।ਖਰੀ ਜਮਹੂਰੀਅਤ ਲਈ ਇਨਕਲਾਬੀ ਸੰਘਰਸ਼ਾਂ ਦੀ ਉਸਾਰੀ ਕਰੋ
ਹਕੂਮਤ ਕੀਹਦੀ ?
* ਸਾਡੇ ਦੇਸ਼ ਵਿੱਚ ਅਸਲੀ ਹਕੂਮਤ ਵੱਡੇ ਜਗੀਰਦਾਰਾਂ, ਸਰਮਾਏਦਾਰਾਂ ਅਤੇ ਸਾਮਰਾਜੀ ਕੰਪਨੀਆਂ ਦੀ ਚੱਲਦੀ ਹੈ। ਇਹ ਵੋਟ ਪਾਰਟੀਆਂ ਤਾਂ ਉਹਨਾਂ ਦੀਆਂ ਸੇਵਾਦਾਰ ਹਨ ਜੋ ਇੱਕ ਦੂਜੇ ਤੋਂ ਵੱਧ ਕੇ ਉਹਨਾਂ ਨੂੰ ਸੇਵਾ ਦੀ ਗਰੰਟੀ ਦਿੰਦੀਆਂ ਹਨ। ਇਸ ਤਿਕੜੀ ਦਾ ਕਾਲਾ ਧਨ ਹੀ ਇਹਨਾਂ ਪਾਰਟੀਆਂ ਦੇ ਫੰਡਾਂ ਦਾ ਮੁੱਖ ਸਰੋਤ ਹੁੰਦਾ ਹੈ। ਮੋਦੀ ਦੇ ਚੋਣ ਪ੍ਰਚਾਰ ਵਿੱਚ ਵਰਤਿਆ ਗਿਆ ਅਡਾਨੀ ਦਾ ਹਵਾਈ ਜਹਾਜ਼ ਵੀ ਇਸੇ ਦਾ ਸਬੂਤ ਹੈ ਅਤੇ ਚੋਣ ਬਾਂਡਾਂ ਦੇ ਬਾਰੇ ਨਸ਼ਰ ਵੇਰਵੇ ਵੀ ਏਸੇ ਦਾ ਪ੍ਰਮਾਣ ਹਨ। ਲੋਕਾਂ ਦੀਆਂ ਵੋਟਾਂ ਤਾਂ ਇਸ ਤਿੱਕੜੀ ਦੇ ਸੇਵਾਦਾਰ ਹੀ ਬਦਲਦੀਆਂ ਹਨ, ਜਦੋਂ ਕਿ ਅਸਲੀ ਹਕੂਮਤ ਉਹੀ ਰਹਿੰਦੀ ਹੈ।
*
ਇਸ ਤਿੱਕੜੀ ਦਾ ਰਾਜ ਸਿਰਫ਼ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਰਾਹੀਂ ਹੀ ਨਹੀਂ ਚੱਲਦਾ। ਫ਼ੌਜ, ਪੁਲਿਸ, ਅਫ਼ਸਰਸ਼ਾਹੀ, ਅਦਾਲਤਾਂ, ਜੇਲ੍ਹਾਂ ਸਭ ਇਸੇ ਦੀ ਹੀ ਸੇਵਾ ਕਰਦੇ ਹਨ। ਇਸੇ ਕਾਰਨ ਇਹਨਾਂ ਸੰਸਥਾਵਾਂ ਅੰਦਰ ਲੋਕ ਪੈਰ ਪੈਰ ’ਤੇ ਧੱਕੇ ਖਾਣ ਅਤੇ ਬੇਇੱਜ਼ਤ ਹੋਣ ਲਈ ਸਰਾਪੇ ਹੁੰਦੇ ਹਨ। ਇਸ ਕਰਕੇ ਮਸਲਾ ਸਿਰਫ਼ ਪਾਰਲੀਮੈਂਟ ਅੰਦਰਲੇ ਟੋਲੇ ਨੂੰ ਬਦਲਣ ਦਾ ਨਹੀਂ ਸਗੋਂ ਇਸ ਸਮੁੱਚੇ ਪ੍ਰਬੰਧ ਨੂੰ ਬਦਲਣ ਦਾ ਹੈ।
ਵੋਟ ਦੀ ਫੋਕੀ ਤਾਕਤ
* ਲੋਕਾਂ ਕੋਲ ਜਿਸ ਵੋਟ ਦੀ ਤਾਕਤ ਹੋਣ ਬਾਰੇ ਭੁਲੇਖੇ ਖੜ੍ਹੇ ਕੀਤੇ ਜਾਂਦੇ ਹਨ, ਉਸ ਵੋਟ ਦੀ ਵਰਤੋਂ ਤਾਂ ਹਜ਼ਾਰਾਂ ਮੁਥਾਜਗੀਆਂ, ਲੋੜਾਂ ਅਤੇ ਮਜ਼ਬੂਰੀਆਂ ਨਾਲ ਬੱਝੀ ਹੁੰਦੀ ਹੈ। ਲੋਕ ਆਪਣੀ ਜ਼ਿੰਦਗੀ ਦੀਆਂ ਅਨੇਕਾਂ ਲੋੜਾਂ ਗਰਜਾਂ ਲਈ, ਆਪਣੀਆਂ ਹੱਕੀ ਸਹੂਲਤਾਂ ਲਈ ਉਪਰਲਿਆਂ ਦੀ ਮਿੰਨਤ ਮੁਥਾਜਗੀ ਕਰਨ ਲਈ ਮਜ਼ਬੂਰ ਹੁੰਦੇ ਹਨ। ਇਸ ਕਰਕੇ ਆਮ ਤੌਰ ’ਤੇ ਵੋਟਾਂ ਕਿਸੇ ਵੋਟ ਪਾਰਟੀ ਦੀਆਂ ਨੀਤੀਆਂ ਪਰਖ ਕੇ ਨਹੀਂ, ਸਗੋਂ ਚੋਣਾਂ ਵਿੱਚ ਖੜ੍ਹੇ ਉਮੀਦਵਾਰ ਜਾਂ ਉਹਦੇ ਪਿੱਛਲੱਗਾਂ ਤਾਈਂ ਲੋੜਾਂ ਵਿੱਚੋਂ ਪੈਂਦੀਆਂ ਹਨ।
*
ਨਾ ਹੀ ਮੌਜੂਦਾ ਪ੍ਰਬੰਧ ਅੰਦਰ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਦੀ ਅਜਿਹੀ ਹੈਸੀਅਤ ਬਣਦੀ ਹੈ ਕਿ ਉਹ ਲੋਕ ਆਵਾਜ਼ ਬਣ ਕੇ ਲੋਕ ਵਿਰੋਧੀ ਫ਼ੈਸਲੇ ਬਦਲ ਸਕਣ। ਲੋਕਾਂ ਦੀ ਜ਼ਿੰਦਗੀ ’ਤੇ ਡੂੰਘੇ ਅਸਰ ਪਾਉਣ ਵਾਲੇ ਖੇਤੀ ਕਾਨੂੰਨਾਂ ਵਰਗੇ ਫੈਸਲੇ ਅਕਸਰ ਸੰਸਦ ਅੰਦਰ ਬਿਨਾਂ ਚਰਚਾ ਤੋਂ ਜਾਂ ਬਹੁਤ ਥੋੜ੍ਹੀ ਗਿਣਤੀ ਨਾਲ ਹੀ ਪਾਸ ਹੋ ਜਾਂਦੇ ਹਨ। ਵਿਸ਼ਵ ਵਪਾਰ ਸੰਸਥਾ ਵਿੱਚ ਜਾਣ ਵਰਗੇ ਅਨੇਕਾਂ ਮਾਰੂ ਫੈਸਲੇ ਇਹਨਾਂ ਸੰਸਥਾਵਾਂ ਦੇ ਬਾਹਰੋਂ ਬਾਹਰ ਹੀ ਹੁੰਦੇ ਰਹੇ ਹਨ। ਇਸ ਕਰਕੇ ਜੇਕਰ ਕੁਝ ਨੁਮਾਇੰਦੇ ਲੋਕਾਂ ਦੀ ਗੱਲ ਉਭਾਰਨ ਵੀ ਤਾਂ ਇਸ ਪ੍ਰਬੰਧ ਅੰਦਰ ਉਹ ਜਾਮ ਹੋ ਕੇ ਰਹਿ ਜਾਂਦੇ ਹਨ।
