ਫਾਸ਼ੀ ਹੱਲੇ ਦਾ ਅਸਲ ਜਵਾਬ-ਲੋਕ ਜਮਹੂਰੀ ਇਨਕਲਾਬ
ਮੋਦੀ ਸਰਕਾਰ ਦਾ ਇਹ ਫਾਸ਼ੀ ਹੱਲਾ ਭਾਰਤੀ ਰਾਜ ਦੇ ਡੂੰਘੇ ਹੋ ਰਹੇ ਸੰਕਟਾਂ ਨੂੰ ਭਾਰਤੀ ਹਾਕਮ ਜਮਾਤ ਦਾ ਹੁੰਗਾਰਾ ਹੈ। ਭਾਰਤੀ ਰਾਜ ਦੇ ਸੰਕਟ ਚੌਤਰਫ਼ੇ ਪੱਧਰਾਂ ’ਤੇ ਡੂੰਘੇ ਹੋ ਰਹੇ ਹਨ। ਇਸ ਦਾ ਜਮਹੂਰੀਅਤ ਵਜੋਂ ਪਰਦਾ ਲੰਗਾਰ ਹੋ ਚੁੱਕਿਆ ਹੈ ਤੇ ਇਸ ਦੀ ਪੜਤ ਲੋਕਾਂ ’ਚ ਬੁਰੀ ਤਰ੍ਹਾਂ ਖੁਰ ਰਹੀ ਹੈ। ਸੰਸਾਰ ਸਾਮਰਾਜੀ ਤਾਕਤਾਂ ਦੇ ਸੰਕਟਾਂ ਨੂੰ ਦੇਸ਼ ਦੇ ਲੋਕਾਂ ’ਤੇ ਲੱਦਣ ਦੀ ਕਵਾਇਦ ਵਜੋਂ ਰਾਜ ਨੂੰ ਹੋਰ ਵਧੇਰੇ ਜਾਬਰ ਬਣਾਉਣ ਦੀ ਲੋੜ ਹਾਕਮ ਜਮਾਤਾਂ ਦੀ ਸਾਂਝੀ ਲੋੜ ਹੈ।
ਇਹ ਲੋੜ ਸੰਕਟਾਂ ਦੇ ਸੰਭਾਲੇ ਦੀ ਹਾਲਤ ’ਚੋਂ ਨਹੀਂ ਉਪਜੀ ਸਗੋਂ ਕਮਜ਼ੋਰੀ ਦੀ ਹਾਲਤ ’ਚੋਂ ਉਪਜੀ ਹੈ। ਇਹਨਾ ਹੀ ਸੰਕਟਾਂ ਨੂੰ ਦੇਸ਼ ਦੇ ਕਿਰਤੀ ਲੋਕਾਂ ਦਾ ਹੁੰਗਾਰਾ ਇਨਕਲਾਬ ਦੇ ਰਾਹ ’ਤੇ ਜ਼ੋਰਦਾਰ ਪੇਸ਼ਕਦਮੀ ਕਰਨਾ ਬਣਦਾ ਹੈ। ਇਸ ਲਈ ਇਸ ਫਾਸ਼ੀ ਹੱਲੇ ਦਾ ਜਵਾਬ ਹਾਕਮ ਜਮਾਤੀ ਵੋਟ ਖੇਡ ਤੋਂ ਪਾਸੇ ਲੋਕਾਂ ਦੀ ਜਮਾਤੀ ਘੋਲਾਂ ਨੂੰ ਲੋਕ ਜਮਹੂਰੀ ਇਨਕਲਾਬ ਦੀ ਦਿਸ਼ਾ ’ਚ ਅੱਗੇ ਵਧਾਉਣ ਰਾਹੀਂ ਦਿੱਤਾ ਜਾ ਸਕਦਾ। ਲੋਕ ਜਮਹੂਰੀ ਇਨਕਲਾਬ ਸਾਮਰਾਜੀਆਂ ਤੇ ਇਹਨਾਂ ਦੀਆਂ ਸੇਵਾਦਾਰ ਦੇਸੀ ਦਲਾਲ ਜਮਾਤਾਂ ਭਾਵ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਰਾਜ ਨੂੰ ਹਥਿਆਰਬੰਦ ਲੋਕ ਤਾਕਤ ਦੇ ਜ਼ੋਰ ਉਲਟਾ ਕੇ ਕੀਤਾ ਜਾਣਾ ਹੈ। ਇਹਨਾਂ ਦੇ ਰਾਜ ਨੂੰ ਉਲਟਾਉਣ ਤੋਂ ਭਾਵ ਹੈ ਸਾਮਰਾਜੀਆਂ ਵੱਲੋਂ ਮੁਲਕਾਂ ’ਤੇ ਮੜ੍ਹੀ ਚੋਰ ਗ਼ੁਲਾਮੀ ਦਾ ਖਾਤਮਾ ਕਰਨਾ ਤੇ ਮੁਲਕ ਅੰਦਰ ਖੇਤੀ ਖੇਤਰ ’ਚੋਂ ਜਗੀਰੂ ਲੁੱਟ-ਖਸੁੱਟ ਦਾ ਖਾਤਮਾ ਕਰਨਾ। ਇਸ ਦਾ ਅਰਥ ਹੈ ਕਿ ਜਗੀਰਦਾਰਾਂ ਦੀਆਂ ਜ਼ਮੀਨਾਂ ਗਰੀਬ ਕਿਸਾਨਾਂ ਤੇ ਮਜ਼ਦੂਰਾਂ ’ਚ ਵੰਡ ਕੇ ਸਮਾਜ ਅੰਦਰ ਆਰਥਿਕ ਲੁੱਟ ਦਾ ਖਾਤਮਾ ਕਰਨ ਤੇ ਨਾਲ ਹੀ ਸਮਾਜਿਕ ਪਾੜਿਆਂ ਦਾਬਿਆਂ ਦਾ ਖਾਤਮਾ ਕਰਨਾ। ਸੂਦਖੋਰੀ ਦਾ ਖਾਤਮਾ ਕਰਨਾ ਤੇ ਖੇਤੀ ਲਈ ਸਰਕਾਰੀ ਬੈਂਕ ਕਰਜ਼ਿਆਂ ਦੀ ਗਰੰਟੀ ਕਰਨਾ। ਖੇਤੀ ਖੇਤਰ ’ਚੋਂ ਸਾਮਰਾਜੀ ਲੁੱਟ ਖਸੁੱਟ ਵਾਲੀਆਂ ਸਭਨਾਂ ਸੰਧੀਆਂ/ ਕਦਮਾਂ ਦਾ ਖਾਤਮਾ ਕਰਨਾ। ਸਾਮਰਾਜੀ ਪੂੰਜੀ ਮੁਲਕ ਅੰਦਰ ਜ਼ਬਤ ਕਰਕੇ ਉਸ ਨੂੰ ਦੇਸ਼ ਦੇ ਸਵੈ-ਨਿਰਭਰ ਵਿਕਾਸ ਦੇ ਲੇਖੇ ਲਾਉਣਾ। ਅਜਿਹਾ ਰਾਹ ਫੜਨਾ ਜਿਸ ਰਾਹੀਂ ਦੇਸ਼ ਦੇ ਸਮੁੱਚੇ ਸੋਮੇ ਦੇਸ਼ ਦੇ ਵਿਕਾਸ ਲੇਖੇ ਲਾਏ ਜਾਣ ਤੇ ਸਾਮਰਾਜੀ ਮੁਲਕਾਂ ਤੋਂ ਨਿਰਭਰਤਾ ਤਿਆਗੀ ਜਾਵੇ। ਜ਼ਮੀਨੀ ਸੁਧਾਰਾਂ ਰਾਹੀਂ ਖੇਤੀ ਦੀ ਤਰੱਕੀ ਦਾ ਰਾਹ ਖੋਲ੍ਹਿਆ ਜਾਵੇ ਤੇ ਇਸ ਦੀ ਖਾਤਰ ਪੂੰਜੀ ਜੁਟਾਈ ਜਾਵੇ, ਖੇਤੀ ਨੂੰ ਦੇਸੀ ਸਨਅਤ ਦੀ ਤਰੱਕੀ ਦੇ ਅਧਾਰ ਵਜੋਂ ਲੈ ਕੇ ਚੱਲਿਆ ਜਾਵੇ। ਇਉ ਇੱਕ ਪਾਸੇ ਤਾਂ ਖੇਤੀ ਖੇਤਰ ’ਚ ਨਾ ਸਮਾ ਸਕਣ ਵਾਲੀ ਆਬਾਦੀ ਨੂੰ ਰੁਜ਼ਗਾਰ ਦੇਣ ਲਈ ਦੇਸੀ ਤਕਨੀਕ ਅਧਾਰਿਤ ਸਨਅਤ ਦੀ ਉਸਾਰੀ ਕੀਤੀ ਜਾਵੇ। ਉੱਚ ਤਕਨੀਕ ਸਨਅਤ ਦਾ ਪਸਾਰਾ ਮੁਲਕ ਦੇ ਹਾਸਿਲ ਸੋਮਿਆਂ ਤੇ ਰੁਜ਼ਗਾਰ ਜਰੂਰਤਾਂ ਦੇ ਲੋੜੀਂਦੇ ਤਨਾਸਬ ਅਨੁਸਾਰ ਕੀਤਾ ਜਾਵੇ। ਇਨਕਲਾਬੀ ਜ਼ਮੀਨੀ ਸਧਾਰਾਂ ਕਾਰਨ ਖੇਤੀ ’ਚ ਰੁਜ਼ਗਾਰ ਹਾਸਲ ਕਰਨ ਵਾਲੀ ਮੁਲਕ ਦੀ ਵਿਸ਼ਾਲ ਆਬਾਦੀ ਘਰੇਲੂ ਸਨਅਤ ਲਈ ਮੰਗ ਪੈਦਾ ਕਰਨ ਵਾਲੀ ਮੰਡੀ ਬਣੇਗੀ ਤੇ ਮੁਲਕ ਦੇ ਸਨਅਤੀਕਰਨ ਲਈ ਆਧਾਰ ਮੁਹੱਈਆ ਕਰੇਗੀ। ਆਰਥਿਕ ਖੇਤਰ ’ਚ ਲੁਟੇਰੀਆਂ ਜਮਾਤਾਂ ਦੀ ਇਹ ਲੁੱਟ ਜਕੜ ਤੋੜਨ ਨਾਲ ਹੀ ਦੇਸ਼ ’ਚ ਸਮਾਜਿਕ ਦਾਬਿਆਂ ਤੇ ਵਿਤਕਰਿਆਂ ਦੇ ਖਾਤਮੇ ਲਈ ਸਮਾਜਿਕ ਤਬਦੀਲੀ ਦਾ ਰਾਹ ਖੁੱਲ੍ਹੇਗਾ। ਜਾਤੀ ਪਾਤੀ ਦਾਬਿਆਂ, ਔਰਤਾਂ ਨਾਲ ਵਿਤਕਰਿਆਂ, ਧਾਰਮਿਕ ਵਿਤਕਰਿਆਂ ਵਰਗੇ ਮੱਧ ਯੁਗੀ ਵਰਤਾਰਿਆਂ ਦਾ ਅੰਤ ਹੋਵੇਗਾ। ਨਵਾਂ ਲੋਕ ਜਮਹੂਰੀ ਰਾਜ ਭਾਰਤੀ ਰਾਜ ਵੱਲੋਂ ਵਿਸ਼ੇਸ਼ ਤੌਰ ’ਤੇ ਦਬਾਈਆਂ ਕੌਮੀਅਤਾਂ ਉੱਪਰਲੇ ਦਾਬੇ ਦਾ ਅੰਤ ਕਰੇਗਾ ਅਤੇ ਸਭਨਾ ਕੌਮੀਅਤਾਂ ਨੂੰ ਬਰਾਬਰੀ ਦੇ ਅਧਾਰ ’ਤੇ ਇੱਕ ਮੁਲਕ ’ਚ ਰਹਿਣ ਦਾ ਮੌਕਾ ਮੁਹੱਈਆ ਕਰੇਗਾ ਜਿੱਥੇ ਹਰ ਕੌਮੀਅਤ ਨੂੰ ਵਿਕਾਸ ਦੇ ਸਾਵੇਂ ਮੌਕੇ ਮਿਲਣਗੇ। ਇਸ ਆਧਾਰ ’ਤੇ ਹੀ ਲੋਕ ਰਜਾ ਦਾ ਹਕੀਕੀ ਪ੍ਰਗਟਾਵਾ ਕਰਦੀਆਂ ਰਾਜ ਦੀਆਂ ਸੰਸਥਾਵਾਂ ਹੋਂਦ ’ਚ ਆਉਣਗੀਆਂ ਤੇ ਉਨਾ ਸੰਸਥਾਵਾਂ ’ਚ ਲੋਕਾਂ ਦੀ ਪੁੱਗਤ ਹੋਵੇਗੀ। ਨਾ ਸਿਰਫ ਪਾਰਲੀਮਾਨੀ ਅਦਾਰਿਆਂ ਸਗੋਂ ਅਫ਼ਸਰਸ਼ਾਹੀ ਤੇ ਅਦਾਲਤਾਂ ਦੇ ਅਮਲੇ ਦੀ ਚੋਣ ’ਚ ਵੀ ਲੋਕਾਂ ਕੋਲ ਦਖ਼ਲ ਦੀ ਤਾਕਤ ਹੋਵੇਗੀ। ਆਰਿਥਕ ਤੇ ਸਮਾਜਕ ਵਿਤਕਰਿਆਂ ਦੇ ਖਾਤਮੇੇ ਮਗਰੋਂ ਹੀ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਹੋ ਸਕੇਗਾ। ਦੇਸ਼ ਅੰਦਰ ਜਮਹੂਰੀ ਸੱਭਿਆਚਾਰ ਦੀ ਸਿਰਜਣਾ ਹੋਵੇਗੀ । ਸਾਮਰਾਜੀ ਤੇ ਜਗੀਰੂ ਸੱਭਿਆਚਾਰ ਦਾ ਲੋਕਾਂ ਦੀ ਜ਼ਿੰਦਗੀ ਤੋਂ ਗੱਲਬਾ ਟੁੱਟੇਗਾ। ਵਿਦੇਸ਼ਾਂ ਤੇ ਨੇੜਲੇ ਗੁਆਂਢੀ ਮੁਲਕਾਂ ਨਾਲ ਪਰਸਪਰ ਸਹਿਯੋਗ ਤੇ ਬਰਾਬਰੀ ਦੇ ਅਧਾਰ ’ਤੇ ਰਿਸ਼ਤੇ ਬਣਾਏ ਤੇ ਨਿਭਾਏ ਜਾਣਗੇ। ਸਾਮਰਾਜੀ ਚਾਕਰੀ ਤੇ ਭਾਰਤੀ ਦਲਾਲ ਸਰਮਾਏਦਾਰਾਂ ਦੀਆਂ ਪਸਾਰਵਾਦੀ ਲੋੜਾਂ ਦੇ ਹਿੱਤ ਮੁੱਕ ਜਾਣ ਕਾਰਨ ਨਵ ਜਮਹੂਰੀ ਭਾਰਤ ਰਾਜ ਆਂਢ ਗੁਆਂਢ ’ਚ ਚੰਗੇ ਸਬੰਧ ਕਾਇਮ ਕਰਕੇ ਫੌਜੀ ਖਰਚਿਆਂ ਦਾ ਬੋਝ ਘਟਾ ਸਕੇਗਾ।
( ਸੀ.ਪੀ.ਆਰ.ਸੀ. ਆਈ. ( ਐਮ.ਐਲ.) ਵੱਲੋਂ ਪ੍ਰਕਾਸ਼ਿਤ ਪੈਂਫਲਿਟ ’ਚੋਂ)
No comments:
Post a Comment