ਧਰਤੀ ਦੇ ਗੀਤ ਦਾ ਵਿਛੋੜਾ
ਸੁਰਜੀਤ ਪਾਤਰ ਆਪਣੀਆਂ ਅਮਰ ਨਜ਼ਮਾਂ ਨਾਲ ਸਦਾ ਹਾਜ਼ਰ ਰਹਿਣਗੇ
ਸੁਰਜੀਤ ਪਾਤਰ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸੁਰਜੀਤ ਪਾਤਰ ਮਕਬੂਲ ਪੰਜਾਬੀ ਸ਼ਾਇਰ ਸਨ। ਉਹ ਇਸ ਵੇਲੇ ਪੰਜਾਬੀ ਕਵਿਤਾ ਦੇ ਖੇਤਰ ’ਚ ਸਿਖਰ ’ਤੇ ਖੜ੍ਹੇ ਕਵੀ ਸਨ। ਉਹਨਾਂ ਨੇ ਬਹੁਤ ਮਿਆਰੀ ਤੇ ਉੱਤਮ ਕਵਿਤਾ ਦੀ ਸਿਰਜਣਾ ਕੀਤੀ ਤੇ ਉਨਾਂ ਦੀਆਂ ਕਈ ਕਵਿਤਾਵਾਂ ਲੋਕ ਗੀਤਾਂ ਵਾਂਗ ਮਕਬੂਲ ਹੋਈਆਂ ਹਨ ਜਿਨ੍ਹਾਂ ਦਾ ਹਵਾਲਾ ਸੁਭਾਵਿਕ ਢੰਗ ਨਾਲ ਸਾਹਿਤਕ ਲੋਕ ਬਹੁਤ ਮੌਕਿਆਂ ’ਤੇ ਆਪਣੇ ਵਿਚਾਰ / ਭਾਵਨਾ ਨੂੰ ਪ੍ਰਗਟਾਉਣ ਵਜੋਂ ਲੈਂਦੇ ਹਨ। ਇਹ ਉਨ੍ਹਾਂ ਦੀ ਕਲਮ ਦੀ ਤਾਕਤ ਸੀ ਕਿ ਉਨ੍ਹਾਂ ਦੇ ਕੁਝ ਸ਼ੇਅਰ ਤਾਂ ਲੋਕ ਮੁਹਾਵਰਿਆਂ ਵਾਂਗ ਪ੍ਰਵਾਨ ਚੜ੍ਹੇ ਹਨ। ਮਨੁੱਖੀ ਮਨ ਦੀਆਂ ਵੱਖ ਵੱਖ ਪਰਤਾਂ ਦੇ ਅਹਿਸਾਸਾਂ ਨੂੰ ਬਹੁਤ ਸਾਦੇ ਸ਼ਬਦਾਂ ਵਿੱਚ ਪ੍ਰਗਟਾ ਸਕਣਾ ਉਹਨਾਂ ਦੀ ਕਲਾ ਦੀ ਤਾਕਤ ਸੀ। ਉਹਨਾਂ ਦੀ ਕਵਿਤਾ ਦੇ ਸਰੋਕਾਰਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਜਿਹੜਾ ਸਕੂਲ ਪੜ੍ਹਦੇ ਬੱਚਿਆਂ ’ਤੇ ਪਾਏ ਜਾਂਦੇ ਬੋਝ ਤੋਂ ਲੈ ਕੇ ਇਨਕਲਾਬੀ ਜੰਗ ’ਚ ਡਟੇ ਹੋਏ ਗੁਰੀਲਿਆਂ ਤੱਕ ਫੈਲਿਆ ਹੋਇਆ ਹੈ। ਉਹਨਾਂ ਦੀ ਕਵਿਤਾ ਦੇ ਬਹੁਤ ਤਰ੍ਹਾਂ ਦੇ ਰੰਗ ਹਨ ਜਦਕਿ ਮਨੁੱਖਤਾ ਦੇ ਬਿਹਤਰ ਭਵਿੱਖ ਦੀ ਆਸ ਉਹਨਾਂ ਦੀ ਕਵਿਤਾ ਦਾ ਸਾਂਝਾ ਰੰਗ ਹੈ। ਮਨੁੱਖਾ ਜ਼ਿੰਦਗੀ ਦੀ ਖੁਸਹਾਲੀ ਤੇ ਮਨੁੱਖ ਦੀ ਰੂਹ ਦੇ ਬੁਲੰਦੀ ’ਤੇ ਪਹੁੰਚਣ ਦੀਆਂ ਆਸਾਂ ਦੀ ਗੂੰਜ ਉਹਨਾਂ ਦੀ ਸਾਹਿਤਕ ਰਚਨਾ ਦੇ ਅੰਦਰੋਂ ਧੁਰ ਅੰਦਰੋਂ ਸੁਣਾਈ ਦਿੰਦੀ ਹੈ। ਉਹ ਲੋਕਾਂ ਦੇ ਕਵੀ ਸਨ ਤੇ ਉਨਾਂ ਨੇ ਸਮਾਜ ਅੰਦਰਲੇ ਪਿਛਾਖੜੀ ਦਕਿਆਨੂਸੀ ਫ਼ਿਰਕੂ ਤੇ ਕਿਰਤ ਦੋਖੀ ਵਿਚਾਰਾਂ-ਸੰਸਕਾਰਾਂ ਤੇ ਅਮਲਾਂ ਨੂੰ ਬਹੁਤ ਕਲਾਮਈ ਢੰਗ ਨਾਲ ਆਪਣੀ ਕਵਿਤਾ ਦਾ ਚੋਟ ਨਿਸ਼ਾਨਾ ਬਣਾਇਆ ਤੇ ਕਈ ਵਾਰ ਤਾਂ ਰਾਜ ਦੇ ਜਾਬਰ ਕਿਰਦਾਰ ਨੂੰ ਲੈ ਕੇ ਬਹੁਤ ਤਿੱਖੇ ਕਟਾਖਸ਼ ਕੀਤੇ। ਉਨ੍ਹਾਂ ਨੇ ਮੁਲਕ ਅੰਦਰ ਲੁਟੇਰੀਆਂ ਜਮਾਤਾਂ ਤੇ ਇਸ ਦੇ ਰਾਜ ਦੀਆਂ ਬੇਇਨਸਾਫੀਆਂ, ਜਬਰ ਜੁਲਮ ਦੇ ਦਸਤੂਰ ਤੇ ਰਾਜ ਦੇ ਪਿਛਾਖੜੀ ਹਥਿਆਰਾਂ ਤੋਂ ਕਿਰਤੀ ਬੰਦੇ ਦੀ ਕੁਚਲੀ ਜਾਂਦੀ ਹਸਤੀ ਤੱਕ ਦੇ ਵਰਤਾਰਿਆਂ ਨੂੰ ਬਹੁਤ ਸੂਖਮ ਢੰਗ ਨਾਲ ਫੜਿਆ ਤੇ ਆਪਣੀ ਸ਼ਾਇਰੀ ਦਾ ਵਿਸ਼ਾ ਬਣਾਇਆ। ਇਤਿਹਾਸਕ ਕਿਸਾਨ ਸੰਘਰਸ਼ ਮੌਕੇ ਪ੍ਰਗਟ ਹੋਏ ਲੋਕਾਈ ਦੇ ਉਭਾਰ ਨਾਲ ਉਹ ਧੁਰ ਅੰਦਰ ਤੱਕ ਝੂਣੇ ਗਏ ਦਿਖੇ ਤੇ ਉਹਨਾਂ ਨੇ ਲੋਕਾਂ ਦੇ ਸਾਹਿਤਕਾਰ ਹੋਣ ਦਾ ਜਿੰਮਾਂ ਅਦਾ ਕਰਦਿਆਂ ਕਲਮ ਦਾ ਮੋਰਚਾ ਸੰਭਾਲਿਆ ਤੇ ਆਪਣੀਆਂ ਕਾਵਿਕ ਲਿਖਤਾਂ ਰਾਹੀਂ ਕਿਸਾਨ ਸੰਘਰਸ਼ ਦੇ ਕਈ ਪਹਿਲੂ ਬਹੁਤ ਖ਼ੂਬਸੂਰਤੀ ਨਾਲ ਉਘਾੜੇ। ਉਨ੍ਹਾਂ ਨੇ ਕਿਸਾਨ ਸੰਘਰਸ਼ ਲਈ ਕਲਾਮਈ ਮੌਲਿਕ ਤਸ਼ਬੀਹਾਂ ਵਰਤੀਆਂ ਤੇ ਹਕੂਮਤ ਨੂੰ ਕਾਵਿਕ ਢੰਗ ਨਾਲ ਬਹੁਤ ਠੋਕਵੇਂ ਜਵਾਬ ਦਿੱਤੇ। ਉਹ ਸੰਘਰਸ਼ ਦੌਰਾਨ ਕਿਸਾਨੀ ਤੇ ਲੋਕਾਈ ਦੀ ਹੇਕ ਹੋ ਕੇ ਸੁਣਾਈ ਦਿੱਤੇ। ਉਨ੍ਹਾਂ ਨੇ ਸੰਘਰਸ਼ ਦੇ ਉਤਰਾਵਾਂ ਚੜ੍ਹਾਵਾਂ ਨੂੰ ਬਹੁਤ ਡੂੰਘੇ ਫ਼ਿਕਰਾਂ ਤੇ ਸਰੋਕਾਰਾਂ ਨਾਲ ਹੰਢਾਇਆ। ਉਹਨਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਨੂੰ ਕਲਾ ਦੀ ਜ਼ੁਬਾਨ ਦਿੱਤੀ। ਪੰਜਾਬੀ ਬੋਲੀ ਦੇ ਮਸਲੇ ਨੂੰ , ਪ੍ਰਵਾਸ ਦੇ ਮੁੱਦੇ ਨੂੰ ਉਹਨਾਂ ਨੇ ਠੀਕ ਨਜ਼ਰੀਏ ਤੋਂ ਬਹੁਤ ਹੀ ਕਲਾਮਈ ਢੰਗ ਨਾਲ ਛੋਹਿਆ ਤੇ ਇਸ ਨਾਲ ਲੋਕਾਂ ਦੇ ਸਰੋਕਾਰ ਜਗਾਏ। ਪੰਜਾਬੀ ਕਵਿਤਾ ਜਗਤ ਨੂੰ ਉਹਨਾਂ ਦੀ ਦੇਣ ਬਹੁਤ ਵੱਡੀ ਹੈ। ਜਿਸ ਬਾਰੇ ਚਰਚਾ ਕਈ ਪੁਸਤਕਾਂ ਦਾ ਵਿਸ਼ਾ ਹੈ ਅਤੇ ਆਉਦੇ ਸਮੇਂ ’ਚ ਇਹ ਚਰਚਾ ਹੁੰਦੀ ਰਹਿਣੀ ਹੈ। ਉਹਨਾਂ ਨੇ ਕੁਝ ਨਾਟਕ ਵਿਦੇਸ਼ੀ ਭਾਸ਼ਾ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੇ। ਸਾਹਿਤ ਦੇ ਲੋਕ ਮੁਖੀ ਮਨੋਰਥ ਨੂੰ ਲੈ ਕੇ ਉਹ ਹਮੇਸ਼ਾ ਬਹੁਤ ਸਪਸ਼ਟ ਰਹੇ ਅਤੇ ਆਪਣੀ ਕਵਿਤਾ ਤੋਂ ਇਲਾਵਾ ਸਮੁੱਚੀ ਸਾਹਿਤਕ ਸਰਗਰਮੀ ਵਿੱਚ ਵੀ ਉਹ ਇਸ ਲੋਕ ਮੁਖੀ ਉਦੇਸ਼ ਨੂੰ ਉਭਾਰਦੇ ਰਹੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਖਾਸ ਕਰਕੇ ਕਵਿਤਾ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰ ਉਹ ਆਪਣੀਆਂ ਅਮਰ ਨਜ਼ਮਾਂ ਨਾਲ ਸਦਾ ਪੰਜਾਬੀ ਲੋਕਾਂ ਦੇ ਮਨ ਦੀਆਂ ਅੰਦਰਲੀਆਂ ਤੈਹਾਂ ਨੂੰ ਟੁੰਬਦੇ ਰਹਿਣਗੇ ਤੇ ਪੰਜਾਬੀ ਕਵਿਤਾ ਦੇ ਅਗਲੇ ਸਫ਼ਰ ’ਤੇ ਉਹਨਾਂ ਦੀ ਅਮਿੱਟ ਮੋਹਰ ਛਾਪ ਰਹੇਗੀ। ਕਿਰਤ ਦੀ ਮੁਕਤੀ ਲਈ ਜੂਝਦੇ ਕਿਰਤੀ ਲੋਕਾਂ ਲਈ ਉਹਨਾਂ ਦੀ ਕਵਿਤਾ ਬਹੁਤ ਮੁਲਵਾਨ ਹੈ। ਅਦਾਰਾ ਸੁਰਖ਼ ਲੀਹ ਪੰਜਾਬੀ ਲੋਕਾਂ ਦੇ ਮਕਬੂਲ ਸ਼ਾਇਰ ਦੇ ਵਿਛੋੜੇ ਮੌਕੇ ਡੂੰਘਾ ਦੁੱਖ ਮਹਿਸੂਸ ਕਰਦਾ ਹੈ ਤੇ ਸਭਨਾਂ ਸਾਹਿਤਕਾਰਾਂ ਕਲਾਕਾਰਾਂ ਤੇ ਪੰਜਾਬੀ ਪਾਠਕਾਂ ਦੇ ਨਾਲ ਇਹ ਦੁੱਖ ਸਾਂਝਾ ਕਰਦਾ ਹੈ।
