ਵੋਟਾਂ ਬਦਲੇ ਪੈਸੇ ਨਾ ਦੇਣ ਖਿਲਾਫ ਮੁਜਾਹਰੇ
ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਪੁਖ਼ਤਾ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਇਸ ਜਮਹੂਰੀਅਤ ਦੀਆਂ ਚੋਣਾਂ ਦੌਰਾਨ ਆਂਧਰਾ ਪ੍ਰਦੇਸ਼ ਅੰਦਰ ਤਾਂ ਲੋਕਾਂ ਨੇ ਵੋਟਾਂ ਦੇ ਬਦਲੇ 1 ਹਜ਼ਾਰ ਰੁਪਏ ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਦੀ ਮੰਗ ਲਈ ਪ੍ਰਦਰਸ਼ਨ ਵੀ ਕੀਤੇ ਹਨ। ਇੱਕ ਜਗ੍ਹਾ ਇੱਕ ਉਮੀਦਵਾਰ ਦੇ ਚੋਣ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਕਿਉਂਕਿ ਉਹਨਾਂ ਨੂੰ ਪੰਜ ਪੰਜ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਪੈਸੇ ਨਹੀਂ ਮਿਲੇ ਸਨ। ਅਜਿਹੀਆਂ ਖਬਰਾਂ ਆਧਰਾਂ ਪ੍ਰਦੇਸ਼ ਅੰਦਰ ਤਿੰਨ ਚਾਰ ਥਾਵਾਂ ਤੋਂ ਆਈਆਂ ਹਨ।
ਅਜਿਹੇ ਪ੍ਰਦਰਸ਼ਨਾਂ ਦੀ ਇਜਾਜ਼ਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੀ ਦੇ ਸਕਦੀ ਹੈ, ਦੁਨੀਆਂ ਦੀ ਕੋਈ ਛੋਟੀ ਜਮਹੂਰੀਅਤ ਤਾਂ ਅਜਿਹੀ ਜੱਗੋਂ ਤੇਰ੍ਹਵੀਂ ਝੱਲਣ ਜੋਗੀ ਹੋ ਨਹੀਂ ਸਕਦੀ। ਅਜਿਹੇ ਪ੍ਰਦਰਸ਼ਨ ਜਜ਼ਬ ਕਰਨ ਦੀ ਸਮਰਥਾ ਵੀ ਤਾਂ ਭਾਰਤੀ ਜਮਹੂਰੀਅਤ ਨੇ ਹੀ ਵਿਕਸਿਤ ਕੀਤੀ ਹੈ। ਇਹ ਪ੍ਰਦਰਸ਼ਨ ਦੱਸਦੇ ਹਨ ਕਿ ਦੇਸ਼ ਅੰਦਰ ਵੋਟ ਦੇ ਹੱਕ ਬਾਰੇ ‘ਚੇਤਨਾ’ ਅਜਿਹੇ ਪੱਧਰ ’ਤੇ ਪਹੁੰਚ ਚੁੱਕੀ ਹੈ। ਲੋਕਾਂ ਨੂੰ ਆਪਣੇ ਹੱਡੀਂ ਹੰਡਾਏ ਤਜ਼ਰਬੇ ’ਚੋਂ ਇਹ ਭਲੀ ਭਾਂਤ ਪਤਾ ਹੈ ਕਿ ਕਰਨਾ ਕਿਸੇ ਨੇ ਕੁਝ ਨਹੀਂ, ਜੀਹਤੋਂ ਪੈਸੇ ਲਏ ਜਾਂਦੇ ਹਨ, ਲੈ ਲਓ।
ਇਹ ਪ੍ਰਦਰਸ਼ਨ ਅਖੌਤੀ ਭਾਰਤੀ ਜਮਹੂਰੀਅਤ ਦੀ ਇਸ ਭਰਮਾਊ ਕਸਰਤ ਅੰਦਰ ਦਿਲਚਸਪ ਝਾਕੀ ਹਨ ਤੇ ਇਸ ਅੰਦਰ ਲੋਕਾਂ ਦੀ ਸ਼ਮੂਲੀਅਤ ਦੀ ਹਕੀਕਤ ਬਿਆਨ ਕਰ ਰਹੇ ਹਨ।
No comments:
Post a Comment