ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ ’ਚ ਹੋਵੇਗਾ
-ਪਿਛਲੇ ਦਿਨੀਂ ਵਿਛੜੇ ਉੱਘੇ ਕਵੀ ਸੁਰਜੀਤ ਪਾਤਰ ਨੂੰ ਜਨਤਕ ਸਰਧਾਂਜਲੀ ਦੇਣ ਲਈ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲੇ ਵੱਲੋਂ 9 ਜੂਨ ਨੂੰ ਬਰਨਾਲਾ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ ਜਿਸ ਵਿੱਚ ਸੁਰਜੀਤ ਪਾਤਰ ਦੀ ਸਾਹਿਤਕ ਦੇਣ ਲਈ ਸਲਾਮ ਕੀਤੀ ਜਾਵੇਗੀ। ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਸਲਾਮ ਕਾਫਲੇ ਵੱਲੋਂ ਸ਼ੁਰੂ ਕੀਤੀ ਗਈ ਰਿਵਾਇਤ ਅਨੁਸਾਰ ਸਨਮਾਨ ਵੀ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਰਵਾਇਤ ਅਨੁਸਾਰ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਇਨਕਲਾਬੀ ਨਿਹਚਾ ਸਨਮਾਨ ਅਤੇ ਮਰਹੂਮ ਅਜਮੇਰ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਵਿਸ਼ਾਲ ਜਨਤਕ ਇਕੱਠਾਂ ਵਿੱਚ ਦਿੱਤੇ ਗਏ ਸਨ। ਪਰ ਸੁਰਜੀਤ ਪਾਤਰ ਹੋਰਾਂ ਦੇ ਅਚਾਨਕ ਵਿਛੋੜੇ ਕਾਰਨ ਉਹਨਾਂ ਨੂੰ ਅਜਿਹਾ ਸਨਮਾਨ ਸ਼ਰਧਾਂਜਲੀ ਦੇ ਨਾਲ ਹੀ ਦਿੱਤਾ ਜਾ ਰਿਹਾ ਹੈ।
ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ ਤੇ ਟੀਮ ਮੈਂਬਰ ਅਮੋਲਕ ਸਿੰਘ ਤੇ ਪਾਵੇਲ ਕੁੱਸਾ ਨੇ ਅੱਜ ਸਲਾਮ ਕਾਫ਼ਲਾ ਟੀਮ ਵੱਲੋਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਾਫ਼ਲਾ ਟੀਮ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸਮਾਗਮ ਦਾ ਸੱਦਾ ਦੇਣ ਵਾਲਿਆਂ ’ਚ ਸਾਹਿਤ ਕਲਾ ਜਗਤ ਦੀਆਂ ਉੱਘੀਆਂ ਸਖਸ਼ੀਅਤਾਂ ਗੁਰਬਚਨ ਸਿੰਘ ਭੁੱਲਰ, ਆਤਮਜੀਤ, ਵਰਿਆਮ ਸਿੰਘ ਸੰਧੂ, ਸਵਰਾਜਵੀਰ, ਸੁਖਦੇਵ ਸਿੰਘ ਸਿਰਸਾ, ਨਵਸ਼ਰਨ, ਕੇਵਲ ਧਾਲੀਵਾਲ ਤੇ ਸਾਹਿਬ ਸਿੰਘ ਵੀ ਸ਼ਾਮਿਲ ਹਨ।
