ਫ਼ਲਸਤੀਨੀ ਲੋਕਾਂ ਦੇ ਕਤਲੇਆਮ ਖ਼ਿਲਾਫ਼ ਨਿੱਤਰੇ ਵਿਦਿਆਰਥੀ
ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਤੇ ਹਜ਼ਾਰਾਂ ਲੋਕਾਂ ਦੇ ਕਤਲੇਆਮ ਨੂੰ ਅਮਰੀਕੀ ਯੂਨੀਵਰਸਿਟੀਆਂ ਤੇ ਕਾਲਜਾਂ ਵਲੋਂ ਅਸਿੱਧੇ ਤੌਰ ’ਤੇ ਮਾਲੀ ਮਦਦ ਦੇਣ ਖ਼ਿਲਾਫ਼ ਅਮਰੀਕੀ ਵਿਦਿਆਰਥੀਆਂ ਦਾ ਗੁੱਸਾ ਪਿਛਲੇ ਮਹੀਨੇ ਸੜਕਾਂ ’ਤੇ ਵਹਿ ਤੁਰਿਆ। ਯੂਨੀਵਰਸਟੀ ਆਫ ਕੈਲੀਫੋਰਨੀਆ, ਲਾਸ ਏਂਜਲਜ਼ ਦੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਰੋਸ ਪ੍ਰਦਰਸ਼ਨ ਕੁੱਝ ਹੀ ਦਿਨਾਂ ਵਿੱਚ ਨਾ ਸਿਰਫ ਪੂਰੇ ਅਮਰੀਕਾ ਵਿੱਚ ਫੈਲ ਗਏ, ਸਗੋਂ ਯੂਰਪ ਦੇ ਹੋਰਨਾਂ ਸਾਮਰਾਜੀ ਮੁਲਕਾਂ ਅੰਦਰ ਵੀ ਇਹਨਾਂ ਨੇ ਰੋਹ ਦੀਆਂ ਚੰਗਿਆੜੀਆਂ ਛੇੜ ਦਿੱਤੀਆਂ। ਵੱਖ ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਬਿਲਡਿੰਗਾਂ ਅੰਦਰ ਪੱਕੇ ਡੇਰੇ ਲਾਉਂਦਿਆ ਆਪਣੇ ਟੈਂਟ ਗੱਡ ਦਿੱਤੇ ਤੇ ਮੰਗ ਕੀਤੀ ਕਿ ਯੂਨੀਵਰਸਿਟੀਆਂ, ਇਜ਼ਰਾਈਲੀ ਕੰਪਨੀਆਂ ਦੇ ਸ਼ੇਅਰਾਂ ’ਚ ਲਾਈਆਂ ਵੱਡੀਆਂ ਰਕਮਾਂ ਵਾਪਸ ਲੈਣ ਤੇ ਫ਼ਲਸਤੀਨੀ ਲੋਕਾਂ ਦਾ ਨਸਲਘਾਤ ਕਰਨ ਵਾਲੀਆਂ ਕੰਪਨੀਆਂ ਨਾਲੋਂ ਆਪਣਾ ਨਾਤਾ ਤੋੜਨ। ਯੂਨੀਵਰਸਿਟੀਆਂ ਦੇ ਅਧਿਕਾਰੀਆਂ ਵੱਲੋਂ ਇਹਨਾਂ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਪੁਲਿਸ ਤੇ ਜਬਰ ਦੀ ਵਰਤੋਂ ਨੇ ਵਿਦਿਆਰਥੀ ਰੋਹ ਨੂੰ ਹੋਰ ਜਰ੍ਹਬਾਂ ਦਿੱਤੀਆਂ ਤੇ ਅਮਰੀਕਨ ਸਮਾਜ ਅੰਦਰ ਸਿਆਸੀ ਹਲਚਲ ਨੂੰ ਜਨਮ ਦਿੱਤਾ।
