ਲੋਕਾਂ ਨੂੰ ਹੜਾਂ ਦੇ ਨੁਕਸਾਨ ਤੋਂ ਬਚਾਉਣ ਲਈ
ਸਥਾਈ ਇੰਤਜਾਮਾਂ ਨਾਲ ਸਥਾਈ ਇੰਤਜਾਮਾਂ ਨਾਲ ਸੰਬੰਧਿਤ ਅਹਿਮ ਮੰਗਾਂ
1. ਪ੍ਰਮੁੱਖ ਦਰਿਆਵਾਂ ਸਮੇਤ ਸਾਰੀਆਂ ਛੋਟੀਆਂ ਨਦੀਆਂ ਅਤੇ ਬਰਸਾਤੀ ਨਦੀਆਂ ਦੇ ਸਮੁੱਚੇ ਪਾਣੀ ਨੂੰ ਕੰਟਰੋਲ ਕਰਕੇ ਵਰਤਣ ਦੀ ਉੱਚ ਪੱਧਰੀ ਵਿਉਂਤਬੰਦੀ ਕੀਤੀ ਜਾਵੇ।
2.ਢੁਕਵੀਆਂ ਥਾਵਾਂ 'ਤੇ ਛੋਟੇ ਛੋਟੇ ਡੈਮਾਂ ਦੀਆਂ ਉਸਾਰੀ ਕੀਤੀ ਜਾਵੇ, ਪਾਣੀ ਦੀ ਸੰਭਾਲ ਕਰਕੇ ਇਸ ਸਮੁੱਚੇ ਪਾਣੀ ਨੂੰ ਸੂਬੇ ਅੰਦਰ ਸਿੰਚਾਈ ਲਈ ਵਰਤੋਂ ਵਿੱਚ ਲਿਆਉਣ ਦਾ ਢਾਂਚਾ ਉਸਾਰਿਆ ਜਾਵੇ, ਨਵੀਆਂ ਨਹਿਰਾਂ ਕੱਢੀਆਂ ਜਾਣ ਤੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇ।
3. ਬਣੇ ਹੋਏ ਡੈਮਾਂ 'ਤੇ ਸਟਾਫ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਫੌਰੀ ਭਰੀਆਂ ਜਾਣ ਅਤੇ ਹੜ੍ਹਾਂ ਦੀ ਰੋਕਥਾਮ ਤੇ ਪਾਣੀ ਦੇ ਸਮੁੱਚੇ ਕੰਟਰੋਲ ਲਈ ਲੋੜੀਂਦੇ ਹੋਰ ਸਟਾਫ ਦੀ ਭਰਤੀ ਕੀਤੀ ਜਾਵੇ। ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ। ਗਾਰ ਨਾਲ ਭਰੇ ਹੋਏ ਮੌਜੂਦਾ ਡੈਮਾਂ ਦੀ ਸਫ਼ਾਈ ਕਰਕੇ ਉਹਨਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ।
4. ਦਰਿਆਵਾਂ ਦੇ ਤਲ ਤੋਂ ਰੇਤ ਕੱਢ ਕੇ ਨਹਿਰਾਂ ਦੀ ਤਰਜ਼ 'ਤੇ ਉਹਨਾਂ ਨੂੰ ਡੂੰਘਾ ਕਰਕੇ ਪਾਣੀ ਲਿਜਾਣ ਦੀ ਸਮਰੱਥਾ 'ਚ ਭਾਰੀ ਵਾਧਾ ਕੀਤਾ ਜਾਵੇ। ਦਰਿਆ ਵਿਚੋਂ ਨਿੱਕਲੀ ਮਿੱਟੀ ਤੇ ਰੇਤ ਨਾਲ ਉਸਦੇ ਕਿਨਾਰਿਆਂ 'ਤੇ ਉੱਚੇ ਪੱਕੇ ਬੰਨ੍ਹ ਉਸਾਰੇ ਜਾਣ। ਦਰਿਆਵਾਂ ਦੇ ਵਹਿਣਾਂ ਦੇ ਖੇਤਰਾਂ ਦੀ ਚੌੜਾਈ 'ਚ ਵਾਧਾ ਕੀਤਾ ਜਾਵੇ ਅਤੇ ਕਿਸਾਨਾਂ ਤੋਂ ਜ਼ਮੀਨਾਂ ਖਰੀਦ ਕੇ ਦਰਿਆਵਾਂ ਦੇ ਵਹਿਣਾਂ ਨੂੰ ਨਿਸ਼ਚਿਤ ਕੀਤਾ ਜਾਵੇ।
5. ਦਰਿਆਵਾਂ ਦੇ ਬੰਨ੍ਹਾਂ ਦੇ ਨਾਲ ਨਾਲ ਸਰਕਾਰ ਜ਼ਮੀਨ ਖਰੀਦ ਕੇ ਵੱਡੀ ਗਿਣਤੀ ਵਿੱਚ ਰੁੱਖ ਲਗਾਵੇ। ਇੱਕ ਤਰਾਂ ਨਾਲ ਰੁੱਖਾਂ ਦੀ ਲੰਮੀ ਪੱਟੀ ਬਣਾਈ ਜਾਵੇ। ਇਹਨਾਂ ਦੀ ਦੇਖ-ਭਾਲ ਲਈ ਇੱਕ ਬੇਲਦਾਰਾਂ ਦਾ ਵੱਖਰਾ ਸਟਾਫ ਕਾਇਮ ਕੀਤਾ ਜਾਵੇ ਤੇ ਉਸ ਲਈ ਭਰਤੀ ਕੀਤੀ ਜਾਵੇ।