ਉਹਨਾਂ ਕਿਹਾ ਕਿ ਸੁਰਜੀਤ ਪਾਤਰ ਪੰਜਾਬੀ ਦੇ ਸਭ ਤੋਂ ਸਿਖਰਲੇ ਸਾਹਿਤਕਾਰਾਂ ’ਚ ਸ਼ੁਮਾਰ ਸਨ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ। ਉਹਨਾਂ ਦੀ ਕਵਿਤਾ ਲੋਕ ਸਰੋਕਾਰਾਂ ਨੂੰ ਪ੍ਰਣਾਈ ਕਵਿਤਾ ਹੈ ਤੇ ਲੋਕ ਮਨਾਂ ਦੀਆਂ ਵੱਖ ਵੱਖ ਤੈਹਾਂ ਅੰਦਰਲੇ ਅਹਿਸਾਸਾਂ ਨੂੰ ਉਹਨਾਂ ਨੇ ਕਲਾਮਈ ਜ਼ੁਬਾਨ ਦਿੱਤੀ। ਉਹਨਾਂ ਨੇ ਕਵਿਤਾ ਦੇ ਖੇਤਰ ਵਿੱਚ ਕਲਾ ਸਰੋਕਾਰਾਂ ਦੇ ਨਵੇਂ ਮਿਆਰ ਸਿਰਜੇ ਅਤੇ ਪੰਜਾਬੀ ਕਵੀਆਂ ਦੀਆਂ ਨਵੀਆਂ ਪੀੜ੍ਹੀਆਂ ਲਈ ਰਾਹ ਬਣਾਏ। ਉਹ ਲੋਕਾਂ ਦੇ ਕਵੀ ਸਨ ਅਤੇ ਉਹਨਾਂ ਦੀ ਕਵਿਤਾ ਬਿਹਤਰ ਜ਼ਿੰਦਗੀ ਲਈ ਜੂਝਦੀ ਲੋਕਾਈ ਦੇ ਨਾਲ ਨਾਲ ਤੁਰਦੀ ਹੈ। ਮਨੁੱਖਤਾ ਲਈ ਬਿਹਤਰ ਭਵਿੱਖ ਦੀਆਂ ਉਮੀਦਾਂ ਦੀ ਗੂੰਜ ਉਹਨਾਂ ਦੀ ਕਵਿਤਾ ਦੇ ਧੁਰ ਅੰਦਰ ਤੱਕ ਰਚੀ ਹੋਈ ਹੈ ਅਤੇ ਇਹ ਪੰਜਾਬੀ ਸਾਹਿਤ ਦੀ ਲੋਕ ਮੁਖੀ ਧੁਨੀ ਹੋ ਕੇ ਸੁਣਾਈ ਦਿੰਦੀ ਹੈ। ਉਹਨਾਂ ਦਾ ਵਿਛੋੜਾ ਪੰਜਾਬੀ ਸਾਹਿਤ ਜਗਤ ਲਈ ਬਹੁਤ ਵੱਡਾ ਘਾਟਾ ਹੈ ਪਰ ਉਨਾਂ ਦੀ ਕਵਿਤਾ ਸੋਹਣੀ ਤੇ ਖੁਸ਼ਹਾਲ ਜ਼ਿੰਦਗੀ ਲਈ ਜੂਝਦੀ ਪੰਜਾਬੀ ਲੋਕਾਈ ਦੇ ਸਦਾ ਅੰਗ ਸੰਗ ਰਹੇਗੀ । ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਣ ਵਾਲੇ ਇਸ ਵਿਸ਼ਾਲ ਸਮਾਗਮ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੇ ਹਜ਼ਾਰਾਂ ਲੋਕਾਂ ਸਮੇਤ ਸਾਹਿਤਕਾਰ , ਕਲਾਕਾਰ ਤੇ ਲੋਕ ਸਰੋਕਾਰਾਂ ਵਾਲੇ ਬੁੱਧੀਜੀਵੀ ਹਿੱਸੇ ਕਰਨਗੇ ਸ਼ਮੂਲੀਅਤ। ਜ਼ਿਕਰਯੋਗ ਹੈ ਕਿ ਸਲਾਮ ਕਾਫਲਾ ਲੋਕ ਲਹਿਰ ਤੇ ਲੋਕ ਪੱਖੀ ਸਾਹਿਤ ਕਲਾ ਜਗਤ ਦੀ ਸਾਂਝ ਨੂੰ ਗੂੜ੍ਹੀ ਕਰਨ ਦੇ ਉਦੇਸ਼ ਨੂੰ ਬਣਿਆ ਹੋਇਆ ਪਲੇਟਫਾਰਮ ਹੈ। ਇਹ ਪੰਜਾਬ ਦੀਆਂ ਜਨਤਕ ਸਖਸ਼ੀਅਤਾਂ ’ਤੇ ਆਧਾਰਿਤ ਹੈ ਜਿਸ ਦਾ ਮੁੱਢ ਪਿੰਡ ਕੁੱਸਾ ਵਿੱਚ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਇਨਕਲਾਬੀ ਜਨਤਕ ਸਨਮਾਨ ਦੇਣ ਵੇਲੇ ਬੱਝਿਆ ਸੀ। (18 ਮਈ, 2024)
ਅਮਨ ਸ਼ਾਂਤੀ ਸ਼ਾਇਦ
ਆਤਮਾ ਦਾ ਸੌਣਾ ਹੈ
ਜਜ਼ਬਿਆਂ ਦਾ ਮਰਨਾ ਹੈ
ਆਦਮੀ ਦੀ ਥਾਂ ਉੱਤੇ
ਬੁੱਤਾਂ ਦਾ ਉਸਰਨਾ ਹੈ
ਕੋਕੇ ਵਾਲੇ ਬੂਟਾਂ ਦਾ
ਲਾਸ਼ਾਂ ਉੱਤੇ ਤੁਰਨਾ ਹੈ
ਤਾਂ ਜੋ ਖੜਕ ਨਾ ਹੋਵੇ -ਸੁਰਜੀਤ ਪਾਤਰ
No comments:
Post a Comment