ਹਾਕਮ ਜਮਾਤੀ ਵੋਟ ਸਿਆਸਤੀ ਹੱਲੇ ਦਾ ਟਾਕਰਾ
ਸੂਬੇ ਅੰਦਰ ਹਾਕਮ ਜਮਾਤੀ ਵੋਟ ਪਾਰਟੀਆਂ ਦੇ ਮੁਕਾਬਲੇ ’ਤੇ ਲੋਕਾਂ ਦੇ ਮੁੱਦੇ ਉਭਾਰਨ ਤੇ ਇਹਨਾਂ ਦੇ ਹੱਲ ਲਈ ਪਾਰਲੀਮਾਨੀ ਸੰਸਥਾਵਾਂ ਦੇ ਮੁਕਾਬਲੇ ਬਦਲਵੇਂ ਰਾਹ ਨੂੰ ਉਭਾਾਰਨ ਦੀ ਜ਼ੋਰਦਾਰ ਸਰਗਰਮੀ ਰਾਹੀਂ ਇਸ ਵੋਟ ਸਿਆਸਤੀ ਹੱਲੇ ਦਾ ਟਾਕਰਾ ਕੀਤਾ ਜਾ ਰਿਹਾ ਹੈ। ਹਾਕਮ ਜਮਾਤਾਂ ਦੀਆਂ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਉਹਨਾਂ ’ਚ ਆਪਸੀ ਕੁਰਸੀ ਭੇੜ ਨੂੰ ਸੁਲਝਾਉਣ ਦੇ ਨਾਲ ਨਾਲ ਲੋਕਾਂ ਖਿਲਾਫ਼ ਹਮਲੇ ਦਾ ਰੋਲ ਵੀ ਅਦਾ ਕਰਦੀਆਂ ਹਨ। ਇਹ ਹਮਲਾ ਲੋਕਾਂ ਦੇ ਹਕੀਕੀ ਮਸਲਿਆਂ ਨੂੰ ਦਰਕਿਨਾਰ ਕਰਨ ਜਾਂ ਨਿਗੂਣੇ ਮੁੱਦਿਆਂ ਤੱਕ ਸੁੰਗੇੜਨ ਅਤੇ ਭਰਮਾਊ, ਭਟਕਾਊ ਮੁੱਦਿਆਂ ਨੂੰ ਸਾਹਮਣੇ ਲਿਆਉਣ, ਲੋਕਾਂ ’ਚ ਪਾਟਕ ਪਾਉਣ ਅਤੇ ਏਸੇ ਲੁਟੇਰੇ ਨਿਜ਼ਾਮ ਦੀ ਅਖੌਤੀ ਜਮਹੂਰੀਅਤ ’ਚ ਲੋਕਾਂ ਦਾ ਭਰੋਸਾ ਬੰਨ੍ਹਾਉਣ ਦੇ ਕਈ ਪਸਾਰਾਂ ਤੱਕ ਫੈਲਿਆ ਹੋਇਆ ਹੈ ਤੇ ਹਰ ਵਾਰ ਚੋਣਾਂ ਰਾਹੀਂ ਹਾਕਮ ਜਮਾਤਾਂ ਲੋਕਾਂ ਖਿਲਾਫ਼ ਆਪਣੀ ਸਿਆਸੀ ਵਿਚਾਰਧਾਰਕ ਪੁੱਗਤ ਨੂੰ ਹੋਰ ਪੱਕੀ ਕਰਨ ਦਾ ਯਤਨ ਕਰਦੀਆਂ ਹਨ। ਅਜਿਹੇ ਸਮੇਂ ਲੋਕਾਂ ਦੀਆਂ ਸ਼ਕਤੀਆਂ ਦਾ ਕਾਰਜ ਬਣਦਾ ਹੈ ਕਿ ਉਹ ਆਪਣੇ ਖਿਲਾਫ਼ ਇਸ ਸਿਆਸੀ ਹੱਲੇ ਦਾ ਟਾਕਰਾ ਆਪਣੀ ਸਿਆਸਤ ਨੂੰ ਬੁਲੰਦ ਕਰਨ ਰਾਹੀਂ ਕਰਨ ਤੇ ਹਾਕਮ ਜਮਾਤੀ ਸਿਆਸਤ ਅਤੇ ਵਿਚਾਰਧਾਰਾ ਉੱਪਰ ਮੋੜਵਾਂ ਹਮਲਾ ਕਰਨ। ਲੋਕਾਂ ਦੀਆਂ ਜਨਤਕ ਜਥੇਬੰਦੀਆਂ ਤੋਂ ਲੈ ਕੇ ਇਨਕਲਾਬੀ ਤਬਦੀਲੀ ਲਈ ਪ੍ਰਣਾਈਆਂ ਸ਼ਕਤੀਆਂ ਲਈ ਆਪੋ ਆਪਣੇ ਪੱਧਰਾਂ ਤੇ ਦਾਇਰੇ ਅਨੁਸਾਰ ਇਹੋ ਕਾਰਜ ਕਰਨਾ ਬਣਦਾ ਹੈ। ਇਨਕਲਾਬੀ ਸ਼ਕਤੀਆਂ ਸਾਹਮਣੇ ਇਹ ਇੱਕ ਅਹਿਮ ਮੌਕਾ ਹੁੰਦਾ ਹੈ ਜਦੋਂ ਉਹ ਹਾਕਮਾਂ ਦੀ ਅਖੌਤੀ ਜਮਹੂਰੀਅਤ ਤੇ ‘ਲੋਕ ਤੰਤਰ’ ਦੇ ਮੁਕਾਬਲੇ ਇਲਕਲਾਬੀ ਬਦਲ ਨੂੰ ਪੂਰੀ ਸਪਸ਼ਟਤਾ ਤੇ ਧੜੱਲੇ ਨਾਲ ਉਭਾਰਨ, ਭਾਵ ਜੋ ਕਾਰਜ ਉਹ ਲੋਕਾਂ ਅੰਦਰ ਹਮੇਸ਼ਾ ਹੀ ਕਰਦੇ ਹਨ, ਅਜਿਹੇ ਮੌਕੇ ਉਹ ਪੂਰੇ ਧੜੱਲੇ ਤੇ ਵਧੇਰੇ ਜੋਰ ਨਾਲ ਇਹ ਕਾਰਜ ਕਰਨ। ਇਹ ਮੌਕਾ ਇੱਕ ਤਰ੍ਹਾਂ ਨਾਲ ਲੋਕ ਜਥੇਬੰਦੀਆਂ ਦੀ ਸਿਆਸੀ ਪਕਿਆਈ ਦਾ ਮੌਕਾ ਵੀ ਬਣਦਾ ਹੈ ਤੇ ਆਪਣੇ ਕੰਮ ਨੂੰ ਪੱਕੇ ਪੈਰੀਂ ਕਰਨ ਦਾ ਜ਼ਰੀਆ ਵੀ। ਇਸ ਪਹਿਲੂ ਤੋਂ ਪੰਜਾਬ ਅੰਦਰ ਲੋਕਾਂ ਦੀਆਂ ਵੱਖ ਵੱਖ ਪਰਤਾਂ ਦੀ ਵਿਆਪਕ ਸਰਗਰਮੀ ਵੇਖਣ ਨੂੰ ਮਿਲ ਰਹੀ ਹੈ ਤੇ ਇਸਨੂੰ ਸਮੁੱਚਤਾ ’ਚ ਦੇਖਿਆਂ ਇਹ ਸਮੁੱਚੀ ਸਰਗਰਮੀ ਹਾਕਮ ਜਮਾਤੀ ਵੋਟ ਹੱਲੇ ਦਾ ਟਾਕਰਾ ਕਰਨ ਦੇ ਅਸਰਦਾਰ ਪੈਂਤੜੇ ਵਜੋਂ ਉੱਭਰ ਰਹੀ ਹੈ। ਹਾਕਮ ਜਮਾਤੀ ਵੋਟ ਸਿਆਸਤ ਦੇ ਅਖਾੜੇ ’ਚ ਵੀ ਲੋਕ ਸਰੋਕਾਰਾਂ ਦੀ ਚਰਚਾ (ਚਾਹੇ ਰਸਮੀ ਹੀ) ਚੱਲਣ ਦੀ ਹਾਲਤ ਪੈਦਾ ਕਰਦੀ ਹੈ ਤੇ ਲੋਕਾਂ ਦੀ ਸੁਰਤ ’ਚ ਅਸਲ ਮੁੱਦਿਆਂ ਦੀ ਹਾਜ਼ਰੀ ਕਾਇਮ ਰੱਖਦੀ ਹੈ।
ਇਸ ਸਮੁੱਚੇ ਚੋਣ ਅਰਸੇ ’ਚ ਸੂਬੇ ਅੰਦਰ ਕਿੰਨੀਆਂ ਹੀ ਲੋਕ ਜਥੇਬੰਦੀਆਂ ਦੀ ਆਪਣੇ ਮੁੱਦਿਆਂ ’ਤੇ ਸੰਘਰਸ਼ ਐਕਸ਼ਨਾਂ ਤੋਂ ਲੈ ਕੇ ਪ੍ਰਚਾਰ ਸਰਗਰਮੀਆਂ ਤੱਕ ਦੀ ਲੜੀ ਚੱਲੀ ਹੈ। ਪੰਜਾਬ ਦੇ ਜਮਾਤੀ ਸੰਘਰਸ਼ਾਂ ’ਚ ਸਭ ਤੋਂ ਵੱਧ ਸਰਗਰਮ ਰਹਿਣ ਵਾਲੇ ਹਲਕੇ ਹੀ ਹਾਕਮਾਂ ਦੀਆਂ ਚੋਣ ਮੁਹਿੰਮਾਂ ਦਾ ਸਭ ਤੋਂ ਅਸਰਦਾਰ ਟਾਕਰਾ ਕਰ ਰਹੇ ਹਨ। ਇਹ ਸਰਗਰਮੀ ਦੱਸਦੀ ਹੈ ਕਿ ਇਹ ਹਿੱਸੇ ਖੁਦ ਇਸ ਪਾਰਲੀਮਾਨੀ ਵੋਟ ਢਾਂਚੇ ਬਾਰੇ ਖੁਦ ਭਰਮ ਮੁਕਤ ਹਨ। ਸਭ ਤੋਂ ਵਧੇਰੇ ਜਨਤਕ ਪੈਮਾਨੇ ’ਤੇ ਅਤੇ ਅੰਸ਼ਕ ਜਨਤਕ ਬਦਲ ਉਭਾਰਨ ਦੇ ਪੱਧਰ ’ਤੇ ਪੰਜਾਬ ਦੀਆਂ ਜਨਤਕ ਜਥੇਬੰਦੀਅ ਵੱਲੋਂ 26 ਮਈ ਨੂੰ ਬਰਨਾਲੇ ’ਚ ਕੀਤੀ ਜਾ ਰਹੀ ਲੋਕ ਸੰਗਰਾਮ ਰੈਲੀ ਮਹੱਤਵਪੂਰਨ ਹੈ। ਇਹ ਰੈਲੀ ਪੰਜਾਬ ਦੀਆਂ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ 30 ਨੁਕਾਤੀ ਲੋਕ ਏਜੰਡੇ ਦੇ ਹਵਾਲੇ ਨਾਲ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਸਿਆਸਤ ਦਾ ਕਿਰਦਾਰ ਨੰਗਾ ਕਰਨ ਅਤੇ ਇਹਨਾਂ ਮੁੱਦਿਆਂ ਦੀ ਪ੍ਰਾਪਤੀ ਲਈ ਸਾਂਝੇ ਲੋਕ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਲੋਕਾਂ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ। ਲੋਕਾਂ ਦੇ ਸੰਘਰਸ਼ਾਂ ਦੀਆਂ ਪ੍ਰਾਪਤੀਆਂ ਦੇ ਹਵਾਲੇ ਨਾਲ ਹਾਕਮ ਜਮਾਤੀ ਪਾਰਟੀਆਂ ਤੇ ਸੰਸਥਾਵਾਂ ਤੋਂ ਝਾਕ ਮੁਕਾਉਣ ਅਤੇ ਆਪਣੀ ਜਥੇਬੰਦ ਤਾਕਤ ’ਤੇ ਟੇਕ ਰੱਖਣ ਦਾ ਹੋਕਾ ਦਿੰਦਾ ਰਸਤਾ ਉਭਾਰਿਆ ਜਾ ਰਿਹਾ ਹੈ। ਇਉ ਹੀ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਬਦਲ ਉਭਾਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਮੌਜੂਦਾ ਲੁਟੇਰੇ ਰਾਜ ਭਾਗ ਦੇ ਮੁਕਾਬਲੇ ’ਤੇ ਲੋਕਾਂ ਦੇ ਆਪਣੇ ਰਾਜ ਭਾਗ ਦੇ ਆਰਥਿਕ ਸਿਆਸੀ ਤੇ ਸਭਿਆਚਾਰਕ ਬਦਲ ਦੇ ਨਕਸ਼ ਉਭਾਰੇ ਜਾ ਰਹੇ ਹਨ ਤੇ ਇਸਦੀ ਪ੍ਰਾਪਤੀ ਲਈ ਲੋਕ ਤਾਕਤ ਦੀ ਉਸਾਰੀ ਕਰਕੇ ਇਨਕਲਾਬੀ ਤਬਦੀਲੀ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਲੋਕ ਇਨਕਲਾਬ ਦੀ ਇਸ ਮੰਜ਼ਿਲ ’ਤੇ ਪੁੱਜਣ ਲਈ ਉਭਾਰੇ ਜਾ ਰਹੇ ਪ੍ਰੋਗਰਾਮ ਤੇ ਮਾਰਗ ਨੂੰ ਲੋਕਾਂ ਦੀ ਫੌਰੀ ਸੰਘਰਸ਼ ਲਹਿਰ ਨਾਲ ਜੋੜ ਕੇ ਚਰਚਾ ਕੀਤੀ ਜਾ ਰਹੀ ਹੈ ਤੇ ਇਸ ਲਹਿਰ ਦੇ ਇਨਕਲਾਬੀ ਤਬਦੀਲੀ ਦੀ ਲਹਿਰ ’ਚ ਬਦਲਣ ਦਾ ਮਾਰਗ ਵੀ ਦੱਸਿਆ ਜਾ ਰਿਹਾ ਹੈ। ਮੌਜੂਦਾ ਸੰਘਰਸ਼ ਮੁੱਦਿਆਂ ਨੂੰ ਨੀਤੀ ਮੁੱਦਿਆਂ ਨਾਲ ਜੋੜਨ ਤੇ ਇਨਕਲਾਬੀ ਸਿਆਸੀ ਤਬਦੀਲੀ ਦੀ ਮੰਜ਼ਿਲ ਤੱਕ ਲਿਜਾਣ ਦਾ ਭਵਿੱਖ ਨਕਸ਼ਾ ਦਰਸਾਇਆ ਜਾ ਰਿਹਾ ਹੈ। ਇੱਕ ਹੋਰ ਇਨਕਲਾਬੀ ਜਥੇਬੰਦੀ ਇਨਕਲਾਬੀ ਕੇਂਦਰ ਵੱਲੋਂ ਵੀ ਇਨਕਲਾਬੀ ਪ੍ਰੋਗਰਾਮ ਉਭਾਰਨ ਪ੍ਰਚਾਰਨ ਦੀ ਮੁਹਿੰਮ ਚਲਾਈ ਗਈ ਹੈ। ਇੱਕ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀ. ਪੀ. ਆਰ. ਸੀ. ਆਈ. (ਮ.ਲ.) ਵੱਲੋਂ ਜਾਰੀ ਹੱਥ ਪਰਚੇ ਤੇ ਪੈਂਫਲਿਟ ਵੀ ਹਾਸਲ ਹੋਏ ਹਨ ਜਿਹੜੇ ਮੌਜੂਦਾ ਲੁਟੇਰੇ ਰਾਜ ਨੂੰ ਬਦਲਣ ਲਈ ਇਨਕਲਾਬ ਦਾ ਨਿਸ਼ਾਨਾ ਮਿਥਣ ਤੇ ਇਸ ਲਈ ਹਥਿਆਰਬੰਦ ਲੋਕ ਤਾਕਤ ਦੀ ਉਸਾਰੀ ਕਰਨ ਦਾ ਸੱਦਾ ਦਿੰਦੇ ਹਨ। ਇਹ ਸਮੱਗਰੀ ਪਾਰਲੀਮਾਨੀ ਸੰਸਥਾਵਾਂ ਤੋਂ ਭਰਮ ਮੁਕਤੀ ਬਾਰੇ ਵੀ ਸਪਸ਼ਟਤਾ ਨਾਲ ਚਰਚਾ ਕਰਦੀ ਹੈ।
