‘‘
ਅੱਜ ਕੁੱਸੇ ਦੀ ਧਰਤੀ ਨੇ ਬਹੁਤ ਲੰਮੀ ਤੇ ਸੋਹਣੀ ਕਵਿਤਾ ਲਿਖੀ ਹੈ’’ -ਸੁਰਜੀਤ ਪਾਤਰ
ਸਭ ਤੋਂ ਪਹਿਲਾਂ ਮੈਂ ਸਰਦਾਰ ਗੁਰਸ਼ਰਨ ਸਿੰਘ ਸਨਮਾਨ ਕਮੇਟੀ ਦਾ ਅਹਿਸਾਨਮੰਦ ਆਂ ਸਾਰੇ ਲੇਖਕਾਂ ਵੱਲੋਂ, ਸਾਰੇ ਪੰਜਾਬੀਆਂ ਵੱਲੋਂ ਜਿਹਨਾਂ ਨੇ ਐਸਾ ਵਿਸ਼ਾਲ ਔਰ ਸ਼ਾਨਦਾਰ ਸਮਾਗਮ ਕੀਤਾ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਸਮੁੱਚੇ ਇਤਿਹਾਸ ਵਿੱਚ ਕਿਸੇ ਸਾਹਿਤਕਾਰ ਦੇ ਮਾਣ ਨੂੰ ਐਡਾ ਵੱਡਾ ਸਨਮਾਨ ਅਜੇ ਤੱਕ ਕਿਸੇ ਸਾਹਿਤਕਾਰ ਨੂੰ ਨਹੀਂ ਮਿਲਿਆ, ਐਡਾ ਵੱਡਾ ਇਕੱਠ ਨਹੀਂ ਹੋਇਆ। ਮੈਂ ਸਮਝਦਾ ਹਾਂ ਕਿ ਉਹਨਾਂ ਨੇ ਸਮਾਗਮ ਰਚਾ ਕੇ ਸਾਡੇ ਹੰਝੂਆਂ ਨੂੰ ਦਰਿਆ ਬਣਾਉਣ ਦੀ ਕੋਸ਼ਿਸ਼ ਕੀਤੀ ਐ, ਸਾਡੇ ਹੌਕਿਆਂ ਨੂੰ ਲਹਿਰ ਦੇ ਇੱਕ ਝੱਖੜ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਐ, ਔਰ ਸਾਡੇ ਦਿਲਾਂ ਵਿੱਚ ਜਗ ਰਹੀ ਨਿੱਕੀ ਨਿੱਕੀ ਅੱਗ ਨੂੰ ਇੱਕ ਬਹੁੱਤ ਵੱਡਾ ਚਿਰਾਗਾਂ ਦਾ ਕਾਫਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਸਮਝਦਾਕਿ ਕਿਸੇ ਸ਼ਹਿਰ ਦੀ ਧਰਤੀ ਇਸ ਵੱਡੇ ਸਮਾਗਮ ਨੂੰ ਸਾਂਭ ਨਹੀਂ ਸਕਦੀ ਸੀ, ਉਹਨਾਂ ਨੇ ਕੁੱਸੇ ਦੀ ਧਰਤੀ ਤੇ ਇੱਕ ਇਹੋ ਜਿਹੀ ਕਵਿਤਾ ਲਿਖੀ ਐ, ਮੇਰੇ ਸਾਹਮਣੇ ਤੁਸੀ ਸਾਰੇ ਇਕੱਲੇ ਇਕੱਲੇ ਲਫਜ਼ ਹੋ, ਇੱਕ ਇੱਕ ਸ਼ਬਦ ਹੋ, ਔਰ ਜਿਹਨਾਂ ਸ਼ਬਦਾ ਨੇ ਇਕੱਲੇ ਇਕੱਲੇ ਰਲਾ ਕੇ ਇੱਕ ਬਹੁਤ ਲੰਮੀ, ਇੱਕ ਬਹੁਤ ਸੋਹਣੀ ਕਵਿਤਾ ਲਿਖੀ ਐ,
ਔਰ ਮੈਂ ਸਮਝਦਾ ਹਾਂ ਕਿ ਮੁੱਦਤਾਂ ਤੋਂ ਮੈਂ ਐਨੀ ਲੰਮੀ ਅਤੇ ਸੋਹਣੀ ਕਵਿਤਾ ਨਹੀਂ ਸੀ ਪੜ੍ਹੀ, ਜਿਹੜੀ ਅੱਜ ਮੈਂ ਆਪਣੇ ਸਾਹਮਣੇ ਲਿਖੀ ਹੋਈ ਪੜ੍ਹ ਰਿਹਾ ਆਂ। ਇਸ ਧਰਤੀ ਉੱਤੇ ਐਨੀ ਸੋਹਣੀ ਕਵਿਤਾ ਲਿਖਣ ਲਈ ਮੈਂ ਗੁਰਸ਼ਰਨ ਸਿੰਘ ਨੂੰ ਸਨਮਾਨਤ ਕਰਨ ਵਾਲੀ ਕਮੇਟੀ ਦਾ ਅਹਿਸਾਨਮੰਦ ਆਂ। ਸਾਰੇ ਲੇਖਕਾਂ ਵੱਲੋਂ, ਸਾਰੇ ਪੰਜਾਬੀਆਂ ਵੱਲੋਂ,ਔਰ ਸਾਰੀ ਪੰਜਾਬੀ ਵਿਰਾਸਤ ਵੱਲੋਂ। ਮੈਂ ਸਮਝਦਾਂ ਹਾਂ ਕਿ ਗੁਰਸ਼ਰਨ ਸਿੰਘ ਭਾਅ ਜੀ, ਕਿਸੇ ਪੰਜਾਬੀ ਸ਼ਾਇਰ ਜਸਪਾਲ ਘਈ ਨੇ ਜੋ ਅੱਜ ਕੱਲ੍ਹ ਹੋ ਰਿਹੈ, ਜੋ ਗਲੋਬਲਾਇਜ਼ੇਸ਼ਨ ਵਿੱਚ ਅਸੀਂ ਵਿਸ਼ਵ ਨੂੰ ਇੱਕ ਪਿੰਡ ਬਣਾਉਣ ਜਾ ਰਹੇ ਹਾਂ, ਉਹਨਾਂ ਦੋ ਲਾਇਨਾਂ ਲਿਖੀਆਂ ਕਿ
ਵਿਸ਼ਵ ਨੂੰ ਇੱਕ ਪਿੰਡ ਬਣਾਵਣ ਵਾਸਤੇ
ਵਿਸ਼ਵ ਦੇ ਸਭ ਪਿੰਡ ਉਜਾੜੇ ਜਾਣਗੇ।
ਇਹ ਜੋ ਵਿਸ਼ਵੀਕਰਨ ਐ,ਇਹ ਵਿਸ਼ਵ ਦੇ ਪਿੰਡਾਂ ਨੂੰ ਉਜਾੜ ਰਿਹੈ। ਲੇਕਿਨ ਭਾਅ ਜੀ ਗੁਰਸ਼ਰਨ ਸਿੰਘ ਇੱਕ ਵਾਹਦ ਇੱਕ ਇਨਸਾਨ ਨੇ ਜੋ ਸਾਡੀ ਕਿਤਾਬਾਂ ਵਿੱਚ ਸੁੱਤੀ ਕਵਿਤਾ ਨੂੰ ਦਿਮਾਗ਼ਾਂ ਵਿੱਚ ਲੁੱਕੀ ਕਵਿਤਾਂ ਨੂੰ ਇੱਕਲੇ ਇੱਕਲੇ ਪਿੰਡ ਵਿੱਚ ਲਜਾ ਕੇ ਉਹ ਜਿਉਦੀ ਕਰ ਰਹੇ ਸੀ। ਉਹ ਜੋ ਮੂਰਸ਼ਤ ਸੀ ਉਹਨੂੰ ਜਾਗਰਤ ਕਰ ਰਹੇ ਸਨ। ਕਈ ਵਾਰ ਤਾਂ ਅਸੀ ਸਾਰੇ, ਬਾਕੀ ਸਾਰਾ ਜਹਾਨ, ਬਾਕੀ ਸਾਰੇ ਲੋਕ ਸੌਂ ਗਏ, ਸਿਰਫ਼ ਇਕੋ ਇੱਕ ਆਵਾਜ਼ ਪਿੰਡਾਂ ਦੀਆਂ ਸੱਥਾਂ ’ਚ ਗੂੰਜਦੀ ਰਹੀ ਐ, ਉਹ ਗੁਰਸ਼ਰਨ ਸਿੰਘ ਹੋਰਾਂ ਦੀ ਆਵਾਜ਼ ਐ। ਔਰ ਮੈਂ ਸਮਝਦਾ ਕਿ ਹੋਰ ਬਹੁਤ ਰੰਗ ਕਰਮੀ ਹੋਣਗੇ ਲੇਕਿਨ ਦੁਨੀਆਂ ਦੇ ਇੱਕ ਲੋਕ ਰੰਗ ਮੰਚ ਦੇ ਵਿੱਚ ਇੱਕੋ ਇੱਕ ਸਭ ਤੋਂ ਵੱਡਾ ਇਨਸਾਨ ਗੁਰਸ਼ਰਨ ਸਿੰਘ ਐ, ਜਿਸ ਨੇ ਲੋਕ ਰੰਗ ਮੰਚ ਨੂੰ ਐਡੀ ਵੱਡੀ ਪੱਧਰ ’ਤੇ ਲਿਜਾਣ ਦਾ ਕੰਮ ਕੀਤਾ ਐ। ਮੈਂ ਬਹੁਤ ਧੰਨਵਾਦੀ ਹਾਂ , ਇਸ ਕਰਕੇ ਮੈਂ ਸਮਝਦਾਂ ਕਿ ਗੁਰਸ਼ਰਨ ਸਿੰਘ ਈ ਸਾਡੇ ਵਿਰਸੇ ਦਾ ਸੱਚਾ ਵਾਰਸ ਐ।
ਬੇਸ਼ੱਕ ਉਸ ਗੱਲ ਦਾ ਦਾਅਵਾ ਬਹੁਤ ਲੋਕ ਕਰਨਗੇ ਪਰ ਮੈਂ ਸਮਝਦਾਂ ਕਿ ਸਾਡੇ ਵਿਰਸੇ ਦੀ ਜੋ ਉੱਚਤਾ ਸੀ, ਸ਼ਾਨ ਸੀ, ਜੋ ਉਹਦਾ ਸਾਹਸ ਸੀ ਉਸ ਸਾਰੇ ਕੁੱਛ ਨੂੰ ਜੇ ਕਿਸੇ ਸਖਸ਼ ਨੇ ਸਾਡੇ ਸਾਰਿਆਂ ਦਾ ਪ੍ਰਤੀਨਿੱਧ ਬਣਕੇ ਜਿੰਦਾ ਰੱਖਿਆ ਤਾਂ ਉਹ ਭਾਅ ਜੀ ਗੁਰਸ਼ਰਨ ਸਿੰਘ ਐ। ਔਰ ਆਖਰੀ ਗੱਲ ਕਰਕੇ ਮੈਂ ਵਿਦਾ ਲੈਨਾਂ ਕਿ ਐਸ ਵੇਲੇ ਜਦੋਂ ਕਿ ਟੈਲੀਵਿਜ਼ਨ ਨੂੰ ਕਮਰਸ਼ੀਅਲ ਖੇਡਾ ਨੇ ਮੱਲ ਲਿਆ, ਫ਼ਿਲਮਾਂ ਨੂੰ ਤਾਂ ਬਹੁਤ ਦੇਰ ਤੋਂ ਮੱਲ ਲਿਆ ਸੀ, ਔਰ ਸਾਡੇ ਕੋਲ ਇਕੋ ਇੱਕ ਜਗ੍ਹਾ ਬਚੀ ਐ, ਉਹ ਹੈ ਰੰਗਮੰਚ,ਜਿੱਥੇ ਅਸੀ ਆਪਣੇ ਦੁੱਖਾ ਦਰਦਾਂ ਦੀ ਗੱਲ ਕਰ ਸਕਦੇ ਆ। ਜਿੱਥੇ ਅਸੀਂ ਆਪਣੇ ਮਸਲਿਆਂ ਬਾਰੇ ਸੋਚ ਸਕਦੇ ਆ। ਔਰ ਇਹ ਰੰਗ ਮੰਚ ਐਸ ਵੇਲੇ ਸਾਡੇ ਲਈ ਸਭ ਤੋਂ ਪਾਵਨ ਜਗ੍ਹਾ ਬਣ ਚੁੱਕਾ ਐ। ਔਰ ਇਸ ਪਾਵਨ ਜਗ੍ਹਾ ਦੇ ਇਸ ਪਾਵਨ ਸਖਸ਼ ਨੂੰ ਮੈਂ ਆਪਣਾ ਸਲਾਮ ਕਰਦਾ ਹੋਇਆ ਇਹਦੇ ਅੱਗੇ ਸਿਰ ਝੁਕਾਉਂਦਾ ਹਾਂ। ਇਸ ਸਨਮਾਨ ਨੇ ਦੱਸ ਦਿੱਤਾ ਹੈ ਕਿ ਅਸੀਂ ਅਜੇ ਡੱਬਿਆਂ ’ਚ ਕੈਦ ਨਹੀਂ ਹੋਏ। ਅਸੀਂ ਅਜੇ ਘਰਾਂ ’ਚ ਕੈਦ ਨਹੀਂ ਹੋਏ । ਸਾਡੇ ਵਿੱਚ ਕੋਈ ਤੜਪ ਜਿੰਦਾ ਹੈ, ਇਥੇ ਹੀ ਕੁੱਝ ਹੋਰ ਸੋਹਣਾ ਮੁਮਕਿਨ ਹੈ। ਬਹੁਤ ਬਹੁਤ ਧੰਨਵਾਦ।
( ਭਾਅ ਜੀ ਗੁਰਸ਼ਰਨ ਸਿੰਘ ਨੂੰ ਸਾਲ 2006 ਵਿੱਚ ‘‘ਇਨਕਲਾਬੀ ਨਿਹਚਾ ਸਨਮਾਨ’’
ਭੇਂਟ ਕਰਨ ਲਈ ਹੋਏ ਸਮਾਗਮ ਦੌਰਾਨ ਸੁਰਜੀਤ ਪਾਤਰ ਦੇ ਭਾਸ਼ਣ ਦੇ ਅੰਸ਼)
ਅਮਨ ਸ਼ਾਂਤੀ ਸ਼ਾਇਦ
ਆਤਮਾ ਦਾ ਸੌਣਾ ਹੈ
ਜਜ਼ਬਿਆਂ ਦਾ ਮਰਨਾ ਹੈ
ਆਦਮੀ ਦੀ ਥਾਂ ਉੱਤੇ
ਬੁੱਤਾਂ ਦਾ ਉਸਰਨਾ ਹੈ
ਕੋਕੇ ਵਾਲੇ ਬੂਟਾਂ ਦਾ
ਲਾਸ਼ਾਂ ਉੱਤੇ ਤੁਰਨਾ ਹੈ
ਤਾਂ ਜੋ ਖੜਕ ਨਾ ਹੋਵੇ
No comments:
Post a Comment