ਅਪ੍ਰੈਲ ਦੇ ਮੱਧ ਵਿੱਚ ਸ਼ੁਰੂ ਹੋਏ ਇਹਨਾਂ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਲਗਭਗ 2100 ਤੋਂ ਵੱਧ ਵਿਦਿਆਰਥੀ ਗਿ੍ਰਫਤਾਰ ਕੀਤੇ ਗਏ ਹਨ। ਬਹੁਤ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ’ਚੋਂ ਸਸਪੈਂਡ ਕੀਤਾ ਗਿਆ ਹੈ। ਵਿਦਿਆਰਥੀ ਸੰਘਰਸ਼ ਦੇ ਚਲਦਿਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਆਪਣੇ ਗ੍ਰੈਜੂਏਸ਼ਨ ਸਮਾਗਮ ਮੁਲਤਵੀ ਕਰਨੇ ਪਏ ਤੇ ਕਈ ਥਾਂਵਾਂ ’ਤੇ ਕਲਾਸਾਂ ਮੁਲਤਵੀ ਕਰਕੇ ਆਨਲਾਈਨ ਪੜ੍ਹਾਈ ਲਾਗੂ ਕਰਨ ਵਰਗੇ ਕਦਮ ਵੀ ਚੁੱਕਣੇ ਪਏ।
ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅੰਦਰ ਇਹ ਪ੍ਰਦਰਸ਼ਨ ਅਪ੍ਰੈਲ ਦੇ ਮੱਧ ਵਿੱਚ ਉਸ ਸਮੇਂ ਸ਼ੁਰੂ ਹੋਏ ਜਦੋਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਹ ਵਿਵਾਦ ਪੂਰਨ ਬਿਆਨ ਜਾਰੀ ਕੀਤਾ ਕਿ ਅਮਰੀਕੀ ਸਿੱਖਿਆ ਸੰਸਥਾਵਾਂ ਅੰਦਰ ਯਹੂਦੀ ਵਿਰੋਧੀ ਭਾਵਨਾਵਾਂ ਮੌਜੂਦ ਹਨ। ਅਮਰੀਕਾ ਭਰ ਵਿਚ ਹੋਏ ਇਹਨਾਂ ਰੋਸ ਪ੍ਰਦਰਸ਼ਨਾਂ ’ਚ ਲਾਸ ਏਂਜਲਜ਼ ਦੀ ਇਹ ਯੂਨੀਵਰਸਿਟੀ ਅਹਿਮ ਕੇਂਦਰ ਬਣੀ ਰਹੀ, ਜਿੱਥੇ ਸੈਂਕੜੇ ਵਿਦਿਆਰਥੀਆਂ ਨੇ ਨਾ ਸਿਰਫ ਪੱਕੇ ਡੇਰੇ ਲਾਈ ਰੱਖੇ ਸਗੋਂ ਕਈ ਵਾਰ ਪੁਲਿਸ ਜਬਰ ਦਾ ਸਾਹਮਣਾ ਕੀਤਾ । ਅਧਿਕਾਰੀਆਂ ਨੇ ਇਹਨਾਂ ਰੋਸ ਪ੍ਰਦਰਸ਼ਨਾਂ ਨੂੰ ਬਦਨਾਮ ਕਰਨ ਲਈ ਇਹਨਾਂ ਉਪਰ ਯਹੂਦੀ ਵਿਰੋਧ ਦਾ ਝੂਠਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਜਿਸਦਾ ਭਾਵ ਸੀ ਕਿ ਇਹ ਪ੍ਰਦਰਸ਼ਨ ਅਸਲ ਵਿੱਚ ਫ਼ਲਸਤੀਨੀ ਕੌਮ ਦੀ ਤਬਾਹੀ ਖ਼ਿਲਾਫ਼ ਨਹੀਂ, ਸਗੋਂ ਯਹੂਦੀ ਲੋਕਾਂ ਪ੍ਰਤੀ ਨਸਲੀ ਵਿਤਕਰੇ ਤੋਂ ਪ੍ਰੇਰਿਤ ਹਨ। ਵਿਦਿਆਰਥੀ ਸੰਗਠਨਾਂ ਨੇ ਇਸ ਪ੍ਰਚਾਰ ਦਾ ਖੰਡਨ ਕੀਤਾ। ਖਾਸ ਕਰ ਕਈ ਥਾਂਵਾ ’ਤੇ ਯਹੂਦੀ ਵਿਦਿਆਰਥੀ ਇਸ ਕੂੜ ਪ੍ਰਚਾਰ ਦਾ ਵਿਰੋਧ ਕਰਨ ਲਈ ਅੱਗੇ ਆਏ। ਇਸ ਯੂਨੀਵਰਸਿਟੀ ਵਿੱਚ ਹੁਣ ਤੱਕ ਕਈ ਵਾਰ ਪੁਲਿਸ ਵਿਦਿਆਰਥੀਆਂ ’ਤੇ ਝਪਟ ਚੁੱਕੀ ਹੈ ਤੇ ਸੈਂਕੜੇ ਵਿਦਿਆਰਥੀਆਂ ਨੂੰ ਗਿ੍ਫਤਾਰ ਕਰ ਚੁੱਕੀ ਹੈ, ਪਰ ਵਿਦਿਆਰਥੀ ਰੋਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਯੂਨੀਵਰਸਿਟੀ ਦੇ ਵਿਦਿਆਰਥੀ ਇਸ ਤੋਂ ਮਗਰੋਂ ਸੜਕਾਂ ’ਤੇ ਉੱਤਰ ਆਏ ਤੇ ਉਹਨਾਂ ਨੇ ਯੂਨੀਵਰਸਿਟੀ ਦੇ ਅੰਦਰ ਟੈਂਟ ਗੱਡ ਕੇ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲਿਸ ਤੇ ਦੰਗਾ ਰੋਕੂ ਦਸਤਿਆਂ ਨੂੰ ਬੁਲਾਇਆ। ਪਹਿਲੇ ਹਫ਼ਤੇ ਦੌਰਾਨ ਹੀ ਲਗਭਗ ਸੌ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ, ਪਰ ਇਸਦੇ ਬਾਵਜੂਦ ਪ੍ਰਦਰਸ਼ਨਕਾਰੀ ਆਪਣੇ ਮੋਰਚਿਆਂ ’ਤੇ ਡਟੇ ਰਹੇ। ਇਸਤੋਂ ਮਗਰੋਂ ਵਿਦਿਆਰਥੀਆਂ ਦੇ ਵਿਰੋਧ ਨੂੰ ਕੁਚਲਣ ਲਈ ਨਵਾਂ ਹਰਬਾ ਵਰਤਿਆ ਗਿਆ। ਵਿਦਿਆਰਥੀ ਪ੍ਰਦਰਸ਼ਨ ਦੇ ਬਰਾਬਰ ਯਹੂਦੀ ਵਿਦਿਆਰਥੀਆਂ ਵੱਲੋਂ ਇਜ਼ਰਾਈਲ ਪੱਖੀ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਹਮਲਾ ਕੀਤਾ ਗਿਆ। ਇਸ ਝੜਪ ਵਿੱਚ 23 ਦੇ ਕਰੀਬ ਵਿਦਿਆਰਥੀ ਜਖ਼ਮੀ ਹੋਏ। ਇਸ ਝੜਪ ਨੂੰ ਬਹਾਨਾ ਬਣਾਉਂਦਿਆਂ ਕੈਂਪਸ ਵਿੱਚ ਪੁਲੀਸ ਦਾਖ਼ਲ ਕੀਤੀ ਗਈ ਜਿਸਨੇ ਸੈਂਕੜੇ ਵਿਦਿਆਰਥੀਆਂ ਨੂੰ ਗਿ੍ਫਤਾਰ ਕਰ ਲਿਆ, ਪਰ ਇਸਦੇ ਬਾਵਜੂਦ ਵਿਦਿਆਰਥੀ ਰੋਹ ਕਾਇਮ ਹੈ ਤੇ ਵਿਦਿਆਰਥੀ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਲਈ ਬਜਿੱਦ ਹਨ। ਇਸਤੋਂ ਬਿਨਾਂ ਬਹੁਤ ਸਾਰੀਆਂ ਹੋਰ ਅਮਰੀਕੀ ਸਟੇਟਾਂ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਵੀ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਅਮਰੀਕਾ ਦੇ ਉੱਤਰ -ਪੂਰਬੀ ਖਿੱਤੇ ਵਿੱਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਬਰਾਊਨ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ, ਐਮਰਸਨ ਯੂਨੀਵਰਸਿਟੀ ਨਿਊਯਾਰਕ, ਅਮਰੀਕਨ ਯੂਨੀਵਰਸਿਟੀ ਆਫ ਮੈਰੀਲੈਂਡ, ਜੋਹਨ ਹਾਪਕਿੰਸ ਯੂਨੀਵਰਸਿਟੀ, ਕਾਰਨਲ ਯੂਨੀਵਰਸਿਟੀ ਆਫ ਪੈਨਸਿਲਵੇਨੀਆ, ਦਿ ਨਿਊ ਸਕੂਲ ਯੂਨੀਵਰਸਿਟੀ ਆਫ ਰੋਚੈਸਟਰ ਤੇ ਯੂਨੀਵਰਸਿਟੀ ਆਫ ਪਿਟਰਸਬਰਗ ਆਦਿ ਦੁਨੀਆਂ ਦੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਹਨਾਂ ਪ੍ਰਦਰਸ਼ਨਾਂ ਦੌਰਾਨ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਗਿ੍ਫਤਾਰੀਆਂ ਦਾ ਦੌਰ ਚਲਾਇਆ ਗਿਆ। ਅਖ਼ਬਾਰੀ ਤੇ ਮੀਡੀਆ ਰਿਪੋਰਟਾਂ ਅਨੁਸਾਰ ਕੋਲੰਬੀਆ ਯੂਨੀਵਰਸਿਟੀ ਵਿੱਚੋਂ 100, ਪਿੰਰਸਟਨ ਯੂਨੀਵਰਸਿਟੀ ਵਿੱਚੋਂ ਵੀ 100 ਤੋਂ ਉਪਰ, ਐਮਰਸਨ ਕਾਲਜ ਬੋਸਟਨ, ਮੈਨਹਟਨ ਯੂਨੀਵਰਸਿਟੀ ਕੋਲੰਬੀਆ ਵਿਚੋਂ ਵੀ 100 ਤੋਂ ਵੱਧ ਵਿਦਿਆਰਥੀਆਂ ਤੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚੋਂ ਵੀ ਕਈ ਸੈਂਕੜੇ ਵਿਦਿਆਰਥੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਕੋਨਾਇਕਟੀਕਟ ਯੂਨੀਵਰਸਿਟੀ ਦੇ 48
ਵਿਦਿਆਰਥੀ ਗਿ੍ਫਤਾਰ ਕੀਤੇ ਗਏ ਤੇ ਵਿਦਿਆਰਥੀ ਵਿਰੋਧ ਕਾਰਨ ਅਧਿਕਾਰੀਆਂ ਨੂੰ ਸਾਲਾਨਾ ਗ੍ਰੈਜੂਏਸ਼ਨ ਸਮਾਗਮ ਮੁਲਤਵੀ ਕਰਨ ਪਏ। 5 ਮਈ ਨੂੰ ਮਿਸ਼ੀਗਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਸਮਾਗਮ ਦੇ ਵਿਚਕਾਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ, ਫ਼ਲਸਤੀਨੀ ਝੰਡੇ ਲਹਿਰਾਏ ਤੇ ‘ਫ਼ਲਸਤੀਨ ਨੂੰ ਮੁਕਤ ਕਰੋ’ ਦੇ ਨਾਅਰੇ ਬੁਲੰਦ ਕੀਤੇ।
ਇਸੇ ਤਰ੍ਹਾਂ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਪ੍ਰਸਿੱਧ ਬਿਲਡਿੰਗ ਹੈਮਿਲਟਨ ਹਾਲ ’ਤੇ ਵਿਦਿਆਰਥੀਆਂ ਨੇ ਕਬਜ਼ਾ ਕਰ ਲਿਆ ਤੇ ਇਸਨੂੰ ਹਿੰਦ ਹਾਲ ਦਾ ਨਾਮ ਦਿੱਤਾ। ਇਹ ਨਾਮ ਫਲਸਤੀਨ ਦੀ ਇੱਕ ਛੇ ਸਾਲਾ ਬੱਚੀ ਹਿੰਦ ਰਜ਼ਾਬ ਦੇ ਨਾਮ ਉਪਰ ਰੱਖਿਆ ਗਿਆ ਜਿਸਨੂੰ ਕਿ ਇਜ਼ਰਾਈਲੀ ਫੌਜ ਨੇ ਕਤਲ ਕਰ ਦਿੱਤਾ ਸੀ। ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਹਾਲ ਵਿਚੋਂ ਬਾਹਰ ਕੱਢਣ ਲਈ ਭਾਰੀ ਪੁਲਿਸ ਤੇ ਨੈਸ਼ਨਲ ਗਾਰਡ ਦੇ ਸਿਪਾਹੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਏ ਤੇ ਸੈਂਕੜੇ ਵਿਦਿਆਰਥੀਆਂ ਨੂੰ ਗਿ੍ਰਫ਼ਤਾਰ ਕਰਨ ਮਗਰੋਂ ਹੀ ਇਹ ਹਾਲ ਖਾਲੀ ਕਰਵਾਇਆ ਜਾ ਸਕਿਆ।
ਇਸਤੋਂ ਬਿਨਾਂ ਪੱਛਮੀ ਕੰਢੇ, ਮੱਧ ਪੂਰਬੀ ਅਮਰੀਕਾ ਤੇ ਅਮਰੀਕਾ ਦੇ ਦੱਖਣੀ ਹਿੱਸੇ ’ਚ ਵੀ ਲਗਭਗ ਪੰਜਾਹ ਤੋਂ ੳੱੁਪਰ ਵਿਦਿਅਕ ਸੰਸਥਾਵਾਂ ਵਿਦਿਆਰਥੀ ਸੰਘਰਸ਼ ਦੇ ਕੇਂਦਰ ਬਣੀਆਂ ਹੋਈਆਂ ਹਨ। ਇਹਨਾਂ ਵਿੱਚ ਵਿਸਕਾਨਸਿਨ, ਦੱਖਣੀ ਕੈਲੀਫੋਰਨੀਆ, ਬਰਕਲੇ, ਉਹੀਓ, ਸੇਂਟ ਲੁਈਸ, ਕੋਲੰਬੀਆ ਕਾਲਜ ਸ਼ਿਕਾਗੋ, ਨਾਰਥ ਕੈਰੋਲੀਨਾ, ਚੈਪਲ ਹਿੱਲ, ਫਲੋਰੀਡਾ ਸਟੇਟ, ਵਿਰਜੀਨੀਆ, ਏਥਨਜ਼, ਯੂਨੀਵਰਸਿਟੀ ਆਫ ਟੈਕਸਾਸ (ਆਸਟਿਨ) ਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਆਦਿ ਪ੍ਰਮੁੱਖ ਵਿਦਿਅਕ ਸੰਸਥਾਵਾਂ ਹਨ ਜਿੱਥੇ ਪਿਛਲੇ ਲਗਭਗ ਤਿੰਨ ਹਫ਼ਤਿਆਂ ਤੋਂ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਐਟਲਾਂਟਾ ਦੀ ਇਮੋਰੀ ਯੂਨੀਵਰਸਿਟੀ ਵਿੱਚ ਜਦੋਂ ਪ੍ਰੋਫੈਸਰ ਵੀ ਵਿਦਿਆਰਥੀਆਂ ਦੀ ਹਿਮਾਇਤ ਵਿੱਚ ਆਏ ਤਾਂ ਪੁਲਿਸ ਵਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ। ਇਕਨੋਮਿਕਸ ਵਿਸ਼ੇ ਦੀ ਪ੍ਰੋਫੈਸਰ ਕੈਰੋਲਿਨ ਫੋਹਲਿਨ ਪੁਲਿਸ ਨੂੰ ਕਹਿੰਦੀ ਰਹੀ ਕਿ ਉਹ ਇਕ ਪ੍ਰੋਫੈਸਰ ਹੈ ਪਰ ਇਸਦੀ ਪ੍ਰਵਾਹ ਨਾ ਕਰਦਿਆਂ ਸਿਪਾਹੀਆਂ ਵੱਲੋਂ ਉਸਨੂੰ ਜ਼ਬਰਦਸਤੀ ਜ਼ਮੀਨ ’ਤੇ ਪਟਕਾ ਕੇ ਸੁੱਟਿਆ ਗਿਆ ਤੇ ਬਾਹਾਂ ਨੂੰ ਪਿੱਠ ਪਿੱਛੇ ਬੰਨ੍ਹ ਕੇ ਗਿ੍ਰਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਫਿਲਾਸਫੀ ਦੇ ਪ੍ਰੋਫੈਸਰ ਨੋਇਲ ਮਕਾਫੀ ਨੂੰ ਵੀ ਉਸ ਸਮੇਂ ਗਿ੍ਰਫ਼ਤਾਰ ਕੀਤਾ ਗਿਆ ਜਦੋਂ ਉਹ ਵਿਦਿਆਰਥੀਆਂ ਨੂੰ ਪੁਲਿਸ ਜਬਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਮਰੀਕਾ ਦੀਆਂ ਵਿੱਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਦੇ ਇਹਨਾਂ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨਾਂ ਨੇ ਸੱਤਰਵਿਆਂ ਦੇ ਵਿਸ਼ਵ ਪ੍ਰਸਿੱਧ ਵਿਦਿਆਰਥੀ ਘੋਲ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਹਜ਼ਾਰਾਂ ਅਮਰੀਕੀ ਵਿਦਿਆਰਥੀ ਵੀਅਤਨਾਮ ਜੰਗ ਦੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਸਨ। ਉਹਨਾਂ ਪ੍ਰਦਰਸ਼ਨਾਂ ਵਿਚ 1970 ਦਾ ਓਹੀਓ ਯੂਨੀਵਰਸਿਟੀ ਦਾ ਵਿਦਿਆਰਥੀ ਪ੍ਰਦਰਸ਼ਨ ਵੀ ਸ਼ਾਮਿਲ ਹੈ ਜਿਸ ਉਪਰ ਅਮਰੀਕੀ ਨੈਸ਼ਨਲ ਗਾਰਡ ਨੇ ਗੋਲੀ ਚਲਾ ਕੇ 4 ਵਿਦਿਆਰਥੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਉਹਨਾਂ ਵਿਦਿਆਰਥੀਆਂ ਦੀ ਮੌਤ ਨੇ ਪੂਰੇ ਅਮਰੀਕਾ ਭਰ ਵਿਚ ਵਿਦਿਆਰਥੀ ਹੜਤਾਲ ਦਾ ਮੁੱਢ ਬੰਨ੍ਹਿਆ ਜਿਸਦੇ ਸਿੱਟੇ ਵਜੋਂ ਆਖ਼ਰ ਅਮਰੀਕਾ ਨੂੰ ਵੀਅਤਨਾਮ ਵਿੱਚੋਂ ਭੱਜਣਾ ਪਿਆ ਸੀ।
