Sunday, March 22, 2026

ਇਰਾਨ ਜੰਗ ਸਾਮਰਾਜੀ ਹੱਲੇ ਖਿਲਾਫ਼ ਕੌਮੀ ਟਾਕਰਾ ਜੰਗ ਹੈ

 ਇਰਾਨ ਜੰਗ ਸਾਮਰਾਜੀ ਹੱਲੇ ਖਿਲਾਫ਼ ਕੌਮੀ ਟਾਕਰਾ ਜੰਗ ਹੈ


ਇਰਾਨ 'ਤੇ ਅਮਰੀਕੀ ਹਮਲਾ ਇਰਾਨੀ ਕੌਮ ਦੀ ਪ੍ਰਭੂਸੱਤਾ ਦੇ ਹੱਕ 'ਤੇ ਸਾਮਰਾਜੀ ਹਮਲਾ ਹੈ। ਇਰਾਨੀ ਕੌਮ ਅਮਰੀਕੀ ਸਾਮਰਾਜੀ ਕਬਜ਼ੇ ਤੋਂ ਮਾਤ ਭੂਮੀ ਦੀ ਰਾਖੀ ਲਈ ਜੂਝ ਰਹੀ ਹੈ ਤੇ ਦੁਨੀਆ ਭਰ ਦੇ ਲੋਕਾਂ ਦੀ ਹਮਾਇਤ ਦੀ ਹੱਕਦਾਰ ਹੈ। ਇਰਾਨੀ ਕੌਮ ਦੁਨੀਆਂ ਭਰ 'ਚ ਸਾਮਰਾਜੀ ਦਾਬੇ ਤੇ ਲੁੱਟ ਖਿਲਾਫ਼ ਜੂਝ ਰਹੀਆਂ ਕੌਮਾਂ ਦੀ ਕਤਾਰ 'ਚ ਸ਼ਾਮਿਲ ਹੈ। ਅਮਰੀਕੀ ਸਾਮਰਾਜੀਆਂ ਵੱਲੋਂ ਇਰਾਨੀ ਲੋਕਾਂ ਨੂੰ ਇਸ ਮੌਜੂਦਾ ਰਾਜ ਤੋਂ ਮੁਕਤ ਕਰਾਉਣ ਦੇ ਦਾਅਵੇ ਝੂਠੇ ਤੇ ਦੰਭੀ ਹਨ। ਹਕੀਕਤ 'ਚ ਇਹ ਹਮਲਾ ਇਰਾਨ 'ਤੇ ਕਬਜ਼ਾ ਕਰਨ, ਇਸਨੂੰ ਕੰਟਰੋਲ ਕਰਕੇ ਇਸਦੇ ਸੋਮਿਆਂ ਸਰੋਤਾਂ ਦੀ ਲੁੱਟ ਕਰਨ ਤੇ ਮੱਧ ਪੂਰਬ ਵਿੱਚ ਆਪਣੀ ਲੋਟੂ ਜਕੜ ਨੂੰ ਮਜ਼ਬੂਤ ਕਰਨ ਦੀ ਅਮਰੀਕੀ ਸਾਮਰਾਜੀ ਵਿਉਂਤ ਹੈ। ਇਉਂ ਇਹ ਸਾਮਰਾਜੀ ਧਾਵਾ ਨਿਹੱਕਾ ਹੈ ਜਦਕਿ ਇਰਾਨੀ ਕੌਮੀ ਟਾਕਰਾ ਹੱਕੀ ਹੈ। 

ਇਰਾਨ ਦਾ ਮੌਜੂਦਾ ਰਾਜ ਇਸ ਅਮਰੀਕੀ ਇਜ਼ਰਾਇਲੀ ਹਮਲੇ ਦੇ ਖ਼ਿਲਾਫ਼ ਖੜ੍ਹਾ ਹੈ। ਉਸਨੇ ਅਮਰੀਕੀ ਸਾਮਰਾਜੀਆਂ ਮੂਹਰੇ ਝੁਕਣੋਂ ਇਨਕਾਰ ਕਰ ਦਿੱਤਾ ਹੈ ਤੇ ਕੌਮੀ ਹਿਤਾਂ ਦੀ ਰਾਖੀ ਲਈ ਖੜ੍ਹ ਗਿਆ ਹੈ। ਉਹ ਵੀ ਇਰਾਨੀ ਲੋਕਾਂ ਨਾਲ ਰਲ਼ ਕੇ ਸੰਸਾਰ ਦੀਆਂ ਸਾਮਰਾਜ ਵਿਰੋਧੀ ਤਾਕਤਾਂ ਦੀ ਕਤਾਰਬੰਦੀ 'ਚ ਸ਼ਾਮਿਲ ਹੈ। ਅਮਰੀਕੀ ਹਮਲੇ ਨੇ ਇੱਕ ਵਾਰ ਇਰਾਨ ਅੰਦਰ ਲੋਕਾਂ ਦੇ ਦੁਸ਼ਮਣਾਂ ਤੇ ਸੰਗੀਆਂ ਦੀ ਕਤਾਰਬੰਦੀ ਬਦਲ ਦਿੱਤੀ ਹੈ ਕਿਉਂਕਿ ਲੋਕਾਂ ਦੀ ਇਰਾਨੀ ਰਾਜ ਨਾਲ  ਵਿਰੋਧਤਾਈ ਦੇ ਮੁਕਾਬਲੇ ਸਾਮਰਾਜੀ ਹਮਲੇ ਦਾ ਟਾਕਰਾ ਪ੍ਰਮੁੱਖ ਪਹਿਲੂ ਬਣ ਗਿਆ ਹੈ।  ਇਰਾਨੀ ਕੌਮ ਤੇ ਬਾਹਰੀ ਸਾਮਰਾਜੀ ਤਾਕਤ ਦਰਮਿਆਨ ਜੰਗ ਹਾਲਤ ਦਾ ਮੁੱਖ ਪਹਿਲੂ ਹੈ। ਹੁਣ ਇਰਾਨ ਅੰਦਰ ਤਾਕਤਾਂ ਦੀ ਕਤਾਰਬੰਦੀ ਇਸ ਮੁਖ ਪੱਖ ਅਨੁਸਾਰ ਤੈਅ ਹੁੰਦੀ ਹੈ। 

1979 'ਚ ਅਮਰੀਕੀ ਪਿੱਠੂ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਨੂੰ ਉਲਟਾ ਕੇ ਇਰਾਨ ਅੰਦਰ ਮੌਜੂਦਾ ਰਾਜ ਹੋਂਦ ਵਿੱਚ ਆਇਆ ਸੀ। ਇਸਲਾਮਿਕ ਇਨਕਲਾਬ ਵਜੋਂ ਜਾਣੀ ਜਾਂਦੀ ਇਸ ਬਗ਼ਾਵਤ ਵਿੱਚ ਇਰਾਨ ਦੀਆਂ ਜਮਹੂਰੀ ਤੇ ਅਗਾਂਹਵਧੂ ਤਾਕਤਾਂ ਵੀ ਸ਼ਾਮਿਲ ਸਨ ਤੇ ਉਹ ਨਵੇਂ ਬਣੇ ਰਾਜ ਦਾ ਵੀ ਹਿੱਸਾ ਸਨ। ਪਰ ਬੁਨਿਆਦੀ ਤੌਰ 'ਤੇ ਇਹ ਪਿਛਾਖੜੀ ਰਾਜ ਹੀ ਸੀ। ਅਮਰੀਕੀ ਹਮਲੇ ਤੋਂ ਪਹਿਲਾਂ ਤੱਕ ਇਰਾਨ ਦੇ ਦੱਬੇ ਕੁਚਲੇ ਲੋਕਾਂ ਲਈ ਇਸ ਰਾਜ ਖਿਲਾਫ਼ ਜੱਦੋਜਹਿਦ ਦਾ ਕਾਰਜ ਹੀ ਪ੍ਰਮੁੱਖ ਕਾਰਜ ਸੀ ਪਰ ਸਾਮਰਾਜੀ ਹਮਲੇ ਨਾਲ ਵਿਰੋਧਤਾਈਆਂ ਦੀ ਹਾਲਤ ਤਬਦੀਲ ਹੋ ਗਈ ਹੈ।  ਇਸ ਰਾਜ ਦੇ ਧਾਰਮਿਕ ਪਿਛਾਖੜੀ ਪਹਿਲੂ ਦੇ ਬਾਵਜੂਦ ਇਹ ਇਸ ਵੇਲੇ ਸੰਸਾਰ ਦੇ ਲੋਕਾਂ ਦੇ ਸਾਮਰਾਜ ਵਿਰੋਧੀ ਖੇਮੇ 'ਚ ਸ਼ਾਮਿਲ ਹੈ। ਇਸ ਵੇਲੇ ਰਾਜ ਤੇ ਕਾਬਜ਼ ਸ਼ਕਤੀਆਂ ਦੇ ਕਿਰਦਾਰ ਨਾਲੋਂ ਇਹਨਾਂ ਦਾ ਬਾਹਰਮੁਖੀ ਰੋਲ ਪ੍ਰਮੁੱਖਤਾ ਹਾਸਿਲ ਕਰ ਗਿਆ ਹੈ। ਇਰਾਨੀ ਰਾਜ ਸਾਮਰਾਜੀ  ਫ਼ੌਜੀ  ਧਾਵੇ ਖਿਲਾਫ਼ ਡੱਟ ਗਿਆ ਹੈ ਤੇ ਉਸਦੇ ਲੀਡਰ ਨੇ ਕੌਮੀ ਹਿੱਤਾਂ ਲਈ ਸ਼ਹਾਦਤ ਦਿੱਤੀ ਹੈ। ਇਸ ਵੇਲੇ ਇਰਾਨੀ ਕੌਮ ਤੇ ਹਮਲਾਵਰ ਸਾਮਰਾਜੀ ਤਾਕਤ ਦਰਮਿਆਨ ਵਿਰੋਧਤਾਈ ਮੁੱਖ ਪੱਖ ਬਣ ਗਈ ਹੈ। ਇਰਾਨ ਅੰਦਰਲੇ ਰਾਜ ਦਾ ਮਸਲਾ  ਇਰਾਨੀ ਕੌਮ ਦਾ ਅੰਦਰੂਨੀ ਮਸਲਾ ਹੈ , ਇਸ 'ਚ ਕਿਸੇ ਬਾਹਰੀ ਸਾਮਰਾਜੀ ਤਾਕਤ ਨੂੰ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ ਹਾਲਾਂਕਿ ਇਹ ਦਖਲ-ਅੰਦਾਜ਼ੀ ਵੀ ਜ਼ਾਹਰਾ ਤੌਰ 'ਤੇ ਹੀ ਮੁਲਕ ਨੂੰ ਲੁੱਟਣ ਤੇ ਮੱਧ ਪੂਰਬ ਨੂੰ ਲੁੱਟਣ ਦੇ ਮਨਸੂਬਿਆਂ ਦੀ ਵਿਉਂਤ ਤਹਿਤ ਹੋ ਰਹੀ ਹੈ। 

ਇਰਾਨੀ ਕੌਮ ਇਸ ਵੇਲੇ ਸਿੱਧੇ ਸਾਮਰਾਜੀ  ਫ਼ੌਜੀ  ਹਮਲੇ ਖਿਲਾਫ਼ ਲੜ ਰਹੀ ਹੈ। ਸਾਮਰਾਜੀ ਹਮਲੇ ਤੋਂ ਮਾਤ ਭੂਮੀ ਦੀ ਰਾਖੀ ਇਰਾਨੀ ਕੌਮ ਦਾ ਪਹਿਲਾ ਸਰੋਕਾਰ ਹੈ ਜਦਕਿ ਆਪਣੇ ਰਾਜ ਦੇ ਅੰਦਰੂਨੀ ਮਸਲੇ ਨੂੰ ਉਸਨੇ ਇਹ ਰਾਖੀ ਕਰਨ ਮਗਰੋਂ ਵੱਖਰੇ ਤੌਰ 'ਤੇ ਨਜਿੱਠਣਾ ਹੈ। ਇਹ ਮੌਜੂਦਾ ਹਕੀਕਤ ਹੀ ਇਰਾਨ ਅੰਦਰ ਤਾਕਤਾਂ ਦੀ ਕਤਾਰਬੰਦੀ ਨੂੰ ਤੈਅ ਕਰ ਰਹੀ ਹੈ। ਅਮਰੀਕੀ ਸਾਮਰਾਜੀ ਧਾਵੇ ਦੇ ਪੱਖ 'ਚ ਖੜ੍ਹਨ ਵਾਲੇ ਇਸ ਵੇਲੇ ਕੌਮੀ ਗੱਦਾਰਾਂ 'ਚ ਸ਼ੁਮਾਰ ਹਨ ਜਦਕਿ ਧਾਰਮਿਕ ਤੇ ਪਿਛਾਖੜੀ ਵਿਚਾਰਾਂ ਵਾਲੇ ਹਿੱਸੇ ਸਾਮਰਾਜ ਵਿਰੋਧੀ ਕੌਮੀ ਟਾਕਰੇ ਦੇ ਪੈਂਤੜੇ 'ਤੇ ਆ ਜਾਣ ਕਰਕੇ ਕੌਮੀ ਤਾਕਤਾਂ 'ਚ ਸ਼ੁਮਾਰ ਹੁੰਦੇ ਹਨ। ਇਹ ਅਮਰੀਕੀ ਹਮਲੇ ਦੀ ਸਥਿਤੀ ਹੈ ਜਿਸ ਨੇ ਇਰਾਨ ਅੰਦਰ ਕੌਮੀ ਜਮਹੂਰੀ ਤੇ ਹੋਰ ਵੱਖ ਵੱਖ ਤਰ੍ਹਾਂ ਦੇ ਹਿੱਸਿਆਂ ਨੂੰ ਵੀ ਇਰਾਨੀ ਰਾਜ ਨਾਲ ਖੜ੍ਹਾ ਕਰ ਦਿੱਤਾ ਹੈ। ਇਹ ਇਸੇ ਕਰਕੇ ਹੈ ਕਿ ਆਮ ਕਰਕੇ ਲੋਕਾਂ ਦੀਆਂ ਜਮਹੂਰੀ ਉਮੰਗਾਂ ਕੁਚਲਣ ਵਾਲਾ ਇੱਕ ਅਜਿਹਾ ਰਾਜ ਅਮਰੀਕੀ ਸਾਮਰਾਜੀਆਂ ਲਈ ਮਨ ਚਾਹੇ ਢੰਗ ਨਾਲ ਉਲਟਾਉਣਾ ਔਖਾ ਹੋ ਗਿਆ ਹੈ। ਇਹ ਇੱਕ ਵੱਖਰਾ ਮਾਮਲਾ ਹੈ ਕਿ ਇਰਾਨੀ ਰਾਜ ਦੇ ਪਹਿਲਾਂ ਲੋਕਾਂ ਚੋਂ ਨਿਖੜੇ ਹੋਣ ਬਾਰੇ ਜੋ ਸਾਮਰਾਜੀ ਪ੍ਰਚਾਰ ਤੰਤਰ ਵੱਲੋਂ ਪੇਸ਼ਕਾਰੀ ਕੀਤੀ ਜਾਂਦੀ ਹੈ, ਹਾਲਤ ਓਨੇ ਨਿਖੇੜੇ ਵਾਲ਼ੀ ਨਹੀਂ ਸੀ। ਮੁਲਕ ਅੰਦਰ ਲੋਕਾਂ ਦੇ ਅਹਿਮ ਹਿੱਸੇ ਦੀ ਹਮਾਇਤ ਤੋਂ ਬਿਨਾਂ ਇਕ ਕਮਜ਼ੋਰ ਤੇ ਸਧਾਰਨ  ਫ਼ੌਜੀ  ਤਕਨੀਕੀ ਸਮਰੱਥਾ ਵਾਲੇ ਮੁਲਕ ਵੱਲੋਂ ਦੁਨੀਆਂ ਦੀ ਸਭ ਤੋਂ ਵੱਡੀ ਫ਼ੌਜੀ ਸ਼ਕਤੀ ਨੂੰ ਅਜਿਹਾ ਟਾਕਰਾ ਨਹੀਂ ਦਿੱਤਾ ਜਾ ਸਕਦਾ। ਇਹਦੇ ਵਿੱਚ ਇਰਾਨੀ ਰਾਜ ਨੂੰ ਮੁਲਕ ਦੇ ਲੋਕਾਂ ਦੇ ਗਿਣਨਯੋਗ ਹਿੱਸਿਆਂ ਦੀ ਹਮਾਇਤ ਦਾ ਰੋਲ ਹੈ। ਅਜਿਹੀ ਹਮਾਇਤ ਉਸ ਵੱਲੋਂ ਸਾਮਰਾਜ ਵਿਰੋਧੀ ਕੌਮੀ ਉਮੰਗਾਂ ਦੀ ਤਰਜਮਾਨੀ ਕਰਨ ਕਰਕੇ ਮਿਲ ਰਹੀ ਹੈ। ਇਰਾਨ ਸਮੇਤ ਅਰਬ ਮੁਲਕ ਅੰਦਰ ਰੂੜੀਵਾਦੀ ਧਾਰਮਿਕ ਵਿਚਾਰਧਾਰਾ ਨੂੰ ਪ੍ਰਣਾਏ ਬਹੁਤ ਹਿੱਸੇ ਅਮਰੀਕੀ ਸਾਮਰਾਜਵਾਦੀ ਲੁੱਟ ਤੇ ਦਾਬੇ ਖਿਲਾਫ਼ ਕੌਮੀ ਜਦੋਜਹਿਦ ਚਲਾ ਰਹੇ ਹਨ ਤੇ ਇਹ ਸਾਰੇ ਸਾਮਰਾਜ ਖਿਲਾਫ਼ ਸੰਸਾਰ ਦੇ ਲੋਕਾਂ ਦੀ ਜਦੋਜਹਿਦ ਦਾ ਹੀ ਹਿੱਸਾ ਤੇ ਸੰਗੀ ਹਨ।

ਇਸਨੂੰ ਵੱਖ-ਵੱਖ ਸਾਮਰਾਜੀ ਤਾਕਤਾਂ ਵੱਲੋਂ ਇੱਕ ਮੁਲਕ ਰਾਹੀਂ  ਆਪਣੇ ਹਿੱਤਾਂ ਲਈ ਲੜੀ ਜਾ ਰਹੀ ਜੰਗ ਸਮਝਣਾ ਗਲਤ ਹੈ। ਅਜਿਹੀ ਜੰਗ ਇਸ ਵੇਲੇ ਰੂਸ ਤੇ ਯੂਕਰੇਨ 'ਚ ਹੋ ਰਹੀ ਹੈ। ਸਾਮਰਾਜੀ ਮੁਲਕ ਰੂਸ ਤੇ ਦੂਜੇ ਪਾਸੇ ਯੂਰਪੀ ਅਮਰੀਕੀ ਸਾਮਰਾਜੀ ਗੱਠਜੋੜ ਦੇ ਦੇਸ ਆਪਣੇ ਸਾਮਰਾਜੀ ਹਿੱਤਾਂ ਦੇ ਪਸਾਰੇ ਲਈ ਲੜ ਰਹੇ ਹਨ। ਨਾਟੋ ਵਿੱਚ ਸ਼ਾਮਿਲ ਹੋਣ ਦੀ ਲਾਲਸਾ ਰੱਖਦਾ ਵਿਕਸਿਤ ਪੂੰਜੀਵਾਦੀ ਮੁਲਕ ਯੂਕਰੇਨ ਇਹਨਾਂ ਧੜਿਆਂ ਦੇ ਭੇੜ 'ਚ ਇਕ ਪਾਸੇ ਖੜ੍ਹ ਗਿਆ ਤੇ ਰੂਸ ਨਾਲ ਭਿੜ ਗਿਆ ਹੈ। ਇਹ ਜੰਗ ਯੂਕਰੇਨ 'ਤੇ ਕੌਮੀ ਦਾਬੇ ਦਾ ਮਸਲਾ ਨਹੀਂ ਹੈ। ਅੰਤਰ ਸਾਮਰਾਜੀ ਖਹਿ ਭੇੜ ਇਸ ਜੰਗ ਦਾ ਬੁਨਿਆਦੀ ਪਹਿਲੂ ਹੈ। ਇਰਾਨੀ ਕੌਮ ਵੱਲੋਂ ਲੜੀ ਜਾ ਰਹੀ ਜੰਗ ਦਾ ਬੁਨਿਆਦੀ ਪੱਖ ਸਾਮਰਾਜੀ ਹੱਲੇ ਤੋਂ ਇਰਾਨੀ ਕੌਮ ਦੀ ਰਾਖੀ ਦਾ ਹੈ। ਕੌਮ 'ਤੇ ਸਾਮਰਾਜੀ ਦਾਬੇ ਤੋਂ  ਮੜ੍ਹੀ ਜਾ ਸਕਦੀ ਸਿੱਧੀ ਗ਼ੁਲਾਮੀ ਤੋਂ ਰਾਖੀ ਦਾ ਹੈ। ਅਜਿਹਾ ਨਹੀਂ ਹੈ ਕਿ ਇਸ ਜੰਗ ਦੇ ਦਰਮਿਆਨ ਅੰਤਰ ਸਾਮਰਾਜੀ ਵਿਰੋਧ ਹਰਕਤਸ਼ੀਲ ਨਹੀਂ ਹੈ ਜਾਂ ਉਸਦਾ ਕੋਈ ਸਥਾਨ ਨਹੀਂ ਹੈ। ਪਰ ਰੂਸ ਚੀਨ ਦੀ ਹਰਕਤਸ਼ੀਲਤਾ ਦਾ ਪੱਖ ਬੁਨਿਆਦੀ ਪੱਖ ਨਹੀਂ ਹੈ। ਸਾਮਰਾਜੀ ਹਮਲੇ ਖਿਲਾਫ਼ ਲੜ ਰਹੇ ਕਿਸੇ ਇੱਕ ਮੁਲਕ ਵੱਲੋ ਕਿਸੇ ਹੋਰ ਸਾਮਰਾਜੀ ਮੁਲਕਾਂ ਤੋਂ ਸਹਾਇਤਾ ਹਾਸਲ ਕਰਨਾ ਇੱਕ ਵੱਖਰਾ ਮਾਮਲਾ ਹੈ। ਜੰਗੀ  ਦਾਅਪੇਚਾਂ ਦੀ ਵਰਤੋਂ ਦੌਰਾਨ ਅਜਿਹਾ ਤਾਂ ਲੋਕ ਪੱਖੀ ਸ਼ਕਤੀਆਂ ਵੀ ਕਰ ਸਕਦੀਆਂ ਹਨ। ਇੱਕ ਅਜਿਹੇ ਰਾਜ ਲਈ ਇਹ ਹੋਰ ਵੀ ਲੋੜ ਬਣ ਜਾਂਦੀ ਹੈ ਜਦੋਂ ਉਸਦਾ ਲੋਕਾਂ ਨਾਲ ਰਿਸ਼ਤਾ ਬੁਨਿਆਦੀ ਤੌਰ  'ਤੇ ਦੁਸ਼ਮਣਾਨਾ ਹੁੰਦਾ ਹੈ ਤੇ ਲੋਕਾਂ ਦੀਆਂ ਜਮਹੂਰੀ ਮੰਗਾਂ ਨਾਲ ਟਕਰਾਅ 'ਚ ਰਹਿ ਰਿਹਾ ਹੁੰਦਾ ਹੈ। ਹਾਲਤ ਦਾ ਇਹ ਬੁਨਿਆਦੀ ਪੱਖ ਨਹੀਂ ਹੈ ਕਿ ਇਰਾਨ ਦੇ ਪੈਂਤੜਿਆਂ ਨੂੰ ਰੂਸੀ ਸਾਮਰਾਜ ਜਾਂ ਚੀਨ ਤੈਅ ਕਰ ਰਿਹਾ ਹੈ। ਬਿਨਾਂ ਸ਼ੱਕ ਰੂਸ ਤੇ ਚੀਨ ਵੀ ਆਪਣੇ ਸਾਮਰਾਜੀ ਤੇ ਪਸਾਰਵਾਦੀ ਹਿੱਤਾਂ ਦੇ ਵਧਾਰੇ ਪਸਾਰੇ ਦੀਆਂ ਲੋੜਾਂ ਅਨੁਸਾਰ ਇਸ ਜੰਗ 'ਚ ਆਪਣੇ ਪੈਂਤੜੇ ਤੈਅ ਕਰ ਰਹੇ ਹਨ, ਜਿਵੇਂ ਵੱਖ ਵੱਖ ਸਾਮਰਾਜੀ ਮੁਲਕ ਕਰਦੇ ਹਨ। ਇਸ ਚਰਚਾ ਦਾ ਭਾਵ ਇਹ ਹੈ ਕਿ ਅੰਤਰ ਸਾਮਰਾਜੀ ਵਿਰੋਧਤਾਈ ਦੀ ਹਰਕਤਸ਼ੀਲਤਾ ਸਾਮਰਾਜੀ ਫ਼ੌਜੀ ਧਾਵੇ ਖਿਲਾਫ਼ ਹੋ ਰਹੇ ਕੌਮੀ ਟਾਕਰੇ ਦੀ ਜੰਗ ਨੂੰ ਅਸਰ-ਅੰਦਾਜ਼ ਤਾਂ ਕਰਦੀ ਹੈ ਪਰ ਇਸ ਦੇ ਬੁਨਿਆਦੀ ਕਿਰਦਾਰ ਨੂੰ ਤੈਅ ਨਹੀਂ ਕਰਦੀ। ਇਸ ਲਈ ਇਸ ਜੰਗ ਦਾ ਬੁਨਿਆਦੀ ਖਾਸਾ ਸਾਮਰਾਜੀ  ਫ਼ੌਜੀ  ਹੱਲੇ ਖਿਲਾਫ਼ ਕੌਮੀ ਟਾਕਰਾ ਜੰਗ ਦਾ ਹੈ। 