6. ਡਰੇਨਾਂ ਤੇ ਮੌਸਮੀ ਨਾਲਿਆਂ ਦੀ ਰੈਗੂਲਰ ਸਫ਼ਾਈ ਕਰਕੇ ਪਾਣੀ ਦੇ ਬੇਰੋਕ ਵਹਿਣ ਵੀ ਸਮਰੱਥਾ ਵਿਕਸਿਤ ਕੀਤੀ ਜਾਵੇ। ਇਹਨਾਂ ਦੇ ਰਾਹਾਂ 'ਚ ਅੜਿਕਾ ਬਣਦੀਆਂ ਉਸਾਰੀਆਂ ਹਟਾਈਆਂ ਜਾਣ ਤੇ ਨਜਾਇਜ਼ ਕਬਜ਼ੇ ਹਟਾਏ ਜਾਣ।
7. ਦਰਿਆਵਾਂ 'ਚੋਂ ਅਣ- ਵਿਉਂਤੀ ਤੇ ਬੇਥਾਹ ਮਾਈਨਿੰਗ ਤੇ ਰੋਕ ਲਾਈ ਜਾਵੇ। ਦਰਿਆਵਾਂ ਦੇ ਤਲ ਤੇ ਬੰਨ੍ਹਾਂ ਦੀ ਮਜ਼ਬੂਤੀ ਨੂੰ ਯਕੀਨੀ ਕਰਨ ਦੇ ਅਨੁਸਾਰ ਹੀ ਮਾਈਨਿੰਗ ਨੀਤੀ ਬਣਾਈ ਜਾਵੇ।
8. ਇਹਨਾਂ ਸਮੁੱਚੇ ਪ੍ਰੋਜੈਕਟਾਂ ਲਈ ਭਾਰੀ ਸਰਕਾਰੀ ਬੱਜਟ ਜੁਟਾਏ ਜਾਣ। ਬੱਜਟ ਜੁਟਾਉਣ ਲਈ ਸਾਮਰਾਜੀ ਕੰਪਨੀਆਂ, ਵੱਡੇ ਸਰਮਾਏਦਾਰਾਂ ਅਤੇ ਜਗੀਰਦਾਰਾਂ 'ਤੇ ਟੈਕਸ ਲਾਏ ਜਾਣ, ਉਹਨਾਂ ਨੂੰ ਦਿੱਤੀਆਂ ਗਈਆਂ ਟੈਕਸ ਕਟੌਤੀਆਂ ਰੱਦ ਕੀਤੀਆਂ ਜਾਣ।
9. ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਪਹਾੜੀ ਰਾਜਾਂ ਅੰਦਰ ਟੂਰਿਜ਼ਮ ਤੇ ਖਪਤਕਾਰੀ ਬਾਜ਼ਾਰ ਦੇ ਪਾਸਾਰੇ ਲਈ ਕੀਤੀਆਂ ਜਾ ਰਹੀਆਂ ਬੇਹਿਸਾਬੀਆਂ ਇਮਾਰਤ ਉਸਾਰੀਆਂ, ਸੜਕਾਂ ਦਾ ਨਿਰਮਾਣ ਤੇ ਦਰੱਖਤਾਂ ਦਾ ਉਜਾੜਾ ਬੰਦ ਕੀਤਾ ਜਾਵੇ। ਪਹਾੜਾਂ ਨਾਲ ਵੱਡੀ ਪੱਧਰ 'ਤੇ ਹੋ ਰਿਹਾ ਖਿਲਵਾੜ ਬੰਦ ਕੀਤਾ ਜਾਵੇ ਅਤੇ ਇਹਨਾਂ ਖੇਤਰਾਂ ਦੇ ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਦੀ ਨੀਤੀ ਅਪਣਾਈ ਜਾਵੇ।
10. ਲੁਟੇਰੀਆਂ ਜੋਕਾਂ ਦੇ ਮੁਨਾਫ਼ਿਆਂ ਖਾਤਰ ਕੁਦਰਤੀ ਵਰਤਾਰਿਆਂ 'ਚ ਰੁਕਾਵਟ, ਵਾਤਾਵਰਨ ਦੀ ਤਬਾਹੀ ਤੇ ਮੌਸਮੀ ਵਿਗਾੜਾਂ ਨੂੰ ਜਨਮ ਦੇਣ ਵਾਲਾ ਇਹ ਅਖੌਤੀ ਵਿਕਾਸ ਮਾਡਲ ਰੱਦ ਕੀਤਾ ਜਾਵੇ। ਸੁਭਾਵਿਕ ਕੁਦਰਤੀ ਵਰਤਾਰਿਆਂ ਦੀ ਸਾਂਭ ਸੰਭਾਲ ਵਾਲਾ , ਸੰਤੁਲਿਤ ਤੇ ਲੋਕ ਮੁਖੀ ਵਿਕਾਸ ਦਾ ਰਾਹ ਅਪਣਾਇਆ ਜਾਵੇ।
(ਲੋਕ ਮੋਰਚਾ ਪੰਜਾਬ ਵੱਲੋਂ ਸਤੰਬਰ 2025 'ਚ ਪ੍ਰਕਾਸ਼ਿਤ ਲੀਫਲੈਟ 'ਚੋਂ)ਤ ਅਹਿਮ ਮੰਗਾਂ
No comments:
Post a Comment