ਫ਼ਲਸਤੀਨੀ ਨਸਲਘਾਤ ਖ਼ਿਲਾਫ਼ ਮੌਜੂਦਾ ਵਿਦਿਆਰਥੀ ਸੰਘਰਸ਼ ਨੇ ਨਾ ਸਿਰਫ ਧਾੜਵੀ ਤੇ ਕਾਤਲ ਇਜ਼ਰਾਈਲੀ ਰਾਜ ਨੂੰ ਅਮਰੀਕਾ ਹਕੂਮਤ ਦੀ ਨੰਗੀ ਚਿੱਟੀ ਹਿਮਾਇਤ ਨੂੰ ਬੇਪਰਦ ਕਰ ਦਿੱਤਾ ਹੈ ਸਗੋਂ ਦੁਨੀਆਂ ਭਰ ਨੂੰ ਜਮਹੂਰੀਅਤ ਦਾ ਪਾਠ ਪੜ੍ਹਾਉਣ ਵਾਲੇ ਅਮਰੀਕਾ ਦਾ ਗ਼ੈਰ ਜਮਹੂਰੀ ਖਾਸਾ ਵੀ ਲੋਕਾਂ ਅੰਦਰ ਨੰਗਾ ਕਰ ਦਿੱਤਾ ਹੈ। ਸ਼ਾਂਤੀ ਪੂਰਨ ਰੋਸ ਪ੍ਰਦਰਸ਼ਨਾਂ ’ਤੇ ਪੁਲਿਸ ਜਬਰ, ਅਧਿਆਪਕਾਂ ਤੱਕ ਨੂੰ ਸ਼ਰੇਆਮ ਸੜਕਾਂ ਤੇ ਘਸੀਟਣ ਤੇ ਵਿਦਿਆਰਥੀ ਸੰਘਰਸ਼ ਨੂੰ ਕੋਝੇ ਹੱਥ ਕੰਢਿਆਂ ਨਾਲ ਬਦਨਾਮ ਕਰਨ ਦੇ ਕਾਰਿਆਂ ਨੇ ਵਿਰੋਧੀ ਆਵਾਜ਼ਾਂ ਪ੍ਰਤੀ ਅਮਰੀਕੀ ਰਾਜ ਦੇ ਅਸਹਿਣਸ਼ੀਲ ਤੇ ਜਾਬਰ ਚਰਿੱਤਰ ਨੂੰ ਸਾਹਮਣੇ ਲਿਆਂਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਯਹੂਦੀ ਵਿਰੋਧੀ ਕਹਿਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਾਲ ਹੀ ਲੋਕ ਰੋਹ ਦੇ ਸੇਕ ਨੂੰ ਮਹਿਸੂਸ ਕਰਦਿਆਂ ਉਸਨੂੰ ਫ਼ਲਸਤੀਨ ਅੰਦਰ ਹੋ ਰਹੇ ਕਤਲੇਆਮ ਨੂੰ ਮੰਦਭਾਗਾ ਕਹਿਣ ਲਈ ਵੀ ਮਜ਼ਬੂਰ ਹੋਣਾ ਪਿਆ ਹੈ। ਉਹਨੇ ਬਿਆਨ ਦਿੱਤਾ ਹੈ ਕਿ ‘ਮੈਂ ਯਹੂਦੀ ਵਿਰੋਧੀ ਪ੍ਰਦਰਸ਼ਨਾਂ ਦੀ ਨਿੰਦਾ ਕਰਦਾ ਹਾਂ, ਪਰ ਮੈਂ ਉਹਨਾਂ ਦੀ ਵੀ ਨਿੰਦਾ ਕਰਦਾ ਹਾਂ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਫ਼ਲਸਤੀਨੀ ਲੋਕਾਂ ਨਾਲ ਕੀ ਵਾਪਰ ਰਿਹਾ ਹੈ।’ ਅਸਲ ਵਿੱਚ ਇਹ ਬਿਆਨ ਅਮਰੀਕਾ ’ਚ ਇਸੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਦਬਾਅ ਹੇਠ ਇਜ਼ਰਾਈਲ ਵਿਰੋਧੀ ਭਾਵਨਾਵਾਂ ’ਤੇ ਠੰਡਾ ਛਿੜਕਣ ਦੇ ਇਰਾਦੇ ਨਾਲ ਦਿੱਤਾ ਗਿਆ ਹੈ ਕਿਉਂਕਿ ਇਜ਼ਰਾਈਲੀ ਹਾਕਮਾਂ ਨੂੰ ਅਮਰੀਕਾ ਦੀ ਨੰਗੀ ਚਿੱਟੀ ਹਿਮਾਇਤ ਤੇ ਸਹਾਇਤਾ ਜੱਗ ਜ਼ਾਹਿਰ ਹੈ। ਇਹਨਾਂ ਰੋਸ ਪ੍ਰਦਰਸ਼ਨਾਂ ਨੇ ਇਜ਼ਰਾਈਲੀ ਹਾਕਮਾਂ ਨੂੰ ਵੀ ਫ਼ਿਕਰਾਂ ’ਚ ਪਾਇਆ ਹੈ ਤੇ ਦੁਨੀਆਂ ਭਰ ਦੇ ਲੋਕਾਂ ਵਿਚੋਂ ਉਹਨਾਂ ਨੂੰ ਨਿਖੇੜੇ ਤੇ ਅਲਹਿਦਗੀ ’ਚ ਸੁੱਟਣ ’ਚ ਹਾਂ ਪੱਖੀ ਰੋਲ ਅਦਾ ਕੀਤਾ ਹੈ।
