ਇਹ ਬਾਤ ਨਿਰੀ ਏਨੀ ਹੀ ਨਹੀਂ
ਨਾ ਇਹ ਮਸਲਾ ਸਿਰਫ ਕਿਸਾਨ ਦਾ ਏ।
ਇਹ ਪਿੰਡ ਦੇ ਵੱਸਦੇ ਰਹਿਣ ਦਾ ਏ
ਜਿਰਨੂੰ ਤੌਖਲਾ ਉੱਜੜ ਜਾਣ ਦਾ ਏ।
ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ
ਕੋਈ ਅੱਜ ਨਹੀਂ ਉੱਜੜਨ ਲੱਗਿਆ ਏ।
ਇਹਨੂੰ ਗੈਰਾਂ ਨੇ ਵੀ ਲੁੱਟਿਆ ਏ
ਤੇ ਆਪਣਿਆਂ ਵੀ ਠੱਗਿਆ ਏ।
ਇਹਦਾ ਮਨ ਪਿੰਡੇ ਤੋਂ ਵੱਧ ਜਖਮੀ
ਦੁੱਖ ਰੂਹ ਤੋਂ ਵਿੱਛੜ ਜਾਣ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਜਿਸ ਗੁਰੂ ਦੇ ਨਾਮ ਤੇ ਜਿਉਂਦਾ ਏ
ਉਸ ਦੇ ਪੈਗਾਮ ਨੂੰ ਵਿੱਸਰ ਗਿਆ।
ਇੱਕ ਘੁਰਾ ਸਬਦ ਦਾ ਨਿਕਲ ਗਿਆ
ਇਹਦੀ ਸੁਰਤ ਦਾ ਬੁਣਿਆ ਉਧੜ ਗਿਆ।
ਇਹ ਵੇਲਾ ਸੱਜਰੀ ਬੁਣਤੀ ਵਿੱਚ
ਸਬਦਾਂ ਦੇ ਬੂਟੇ ਪਾਣ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਇਹ ਬਾਤ ਨਿਰੀ ਖੇਤਾਂ ਦੀ ਨਹੀਂ
ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ।
ਅੱਖਰ ਨੇ ਜਿੰਨ੍ਹਾਂ ਦੇ ਬੀਜਾਂ ਜਹੇ
ਉਨ੍ਹਾਂ ਸੱਚ ਦੇ ਫਲਸਫ਼ਿਆਂ ਦੀ ਵੀ ਹੈ।
ਮੈਨੂੰ ਫ਼ਿਕਰ : ਲਾਲੋ ਦੇ ਕੋਧਰੇ ਦਾ,
ਤੈਨੂੰ ਭਾਗੋ ਦੇ ਪਕਵਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਆਖੀ ਸੀ ਕਦੀ ਇੱਕ ਪੁਰਖੇ ਨੇ
ਉਹ ਬਾਤ ਅਜੇ ਤੱਕ ਹੈ ਸੱਜਰੀ।
ਨਹੀਂ ਕੰਮ ਥਕਾਉਂਦਾ ਬੰਦੇ ਨੂੰ
ਬੰਦੇ ਨੂੰ ਥਕਾਉਂਦੀ ਬੇਕਦਰੀ।
ਇਹ ਦੁੱਖ ਓਸੇ ਬੇਕਦਰੀ ਦਾ
ਇਹ ਸੱਲ੍ਹ ਉਸੇ ਅਪਮਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਤੇਰੇ ਵੱਡੇ ਵੱਸਣ ਘਰਾਣੇ ਵੀ
ਸਾਡੇ ਰਹਿਣ ਦੇ ਨਿੱਕੇ ਘਰ ਵੱਸਦੇ।
ਸਭ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਵ੍ਹੇ,
ਸਭ ਧੀਆਂ ਪੁੱਤ ਵੱਸਦੇ ਰਸਦੇ।
ਇਹ ਗੱਲ ਸਭਨਾਂ ਦੇ ਵੱਸਣ ਦੀ ਏ
ਇਹ ਜਸਨ ਤਾਂ ਵੰਡ ਕੇ ਖਾਣ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਕਿਉਂ ਧੀ ਕਿਸੇ ਕਿਰਤੀ ਕਾਮੇ ਦੀ
ਉਨ੍ਹਾਂ ਦੀ ਖਾਤਰ ਧੀ ਹੀ ਨਹੀਂ।
ਜੋ ਪੁੱਤ ਨੇ ਡਾਢਿਆਂ ਦੇ ਜਾਏ
ਉਨ੍ਹਾਂ ਦੀ ਕਿਤੇ ਪੇਸੀ ਹੀ ਨਹੀਂ।
ਤੂੰ ਡਰ ਹੁਣ ਓਸ ਅਦਾਲਤ ਤੋਂ
ਜਿੱਥੇ ਹੋਣਾ ਅਦਲ ਈਮਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਤੇਰੇ ਨਾਲ ਅਮੀਰ ਵਜੀਰ ਖੜ੍ਹੇ
ਮੇਰੇ ਨਾਲ ਪੈਗੰਬਰ ਪੀਰ ਖੜ੍ਹੇ।
ਰਵੀਦਾਸ ਫਰੀਦ ਕਬੀਰ ਖੜ੍ਹੇ
ਮੇਰੇ ਨਾਨਕ ਸਾਹ ਫਕੀਰ ਖੜ੍ਹੇ।
ਮੇਰਾ ਨਾਮਦੇਵ ਮੇਰਾ ਧੰਨਾ ਵੀ
ਮੈਨੂੰ ਮਾਣ ਆਪਣੀ ਇਸ ਸਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਖੂਹ ਵਗਦੇ ਵਗਦੇ ਛਪਨ ਹੋਏ,
ਹੁਣ ਬਾਤ ਹੈ ਸਦੀਆਂ ਗਈਆਂ ਦੀ।
ਮੈਂ ਜਾਣਦਾਂ ਯੁਗ ਬਦਲਦੇ ਨੇ
ਤਿੱਖੀ ਰਫਤਾਰ ਹੈ ਪਹੀਆਂ ਦੀ।
ਬੰਦੇ ਨੂੰ ਮਿੱਧ ਨਾ ਲੰਘ ਜਾਵਣ
ਇਹ ਫਰਜ ਵੀ ਨੀਤੀਵਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ
ਇਹ ਅਣਖ ਤੇ ਆਨ ਦੀ ਗੱਲ ਵੀ ਹੈ।
ਕੀ ਹਾਲ ਹੈ ਕਿੰਝ ਗੁਜਰਦੀ ਹੈ
ਇਹ ਮੋਹ ਤੇ ਮਾਣ ਦੀ ਗੱਲ ਵੀ ਹੈ।
ਜੋ ਆਪਣਾ ਹੁੰਦਾ ਪੁੱਛਦਾ ਹੈ
ਕੀ ਦੁਖਦਾ ਮੇਰੀ ਜਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਮੈਂ ਜਾਗਿਆ ਹਾਂ ਬੜੀ ਦੇਰੀ ਨਾਲ
ਮੇਰੀ ਟੁੱਟੀ ਹੈ ਨੀਂਦ ਹਨ੍ਹੇਰੀ ਨਾਲ
ਮੇਰੇ ਸੁੱਤਿਆਂ ਸੁੱਤਿਆਂ ਤੁਰ ਗਿਆ ਏ,
ਮੇਰਾ ਕੀ ਕੁਝ ਗਫਲਤ ਮੇਰੀ ਨਾਲ।
ਉਹ ਜੋ ਇਸ ਦੇ ਮਗਰੇ ਆਉਂਦਾ ਏ
ਮੈਨੂੰ ਫ਼ਿਕਰ ਤਾਂ ਓਸ ਤੂਫਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ।
ਇਹ ਮਸਲਾ ਧਰਤੀ ਮਾਂ ਦਾ ਹੈ।
ਇਹ ਮਸਲਾ ਕੁੱਲ ਜਹਾਨ ਦਾ ਹੈ।
ਇਹ ਮਸਲਾ ਵੱਸਦੀ ਦੁਨੀਆਂ ਦਾ
ਜਿਹਨੂੰ ਤੌਖਲਾ ਉੱਜੜ ਜਾਣ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ।
(ਕਿਸਾਨ ਸੰਘਰਸ਼ ਬਾਰੇ ਸੁਰਜੀਤ ਪਾਤਰ)
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਕਿਸੇ ਵੀ ਸ਼ੀਸ਼ੇ ’ਚ ਅਕਸ ਅਪਣਾ
ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ ’ਚ ਹਰਦਮ
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ
ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ ’ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ।
ਲਿਬਾਸ ਮੰਗਾਂ ਨਾ ਓਟ ਮੰਗਾਂ
ਨਾ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ।
ਮਿਲਾਪ ਵਿੱਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲ’ਚ ਕਹੇ ਕੋਈ
ਨਾ ਘੁਲੇ ਰਹਿਣ ਦਾ ਯਕੀਨ ਰੱਖੀਂ।
ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਆਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ’ਚ ਮਿਰਗਜਲ ਹੈ
ਨਾ ਇਸ ’ਚ ਦਿਲ ਦੀ ਤੂੰ ਮੀਨ ਰੱਖੀਂ।
ਅਗਨ
’ਚ ਬਲ ਕੇ ਹਵਾ ’ਚ ਰਲ ਕੇ
ਨਾ ਆਉਣਾ ਦੇਖਣ ਅਸਾਂ ਨੇ ਭਲਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀਂ ਮਲੀਨ ਰੱਖੀਂ।
ਹਨ੍ਹੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿੱਚ ਕਦੀ ਨਾ ਰੱਖੀਂ।
ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨਾ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ।
ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ।
ਬੁਰੇ ਦਿਨਾਂ ਤੋਂ ਡਰੀਂ ਨਾ ‘ਪਾਤਰ’
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ
ਨਜ਼ਰ
’ਚ ਸੁਪਨੇ ਹਸੀਨ ਰੱਖੀਂ।
No comments:
Post a Comment