ਚੋਣਾਂ ਜੋਕਾਂ ਦਾ ਹਥਿਆਰ - ਲੋਕ ਏਕੇ ਤੇ ਕਰਦਾ ਵਾਰ
*
ਅਸਲੀ ਜਮਹੂਰੀਅਤ ਤੋਂ ਬਿਨਾਂ ਵੋਟਾਂ ਦਾ ਅਮਲ ਨਿਰਾ ਧੋਖਾ ਹੈ। ਇਹ ਅਮਲ ਇਉਂ ਪੇਸ਼ ਕਰਦਾ ਹੈ ਜਿਵੇਂ ਲੋਕਾਂ ਕੋਲ ਸੱਚੀਂ ਮੁੱਚੀਂ ਇਸ ਪ੍ਰਬੰਧ ਨੂੰ ਆਪਣੇ ਹਿਸਾਬ ਨਾਲ ਚਲਾ ਸਕਣ ਦੀ ਤਾਕਤ ਹੋਵੇ ਜਦੋਂ ਕਿ ਹਕੀਕਤ ਵਿੱਚ ਉਹਨਾਂ ਕੋਲ ਅਜਿਹੀ ਕੋਈ ਤਾਕਤ ਨਹੀਂ ਹੁੰਦੀ।
*
ਸਾਡੇ ਮੌਜੂਦਾ ਪ੍ਰਬੰਧ ਅੰਦਰ ਚੋਣ ਪ੍ਰਕਿਰਿਆ ਜੋਕਾਂ ਦਾ ਅਮਲ ਹੈ, ਲੋਕਾਂ ਦਾ ਨਹੀਂ । ਕਰੋੜਾਂ ਰੁਪਏ ਦੇ ਖਰਚ ਨਾਲ ਸਿਰੇ ਚੜ੍ਹਾਈਆਂ ਜਾਂਦੀਆਂ ਚੋਣਾਂ ਅਸਲ ਵਿੱਚ ਵੱਡੀਆਂ ਜੋਕਾਂ ਦੇ ਸੇਵਾਦਾਰ ਚੁਣਦੀਆਂ ਹਨ, ਜਿਹਨਾਂ ਨੂੰ ਲੋਕਾਂ ਦੇ ਸੇਵਾਦਾਰਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇੱਕ ਵਾਰ ਚੁਣੇ ਜਾਣ ਤੋਂ ਬਾਅਦ ਉਹਨਾਂ ਦਾ ਸਾਰਾ ਅਮਲ ਇਸ ਗੱਲ ਦੀ ਗਵਾਹੀ ਹੁੰਦਾ ਹੈ ਕਿ ਉਹ ਲੋਕਾਂ ਦੇ ਕਿਹੋ ਜਿਹੇ ਸੇਵਾਦਾਰ ਹਨ।
*
ਇਸ ਪ੍ਰਬੰਧ ਵਿੱਚ ਵੋਟਾਂ ਦਾ ਅਮਲ ਲੋਕਾਂ ਨੂੰ ਆਪਸ ਵਿੱਚ ਵੰਡਣ ਅਤੇ ਭਾਈਚਾਰਕ ਸਾਂਝ ਤੋੜਨ ਦਾ ਕੰਮ ਕਰਦਾ ਹੈ। ਉਹਨਾਂ ਦਾ ਧਿਆਨ ਆਪਣੇ ਸੰਘਰਸ਼ਾਂ ਤੋਂ ਤੇ ਹਕੀਕੀ ਮਸਲਿਆਂ ਤੋਂ ਭਟਕਾਉਣ ਦਾ ਕੰਮ ਕਰਦਾ ਹੈ। ਉਹਨਾਂ ਅੰਦਰ ਇਹ ਭਰਮ ਖੜ੍ਹਾ ਕਰਦਾ ਹੈ ਕਿ ਕਿਸੇ ਇੱਕ ਜਾਂ ਦੂਜੇ ਵਿਅਕਤੀ ਨੂੰ ਚੁਣ ਕੇ ਇਸ ਪੂਰੇ ਪ੍ਰਬੰਧ ਨੂੰ ਬਦਲਿਆ ਜਾ ਸਕਦਾ ਹੈ।
ਹੱਲ ਨਾ ਵੋਟ ਸਿਆਸਤ ਕੋਲ , ਦੁੱਖ ਦਾ ਦਾਰੂ ਸਾਂਝੇ ਘੋਲ
*
ਅਜਿਹੇ ਮੁੱਦੇ ਕਿਸੇ ਵੀ ਚੋਣ ਪਾਰਟੀ ਦਾ ਏਜੰਡਾ ਨਹੀਂ, ਨਾ ਹੀ ਜੋਕ ਤਿਕੜੀ ਪ੍ਰਤੀ ਵਫਾਦਾਰੀ ਅਤੇ ਲੋਕਾਂ ਨਾਲ ਧਰੋਹ ਕਮਾਉਂਦੇ ਹੋਏ ਉਹ ਇਉਂ ਕਰ ਸਕਦੇ ਹਨ।
* ਇਹਨਾਂ ਲੋਕ ਵਿਰੋਧੀ ਕਦਮਾਂ ਨੂੰ ਠੱਲ੍ਹ ਸਿਰਫ ਲੋਕ ਹੀ ਪਾ ਸਕਦੇ ਹਨ। ਸਭ ਤਬਕਿਆਂ ਤੋਂ ਉੱਪਰ ਉੱਠ ਕੇ ਸਾਂਝੇ ਸੰਘਰਸ਼ਾਂ ਰਾਹੀਂ ਲੋਕ ਆਪਣੀਆਂ ਇਹ ਗੱਲਾਂ ਮਨਵਾ ਸਕਦੇ ਹਨ। ਕਿਸਾਨੀ ਅੰਦੋਲਨ ਨੇ ਦਿਖਾਇਆ ਹੈ ਕਿ ਸਾਂਝੇ ਸੰਘਰਸ਼ ਦੇ ਜੋਰ ਕਿੱਦਾਂ ਵੱਡੇ ਸਾਮਰਾਜ ਪੱਖੀ ਕਦਮ ਰੋਕੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਅੰਦਰ ਅਨੇਕਾਂ ਮਸਲਿਆਂ ਉੱਤੇ ਲੋਕਾਂ ਨੇ ਆਪਣੇ ਏਕੇ ਦੇ ਦਮ ਉੱਤੇ ਪ੍ਰਾਪਤੀਆਂ ਕੀਤੀਆਂ ਹਨ। ਮਹਿਲ ਕਲਾਂ ਸੰਘਰਸ਼, ਫਰੀਦਕੋਟ ਅਗਵਾ ਕਾਂਡ ਖਿਲਾਫ ਸੰਘਰਸ਼, ਗੋਬਿੰਦਪੁਰਾ ਦਾ ਸੰਘਰਸ਼, ਟਰਾਈਡੈਂਟ ਖਿਲਾਫ ਘੋਲ, ਮਨਜੀਤ ਧਨੇਰ ਦੀ ਰਿਹਾਈ ਲਈ ਘੋਲ ਵਰਗੀਆਂ ਸੈਂਕੜੇ ਉਦਾਹਰਨਾਂ ਹਨ ਜਦੋਂ ਲੋਕ ਆਪਣੇ ਏਕੇ ਦੇ ਸਿਰ ’ਤੇ ਇਥੋਂ ਦੀ ਪੁਲਿਸ, ਅਫਸਰਸ਼ਾਹੀ, ਸਰਕਾਰਾਂ, ਅਦਾਲਤਾਂ ਨਾਲ ਭਿੜੇ ਹਨ ਅਤੇ ਜਿੱਤੇ ਹਨ।