ਸਮੁੱਚੇ ਤੌਰ ’ਤੇ ਇਹ ਸਾਰੀਆਂ ਮੁਹਿੰਮਾਂ ਹਾਕਮ ਜਮਾਤੀ ਵੋਟ ਸਿਆਸਤ ਦੇ ਅਖਾੜੇ ਦੇ ਮੁਕਾਬਲੇ ਲੋਕਾਂ ਦੇ ਹਕੀਕੀ ਪ੍ਰੋਗਰਾਮ ਤੇ ਰਾਹ ਨੂੰ ਉਭਾਰਨ ਦੀਆਂ ਮੁਹਿੰਮਾਂ ਹਨ ਜਿਹੜੀਆਂ ਸਭ ਤੋਂ ਪਹਿਲਾਂ ਹਾਕਮ ਜਮਾਤੀ ਵੋਟ ਹੱਲੇ ਦਾ ਲੋਕਾਂ ਦੇ ਪਾਸੇ ਤੋਂ ਟਾਕਰਾ ਕਰਨ ਦਾ ਗੰਭੀਰ ਯਤਨ ਹਨ ਅਤੇ ਨਾਲ ਹੀ ਪਾਰਲੀਮਾਨੀ ਸੰਸਥਾਵਾਂ ਦੇ ਰਾਹ ਦੇ ਮੁਕਾਬਲੇ ਲੋਕਾਂ ਨੂੰ ਹਕੀਕੀ ਇਨਕਲਾਬੀ ਬਦਲ ਦੇ ਲੜ ਲਾਉਣ ਦੀ ਗੰਭੀਰ ਇਲਕਲਾਬੀ ਸਿਆਸੀ ਸਰਗਰਮੀ ਹਨ, ਚਾਹੇ ਹਰ ਜਥੇਬੰਦੀ ਦਾ ਪ੍ਰੋਗਰਾਮ ਤੇ ਰਾਹ ਦੇ ਪੱਧਰ ’ਤੇ ਆਪੋ ਆਪਣਾ ਘੇਰਾ ਤੇ ਪਹੁੰਚ ਹੈ। ਜਨਤਕ ਜਥੇਬੰਦੀਆਂ ਵੱਲੋਂ ਵੀ ਆਪਣੇ ਤਜ਼ਰਬੇ ’ਚੋਂ ਉਭਰਦੇ ਸਬਕਾਂ ਨੂੰ ਤੇ ਨੀਤੀ ਮੁੱਦਿਆਂ ਲਈ ਸੰਘਰਸ਼ਾਂ ਦੀ ਲੋੜ ਉਭਾਰਨ ਦੀ ਸਰਗਰਮੀ ਇੱਕ ਤਰ੍ਹਾਂ ਨਾਲ ਅੰਸ਼ਿਕ ਬਦਲ ਦੀ ਪੇਸ਼ਕਾਰੀ ਬਣ ਜਾਂਦੀ ਹੈ, ਜਦਕਿ ਮੁਕਾਬਲਤਨ ਵਿਕਸਿਤ ਸਿਆਸੀ ਪ੍ਰੋਗਰਾਮ ਵਾਲੀਆਂ ਜਥੇਬੰਦੀਆਂ ਵੱਲੋਂ ਵਧੇਰੇ ਸਪਸ਼ਟਤਾ ਤੇ ਸਿਆਸੀ ਚੌਖਟੇ ’ਚ ਇਨਕਲਾਬੀ ਬਦਲ ਪੇਸ਼ ਹੋ ਰਿਹਾ ਹੈ। ਇਹਨਾਂ ਮੁਹਿੰਮਾਂ ਦੌਰਾਨ ਜਾਰੀ ਹੋਈ ਲਿਖਤੀ ਸਮੱਗਰੀ ਦੇ ਕੁੱਝ ਅੰਸ਼ ਨਮੂਨੇ ਵਜੋਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
ਵੋਟਾਂ ਬਦਲੇ ਪੈਸੇ ਨਾ ਦੇਣ ਖਿਲਾਫ ਮੁਜਾਹਰੇ
ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਪੁਖ਼ਤਾ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਇਸ ਜਮਹੂਰੀਅਤ ਦੀਆਂ ਚੋਣਾਂ ਦੌਰਾਨ ਆਂਧਰਾ ਪ੍ਰਦੇਸ਼ ਅੰਦਰ ਤਾਂ ਲੋਕਾਂ ਨੇ ਵੋਟਾਂ ਦੇ ਬਦਲੇ 1 ਹਜ਼ਾਰ ਰੁਪਏ ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਦੀ ਮੰਗ ਲਈ ਪ੍ਰਦਰਸ਼ਨ ਵੀ ਕੀਤੇ ਹਨ। ਇੱਕ ਜਗ੍ਹਾ ਇੱਕ ਉਮੀਦਵਾਰ ਦੇ ਚੋਣ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਕਿਉਂਕਿ ਉਹਨਾਂ ਨੂੰ ਪੰਜ ਪੰਜ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਪੈਸੇ ਨਹੀਂ ਮਿਲੇ ਸਨ। ਅਜਿਹੀਆਂ ਖਬਰਾਂ ਆਧਰਾਂ ਪ੍ਰਦੇਸ਼ ਅੰਦਰ ਤਿੰਨ ਚਾਰ ਥਾਵਾਂ ਤੋਂ ਆਈਆਂ ਹਨ।
ਅਜਿਹੇ ਪ੍ਰਦਰਸ਼ਨਾਂ ਦੀ ਇਜਾਜ਼ਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੀ ਦੇ ਸਕਦੀ ਹੈ, ਦੁਨੀਆਂ ਦੀ ਕੋਈ ਛੋਟੀ ਜਮਹੂਰੀਅਤ ਤਾਂ ਅਜਿਹੀ ਜੱਗੋਂ ਤੇਰ੍ਹਵੀਂ ਝੱਲਣ ਜੋਗੀ ਹੋ ਨਹੀਂ ਸਕਦੀ। ਅਜਿਹੇ ਪ੍ਰਦਰਸ਼ਨ ਜਜ਼ਬ ਕਰਨ ਦੀ ਸਮਰਥਾ ਵੀ ਤਾਂ ਭਾਰਤੀ ਜਮਹੂਰੀਅਤ ਨੇ ਹੀ ਵਿਕਸਿਤ ਕੀਤੀ ਹੈ। ਇਹ ਪ੍ਰਦਰਸ਼ਨ ਦੱਸਦੇ ਹਨ ਕਿ ਦੇਸ਼ ਅੰਦਰ ਵੋਟ ਦੇ ਹੱਕ ਬਾਰੇ ‘ਚੇਤਨਾ’ ਅਜਿਹੇ ਪੱਧਰ ’ਤੇ ਪਹੁੰਚ ਚੁੱਕੀ ਹੈ। ਲੋਕਾਂ ਨੂੰ ਆਪਣੇ ਹੱਡੀਂ ਹੰਡਾਏ ਤਜ਼ਰਬੇ ’ਚੋਂ ਇਹ ਭਲੀ ਭਾਂਤ ਪਤਾ ਹੈ ਕਿ ਕਰਨਾ ਕਿਸੇ ਨੇ ਕੁਝ ਨਹੀਂ, ਜੀਹਤੋਂ ਪੈਸੇ ਲਏ ਜਾਂਦੇ ਹਨ, ਲੈ ਲਓ।
ਇਹ ਪ੍ਰਦਰਸ਼ਨ ਅਖੌਤੀ ਭਾਰਤੀ ਜਮਹੂਰੀਅਤ ਦੀ ਇਸ ਭਰਮਾਊ ਕਸਰਤ ਅੰਦਰ ਦਿਲਚਸਪ ਝਾਕੀ ਹਨ ਤੇ ਇਸ ਅੰਦਰ ਲੋਕਾਂ ਦੀ ਸ਼ਮੂਲੀਅਤ ਦੀ ਹਕੀਕਤ ਬਿਆਨ ਕਰ ਰਹੇ ਹਨ।
No comments:
Post a Comment