ਇਹ ਬਾਤ ਨਿਰੀ ਏਨੀ ਹੀ ਨਹੀਂ
ਨਾ ਇਹ ਮਸਲਾ ਸਿਰਫ ਕਿਸਾਨ ਦਾ ਏ।
ਇਹ ਪਿੰਡ ਦੇ ਵੱਸਦੇ ਰਹਿਣ ਦਾ ਏ
ਜਿਰਨੂੰ ਤੌਖਲਾ ਉੱਜੜ ਜਾਣ ਦਾ ਏ।
ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ
ਕੋਈ ਅੱਜ ਨਹੀਂ ਉੱਜੜਨ ਲੱਗਿਆ ਏ।
ਇਹਨੂੰ ਗੈਰਾਂ ਨੇ ਵੀ ਲੁੱਟਿਆ ਏ
ਤੇ ਆਪਣਿਆਂ ਵੀ ਠੱਗਿਆ ਏ।
ਇਹਦਾ ਮਨ ਪਿੰਡੇ ਤੋਂ ਵੱਧ ਜਖਮੀ
ਦੁੱਖ ਰੂਹ ਤੋਂ ਵਿੱਛੜ ਜਾਣ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਜਿਸ ਗੁਰੂ ਦੇ ਨਾਮ ਤੇ ਜਿਉਂਦਾ ਏ
ਉਸ ਦੇ ਪੈਗਾਮ ਨੂੰ ਵਿੱਸਰ ਗਿਆ।
ਇੱਕ ਘੁਰਾ ਸਬਦ ਦਾ ਨਿਕਲ ਗਿਆ
ਇਹਦੀ ਸੁਰਤ ਦਾ ਬੁਣਿਆ ਉਧੜ ਗਿਆ।
ਇਹ ਵੇਲਾ ਸੱਜਰੀ ਬੁਣਤੀ ਵਿੱਚ
ਸਬਦਾਂ ਦੇ ਬੂਟੇ ਪਾਣ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਇਹ ਬਾਤ ਨਿਰੀ ਖੇਤਾਂ ਦੀ ਨਹੀਂ
ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ।
ਅੱਖਰ ਨੇ ਜਿੰਨ੍ਹਾਂ ਦੇ ਬੀਜਾਂ ਜਹੇ
ਉਨ੍ਹਾਂ ਸੱਚ ਦੇ ਫਲਸਫ਼ਿਆਂ ਦੀ ਵੀ ਹੈ।
ਮੈਨੂੰ ਫ਼ਿਕਰ : ਲਾਲੋ ਦੇ ਕੋਧਰੇ ਦਾ,
ਤੈਨੂੰ ਭਾਗੋ ਦੇ ਪਕਵਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
ਆਖੀ ਸੀ ਕਦੀ ਇੱਕ ਪੁਰਖੇ ਨੇ
ਉਹ ਬਾਤ ਅਜੇ ਤੱਕ ਹੈ ਸੱਜਰੀ।
ਨਹੀਂ ਕੰਮ ਥਕਾਉਂਦਾ ਬੰਦੇ ਨੂੰ
ਬੰਦੇ ਨੂੰ ਥਕਾਉਂਦੀ ਬੇਕਦਰੀ।
ਇਹ ਦੁੱਖ ਓਸੇ ਬੇਕਦਰੀ ਦਾ
ਇਹ ਸੱਲ੍ਹ ਉਸੇ ਅਪਮਾਨ ਦਾ ਏ।
ਇਹ ਬਾਤ ਨਿਰੀ ਏਨੀ ਹੀ ਨਹੀਂ।
No comments:
Post a Comment