*
ਇਸ ਪ੍ਰਬੰਧ ਨੂੰ ਬਦਲਣ ਦਾ ਅਮਲ ਲੋਕਾਂ ਵੱਲੋਂ ਹੌਲੀ ਹੌਲੀ ਆਪਣੀ ਤਾਕਤ ਜੋੜੇ ਜਾਣ ਦਾ ਅਮਲ ਹੈ। ਪੰਜਾਬ ਦੀਆਂ ਤਕੜੀਆਂ ਕਿਸਾਨ ਜਥੇਬੰਦੀਆਂ ਵੀ ਨਿੱਕੇ ਨਿੱਕੇ ਮਸਲਿਆਂ ਉੱਤੇ ਸੰਘਰਸ਼ ਕਰਦੇ ਹੋਏ ਤੇ ਤਾਕਤ ਜੋੜਦੇ ਹੋਏ ਹੀ ਇੱਥੋਂ ਤੱਕ ਪਹੁੰਚੀਆਂ ਹਨ। ਇਸ ਏਕੇ ਨੂੰ ਹੋਰ ਵਿਸ਼ਾਲ ਕੀਤੇ ਜਾਣ ਦੀ ਲੋੜ ਹੈ। ਕਿਉਂਕਿ ਲੋਕਾਂ ਦੀ ਦੁਰਦਸ਼ਾ ਪਿੱਛੇ ਕਾਰਨ ਸਾਂਝਾ ਹੈ ਇਸ ਕਰਕੇ ਹਕੂਮਤੀ ਨੀਤੀਆਂ ਦੇ ਟਾਕਰੇ ਲਈ ਸਾਂਝਾ ਮੋਰਚਾ ਉਸਾਰ ਕੇ ਹੀ ਲੜਿਆ ਜਾ ਸਕਦਾ ਹੈ।
*
ਲੋਕ ਮਾਰੂ ਆਰਥਿਕ ਨੀਤੀਆਂ ਖਿਲਾਫ ਸਾਂਝੇ ਸੰਘਰਸ਼ ਲੜਦੇ ਹੋਏ, ਪ੍ਰਾਪਤੀਆਂ ਕਰਦੇ ਹੋਏ ਤੇ ਤਾਕਤ ਜੋੜਦੇ ਹੋਏ ਹੀ ਲੋਕਾਂ ਦੀ ਅਸਲੀ ਜਮਹੂਰੀਅਤ ਅਤੇ ਪੁੱਗਤ ਲਈ ਸੰਘਰਸ਼ ਵੱਲ ਵਧਿਆ ਜਾ ਸਕਦਾ ਹੈ। ਆਪਣੀ ਤਾਕਤ ਦੇ ਜੋਰ ਹੀ ਇਸ ਪ੍ਰਬੰਧ ਦੇ ਹਰ ਇੱਕ ਅੰਗ ਨੂੰ ਲੋਕਾਂ ਦੀ ਅਸਲੀ ਰਜਾ ਮੁਤਾਬਕ ਚੱਲਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਸ ਪ੍ਰਬੰਧ ਵਿੱਚ ਪੂਰਨ ਤਬਦੀਲੀ ਕੀਤੀ ਜਾ ਸਕਦੀ ਹੈ। ਭਗਤ ਸਿੰਘ ਦੇ ਸੁਪਨਿਆਂ ਵਾਲਾ ਇਨਕਲਾਬ ਤੋੜ ਚੜਾਇਆ ਜਾ ਸਕਦਾ ਹੈ ਤੇ ਸਭਨਾਂ ਲਈ ਬਰਾਬਰੀ ਅਤੇ ਖੁਸ਼ਹਾਲੀ ਵਾਲਾ ਪ੍ਰਬੰਧ ਸਿਰਜਿਆ ਜਾ ਸਕਦਾ ਹੈ।