ਅਮਰੀਕਾ ਦੀਆਂ ਯੂਨੀਵਰਸਿਟੀਆਂ ਤੋਂ ਸ਼ੁਰੂ ਹੋਏ ਇਹ ਰੋਸ ਪ੍ਰਦਰਸ਼ਨ ਹੁਣ ਪੂਰੇ ਯੂਰਪ ਵਿਚ ਫੈਲ ਰਹੇ ਹਨ। ਰਿਪੋਰਟਾਂ ਅਨੁਸਾਰ ਆਸਟਰੇਲੀਆ ਦੀਆਂ ਸੱਤ ਯੂਨੀਵਰਸਿਟੀਆਂ ਜਿਹਨਾਂ ਵਿੱਚ ਬਿ੍ਰਸਬੇਨ ਤੇ ਸਿਡਨੀ ਦੀਆਂ ਯੂਨੀਵਰਸਟੀਆਂ ਵੀ ਸ਼ਾਮਲ ਹਨ, ਵਿੱਚ ਵਿਦਿਆਰਥੀਆਂ ਨੇ ਟੈਂਟ ਗੱਡ ਦਿੱਤੇ ਹਨ। ਇਸੇ ਤਰ੍ਹਾਂ ਬਰਤਾਨੀਆ ਦੀਆਂ ਨਿਊ ਕੈਸਲ, ਵਾਰਵਿਕ, ਲੀਡਜ਼, ਬਿ੍ਰਸਟੋਲ, ਫਰਾਂਸ ਵਿੱਚ ਪੈਰਿਸ ਦੀ ਸਾਇੰਸ ਪੋ ਤੇ ਸੋਰਬੋਰਨ ਯੂਨੀਵਰਸਿਟੀ ਤੇ ਕੈਨੇਡਾ ਦੀਆਂ ਯੂਨੀਵਰਸਟੀ ਆਫ ਟੋਰੰਟੋ ਅਤੇ ਮੈਕਗਿੱਲ ਯੂਨੀਵਰਸਿਟੀ, ਮੌਂਟਰੀਅਲ ਵਿੱਚ ਵੀ ਅਮਰੀਕਾ ਦੀ ਤਰਜ਼ ’ਤੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਦੁਨੀਆਂ ਭਰ ਵਿੱਚ ਹੋ ਰਹੇ ਇਹਨਾਂ ਵਿਦਿਆਰਥੀ ਪ੍ਰਦਰਸ਼ਨਾਂ ਨੇ ਫ਼ਲਸਤੀਨੀ ਕੌਮ ਦੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਨਸਲਘਾਤ ਖ਼ਿਲਾਫ਼ ਇੱਕ ਜ਼ੋਰਦਾਰ ਲੋਕ ਆਵਾਜ਼ ਨੂੰ ਜਨਮ ਦਿੱਤਾ ਹੈ। ਜਦੋਂ ਗਾਜ਼ਾ ਉੱਪਰ ਇਜ਼ਰਾਈਲ ਵੱਲੋਂ ਜਾਰੀ ਬੰਬਾਰੀ ਨਾਲ ਹੁਣ ਤੱਕ 34000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 70 ਫੀਸਦੀ ਦੇ ਕਰੀਬ ਔਰਤਾਂ ਤੇ ਬੱਚੇ ਸ਼ਾਮਲ ਹਨ ਤਾਂ ਅਜਿਹੇ ਮੌਕੇ ਦੁਨੀਆਂ ਭਰ ਦੇ ਵਿਦਿਆਰਥੀਆਂ ਵੱਲੋਂ ਇਸ ਨਹੱਕੀ ਜੰਗ ਖ਼ਿਲਾਫ਼ ਉਠਾਈ ਜਾ ਰਹੀ ਇਹ ਆਵਾਜ਼, ਇਜ਼ਰਾਈਲੀ ਧਾੜੇ ਖ਼ਿਲਾਫ਼ ਇੱਕ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ।
--0--
No comments:
Post a Comment