱਟ ਨਾਲ ਅਜਿਹੀ ਨੇੜਤਾ ਭਾਰਤੀ ਲੋਕਾਂ ਦੇ ਹਿਤਾਂ ਖ਼ਿਲਾਫ਼ ਹੈ। ਇਹ ਭਾਰਤੀ ਦਲਾਲ ਸਰਮਾਏਦਾਰਾਂ ਦੀਆਂ ਆਪਣੀਆਂ ਗਿਣਤੀਆਂ ਤੇ ਲੋੜਾਂ ਅਨੁਸਾਰ ਹੈ ਤੇ ਕੌਮੀ ਹਿਤਾਂ ਦੀ ਕੀਮਤ 'ਤੇ ਹੈ। ਇਹ ਕੀਮਤ ਭਾਰਤੀ ਲੋਕਾਂ ਵੱਲੋਂ ਤਾਰੀ ਜਾ ਰਹੀ ਹੈ। ਅਮਰੀਕਾ ਵੱਲੋਂ ਰੂਸ ਤੋਂ ਸਸਤਾ ਮਿਲਦਾ ਤੇਲ ਖਰੀਦਣ 'ਤੇ ਪਾਬੰਦੀ ਅਤੇ ਭਾਰਤ 'ਤੇ ਮੜ੍ਹਿਆ ਜਾ ਰਿਹਾ ਵਪਾਰ ਸਮਝੌਤਾ ਤਾਂ ਇਸਦੀਆਂ ਜਮ੍ਹਾਂ ਸੱਜਰੀਆਂ ਉਦਹਾਰਨਾਂ ਹਨ। ਉਂਝ ਅਮਰੀਕੀ ਸਾਮਰਾਜੀ ਲੁੱਟ ਦੇ ਪੰਜੇ ਮੁਲਕ ਦੀ ਆਰਥਿਕਤਾ 'ਤੇ ਆਪਣੀ ਜਕੜ ਆਏ ਦਿਨ ਮਜ਼ਬੂਤ ਕਰ ਰਹੇ ਹਨ ਤੇ ਮੁਲਕ ਦੇ ਲੋਕਾਂ ਤੇ ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ ਨੂੰ ਅੰਜ਼ਾਮ ਦੇ ਰਹੇ ਹਨ। ਇਸ ਨੇੜਤਾ ਦੀ ਕੀਮਤ ਭਾਰਤ ਨੂੰ ਗੁਆਂਢੀ ਮੁਲਕਾਂ ਨਾਲ ਤੇ ਸੰਸਾਰ ਰਿਸ਼ਤਿਆਂ ਦੇ ਵਿਗਾੜ ਦੇ ਰੂਪ 'ਚ ਚੁਕਾਉਣੀ ਪੈ ਰਹੀ ਹੈ। ਇਸ ਵਿਗਾੜ 'ਚ ਭਾਰਤੀ ਹਾਕਮਾਂ ਦੀ ਆਪਣੀ ਹਿੰਦੂਤਵਾ ਰਾਸ਼ਟਰਵਾਦ ਦੀ ਨੀਤੀ ਤੇ ਆਪਣੇ ਪਸਾਰਵਾਦੀ ਹਿਤਾਂ ਦੀ ਭੂਮਿਕਾ ਵੀ ਹੈ। ਜਿਹੜੀ ਅਮਰੀਕੀ ਸਰਪ੍ਰਸਤੀ ਹੇਠ ਆਂਢ-ਗੁਆਂਢ 'ਚ ਪੈਰ ਪਸਾਰਨ ਦੀ ਲਾਲਸਾ ਰੱਖਦੀ ਹੈ। ਅਮਰੀਕੀ ਸਾਮਰਾਜ ਨਾਲ ਤੇ ਉਸ ਤੋਂ ਅਗਾਂਹ ਘੋਰ ਜਾਬਰ ਇਜ਼ਰਾਇਲੀ ਰਾਜ ਨਾਲ ਇਹ ਨੇੜਤਾ ਸਾਡੇ ਮੁਲਕ ਨੂੰ ਦੁਨੀਆਂ ਭਰ 'ਚ ਇਹਨਾਂ ਦੀ ਲੁੱਟ ਜਬਰ ਖ਼ਿਲਾਫ਼ ਜੂਝਦੀ ਲੋਕਾਈ ਦੇ ਨਿਸ਼ਾਨਿਆਂ 'ਚ ਸ਼ੁਮਾਰ ਕਰਦੀ ਹੈ। ਖਾਸ ਕਰਕੇ ਮੱਧ ਪੂਰਬ 'ਚ ਜੂਝ ਰਹੀਆਂ ਕੌਮਾਂ ਤੇ ਹੋਰ ਟਾਕਰਾ ਸ਼ਕਤੀਆਂ ਦੇ ਨਿਸ਼ਾਨੇ 'ਤੇ ਲੈ ਕੇ ਆਉਂਦੀ ਹੈ। 2008 'ਚ ਹੋਏ ਬੰਬਈ ਹਮਲੇ ਤੇ 2016 'ਚ ਪਠਾਨਕੋਟ ਏਅਰਬੇਸ 'ਤੇ ਹਮਲਾ ਏਸੇ ਨੇੜਤਾ ਦੇ ਸਿੱਟੇ ਹਨ। ਅਮਰੀਕੀ ਇਜ਼ਰਾਇਲੀ ਜੁੰਡਲੀ ਨਾਲ ਇਹ ਨੇੜਲੇ ਸੰਬੰਧ ਭਾਰਤੀ ਲੋਕਾਂ ਨੂੰ ਬਹੁਤ ਮਹਿੰਗੇ ਪੈਣੇ ਹਨ। ਮੌਸਾਦ ਵਰਗੇ ਬਦਨਾਮ ਸੂਹੀਆ ਤੰਤਰਾਂ ਦੀ ਮੁਲਕ ਅੰਦਰ ਦਖ਼ਲ-ਅੰਦਾਜ਼ੀ ਨੇ ਲੋਕਾਂ ਦੇ ਘੋਲਾਂ ਖਿਲਾਫ਼ ਭੁਗਤਣਾ ਹੈ। ਅਜਿਹੀਆਂ ਏਜੰਸੀਆਂ ਨਾਲ ਭਾਰਤੀ ਰਾਜ ਦੇ ਸੰਪਰਕ ਲੋਕਾਂ ਲਈ ਵਧ ਰਹੇ ਖਤਰਿਆਂ ਦੀ ਘੰਟੀ ਹਨ।
ਮੁਲਕ ਅੰਦਰ ਸਾਮਰਾਜੀ ਆਰਥਿਕ ਧਾਵੇ ਦਾ ਵਿਰੋਧ ਕਰਦੀਆਂ ਸਭਨਾਂ ਲੋਕ ਪੱਖੀ ਤੇ ਸਾਮਰਾਜ ਵਿਰੋਧੀ ਤਾਕਤਾਂ ਦਾ ਇਹ ਕਾਰਜ ਹੈ ਕਿ ਉਹ ਨਾ ਸਿਰਫ਼ ਇਰਾਨ 'ਤੇ ਅਮਰੀਕੀ ਸਾਮਰਾਜੀ ਹੱਲੇ ਦਾ ਵਿਰੋਧ ਕਰਨ ਸਗੋਂ ਭਾਰਤੀ ਹਾਕਮਾਂ ਨੂੰ ਵੀ ਇਸਦਾ ਵਿਰੋਧ ਕਰਨ ਲਈ ਮਜ਼ਬੂਰ ਕਰਨ ਵਾਸਤੇ ਦਬਾਅ ਬਣਾਉਣ। ਅਮਰੀਕੀ ਇਜ਼ਰਾਇਲੀ ਗੁੱਟ ਨਾਲ ਖੜ੍ਹਨ ਤੋਂ ਵਰਜਣ ਤੇ ਇਰਾਨ ਦੀ ਹਮਾਇਤ ਕਰਨ ਲਈ ਦਬਾਅ ਲਾਮਬੰਦ ਕਰਨ। ਭਾਰਤ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਅਮਰੀਕੀ ਸਾਮਰਾਜੀ ਯੁੱਧਨੀਤਿਕ ਵਿਉਂਤਾਂ ਦਾ ਹੱਥਾ ਬਣਨ ਦੀ ਨੀਤੀ ਰੱਦ ਕੀਤੀ ਜਾਵੇ, ਇਜ਼ਰਾਇਲ ਨਾਲ ਸਾਰੇ ਸੰਬੰਧ ਖਤਮ ਕੀਤੇ ਜਾਣ ਤੇ ਮੁਲਕ ਅੰਦਰੋਂ ਇਜ਼ਰਾਇਲੀ ਸਫ਼ਾਰਤਖਾਨਾ ਬੰਦ ਕੀਤਾ ਜਾਵੇ। ਅਮਰੀਕਾ ਨਾਲ ਕੀਤੀਆਂ ਸਾਰੀਆਂ ਫੌਜੀ ਸੰਧੀਆਂ ਰੱਦ ਕੀਤੀਆਂ ਜਾਣ। ਕੌਮੀ ਹਿੱਤਾਂ ਅਨੁਸਾਰ ਵਿਦੇਸ਼ ਨੀਤੀ ਅਖਤਿਆਰ ਕੀਤੀ ਜਾਵੇ ਤੇ ਸਾਮਰਾਜੀ ਹਿੱਤਾਂ ਅਨੁਸਾਰ ਚੱਲਦੀ ਵਿਦੇਸ਼ ਨੀਤੀ ਰੱਦ ਕੀਤੀ ਜਾਵੇ।
ਭਾਰਤੀ ਲੋਕਾਂ ਨੂੰ ਇਹ ਦਰਸਾਉਣ ਦੀ ਲੋੜ ਹੈ ਅਮਰੀਕੀ ਸਾਮਰਾਜ ਆਪਣੀ ਲੁੱਟ ਤੇ ਦਾਬਾ ਸਾਡੇ ਵਰਗੇ ਮੁਲਕਾਂ 'ਤੇ ਮੜ੍ਹਨ ਲਈ ਹਰ ਢੰਗ ਵਰਤ ਰਿਹਾ ਹੈ। ਜਿਹੜੇ ਹਾਕਮ ਇਹ ਧੌਂਸ 'ਤੇ ਦਾਬਾ ਪ੍ਰਵਾਨ ਨਹੀਂ ਕਰਦੇ ਤੇ ਆਪਣੇ ਕੌਮੀ ਹਿਤਾਂ ਲਈ ਖੜ੍ਹ ਜਾਂਦੇ ਹਨ,ਉਹਨਾਂ ਨਾਲ ਖੇਮਨੇਈ ਤੇ ਮਾਦੁਰੋ ਵਾਲਾ ਸਲੂਕ ਹੁੰਦਾ ਹੈ ਤੇ ਇਰਾਨ ਵਾਂਗ ਫੌਜੀ ਹਮਲੇ ਹੁੰਦੇ ਹਨ। ਜਿਹੜੇ ਮੋਦੀ, ਸ਼ਾਹ ਵਰਗੇ ਸਾਮਰਾਜੀਆਂ ਮੂਹਰੇ ਵਿਛ ਜਾਂਦੇ ਹਨ, ਉੱਥੇ ਸਮਝੌਤੇ ਸੰਧੀਆਂ ਮੜ੍ਹੇ ਜਾਂਦੇ ਹਨ ਤੇ ਕਿੱਥੋਂ ਕੀ ਖਰੀਦਣ ਬਾਰੇ ਹਦਾਇਤਾਂ ਕੀਤੀਆਂ ਜਾਂਦੀਆਂ ਹਨ। ਮੁਲਕ ਨਿਸੰਗ ਹੋ ਕੇ ਲੁਟਿਆ ਜਾਂਦਾ ਹੈ। ਸਾਮਰਾਜ ਨਾਲ ਭਾਰਤੀ ਲੋਕਾਂ ਤੇ ਇਰਾਨੀ ਲੋਕਾਂ ਦੀ ਦੁਸ਼ਮਣੀ ਸਾਂਝੀ ਹੈ। ਇਸ ਲਈ ਸਾਮਰਾਜਵਾਦ ਖ਼ਿਲਾਫ਼ ਜੂਝਦਿਆਂ ਇਰਾਨ 'ਤੇ ਸਾਮਰਾਜੀ ਹੱਲੇ ਦਾ ਵਿਰੋਧ ਕਰਨਾ ਸਾਡਾ ਕਾਰਜ ਤੇ ਫਰਜ਼ ਹੈ।
--0--- (12 ਮਾਰਚ,2026)
No comments:
Post a Comment