ਚੋਣ ਖੇਡ ਦਾ ਕੱਢ ਭੁਲੇਖਾ, ਤਕੜੇ ਕਰੀਏ ਸੰਘਰਸ਼ ਤੇ ਏਕਾ
*
ਵੋਟਾਂ ਤੋਂ ਭਲੇ ਦੀ ਝਾਕ ਛੱਡੀਏ। ਵੋਟਾਂ ਦੇ ਹੱਲੇ ਤੋਂ ਆਪਣੀ ਭਾਈਚਾਰਕ ਸਾਂਝ ਅਤੇ ਏਕਤਾ ਦੀ ਰਾਖੀ ਕਰੀਏ।
*
ਆਪਣੀ ਹਾਲਤ ਬਦਲਣ ਲਈ ਆਪਣੇ ਏਕੇ, ਜਥੇਬੰਦੀਆਂ ਅਤੇ ਸੰਘਰਸ਼ਾਂ ਉੱਤੇ ਟੇਕ ਰੱਖੀਏ।
*
ਸਭ ਤਬਕਿਆਂ ਅਤੇ ਵਲਗਣਾਂ ਤੋਂ ਉੱਤੇ ਉੱਠ ਕੇ ਜੋਟੀ ਪਾਈਏ । ਹਾਕਮਾਂ ਦੀਆਂ ਲੋਕਾਂ ਨੂੰ ਪਾੜਨ ਖਿੰਡਾਉਣ ਦੀਆਂ ਸਾਜਿਸ਼ਾਂ ਨਾਕਾਮ ਕਰੀਏ।
* ਸਭਨਾਂ ਮਸਲਿਆਂ ਪਿਛਲੇ ਸਾਂਝੇ ਨੀਤੀ ਮੁੱਦਿਆਂ ਉੱਤੇ ਸੰਘਰਸ਼ ਭਖਾਈਏ। ਪੰਜਾਬ ਅੰਦਰ ਨੀਤੀ ਮੁੱਦਿਆਂ ਉੱਤੇ ਸੰਘਰਸ਼ ਕਰ ਰਹੀਆਂ ਲੋਕ ਧਿਰਾਂ ਦਾ ਅੰਗ ਬਣੀਏ।
*
ਆਰਥਿਕ ਮੁੱਦਿਆਂ ਉੱਤੇ ਚਲਦੇ ਸੰਘਰਸ਼ਾਂ ਨੂੰ ਸਿਆਸੀ ਤਬਦੀਲੀ ਲਈ ਸੰਘਰਸ਼ਾਂ ਤੱਕ ਲੈ ਕੇ ਜਾਈਏ।
* ਜੋਕ ਧਿਰਾਂ ਦੀ ਫਰੇਬੀ ਵੋਟ ਸਿਆਸਤ ਦੇ ਮੁਕਾਬਲੇ ਸਾਂਝੇ ਸੰਘਰਸ਼ਾਂ ਦੇ ਸਿਰ ਹਰ ਖੇਤਰ ਅੰਦਰ ਲੋਕਾਂ ਦੀ ਸਰਦਾਰੀ ਬਣਾਉਣ ਦੀ ਲੋਕ ਸਿਆਸਤ ਲਾਗੂ ਕਰੀਏ।
* ਆਪਣੇ ਸਾਂਝੇ ਸੰਘਰਸ਼ਾਂ ਦੇ ਜੋਰ ਇਸ ਪ੍ਰਬੰਧ ਨੂੰ ਮੁਕੰਮਲ ਤੌਰ ’ਤੇ ਬਦਲਣ ਦੇ ਅਤੇ ਇਨਕਲਾਬ ਕਰਨ ਦੇ ਰਾਹ ਤੁਰੀਏ।
ਲੋਕ ਮੋਰਚਾ ਪੰਜਾਬ ਦੇ ਹੱਥ ਪਰਚੇ ’ਚੋਂ
( ਸਿਰਲੇਖ ਸਾਡਾ)
No comments:
Post a Comment