ਇਰਾਨ 'ਤੇ ਕੀਤੇ ਹੋਏ ਇਸ ਅਮਰੀਕੀ ਸਾਮਰਾਜੀ ਹੱਲੇ ਨੇ ਇੱਕ ਵਾਰ ਇਹ ਹਕੀਕਤ ਮੁੜ ਉਘਾੜ ਦਿੱਤੀ ਹੈ ਕਿ ਦੁਨੀਆਂ ਅੰਦਰ ਸਾਮਰਾਜ ਤੇ ਦੱਬੇ ਕੁਚਲੇ ਮੁਲਕਾਂ ਦੇ ਲ਼ੋਕਾਂ ਦਰਮਿਆਨ ਵਿਰੋਧਤਾਈ ਪ੍ਰਧਾਨ ਵਿਰੋਧਤਾਈ ਰਹਿ ਰਹੀ ਹੈ ਅਤੇ ਹੋਰ ਤਿੱਖੀ ਹੋ ਰਹੀ ਹੈ। ਪਛੜੇ ਤੇ ਸਾਮਰਾਜੀ ਦਾਬੇ ਹੇਠਲੇ ਇਹ ਮੁਲਕ ਹੀ ਇਨਕਲਾਬਾਂ ਦੇ ਕੇਂਦਰ ਬਣਦੇ ਹਨ। ਇਹਨਾਂ ਮੁਲਕਾਂ ਦੇ ਲੋਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਸਾਮਰਾਜੀ ਸੰਕਟਾਂ ਨੂੰ ਤਿੱਖੇ ਕਰਨ ਤੇ ਇਸ ਦੀ ਅਸਥਿਰਤਾ ਨੂੰ ਹੋਰ ਵਧਾਉਣ 'ਚ ਹਿੱਸਾ ਪਾ ਰਹੀਆਂ ਹਨ।

ਇਸ ਵਿਰੋਧਤਾਈ ਨੂੰ ਲੋਕਾਂ ਵਾਲੇ ਪਾਸੇ ਤੋਂ ਹੋਰ ਤਿੱਖੀ ਕਰਦਿਆਂ ਤੇ ਨਵ-ਜਮਹੂਰੀ ਇਨਕਲਾਬਾਂ ਦੇ ਅੰਜਾਮ 'ਤੇ ਪਹੁੰਚਾਉਣ ਰਾਹੀਂ ਇਸਨੂੰ ਹੱਲ ਕਰਨ ਲਈ ਸਾਨੂੰ ਆਪਣੇ ਮੁਲਕ ਅੰਦਰ ਸਾਮਰਾਜਵਾਦ ਖਿਲਾਫ਼ ਕੌਮੀ ਮੁਕਤੀ ਘੋਲ ਤੇਜ਼ ਕਰਨਾ ਚਾਹੀਦਾ ਹੈ। ਸਾਮਰਾਜ ਖਿਲਾਫ਼ ਜੂਝਦੀਆਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਸੰਘਰਸ਼ਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਇਸ ਵੇਲੇ ਇਰਾਨ ਇਸ ਹਮਾਇਤ ਦਾ ਸਭ ਤੋਂ ਪਹਿਲਾ ਹੱਕਦਾਰ ਹੈ।

--0--

No comments:

Post a Comment